ਐਸਡੀਐਮ ਨੂੰ ਦਿੱਤਾ ਮੰਗ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 28 ਜੁਲਾਈ :- ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੇ ਲਈ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨਾਂ ਵੱਲੋਂ ਐਸਡੀਐਮ ਬਠਿੰਡਾ ਨੂੰ ਮੰਗ ਪੱਤਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਦਾਇਤ ‘ਤੇ ਦੋ ਦਿਨ ਪਹਿਲਾਂ ਜ਼ਿਲ੍ਹਾ ਕਾਂਗਰਸ ਵੱਲੋਂ ਇਸ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਗਰਗ ਦੀ ਅਗਵਾਈ ਵਿੱਚ ਡੀ ਸੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਅਤੇ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਹੜ੍ਹਾਂ ਨੇ ਘਰਾਂ ਦੇ ਘਰ, ਪੂਰੀਆਂ ਫਸਲਾਂ,ਪਸ਼ੂ, ਸੜਕਾਂ ,ਹਸਪਤਾਲ, ਇਮਾਰਤਾਂ ਸਮੇਤ ਪੂਰਾ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਹੈ ਪਰ ਅਫਸੋਸ ਹੋਏ ਨੁਕਸਾਨ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਉਹਨਾਂ ਮੰਗ ਕੀਤੀ ਕੇ ਹੜ੍ਹਾਂ ਨਾਲ ਫਸਲ ਦੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਪ੍ਰਤੀ ਏਕੜ 50 ਹਜਾਰ ਰੁਪਏ, ਹੜ੍ਹ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਨੂੰ 10 ਲੱਖ ਰੁਪਏ, ਜ਼ਖਮੀ ਹੋਏ ਵਿਅਕਤੀ ਨੂੰ ਪੰਜ ਲੱਖ ਰੁਪਏ, ਘਰਾਂ ਦੇ ਹੋਏ ਨੁਕਸਾਨ ਲਈ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ, ਪਸ਼ੂਆਂ ਦੀ ਮੌਤ ਤੇ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੇਣ ਦਾ ਐਲਾਨ ਕਰੇ ਅਤੇ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਸਾਰੇ ਨੁਕਸਾਨ ਦੀ ਮੁੜ ਉਸਾਰੀ ਲਈ ਲੋਕਾਂ ਦੀ ਸਹਾਇਤਾ ਕਰਨੀ ਪੂਰਨ ਯਕੀਨੀ ਬਣਾਵੇ ਤਾਂ ਜੋ ਪੰਜਾਬ ਮੁੜ ਲੀਹ ਤੇ ਚਲ ਸਕੇ ਅਤੇ ਘਰੋਂ ਬੇਘਰ ਹੋਏ ਲੋਕ ਆਪਣੇ ਘਰਾਂ ਦਾ ਮੁੜ ਵਸੇਬਾ ਕਰ ਸਕਣ। ਇਸ ਮੌਕੇ ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਬਲਰਾਜ ਪੱਕਾ, ਸੰਦੀਪ ਸਿੰਘ ਗੋਨਿਆਣਾ, ਜਗਜੀਤ ਸਿੰਘ ਸੰਗਤ, ਜੁਗਰਾਜ ਸਿੰਘ, ਵੀਰ ਸਿੰਘ ਬੁੱਟਰ, ਮਨਜੀਤ ਸਿੰਘ ਸਰਪੰਚ, ਸਤਪਾਲ ਸਿੰਘ ਫੌਜੀ ਆਦਿ ਹਾਜਰ ਸਨ।
ਕਾਂਗਰਸ ਦੇ ਬਲਾਕ ਪ੍ਰਧਾਨਾਂ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਮੰਗਿਆ ਮੁਆਵਜ਼ਾ
19 ਅਗਸਤ ਨੂੰ “ਤੀਆ ਬਠਿੰਡੇ ਦੀਆ” ਪ੍ਰੋਗਰਾਮ: ਵੀਨੂੰ ਗੋਇਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਜੁਲਾਈ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੋਸਾਇਟੀ ਵੱਲੋਂ 19 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 3.30 ਵਜੇ ਜੀਤ ਪੈਲੇਸ ਬਰਨਾਲਾ ਰੋਡ ਵਿਖੇ “ਤੀਆ ਬਠਿੰਡੇ ਦੀਆ, ਮਾਨ ਬਠਿੰਡੇ ਦਾ” ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁਖੀ ਸਮਾਜ ਸੇਵੀ ਵੀਨੂੰ ਗੋਇਲ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਦਾ ਪੋਸਟਰ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਅਤੇ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਗਰੇਵਾਲ ਨੇ ਕੀਤਾ | ਉਕਤ ਆਗੂਆਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰੋਗਰਾਮ ਦੀ ਸਫਲਤਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਪ੍ਰੋਗਰਾਮ ਦੌਰਾਨ ਡਾਇਰੈਕਟਰ ਐਮ.ਕੇ.ਮੰਨਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਗਿੱਧਾ, ਗਰੁੱਪ ਡਾਂਸ, ਸੋਲੋ ਡਾਂਸ, ਬੈਠਣੀਆਂ, ਟੱਪੇ, ਲੰਮੀ ਹੇਕ ਗੀਤ, ਲੋਕ ਗੀਤ, ਗਰੁੱਪ ਡਾਂਸ , miss teej, mrs teej ਆਦਿ ਦੇ ਫਾਰਮ ਅਤੇ ਐਂਟਰੀ ਪਾਸ ਪ੍ਰਤਾਪ ਨਗਰ ਦੀ ਗਲੀ ਨੰ: 16 ਵਿੱਚ ਡਿਫਰੈਂਟ ਕਾਨਵੈਂਟ ਸਕੂਲ ਅਤੇ ਭਾਗੂ ਰੋਡ (ਫੇਜ਼ 1, ਮਾਡਲ ਟਾਊਨ) ਦੀ ਗਲੀ ਨੰਬਰ 19 ਵਿਖੇ ਸਥਿਤ ਅਤੇ #657 ਵਿੱਚ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਕਤ ਪ੍ਰੋਗਰਾਮ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਹੈ।ਜਾਣਕਾਰੀ ਦਿੰਦਿਆਂ ਵੀਨੂੰ ਗੋਇਲ ਨੇ ਦੱਸਿਆ ਕਿ ਹਰਿਆਲੀ ਅਤੇ ਸਵੱਛ ਵਾਤਾਵਰਨ ਦਾ ਸੁਨੇਹਾ ਦਿੰਦੀ 19 ਅਗਸਤ ਨੂੰ ਹਰਿਆਲੀ ਤੀਜ ਵੀ ਹੈ, ਇਸ ਦੌਰਾਨ ਪ੍ਰੋਗਰਾਮ ਵਿੱਚ ਪਹੁੰਚਣ ਵਾਲਿਆਂ ਦਾ ਹਰੇ-ਭਰੇ ਬੂਟਿਆਂ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਤੀਆ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਭੈਣਾਂ ਨੂੰ ਪਹਿਰਾਵਾ ਕੋਡ ਵੀ ਹਰਾ ਰਹੇਗਾ। ਉਨ੍ਹਾਂ ਕਿਹਾ ਕਿ ਕਿ ਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 92177-77707 ਜਾਂ 95922-19599 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਠਿੰਡਾ ‘ਚ ਜ਼ਿਲ੍ਹਾ ਪੱਧਰੀ ਸਕੂਲ ਟੂਰਨਾਮੈਂਟ ਕਮੇਟੀ ਦੀ ਹੋਈ ਚੋਣ
ਸਰੀਰਕ ਸਿੱਖਿਆ ਅਧਿਆਪਕ ਖੇਡਾਂ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ: ਸ਼ਿਵ ਪਾਲ ਗੋਇਲ, ਇਕਬਾਲ ਸਿੰਘ ਬੁੱਟਰ
ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਬਣੇ ਸਕੱਤਰ
ਸੁਖਜਿੰਦਰ ਮਾਨ
ਬਠਿੰਡਾ 31 ਜੁਲਾਈ :ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਕਰਾਉਣ ਲਈ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਮੇਟੀ ਦੀ ਦੋ ਸਾਲਾਂ ਲਈ ਚੋਣ ਹੋਈ।ਜ਼ਿਲ੍ਹਾ ਪ੍ਰਧਾਨ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ,ਜ਼ਿਲ੍ਹਾ ਜਨਰਲ ਸਕੱਤਰ ਪ੍ਰਿਸੀਪਲ ਗੁਰਮੇਲ ਸਿੰਘ ਸਿੱਧੂ ਸ਼ਹੀਦ ਸਿਪਾਹੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ, ਸੀਨੀਅਰ ਮੀਤ ਪ੍ਰਧਾਨ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਭੁੱਚੋ ਮੰਡੀ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਗੁਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ, ਪ੍ਰਬੰਧਕ ਅਤੇ ਵਿੱਚ ਸਕੱਤਰ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਖੇਡ ਕੋਆਰਡੀਨੇਟਰ,ਆਡੀਟਰ ਗੁਰਸੇਵਕ ਸਿੰਘ,ਸਹਾਇਕ ਸਕੱਤਰ ਲੈਕਚਰਾਰ ਨਾਜ਼ਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ, ਰਮਨਦੀਪ ਸਿੰਘ ਡੀ.ਪੀ.ਈ ਡਾਇਟ, ਗੁਰਲਾਲ ਸਿੰਘ ਡੀ.ਪੀ.ਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲ ਸਿੰਘ ਬਸਤੀ,, ਗੁਲਸ਼ਨ ਕੁਮਾਰ ਡੀ.ਪੀ.ਈ ਟੈਕਨੀਕਲ ਕਮੇਟੀ ਮੈਂਬਰ, ਲੈਕਚਰਾਰ ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ ਪੀ.ਟੀ.ਆਈ , ਹਰਬਿੰਦਰ ਸਿੰਘ ਨੀਟਾ ਪ੍ਰੈਸ ਕਮੇਟੀ ਚੁਣੇ ਗਏ।ਜ਼ੋਨਲ ਟੂਰਨਾਮੈਂਟ ਕਮੇਟੀ ਵਿੱਚ ਜੋਨ ਪ੍ਰਧਾਨ ਬਠਿੰਡਾ 1 ਵਿੱਚ ਪ੍ਰਿੰਸੀਪਲ ਜੰਟ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਪੋ ਵਾਲੀ, ਬਠਿੰਡਾ 2 ਵਿੱਚ ਪ੍ਰਿੰਸੀਪਲ ਮੰਜੂ ਬਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ,ਸੰਗਤ ਜੋਨ ਪ੍ਰਿੰਸੀਪਲ ਪ੍ਰਦੀਪ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ,ਗੋਨਿਆਣਾ ਜੋਨ ਪ੍ਰਿੰਸੀਪਲ ਆਸ਼ੂ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ, ਭੁੱਚੋ ਮੰਡੀ ਜੋਨ ਪ੍ਰਿੰਸੀਪਲ ਵਰਿੰਦਰ ਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ, ਭਗਤਾਂ ਜੋਨ ਪ੍ਰਿੰਸੀਪਲ ਨਵਤੇਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਲੂਕਾ,ਮੌੜ ਜੋਨ ਪ੍ਰਿੰਸੀਪਲ ਜਸਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ, ਤਲਵੰਡੀ ਸਾਬੋ ਜੋਨ ਪ੍ਰਿੰਸੀਪਲ ਅਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀਨੰਗਲ,ਮੰਡੀ ਫੂਲ ਜੋਨ ਪ੍ਰਿੰਸੀਪਲ ਗੀਤਾਂ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਹਿਰਾਜ,ਮੰਡੀ ਕਲਾਂ ਜੋਨ ਪ੍ਰਿੰਸੀਪਲ ਕੁਲਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੰਡੀ ਕਲਾਂ ਚੁਣੇ ਗਏ।ਅੰਤ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਸਮੁੱਚੀ ਚੁਣੀ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਇਹ ਕਮੇਟੀ ਤਨਦੇਹੀ ਨਾਲ ਆਪਣਾ ਕੰਮ ਬਿਨਾਂ ਪੱਖਪਾਤ ਤੋਂ ਕਰੇਗੀ।ਇਸ ਮੌਕੇ ਹੋਰਨਾਂ ਤੋ ਇਲਾਵਾ ਲੈਕਚਰਾਰ ਗੁਰਚਰਨ ਸਿੰਘ ਡੀ.ਐਮ ਖੇਡਾਂ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਜਗਦੀਸ ਕੁਮਾਰ ਲੈਕਚਰਾਰ ਹਰਮੰਦਰ ਸਿੰਘ,ਗੁਰਮੀਤ ਸਿੰਘ ਮਾਨ ਹਾਜ਼ਰ ਸਨ।
ਸਾਹਿਤ ਸਿਰਜਣਾ ਮੰਚ ਦੀ ਮੀਟਿੰਗ ਵਿੱਚ ਲੇਖਕਾਂ ਨੇ ਮਨੀਪੁਰ ਘਟਨਾ ਕ੍ਰਮ ਲਈ ਰਾਜ ਤੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਜੁਲਾਈ:ਸਾਹਿਤ ਸਿਰਜਣਾ ਮੰਚ(ਰਜਿ.)ਬਠਿੰਡਾ ਦੀ ਮਹੀਨਾਵਾਰ ਮੀਟਿੰਗ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਇੱਥੋਂ ਦੇ ਟੀਚਰਜ਼ ਹੋਮ ਵਿਖੇ ਹੋਈ। ਮੀਟਿੰਗ ਦੇ ਆਰੰਭ ਵਿਚ ਮੰਚ ਦੇ ਪ੍ਰਧਾਨ ਨੇ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ। ਇਸ ਤੋਂ ਉਪਰੰਤ ਸ਼ਰੋਮਣੀ ਕਵੀ ਹਰਭਜਨ ਹੁੰਦਲ, ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ, ਸਾਹਿਤਕਾਰ ਅਸ਼ੋਕ ਵਸ਼ਿਸ਼ਠ ਡਾ. ਪਰਮਜੀਤ ਸਿੰਘ ਸਿੱਧੂ, ਲਹੌਰੀ ਰਾਮ ਬਾਲੀ,ਡਾ.ਅਮਰ ਸਿੰਘ ਆਜ਼ਾਦ, ਡਾ.ਕਿਰਨਦੀਪ ਕੌਰ ਸਮੇਤ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜਾਂ ਕਾਰਨ ਅਕਾਲ ਚਲਾਣਾ ਕਰ ਗਏ ਸੈਂਕੜੇ ਲੋਕਾਂ ਲਈ ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਾਜ਼ਰ ਲੇਖਕਾਂ ਵੱਲੋਂ ਪਿਛਲੇ ਦਿਨੀਂ ਮਨੀਪੁਰ ਵਿਚ ਵਾਪਰੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਸਮੁੱਚੇ ਘਟਨਾ ਕਰਮ ਲਈ ਰਾਜ ਅਤੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ। ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਕੰਮਾਂ ਲਈ ਮੰਚ ਵੱਲੋਂ ਸਭਾ ਦੀ ਸ਼ਲਾਘਾ ਕੀਤੀ ਗਈ।ਇੰਦਰਜੀਤ ਪੁਰੇਵਾਲ ਦੀ ਸੰਪਾਦਨਾ ਤਹਿਤ ਨਿਕਲ ਰਹੇ ਰਾਗ ਮੈਗਜ਼ੀਨ ਵੱਲੋਂ ਉੱਘੇ ਸ਼ਾਇਰਾਂ ਵਿਜੇ ਵਿਵੇਕ ਅਤੇ ਗੁਰਤੇਜ ਕੋਹਾਰਵਾਲਾ ਨੂੰ ਰਾਗ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਐਲਾਨ ਲਈ ਰਾਗ ਦੇ ਸੰਪਾਦਕ ਦੀ ਪ੍ਰਸੰਸਾ ਕਰਨ ਦੇ ਨਾਲ-ਨਾਲ ਦੋਹਾਂ ਸ਼ਾਇਰਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਕੇਂਦਰ ਸਰਕਾਰ ਵੱਲੋਂ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਸ਼ਰਤਾਂ ਤਹਿਤ ਪ੍ਰਧਾਨ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਸਰਕਾਰ ਲੇਖਕਾਂ ਨੂੰ ਅਪਮਾਨਿਤ ਕਰਨ ਵਾਲਾ ਇਹ ਫੈਸਲਾ ਤੁਰੰਤ ਵਾਪਿਸ ਲਵੇ।ਰਚਨਾਵਾਂ ਦੇ ਦੌਰ ਵਿੱਚ ਸੁਖਦਰਸ਼ਨ ਗਰਗ ਨੇ ਆਪਣੀਆਂ ਨਵੀਆਂ ਰੁਬਾਈਆਂ,ਲੀਲਾ ਸਿੰਘ ਰਾਏ ਨੇ ਦੋ ਗੀਤ , ਰਮੇਸ਼ ਕੁਮਾਰ ਗਰਗ ਨੇ ਵੀ ਆਪਣਾ ਗੀਤ ਪੇਸ਼ ਕੀਤਾ। ਇਕਬਾਲ ਪੀਟੀ ਨੇ ਲੋਕ ਬੋਲੀਆਂ, ਪ੍ਰੋ.ਤਰਸੇਮ ਨਰੂਲਾ ਨੇ ਰੁਬਾਈਆਂ ਤੇ ਗ਼ਜ਼ਲਾਂ , ਦਲਜੀਤ ਬੰਗੀ ਨੇ ਇਸ ਸਮੇਂ ਆਪਣਾ ਨਵਾਂ ਗੀਤ ਪੇਸ਼ ਕੀਤਾ।ਇਸ ਉਪਰੰਤ ਮਨਜੀਤ ਸਿੰਘ ਜੀਤ, ਸੁਰਿੰਦਰਪ੍ਰੀਤ ਘਣੀਆਂ ਅਤੇ ਅਮਰ ਸਿੰਘ ਸਿੱਧੂ ਨੇ ਆਪਣੀਆਂ ਨਵੀਂਆਂ ਗ਼ਜ਼ਲਾਂ ਪੇਸ਼ ਕੀਤੀਆਂ।ਡਾ.ਅਜੀਤਪਾਲ ਸਿੰਘ ਨੇ ਇਸ ਸਮੇਂ ਸਿਵਲ ਯੂਨੀਫ਼ਾਰਮ ਕੋਡ ਬਾਰੇ ਜਾਣਕਾਰੀ ਦਿੱਤੀ। ਪੜ੍ਹੀਆਂ ਗਈਆਂ ਰਚਨਾਵਾਂ ਦੀ ਪੜਚੋਲ ਅਤੇ ਮੰਚ ਦਾ ਸੰਚਾਲਨ ਡਾ.ਜਸਪਾਲਜੀਤ ਨੇ ਕੀਤਾ। ਅਮਰਜੀਤ ਪੇਂਟਰ ਵੱਲੋਂ ਮੰਚ ਨੂੰ ਸਾਹਿਤਕ ਗਤੀਵਿਧੀਆਂ ਤੇਜ਼ ਕਰਨ ਦਾ ਸੁਝਾਅ ਦਿੱਤਾ ਗਿਆ। ਮੀਟਿੰਗ ਦੇ ਆਖ਼ੀਰ ਵਿੱਚ ਡਾ.ਅਜੀਤਪਾਲ ਸਿੰਘ ਨੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਬੱਚਿਆਂ ਨੂੰ ਨਵੀਂ ਜਿੰਦਗੀ ਦੇ ਰਿਹਾ ਹੈ ਸਿਹਤ ਵਿਭਾਗ ਦਾ ਰਾਸਟ੍ਰੀਯ ਬਾਲ ਸਵਾਸਥ ਕਾਰਿਆਕ੍ਰਮ
ਪੰਜਾਬੀ ਖ਼ਬਰਸਾਰ ਬਿਉਰੋ
ਅਜੀਤਵਾਲ/ ਢੁੱਡੀਕੇ, 31 ਜੁਲਾਈ: ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਦੇ ਡਾ. ਸਿਮਰਪਾਲ ਸਿੰਘ, ਡਾ. ਨੇਹਾ ਸਿੰਗਲਾ, ਸਟਾਫ ਨਰਸ ਮਨਜੋਤ ਕੌਰ ਅਤੇ ਜਸਵੀਰ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਆਂਗਣਵਾੜੀ ਸੈਂਟਰ ਝੰਡਾ ਪੱਤੀ ਢੁੱਡੀਕੇ ਵਿਖੇ ਇੱਕ ਸਾਲ ਦਾ ਇੱਕ ਬੱਚਾ ਗੁਰਬਾਜ ਸਿੰਘ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸਦਾ ਪਰਿਵਾਰ ਗਰੀਬ ਹੋਣ ਕਾਰਣ ਇਸਦਾ ਅਪਰੇਸ਼ਨ ਨਹੀਂ ਕਰਵਾ ਸਕਦਾ । ਜਿਲਾ ਸਕੂਲ ਹੈਲਥ ਕੋਆਰਡੀਨੇਟਰ ਸੁਖਵੀਰ ਸਿੰਘ ਦੇ ਸਹਿਯੋਗ ਦੇ ਨਾਲ ਇਸ ਬੱਚੇ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਫੋਰਟਿਸ ਹਸਪਤਾਲ ਮੁਹਾਲੀ ਤੋਂ ਬਿਲਕੁਲ ਮੁਫਤ ਅਤੇ ਸਫਲਤਾਪੂਰਵਕ ਕਰਵਾਇਆ ਗਿਆ ਹੈ । ਬੱਚੇ ਗੁਰਬਾਜ ਸਿੰਘ ਦੇ ਪਿਤਾ ਜਗਦੀਸ਼ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਸਿਹਤ ਵਿਭਾਗ ਮੋਗਾ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ, ਚੀਫ ਫਾਰਮੇਸੀ ਅਫਸਰ ਗੁਰਮੀਤ ਸਿੰਘ , ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਢਿੱਲੋਂ, ਦਲਜੀ ਸਿੰਘ ਸਟੈਨੋ, ਹਰਪ੍ਰੀਤ ਸਿੰਘ ਕਲਰਕ, ਰਮਨ ਕੁਮਾਰ ਬਲਾਕ ਐਕਾਊਂਟੈਂਟ ਹਾਜਰ ਸਨ । ਸਿਵਲ ਹਸਪਤਾਲ ਢੁਡੀਕੇ ਦੇ ਐਸ.ਐਮ.ੳ. ਡਾ. ਸੁਰਿੰਦਰ ਸਿੰਘ ਝੱਮਟ ਅਤੇ ਚੀਫ ਫਾਰਮੇਸ਼ੀ ਅਫਸਰ ਗੁਰਮੀਤ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਢੁੱਡੀਕੇ ਨਾਲ ਸੰਪਰਕ ਕੀਤਾ ਜਾਵੇ, ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ । ਬਲਾਕ ਐਜੂਕੇਟਰ ਲਖਵਿੰਦਰ ਸਿੰਘ ਅਤੇ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ । ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ ।
ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਖੰਭ ਲਾਵੇਗੀ ਐਚਐਮਈਐਲ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁਹਾਲੀ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ
ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਸੰਸਦ ਮੈਂਬਰ ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ, 30 ਜੁਲਾਈ-ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਨਗਰ ਨਿਗਮ ਮੋਹਾਲੀ ਦੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਸੰਸਦ ਮੈਂਬਰ ਤਿਵਾੜੀ ਨੇ ਮੀਟਿੰਗ ਵਿੱਚ ਕੌਂਸਲਰਾਂ ਵੱਲੋਂ ਉਠਾਏ ਮੁੱਦਿਆਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ।ਕੌਂਸਲਰਾਂ ਨੇ ਸੰਸਦ ਮੈਂਬਰ ਤਿਵਾੜੀ ਨੂੰ ਦੱਸਿਆ ਕਿ ਗਮਾਡਾ ਵੱਲੋਂ ਫੇਜ਼ 76 ਤੋਂ 80 ਤੱਕ ਲੋਕਾਂ ਨੂੰ ਅਲਾਟ ਕੀਤੀਆਂ ਜ਼ਮੀਨਾਂ ਦੇ ਰੇਟ ਸੋਧ ਕੇ ਵਧਾ ਦਿੱਤੇ ਗਏ ਹਨ ਅਤੇ ਹੁਣ ਬਕਾਏ ਕਲੀਅਰ ਕਰਨ ਲਈ ਨੋਟਿਸ ਭੇਜੇ ਜਾ ਰਹੇ ਹਨ। ਇਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਇਹ ਜ਼ਮੀਨਾਂ ਖਰੀਦੀਆਂ ਹਨ। ਉਨ੍ਹਾਂ ਮੀਟਿੰਗ ਵਿੱਚ ਫੇਜ਼ 9, 10 ਅਤੇ 11 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਮੁੱਦਾ ਵੀ ਉਠਾਇਆ। ਇਸੇ ਤਰ੍ਹਾਂ, ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪਾਣੀ ਭਰਨ ਕਰਕੇ ਹੋਏ ਭਾਰੀ ਨੁਕਸਾਨ ’ਤੇ ਵੀ ਚਿੰਤਾ ਪ੍ਰਗਟਾਈ ਗਈ ਅਤੇ ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ, ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹੋਰ ਵਿਸ਼ਿਆਂ ’ਤੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਜਿਸ ’ਤੇ ਸਾਂਸਦ ਤਿਵਾੜੀ ਨੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਇਸ ਲੜੀ ਤਹਿਤ ਨਾ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ, ਸਗੋਂ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਜਿੱਥੇ ਹੋਰਨਾਂ ਤੋਂ ਇਲਾਵਾ, ਕੌਂਸਲਰ ਰਿਸ਼ਵ ਜੈਨ, ਜਸਪ੍ਰੀਤ ਸਿੰਘ ਗਿੱਲ, ਕੁਲਵੰਤ ਸਿੰਘ ਕਲੇਰ, ਨਰਿੰਦਰ ਸਿੰਘ ਰੰਗੀ, ਸ੍ਰੀਮਤੀ ਰਾਜ ਰਾਣੀ, ਜਸਬੀਰ ਸਿੰਘ ਮਣਕੂ, ਸ੍ਰੀਮਤੀ ਜਤਿੰਦਰ ਕੋਰ, ਚਰਨ ਸਿੰਘ, ਪ੍ਰਮੋਦ ਮਿੱਤਰ, ਹਰਜੀਤ ਸਿੰਘ ਬੈਦਵਾਨ, ਸੁੱਚਾ ਸਿੰਘ ਕਲੋਰ, ਕੁਲਜਿੰਦਰ ਸਿੰਘ, ਨਵਜੋਤ ਸਿੰਘ ਬਚਲ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਆਈ.ਆਈ.ਐਮ ਅਹਿਮਦਾਬਾਦ ਤੋਂ ਵਿਸ਼ੇਸ਼ ਸਿਖਲਾਈ ਲੈਣ ਲਈ ਹੈੱਡਮਾਸਟਰਾਂ ਦੇ ਬੈਚ ਨੂੰ ਕੀਤਾ ਰਵਾਨਾ
12,710 ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਿਰੋਧੀ ਧਿਰ ਦੀ ਸਖ਼ਤ ਆਲੋਚਨਾ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ, 30 ਜੁਲਾਈ-ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਹੋਰ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.), ਅਹਿਮਦਾਬਾਦ ਤੋਂ ਵਿਸ਼ੇਸ਼ ਸਿਖਲਾਈ ਲੈਣ ਲਈ ਹੈਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਹੈੱਡਮਾਸਟਰਾਂ ਦੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਸੂਬੇ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਿੰਸੀਪਲਾਂ ਦਾ ਵਫ਼ਦ ਸਿੰਗਾਪੁਰ ਤੋਂ ਸਿਖਲਾਈ ਲੈ ਕੇ ਵਾਪਸ ਆ ਰਿਹਾ ਹੈ, ਉਥੇ ਇਹ ਬੈਚ ਆਪਣੀ ਮੁਹਾਰਤ ਨੂੰ ਨਿਖਾਰਨ ਲਈ ਅਹਿਮਦਾਬਾਦ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸਦਾ ਇਕੋ-ਇਕ ਉਦੇਸ਼ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਵਿਸ਼ਵ ਭਰ ਵਿੱਚ ਕਾਨਵੈਂਟ ਸਕੂਲਾਂ ’ਚ ਪੜ੍ਹੇ-ਲਿਖੇ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ।ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਚੰਗੇ ਕੋਚ ਵਧੀਆ ਖਿਡਾਰੀ ਪੈਦਾ ਕਰਦੇ ਹਨ, ਉਸੇ ਤਰ੍ਹਾਂ ਇੱਕ ਤਜਰਬੇਕਾਰ ਅਧਿਆਪਕ ਆਉਣ ਵਾਲੇ ਭਵਿੱਖ ਲਈ ਯੋਗ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਭਰ ਵਿੱਚ ਮਿਆਰੀ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ।ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੇ ਆਗੂ ਸੱਤਾ ਹਥਿਆਉਣ ਤੋਂ ਬਾਅਦ ਲੋਕਾਂ ਵਿੱਚ ਜਾਣਾ ਵੀ ਪਸੰਦ ਨਹੀਂ ਕਰਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਉਲਟ ਉਹ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਕਿਸੇ ਨਾ ਕਿਸੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਅੜਚਨਾਂ ਨੂੰ ਦੂਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਵੱਲ ਹਮੇਸ਼ਾ ਏਜੰਡੇ ’ਤੇ ਰੱਖਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮਨੋਰਥ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਜੇਕਰ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਨੂੰ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਮੁਲਾਜ਼ਮ ਦੀ ਜਾਇਜ਼ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਜਿਸ ਲਈ ਸੂਬਾ ਸਰਕਾਰ ਪਹਿਲਾਂ ਹੀ ਹਰ ਸੰਭਵ ਯਤਨ ਕਰ ਰਹੀ ਹੈ।ਵਿਰੋਧੀ ਧਿਰ ਵੱਲੋਂ ਤਰਕਹੀਣ ਅਤੇ ਬੇਬੁਨਿਆਦ ਟਿੱਪਣੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਕਾਰਡ ’ਤੇ ਮੌਜੂਦ ਹੈ ਕਿ ਹੁਣ ਤੋਂ ਇਨ੍ਹਾਂ ਅਧਿਆਪਕਾਂ ਨਾਲ ਜੁੜਿਆ ਕੱਚਾ ਸ਼ਬਦ ਹਮੇਸ਼ਾ ਲਈ ਹਟ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਹਰ ਸਾਲ 5 ਫੀਸਦੀ ਇੰਕਰੀਮੈਂਟ ਦੇ ਨਾਲ-ਨਾਲ ਛੁੱਟੀਆਂ ਸਮੇਤ ਹੋਰ ਲਾਭ ਵੀ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਨੇ ਆਪਣੇ ਕਾਰਜਕਾਲ ਦੌਰਾਨ ਲੰਮੇ ਸਮੇਂ ਤੋਂ ਇਨ੍ਹਾਂ ਅਧਿਆਪਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਨ੍ਹਾਂ ਨੂੰ ਮੂਰਖ ਬਣਾਇਆ ਹੈ, ਇਸ ਲਈ ਉਨ੍ਹਾਂ ਨੂੰ ਇਸ ਮੁੱਦੇ ’ਤੇ ਕੁਝ ਵੀ ਕਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਅਤੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਮੰਤਰੀ ਮੰਡਲ ਨੇ ਨਵੀਂ ਖੇਡ ਨੀਤੀ-2023 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਪਿੰਡ ਪੱਧਰ ਤੋਂ ਲੈ ਕੇ ਖਿਡਾਰੀਆਂ ਲਈ ਨੌਕਰੀਆਂ, ਸਿਖਲਾਈ, ਵੱਖ-ਵੱਖ ਲਾਭ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਭਰਤੀ ਕਰਕੇ ਖੇਡ ਸੱਭਿਆਚਾਰ ਨੂੰ ਮੁੜ ਪ੍ਰਫੁੱਲਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਖੇਡਾਂ ਵਿੱਚ ਮੱਲਾਂ ਮਾਰ ਸਕਣ। ਭਗਵੰਤ ਮਾਨ ਨੇ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਖਿਡਾਰੀਆਂ ਨੂੰ ਮਜ਼ਬੂਤ ਬੁਨਿਆਦੀ ਢਾਂਚਾ, ਕੋਚਿੰਗ ਅਤੇ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਉਦਯੋਗ ਨੀਤੀ, ਇਲੈਕਟ੍ਰਿਕ ਵਹੀਕਲ ਨੀਤੀ, ਖੇਤੀਬਾੜੀ ਨੀਤੀ ਅਤੇ ਹੁਣ ਖੇਡ ਨੀਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ-ਇੱਕ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੂਬਾ ਹਰ ਖੇਤਰ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖੇ ਤਾਂ ਜੋ ਸੂਬੇ ਨੂੰ ਮੁੜ ’ਰੰਗਲਾ ਪੰਜਾਬ’ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ।ਸੂਬੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਵਿੱਚ ਭਾਰੀ ਬਰਸਾਤ ਕਾਰਨ ਫਸਲਾਂ, ਘਰਾਂ, ਪਸ਼ੂਆਂ ਅਤੇ ਹੋਰ ਨੁਕਸਾਨ ਦਾ ਪਤਾ ਲਗਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ 15 ਅਗਸਤ ਤੱਕ ਵਿਸ਼ੇਸ਼ ਗਿਰਦਾਵਰੀ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੁਦਰਤੀ ਆਫਤ ਦੀ ਸਥਿਤੀ ਵਿੱਚ ਫਸਲਾਂ ਦੇ ਨੁਕਸਾਨ ਕਾਰਨ ਖੇਤ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਕਾਰਨ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਡਿਪਟੀ ਕਮਿਸ਼ਨਰਾਂ ਨੂੰ ਰਾਹਤ ਰਾਸ਼ੀ ਜਾਰੀ ਕੀਤੀ ਜਾਂਦੀ ਹੈ, ਇਸ ਲਈ ਨੀਤੀ ਅਨੁਸਾਰ ਉਪਰੋਕਤ ਰਾਹਤ ਰਾਸ਼ੀ ਦਾ 10 ਫੀਸਦ ਵਾਧੂ ਰਾਸ਼ੀ ਉਨ੍ਹਾਂ ਨੂੰ ਸੂਬੇ ਦੇ ਬਜਟ ਵਿੱਚੋਂ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਹ ਨੀਤੀ 1 ਮਈ, 2023 ਤੋਂ ਲਾਗੂ ਹੋਵੇਗੀ ਅਤੇ ਸਾਰੇ ਖੇਤ ਮਜ਼ਦੂਰ ਪਰਿਵਾਰ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ (ਰਿਹਾਇਸ਼ੀ ਪਲਾਟ ਨੂੰ ਛੱਡ ਕੇ) ਜਾਂ ਜਿਨ੍ਹਾਂ ਕੋਲ ਇੱਕ ਏਕੜ ਤੋਂ ਘੱਟ ਜ਼ਮੀਨ (ਲੀਜ਼/ਠੇਕੇ/ਕਾਸ਼ਤ ਵਾਲੀ) ਹੈ, ਉਹ ਇਸ ਅਧੀਨ ਯੋਗ ਹੋਣਗੇ। .ਮੁੱਖ ਮੰਤਰੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਡਰੋਨਾਂ ਦੀ ਵਰਤੋਂ ਹੁਣ ਸਰਹੱਦ ਪਾਰੋਂ ਹਥਿਆਰਾਂ/ਹੈਰੋਇਨ/ਵਿਸਫੋਟਕਾਂ ਦੀ ਤਸਕਰੀ ਲਈ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਡਰੋਨਾਂ ਦੀ ਰਜਿਸਟਰੇਸ਼ਨ ਨੂੰ ਲਾਜ਼ਮੀ ਬਣਾਉਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਰਜਿਸਟਰੇਸ਼ਨ ਵਾਂਗ ਇਸ ਨੂੰ ਵੀ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਇਨ੍ਹਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਨੂੰ ਠੱਲ੍ਹ ਪਾਈ ਜਾ ਸਕੇ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਿਆਨ ’ਤੇ ਟਿੱਪਣੀ ਕਰਨ ਲਈ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਭਾਜਪਾ ਆਗੂ ਨੂੰ ਯਾਦ ਦਿਵਾਇਆ ਕਿ ਅਦਾਕਾਰੀ ਉਨ੍ਹਾਂ ਦਾ ਪੇਸ਼ਾ ਹੈ ਜਿਸ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੇ ਕਰੀਅਰ ਦੇ ਸਿਖਰ ਉੱਤੇ ਸੂਬੇ ਦੀ ਸੇਵਾ ਲਈ ਪੀ.ਪੀ.ਪੀ. ਵਿੱਚ ਸ਼ਾਮਲ ਹੋਏ ਸਨ ਤਾਂ ਮਨਪ੍ਰੀਤ ਨੇ ਉਨ੍ਹਾਂ ਦੀ ਇੱਕ ’ਮਹਾਨ ਸ਼ਖ਼ਸੀਅਤ’ ਦੇ ਤੌਰ ’ਤੇ ਪ੍ਰਸ਼ੰਸਾ ਕੀਤੀ ਸੀ ਭਗਵੰਤ ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਅੱਜ ਜਦੋਂ ਸਾਬਕਾ ਵਿੱਤ ਮੰਤਰੀ ਨੂੰ ਉਸ ਦੇ ਮੌਕਾਪ੍ਰਸਤ ਪੈਂਤੜਿਆਂ ਕਾਰਨ ਲੋਕਾਂ ਨੇ ਨਕਾਰ ਦਿੱਤਾ ਹੈ ਤਾਂ ਹੁਣ ਉਹ, ਉਨ੍ਹਾਂ ਵਿੱਚ ਨੁਕਸ ਕੱਢ ਰਹੇ ਹਨ।ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਸਾਬਕਾ ਮੰਤਰੀ ਦੇ ਆਪਣੇ ਵਾਹਨ ਨੂੰ ਖੁਦ ਚਲਾਉਣ ਅਤੇ ਟੋਲ ਟੈਕਸ ਅਦਾ ਕਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਦਕਿ ਅਸਲ ਵਿੱਚ ਉਨ੍ਹਾਂ ਨੇ ਜਨਤਾ ਦੀ ਭਲਾਈ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਉਹ ਬੇਸ਼ਰਮ ਲੋਕ ਹਨ, ਜਿਨ੍ਹਾਂ ਨੇ ਸੂਬੇ ਦੇ ਖਜ਼ਾਨੇ ਦੀ ਅੰਨ੍ਹੇਵਾਹ ਲੁੱਟ ਕੀਤੀ ਹੈ, ਜਿਸ ਦੇ ਚਲਦਿਆਂ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਆਪਣੇ ਕੀਤੇ ਗਏ ਕੁਕਰਮਾਂ ਲਈ ਜਵਾਬਦੇਹ ਬਣਾਉਂਦਿਆਂ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਬੈਂਸ, ਵਿਧਾਇਕ ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਹਾਜ਼ਰ ਸਨ।
ਵਾਤਾਵਰਣ ਦੀ ਸੰਭਾਲ ਜਰੂਰੀ ਅਤੇ ਕੁਦਰਤ ਨਾਲ ਖਿਲਵਾੜ ਭਵਿੱਖ ਲਈ ਖਤਰਨਾਕ : ਸਪੀਕਰ ਸੰਧਵਾਂ
ਲਾਇਨ ਕਲੱਬ ਦੇ ਵਣ ਮਹਾਂਉਤਸਵ ਸਮਾਗਮ ਮੌਕੇ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 30 ਜੁਲਾਈ : ਰੁੱਖਾਂ ਦਾ ਸਤਿਕਾਰ ਕਰਨਾ ਅਤੇ ਕੁਦਰਤ ਨਾਲ ਪ੍ਰੇਮ ਦੋਨੋਂ ਇਕ ਸਮਾਨ ਹਨ, ਜੇਕਰ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਰਹੇ ਅਤੇ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਜਿੱਥੇ ਆਪਣੇ ਅਤੇ ਆਉਣ ਵਾਲੀ ਨਵੀਂ ਪੀੜੀ ਲਈ ਬਿਮਾਰੀਆਂ ਨੂੰ ਸੱਦਾ ਦੇਣ ਦਾ ਸਬੱਬ ਬਣਾਗੇ, ਉੱਥੇ ਗੁਰੂ ਸਾਹਿਬਾਨ ਦੇ ਸੰਦੇਸ਼ ‘ਬਲਿਹਾਰੀ ਕੁਦਰਤ ਵਸਿਆ’ ਦੀ ਉਲੰਘਣਾ ਕਰਨ ਦੇ ਭਾਗੀਦਾਰੀ ਵੀ ਹੋਵਾਂਗੇ। ਸਥਾਨਕ ਮਿਉਸਪਲ ਪਾਰਕ ਵਿਖੇ ਗੁੱਡ ਮੌਰਨਿੰਗ ਕਲੱਬ ਦੇ ਮੰਚ ’ਤੇ ਲਾਇਨਜ ਕਲੱਬ ਕੋਟਕਪੂਰਾ ਵਿਸ਼ਵਾਸ਼ ਵਲੋਂ ਵਣ ਮਹਾਂਉਤਸਵ ਮਨਾਉਣ ਮੌਕੇ ਬੂਟਾ ਲਾਉਣ ਦੀ ਸ਼ੁਰੂਆਤ ਕਰਦਿਆਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਸਰਕਾਰ ਵਲੋਂ ਹਰ ਤਰਾਂ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਮੁਫਤ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ ਪਰ ਬੂਟਿਆਂ ਦੀ ਦਰੱਖਤ ਬਣਨ ਤੱਕ ਸੰਭਾਲ ਕਰਨੀ ਵੀ ਬਹੁਤ ਜਰੂਰੀ ਹੈ। ਕਲੱਬ ਦੇ ਪ੍ਰਧਾਨ ਗੁਰਵੀਰਕਰਨ ਸਿੰਘ ਢਿੱਲੋਂ ਅਤੇ ਗੁਰਦੀਪ ਸਿੰਘ ਮੈਨੇਜਰ ਐੱਮ.ਜੇ.ਐੱਫ. ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹਿਰ ਦੀਆਂ ਵੱਖ ਵੱਖ ਢੁੱਕਵੀਆਂ ਥਾਵਾਂ ’ਤੇ ਲਾਏ ਜਾਣ ਵਾਲੇ ਬੂਟਿਆਂ ਦੀ ਸੰਭਾਲ ਯਕੀਨੀ ਬਣਾਉਣਗੇ। ਕਲੱਬ ਦੇ ਸਕੱਤਰ ਵਿਕਰਾਂਤ ਧੀਂਗੜਾ ਅਤੇ ਖਜਾਨਚੀ ਸੁਖਵਿੰਦਰਪਾਲ ਸਿੰਘ ਹੈਲੀ ਸਦਿਉੜਾ ਨੇ ਸਪੀਕਰ ਸੰਧਵਾਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ। ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਸਾਰਿਆਂ ਦੀ ਜਾਣ-ਪਛਾਣ ਕਰਵਾਈ। ਕਲੱਬ ਦੇ ਕੈਬਨਿਟ ਮੈਂਬਰਾਂ ਰਜਿੰਦਰ ਸਿੰਘ ਸਰਾਂ ਅਤੇ ਰਛਪਾਲ ਸਿੰਘ ਭੁੱਲਰ ਨੇ ਕ੍ਰਮਵਾਰ ਨਿਊਜੀਲੈਂਡ ਅਤੇ ਆਸਟ?ਰੇਲੀਆ ਤੋਂ ਵਣ ਮਹਾਂਉਤਸਵ ਮਨਾਉਣ ਦੀ ਵਧਾਈ ਦਿੰਦਿਆਂ ਜਿੱਥੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ, ਉੱਥੇ ਸਪੀਕਰ ਸੰਧਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਨੀਲ ਕੁਮਾਰ ਬਿੱਟਾ ਗਰੋਵਰ, ਗੋਗੀ ਪੁਰਬਾ, ਜਗਸੀਰ ਸਿੰਘ ਆਦਿ ਸਮੇਤ ਹੋਰ ਵੀ ਅਨੇਕਾਂ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।
ਬਠਿੰਡਾ ’ਚ ਨਜਾਇਜ਼ ਇਮਾਰਤਾਂ ਦੇ ਮੁੱਦੇ ਨੂੰ ਲੈ ਕੇ ਨਗਰ ਨਿਗਮ ਮੁੜ ਚਰਚਾ ’ਚ, ਵਿਜੀਲੈਂਸ ਨੇ ਵੀ ਵਿੱਢੀ ਜਾਂਚ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਜੁਲਾਈ: ਸੂਬੇ ਦੇ ਪੰਜਵੇਂ ਮਹਾਂਨਗਰ ਵਜੋਂ ਵਿਕਸਤ ਹੋਏ ਬਠਿੰਡਾ ਸ਼ਹਿਰ ਵਿਚ ਪਿਛਲੇ ਕਰੀਬ ਇੱਕ ਦਹਾਕੇ ਤੋਂ ਹੀ ਸ਼ੁਰੂ ਹੋਈ ਨਜਾਇਜ਼ ਇਮਾਰਤਸਾਜੀ ਦਾ ਕੰਮਕਾਜ਼ ਮੌਜੂਦਾ ਦੌਰ ਵਿਚ ਵੀ ਜਾਰੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਮੁੜ ਨਜਾਇਜ਼ ਇਮਾਰਤਾਂ ਬਣਨ ਦਾ ਅਸਲ ਜਾਰੀ ਹੈ। ਹਾਲਾਂਕਿ ਨਿਗਮ ਅਧਿਕਾਰੀਆਂ ਵਲੋਂ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਇੰਨਾਂ ਨਜਾਇਜ਼ ਇਮਾਰਤਾਂ ਨੂੰ ਸੀਲ ਵੀ ਕੀਤਾ ਜਾਂਦਾ ਹੈ ਪ੍ਰੰਤੂ ਬਾਅਦ ਵਿਚ ਇਹ ਸੀਲਾਂ ਨਾ ਸਿਰਫ਼ ਖੁੱਲ ਜਾਂਦੀਆਂ ਹਨ, ਬਲਕਿ ਇੰਨਾਂ ਵਿਚ ਕੰਮ ਸ਼ੁਰੂ ਹੋ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਇਸ ਵਿਭਾਗ ਦੇ ਪਹਿਲੇ ਮੰਤਰੀ ਰਹੇ ਡਾ ਇੰਦਰਵੀਰ ਸਿੰਘ ਨਿੱਝਰ ਨੇ ਅਪਣੀ ਬਠਿੰਡਾ ਫੇਰੀ ਦੌਰਾਨ ਸਥਾਨਕ ਜ਼ਿਲ੍ਹਾ ਕੰਪਲੈਕਸ ਦੇ ਮੀਟਿੰਗ ਹਾਲ ’ਚ ਨਿਗਮ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਇੰਨ੍ਹਾਂ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਜਨਤਕ ਤੌਰ ’ਤੇ ਨਿਗਮ ਅਧਿਕਾਰੀਆਂ ਨੂੰ ‘ਰੱਬ’ ਦਾ ਵਾਸਤਾ ਵੀ ਪਾਇਆ ਸੀ। ਦੂਜੇ ਪਾਸੇ ਵਿਜੀਲੈਂਸ ਵਲੋਂ ਵੀ ਅਪਣੇ ਪੱਧਰ ’ਤੇ ਸ਼ਹਿਰ ਅੰਦਰ ਬਣੀਆਂ ਨਜਾਇਜ਼ ਇਮਾਰਤਾਂ ਦੀ ਜਾਂਚ ਵਿੱਢੀ ਹੋਈ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵਲੋਂ ਇਸ ਸਬੰਧ ਵਿਚ ਸ਼ਹਿਰ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਹੀ ਬਣੀਆਂ ਇੰਨ੍ਹਾਂ ਨਜਾਇਜ਼ ਇਮਾਰਤਾਂ ਦਾ ਰਿਕਾਰਡ ਇਕੱਤਰ ਕੀਤਾ ਜਾ ਰਿਹਾ ਹੈ, ਜਿਸਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਨਿਭਾਈ ਜਾ ਰਹੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਨਿਗਮ ਨਾਲ ਜੁੜੇ ਸੂਤਰਾਂ ਮੁਤਾਬਕ ਬੇਸ਼ੱਕ ਮੌਜੂਦਾ ਸਰਕਾਰ ਨੇ ਇੱਥੇ ਰਹੇ ਇੱਕ ਚਰਚਿਤ ਅਧਿਕਾਰੀ ਦੀ ਬਦਲੀ ਕਰ ਦਿੱਤੀ ਸੀ ਪ੍ਰੰਤੂ ਇਸਦੇ ਬਾਵਜੂਦ ਉਸ ਅਧਿਕਾਰੀ ਦੀ ‘ਗੱਦੀ’ ਹੁਣ ਹੋਰਨਾਂ ਨੇ ਸੰਭਾਲ ਲਈ ਹੈ। ਸੂਤਰਾਂ ਅਨੁਸਾਰ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਮਹਿੰਗੇ ਇਲਾਕੇ ਮੰਨੇ ਜਾਂਦੇ ਅਮਰੀਕ ਸਿੰਘ ਰੋਡ ਤੋਂ ਇਲਾਵਾ 100 ਫੁੱਟੀ ਰੋਡ, ਨਵੀਂ ਬਣ ਰਹੀ ਰਿੰਗ ਰੋਡ, ਕਿਲੇ ਦੇ ਨਜਦੀਕ, ਹਨੂੰਮਾਨ ਚੌਕ ਤੋਂ ਥੋੜਾ ਅੱਗੇ ਜੀਟੀ ਰੋਡ ਅਤੇ ਅਜੀਤ ਰੋਡ ਆਦਿ ਥਾਵਾਂ ਉਪਰ ਨਜਾਇਜ਼ ਉਸਾਰੀਆਂ ਹੋਈਆਂ ਪ੍ਰੰਤੂ ਨਿਗਮ ਵਲੋਂ ਸਿਰਫ਼ ਨੋਟਿਸ ਜਾਰੀ ਕਰਕੇ ਖ਼ਾਨਾਪੂਰਤੀ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਨਗਰ ਨਿਗਮ ਅੰਦਰ ਕਾਂਗਰਸ ਪਾਰਟੀ ਦਾ ਪ੍ਰਚੰਡ ਬਹੁਮਤ ਹੈ। ਉਂਜ ਮੇਅਰ ਤੇ ਇੱਕ ਦਰਜ਼ਨ ਦੇ ਕਰੀਬ ਕੋਂਸਲਰਾਂ ਦੇ ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਨੇੜਤਾ ਕਾਰਨ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਜਿਸਦੇ ਚੱਲਦੇ ਮੌਜੂਦਾ ਸਮੇਂ ਮੇਅਰ ਨੂੰ ਭਾਜਪਾ ਆਗੂ ਮਨਪ੍ਰੀਤ ਬਾਦਲ ਨਜਦੀਕੀ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਕਾਂਗਰਸ ਸਮਰਥਕ ਮੰਨਿਆਂ ਜਾ ਰਿਹਾ। ਨਿਗਮ ਹਾਊਸ ਦੇ ਆਪਸ ਵਿਚ ਪਾਟੋਧਾੜ ਹੋਣ ਦਾ ਫ਼ਾਈਦਾ ਵੀ ਅਧਿਕਾਰੀਆਂ ਵਲੋਂ ਉਠਾਇਆ ਜਾ ਰਿਹਾ।
ਬਾਕਸ
ਨਜਾਇਜ਼ ਕਬਜੇ ਹਟਾਉਣ ’ਚ ਬਠਿੰਡਾ ਨੰਬਰ ਇੱਕ ’ਤੇ : ਐਮ.ਟੀ.ਪੀ ਬਿੰਦਰਾ
ਬਠਿੰਡਾ: ਉਧਰ ਇਸ ਸਬੰਧ ਵਿਚ ਨਿਗਮ ਦਾ ਪੱਖ ਰੱਖਦਿਆਂ ਐਮ.ਟੀ.ਪੀ ਸੁਰਿੰਦਰ ਸਿੰਘ ਬਿੰਦਰਾ ਨੇ ਦਾਅਵਾ ਕੀਤਾ ਕਿ ‘‘ ਸ਼ਹਿਰ ਵਿਚ ਨਜਾਇਜ਼ ਕਬਜੇ ਹਟਾਉਣ ਦੇ ਮਾਮਲੇ ਵਿਚ ਨਗਰ ਨਿਗਮ ਬਠਿੰਡਾ ਪੂਰੇ ਪੰਜਾਬ ਵਿਚ ਪਹਿਲੀਆਂ ਥਾਵਾਂ ’ਤੇ ਹੈ। ਉਨ੍ਹਾਂ ਅੰਕੜੇ ਰੱਖਦਿਆਂ ਕਿਹਾ ਕਿ ਹੁਣ ਚਾਲੂ ਵਿਤ ਸਾਲ ਦੌਰਾਨ ਜਿੱਥੇ 33 ਨਜਾਇਜ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ, ਉਥੇ 23 ਅਜਿਹੀਆਂ ਨਜਾਇਜ਼ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਇਸੇ ਤਰ੍ਹਾਂ ਪੰਜ ਨਜਾਇਜ਼ ਕਲੌਨੀਆਂ ਉਪਰ ਵੀ ਪੀਲਾ ਪੰਜਾ ਚਲਾਇਆ ਗਿਆ। ਇਸਤੋਂ ਇਲਾਵਾ ਨਿਗਮ ਕੋਲ ਪਾਸ ਹੋਣ ਲਈ ਆਏ 750 ਰਿਹਾਇਸੀ ਨਕਸਿਆਂ ਵਿਚੋਂ 660 ਪਾਸ ਕਰ ਦਿੱਤੇ ਗਏ ਹਨ ਤੇ 25 ਦੀ ਜਾਂਚ ਚੱਲ ਰਹੀ ਹੈ ਜਦ ਕਿ 23 ਰੱਦ ਕੀਤੇ ਗਏ ਹਨ। ਪਾਸ ਹੋਣ ਲਈ 323 ਵਪਾਰਕ ਨਕਸਿਆਂ ਦੀਆਂ ਫ਼ਾਈਲਾਂ ਵਿਚੋਂ ਵੀ 258 ਪਾਸ ਕੀਤੀਆਂ ਜਾ ਚੁੱਕੀਆਂ ਗਈਆਂ ਹਨ। ਸ਼੍ਰੀ ਬਿੰਦਰਾ ਨੇ ਕਿਹਾ ਕਿ ਸ਼ਹਿਰ ਵਿਚ ਜਦ ਹੀ ਕਿਤੇ ਨਜਾਇਜ਼ ਇਮਾਰਤ ਬਣਨ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।

