‘ਆਪ’ ਨੇ ਕਾਂਗਰਸ ਦੇ ਦਿੱਲੀ ਲੀਡਰਾਂ ਉਪਰ ਭਾਜਪਾ ਨਾਲ ਮਿਲੇ ਹੋਣ ਦੇ ਲਗਾਏ ਦੋਸ਼

0
172
👉ਕਿਹਾ, ਅਜਿਹੇ ਹਾਲਾਤਾਂ ਵਿਚ ਕਾਂਗਰਸ ਨਾਲ ਇੰਡੀਆ ਗਠਜੋੜ ਵਿਚ ਇਕੱਠੇ ਰਹਿਣਾ ਅਸੰਭਵ 
ਨਵੀ ਦਿੱਲੀ, 26 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਇੰਡੀਆ ਗਠਜੋੜ ਦਾ ਹਿੱਸਾ ਚੱਲੇ ਆ ਰਹੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੁਣ ਦੂਰੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲਾਂਕਿ ਦੋਨਾਂ ਪਾਰਟੀਆਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ‘ਚ ਇਕੱਠੇ ਚੋਣ ਲੜੀ ਸੀ ਪਰੰਤੂ ਉਸ ਤੋਂ ਬਾਅਦ ਹੁਣ ਹਾਲਾਤ ਇਹ ਬਣ ਗਏ ਹਨ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਾਂਗਰਸ ਦੇ ਆਗੂਆਂ ਉੱਪਰ ਭਾਜਪਾ ਦੇ ਨਾਲ ਮਿਲੇ ਹੋਣ ਦੇ ਦੋਸ਼ ਲਗਾਉਂਦਿਆਂ ਐਲਾਨ ਕੀਤਾ ਹੈ ਕਿ ਅਜਿਹੇ ਹਾਲਤਾਂ ਵਿੱਚ ਕਾਂਗਰਸ ਨਾਲ ਇੰਡੀਆ ਗਠਜੋੜ ਵਿੱਚ ਇਕੱਠੇ ਰਹਿਣਾ ਅਸੰਭਵ ਹੋ ਗਿਆ ਹੈ।
ਵੀਰਵਾਰ ਨੂੰ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੋਸ਼ ਲਗਾਏ ਕਿ ਦਿੱਲੀ ਕਾਂਗਰਸ ਦੀ ਇਕਾਈ ਭਾਜਪਾ ਪ੍ਰਤੀ ਚੁੱਪ ਹੈ ਪ੍ਰੰਤੂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਿਰੁੱਧ ਜਾਣਬੁੱਝ ਕੇ ਝੂਠੇ ਦੋਸ਼ ਅਤੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਹਨ। ਉਨਾਂ ਕਾਂਗਰਸੀ ਆਗੂ ਅਜੇ ਮਾਕਨ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਰਾਰ ਦੇਣ ‘ਤੇ ਗੁੱਸਾ ਜਾਹਰ ਕਰਦਿਆਂ ਕਾਂਗਰਸ ਹਾਈ ਕਮਾਂਡ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਉਸ ਦੇ ਖਿਲਾਫ 24 ਘੰਟਿਆਂ ਅੰਦਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਇੰਡੀਆ ਗਠਜੋੜ ਦੇ ਦੂਜੇ ਆਗੂਆਂ ਨਾਲ ਸੰਪਰਕ ਕਰਕੇ ਕਾਂਗਰਸ ਨੂੰ ਇਸ ਗਠਜੋੜ ਵਿੱਚੋਂ ਬਾਹਰ ਕਰਨ ਲਈ ਕਹਿਣਗੇ।
ਮੁੱਖ ਮੰਤਰੀ ਆਤਿਸ਼ੀ ਨੇ ਇਹ ਵੀ ਦੋਸ਼ ਲਾਇਆ ਕਿ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਅਜਿਹੇ ਉਮੀਦਵਾਰ ਉਤਾਰੇ ਜਾ ਰਹੇ ਹਨ, ਜਿਨਾਂ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੀ ਹੋਣਾ ਹੈ ਜਦੋਂ ਕਿ ਉਸਦਾ ਫਾਇਦਾ ਭਾਜਪਾ ਨੂੰ ਹੋਣਾ ਤੈਅ ਹੈ। ਆਪ ਆਗੂਆਂ ਨੇ ਇੱਥੋਂ ਤੱਕ ਦੋਸ਼ ਲਗਾਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਆਗੂਆਂ ਨੂੰ ਚੋਣ ਫੰਡ ਵੀ ਭਾਜਪਾ ਵੱਲੋਂ ਮਹੀਆ ਕਰਵਾਇਆ ਜਾ ਰਿਹਾ ਹੈ। ਸੀਐਮ ਆਤਿਸ਼ੀ ਨੇ ਕਿਹਾ ਕਾਂਗਰਸ ਆਗੂਆਂ ਦੀ ਬਿਆਨਬਾਜ਼ੀ ਤੋਂ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ਨੂੰ ਹਰਾਉਣ ਅਤੇ ਭਾਜਪਾ ਨੂੰ ਦਿੱਲੀ ‘ਚ ਜਿੱਤ ਦਿਵਾਉਣ ਲਈ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਨੇ ਭਾਜਪਾ ਨਾਲ ਕੁਝ ਆਪਸੀ ਸਮਝੌਤੇ ਕੀਤੇ ਹਨ।
ਆਪ ਆਗੂਆਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨਾਲ ਗੱਠਜੋੜ ਨਹੀਂ ਹੋਇਆ ਸੀ ਪਰੰਤੂ ਇਸ ਦੇ ਬਾਵਜੂਦ ਆਪ ਦੇ ਇੱਕ ਵੀ ਆਗੂ ਨੇ ਕਾਂਗਰਸ ਪ੍ਰਤੀ ਕੋਈ ਵੀ ਸ਼ਬਦ ਨਹੀਂ ਬੋਲਿਆ । ਪਰ ਇਸ ਦੇ ਉਲਟ ਕਾਂਗਰਸ ਦੀ ਦਿੱਲੀ ਲੀਡਰਸ਼ਿਪ ਲਗਾਤਾਰ ਹੱਦਾਂ ਪਾਰ ਕਰਦੀ ਜਾ ਰਹੀ ਹੈ ਜਿਸ ਨੂੰ ਹੁਣ ਬਰਦਾਸ਼ਤ ਕਰਨਾ ਸਹੀ ਨਹੀਂ ਹੋਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here