👉ਜੋ ਭਗੌੜਿਆਂ ਨਾਲ ਗਠਜੋੜ ਕਰਨਗੇ ਉਸਦਾ ਵੀ ਡਟ ਕੇ ਵਿਰੋਧ ਕਰਾਂਗੇ- ਗਿਆਨੀ ਹਰਪ੍ਰੀਤ ਸਿੰਘ
Ludhiana News: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਸਾਥ ਛੱਡ ਕੇ ਮੁੜ ਅਕਾਲੀ ਦਲ(ਬਾਦਲ) ਨਾਲ ਰਲਣ ਵਾਲੇ ਆਗੂਆਂ ਪ੍ਰਤੀ ਗੰਭੀਰ ਟਿੱਪਣੀਆਂ ਕਰਦਿਆਂ ਐਲਾਨ ਕੀਤਾ ਕਿ ਉਹ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨਾਲ ਏਕਤਾ ਨਹੀਂ ਕਰਨਗੇ। ਸਾਹਨੇਵਾਲ ਨਜਦੀਕ ਗੁਰਦੁਆਰਾ ਰੇਰੂ ਸਾਹਿਬ ਵਿਖੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਜਿਕਰ ਕੀਤਾ ਕਿ ਮੈਂ ਦੋ ਬੰਦਿਆਂ ਦੇ ਕਹਿਣ ‘ਤੇ ਪ੍ਰਧਾਨਗੀ ਸੰਭਾਲੀ ਸੀ ਜਿੰਨਾਂ ਵਿੱਚ ਇਕ ਸ ਸੁਖਦੇਵ ਸਿੰਘ ਢੀਂਡਸਾ ਸੀ ਜਿੰਨਾਂ ਨੇ ਕਿਹਾ ਸੀ ਕਿ ਇਹ ਆਪਸੀ ਵਿਵਾਦ ਕਾਰਨ ਪ੍ਰਧਾਨਗੀ ਨਹੀਂ ਸੰਭਾਲ ਸਕਦੇ ਅਤੇ ਖਿੱਲਰ ਜਾਣਗੇ, ਇਸ ਲਈ ਤੁਸੀਂ ਅਗਵਾਈ ਕਰੋ। ਦੂਜੇ ਸ ਰਵੀਇੰਦਰ ਸਿੰਘ ਸਨ ਜਿੰਨਾ ਕਿਹਾ ਸੀ ਕਿ ਅਸੀਂ ਤੁਹਾਡੇ ਘਰ ਦਾ ਚੁੱਲ੍ਹਾ ਨਹੀਂ ਬੁੱਝਣ ਦਿੰਦੇ, ਤੁਸੀ ਅਕਾਲੀ ਦਲ ਲਈ ਕੰਮ ਕਰੋ। ਮੈਂ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਆਪਣੀ ਪਹਿਲੀ ਸਪੀਚ ਵਿੱਚ ਕਿਹਾ ਸੀ ਕਿ ਮੈਨੂੰ ਸਿਆਸੀ ਤਜਰਬਾ ਨਹੀਂ, ਇਸ ਲਈ ਮੇਰੀਆਂ ਬਾਹਵਾਂ ਬਣਿਓ! ਜਿੰਨਾਂ ਨੇ ਬਾਹਵਾਂ ਬਣਨ ਦਾ ਵੱਧ ਭਰੋਸਾ ਦਿੱਤਾ ਸੀ, ਉਹੀ ਸਭ ਤੋਂ ਪਹਿਲਾਂ ਛੱਡ ਕੇ ਲਾਂਭੇ ਹੋ ਗਏ। ਪਰ ਮੈਂ ਹੁਣ ਭੱਜਣ ਵਾਲਿਆਂ ਚੋਂ ਨਹੀਂ, ਹਰ ਇਕ ਮੁਸੀਬਤ ਦਾ ਸਾਹਮਣਾ ਡੱਟ ਕੇ ਕਰਾਂਗੇ।
ਪਾਰਟੀ ਛੱਡ ਕੇ ਜਾਣ ਵਾਲਿਆਂ ਬਾਰੇ ਉਹਨਾਂ ਕਿਹਾ ਕਿ ਇਹ ਲੋਕ ਹੀ ਚਿੱਠੀ ਲੈ ਕੇ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਏ ਸਨ ਅਤੇ ਵਿਦੇਸ਼ਾਂ ਤੱਕ ਸਿਫਾਰਸ਼ਾਂ ਪਵਾਉਂਦੇ ਰਹੇ ਕਿ ਸਿੰਘ ਸਹਿਬਾਨ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕ ਦੇਣ। ਚੰਦੂਮਾਜਰਾ ਬਾਰੇ ਬੋਲਦਿਆ ਉਹਨਾਂ ਕਿਹਾ ਇਹ ਨਾਮ ਤਾਂ ਗੱਦਾਰੀ ਕਰਨ ਲਈ ਸਿੱਖ ਇਤਿਹਾਸ ਵਿੱਚ ਵੈਸੇ ਹੀ ਬਦਨਾਮ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਵੀ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੇ ਝੂਠ ਬੋਲਿਆ ਸੀ। ਉੱਥੇ ਸੁਖਬੀਰ ਬਾਦਲ ਨੇ ਜਰੂਰ ਸੱਚ ਬੋਲਿਆ ਸੀ, ਜੇ ਉਹ ਆਪਣੇ ਸੱਚ ‘ਤੇ ਖੜਾ ਰਹਿੰਦਾ ਤਾਂ ਸ਼ਾਇਦ ਕਾਮਯਾਬ ਹੋ ਜਾਂਦਾ। ਪਰ ਉਹ ਮੁਕਤਸਰ ਸਾਹਿਬ ਜਾ ਕੇ ਮੁਕਰ ਗਿਆ। ਜੋ ਕਿ ਬਹੁਤ ਵੱਡਾ ਗੁਨਾਹ ਹੈ। ਏਸੇ ਤਰਾਂ ਬੀਬੀ ਜਗੀਰ ਕੌਰ ਨੇ ਪਿਛਲੀ ਐਸ ਜੀ ਪੀ ਸੀ ਚੋਣ ਹਾਰਨ ਵੇਲੇ ਕਿਹਾ ਸੀ ਕਿ ਮੈਂਬਰਾਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਹੁਣ ਤੁਹਾਡੀ ਜਮੀਰ ਕਿਥੇ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਅਸੀਂ ਸਿਆਸੀ ਭਾਈਵਾਲੀ ਦੀ ਗੱਲ ਕਦੇ ਨਹੀਂ ਕੀਤੀ, ਹਮੇਸ਼ਾਂ ਪੰਥ ਪੰਜਾਬ ਦੇ ਮੁੱਦਿਆਂ ਦੀ ਮੰਗ ਰੱਖੀ ਹੈ। ਪਰ ਉਹਨਾਂ ਨਾਲ ਸਮਝੌਤਾ ਕਰਨ ਲਈ ਚੰਦੂਮਾਜਰਾ ਵਰਗੇ ਆਗੂ ਹੀ ਗਏ ਸਨ ਜੋ ਸੁਖਬੀਰ ਨਾਲ ਵੀ ਏਕਤਾ ਦੀ ਗੱਲ ਕਰ ਆਏ ਸਨ। ਪਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਨਾਲ ਕਿਸੇ ਕੀਮਤ ‘ਤੇ ਸਮਝੌਤਾ ਨਹੀਂ ਕਰਾਂਗੇ ਅਤੇ ਜੇ ਬੀਜੇਪੀ ਉਹਨਾਂ ਨਾਲ ਸਮਝੌਤਾ ਕਰਦੀ ਹੈ ਤਾਂ ਸਿੱਖ ਵਿਰੋਧੀ ਸਮਝਕੇ ਉਸਦਾ ਵੀ ਸਖਤ ਵਿਰੋਧ ਕਰਾਂਗੇ।
ਇਹ ਵੀ ਪੜ੍ਹੋ 👉ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ; ਸਰਗਰਮ ਆਗੂਆਂ ਨੂੰ ਸੌਂਪੀ ਜ਼ਿੰਮੇਵਾਰੀ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਦੇ ਜਰਨਲ ਇਜਲਾਸ ਵਾਲੇ ਦਿਨ ਸਾਡੇ ਐਸਜੀਪੀਸੀ ਮੈਂਬਰ ਸਾਬਕਾ ਪ੍ਰਧਾਨ ਸ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਦਿੱਲੀ ਲੋਕ ਸਭਾ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਕਿ ਧੀਰਮੱਲੀਆਂ ਦਾ ਕਬਜਾ ਤੋੜਨ ਲਈ ਐਸਜੀਪੀਸੀ ਚੋਣਾਂ ਕਰਵਾਈਆਂ ਜਾਣ। ਇਸ ਮੌਕੇ ਬੋਲਦਿਆਂ ਪਾਰਟੀ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਦੋ ਦਸੰਬਰ ਦੇ ਹੁਕਮਨਾਮਿਆ ‘ਤੇ ਖੜੇ ਰਹਿਣ ਲਈ ਪੰਜ ਸਿੰਘ ਸਾਹਿਬਾਨ ਅਤੇ ਸਮੂਹ ਪਾਰਟੀ ਆਗੂਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਤੋਂ ਬਾਦ ਦੋ ਦਸੰਬਰ ਦੇ ਹੁਕਮਨਾਮਿਆ ਨਾਲ ਅਕਾਲੀ ਦਲ ਮੁੜ ਆਪਣੇ ਅਸਲ ਰੂਪ ਵਿੱਚ ਉਭਰਿਆ ਹੈ। ਇਸ ਪਾਰਟੀ ਦੀ ਮਜਬੂਤੀ ਨਾਲ ਹੀ ਪੰਥ ਅਤੇ ਪੰਜਾਬ ਮਜਬੂਤ ਹੋਵੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂ ਸ ਸੰਤਾ ਸਿੰਘ ਉਮੈਦਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਦਵਾਨ ਆਗੂ ਹਨ ਜੋ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਕਲਾਵੇ ਚ ਲੈ ਕੇ ਪੰਥਕ ਏਕਤਾ ਕਰਵਾਉਣ। ਉਹਨਾਂ ਨੇ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆਏ ਸਮੂਹ ਆਗੂਆਂ, ਵਰਕਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਵੀ ਆਖਿਆ।
ਇਹ ਵੀ ਪੜ੍ਹੋ 👉ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ; ਕਿਹਾ ਪ੍ਰਵਾਰ ਸਮੇਤ ਮੁੜ ਪੇਸ਼ ਹੋ ਕੇ ਰੱਖੇ ਸਬੂਤ…
ਅੱਜ ਦੀ ਇਸ ਮੀਟਿੰਗ ਵਿੱਚ ਪਾਰਟੀ ਦੇ ਸਕਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ , ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਛੋਟੇਪੁਰ ਡਾਕਟਰ ਰਤਨ ਸਿੰਘ ਅਜਨਾਲਾ ਸਰਵਣ ਸਿੰਘ ਫਿਲੌਰ ਭਾਈ ਮਨਜੀਤ ਸਿੰਘ ਬੀਬੀ ਪਰਮਜੀਤ ਕੌਰ ਗੁਲਸ਼ਨ ਗਗਨਜੀਤ ਸਿੰਘ ਬਰਨਾਲਾ ਜੱਜ ਨਿਰਮਲ ਸਿੰਘ ਗੋਬਿੰਦ ਸਿੰਘ ਲੌਂਗੋਵਾਲ ਅਜੈਪਾਲ ਸਿੰਘ ਮੀਰਕੋਟ ਕਰਨੈਲ ਸਿੰਘ ਪੀਰਮੁਹਮੰਦ ਗੁਰਜੀਤ ਸਿੰਘ ਤਲਵੰਡੀ ਹਰਬੰਸ ਸਿੰਘ ਕੰਧੋਲਾ ਸਮੇਤ ਸਾਰੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਸਾਰਿਆ ਨੇ ਕਿਹਾ ਕਿ ਸਮੁੱਚੀ ਲੀਡਰਸ਼ਿਪ ਪਾਰਟੀ ਨਾਲ ਅਤੇ ਗਿਆਨੀ ਹਰਪ੍ਰੀਤ ਸਿੰਘ ਚੱਟਾਨ ਵਾਂਗ ਖੜ੍ਹੀ ਹੈ। ਸਟੇਜ ਸਕਤਰ ਦੀ ਭੂਮਿਕਾ ਜਗਜੀਤ ਸਿੰਘ ਕੋਹਲੀ ਨੇ ਬਾਖੂਬੀ ਨਿਭਾਈ।ਅੱਜ ਦੀ ਇਸ ਮੀਟਿੰਗ ਵਿਚ ਸਮੁੱਚੇ ਜਿਲਿਆ ਦੇ ਪ੍ਰਧਾਨ ਮੈਂਬਰ ਵਰਕਿੰਗ ਕਮੇਟੀ ਮੈਂਬਰ ਪੀ ਏ ਸੀ ਅਤੇ ਸੀਨੀਅਰ ਆਗੂ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













