ਨਵੀਂ ਦਿੱਲੀ, 5 ਜੁਲਾਈ: ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਸਾਲ 1981 ਦੇ ਵਿਚ ਏਅਰ ਇੰਡੀਆ ਦਾ ਸਵਾਰੀਆਂ ਨਾਲ ਭਰਿਆ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲਿਜਾਣ ਵਾਲੇ ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਲਾਹੌਰ ਦੇ ਵਿਚ ਮੌਤ ਹੋਣ ਦੀ ਸੂਚਨਾ ਹੈ। ਹਾਲਾਂਕਿ ਭਾਰਤ ਦੀਆਂ ਏਜੰਸੀਆਂ ਵੱਲੋਂ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾਂ ਹੀ ਪਾਕਿਸਤਾਨ ਸਰਕਾਰ ਦੀ ਤਰਫ਼ੋਂ ਕੋਈ ਬਿਆਨ ਆਇਆ ਹੈ ਪ੍ਰੰਤੂ ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ 71 ਸਾਲਾਂ ਗਜਿੰਦਰ ਸਿੰਘ ਨੇ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਲਾਹੌਰ ਦੇ ਇੱਕ ਹਸਪਤਾਲ ਵਿਚ ਵੀ ਦਾਖ਼ਲ ਕਰਵਾਇਆ ਗਿਆ ਅਤੇ ਬਚਾਉਣ ਦੇ ਲਈ ਵੈਟੀਲੈਟਰ ਦੀ ਮੱਦਦ ਲਈ ਗਈ ਪਰ ਉਹ ਬਚ ਨਹੀਂ ਪਾਏ।
ਐਮ.ਪੀ ਵਜੋਂ ਅੱਜ ਸਹੁੰ ਚੁੱਕਣਗੇ ਭਾਈ ਅੰਮ੍ਰਿਤਪਾਲ ਸਿੰਘ,ਪੁਲਿਸ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਈ ਹੋਈ ਰਵਾਨਾ
ਰੀਪੋਰਟਾਂ ਦੇ ਮੁਤਾਬਕ ਉਹ ਪਿਛਲੇ 43 ਸਾਲਾਂ ਤੋਂ ਪਾਕਿਸਤਾਨ ਦੇ ਲਾਹੌਰ ਵਿਚ ਜਲਾਵਤਨੀ ਵਾਲਾ ਜੀਵਨ ਕੱਟ ਰਹੇ ਸਨ ਤੇ ਜਹਾਜ਼ ਨੂੰ ਅਗਵਾ ਦੇ ਕੇਸ ਵਿਚ ਉਨ੍ਹਾਂ ਵੱਲੋਂ ਕਰੀਬ ਸਾਢੇ 13 ਸਾਲ ਲਾਹੌਰ ਵਿਚ ਜੇਲ੍ਹ ਵੀ ਕੱਟੀ ਗਈ, ਜਿਸਤੋਂ ਬਾਅਦ ਭਾਈ ਗਜਿੰਦਰ ਸਿੰਘ ਨੇ ਭਾਰਤ ਵਾਪਸ ਆਉਣ ਦੀ ਥਾਂ ਉਥੇ ਹੀ ਰਹਿਣ ਨੂੰ ਤਰਜੀਹ ਦਿੱਤੀ। ਹਾਲਾਂਕਿ ਪਾਕਿਸਤਾਨ ਸਰਕਾਰ ਨੇ ਕਦੇ ਵੀ ਇਹ ਗੱਲ ਨਹੀਂ ਮੰਨੀ ਸੀਕਿ ਉਨ੍ਹਾਂ ਇਥੇ ਪਨਾਹ ਦਿੱਤੀ ਹੋਈ ਹੈ ਪ੍ਰੰਤੂ ਕੁੱਝ ਸਾਲ ਪਹਿਲਾਂ ਉਨ੍ਹਾਂ ਦੀ ਪਾਕਿਸਤਾਨ ਦੇ ਵਿਚ ਸਥਿਤ ਇੱਕ ਗੁਰਦੂਆਰਾ ਸਾਹਿਬ ਦੇ ਵਿਚ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਸਦੀ ਪੁਸ਼ਟੀ ਹੋਈ ਸੀ। ਜਦ ਕਿ ਉਨ੍ਹਾਂ ਦਾ ਪ੍ਰਵਾਰ ਜਰਮਨ ਦੇ ਵਿਚ ਰਹਿੰਦਾ ਹੈ। ਪੰਜ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦਾ ਵੀ ਜਰਮਨ ਦੇ ਵਿਚ ਦਿਹਾਂਤ ਹੋ ਗਿਆ ਸੀ। ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਪੁੱਤਰੀ ਵੀ ਜਰਮਨ ਤੋਂ ਲਾਹੌਰ ਪੁੱਜ ਗਈ ਹੈ।