10 Views
ਟ੍ਰਾਂਸਫਾਰਮਰ ‘ਚ ਕਰੰਟ ਆਉਣ ਵਾਪਰੀ ਘਟਨਾ
ਖਰੜ, 6 ਜੁਲਾਈ: ਅੱਜ ਤੜਕਸਾਰ ਸਥਾਨਕ ਕਚਹਿਰੀਆਂ ਦੇ ਸਾਹਮਣੇ ਵਾਪਰੀ ਇੱਕ ਮੰਦਭਾਗੀ ਘਟਨਾ ‘ਚ ਬਿਜਲੀ ਸਪਲਾਈ ਦੇ ਵਿੱਚ ਫਾਲਟ ਦੂਰ ਕਰਦੇ ਹੋਏ ਇੱਕ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਮੁਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਟ੍ਰਾਂਸਫਾਰਮਰ ਦੇ ਵਿੱਚ ਕਰੰਟ ਆਉਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ।
ਹਾਲਾਂਕਿ ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੁਕਸ ਨੂੰ ਦੂਰ ਕਰਨ ਸਮੇਂ ਬਿਜਲੀ ਸਪਲਾਈ ਪਿੱਛੇ ਤੋਂ ਬੰਦ ਕੀਤੀ ਹੋਈ ਸੀ ਪ੍ਰੰਤੂ ਇਸ ਲਾਈਨ ਉੱਪਰ ਕਿਸੇ ਥਾਂ ਚਲਦੇ ਜਨਰੇਟਰ ਵਿੱਚੋਂ ਬੈਕਅਪ ਕਰੰਟ ਆਉਣ ਕਾਰਨ ਇਹ ਘਟਨਾ ਵਾਪਰੀ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਬਿਜਲੀ ਮੁਲਾਜ਼ਮ ਦੀ ਪਹਿਚਾਣ ਸਤਵਿੰਦਰ ਸਿੰਘ 30 ਸਾਲ ਵਾਸੀ ਰਾਜਪੁਰਾ ਦੇ ਤੌਰ ‘ਤੇ ਹੋਈ ਹੈ।
ਮ੍ਰਿਤਕ ਦਾ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਚਾਰ ਸਾਲਾਂ ਛੋਟਾ ਬੱਚਾ ਛੱਡ ਗਿਆ ਹੈ। ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਦੇ ਕਾਰਨ ਕਚਹਿਰੀਆਂ ਦੇ ਸਾਹਮਣੇ ਟ੍ਰਾਂਸਫਾਰਮਰ ਵਿੱਚ ਕੁਝ ਨੁਕਸ ਪੈਣ ਦੀ ਸ਼ਿਕਾਇਤ ਆਈ ਸੀ, ਜਿਸਨੂੰ ਦੂਰ ਕਰਨ ਦੇ ਲਈ ਬਿਜਲੀ ਮੁਲਾਜ਼ਮ ਸਤਵਿੰਦਰ ਸਿੰਘ ਆਪਣੇ ਸਾਥੀ ਸਹਿਤ ਗਿਆ ਹੋਇਆ ਸੀ। ਉਹ ਟਰਾਂਸਫਾਰਮਰ ਉਪਰ ਚੜ ਕੇ ਮੁਰੰਮਤ ਕਰ ਰਿਹਾ ਸੀ ਕਿ ਇਸ ਦੌਰਾਨ ਇਹ ਘਟਨਾ ਵਾਪਰ ਗਈ।