ਜਲੰਧਰ, 19 ਜੁਲਾਈ: ਲੰਘੀ 11 ਜੁਲਾਈ ਨੂੰ ਕਥਿਤ 4 ਗ੍ਰਾਂਮ ਆਈਸ ਡਰੱਗਸ ਕੇਸ ’ਚ ਸਾਥੀ ਸਹਿਤ ਗ੍ਰਿਫਤਾਰ ਕੀਤੇ ਗਏ ਖਡੂਰ ਸਾਹਿਬ ਤੋਂ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਅੱਜ ਜਲੰਧਰ ਪੁਲਿਸ ਨੇ ਪੁਛਗਿਛ ਲਈ 2 ਦਿਨਾਂ ਲਈ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਹਾਲਾਂਕਿ 12 ਜੁਲਾਈ ਨੂੰ ਫ਼ਿਲੌਰ ਅਦਾਲਤ ਵਿਚ ਪੇਸ਼ ਕੀਤੇ ਹਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੱਜ ਨੇ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਵਿਚ ਭੇਜ ਦਿੱਤਾ ਸੀ। ਜਿਸਤੋਂ ਬਾਅਦ ਜਲੰਧਰ ਪੁਲਿਸ ਨੇ ਮੁੜ ਜਲੰਧਰ ਦੀ ਕੋਰਟ ਵਿਚ ਰਿਵੀਜ਼ਨ ਪਿਟੀਸ਼ਨ ਪਾਉਂਦਿਆਂ ਕੁੱਝ ਪਹਿਲੂਆਂ ’ਤੇ ਪੁਛਗਿਛ ਕਰਨ ਦੇ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ।
MP ਅੰਮ੍ਰਿਤਪਾਲ ਸਿੰਘ ਨੇ NSA ਨੂੰ ਹਾਈਕੋਰਟ ਵਿਚ ਦਿੱਤੀ ਚੁਣੌਤੀ
ਜਿਸਦੇ ਚੱਲਦੇ ਅੱਜ ਹਰਪ੍ਰੀਤ ਸਿੰਘ ਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਪੁਲਿਸ ਨੂੰ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ ਗਿਆ। ਗੌਰਤਲਬ ਹੈ ਕਿ ਫ਼ਿਲੌਰ ਪੁਲਿਸ ਵੱਲੋਂ ਦਰਜ਼ ਇਸ ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਜਲੰਧਰ-ਪਾਣੀਪਤ ਹਾਈਵੇ ਉਪਰ ਫ਼ਿਲੌਰ ਦੇ ਨਜ਼ਦੀਕ ਇੱਕ ਗੱਡੀ ਵਿਚ ਬੈਠੇ ਨਸ਼ਾ ਲੈ ਰਹੇ ਸਨ ਤੇ ਉਨ੍ਹਾਂ ਕੋਲੋਂ4 ਗ੍ਰਾਂਮ ਆਈਸ ਡਰੱਗ ਵੀ ਮਿਲੀ ਸੀ, ਜੋਕਿ ਹਰਪ੍ਰੀਤ ਨੇ ਆਨਲਾਈਨ ਪੈਸੇ ਪਾ ਕੇ ਲੁਧਿਆਣਾ ਦੇ ਇੱਕ ਨੌਜਵਾਨ ਤੋਂ ਮੰਗਵਾਈ ਸੀ, ਜਿਸਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਪ੍ਰਵਾਰ ਨੇ ਪੁਲਿਸ ’ਤੇ ਇਹ ਝੂਠੀ ਕਹਾਣੀ ਘੜ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਪ੍ਰਵਾਰ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਸੀ।
Share the post "ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਜਲੰਧਰ ਪੁਲਿਸ ਨੂੰ ਮਿਲਿਆ ਦੋ ਰੋਜ਼ਾ ਰਿਮਾਂਡ"