ਪਹਿਲੀ ਵਾਰ ਹਲਕੇ ’ਚ ਪੁੱਜੇ ਅਕਾਲੀ ਉਮੀਦਵਾਰ ਦੇ ਚੋਣ ਪ੍ਰਚਾਰ ਅਤੇ ਚੋਣ ਮਨੋਰਥ ਪੱਤਰ ਕਮੇਟੀ ਦੀ ਮੀਟਿੰਗ ਵਿਚ ਵੀ ਨਹੀਂ ਹੋਏ ਸ਼ਾਮਲ
ਬਠਿੰਡਾ, 23 ਅਪ੍ਰੈਲ: ਐਨ ਚੋਣਾਂ ਦੇ ਮੌਕੇ ਬਾਦਲ ਪ੍ਰਵਾਰ ਨੂੰ ਕਰਾਰਾ ‘ਸਿਆਸੀ’ ਝਟਕਾ ਦੇਣ ਵਾਲੇ ਮਲੂਕਾ ਪ੍ਰਵਾਰ ਦੇ ਮੁਖੀ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹੁਣ ਬਠਿੰਡਾ ਲੋਕ ਸਭਾ ਹਲਕੇ ਤੋਂ ਬਾਅਦ ਫ਼ਰੀਦਕੋਟ ਹਲਕੇ ਤੋਂ ਵੀ ਅਕਾਲੀ ਉਮੀਦਵਾਰ ਦੇ ਚੋਣ ਪ੍ਰਚਾਰ ਤੋਂ ਪਾਸਾ ਵੱਟਣ ਲੱਗੇ ਹਨ। ਹਾਲਾਂਕਿ ਹਾਲੇ ਵੋਟਾਂ ਪੈਣ ਵਿਚ ਕਰੀਬ ਸਵਾ ਮਹੀਨੇ ਤੋਂ ਵੱਧ ਦਾ ਸਮਾਂ ਬਾਕੀ ਪਿਆ ਹੈ ਪ੍ਰੰਤੂ ਬੀਤੇ ਕੱਲ ਪਹਿਲੀ ਵਾਰ ਰਾਮਪੁਰਾ ਫ਼ੂਲ ਹਲਕੇ ’ਚ ਪੁੱਜੇ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਦੀ ਚੋਣ ਮੁਹਿੰਮ ਵਿਚ ਸ: ਮਲੂਕਾ ਦੀ ਗੈਰ-ਹਾਜ਼ਰੀ ਰੜਕਦੀ ਰਹੀ। ਵੱਡੀ ਗੱਲ ਇਹ ਵੀ ਰਹੀ ਕਿ ਬੀਤੇ ਕੱਲ ਹੀ ਚੰਡੀਗੜ੍ਹ ਵਿਖੇ ਸਿਕੰਦਰ ਸਿੰਘ ਮਲੂਕਾ ਦੇ ਸਿਆਸੀ ਗੁਰੂ ਮੰਨੇ ਜਾਂਦੇ ਦਿੱਗਜ਼ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਚੋਣ ਮਨੋਰਥ ਪੱਤਰ ਕਮੇਟੀ ਦੀ ਮੀਟਿੰਗ ਵਿਚ ਵੀ ਸ: ਮਲੂਕਾ ਨਹੀਂ ਪੁੱਜੇ।
ਨਮਾਜ਼ ਪੜ੍ਹ ਕੇ ਆ ਰਹੇ ਸਰਕਾਰੀ ਕਰਮਚਾਰੀ ਤੇ ਅੱਤਵਾਦੀ ਨੇ ਚਲਾਈਆਂ ਗੋ+ਲੀਆਂ
ਹਾਲਾਂਕਿ ਪਰਮਪਾਲ ਕੌਰ ਮਲੂਕਾ ਕਈ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪਣੇ ‘ਸਹੁਰਾ ਸਾਹਿਬ’ ਦੀ ਖੁੱਲੀ ਹਿਮਾਇਤ ਦੀ ਉਮੀਦ ਪ੍ਰਗਟਾ ਚੁੱਕੇ ਹਨ ਪ੍ਰੰਤੂ ਸ: ਮਲੂਕਾ ‘ਪੱਤੇ’ ਲੁਕੋ ਕੇ ਬੈਠੇ ਹੋਏ ਹਨ। ਸਿਆਸੀ ਮਾਹਰਾਂ ਮੁਤਾਬਕ ਪਿਛਲੇ ਤਿੰਨ ਦਹਾਕਿਆਂ ਤੋਂ ਬਾਦਲ ਪ੍ਰਵਾਰ ਦੀ ਛਤਰ-ਛਾਇਆ ਹੇਠ ਮਾਲਵਾ ਪੱਟੀ ਤੇ ਖ਼ਾਸਕਰ ਬਠਿੰਡਾ ਵਿਚ ਡੂੰਘੀਆਂ ‘ਸਿਆਸੀ ਜੜ੍ਹਾਂ’ ਲਗਾਉਣ ਵਾਲੇ ਸਿਕੰਦਰ ਸਿੰਘ ਮਲੂਕਾ ਵੱਲੋਂ ਅਪਣੀ ਨੂੰਹ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਧਾਰੀ ‘ਰਹੱਸਮਈ’ ਚੁੱਪੀ ਤੁਫ਼ਾਨ ਪਹਿਲਾਂ ਵਾਲੀ ਸ਼ਾਂਤੀ ਵਾਂਗ ਦਿਖ਼ਾਈ ਦੇਣ ਲੱਗੀ ਹੈ। ਸਾਬਕਾ ਅਕਾਲੀ ਮੰਤਰੀ ਨੇ ਅਪਣੇ ਪ੍ਰਵਾਰ ਵਿਚ ਹੋਏ ਇਸ ਵੱਡੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਲਗਾਤਾਰ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਹੈ, ਹਾਲਾਂਕਿ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਗਏ ਸ: ਮਲੂਕਾ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਇਹ ਦਾਅਵਾ ਜਰੂਰ ਕੀਤਾ ਸੀ ਕਿ ਉਹ ਹਾਲੇ ਤੱਕ ਅਕਾਲੀ ਦਲ ਵਿਚ ਬਣੇ ਹੋਏ ਹਨ।
ਤੜਕੇ ਸਵੇਰੇ ਝੁੱਗੀਆਂ ‘ਚ ਅੱਗ ਲੱਗਣ ਨਾਲ ਦੋ ਬੱਚੀਆਂ ਦੀ ਮੋ.ਤ
ਸਿਕੰਦਰ ਸਿੰਘ ਮਲੂਕਾ ਦੀਆਂ ‘ਗਤੀਵਿਧੀਆਂ’ ਨੂੰ ਹੁਣ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਵੀ ਬੜੇ ਨੇੜਿਓ ਤੱਕ ਰਿਹਾ ਹੈ। ਸਿਆਸੀ ਮਾਹਰਾਂ ਮੁਤਾਬਕ ਦੋਨਾਂ ਧਿਰਾਂ ‘ਸ਼ਹਿ ਤੇ ਮਾਤ’ ਵਾਲੀ ਖੇਡ ਖੇਡਣ ਲੱਗੀਆਂ ਹੋਈਆਂ ਹਨ। ਚੱਲ ਰਹੀ ਚਰਚਾ ਮੁਤਾਬਕ ਜਿੱਥੇ ਸ: ਮਲੂਕਾ ਬਾਦਲ ਪ੍ਰਵਾਰ ਵੱਲੋਂ ਕੀਤੀ ਜਾਣ ਵਾਲੀ ਪਹਿਲਕਦਮੀ ਦਾ ਇੰਤਜ਼ਾਰ ਕਰ ਰਹੇ ਹਨ, ਉਥੇ ਬਾਦਲ ਪ੍ਰਵਾਰ ਵੀ ਹੁਣ ਉਨ੍ਹਾਂ ਵਿਰੁਧ ਕਿਸੇ ਤਰ੍ਹਾਂ ਦੀ ਕੋਈ ਅਨੁਸਾਸਨੀ ਕਾਰਵਾਈ ਕਰਕੇ ਉਨ੍ਹਾਂ ਨੂੰ ‘ਸਿਆਸੀ ਸ਼ਹੀਦ’ ਬਣਾਉਣ ਲਈ ਹਰਗਿਜ਼ ਤਿਆਰ ਨਹੀਂ। ਦਸਣਾ ਬਣਦਾ ਹੈ ਕਿ ਸ: ਮਲੂਕਾ ਦੇ ਪੁੱਤਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਤੇ ਨੂੰਹ ਸਾਬਕਾ ਆਈ.ਏ.ਐਸ. ਪਰਮਪਾਲ ਕੌਰ ਮਲੂਕਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਪਰਮਪਾਲ ਕੌਰ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇ ਨਿਵਾਜ਼ਿਆ ਹੈ।
ਭਾਜਪਾ ਦਾ ਖੁੱਲਿਆ ਖ਼ਾਤਾ: ਸੂਰਤ ਤੋਂ ਬਿਨ੍ਹਾਂ ਮੁਕਾਬਲਾ ਜਿੱਤਿਆ ਉਮੀਦਵਾਰ
ਨੂੰਹ-ਪੁੱਤ ਦੇ ਪਾਰਟੀ ਛੱਡਣ ਤੋਂ ਬਾਅਦ ਮਲੂਕਾ ਪ੍ਰਵਾਰ ਬਾਰੇ ਇਲਾਕੇ ਵਿਚ ਕਾਫ਼ੀ ‘ਨਾਂਹ-ਪੱਖੀ’ ਚਰਚਾ ਚੱਲੀ ਸੀ ਤੇ ਅਜਿਹੀ ਹਾਲਾਤ ਵਿਚ ਜੇਕਰ ਹੁਣ ਮੁੜ ਖੁਦ ਸਿਕੰਦਰ ਸਿੰਘ ਮਲੂਕਾ ਪਾਰਟੀ ਛੱਡਣ ਦਾ ਐਲਾਨ ਕਰਦੇ ਹਨ ਤਾਂ ਇਸਦੇ ਨਾਲ ਇਹ ਚਰਚਾ ਮੁੜ ਸ਼ੁਰੂ ਹੋ ਜਾਵੇਗੀ, ਜਿਸਦਾ ਮਲੂਕਾ ਪ੍ਰਵਾਰ ਤੋਂ ਇਲਾਵਾ ਲੋਕ ਸਭਾ ਚੋਣਾਂ ’ਤੇ ਬੁਰਾ ਅਸਰ ਪੈ ਸਕਦਾ ਹੈ। ਇਸਦੇ ਉਲਟ ਜੇਕਰ ਬਾਦਲ ਪ੍ਰਵਾਰ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋਂ ਕੱਢਣ ਦਾ ਹੁਕਮ ਸੁਣਾਉਂਦਾ ਹੈ ਤਾਂ ਇਸਦੇ ਨਾਲ ਉਹ ‘ਸਿਆਸੀ ਸ਼ਹੀਦ’ ਬਣ ਜਾਣਗੇ। ਫ਼ਿਲਹਾਲ ਸਿਕੰਦਰ ਸਿੰਘ ਮਲੂਕਾ ਦੀਆਂ ਸਿਆਸੀ ਗਤੀਵਿਧੀਆਂ ’ਤੇ ਸਿਆਸਤ ਵਿਚ ਰੁਚੀ ਰੱਖਣ ਵਾਲੇ ਲੋਕਾਂ ਦੀ ਨਜ਼ਰ ਬਣੀ ਹੋਈ ਹੈ।
Share the post "ਬਠਿੰਡਾ ਤੋਂ ਬਾਅਦ ਹੁਣ ਸਿਕੰਦਰ ਮਲੂਕਾ ਫ਼ਰੀਦਕੋਟ ਹਲਕੇ ’ਚ ਵੀੇ ਚੋਣ ਪ੍ਰਚਾਰ ਤੋਂ ਪਾਸਾ ਵੱਟਣ ਲੱਗੇ!"