ਵਲੰਟੀਅਰ ਸਕੀਮ ਤਹਿਤ ਨਹੀਂ ਮਿਲਣਗੇ ਆਰਥਿਕ ਲਾਭ
ਚੰਡੀਗੜ੍ਹ, 11 ਮਈ: ਪਿਛਲੇ ਕਈ ਦਿਨਾਂ ਤੋਂ ਆਪਣੇ ਅਸਤੀਫੇ ਨੂੰ ਲੈ ਕੇ ਚਰਚਾ ਵਿੱਚ ਚੱਲੀ ਆ ਰਹੀ ਸਾਬਕਾ ਆਈਏਐਸ ਅਧਿਕਾਰੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਅਸਤੀਫ਼ਾ ਆਖਰਕਾਰ ਪੰਜਾਬ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਹਾਲਾਂਕਿ ਪਤਾ ਚੱਲਿਆ ਹੈ ਕਿ ਉਹਨਾਂ ਵੱਲੋਂ ਵਲੰਟੀਅਰ ਸੇਵਾ ਮੁਕਤੀ ਸਕੀਮ ਤਹਿਤ ਦਿੱਤੇ ਅਸਤੀਫੇ ਦੀ ਸ਼ਰਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤੇ ਸੁਭਾਵਨਾ ਜਤਾਈ ਜਾ ਰਹੀ ਹੈ ਕਿ ਵੀ ਆਰ ਐਸ ਤਹਿਤ ਮਿਲਣ ਵਾਲੇ ਆਰਥਿਕ ਲਾਭਾਂ ਉੱਤੇ ਕੈਂਚੀ ਫਿਰ ਸਕਦੀ ਹੈ। ਮੈਡਮ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਆਪਣੀ ਪਤਨੀ ਦਾ ਅਸਤੀਫਾ ਮਨਜ਼ੂਰ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣ ਬੁਝ ਕੇ ਅੜਿੱਕੇ ਡਾਹੇ ਜਾ ਰਹੇ ਸਨ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਅਸਤੀਫਾ ਮਨਜ਼ੂਰ ਕੀਤਾ ਜਾ ਚੁੱਕਿਆ ਹੈ। ਪਤਾ ਲੱਗਿਆ ਹੈ ਕਿ ਹੁਣ ਸੋਮਵਾਰ ਜਾਣੀ 13 ਮਈ ਨੂੰ ਬੀਬੀ ਪਰਮਪਾਲ ਕੌਰ ਵੱਲੋਂ ਆਪਣੇ ਨਾਮਜਦਗੀ ਕਾਗਜ ਦਾਖਲ ਕੀਤੇ ਜਾਣਗੇ। ਗੌਰਤਲਬ ਹੈ ਕਿ ਪਰਮਪਾਲ ਕੌਰ ਸਾਬਕਾ ਆਈਏਐਸ ਅਧਿਕਾਰੀ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਧੜੱਲੇਦਾਰ ਆਗੂ ਮੰਨੇ ਜਾਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਵੀ ਹਨ, ਜਿਹੜੇ ਹਾਲੇ ਚੁੱਪ ਚਾਪ ਘਰੇ ਬੈਠੇ ਹੋਏ ਹਨ। ਉਹ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਉਮੀਦਵਾਰ ਦੀ ਹਿਮਾਇਤ ਕਰ ਰਹੇ ਹਨ ਅਤੇ ਨਾ ਹੀ ਖੁੱਲ ਕੇ ਆਪਣੀ ਨੂੰਹ ਦੇ ਨਾਲ ਚੱਲੇ ਹਨ। ਪ੍ਰੰਤੂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਨਾਮਜਦਗੀ ਸਮੇਂ ਸ: ਮਲੂਕਾ ਖੁੱਲ ਕੇ ਪਰਮਪਾਲ ਕੌਰ ਦੇ ਹੱਕ ਵਿੱਚ ਆ ਸਕਦੇ ਹਨ।
Share the post "Big News: Punjab Govt ਵੱਲੋਂ Parmpal Kaur Maluka ਦਾ ਅਸਤੀਫਾ ਮਨਜ਼ੂਰ, ਨਾਮਜਦਗੀ ਲਈ ਰਾਹ ਪੱਧਰਾ"