ਬਠਿੰਡਾ, 11 ਅਗਸਤ: ਬਠਿੰਡਾ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਟਰੈਫ਼ਿਕ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਕਰੋੜਾਂ ਦੀ ਲਾਗਤ ਨਾਲ ਬਣਾਈ ਬਹੁਮੰਜਿਲਾਂ ਪਾਰਕਿੰਗ ਦੇ ਠੇਕੇਦਾਰ ਦੀਆਂ ਟੋਅ ਵੈਨਾਂ ਵੱਲੋਂ ਬਜ਼ਾਰਾਂ ਵਿਚ ਖੜ੍ਹੀਆਂ ਗੱਡੀਆਂ ਨੂੰ ਚੁੱਕਣ ਦਾ ਮਾਮਲਾ ਦਿਨ-ਬ-ਦਿਨ ਭਖ਼ਦਾ ਜਾ ਰਿਹਾ। ਇਸ ਸਬੰਧ ਵਿਚ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਕਰ ਰਹੇ ਵਪਾਰੀਆਂ ਤੇ ਸਮਾਜਿਕ ਜਥੇਬੰਦੀਆਂ ਨੇ ਹੁਣ ਅਜਾਦੀ ਦਿਹਾੜੇ ਮੌਕੇ 15 ਅਗਸਤ ਨੂੰ ਬਠਿੰਡਾ ਬੰਦ ਦਾ ਸੱਦਾ ਦਿੱਤਾ ਹੈ। ਇਸਦੇ ਨਾਲ ਹੀ ਸਥਾਨਕ ਫ਼ਾਈਰ ਬ੍ਰਿਗੇਡ ਚੌਕ ਦੇ ਕੋਲ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
ਗੁਰਸੇਵਕ ਮੌੜ ਬਣੇ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਪ੍ਰਧਾਨ, ਭੋਡੀਪੁਰਾ ਉੱਪ ਪ੍ਰਧਾਨ ਨਿਯੁਕਤ
ਇਸ ਸਬੰਧ ਵਿਚ ਵਪਾਰ ਅਤੇ ਭਾਈਚਾਰਕ ਸਾਂਝ ਬਚਾਓ ਸੰਘਰਸ਼ ਕਮੇਟੀ ਵੱਲੋਂ ਇੱਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਹੈ। ਜਿਸਦੇ ਵਿਚ ਟੋਅ ਵੈਨਾਂ ਦੇ ਠੇਕੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਬਜ਼ਾਰਾਂ ਦੇ ਵਿਚ ਨਾਂ ਤਾਂ ਕੋਈ ਚੇਤਾਵਨੀ ਬੋਰਡ ਲਗਾਏ ਗਏ ਹਨ ਤੇ ਨਾਂ ਹੀ ਗੱਡੀ ਚੁੱਕਣ ਤੋਂ ਪਹਿਲਾਂ ਕੋਈ ਹੂਟਰ ਜਾਂ ਸਾਈਰਨ ਵਜ਼ਾਇਆ ਜਾਂਦਾ ਹੈ। ਉਧਰ ਠੇਕੇਦਾਰ ਦਾ ਦਾਅਵਾ ਹੈ ਕਿ ਉਹ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੇ ਹਨ ਤੇ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕੀਤਾ ਜਾ ਰਿਹਾ, ਬਲਕਿ ਉਨ੍ਹਾਂ ਵਹੀਕਲਾਂ ਨੂੰ ਹੀ ਚੁੱਕਿਆ ਜਾ ਰਿਹਾ, ਜਿਹੜੇ ਗੈਰ ਕਾਨੂੰਨੀ ਤੌਰ ‘ਤੇ ਬਜ਼ਾਰਾਂ ਵਿਚ ਖੜੇ ਕੀਤੇ ਹੋਏ ਹਨ।