Home Blog Page 2055

ਨਸ਼ਾ ਰੋਕਣ ਲਈ ਲੋਕ ਲਹਿਰਾਂ ਹੀ ਇੱਕੋ ਇੱਕ ਹੱਲ: ਭੋਲਾ ਸਿੰਘ ਗਿੱਲਪੱਤੀ

0

ਸੁਖਜਿੰਦਰ ਮਾਨ
ਬਠਿੰਡਾ, 30 ਜੁਲਾਈ: ਦੁਨੀਆਂ ਪੱਧਰ ’ਤੇ ਨਸ਼ੇ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਅਸਫ਼ਲ ਸਿੱਧ ਹੋ ਰਹੀਆਂ ਹਨ, ਉੱਥੇ ਪ੍ਰਬੰਧਕੀ ਢਾਂਚਾ ਵੀ ਪੂਰੀ ਤਰ੍ਹਾਂ ਨਕਾਰਾ ਹੋ ਗਿਆ ਹੈ। ਜਿਸਦੇ ਚੱਲਦੇ ਇਸ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨ ਲਈ ਹੁਣ ਲੋਕਾਂ ਨੂੰ ਇਕਜੁਟ ਹੋ ਕੇ ਲੋਕ ਲਹਿਰ ਪੈਦਾ ਕਰਨੀ ਪਏਗੀ। ਇਹ ਦਾਅਵਾ ਸੀਨੀਅਰ ਆਗੂ ਅਤੇ ਸਮਾਜ ਸੇਵੀ ਭੋਲਾ ਸਿੰਘ ਗਿੱਲ ਪੱਤੀ ਨੇ ਇੱਥੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਪਿਛਲੇ 15 ਸਾਲਾਂ ਤੋਂ ਨਸ਼ੇ ਨੇ ਨੌਜਵਾਨਾਂ ਨੂੰ ਇਸ ਕਦਰ ਜਕੜ ਲਿਆ ਕਿ ਇਸ ਨਾਮੁਰਾਦ ਬਿਮਾਰੀ ਨੂੰ ਰੋਕਣ ਵਾਲੇ ਖੁਦ ਇਸ ਨੂੰ ਕਮਾਈ ਦਾ ਸਾਧਨ ਬਣਾ ਬੈਠੇ ਹਨ। ਜਿਸ ਕਾਰਨ ਇਹ ਨਸ਼ਾ ਰੁਕਣ ਦੀ ਥਾਂ ਵੱਧਣ ਲੱਗਿਆ ਹੈ। ਸ: ਗਿੱਲਪਤੀ ਨੇ ਕਿਹਾ ਕਿ ਵਿਦੇਸ਼ਾਂ ’ਚ ਪੰਜਾਬੀ ਨੌਜਵਾਨਾਂ ਦੇ ਵਧ ਰਹੇ ਪ੍ਰਵਾਸ ਪਿੱਛੇ ਵੀ ਨਸ਼ਾ ਇੱਕ ਵੱਡਾ ਕਾਰਨ ਹੈ, ਕਿਉਂਕਿ ਆਪਣੇ ਜਾਨ ਤੋਂ ਵੱਧ ਪਿਆਰੇ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਮਾਪੇਂ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਨਾਲ ਨਸ਼ੇ ਦਾ ਪ੍ਰਕੋਪ ਵੱਧਦਾ ਰਿਹਾ ਤਾਂ ਇਹ ਪ੍ਰਵਾਸ ਹੋਰ ਵਧਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉਮੀਦਾਂ ਆਸਾਂ ਨਾਲ ਲੋਕ ਚੁਣ ਕੇ ਗੱਦੀ ਤੇ ਬਿਠਾਉਂਦੇ ਹਨ, ਉਹ ਵੀ ਸਿਸਟਮ ਦੀ ਇਸ ਕੁਰੱਪਟ ਵਿਵਸਥਾ ਵਿਚ ਰੁਲ ਕੇ ਰਹਿ ਜਾਂਦੇ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਜੇਕਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕਹਿਰ ਤੋਂ ਬਚਾਉਣਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਪੁਰਾਣੇ ਸੰਘਰਸਾਂ ਦੀ ਤਰ੍ਹਾਂ ਵੱਡੀਆਂ ਲੋਕ ਲਹਿਰਾਂ ਉਸਾਰਨੀਆਂ ਪੈਣਗੀਆਂ। ਨਸ਼ੇ ਦੇ ਸੌਦਾਗਰਾਂ ਨੂੰ ਲੋਕਾਂ ਵਿੱਚ ਨੰਗਾ ਕਰਨਾ ਪਵੇਗਾ ਅਤੇ ਨਸ਼ਾ ਤਸਕਰਾਂ ਤੇ ਉਹਨਾਂ ਦੇ ਰਾਖੀ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕਰਨਾ ਪਵੇਗਾ।

ਬਠਿੰਡਾ ਦੇ ਭੁੱਚੋਂ ਰੋਡ ’ਤੇ ਪੰਜ ਕਾਰਾਂ ਵਿਚ ਹੋਇਆ ਭਿਆਨਕ ਹਾਦਸਾ, 15 ਹੋਏ ਜਖਮੀ

0

ਸੁਖਜਿੰਦਰ ਮਾਨ
ਬਠਿੰਡਾ, 30 ਜੁਲਾਈ: ਐਤਵਾਰ ਬਾਅਦ ਦੁਪਿਹਰ ਸਥਾਨਕ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਉਪਰ ਭੁੱਚੋਂ ਨਜਦੀਕ ਫ਼ਲਾਈ ਓਵਰ ਉਪਰ ਅੱਧੀ ਦਰਜ਼ਨ ਦੇ ਕਰੀਬ ਕਾਰਾਂ ਵਿਚ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਈਆਂ, ਜਿਸ ਕਾਰਨ 15 ਦੇ ਕਰੀਬ ਕਾਰ ਸਵਾਰ ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਨੂੰ ਰਾਹਗੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਆਦੇਸ਼ ਹਸਪਤਾਲ ਦੇ ਵਿਚ ਦਾਖ਼ਲ ਕਰਵਾਇਆ। ਹਾਲਾਂਕਿ ਇਸ ਭਿਆਨਕ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਇਸ ਮਾਮਲੇ ਦੀ ਥਾਣਾ ਕੈਂਟ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਅੱਜ ਬਾਅਦ ਦੁਪਿਹਰ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਫ਼ੌਜੀ ਛਾਉਣੀ ਦੇ ਨਜਦੀਕ ਫ਼ਲਾਈਓਵਰ ਉਪਰ ਇੱਕ ਕਾਰ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੀ ਸੀ, ਇਸ ਦੌਰਾਨ ਇਸ ਤੇਜ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ਚਲੀ ਗਈ। ਜਿਸ ਕਾਰਨ ਦੂਜੇ ਪਾਸਿਓ ਆ ਰਹੀਆਂ ਕਾਰਾਂ ਉਸਦੇ ਨਾਲ ਟਕਰਾ ਗਈਆਂ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਰੀਬ ਅੱਧੀ ਦਰਜ਼ਨ ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਘਟਨਾ ਮੌਕੇ ਲੋਕਾਂ ਦਾ ਚੀਕ-ਚਹਾੜਾ ਪੈ ਗਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਇੰਨ੍ਹਾਂ ਕਾਰਾਂ ਵਿਚ ਫ਼ਸੇ ਹੋਏ ਲੋਕਾਂ ਨੂੰ ਕਾਫ਼ੀ ਮੁਸੱਕਤ ਦੇ ਬਾਅਦ ਬਾਹਰ ਕੱਢਿਆ। ਹਾਦਸੇ ਕਾਰਨ ਸੜਕ ਉਪਰ ਪੂਰੀ ਤਰ੍ਹਾਂ ਜਾਮ ਲੱਗ ਗਿਆ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਕੈਂਟ ਦੀ ਪੁਲਿਸ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਵੀ ਮੌਕੇ ’ਤੇ ਪੁੱਜੇ ਅਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੀਆਂ ਐਬੂਲੇਂਸਾਂ ਅਤੇ ਰਾਹਗੀਰਾਂ ਦੀਆਂ ਕਾਰਾਂ ਵਿਚ ਜਖਮੀਆਂ ਨੂੰ ਆਦੇਸ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਖਮੀਆਂ ਵਿਚ ਨੌਜਵਾਨ, ਬਜੁਰਗ, ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਜਿੰਨ੍ਹਾਂ ਦੀ ਹਾਲਾਤ ਸਥਿਤ ਦੱਸੀ ਜਾ ਰਹੀ ਹੈ। ਉਧਰ ਥਾਣਾ ਕੈਂਟ ਦੇ ਮੁਖੀ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ।

ਨਵੇਂ ਪਰਮਿਟ ਜਾਰੀ ਕਰਨ ਦੇ ਅਧਿਕਾਰ ਪੰਜਾਬ ਸਰਕਾਰ ਨੇ ਮੁੜ ਐਸ.ਟੀ.ਸੀ ਨੂੰ ਸੌਪੇਂ

0

ਟਰਾਂਸਪੋਰਟ ਮੰਤਰੀ ਵੱਲੋਂ ਰੀਜਨਲ ਟਰਾਂਸਪੋਰਟ ਅਥਾਰਟੀਆਂ ਦੇ ਕੰਮਾਂ ਦੀ ਵੰਡ ਮੁੜ-ਨਿਰਧਾਰਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਜੁਲਾਈ: ਪੰਜਾਬ ਸਰਕਾਰ ਨੇ ਸੂਬੇ ਵਿਚ ਨਵੇਂ ਬੱਸ ਪਰਮਿਟ ਜਾਰੀ ਕਰਨ/ਰੱਦ ਕਰਨ, ਰੂਟਾਂ ਵਿੱਚ ਵਾਧਾ/ਬਦਲਾਅ/ਕਟੌਤੀ ਅਤੇ ਯਾਤਰਾਵਾਂ ਵਿੱਚ ਵਾਧਾ ਆਦਿ ਜ਼ਰੂਰੀ ਕੰਮ ਮੁੜ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਸੌਪ ਦਿੱਤੇ ਹਨ। ਇਸਤੋਂ ਪਹਿਲਾਂ ਇਹ ਅਧਿਕਾਰ ਸਕੱਤਰ ਰੀਜਨਲ ਟ੍ਰਾਂਸਪੋਰਟ ਅਥਾਰਟੀ ਕੋਲ ਸਨ ਪ੍ਰੰਤੂ ਹੁਣ ਸੂਬੇ ਵਿੱਚ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀਜ਼ (ਆਰ.ਟੀ.ਏਜ਼.) ਦੇ ਅਧਿਕਾਰ-ਖੇਤਰਾਂ ਅਧੀਨ ਕੰਮਾਂ ਨੂੰ ਮੁੜ-ਨਿਰਧਾਰਤ ਕੀਤਾ ਹੈ। ਇਸ ਸਬੰਧ ਵਿਚ ਜਾਰੀ ਨਵੇਂ ਹੁਕਮਾਂ ਤਹਿਤ ਪੰਜਾਬ ਵਿਚ ਪਿਛਲੇ ਦਿਨੀਂ ਵਿਭਾਗ ਦੇ ਕੀਤੇ ਪੁਨਰਗਠਨ ਤੋਂ ਬਾਅਦ ਪਟਿਆਲਾ, ਜਲੰਧਰ, ਫ਼ਿਰੋਜ਼ਪੁਰ ਅਤੇ ਬਠਿੰਡਾ ਵਿਖੇ ਰੀਜਨਲ ਟਰਾਂਸਪੋਰਟ ਅਥਾਰਟੀਜ਼ ਦੇ ਦਫ਼ਤਰਾਂ ਦੇ ਗਠਨ ਪਿੱਛੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੰਜਾਬ ਮੋਟਰ ਵਾਹਨ ਨਿਯਮਾਂਵਲੀ-1989 ਦੇ ਨਿਯਮ 122(2) ਅਤੇ ਮੋਟਰ ਵਾਹਨ ਐਕਟ-1988 ਦੀ ਧਾਰਾ 68(2)(i) ਅਤੇ 68(5) ਤਹਿਤ ਰੀਜਨਲ ਟਰਾਂਸਪੋਰਟ ਅਥਾਰਟੀਜ਼ ਨੂੰ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਕਰਨਯੋਗ ਵੱਖੋ-ਵੱਖ ਕੰਮ ਸੌਂਪੇ ਗਏ ਹਨ। ਟ੍ਰਾਂਸਪੋਰਟ ਮੰਤਰੀ ਨੇ ਦਸਿਆ ਕਿ ਹੁਣ ਤੋਂ ਰੂਟਾਂ ਦੀ ਸਮਾਂ-ਸਾਰਣੀ ਬਣਾਉਣ ਅਤੇ ਮਨਜ਼ੂਰੀ ਦੇਣ, ਸਟੇਜ ਕੈਰਿਜ ਪਰਮਿਟ ਨਵਿਆਉਣ, ਪਰਮਿਟਾਂ ਦੇ ਤਬਾਦਲੇ, ਵਾਹਨਾਂ ਦੀ ਤਬਦੀਲੀ, ਆਰਜ਼ੀ ਪਰਮਿਟ ਦੇਣ, ਸਟੇਜ ਕੈਰਿਜ ਪਰਮਿਟਾਂ ਦੇ ਕਾਊਂਟਰ-ਸਾਈਨ, ਪਰਮਿਟਾਂ ਦੀ ਕਲੱਬਿੰਗ, ਬੱਸਾਂ ਦੀ ਸਧਾਰਣ ਤੋਂ ਐਚ.ਵੀ.ਏ.ਸੀ. ਅਤੇ ਐਚ.ਵੀ.ਏ.ਸੀ. ਤੋਂ ਸਧਾਰਣ ਵਿੱਚ ਤਬਦੀਲੀ ਸਬੰਧੀ ਕੰਮ ਰੀਜਨਲ ਟਰਾਂਸਪੋਰਟ ਅਥਾਰਟੀਆਂ ਵੱਲੋਂ ਕੀਤੇ ਜਾਣਗੇ। ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਵੱਲੋਂ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਆਪਣੇ ਅਧਿਕਾਰ ਖੇਤਰ ਵਿੱਚ ਅਤੇ ਮੋਟਰ ਵਾਹਨ ਐਕਟ-1988 ਤੇ ਇਸ ਤਹਿਤ ਬਣਾਏ ਗਏ ਨਿਯਮਾਂ ਵਿੱਚ ਨਿਰਧਾਰਤ ਸ਼ਰਤਾਂ ਅਧੀਨ ਹੀ ਕੀਤੀ ਜਾਵੇਗੀ। ਇਸਤੋਂ ਇਲਾਵਾ ਸਟੇਜ ਕੈਰਿਜ ਪਰਮਿਟ ਦੇਣ/ਰੱਦ ਕਰਨ, ਰੂਟਾਂ ਵਿੱਚ ਵਾਧਾ/ਬਦਲਾਅ/ਕਟੌਤੀ ਅਤੇ ਯਾਤਰਾਵਾਂ ਵਿੱਚ ਵਾਧਾ ਆਦਿ ਜ਼ਰੂਰੀ ਕੰਮ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਅਧੀਨ ਰਹਿਣਗੇ।

ਫ਼ਿਰੌਤੀ ਲਈ ਸੁਨਿਆਰੇ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਗੈਂਗਸਟਰ ਅਰਸ ਡਾਲਾ ਸਹਿਤ ਅੱਠ ਨਾਮਜਦ, ਇੱਕ ਗ੍ਰਿਫਤਾਰ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਜੁਲਾਈ : ਵੀਰਵਾਰ ਦੀ ਦੇਰ ਰਾਤ ਨੂੰ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ’ਚ ਸੁਨਿਆਰਿਆਂ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਦੇ ਗਰੁੱਪ ਦਾ ਨਾਂ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਮੁਤਾਬਕ ਹੁਣ ਤੱਕ ਕੀਤੀ ਪੜਤਾਲ ਤੋਂ ਬਾਅਦ ਥਾਣਾ ਮੋੜ ਵਿਖੇ ਦਰਜ਼ ਮੁਕੱਦਮੇ ਵਿਚ ਗੈਂਗਸਟਰ ਅਰਸ ਡਾਲਾ, ਸੰਦੀਪ ਢਿੱਲੋਂ, ਹੈਰੀ ਮੌੜ, ਬਲਜੀਤ ਸਿੰਘ, ਕਰਨਵੀਰ ਕੰਨੂੰ ਸਹਿਤ ਕੁੱਲ ਅੱਠ ਜਣਿਆਂ ਨੂੰ ਨਾਮਜਦ ਕੀਤਾ ਹੈ। ਇਸ ਸਬੰਧ ਵਿਚ ਪਹਿਲਾਂ ਹੀ ਥਾਣਾ ਮੋੜ ਦੀ ਪੁਲਿਸ ਵਲੋਂ ਦੁਕਾਨ ਦੇ ਮਾਲਕ ਗੁਰਸੇਵਕ ਸਿੰਘ ਦੇ ਬਿਆਨਾਂ ਉਪਰ ਧਾਰਾ 307,385,506, 25,27,54,59 ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਹੋਇਆ ਹੈ। ਸੂਤਰਾਂ ਮੁਤਾਬਕ ਨਾਮਜਦ ਕੀਤੇ ਵਿਅਕਤੀਆਂ ਵਿਚੋਂ ਕਰਨਵੀਰ ਕੰਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਤਾ ਲੱਗਿਆ ਹੈ ਕਿ ਪੁਲਿਸ ਨੇ ਉਕਤ ਨੌਜਵਾਨ ਕੋਲੋਂ 30 ਬੋਰ ਦਾ ਇੱਕ ਨਜਾਇਜ਼ ਪਿਸਤੌਲ ਵੀ ਬਰਾਮਦ ਕੀਤਾ ਹੈ। ਜਦ ਕਿ ਇਸ ਘਟਨਾ ਨੂੰ ਅੰਜਾਮ ਇੱਕ ਹੋਰ ਨੌਜਵਾਨ ਵਲੋਂ 32 ਬੋਰ ਦੇ ਪਿਸਤੌਲ ਨਾਲ ਦਿੱਤਾ ਗਿਆ ਸੀ, ਜਿਸਦਾ ਨਾਮ ਹਾਲੇ ਤੱਕ ਜਨਤਕ ਨਹੀਂ ਕੀਤਾ ਜਾ ਗਿਆ ਹੈ। ਮੁਢਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤਾ ਗਏ ਕੰਨੂੰ ਨੇ ਇਸ ਕਾਂਡ ਵਿਚ ਰੈਕੀ ਕੀਤੀ ਸੀ। ਇਸੇ ਤਰ੍ਹਾਂ ਹੈਰੀ ਮੌੜ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਮੁਹੱਈਆ ਕਰਵਾਇਆ ਸੀ। ਜਦ ਕਿ ਦੁਬਈ ਬੈਠੇ ਬਲਜੀਤ, ਜੋਕਿ ਹੈਰੀ ਮੌੜ ਦਾ ਸਕਾ ਭਰਾ ਦਸਿਆ ਜਾ ਰਿਹਾ ਹੈ, ਨੇ ਉਕਤ ਸੁਨਿਆਰਿਆਂ ਨੂੰ ਕੁੱਝ ਦਿਨ ਪਹਿਲਾਂ 25 ਲੱਖ ਦੀ ਫ਼ਿਰੌਤੀ ਦੇਣ ਲਈ ਫ਼ੌਨ ਕੀਤਾ ਸੀ। ਸੂਤਰਾਂ ਅਨੁਸਾਰ ਇਸ ਕਾਂਡ ਦਾ ਇੱਕ ਹੋਰ ਸਾਜਸ਼ਕਰਤਾ ਸੰਦੀਪ ਢਿੱਲੋਂ ਵੀ ਦੁਬਈ ਬੈਠਾ ਹੈ, ਜਿਸਦੇ ਅੱਗੇ ਗੈਂਗਸਟਰ ਅਰਸ ਡਾਲਾ ਨਾਲ ਸੰਪਰਕ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੈਰੀ ਮੌੜ ਪਿਛਲੇ ਇੱਕ ਸਾਲ ਤੋਂ ਫ਼ਰਾਰ ਦਸਿਆ ਜਾ ਰਿਹਾ ਹੈ। ਉਸਦਾ ਨਾਮ ਭੁੱਚੋਂ ਨਜਦੀਕ ਹੋਏ ਦੂਹਰੇ ਕਤਲ ਕਾਂਡ ਵਿਚ ਵੀ ਬੋਲਦਾ ਹੈ। ਗ੍ਰਿਫਤਾਰ ਕੀਤੇ ਕਰਨਵੀਰ ਵਿਰੁਧ ਵੀ ਕੁੱਝ ਪਰਚੇ ਦਰਜ਼ ਹੈ। ਇਸੇ ਤਰ੍ਹਾਂ ਜਿਸ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸਦਾ ਵੀ ਅਪਰਾਧਕ ਪਿਛੋਕੜ ਹੈ। ਘਟਨਾ ਸਮੇਂ ਇਸ ਨੌਜਵਾਨ ਨੇ ਮੋਟਰਸਾਈਕਲ ਨੂੰ ਪਿੱਛੇ ਲਗਾ ਕੇ ਬੰਦ ਵੀ ਪ੍ਰੇਮੀ ਜਵੈਲਰਜ਼ ਦੀ ਦੁਕਾਨ ਉਪਰ ਫ਼ਾਈਰਿੰਗ ਕੀਤੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸਦਾ ਮਕਸਦ ਉਕਤ ਜਵੈਲਰੀ ਸ਼ਾਪ ਦੇ ਮਾਲਕਾਂ ਨੂੰ ਡਰਾਉਣਾ ਸੀ ਕਿ ਜੇਕਰ ਫ਼ਿਰੌਤੀ ਨਾ ਦਿੱਤੀ ਤਾਂ ਉਨ੍ਹਾਂ ਉਪਰ ਵੀ ਗੋਲੀਆਂ ਚੱਲ ਸਕਦੀਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੁਲਿਸ ਇਸ ਮਾਮਲੇ ਵਿਚ ਜਲਦੀ ਹੀ ਗੋਲੀਆਂ ਚਲਾਉਣ ਵਾਲੇ ਨੌਜਵਾਨ ਅਤੇ ਕੁੱਝ ਹੋਰਨਾਂ ਨੂੰ ਗ੍ਰਿਫਤਾਰ ਕਰਕੇ ਇਸ ਕਾਂਡ ਦਾ ਪਰਦਾਫ਼ਾਸ ਕਰ ਸਕਦੀ ਹੈ। ਦਸਣਾ ਬਣਦਾ ਹੈ ਕਿ ਇਹ ਦੁਕਾਨ ਗੁਰਸੇਵਕ ਸਿੰਘ ਅਤੇ ਜਸਵਿੰਦਰ ਸਿੰਘ ਨਾਂ ਦੇ ਭਰਾਵਾਂ ਵਲੋਂ ਚਲਾਈ ਜਾ ਰਹੀ ਹੈ, ਜਿੰਨ੍ਹਾਂ ਪੁਲਿਸ ਨੂੰ ਦਸਿਆ ਸੀ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਨੂੰ 25 ਲੱਖ ਦੀ ਫ਼ਿਰੌਤੀ ਦੇਣ ਲਈ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਨੂੰ ਇੱਕ ਸੁਰੱਖਿਆ ਕਰਮਚਾਰੀ ਵੀ ਦਿੱਤਾ ਹੋਇਆ ਸੀ। ਦਸਣਾ ਬਣਦਾ ਹੈ ਕਿ ਗੋਲੀ ਕਾਂਡ ਤੋਂ ਬਾਅਦ ਮੰਡੀ ਵਾਸੀਆਂ ਵਿਚ ਗੁੱਸੇ ਦੀ ਲਹਿਰ ਫ਼ੈਲ ਗਈ ਸੀ, ਜਿਸ ਕਾਰਨ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਮੰਡੀ ਵਿਚ ਧਰਨਾ ਵੀ ਦਿੱਤਾ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਵੀ ਸੀਆਈਏ-1 ਅਤੇ 2 ਸਹਿਤ ਸਪੈਸ਼ਲ ਸਟਾਫ਼, ਮੋੜ ਪੁਲਿਸ ਆਦਿ ਦੀ ਟੀਮਾਂ ਬਣਾ ਕੇ ਪੜਤਾਲ ਕੀਤੀ ਜਾ ਰਹੀ ਹੈ।

ਪੰਜਾਬ ਕੈਬਨਿਟ ਵੱਲੋਂ ਆਟਾ/ਕਣਕ ਦੀ ਲਾਭਪਾਤਰੀਆਂ ਦੇ ਘਰਾਂ ਵਿੱਚ ਪਹੁੰਚ ਨੂੰ ਦਿੱਤੀ ਪ੍ਰਵਾਨਗੀ

0

ਐਨ.ਐਫ.ਐਸ.ਏ. ਤਹਿਤ ਮਾਡਲ ਫੇਅਰ ਪ੍ਰਾਈਸ ਸ਼ਾਪਸ ਹੋਣਗੀਆਂ ਕਾਇਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਜੁਲਾਈ: ਲਾਭਪਾਤਰੀਆਂ ਨੂੰ ਆਟਾ/ਕਣਕ ਘਰਾਂ ਵਿੱਚ ਪੁੱਜਦੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਕੌਮੀ ਖੁਰਾਕ ਸੁਰੱਖਿਆ ਐਕਟ (ਐਨ.ਐਫ.ਐਸ.ਏ.) ਅਧੀਨ ਮਾਡਲ ਫੇਅਰ ਪ੍ਰਾਈਸ ਸ਼ਾਪਸ ਦੇ ਸੰਕਲਪ ਦੀ ਸ਼ੁਰੂਆਤ ਦੀ ਮਨਜ਼ੂਰੀ ਦੇ ਦਿੱਤੀ।ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਨੇ ਲਾਭਪਾਤਰੀਆਂ ਦੇ ਘਰਾਂ ਵਿੱਚ ਪੈਕੇਜ਼ਡ ਆਟਾ/ਪੈਕੇਜ਼ਡ ਕਣਕ ਦੀ ਵੰਡ ਲਈ ਸੋਧੀ ਹੋਈ ਵਿਧੀ ਨੂੰ ਵੀ ਪ੍ਰਵਾਨਗੀ ਦਿੱਤੀ। ਆਟਾ/ਕਣਕ ਦੀ ਵੰਡ ਖੁੱਲ੍ਹੀ ਮਾਤਰਾ, ਸਹੀ ਤੋਲ ਵਿੱਚ, ਰਾਸ਼ਨ ਡਿੱਪੂਆਂ ਤੋਂ ਜਾਂ ਰਾਸ਼ਨ ਡਿੱਪੂ ਹੋਲਡਰ ਵੱਲੋਂ ਵਿਸ਼ੇਸ਼ ਸੀਲਬੰਦ ਪੈਕਟਾਂ ਵਿੱਚ ਲਾਭਪਾਤਰੀਆਂ ਦੇ ਘਰਾਂ ਦੇ ਦਰਵਾਜ਼ੇ ਜਾਂ ਨਜ਼ਦੀਕੀ ਮੋਟਰ ਪੁਆਇੰਟ ਉਤੇ ਪਹੁੰਚਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਲਾਭਪਾਤਰੀ ਲਈ ਪੈਕੇਜ਼ਡ ਆਟਾ/ਪੈਕੇਜ਼ਡ ਕਣਕ ਪ੍ਰਾਪਤ ਕਰਨ ਦਾ ਇਹ ਜ਼ਿਆਦਾ ਸਨਮਾਨਜਨਕ ਤਰੀਕਾ ਹੋਵੇਗਾ ਕਿਉਂਕਿ ਲਾਭਪਾਤਰੀ ਨੂੰ ਖ਼ਾਸ ਤੌਰ ਉਤੇ ਖ਼ਰਾਬ ਮੌਸਮ ਦੇ ਹਾਲਾਤ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣ ਦੀ ਲੋੜ ਨਹੀਂ ਰਹੇਗੀ।ਆਟਾ ਤੇ ਕਣਕ ਦੇਣ ਸਮੇਂ ਸਾਰੀਆਂ ਲੋੜੀਦੀਆਂ ਸ਼ਰਤਾਂ ਜਿਵੇਂ ਕਿ ਬਾਇਓ ਮੀਟਿਰਿਕ ਪੜਤਾਲ, ਲਾਭਪਾਤਰੀ ਨੂੰ ਪ੍ਰਿੰਟ ਕੀਤੀ ਵਜ਼ਨ ਰਸੀਦ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨੀਆਂ ਯਕੀਨੀ ਬਣਾਈਆਂ ਜਾਣਗੀਆਂ। ਹੋਮ ਡਿਲੀਵਰੀ ਸੇਵਾ, ਮਾਡਲ ਫੇਅਰ ਪ੍ਰਾਈਸ ਸ਼ਾਪ ਦੀ ਧਾਰਨਾ ਨੂੰ ਪੇਸ਼ ਕਰੇਗੀ, ਜੋ ਰਾਜ ਦੀ ਸਿਖਰਲੀ ਸਹਿਕਾਰੀ ਸਭਾ ‘ਦਿ ਪੰਜਾਬ ਸਟੇਟ ਕੋਆਪ੍ਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮੀਟਿਡ’ ਵੱਲੋਂ ਚਲਾਈਆਂ ਜਾਣਗੀਆਂ ਕਿਉਂਕਿ ਇਹ ਮੋਹਰੀ ਸਹਿਕਾਰੀ ਅਦਾਰਾ ਹੋਣ ਦੇ ਨਾਲ-ਨਾਲ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਸਹਿਕਾਰੀ ਸੰਸਥਾਵਾਂ ਨੂੰ ਤਰਜੀਹ ਦਿੱਤੀ ਜਾਣੀ ਬਣਦੀ ਹੈ। ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮੀਟਿਡ ਵੱਲੋਂ ਚਲਾਏ ਜਾ ਰਹੇ ਮਾਡਲ ਫੇਅਰ ਪ੍ਰਾਈਸ ਸ਼ਾਪਸ ਵੱਲੋਂ ਲਾਭਪਾਤਰੀਆਂ ਦੇ ਘਰ ਤੱਕ ਪੈਕ ਕੀਤੀ ਕਣਕ/ਪੈਕ ਕੀਤੇ ਆਟੇ ਦੀ ਸਪਲਾਈ ਕਰਨ ਲਈ ਸਮਾਰਟ ਟਰਾਂਸਪੋਰਟ ਸੇਵਾਵਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।

ਖਪਤਕਾਰਾਂ ਨੂੰ ਘੱਟ ਦਰਾਂ ਉਤੇ ਰੇਤੇ ਤੇ ਬਜਰੀ ਮੁਹੱਈਆ ਕਰਨ ਲਈ ਕਰੱਸ਼ਰ ਨੀਤੀ 2023 ਨੂੰ ਹਰੀ ਝੰਡੀ
ਖਪਤਕਾਰਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਤੇ ਬਜਰੀ ਮੁਹੱਈਆ ਕਰਨ ਅਤੇ ਇਸ ਦੀ ਸਪਲਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਕੈਬਨਿਟ ਨੇ ਪੰਜਾਬ ਕਰੱਸ਼ਰ ਨੀਤੀ 2023 ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਨੀਤੀ ਤਹਿਤ ਕਰੱਸ਼ਰ ਯੂਨਿਟਾਂ ਦੀਆਂ ਦੋ ਮੁੱਖ ਸ਼?ਰੇਣੀਆਂ ਕਮਰਸ਼ੀਅਲ ਕਰੱਸ਼ਰ ਯੂਨਿਟ (ਸੀ.ਸੀ.ਯੂ.) ਅਤੇ ਪਬਲਿਕ ਕਰੱਸ਼ਰ ਯੂਨਿਟ (ਪੀ.ਸੀ.ਯੂ.) ਹੋਣਗੀਆਂ। ਸਕਰੀਨਿੰਗ-ਕਮ-ਵਾਸ਼ਿੰਗ ਪਲਾਂਟ ਵੀ ਕਰੱਸ਼ਰ ਯੂਨਿਟ ਦੀ ਸ਼ੇ?ਰਣੀ ਵਿੱਚ ਆਉਣਗੇ। ਪਬਲਿਕ ਕਰੱਸ਼ਰ ਯੂਨਿਟ (ਪੀ.ਸੀ.ਯੂ.) ਇਕ ਰਜਿਸਟਰਡ ਕਰੱਸ਼ਰ ਯੂਨਿਟ ਹੋਵੇਗਾ, ਜੋ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਉਰਮੈਂਟ ਐਕਟ ਤਹਿਤ ਨਿਰਧਾਰਤ ਇਕ ਟਰਾਂਸਪੇਰੈਂਸੀ ਈ-ਟੈਂਡਰਿੰਗ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ ਅਤੇ ਕਰੱਸ਼ਰ ਯੂਨਿਟ ਵੱਲੋਂ ਦਰਸਾਏ ਘੱਟੋ-ਘੱਟ ਖਣਿਜ ਮੁੱਲ (ਲੋਡਿੰਗ ਖ਼ਰਚਿਆਂ ਸਮੇਤ ਅਤੇ ਕਰੱਸ਼ਰ ਵਿਕਰੀ ਮੁੱਲ ਤੋਂ ਵੱਧ ਨਹੀਂ) ਉਤੇ ਆਧਾਰਤ ਹੋਵੇਗਾ।ਸਰਕਾਰ ਸਮੇਂ-ਸਮੇਂ ਉਤੇ ਕਰੱਸ਼ਰ ਵਿਕਰੀ ਮੁੱਲ (ਸੀ.ਐਸ.ਪੀ.) ਨਿਰਧਾਰਤ ਕਰੇਗੀ ਅਤੇ ਕੋਈ ਵੀ ਕਰੱਸ਼ਰ ਯੂਨਿਟ ਇਸ ਤੋਂ ਵੱਧ ਮੁੱਲ ਉਤੇ ਖਣਿਜ ਦੀ ਵਿਕਰੀ ਨਹੀਂ ਕਰੇਗਾ। ਸੀ.ਐਸ.ਪੀ. ਵਿੱਚ ਖਣਿਜ ਲਾਗਤ, ਮਾਈਨਿੰਗ ਸਾਈਟ ਤੋਂ ਕਰੱਸ਼ਰ ਯੂਨਿਟ ਤੱਕ ਢੋਆ-ਢੁਆਈ, ਪ੍ਰਾਸੈਸਿੰਗ ਖ਼ਰਚੇ ਤੇ ਮੁਨਾਫ਼ੇ ਅਤੇ ਆਵਾਜਾਈ ਵਾਹਨਾਂ ਦੀ ਕਿਸੇ ਵੀ ਮਨਜ਼ੂਰ ਸ਼?ਰੇਣੀ ਵਿੱਚ ਖਣਿਜ ਦੀ ਲੋਡਿੰਗ ਸ਼ਾਮਲ ਹੋਵੇਗੀ। ਮਾਈਨਜ਼ ਤੇ ਜਿਆਲੋਜੀ ਵਿਭਾਗ ਵੱਲੋਂ ਕਰੱਸ਼ਰ ਯੂਨਿਟ ਨੂੰ ਰਜਿਸਟਰ ਕਰਨ ਲਈ ਆਨਲਾਈਨ ਪੋਰਟਲ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ।ਕਰੱਸ਼ਰ ਮਾਲਕ ਵਿਭਾਗ ਵੱਲੋਂ ਤਿਆਰ ਕੀਤੇ ਆਨਲਾਈਨ ਪੋਰਟਲ ਰਾਹੀਂ ਆਪਣੇ ਯੂਨਿਟਾਂ ਨੂੰ ਖ਼ੁਦ ਰਜਿਸਟਰ ਕਰਨਗੇ ਅਤੇ ਜੇ ਕੋਈ ਕਰੱਸ਼ਰ ਮਾਲਕ ਚਾਹੇਗਾ ਤਾਂ ਉਹ ਪੰਜਾਬ ਰਾਜ ਮਾਈਨਰ ਮਿਨਰਲ ਨੀਤੀ 2023 ਤਹਿਤ ਵਪਾਰਕ ਮਾਈਨਿੰਗ ਯੂਨਿਟਾਂ ਲਈ ਬੋਲੀ ਵਿੱਚ ਹਿੱਸਾ ਲੈ ਸਕਦਾ ਹੈ। ਇਸ ਨੀਤੀ ਦਾ ਮੁੱਢਲਾ ਉਦੇਸ਼ ਸਰਕਾਰ ਵੱਲੋਂ ਢੁਕਵੀਂ ਮਾਰਕੀਟਿੰਗ ਦਖ਼ਲਅੰਦਾਜ਼ੀ ਜ਼ਰੀਏ ਖਪਤਕਾਰਾਂ ਨੂੰ ਵਾਜਬ ਦਰਾਂ ਉਤੇ ਰੇਤਾ ਤੇ ਬਜਰੀ ਮੁਹੱਈਆ ਕਰਨ ਅਤੇ ਇਸ ਦੀ ਸਪਲਾਈ ਨੂੰ ਸੁਚਾਰੂ ਬਣਾਈ ਰੱਖਣਾ ਹੈ।

ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਵਿੱਚ ਸੋਧਾਂ ਦੀ ਇਜਾਜ਼ਤ
ਪੰਜਾਬ ਮੰਤਰੀ ਮੰਡਲ ਨੇ ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਅਤੇ ਸੂਬੇ ਵਿੱਚ ਮਾਈਨਰ ਮਿਨਰਲਜ਼ ਦੀ ਸਪਲਾਈ ਵਧਾਉਣ ਲਈ ਪੰਜਾਬ ਮਾਈਨਰ ਮਿਨਰਲਜ਼ ਰੂਲਜ਼, 2013 ਵਿੱਚ ਸੋਧਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਸੂਬਾ ਸਰਕਾਰ ਨੇ ਇਸ ਸਾਲ 13 ਮਾਰਚ ਨੂੰ ਪੰਜਾਬ ਮਾਈਨਰ ਮਿਨਰਲ ਨੀਤੀ, 2023 ਅਧਿਸੂਚਿਤ ਕੀਤੀ ਸੀ। ਇਸ ਨੀਤੀ ਦੇ ਉਪਬੰਧਾਂ ਕਾਰਨ ਰਿਆਇਤੀ ਠੇਕੇ ਤੇ ਜਨਤਕ ਮਾਈਨਿੰਗ ਸਾਈਟਾਂ ਦੀ ਵੰਡ ਲਈ ਮੌਜੂਦਾ ਨਿਯਮਾਂ ਵਿੱਚ ਕੁੱਝ ਸੋਧਾਂ ਦੀ ਲੋੜ ਸੀ। ਇਹ ਸੋਧਾਂ ਸਾਲਾਨਾ ਰਿਆਇਤ ਰਾਸ਼ੀ ਦੀਆਂ ਕਿਸ਼ਤਾਂ, ਜਨਤਕ ਮਾਈਨਿੰਗ ਸਾਈਟਾਂ, ਮਾਈਨਿੰਗ ਸਾਈਟਾਂ ਲਈ ਰਿਆਇਤ ਦੀ ਸਪੁਰਦਗੀ ਦੇ ਨਿਯਮਾਂ ਤੇ ਸ਼ਰਤਾਂ ਅਤੇ ਪੰਜਾਬ ਮਾਈਨਰ ਮਿਨਰਲਜ਼ ਰੂਲਜ਼, 2013 ਵਿੱਚ ਐਗਰੀਮੈਂਟ ਫਾਰਮ ਐਲ-1 ਨਾਲ ਸਬੰਧਤ ਹਨ।

ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਵਿਚ ਦਾਨੀ ਸੱਜਣਾਂ ਵੱਲੋਂ ਪੱਖੇ ਅਤੇ ਵਰਦੀਆਂ ਦਾਨ

0

ਸੁਖਜਿੰਦਰ ਮਾਨ
ਬਠਿੰਡਾ, 29 ਜੁਲਾਈ : ਸਹਿਰ ਦੇ ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਵਿਖੇ ਅੱਜ ਸਾਦਾ ਸਮਾਗਮ ਕਰਕੇ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਰਦੀਆ ਅਤੇ ਬੱਚਿਆਂ ਲਈ ਅੱਤ ਦੀ ਗਰਮੀ ਤੋਂ ਬਚਾਉਣ ਲਈ ਪੱਖੇ ਦਾਨ ਕੀਤੇ ਗਏ। ਸਕੂਲ ਵਿਚ ਇਸ ਸਾਦੇ ਸਮਾਗਮ ਵਿੱਚ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਵਿਚ ਵਿੱਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸ਼ਤੀਸ਼ ਜਿੰਦਲ ਐਸ.ਐਮ.ਓ. ਨੇ ਸਕੂਲ ਦੀ ਲੋੜ ਨੂੰ ਮੁੱਖ ਰੱਖਦਿਆਂ 6 ਛੱਤ ਵਾਲੇ ਪੱਖੇ ਦਾਨ ਦਿੱਤੇ। ਉਨ੍ਹਾਂ ਵਿਦਿਆਰਥੀਆਂ ਨੂੰ ਤੰਦਰੁਸਤ ਸਿਹਤ ਦੇ ਟਿਪਸ ਦਿੱਤੇ। ਸਮਾਗਮ ਦੌਰਾਨ ਦਾਨੀ ਸੱਜਣ ਚੱਕਰਵਰਤੀ ਗੋਇਲ ਅਤੇ ਰਵਿੰਦਰ ਸਿੰਘ ਸੇਠੀ ਵਲੋਂ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਦਿੱਤੀਆਂ। ਮੁੱਖ ਮਹਿਮਾਨ ਐਮ. ਐਲ. ਏ. ਜਗਰੂਪ ਸਿੰਘ ਗਿੱਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਅਤੇ ਨਸ਼ਿਆਂ ਨੂੰ ਸਮਾਜ ਵਿੱਚੋਂ ਜੜੋਂ ਉਖੇੜਨ ਲਈ ਸੁਨੇਹਾ ਦਿੱਤਾ। ਉਨ੍ਹਾਂ ਡਾਕਟਰ ਸ਼ਤੀਸ਼ ਜਿੰਦਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਅਜਿਹੀ ਸਖਸ਼ੀਅਤ ਜੋ ਆਪਣੀ ਨੇਕ ਕਮਾਈ ਵਿਚੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਹਰ ਸਾਲ ਦਾਨ ਦਿੰਦੇ ਹਨ ਸਮਾਜ ਲਈ ਇੱਕ ਆਦਰਸ਼ ਹਨ । ੳਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਗੁਰੂ ਨਾਨਕਪੁਰਾ ਸਕੂਲ ਲਈ ਇਸ ਇਲਾਕੇ ਵਿੱਚ ਯੋਗ ਥਾਂ ਲੱਭ ਕੇ, ਸਕੂਲ ਦੀ ਇਮਾਰਤ ੳਸਰੀ ਜਾ ਸਕੇ। ਸਮਾਗਮ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਪੂਜਾ ਰਾਣੀ ਨੇ ਦਾਨੀ ਸੱਜਣਾ ਅਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਦਾ ਪੂਰਾ ਸਟਾਫ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਿਹਾ ਹੈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਲਜਿੰਦਰ ਸਿੰਘ ਸ.ਸ. ਮਾਸਟਰ ਨੇ ਨਿਭਾਈ। ਇਸ ਮੌਕੇ ਸਮਾਜ ਸੇਵੀ ਜਗਦੀਸ਼ ਸਿੰਘ ਅਤੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੇ ਵੀ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬਲਜਿੰਦਰ ਸਿੰਘ ਪੀ.ਟੀ.ਆਈ.,ਵੀਰਪਾਲ ਕੌਰ, ਜਸਮੀਤ ਕੌਰ, ਹਰਪ੍ਰੀਤ ਕੌਰ , ਰਜਨੀ ਗੁਪਤਾ ਸਾਰੇ ਅਧਿਆਪਕਾਂ ਤੋਂ ਇਲਾਵਾ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਪ੍ਰੀਤੀ, ਸਿੱਖਿਆ ਸਲਾਹਕਾਰ ਗੋਬਿੰਦ ਲਾਲ ਅਤੇ ਸਮਾਜ ਸੇਵੀ ਵਿਜੇ ਭੱਟ, ਪ੍ਰੀਤਮ ਸਿੰਘ, ਜਗਜੀਤ ਸਿੰਘ ,ਗੁਰਮੀਤ ਸਿੰਘ ਸਿੱਧੂ, ਸ਼ਿਵਰਾਜ ਸਿੰਘ ਅਤੇ ਬਲਵੀਰ ਸਿੰਘ ਠਾਕਰ ਸ਼ਾਮਲ ਹੋਏ ।

ਆਯੂਸ਼ਮਨ ਕਾਰਡ ਬਣਾਉਣ ਲਈ ਲੋਕਾਂ ਨੂੰ ਜਾਗਰੂੁਕ ਕਰਨ ਵਾਸਤੇ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

0

ਸੁਖਜਿੰਦਰ ਮਾਨ
ਬਠਿੰਡਾ, 29 ਜੁਲਾਈ : ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ, ਜਿਸਨੂੰ ਆਯੂਸ਼ਮਨ ਕਾਰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਤਹਿਤ ਲੋਕਾਂ ਨੂੰ ਲਾਭ ਦੇਣ ਤੇ ਜਾਗਰੂਕ ਕਰਨ ਲਈ ਅੱਜ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਜਾਗਰੂਕਤਾ ਵੈਨ ਨੂੰ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਸਿੰਗਲਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜ਼ਿਲ੍ਹੇ ਅੰਦਰ ਮਹੀਨਾ ਭਰ ਰਹੇਗੀ।ਇਸ ਵੈਨ ਅਧੀਨ ਹਰ ਦਿਨ ਵਿਚ 2 ਪਿੰਡਾਂ ਵਿਚ ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣਗੇ ਅਤੇ 4 ਪਿੰਡਾਂ ਵਿਚ ਜਾਗਰੂਕਤਾ ਕੀਤੀ ਜਾਵੇਗੀ।ਇਸ ਮੌਕੇ ਡਾ ਮੀਨੂ,ਨਰਿੰਦਰ ਕੁਮਾਰ ਸਿੰਗਲਾ ਜਿਲ੍ਹਾ ਕੋਰਾਡੀਨੇਟਰ ਬੀ ਸੀ ਸੀ, ਗਗਨਦੀਪ ਸਿੰਘ ਭੁੱਲਰ ਬੀ ਈ ਈ, ਸੌਰਭ ਗਰਗ ਆਯੂਸਮਾਨ ਭਾਰਤ ਜਿਲ੍ਹਾ ਮੈਨੇਜਰ, ਤਰਸੇਮ ਬਰਾੜ ਸੀ ਐਸ ਸੀ ,ਰਜੇਸ ਗੋਲਿਆਨ ਐਸ ਏ ਹਾਜ਼ਰ ਸਨ।ਇਸ ਮੌਕੇ ਉਹਨਾਂ ਪਿੰਡ ਦੇ ਸਰਪੰਚਾਂ ਅਤੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਇਨ੍ਹਾਂ ਟੀਮਾਂ ਦਾ ਸਾਥ ਦੇਣ ਅਤੇ ਆਪਣੇ ਪਿੰਡ ਦੇ ਲਾਭਪਾਤੀਆਂ ਦੇ ਵੱਧ ਤੋਂ ਵੱਧ ਕਾਰਡ ਬਣਵਾਉਣ।

ਸਿਲਵਰ ਓਕਸ ਸਕੂਲ ਵਿੱਚ ਲਗਾਈ ਸਾਇੰਸ ਟੈਕਨੋਲਜੀ ਅਤੇ ਭਾਸ਼ਾ ਸੰਬੰਧੀ ਪ੍ਰਦਰਸ਼ਨੀ

0

ਸੁਖਜਿੰਦਰ ਮਾਨ
ਬਠਿੰਡਾ, 29 ਜੁਲਾਈ : ਸਿਲਵਰ ਓਕਸ ਸੀਨੀਅਰ ਸੈਕੰਡਰੀ ਸਕੂਲ ਸੁਸ਼ਾਂਤ ਸਿਟੀ-2 ਅਤੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ‘ਐਕਸਪ੍ਰੈਸ਼ਨ ਐਂਡ ਕ੍ਰਿਏਸ਼ਨ- ਸਟੀਮਫੇਅਰ’ ਅਤੇ ‘ਪਲੇਥੋਰਾ’ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਨੇ ਵਿਦਿਆਰਥੀਆਂ ਵਿੱਚ ਨਵੀਨਤਾਕਾਰੀ ਸੋਚ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕੀਤਾ।ਇਸ ਸ਼ਾਨਦਾਰ ਮੇਲੇ ਦੀ ਮੇਜ਼ਬਾਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਦਿਮਾਗ਼ਾਂ ਵਿੱਚ ਰੁਚੀ, ਅਨੰਦ, ਸੰਤੁਸ਼ਟੀ ਅਤੇ ਉਹਨਾਂ ਦੇ ਕੰਮ ਵਿੱਚ ਚੁਣੌਤੀਆਂ ਨੂੰ ਪਾਰ ਕਰਨ ਦੇ ਰੋਮਾਂਚ ਦੁਆਰਾ ਉਹਨਾਂ ਨੂੰ ਅੰਦਰੂਨੀ ਪ੍ਰੇਰਨਾ ਦੇਣਾ ਸੀ। ਪ੍ਰਦਰਸ਼ਨੀ ਦਾ ਉਦਘਾਟਨ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਵਲੋਂ ਮਹਿਮਾਨਾਂ ਦੇ ਨਾਲ ਚੰਦ੍ਰਯਾਨ-3 ਨੂੰ ਸਮਰਪਿਤ ਰਾਕੇਟ ਦੇ ਨਾਲ ਗੁਬਾਰੇ ਛੱਡੇ।ਪ੍ਰਦਰਸ਼ਨੀ ਵਿੱਚ ਵਿਗਿਆਨਕ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਅਣੂ ਦੇ ਮਾਡਲ, ਪੁਲਾੜ ਖੋਜ, ਪੌਦਿਆਂ ਦੀ ਬਣਤਰ, ਧੁਨੀ ਪ੍ਰਸਾਰਅਤੇ ਮਨੁੱਖੀ ਸਰੀਰ ਵਿੱਚ ਵੱਖ-ਵੱਖ ਪ੍ਰਣਾਲੀਆਂ ਦੀਆਂ ਪੇਚੀਦਗੀਆਂ ਸ਼ਾਮਲ ਹਨ। ਇਸ ਮੇਲੇ ਨੇ ਪੌਣ ਅਤੇਸੂਰਜੀ ਊਰਜਾ ਦੇ ਨਾਲ-ਨਾਲ, ਮਾਨਸੂਨ ਉੱਤੇ ਨਿਰਭਰ ਖੇਤੀ ਪ੍ਰਣਾਲੀਆਂ ਦੀ ਵਰਤੋਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪ੍ਰਭਾਵਸ਼ਾਲੀ ਕਾਰਜਸ਼ੀਲ ਮਾਡਲਾਂ ਦੇ ਨਾਲ ਟਿਕਾਊ ਅਭਿਆਸਾਂ ’ਤੇ ਵੀ ਜ਼ੋਰ ਦਿੱਤਾ।

ਡੈਫ ਓਲੰਪਿਕ ਬੈਡਮਿੰਟਨ ‘ਚੋਂ ਸੋਨ ਤਮਗਾ ਜਿੱਤਣ ਵਾਲੀ ਸ਼੍ਰੇਆ ਸਿੰਗਲਾ ਦਾ ਬਠਿੰਡਾ ਪਹੁੰਚਣ ’ਤੇ ਕੀਤਾ ਭਰਵਾਂ ਸਵਾਗਤ

0

ਸੁਖਜਿੰਦਰ ਮਾਨ
ਬਠਿੰਡਾ, 29 ਜੁਲਾਈ : ਪਹਿਲਾਂ ਹੀ ਖੇਡਾਂ ਤੇ ਸਿੱਖਿਆਂ ਦੇ ਖੇਤਰ ’ਚ ਨਵੀਆਂ ਬੁਲੰਦੀਆਂ ਨੂੰ ਛੂਹ ਕੇ ਬਠਿੰਡਾ ਦਾ ਨਾਮ ਰੋਸ਼ਨ ਕਰਨ ਵਾਲੀ ਸ਼੍ਰੇਆ ਸਿੰਗਲਾ ਨੇ ਹੁਣ ਮੁਨ ਪੂਰੀ ਦੁਨੀਆਂ ’ਚ ਬਠਿੰਡਾ ਦਾ ਨਾਮ ਚਮਕਾਇਆ ਹੈ। ਬ੍ਰਾਜ਼ੀਲ ’ਚ 10 ਜੁਲਾਈ ਤੋਂ 25 ਜੁਲਾਈ 2023 ਤੱਕ 6ਵੀਂ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ ਟੀਮ ਈਵੈਂਟ ਵਿੱਚ ਡੈਫ ਯੂਥ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਮੁੜ ਸੋਨ ਤਮਗਾ ਜਿੱਤਿਆ ਹੈ। ਤੀਸਰੀ ਵਾਰ ਸੋਨ ਤਮਗਾ ਜਿੱਤਣ ਵਾਲੀ ਬਠਿੰਡਾ ਦੀ ਇਸ ਧੀ ਸ਼੍ਰੇਆ ਸਿੰਗਲਾ ਦਾ ਇੱਥੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸ਼੍ਰੇਆ ਸਿੰਗਲਾ ਨੇ ਇੱਕ ਕਾਂਸੀ, ਲੜਕੀਆਂ ਦੇ ਡਬਲ ਵਿੱਚ ਇੱਕ ਕਾਂਸੀ ਤੇ ਮਿਕਸਡ ਡਬਲ ਵਿੱਚ ਇੱਕ ਚਾਂਦੀ ਦਾ ਤਮਗਾ ਜਿੱਤਿਆ। ਬਠਿੰਡਾ ਪੁੱਜਣ ’ਤੇ ਰੇਲਵੇ ਸਟੇਸ਼ਨ ਤੋਂ ਸ਼ਹਿਰ ਵਾਸੀਆਂ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦੀ ਅਗਵਾਈ ਹੇਠ ਉਸਦੇ ਸਕੂਲ ਐਮ.ਐਸ.ਡੀ ਤੱਕ ਢੋਲ-ਢਮੱਕੇ ਨਾਲ ਲਿਆਂਦਾ ਗਿਆ। ਇਸ ਦੌਰਾਨ ਸਕੂਲ ਕਮੇਟੀ ਦੇ ਚੇਅਰਮੈਨ ਰਾਜਨ ਗਰਗ ਅਤੇ ਸਕੂਲ ਪ੍ਰਿੰਸੀਪਲ ਆਦਿ ਸਟਾਫ਼ ਵਲੋਂ ਸਵਾਗਤ ਕੀਤਾ ਗਿਆ। ਇਸਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਅਤੇ ਪੰਜਾਬ ਸਟੇਟ ਟਰੇਡਰਜ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕਰ ਨੇ ਸ਼੍ਰੇਆ ਸਿੰਗਲਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਅੱਗੇ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਖਿਡਾਰਣ ਸ਼੍ਰੇਆ ਸਿੰਗਲਾ ਦੇ ਸਮੂਹ ਪਰਿਵਾਰ ਤੋਂ ਇਲਾਵਾ ਹੋਰ ਖੇਡ ਪ੍ਰੇਮੀ ਆਦਿ ਹਾਜ਼ਰ ਸਨ।

ਨੈਕ ਏ ++ ਗ੍ਰੇਡ ਨੇ ਗੁਰੂ ਕਾਂਸੀ ਯੂਨੀਵਰਸਿਟੀ ਵਿਖੇ ਅਕਾਦਮਿਕ ਉੱਤਮਤਾ, ਦੂਰੀ ਸਿੱਖਿਆਅਤੇ ਹੁਨਰ ਵਿਕਾਸ ਦੇ ਨਵੇਂ ਰਾਹ ਖੋਲ੍ਹੇ: ਗੁਰਲਾਭ ਸਿੰਘ

0

ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਗੁਰੂ ਕਾਸ਼ੀ ਯੂਨੀਵਰਸਿਟੀ ਨੈਕ ਦੇ ਏ++ ਗਰੇਡ ਮਿਲਣ ਤੋਂ ਬਾਅਦ ਹੁਣ ਦੇਸ਼ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੋ ਗਈ ਹੈ। ਅੱਜ ਇਸ ਸਬੰਧ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਯੂਨੀਵਿਰਸਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਨੈਕ ਭਾਰਤੀ ਖੇਤਰੀ ਖੋਜ ਸੰਸਥਾ ਅਤੇ ਪੰਜਾਬ ਰਾਜ ਖੇਤੀ ਸਿੱਖਿਆ ਕੌਂਸਲ ਵੱਲੋਂ ਹੋਈ ਯੂਨੀਵਰਸਿਟੀ ਦੀ ਐਕਰੀਡੀਟੇਸ਼ਨ ਇਹ ਗੱਲ ਜਾਹਿਰ ਕਰਦੀ ਹੈ ਕਿ ਇਸਨੇ ਅਕਾਦਮਿਕ, ਖੋਜ, ਖੇਡਾਂ ਅਤੇ ਹੋਰਨਾਂ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਸਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਸਹੂਲਤਾਂ ਮਿਆਰੀ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਜੀ.ਕੇ.ਯੂ. ਦੇ ਏ++ ਨੈਕ ਦਰਜਾ ਹਾਸਿਲ ਹੋਣ ਨਾਲ ਇਹ ਯੂ.ਜੀ.ਸੀ.ਦੀਆਂ ਨੰਬਰ 1 ਸ਼੍ਰੇਣੀ ਵਾਲੀਆਂ ਯੂਨੀਵਰਸਿਟੀਆਂ ਦੀ ਲੜੀ ਵਿੱਚ ਸ਼ਾਮਿਲ ਹੋਣ ਦੇ ਯੋਗ ਹੋ ਗਈ ਹੈ ਅਤੇ 12 ਬੀ ਸਟੇਟਸ ਨਾਲ ਇਸਨੂੰ ਖੋਜ ਕਾਰਜਾਂ ਵਾਸਤੇ ਹੋਰਨਾਂ ਏਜੰਸੀਆਂ ਵੱਲੋਂ ਫੰਡ ਮੁਹੱਈਆ ਹੋ ਸਕਣਗੇ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨਾਲ ਸੁਹਿਰਦ ਰਾਬਤਾ ਬਣਾ ਕੇ ਉਨ੍ਹਾਂ ਨੂੰ ਲੋੜੀਂਦੀ ਖੇਤੀਬਾੜੀ ਅਤੇ ਤਕਨੀਕੀ ਜਾਣਕਾਰੀ ਮੁਹੱਈਆ ਕਰਦੀ ਹੈ। ਜਿਸ ਲਈ ਯੂਨੀਵਰਸਿਟੀ ਕੈਂਪਸ ਵਿਖੇ ਸਥਾਪਿਤ ਕਮਿਉਨਿਟੀ ਰੇਡਿਓ ਸਟੇਸ਼ਨ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਦੂਰੀ ਸਿੱਖਿਆ ਨਿਰਦੇਸ਼ਕ ਡਾ. ਅਸ਼ਵਨੀ ਸੇਠੀ ਨੇ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਦੂਰੀ ਸਿੱਖਿਆ ਅਧੀਨ ਚਲਾਏ ਆਰਟਸ, ਕਾਮਰਸ, ਕੰਪਿਊਟਰ ਐਪਲੀਕੇਸ਼ਨ ਅਤੇ ਮੈਨੇਜਮੈਂਟ ਵਿਸ਼ਿਆ ਤੇ ਕੋਰਸਾਂ ਬਾਰੇ ਚਾਨਣਾ ਪਾਇਆ। ਇਨ੍ਹਾਂ ਕੋਰਸਾਂ ਤੋਂ ਦੂਰ-ਦੁਰਾਡੇ ਵਿਦਿਆਰਥੀਆਂ, ਜਿਹੜੇ ਕਿਸੇ ਵਜ੍ਹਾ ਕਰਕੇ ਰੈਗੁਲਰ ਦਾਖਲੇ ਨਹੀਂ ਲੈ ਸਕਦੇ, ਨੂੰ ਵਡੇਰਾ ਲਾਭ ਹੋਵੇਗਾ। ਚਲੰਤ ਸੈਸ਼ਨ 2023-24 ਦੌਰਾਨ ਯੂਨੀਵਰਸਿਟੀ ਵੱਲੋਂ ਇਨ੍ਹਾਂ ਕੋਰਸਾਂ ਦੇ ਨਾਲ ਵਿਦਿਆਰਥੀਆਂ ਦੇ ਹੁਨਰ ਵਿਕਾਸ ਵੱਲ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸਕੂਲੀ ਅਧਿਆਪਕਾਂ ਅਤੇ ਕੰਮ-ਧੰਦਾ ਕਰ ਰਹੇ ਹੋਰਨਾਂ ਲੋਕਾਂ ਨੂੰ ਆਪਣੀ ਵਿਦਿਅਕ ਯੋਗਤਾ ਵਧਾਉਣ ਵਿੱਚ ਮੱਦਦ ਮਿਲੇਗੀ। ਮੀਡਿਆ ਕਰਮੀਆਂ ਨਾਲ ਗੱਲਬਾਤ ਦੌਰਾਨ ਸੁਖਰਾਜ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਨੇ ਆਰਥਿਕ ਅਤੇ ਸਮਾਜਿਕ ਤੌਰ ਤੇ ਪਿਛੜੇ ਵਿਦਿਆਰਥੀਆਂ ਲਈ ਚਾਂਸਲਰ ਵਜ਼ੀਫੇ ਬਾਰੇ ਵੀ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਸਰਕਾਰੀ ਸਕੀਮਾਂ ਅਧੀਨ ਉਪਲੱਬਧ ਵਜੀਫ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ। ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਦੇਸ਼ ਦੇ ਪ੍ਰਮੁੱਖ ਅਦਾਰਿਆਂ, ਜਿਵੇਂ ਕਿ 9SRO, 3S9R, 4S“, 42“, N121R4, 93SSR, 931R, PRS ਵਰਗੀਆਂ ਵੱਖਰੀਆਂ ਸੰਸਥਾਵਾਂ ਨਾਲ ਅਹਿਦਨਾਮੇ ਸਹੀ ਕਰਨ ਦੀ ਯੋਜਨਾ ਹੈ। ਉਨ੍ਹਾਂ ਦਸਿਆ ਕਿ ਵਿਦੇਸ਼ਾਂ ਵਿੱਚ ਵੀ ਯੂਨੀਵਰਸਿਟੀ ਵੱਲੋਂ ਪ੍ਰੋਗਰਾਮ ਚਲਾਉਣ ਦੀ ਵਿਉਂਤ ਹੈ।