ਬਠਿੰਡਾ, 16 ਅਪ੍ਰੈਲ: ਬਠਿੰਡਾ-ਮਲੋਟ ਕੌਮੀ ਮਾਰਗ ’ਤੇ ਪਿੰਡ ਬੱਲੂਆਣਾ ਕੋਲ ਸਥਿਤ ਟੋਲ ਪਲਾਜ਼ਾ ਦੇ ਮੁਲਾਜਮਾਂ ’ਤੇ ਗੁੰਡਾਗਰਦੀ ਦੇ ਦੋਸ਼ ਲੱਗੇ ਹਨ। ਇੱਕ ਗੁਰਸਿੱਖ ਪ੍ਰਵਾਰ ਵੱਲੋਂ ਕੁੱਟਮਾਰ ਤੇ ਚਾਰ ਦਿਨ ਪਹਿਲਾਂ ਲਈ ਨਵੀਂ ਕਾਰ ਦੀ ਭੰਨਤੋੜ ਦੇ ਦੋਸ਼ ਲਗਾਉਂਦਿਆਂ ਇਸ ਟੋਲ ਪਲਾਜ਼ੇ ’ਤੇ ਧਰਨਾ ਲਗਾ ਦਿੱਤਾ। ਇਸ ਦੌਰਾਨ ਹੋਰ ਰਾਹਗੀਰਾਂ ਤੋਂ ਇਲਾਵਾ ਮੌਕੇ ’ਤੇ ਪੁੱਜੇ ਕਿਸਾਨ ਜਥਿਆਂ ਵੱਲੋਂ ਵੀ ਸਾਥ ਦਿੱਤਾ ਗਿਆ, ਜਿਸ ਕਾਰਨ ਮਾਹੌਲ ਤਨਾਅਪੂਰਨ ਹੋ ਗਿਆ। ਪਤਾ ਲੱਗਣ ’ਤੇ ਪੁਲਿਸ ਵੀ ਮੌਕੇ ’ਤੇ ਪੁੱਜੀ ਪ੍ਰੰਤੂ ਵਿਵਾਦ ਜਾਰੀ ਸੀ। ਮਿਲੀ ਸੂਚਨਾ ਦੇ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਕਸਬਾ ਸਮਾਣਾ ਤੋਂ ਖੂਹੀਆ ਸਰਵਰ ਜਾਣ ਲਈ ਇੱਕ ਪ੍ਰਵਾਰ ਇਸ ਟੋਲ ਪਲਾਜ਼ੇ ਰਾਹੀ ਦੁਪਿਹਰ ਕਰੀਬ 12 ਵਜੇਂ ਗੁਜ਼ਰ ਰਿਹਾ ਸੀ। ਕਾਰ ਚਾਲਕ ਹਰਪਿੰਦਰ ਸਿੰਘ ਦੇ ਮੁਤਾਬਕ ਕਾਰ ਉਪਰ ਲੱਗੇ ਫਾਸਟ ਟਰੈਕ ਦੇ ਕੰਮ ਨਾ ਕਰਨ ਕਰਕੇ ਗੱਡੀ ਅੱਗੇ ਰੋਕਣ ਨੂੰ ਲੈ ਕੇ ਇਹ ਛੋਟਾ ਜਿਹਾ ਵਿਵਾਦ ਹੋਇਆ ਸੀ, ਜਿਸਤੋਂ ਬਾਅਦ ਟੋਲ ਮੁਲਾਜਮਾਂ ਨੇ ਉਨ੍ਹਾਂ ਦੀ ਗੱਡੀ ਨੂੰ ਡੰਡਿਆਂ ਨਾਲ ਤੋੜ ਦਿੱਤਾ।
ਕਰਮਜੀਤ ਅਨਮੋਲ ਦੀ ਜਿੱਤ ਨਾਲ ਹਲਕੇ ਦਾ ਦੋਹਰਾ ਹੋਵੇਗਾ ਵਿਕਾਸ : ਕੁਲਤਾਰ ਸਿੰਘ ਸੰਧਵਾਂ
ਹਾਲਾਂਕਿ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਫਾਸਟ ਟਰੈਕ ਰੀਚਾਰਜ ਕਰਵਾ ਕੇ ਟੋਲ ਭਰ ਦਿੰਦੇ ਹਨ। ਹਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਹੰਡੋਈ ਕੰਪਨੀ ਦੀ ਕਾਰ 4 ਦਿਨ ਪਹਿਲਾ ਨਵੀਂ ਕਢਵਾਈ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਰ ’ਚ ਸਵਾਰ ਗੁਰਸਿੱਖ ਔਰਤਾਂ ਨਾਲ ਵੀ ਧੱਕੇਸ਼ਾਹੀ ਕੀਤੀ ਗਈ। ਉਧਰ ਮਾਮਲੇ ਦੀ ਭਿਣਕ ਪੈਂਦਿਆਂ ਹੀ ਬੀ.ਕੇ.ਯੂ ਏਕਤਾ ਖੋਸਾ ਦੇ ਵਰਕਰ ਵੀ ਮੌਕੇ ’ਤੇ ਪੁੱਜੇ ਅਤੇ ਪੀੜਤ ਪਰਵਾਰ ਦੇ ਹੱਕ ਵਿੱਚ ਡੱਟ ਗਏ। ਇਸ ਮੌਕੇ ਟੋਲ ਪਲਾਜ਼ੇ ਅੱਗੇ ਧਰਨਾ ਲਗਾਉਂਦਿਆਂ ਟੋਲ ਮੁਲਾਜਮਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਟੋਲ ਮੁਲਾਜਮਾਂ ਨੇ ਕਾਰ ਸਵਾਰ ’ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ। ਇਸ ਮੌਕੇ ਚੌਂਕੀ ਇੰਚਾਰਜ ਬੱਲੁਆਣਾ ਪਰਮਿੰਦਰ ਸਿੰਘ ਨੇ ਮੰਨਿਆ ਕਿ ਟੋਲ ’ਤੇ ਲੰਘਣ ਵੇਲੇ ਉਕਤ ਪ੍ਰਵਾਰ ਦਾ ਛੋਟਾ ਜਿਹਾ ਝਗੜਾ ਹੋਇਆ ਸੀ, ਜੋਕਿ ਵਧ ਗਿਆ। ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਨੂੰ ਸਮਝਾ ਕੇ ਮਸਲੇ ਦਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ।
Share the post "ਬੱਲੂਆਣਾ ਟੋਲ ਪਲਾਜੇ ਦੇ ਮੁਲਾਜਮਾਂ ‘ਤੇ ਗੁੰਡਾਗਰਦੀ ਦੇ ਲੱਗੇ ਦੋਸ਼, ਨਵੀਂ ਕਾਰ ਭੰਨਣ ’ਤੇ ਪ੍ਰਵਾਰ ਨੇ ਲਗਾਇਆ ਧਰਨਾ"