ਸੰਗਰੂਰ, 20 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲਣ ’ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸ਼ਨੀਵਾਰ ਨੂੰ ਸੰਗਰੂਰ ਸਥਿਤ ਅਪਣੀ ਰਿਹਾਇਸ਼ ਵਿਖੇ ਹੋਏ ਵੱਡੇ ਇਕੱਠ ਵਿਚ ਫੈਸਲਾ ਲਿਆ ਗਿਆ ਕਿ ਢੀਂਡਸਾ ਸਮਰਥਕ ਇਕੱਲੇ ਸੰਗਰੂਰ ਵਿਚ ਹੀ ਨਹੀਂ,ਬਲਕਿ ਪੂਰੇ ਪੰਜਾਬ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਨਹੀਂ ਕਰਨਗੇ। ਇਸ ਵਰਕਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ‘‘ਬੇਸ਼ੱਕ ਉਨ੍ਹਾਂ ਨੂੰ ਕਾਂਗਰਸ ਤੇ ਭਾਜਪਾ ਵੱਲੋਂ ਟਿਕਟ ਦੇਣ ਦੀ ਆਫ਼ਰ ਕੀਤੀ ਗਈ ਪ੍ਰੰਤੂ ਉਹ ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ। ’’ ਹਾਲਾਂਕਿ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾ ਦੀ ਟਿਕਟ ਬਦਲ ਕੇ ਪਰਮਿੰਦਰ ਸਿੰਘ ਨੂੰ ਟਿਕਟ ਦੇਣ ਬਾਰੇ ਕਿਹਾ ਗਿਆ ਸੀ ਪ੍ਰੰਤੂ ਪ੍ਰਵਾਰ ਨੇ ਜਵਾਬ ਦੇ ਦਿੱਤਾ ਹੈ ਤੇ ਫੈਸਲਾ ਲਿਆ ਹੈ ਕਿ ਉਹ ਲੋਕ ਸਭਾ ਦੀ ਚੋਣ ਨਹੀਂ ਲੜਣਗੇ।
ਅਗਲੀ ਰਣਨੀਤੀ ਬਾਰੇ ਆਉਣ ਵਾਲੇ ਦਿਨਾਂ ‘ਚ ਫੈਸਲਾ ਲੈਣ ਦਾ ਇਸ਼ਾਰਾ ਕਰਦਿਆਂ ਬਜੁਰਗ ਅਕਾਲੀ ਸਿਆਸਤਦਾਨ ਨੇ ਕਿਹਾ ਕਿ ਹੁਣ ਬਰਨਾਲਾ ਤੇ ਮਲੇਰਕੋਟਲਾ ਦੇ ਵਰਕਰਾਂ ਨਾਲ ਉਨ੍ਹਾਂ ਦੇ ਜਿਲਿ੍ਹਆਂ ਵਿਚ ਜਾ ਕੇ ਮੀਟਿੰਗ ਕੀਤੀ ਜਾਵੇਗੀ। ਇੱਥੇ ਦਸਣਾ ਬਣਦਾ ਹੈ ਕਿ ਢੀਂਡਸਾ ਸਮਰਥਕਾਂ ਦੀ ਇਸਤੋਂ ਪਹਿਲਾਂ ਚੰਡੀਗੜ੍ਹ ਵਿਖੇ ਵੀ ਮੀਟਿੰਗ ਹੋਈ ਸੀ। ਉਕਤ ਮੀਟਿੰਗ ਵਾਲੇ ਦਿਨ ਹੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਢੀਂਡਸਾ ਦੇ ਘਰ ਪੁੱਜ ਕੇ ਸਾਂਤ ਕਰਨ ਦਾ ਯਤਨ ਕੀਤਾ ਸੀ। ਇਸ ਮੀਟਿੰਗ ਬਾਰੇ ਵੀ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਖ਼ੁਲਾਸਾ ਕੀਤਾ ਕਿ ਸੁਖਬੀਰ ਨੇ ਮੁਆਫ਼ੀ ਮੰਗੀ ਸੀ ਪ੍ਰੰਤੂ ਹੁਣ ਉਨ੍ਹਾਂ ਦਾ ਵਿਸ਼ਵਾਸ ਟੁੱਟ ਗਿਆ ਹੈ। ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅਪਣੇ ਨਾਲ ਹੋਏ ਧੱਕੇ ’ਤੇ ਰੋਸ਼ ਜਾਹਰ ਕਰਦਿਆਂ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਬਹੁਤ ਮੁਸ਼ਕਿਲ ਸਮੇਂ ਵਿਚ ਲੰਘ ਰਿਹਾ ਤੇ ਪੰਥ ਦੀ ਚੜਦੀ ਕਲਾਂ ਲਈ ਹੀ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ ਪ੍ਰੰਤੂ ਉਨ੍ਹਾਂ ਨਾਲ ਜੋ ਹੋਇਆ, ਉਸਦੇ ਬਾਰੇ ਸਾਰਾ ਜੱਗ ਜਾਣਦਾ ਹੈ।
ਮਾਰਕਫੈੱਡ ਦੇ ਐਮ.ਡੀ. ਵੱਲੋਂ ਖੰਨਾ ਦੀ ਅਨਾਜ ਮੰਡੀ ’ਚ ਕਣਕ ਦੇ ਖਰੀਦ ਕਾਰਜਾਂ ਦਾ ਨਿਰੀਖਣ
ਜਿਕਰਯੋਗ ਹੈ ਕਿ ਸਾਲ 2000 ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖਰਾ ਹੋ ਅਪਣਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਿਆ ਸੀ। ਇਸ ਦੌਰਾਨ ਸਾਲ 2022 ਵਿਚ ਭਾਜਪਾ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਪ੍ਰੰਤੂ ਬੇਸ਼ੱਕ ਸਫ਼ਲਤਾ ਨਹੀਂ ਮਿਲੀ ਪ੍ਰੰਤੂ ਅਕਾਲੀ ਦਲ ਨਾਲੋਂ ਨਰਾਜ਼ ਕੁੱਝ ਹੋਰ ਆਗੂ ਜੁੜਣੇ ਜਰੂਰ ਸ਼ੁਰੂ ਹੋ ਗਏ ਸਨ। ਪਰ ਇੰਨ੍ਹਾਂ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਮੌਤ ਕਾਰਨ ਮੁੜ ਪੰਥ ਵਿਚ ਏਕੇ ਦੀ ਗੱਲ ਚੱਲੀ ਤਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ ਸੀ ਅਤੇ ਸ: ਢੀਂਡਸਾ ਨੂੰ ਅਕਾਲੀ ਦਲ ਦਾ ਸਰਪ੍ਰਸਤ ਬਣਾ ਦਿੱਤਾ ਸੀ। ਹੁਣ ਜਦ 2024 ਦੀਆਂ ਚੋਣਾਂ ਸਿਰ ’ਤੇ ਹਨ ਤਾਂ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਦੀ ਬਜਾਏ ਅਪਣੇ ਪੁਰਾਣੇ ਸਮਰਥਕ ਇਕਬਾਲ ਸਿੰਘ ਝੂੰਦਾ ਨੂੰ ਟਿਕਟ ਦੇ ਦਿੱਤੀ ਹੈ, ਜਿਸ ਕਾਰਨ ਢੀਂਡਸਾ ਪ੍ਰਵਾਰ ਸਹਿਤ ਸਮਰਥਕਾਂ ਮੁੜ ਅਕਾਲੀ ਦਲ ਨਾਲੋਂ ਮੋਹ ਭੰਗ ਹੁੰਦਾ ਦਿਖ਼ਾਈ ਦੇ ਰਿਹਾ।
Share the post "ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ: ਢੀਂਡਸਾ ਸਮਰਥਕ ਨਹੀਂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ"