ਗਿੱਦੜਬਾਹਾ, 29 ਅਗਸਤ: ਗਿੱਦੜਬਾਹਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਬਾਦਲਾਂ ਦਾ ਗੜ ਮੰਨੇ ਜਾਂਦੇ ਇਸ ਹਲਕੇ ਦੇ ਵਿੱਚ ਅਕਾਲੀ ਦਲ ਦੀ ਹਾਲਤ ਨਾਜ਼ੁਕ ਹੁੰਦੀ ਜਾਪ ਰਹੀ ਹੈ। ਬੀਤੇ ਕੱਲ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਵੱਡੇ ਸਮਾਗਮ ਦੌਰਾਨ ਡਿੰਪੀ ਢਿੱਲੋ ਦੀ ਸ਼ਮੂਲੀਅਤ ਕਰਵਾਉਣ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਇਸ ਹਲਕੇ ਤੋਂ ਖੁਦ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਪਹਿਲਾਂ ਅਕਾਲੀ ਦਲ ਡਿੰਪੀ ਨੂੰ ਟਿਕਟ ਦੇਣ ਤੋਂ ਟਾਲਮਟੋਲ ਕਰ ਰਿਹਾ ਸੀ ਪਰ ਹੁਣ ਸੁਖਬੀਰ ਨੂੰ ਖੁਦ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ। ਦੂਜੇ ਪਾਸੇ ਇਸ ਹਲਕੇ ਤੋਂ ਅਕਾਲੀ ਦਲ ਦਾ ਗੜ ਤੋੜਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਨਾਂ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਗਿੱਦੜਵਾਹਾ ਦੀ ਸੀਟ ਖਾਲੀ ਹੋਈ ਹੈ, ਨੇ ਵੀ ਬਾਦਲ ਉੱਪਰ ਵੱਡਾ ਸਿਆਸੀ ਹਮਲਾ ਬੋਲਿਆ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਯੈਲੋ ਅਲਰਟ ਜਾਰੀ, ਇਸ ਜਗ੍ਹਾ ਲਈ ਜਾਰੀ ਹੋਇਆ ਰੈੱਡ ਅਲਰਟ
ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਜੇਕਰ ਇਸ ਹਲਕੇ ਤੋਂ ਮੈਚ ਰੌਚਕ ਹੋਵੇਗਾ ਤਾਂ ਉਸਦਾ ਪ੍ਰਵਾਰ ਜ਼ਰੂਰ ਮੈਦਾਨ ਵਿੱਚ ਆਵੇਗਾ। ਸੁਖਬੀਰ ਬਾਦਲ ਜਾਂ ਮਨਪ੍ਰੀਤ ਬਾਦਲ ਨੂੰ ਮੁਕਾਬਲੇ ਵਿੱਚ ਆਉਣ ਦੀ ਚੁਨੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਸਿੰਗ ਫਸਣ ਵਾਲੇ ਮੈਚ ਖੇਡਣ ਦਾ ਅਨੰਦ ਆਉਂਦਾ ਹੈ। ਦੱਸਣਾ ਬਣਦਾ ਹੈ ਕਿ ਗਿੱਦੜਬਾਹਾ ਹਲਕੇ ਨੂੰ ਕਦੇ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਦੀ ਘਰੇਲੂ ਸੀਟ ਮੰਨਿਆ ਜਾਂਦਾ ਸੀ ਕਿਉਂਕਿ ਸਾਲ 1969 ਤੋਂ ਲੈ ਕੇ 1985 ਤੱਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਇਸ ਹਲਕੇ ਤੋਂ ਚੋਣ ਜਿੱਤਦੇ ਆਏ ਹਨ। ਉਸ ਤੋਂ ਬਾਅਦ ਚੋਣ ਬਾਈਕਾਟ ਕਾਰਨ 1992 ਦੇ ਵਿੱਚ ਇਹ ਸੀਟ ਕਾਂਗਰਸ ਨੂੰ ਚਲੀ ਗਈ ਅਤੇ 1995 ਦੇ ਵਿੱਚ ਹੋਈ ਉਪ ਚੋਣ ਵਿਚ ਮੁੜ ਅਕਾਲੀ ਦਲ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਦਾ ਝੰਡਾ ਲਹਿਰਾਇਆ ਸੀ ਜੋ ਲਗਾਤਾਰ 2007 ਤੱਕ ਇਸ ਹਲਕੇ ਤੋਂ ਜਿੱਤਦੇ ਰਹੇ ਪ੍ਰੰਤੂ 2011 ਦੇ ਵਿੱਚ ਉਹਨਾਂ ਵੱਲੋਂ ਅਕਾਲੀ ਦਲ ਤੋਂ ਅਲੱਗ ਹੋ ਕੇ ਪੀਪਲਜ਼ ਪਾਰਟੀ ਬਣਾ ਲਈ ਸੀ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਤੀਜੇ ਨੰਬਰ ‘ਤੇ ਰਹੇ। ਇਸ ਹਲਕੇ ਤੋਂ ਕਾਂਗਰਸ ਤੇ ਉਮੀਦਵਾਰ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਪ੍ਰਾਪਤ ਕੀਤੀ ਅਤੇ ਉਹ 2017 ਅਤੇ 2022 ਦੇ ਵਿੱਚ ਵੀ ਇਸ ਹਲਕੇ ਤੋਂ ਜੇਤੂ ਰਹੇ।
Share the post "ਭਗਵੰਤ ਮਾਨ ਤੇ ਰਾਜਾ ਵੜਿੰਗ ਵੱਲੋਂ ਸੁਖਬੀਰ ਬਾਦਲ ਨੂੰ ਗਿੱਦੜਬਾਹਾ ਤੋਂ ਚੋਣ ਲੜਨ ਦੀ ਚੁਣੌਤੀ"