ਬਠਿੰਡਾ, 15 ਅਗਸਤ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਸੰਯੁਕਤ ਗੈਰ ਰਾਜਨੀਤਿਕ ਮੋਰਚਾ ਵੱਲੋਂ 15 ਅਗਸਤ ਮੌਕੇ ਡੀਸੀ ਹੈਡ ਕੁਆਰਟਰਾਂ ਅਤੇ ਐਸਡੀਐਮ ਹੈਡ ਕੁਆਰਟਰਾਂ ਉਪਰ ਟਰੈਕਟਰ ਮਾਰਚ ਕੱਢਿਆ ਗਿਆ ਤੇ ਨਵੇਂ ਲਿਆਂਦੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸੇ ਕੜੀ ਤਹਿਤ ਬਠਿੰਡਾ ਡੀਸੀ ਹੈਡ ਕੁਆਰਟਰ ’ਤੇ ਵੱਡੀ ਗਿਣਤੀ ਵਿਚ ਟਰੈਕਟਰ ਸਹਿਤ ਪੁੱਜੇ ਕਿਸਾਨਾਂ ਨੇ ਸ਼ਹਿਰ ਵਿੱਚ ਰੋਸ਼ ਮਾਰਚ ਕਰਦਿਆਂ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਤੇ ਦੋਹਾਂ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਨਵੇਂ ਕਾਨੂੰਨ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਇਹ ਰੋਸ਼ ਮਾਰਚ ਕੀਤਾ ਗਿਆ।
ਪੰਚਾਇਤ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਵੱਡੀ ਪੱਧਰ ’ਤੇ DDPO ਤੇ BDPOs ਦੇ ਹੋਏ ਤਬਾਦਲੇ
ਉਨ੍ਹਾਂ ਦਸਿਆ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ, ਜਿਵੇਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ, ਕਿਸਾਨਾਂ ਸਿਰ ਚੜਿਆ ਕਰਜਾ ਖਤਮ ਕਰਵਾਉਣਾ, ਐਮਐਸਪੀ ਗਰੰਟੀ ਕਾਨੂੰਨ ਬਣਾਉਣਾ, ਲਖਮੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣੀਆਂ, ਕਿਸਾਨ ਮਜ਼ਦੂਰਾਂ ’ਤੇ ਪਾਏ ਝੂਠੇ ਕੇਸ ਖਤਮ ਕਰਵਾਉਣੇ ਆਦਿ ਸ਼ਾਮਲ ਹਨ। ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਲਿਆਂਦੇ ਨਵੇਂ ਕਾਨੂੰਨ ਰੱਦ ਨਾ ਕੀਤੇ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ ਨਹਿਆਵਾਲਾ, ਰਣਜੀਤ ਸਿੰਘ ਜੀਦਾ, ਅੰਗਰੇਜ ਸਿੰਘ ਕਲਿਆਣ, ਜਸਵੀਰ ਸਿੰਘ ਬੱਜੋਆਣਾ, ਪਿਆਰਾ ਸਿੰਘ ਸੇਖੂ, ਜਸਵੀਰ ਸਿੰਘ ਗਹਿਰੀ, ਗੁਰਦੀਪ ਸਿੰਘ ਮਹਿਮਾ ਸਰਜਾ, ਦਰਸ਼ਨ ਸਿੰਘ ਬੱਜੋਆਣਾ, ਰਾਜਾ ਸਿੰਘ ਗੋਨਿਆਣਾ, ਜਸਵੀਰ ਸਿੰਘ ਨੰਦਗੜ੍ਹ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਹਾਜਰ ਸਨ।
Share the post "ਨਵੇਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੱਢਿਆ ਟਰੈਕਟਰ ਮਾਰਚ"