👉ਅਰਵਿੰਦ ਕੇਜ਼ਰੀਵਾਲ ਅਤੇ ਖੁਦ ਮੁੱਖ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਸਰਕਾਰ ‘ਤੇ ਲਗਾਇਆ ਸਾਜਿਸ਼ ਰਚਣ ਦਾ ਦੋਸ਼
ਨਵੀਂ ਦਿੱਲੀ, 25 ਦਸੰਬਰ: ਕੇਂਦਰੀ ਏਜੰਸੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਆਪ ਆਗੂਆਂ ਤੋਂ ਬਾਅਦ ਹੁਣ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਖਦਸ਼ਾ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਜਤਾਇਆ ਗਿਆ ਹੈ। ਉਹਨਾਂ ਭਾਜਪਾ ਦੀ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸਥਿਰ ਕਰਨ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਮਜ਼ੋਰ ਕਰਨ ਦੇ ਲਈ ਸਾਜਿਸ਼ਾਂ ਘੜਣ ਦੇ ਦੋਸ਼ ਲਾਏ ਹਨ।
ਪ੍ਰੈੱਸ ਕਾਨਫਰੰਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਇਹ ਪੁਖਤਾ ਜਾਣਕਾਰੀ ਮਿਲੀ ਹੈ ਕਿ ਦੋ ਤਿੰਨ ਦਿਨ ਪਹਿਲਾਂ ਕੇਂਦਰੀ ਏਜੰਸੀਆਂ ਸੀਬੀਆਈ, ਈਡੀ ਅਤੇ ਇਨਕਮ ਟੈਕਸ ਆਦਿ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ, ਜਿਸਦੇ ਵਿੱਚ ਉਪਰੋਂ ਆਏ ਆਦੇਸ਼ ਕਿ ਦਿੱਲੀ ਦੀ ਮੁੱਖ ਮੰਤਰੀ ਨੂੰ ਕਿਸੇ ਵੀ ਤਰੀਕੇ ਨਾਲ ਗ੍ਰਿਫਤਾਰ ਕੀਤਾ ਜਾਵੇ, ਉੱਪਰ ਵਿਚਾਰਾ ਕੀਤੀਆਂ ਗਈਆਂ ਹਨ । ਉਹਨਾਂ ਇਸ ਗੱਲ ਦੀ ਵੀ ਸ਼ੰਕਾ ਜਾਹਿਰ ਕੀਤੀ ਕਿ ਮੁੱਖ ਮੰਤਰੀ ਆਤਿਸ਼ੀ ਨੂੰ ਗ੍ਰਿਫਤਾਰ ਕਰਨ ਦੇ ਲਈ ਟ੍ਰਾਂਸਪੋਰਟ ਵਿਭਾਗ ਦਾ ਇੱਕ ਫਰਜ਼ੀ ਕੇਸ ਤਿਆਰ ਕੀਤਾ ਜਾ ਰਿਹਾ ਹੈ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਲੋਕਾਂ ਵਿੱਚ ਰੱਖਣ ਲਈ ਕੁਝ ਵੀ ਨਹੀਂ ਹੈ। ਜਦੋਂ ਕਿ ਪਿਛਲੇ 10 ਸਾਲਾਂ ਦੇ ਵਿੱਚ ਆਪ ਸਰਕਾਰ ਨੇ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਪੱਧਰ ਉੱਚਾ ਚੱਕਣ ਤੋਂ ਇਲਾਵਾ ਹੁਣ ਹਰ ਮਹਿਲਾ ਲਈ 2100 ਰੁਪਏ ਅਤੇ 60 ਸਾਲ ਤੋਂ ਉੱਪਰ ਬਜ਼ੁਰਗਾਂ ਦੇ ਮੁਫਤ ਇਲਾਜ ਲਈ ਨਵੀਆਂ ਯੋਜਨਾਵਾਂ ਲਿਆਂਦੀਆਂ ਹਨ। ਸਾਬਕਾ ਮੁੱਖ ਮੰਤਰੀ ਨੇ ਭਾਜਪਾ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਨਾ ਪੱਖੀ ਰਾਜਨੀਤੀ ਕਰਨ ਦੀ ਬਜਾਏ ਲੋਕ ਮੁੱਦਿਆਂ ਉੱਪਰ ਚੋਣਾਂ ਵਿੱਚ ਆਵੇ।
ਇਸ ਦੌਰਾਨ ਮੁੱਖ ਮੰਤਰੀ ਆਤਿਸ਼ੀ ਨੇ ਵੀ ਦਾਅਵਾ ਕੀਤਾ ਕਿ ਉਹ ਇਸ ਪ੍ਰੈਸ ਕਾਨਫਰੰਸ ਵਿੱਚ ਜੋ ਦਾਅਵੇ ਕਰ ਰਹੇ ਹਨ, ਇਸ ਸਬੰਧੀ ਉਹਨਾਂ ਕੋਲ ਪੁਖਤਾ ਜਾਣਕਾਰੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਸਰਕਾਰ ਦੇ ਵੱਲੋਂ ਔਰਤਾਂ ਨੂੰ ਪਬਲਿਕ ਟਰਾਂਸਪੋਰਟ ਦੇ ਵਿੱਚ ਮੁਫਤ ਸਫਰ ਦੀ ਸਹੂਲਤ ਦਿੱਤੀ ਗਈ ਹੈ, ਜਿਸ ਨੂੰ ਰੁਕਵਾਉਣ ਦੇ ਲਈ ਭਾਜਪਾ ਵੱਲੋਂ ਇਹ ਸਾਰੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਸਾਰੇ ਆਪ ਆਗੂਆਂ ਨੂੰ ਅਦਾਲਤਾਂ ਤੋਂ ਇਨਸਾਫ ਮਿਲਿਆ ਹੈ, ਉਸ ਨੂੰ ਵੀ ਨਿਆਪਾਲਿਕਾ ਉੱਪਰ ਪੂਰਾ ਯਕੀਨ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
Share the post "ਕੇਜ਼ਰੀਵਾਲ ਤੋਂ ਬਾਅਦ ਹੁਣ ਮੁੱਖ ਮੰਤਰੀ ਆਤਿਸ਼ੀ ਨੂੰ ਵੀ ਕੀਤਾ ਜਾਵੇਗਾ ਗ੍ਰਿਫਤਾਰ ?"