ਫ਼ਿਰੋਜਪੁਰ, 9 ਅਕਤੂਬਰ: ਚੰਗੇ ਰੋਜ਼ਗਾਰ ਅਤੇ ਭਵਿੱਖ ਦੇ ਲਈ ਪੰਜਾਬ ਛੱਡ ਕੇ ਧੜਾ-ਧੜਾ ਕੈਨੇਡਾ ਅਤੇ ਹੋਰਨਾਂ ਮੁਲਕਾਂ ਵਿਚ ਜਾ ਰਹੇ ਪੰਜਾਬੀ ਨੌਜਵਾਨਾਂ ਨਾਲ ਮਾੜੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਸੇ ਤਰ੍ਹਾਂ ਦੀ ਇਕ ਤਾਜ਼ਾ ਘਟਨਾ ਵਿਚ ਇੱਥੇ ਦੇ ਇੱਕ ਪਿੰਡ ਦੇ ਨੌਜਵਾਨ ਦੀ ਕੈਨੈਡਾ ਦੇ ਸਰੀ ਵਿਚ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਪਿੰਡ ਚੱਕ ਸਾਧੂ ਵਾਲਾ ਦਾ ਸਾਰਜ਼ ਸਿੰਘ ਇਸੇ ਸਾਲ 4 ਮਾਰਚ ਨੂੰ ਆਪਣੀ ਪਤਨੀ ਨਰਦੀਪ ਕੌਰ ਦੇ ਨਾਲ ਕੈਨੇਡਾ ਗਿਆ ਸੀ।
ਇਹ ਵੀ ਪੜੋ:ਕਰਿੰਦੇ ’ਤੇ ਹਮਲਾ ਕਰਕੇ ਠੇਕਾ ਲੁੱਟਣ ਵਾਲੇ ਮੁਲਜਮ ਕਾਬੂ, ਤਲਵਾਰ ਤੇ ਮੋਟਰਸਾਈਕਲ ਵੀ ਕੀਤਾ ਬਰਾਮਦ
ਜਦੋਂਕਿ ਉਸਦਾ 11 ਸਾਲਾਂ ਪੁੱਤਰ ਪਿੰਡ ਵਿਚ ਹੀ ਆਪਣੀ ਦਾਦੀ ਕੋਲ ਰਹਿ ਰਿਹਾ ਸੀ। ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਨੰਬਰਦਾਰ ਮੇਜ਼ਰ ਸਿੰਘ ਨੇ ਦਸਿਆ ਕਿ ਸਾਰਜ਼ ਸਿੰਘ ਆਪਣੇ ਕੰਮ ’ਤੇ ਜਾਣ ਲਈ ਸਰੀ ਦੇ ਇੱਕ ਬੱਸ ਸਟੈਂਡ ਉਪਰ ਸਾਥੀਆਂ ਨਾਲ ਬੈਠਾ ਹੋਇਆ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਪਿੱਕ ਅੱਪ ਗੱਡੀ ਆਈ ਤੇ ਉਸਦੇ ਉਪਰ ਚੜ੍ਹ ਗਈ। ਜਿਸਦੇ ਚੱਲਦੇ ਸਾਰਜ਼ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਜਣੇ ਹੋਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ।
ਇਹ ਵੀ ਪੜੋ:ਪੰਚਾਇਤ ਚੋਣਾਂ: ਨਾਮਜ਼ਦਗੀ ਰੱਦ ਕਰਨ ਦੇ ਵਿਰੋਧ ’ਚ ਰਾਤ ਨੂੰ ਵੀ ਧਰਨੇ ’ਤੇ ਡਟੇ ਰਾਜਾ ਵੜਿੰਗ
ਸੂਚਨਾ ਮੁਤਾਬਕ ਸਾਰਜ਼ ਸਿੰਘ ਦੇ ਪਿਤਾ ਦੀ ਸਾਲ 2013 ਵਿਚ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਾਰਜ਼ ਸਿੰਘ ਦੀ ਇੱਕ ਛੋਟੀ ਭੈਣ ਵੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਨੌਜਵਾਨ ਦੀ ਮਾਤਾ ਨੇ ਰੌਂਦੇ ਹੋਏ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਦੀ ਲਾਸ਼ ਵਾਪਸ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪੁੱਤ ਦਾ ਆਖ਼ਰੀ ਦਫ਼ਾ ਮੂੰਹ ਦੇਖ ਸਕੇ।