ਵਿਰੋਧੀਆਂ ਨੇ ਭਾਜਪਾ ਪ੍ਰਧਾਨ ਦੇ ਬਿਆਨ ‘ਤੇ ਚੁੱਕੇ ਸਵਾਲ
ਚੰਡੀਗੜ੍ਹ, 4 ਮਾਰਚ: ਲੰਮਾ ਸਮਾਂ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਸਿਆਸੀ ਭਾਈਵਾਲ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਗੱਠਜੋੜ ਹੋਣ ਦੀਆਂ ਚਰਚਾਵਾਂ ਦੌਰਾਨ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਹਨ ਕਿ ਸੂਬੇ ਵਿੱਚ ਮੁੜ ਦੋਨੇ ਧਿਰਾਂ ਇਕੱਠੀਆਂ ਹੋ ਜਾਣ। ਹਾਲਾਂਕਿ ਵਿਰੋਧੀਆਂ ਨੇ ਸੂਬਾ ਪ੍ਰਧਾਨ ਦੇ ਇਸ ਬਿਆਨ ਉੱਪਰ ਸਵਾਲ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁੱਲ ਕੇ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਵਕਾਲਤ ਕੀਤੀ ਸੀ। ਉਹਨਾਂ ਇਹ ਵੀ ਕਿਹਾ ਸੀ ਕਿ ਸੁਨੀਲ ਜਾਖੜ ਵੀ ਇਸਦੇ ਹੱਕ ਵਿੱਚ ਹਨ ਅਤੇ ਹੁਣ ਖੁਦ ਸ੍ਰੀ ਜਾਖੜ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਹਨ ਕਿ ਅਕਾਲੀ ਭਾਜਪਾ ਨੂੰ ਮੁੜ ਇਕੱਠੇ ਹੋ ਜਾਣਾ ਚਾਹੀਦਾ ਹੈ।
ਲੋਕ ਸਭਾ ਚੋਣਾਂ: ਭਾਜਪਾ ਨੇ ਮੋਦੀ ਸਹਿਤ 195 ਉਮੀਦਵਾਰਾਂ ਦਾ ਕੀਤਾ ਐਲਾਨ
ਉਝ ਇਹ ਵੀ ਕਿਹਾ ਜਾ ਰਿਹਾ ਕਿ ਇਹ ਗਠਜੋੜ ਕੁਝ ਦਿਨ ਪਹਿਲਾਂ ਹੀ ਹੋ ਜਾਣਾ ਸੀ ਪ੍ਰੰਤੂ ਪੰਜਾਬ ਦੇ ਵਿੱਚ ਮੁੜ ਸ਼ੁਰੂ ਹੋਏ ਕਿਸਾਨੀ ਅੰਦੋਲਨ ਦੇ ਕਾਰਨ ਇਸ ਨੂੰ ਇੱਕ ਵਾਰ ਬਰੇਕਾਂ ਲੱਗ ਗਈਆਂ ਹਨ। ਚਰਚਾਵਾਂ ਮੁਤਾਬਕ ਗਠਜੋੜ ਦੇ ਨਵੇਂ ਫਾਰਮੂਲੇ ਤਹਿਤ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ 7 ਅਤੇ ਭਾਜਪਾ 6 ਹਲਕਿਆਂ ਵਿੱਚ ਚੋਣ ਲੜ ਸਕਦੀ ਹੈ। ਉਧਰ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਭਾਜਪਾ ਆਗੂਆਂ ਉੱਪਰ ਤਿੱਖੇ ਨਿਸ਼ਾਨੇ ਸਾਧੇ ਹਨ। ਉਹਨਾਂ ਦਾਅਵਾ ਕੀਤਾ ਹੈ ਕਿ ਕਿ ਪੰਜਾਬ ਦੇ ਵਿੱਚ ਕਦੇ ਵੀ ਅਕਾਲੀ ਭਾਜਪਾ ਗੱਠਜੋੜ ਟੁੱਟਿਆ ਹੀ ਨਹੀਂ ਸੀ ਕਿਉਂਕਿ ਇਹ ਸਿਰਫ ਲੋਕ ਵਿਖਾਵੇ ਦੇ ਤੌਰ ‘ਤੇ ਥੋੜੇ ਸਮੇਂ ਲਈ ਅਲੱਗ ਹੋਏ ਸਨ। ਜਦਕਿ ਦੋਨੇ ਧਿਰਾਂ ਅੰਦਰੋਂ ਇੱਕ ਹੀ ਸਨ। ਉਹਨਾਂ ਦਾਅਵਾ ਕੀਤਾ ਕਿ ਬੇਸ਼ੱਕ ਇਕੱਠੇ ਚੋਣ ਲੜ ਲੈਣ ਪਰ ਨਤੀਜਾ ਜ਼ੀਰੋ ਹੀ ਰਹੇਗਾ। ਸ: ਮਾਨ ਨੇ ਇਹ ਵੀ ਸਵਾਲ ਕੀਤਾ ਕਿ ਕਿਸਾਨੀ ਮੁੱਦੇ ਉੱਪਰ ਕਿਸ ਤਰ੍ਹਾਂ ਅਕਾਲੀ ਦਲ ਵਾਲੇ ਪਿੰਡਾਂ ਦੇ ਵਿੱਚ ਵੋਟ ਮੰਗਣ ਜਾਣਗੇ।
ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ 165 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਉੱਪਰ ਟਿੱਪਣੀ ਕਰਦਿਆ ਕਿਹਾ ਕਿ ਦੋਨਾਂ ਧਿਰਾਂ ਦੇ ਵਿੱਚ ਪਹਿਲਾਂ ਹੀ ਗੱਠਜੋੜ ਹੋ ਚੁੱਕਿਆ ਹੈ ਸਿਰਫ ਇਸ ਦਾ ਰਸਮੀ ਐਲਾਨ ਕਰਨਾ ਬਾਕੀ ਹੈ। ਉਨਾ ਇਸ ਗੱਠਜੋੜ ਦਾ ਫਾਰਮੂਲਾ ਵੀ ਦੱਸਦਿਆ ਦਾਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਦੋਨੋਂ ਧਿਰਾਂ 7-6 ਸੀਟਾਂ ਉੱਪਰ ਚੋਣ ਲੜਨਗੀਆਂ। ਵੜਿੰਗ ਨੇ ਕਿਹਾ ਕਿ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਭਾਜਪਾ ਅਤੇ ਮੋਦੀ ਬਾਰੇ ਬਿਲਕੁਲ ਚੁੱਪ ਹਨ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਚਾਹੁੰਦੇ ਹਨ ਕਿ ਜਲਦੀ ਦੋਨਾਂ ਧਿਰਾਂ ਦੇ ਵਿੱਚ ਸਮਝੌਤਾ ਹੋਵੇ ਤਾਂ ਕਿ ਐਕਸਪੋਜ ਹੋ ਸਕਣ। ਜਦੋਂ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਦੇ ਬਿਆਨ ਉੱਪਰ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਕ ਟਵੀਟ ਦੇ ਵਿੱਚ ਉਹਨਾਂ ਕਿਹਾ ਕਿ ਪੰਜਾਬ ਜਾਣਦਾ ਹੈ ਕਿ ਗਠਜੋੜ ਲਈ ਤਰਲੋ ਮੱਛੀ ਅਕਾਲੀ -ਭਾਜਪਾ ਵਾਲੇ ਹੋ ਰਹੇ ਹਨ ਪਰ ਸ੍ਰੀ ਜਾਖੜ ਇਸਨੂੰ ਲੋਕਾਂ ਦੀ ਖਾਹਿਸ਼ ਦੱਸ ਕੇ ਲੋਕ ਰੋਹ ਘੱਟ ਕਰਨ ਦਾ ਯਤਨ ਕਰ ਰਹੇ ਹਨ।