ਚੰਡੀਗੜ੍ਹ, 3 ਅਪ੍ਰੈਲ: ਸੂਬੇ ਦੀ ਸਭ ਤੋਂ ਪੁਰਾਣੀ ਸਿਆਸੀ ਜਮਾਤ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਅੱਧੀ ਦਰਜਨ ਤੋਂ ਵੱਧ ਉਮੀਦਵਾਰ ਫਾਈਨਲ ਕਰ ਦਿੱਤੇ ਗਏ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਇਹਨਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪਾਰਟੀ ਦੇ ਉੱਚ ਆਗੂਆਂ ਨੇ ਗੈਰ ਰਸਮੀ ਗੱਲਬਾਤ ਦੌਰਾਨ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਇਹਨਾਂ ਚੋਣਾਂ ਵਿੱਚ ਮਜਬੂਤ ਉਮੀਦਵਾਰ ਦੇਵੇਗਾ ਜੋ ਕਿ ਵਿਰੋਧੀਆਂ ਨੂੰ ਸਖਤ ਟੱਕਰ ਦੇਣਗੇ। ਸੂਚਨਾ ਮੁਤਾਬਕ ਬਠਿੰਡਾ ਤੋਂ ਤਿੰਨ ਵਾਰ ਜੇਤੂ ਰਹੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਹੀ ਮੁੜ ਚੋਣ ਮਦਾਨ ਵਿੱਚ ਉਤਾਰਿਆ ਜਾ ਰਿਹਾ।ਉਹਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਚੋਣ ਮੁਹਿੰਮ ਪੂਰੇ ਜੋਰਾਂ ਸ਼ੋਰਾਂ ਨਾਲ ਚਲਾਈ ਹੋਈ ਹੈ ਅਤੇ ਹੁਣ ਸਿਰਫ ਰਸਮੀ ਐਲਾਨ ਹੀ ਬਾਕੀ ਹੈ।
ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਦੇ ਸਾਬਕਾ ਐਮਪੀ ਤੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਂ ਲਗਭਗ ਤੈਅ ਹੈ, ਹਾਲਾਂਕਿ ਇਸ ਹਲਕੇ ਤੋਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਪ੍ਰੋਫੈਸਰ ਦਲਜੀਤ ਸਿੰਘ ਚੀਮਾ ਵੀ ਤਕੜੇ ਦਾਅਵੇਦਾਰ ਹਨ। ਜਦੋਂ ਕਿ ਪਟਿਆਲਾ ਹਲਕੇ ਤੋਂ ਸਾਬਕਾ ਮੁੱਖ ਪਾਰਲੀਮੈਂਟ ਸਕੱਤਰ ਤੇ ਉੱਘੇ ਪ੍ਰੋਪਰਟੀ ਕਾਰੋਬਾਰੀ ਐਨ ਕੇ ਸ਼ਰਮਾ ਨੂੰ ਮੈਦਾਨ ਵਿੱਚ ਲਿਆਂਦੇ ਜਾਣ ਦੀ ਪੂਰੀ ਸੁਭਾਵਨਾ ਹੈ ਕਿਉਂਕਿ ਇਸ ਹਲਕੇ ਤੋਂ ਪਹਿਲਾਂ ਚੋਣ ਲੜ ਚੁੱਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਹੁਣ ਚੋਣ ਲੜਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਸ ਹਲਕੇ ਤੋਂ ਰਾਜਪੁਰਾ ਹਲਕੇ ਦੇ ਇੰਚਾਰਜ ਅਤੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਚਰਨਜੀਤ ਸਿੰਘ ਬਰਾੜ ਦਾ ਨਾਮ ਵੀ ਪੂਰੀ ਚਰਚਾ ਵਿੱਚ ਹੈ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ 1 ਜੂਨ ਨੂੰ ਛੁੱਟੀ ਦਾ ਐਲਾਨ
ਜੇਕਰ ਗੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੀਤੀ ਜਾਵੇ ਤਾਂ ਇਥੋਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਹਿੰਦੂ ਚਿਹਰੇ ਅਨਿਲ ਜੋਸ਼ੀ ਦਾ ਨਾਮ ਲਗਭਗ ਫਾਈਨਲ ਹੈ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗਦੇ ਹੋਰ ਇੱਕ ਪੰਥਕ ਹਲਕੇ ਸ੍ਰੀ ਖੰਡੂਰ ਸਾਹਿਬ ਤੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਸਭ ਤੋਂ ਉੱਪਰ ਹੈ। ਬੇਸ਼ਕ ਇਸ ਹਲਕੇ ਤੋਂ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ।ਪ੍ਰੰਤੂ ਸੰਭਾਵਨਾ ਇਹੀ ਜਤਾਈ ਜਾ ਰਹੀ ਹੈ ਕਿ ਇੱਥੇ ਬਿਕਰਮ ਸਿੰਘ ਮਜੀਠੀਆ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਧਰ ਸੰਗਰੂਰ ਹਲਕੇ ਤੋਂ ਸਾਬਕਾ ਖਜ਼ਾਨਾ ਮੰਤਰੀ ਅਤੇ ਹੁਣੇ ਹੁਣੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰਲੇਵਾਂ ਕਰਨ ਵਾਲੇ ਸੁਖਦੇਵ ਸਿੰਘ ਢੀਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਫਾਈਨਲ ਹੈ।
ਅਕਾਲੀ ਦਲ ਨੇ ਇਕਬਾਲ ਸਿੰਘ ਲਾਲਪੁਰਾ ਵਿਰੁੱਧ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਇਸ ਤੋਂ ਇਲਾਵਾ ਬਾਕੀ ਹਲਕਿਆਂ ਦੇ ਉਮੀਦਵਾਰਾਂ ਦੀ ਖੋਜ ਵੀ ਪੂਰੇ ਜੋਰਾਂ ‘ਤੇ ਚੱਲ ਰਹੀ ਹੈ। ਪਾਰਟੀ ਆਗੂਆਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਾਰਟੀ ਪਹਿਲੀ ਲਿਸਟ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਜਾ ਰਹੀ ਹੈ। ਗੌਰਤਲਬ ਹੈ ਇਸ ਵਾਰ ਪੰਜਾਬ ਦੇ ਵਿੱਚ ਦਿਲਚਸਪ ਮੁਕਾਬਲੇ ਹੋਣ ਜਾ ਰਹੇ ਹਨ, ਕਿਉਂਕਿ ਅਕਾਲੀ ਭਾਜਪਾ ਗਠਜੋੜ ਪਹਿਲੀ ਵਾਰ ਅਲੱਗ ਅਲੱਗ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ ਅਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸਫਲਤਾ ਨੂੰ ਬਰਕਰਾਰ ਰੱਖਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਜਦੋਂ ਕਿ ਸੂਬੇ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਮੁੜ ਪਹਿਲੇ ਨੰਬਰ ‘ਤੇ ਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਨੇ ਗੁਰਦਾਸਪੁਰ ਤੋਂ ਚੋਣ ਲੜਣ ਦੇ ਦਿੱਤੇ ਸੰਕੇਤ
ਇਸੇ ਤਰ੍ਹਾਂ ਸਾਲ 2015 ਵਿੱਚ ਵਾਪਰੇ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਦੌਰਾਨ ਪਹਿਲਾਂ ਤਿੰਨ ਖੇਤੀ ਬਿੱਲਾਂ ਦੀ ਹਿਮਾਇਤ ਕਰਨ ਅਤੇ ਬਾਅਦ ਦੇ ਵਿੱਚ ਇਸ ਦਾ ਵਿਰੋਧ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਆਪਣੀ ਸਿਆਸੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਰੋ ਜਾਂ ਮਰੋ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਭਾਜਪਾ ਆਪਣੇ ਅੰਦਰ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਪਲ ਰਹੀ ਇੱਛਾ ਨੂੰ ਹੋਰ ਮਜਬੂਤ ਕਰਨ ਲਈ ਹਰ ਹਰਬਾ ਵਰਤਦੀ ਦਿਖਾਈ ਦੇ ਰਹੀ ਹੈ। ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਪੰਜਾਬ ਦੇ ਲੋਕ ਇਹਨਾਂ ਸਿਆਸੀ ਧਿਰਾਂ ਦੇ ਵਿੱਚੋਂ ਕਿਸ ਦੇ ਹੱਕ ਵਿੱਚ ਆਪਣਾ ਫਤਵਾ ਦਿੰਦੇ ਹਨ ।
Share the post "ਅਕਾਲੀ ਦਲ ਵੱਲੋਂ ਅੱਧੀ ਦਰਜਨ ਤੋਂ ਵੱਧ ਲੋਕ ਸਭਾ ਹਲਕਿਆਂ ਲਈ ਉਮੀਦਵਾਰ ਦੇ ਨਾਂ ਫਾਈਨਲ !"