ਚੰਡੀਗੜ੍ਹ, 5 ਅਪ੍ਰੈਲ: ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਆਪਣੀ ਚੋਣ ਮੁਹਿੰਮ ਭਖਾਈ ਜਾ ਰਹੀ ਹੈ, ਉਥੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਭਲਕ ਤੋਂ ਚੋਣ ਮੁਹਿੰਮ ਦਾ ਆਗਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਸਨੀਵਾਰ ਨੂੰ ਮੋਗਾ ਅਤੇ ਜਲੰਧਰ ਵਿਖੇ ਵਰਕਰ ਮਿਲਣੀ ਦੇ ਨਾਂ ਹੇਠ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਮੋਗਾ ਜ਼ਿਲ੍ਹਾ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿਸ ਵਿਚੋਂ ਭਗਵੰਤ ਮਾਨ ਦੇ ਨਜਦੀਕੀ ਸਾਥੀ ਕਰਮਜੀਤ ਅਨਮੋਲ ਚੋਣ ਲੜ ਰਹੇ ਹਨ।
ਬਠਿੰਡਾ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਪ੍ਰਧਾਨ ਸਹਿਤ ਕਈ ਕੌਂਸਲਰ ਹੋਏ ਆਪ ’ਚ ਸ਼ਾਮਲ
ਪਾਰਟੀ ਆਗੂਆਂ ਮੁਤਾਬਕ ਇੰਨ੍ਹਾਂ ਚੋਣ ਰੈਲੀਆਂ ਵਿਚ ਸਮੂਹ ਵਿਧਾਇਕ, ਚੇਅਰਮੈਨ ਤੇ ਹੋਰ ਆਗੂ ਸਹਿਤ ਵਲੰਟੀਅਰ ਹਾਜ਼ਰ ਰਹਿਣਗੇ। ਹਾਲਾਂਕਿ ਜਲੰਧਰ ਵਿਚ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸੁਸੀਲ ਰਿੰਕੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜਿਸਦੇ ਚੱਲਦੇ ਇੱਥੇ ਆਗੂਆਂ ਨੂੰ ਮੁੱਖ ਮੰਤਰੀ ਵੱਲੋਂ ਲਾਮਬੰਦ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਹੁਣ ਤੱਕ ਆਪ ਵੱਲੋਂ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸਤੋ ਇਲਾਵਾ ਮੁੱਖ ਮੰਤਰੀ ਹਰ ਰੋਜ਼ ਚੰਡੀਗੜ੍ਹ ਵਿਖੇ ਅਪਣੀ ਰਿਹਾਇਸ਼ ’ਤੇ ਦੋ-ਦੋ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਚੋਣ ਰਣਨੀਤੀ ਬਣਾਈ ਜਾ ਰਹੀ ਹੈ।