ਏਸ਼ਿਆਈ ਖੇਡਾਂ ਚ ਸੋਨ ਤਗਮਾ ਜਿੱਤਣ ਵਾਲੀ ਪ੍ਰਨੀਤ ਕੌਰ ਅਤੇ ਮੰਜੂ ਰਾਣੀ ਦਾ ਵੀ ਹੋਵੇਗਾ ਵਿਸ਼ੇਸ਼ ਸਨਮਾਨ
ਹਰਦੀਪ ਸਿੱਧੂ/ਮਾਨਸਾ: ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ 6 ਜਨਵਰੀ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਕਰਵਾਏ ਜਾ ਰਹੇ 19 ਵੇਂ ਲੋਹੜੀ ਮੇਲੇ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ 15 ਹੋਣਹਾਰ ਧੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ।ਇਨ੍ਹਾਂ ਧੀਆਂ ਵਿੱਚ ਏਸ਼ਿਆਈ ਖੇਡਾਂ ਦੌਰਾਨ ਤੀਰ ਅੰਦਾਜ਼ੀ ਵਿੱਚ ਸੋਨ ਤਮਗਾ ਜਿੱਤਣ ਵਾਲੀ ਪ੍ਰਨੀਤ ਕੌਰ ਮੰਢਾਲੀ,35 ਕਿਲੋਮੀਟਰ ਪੈਦਲ ਚਾਲ ਦੌਰਾਨ ਕਾਂਸੀ ਦਾ ਤਗਮਾ ਜਿੱਤਣ ਵਾਲੀ ਮੰਜੂ ਰਾਣੀ ਅਤੇ ਹੋਰਨਾਂ ਵੱਖ-ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੀਆਂ ਧੀਆਂ ਸ਼ਾਮਲ ਹਨ। ਮੰਚ ਵੱਲ੍ਹੋਂ ਲੋਹੜੀ ਮੇਲੇ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਹੋਰਨਾਂ ਧੀਆਂ ਦੇ ਨਾਵਾਂ ਦਾ ਐਲਾਨ ਨਵੇਂ ਸਾਲ ਮੋਕੇ ਕੀਤਾ ਜਾਵੇਗਾ।ਮੰਚ ਵੱਲ੍ਹੋਂ ਇਸ ਵਾਰ ਦਾ ਲੋਹੜੀ ਮੇਲਾ ਮੰਚ ਦੇ ਸਾਬਕਾ ਵਿੱਤ ਸਕੱਤਰ ਸਵ.ਕ੍ਰਿਸ਼ਨ ਚੰਦ ਫੱਤਾ ਨੂੰ ਸਮਰਪਿਤ ਕੀਤਾ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ
ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ,ਜਨਰਲ ਸਕੱਤਰ ਹਰਦੀਪ ਸਿੱਧੂ ਨੇ ਦੱਸਿਆ ਕਿ ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ,ਵਿੱਤ ਸਕੱਤਰ ਪ੍ਰਿਤਪਾਲ ਸਿੰਘ, ਡਾਇਰੈਕਟਰ ਸਰਬਜੀਤ ਕੌਸ਼ਲ ਦੀ ਅਗਵਾਈ ਚ ਬਣਾਈ ਚੋਣ ਕਮੇਟੀ ਵੱਲ੍ਹੋਂ ਲੋਹੜੀ ਮੇਲੇ ਦੌਰਾਨ ਸਨਮਾਨਿਤ ਹੋਣ ਵਾਲੀਆਂ 15 ਧੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ,ਬਾਕੀ ਧੀਆਂ ਦੇ ਨਾਵਾਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਧੀਆਂ ਵਿੱਚ ਏਸ਼ਿਆਈ ਖੇਡਾਂ ਦੌਰਾਨ ਤੀਰ ਅੰਦਾਜ਼ੀ ਦੌਰਾਨ ਸੋਨ ਤਗਮਾ ਜਿੱਤਣ ਵਾਲੀ ਪ੍ਰਨੀਤ ਕੌਰ ਪੁੱਤਰੀ ਮਾਸਟਰ ਅਵਤਾਰ ਸਿੰਘ ਮੰਢਾਲੀ,35 ਕਿਲੋਮੀਟਰ ਪੈਦਲ ਚਾਲ ਦੌਰਾਨ ਕਾਂਸੀ ਦਾ ਤਗਮਾ ਜਿੱਤਣ ਵਾਲੀ ਮੰਜੂ ਰਾਣੀ ਪੁੱਤਰੀ ਜਗਦੀਸ਼ ਗਾਮਾ ਖੈਰਾਂ ਕਲਾਂ,ਸਮਾਜ ਸੇਵਾ ਖੇਤਰ ਚ ਨੈਸ਼ਨਲ ਐਵਾਰਡ ਹਾਸਲ ਕਰਨ ਜੀਤ ਦਹੀਆ, ਸਿੱਖਿਆ ਬੋਰਡ ਦੀ ਪੰਜਵੀਂ ਦੀ ਪ੍ਰੀਖਿਆ ਦੌਰਾਨ ਪੰਜਾਬ ਭਰ ਚੋਂ ਪਹਿਲਾ,ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ, ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ,ਅੱਠਵੀਂ ਜਮਾਤ ਦੌਰਾਨ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਬੁਢਲਾਡਾ ਦੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਬੁਢਲਾਡਾ, ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ, ਦਸਵੀਂ ਜਮਾਤ ਵਿਚੋਂ ਪੰਜਾਬ ਭਰ ਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮੰਢਾਲੀ, ਬਾਰਵੀਂ ਜਮਾਤ ਵਿਚੋਂ ਪੰਜਾਬ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ,ਪੇਂਟਿੰਗ ਮੁਕਾਬਲੇ ਦੌਰਾਨ ਪੰਜਾਬ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਪੱਧਰੀ ਮੁਕਾਬਲੇ ਲਈ ਚੁਣੀ ਗਈ ਸਪਸ ਜੀਤਸਰ ਦੀ ਵਿਦਿਆਰਥਣ ਸਹਿਜਵੀਰ ਅਤੇ ਕਰਾਟੇ ਚ ਪੰਜਾਬ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸੀਰਤਪ੍ਰੀਤ ਕੌਰ ਸਪਸ ਲੋਹਗੜ੍ਹ ਸ਼ਾਮਲ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ
ਸਨਮਾਨਿਤ ਹੋਣ ਵਾਲੀਆਂ ਧੀਆਂ ਚ ਜੇ ਈ ਈ ਅਡਵਾਂਸ ਵਿੱਚ ਆਲ ਇੰਡੀਆ ਪੱਧਰ ‘ਤੇ 206 ਵਾਂ ਰੈਂਕ ਹਾਸਲ ਕਰਕੇ ਆਈ.ਆਈ.ਟੀ. ਮੁੰਬਈ ਵਿਖੇ ਕੰਪਿਊਟਰ ਸਾਇੰਸ ਵਿੱਚ ਦਾਖਲਾ ਲੈਣ ਵਾਲੀ ਇਸ਼ੀਤਾ ਪੁੱਤਰੀ ਪ੍ਰਵੀਨ ਗੋਇਲ ਮਾਨਸਾ,ਮੈਡੀਕਲ ਖੇਤਰ ਚ ਚੰਗਾ ਰੈਂਕ ਪ੍ਰਾਪਤ ਕਰਕੇ ਏਮਜ਼ ਬਠਿੰਡਾ ਚ ਐੱਮ.ਬੀ.ਬੀ.ਐੱਸ. ਕਰ ਰਹੀ ਸੁਖਨੂਰ ਪੁੱਤਰੀ ਰਾਕੇਸ਼ ਗਰਗ ਮੈਨੇਜਰ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ ਵਿਖੇ ਐੱਮ.ਬੀ.ਬੀ.ਐੱਸ. ਕਰ ਰਹੀਆਂ ਗੁਰਨੀਤ ਕੌਰ ਪੁੱਤਰੀ ਗੁਰਜੰਟ ਸਿੰਘ ਚਹਿਲ ਅਧਿਆਪਕ, ਦੀਆ ਗਰਗ ਪੁੱਤਰੀ ਜੀਵਨ ਕੁਮਾਰ ਸ਼ਾਮਲ ਹਨ। ਮੰਚ ਦੇ ਸੀਨੀਅਰ ਆਗੂਆਂ ਬਲਰਾਜ ਮਾਨ,ਕਮਲਜੀਤ ਮਾਲਵਾ,ਦਰਸ਼ਨ ਜਿੰਦਲ, ਬਲਜਿੰਦਰ ਸੰਗੀਲਾ,ਅਸ਼ੋਕ ਬਾਂਸਲ, ਕੇਵਲ ਸਿੰਘ,ਵਿਜੈ ਕੁਮਾਰ,ਮੋਹਨ ਲਾਲ,ਜਸਪਾਲ ਦਾਤੇਵਾਸ ਨੇ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਦੀਆਂ ਧੀਆਂ ਆਪਣੇ ਮਾਪਿਆਂ ਦਾ ਨਾਮ ਦੇਸ਼ ਵਿਦੇਸ਼ ਤੱਕ ਰੋਸ਼ਨ ਕਰ ਰਹੀਆਂ ਹਨ।