ਗੁਲਾਬੀ ਸੁੰਡੀ ਦਾ ਲਿਆ ਜਾਇਜ਼ਾ, ਕਿਸਾਨਾਂ ਨੂੰ ਖੇਤੀ ਮਾਹਰਾਂ ਦੇ ਮਸਵਰੇ ਨੂੰ ਮੰਨਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 29 ਜੂਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ.ਸਤਬੀਰ ਸਿੰਘ ਗੋਸਲ ਵਲੋਂ ਅੱਜ ਬਠਿੰਡਾ ਅਤੇ ਮਾਨਸਾ ਜਿਲਿਆਂ ਵਿਚ ਨਰਮਾ ਪੱਟੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਰਮਾ ਕਾਸ਼ਤਕਾਰਾਂ ਨੂੰ ਨਰਮੇ ਦੀ ਸਾਂਭ ਸੰਭਾਲ ਅਤੇ ਕੀੜੇ ਮਕੌੜਿਆਂ ਤੋਂ ਬਚਾਅ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ। ਉਪ ਕੁਲਪਤੀ ਦੀ ਅਗਵਾਈ ਹੇਠ ਖੇਤੀ ਮਾਹਰਾਂ ਦੀ ਟੀਮ ਵਲੋਂ ਤਲਵੰਡੀ ਬਲਾਕ ਦੇ ਪਿੰਡ-ਜਗਾ ਰਾਮ ਤੀਰਥ, ਨਗਲਾ, ਸਿੰਗੋ, ਲਹਿਰੀ, ਬਹਿਮਣ ਕੌਰ ਸਿੰਘ ਅਤੇ ਮਾਨਸਾ ਦੇ ਝੁਨੀਰ ਬਲਾਕ ਦੇ ਸੀਹਨੀਵਾਲ, ਬੁਰਜ ਭਲਾਈ ਕੇ, ਡੇਲਿਆਂਵਾਲੀ ਆਦਿ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਡਾ ਗੋਸਲ ਨੇ ਦੱਸਿਆ ਕਿ ਇਸ ਸਮੇ ਨਰਮੇ ਉਪਰ ਰਸ ਚੂਸਣ ਵਾਲੇ ਕੀੜੇ ਜਿਵੇ ਤੇਲਾ,ਚੇਪਾ,ਚਿਟਾ ਮੱਛਰ ਆਦਿ ਦਾ ਹਮਲਾ ਨਹੀ ਹੈ ਜਦਕਿ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਪਰ ਇਸਨੂੰ ਕੀਟਨਾਸ਼ਕਾਂ ਨਾਲ ਕਾਬੂ ਕੀਤਾ ਜਾ ਸਕਦਾ ਹੈ।ਉਨਾਂ ਨੇ ਕਿਸਾਨਾਂ ਨੂੰ ਫਸਲ ਲਈ ਲੋੜ ਅਨੁਸਾਰ ਅਤੇ ਸ਼ਿਫਾਰਸ਼ਸੁਦਾ ਖੇਤੀ ਰਸਾਇਣ ਹੀ ਵਰਤਣ ਦੀ ਸਲਾਹ ਦਿੱਤੀ । ਮਾਹਿਰਾਂ ਦੀ ਟੀਮ ਨੇ ਨੁਕਤਾ ਸਾਂਝਾ ਕੀਤਾ ਕਿ ਅਗੇਤੀ ਬਿਜਾਈ ਖਾਸ ਕਰਕੇ ਸਰੋਂ ਵਾਲੇ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਮੁਕਾਬਲਤਨ ਜਿਆਦਾ ਹੈ ਅਤੇ ਇਹ ਹਮਲਾ 5 ਫੀਸਦ ਤੋਂ ਜਿਆਦਾ ਹੋਣ ਦੀ ਸ਼ੁਰਤ ਵਿੱਚ ਐਮਾਮੈਕਟਿਨ ਬੈਂਜੋੀਏਟ (100 ਗ੍ਰਾਮ) ਜਾਂ ਪ੍ਰਫੈਨੋਫਾਸ (500ਮਿਲੀਲਟਿਰ) ਜਾਂ ਇੰਡੌਕਸਾਕਾਰਬ (200 ਮਿਲੀਲਿਟਰ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।ਮਹਿਰਾਂ ਨੇ ਕਪਾਹ ਮਿਲਾਂ ਦੇ ਆਲੇ ਦੁਆਲੇ ਦੇ ਨਰਮੇ ਵਾਲੇ ਖੇਤਾਂ ਵਿੱਚ ਸਟਿਕਾ/ਡੈਲਟਾ ਟਰੈਪ ਲਗਾਉਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਉਹਨਾਂ ਦੇ ਨਾਲ ਡਾ.ਅਜਮੇਰ ਸਿੰਘ ਢੱਟ ਨਿਰਦੇਸ਼ਕ (ਖੋਜ਼), ਡਾ.ਕਰਮਜੀਤ ਸਿੰਘ ਨਿਰਦੇਸ਼ਕ (ਖੇਤਰੀ ਖੋਜ ਕੇਂਦਰ ਬਠਿੰਡਾ), ਡਾ.ਪਰਮਜੀਤ ਸਿੰਘ ਪ੍ਰਮੁੱਖ ਕਾਟਨ ਬਰੀਡਰ ਅਤੇ ਡਾ ਵਿਜੇ ਕੁਮਾਰ ਪ੍ਰਮੁੱਖ ਕੀਟ ਵਿਗਿਆਨੀ ਅਤੇ ਡਾ.ਪ੍ਰਿਤਪਾਲ ਸਿੰਘ ਜਿਲਾ ਪਸਾਰ ਮਾਹਿਰ (ਐਫ ਏ ਐਸ ਸੀ ਬਠਿੰਡਾ) ਆਧਾਰਿਤ ਖੇਤੀ ਮਾਹਿਰਾਂ ਦੀ ਟੀਮ ਨੇ ਕਿਸਾਨਾਂ ਨੂੰ ਤਕਨੀਕੀ ਨੁਕਤੇ ਦੱਸੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਵਲੋਂ ਨਰਮਾ ਪੱਟੀ ਦਾ ਦੌਰਾ
ਗਲੀ ’ਚ ਗੰਦਾ ਪਾਣੀ ਖੜਣ ਦੇ ਚੱਲਦੇ ਮੁਹੱਲਾ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 29 ਜੂਨ: ਸਥਾਨਕ ਸ਼ਹਿਰ ਦੇ ਵਾਰਡ ਨੰਬਰ 19 ’ਚ ਸਥਿਤ ਸੰਤ ਕਬੀਰ ਦਾਸ ਨਗਰ ਦੀ ਗਲੀ ਨੰਬਰ 1/6 ਵਿਖੇ ਮੁਹੱਲਾ ਨਿਵਾਸੀਆਂ ਵੱਲੋਂ ਗਲੀ ਵਿੱਚ ਪਿੱਛਲੇ 4-5 ਦਿਨਾਂ ਤੋਂ ਖੜੇ ਗੰਦੇ ਪਾਣੀ ਤੋਂ ਦੁਖੀ ਹੋ ਕੇ ਅੱਜ ਜਿਲਾ ਪ੍ਰਸ਼ਾਸਨ ਤੇ ਨਗਰ ਨਿਗਮ ਵਿਰੁਧ ਨਾਅਰੇਬਾਜ਼ੀ ਕੀਤੀ। ਮੁਹੱਲਾ ਵਾਸੀਆਂ ਮੁਤਾਬਕ ਗਲੀ ਨੀਵੀਂ ਹੋਣ ਕਾਰਨ ਲੰਮੇ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ।ਜਿਸ ਕਾਰਣ ਗਲੀ ਵਿੱਚ ਡੇਂਗੂ ਅਤੇ ਮਲੇਰੀਆ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਬੰਧ ਵਿਚ ਜਿਲਾ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਮੁਹੱਲਾ ਵਾਸੀਆਂ ਵਲੋਂ ਕਈ ਵਾਰੀ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰੰਤੂ ਹਾਲੇ ਤੱਕ ਕੋਈ ਕਾਰਵਈ ਨਹੀਂ ਕੀਤੀ ਹੈ। ਮੁਹੱਲਾ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਦੋ ਦਿਨਾਂ ਦੇ ਵਿਚ ਇਸ ਗਲੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਮਜ਼ਬੂਰ ਹੋ ਕੇ ਉਹ ਨਗਰ ਨਿਗਮ ਦੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਤੇ ਅਜੈ ਕੁਮਾਰ ਸਾਂਸੀ,ਰਾਮ ਦਿੱਤਾ ਸਾਂਸੀ,ਰਾਮ ਸਰੂਪ,ਲੁੱਡਣ ਰਾਮ ਸਿੰਗੀਕਾਟ ,ਕਮਲਾ ਦੇਵੀ,ਲੱਛਮੀ ਦੇਵੀ,ਕੁਰੜਾ ਰਾਮ,ਗੋਵਿੰਦਾ ਸਿੰਗੀਕਾਟ,ਪਿੰਕੀ ਦੇਵੀ ਅਤੇ ਹੋਰ ਬਹੁਤ ਸਾਰੇ ਮੁਹੱਲਾ ਨਿਵਾਸੀ ਮੌਜੂਦ ਸਨ।
ਬਠਿੰਡਾ ’ਚ ਮਲੋਟ ਰੋਡ ਉਪਰ ਬਣਨ ਵਾਲੇ ਨਵੇਂ ਬੱਸ ਸਟੈਂਡ ਦੀਆਂ ਤਿਆਰੀਆਂ ਜੋਰਾਂ ’ਤੇ
ਮਾਲ ਵਿਭਾਗ ਨੇ ਬੱਸ ਸਟੈਂਡ ਵਾਲੀ ਜਗ੍ਹਾਂ ਦੀ ਕੀਤੀ ਨਿਸਾਨਦੇਹੀ
ਸੁਖਜਿੰਦਰ ਮਾਨ
ਬਠਿੰਡਾ, 29 ਜੂਨ: ਪਿਛਲੇ ਕਰੀਬ 27 ਸਾਲਾਂ ਤੋਂ ਕਾਗਜ਼ਾਂ ’ਚ ਲਮਕ ਰਹੇ ਬਠਿੰਡਾ ਸ਼ਹਿਰ ਦੇ ਨਵੇਂ ਬੱਸ ਅੱਡੇ ਦੇ ਹੋਂਦ ਵਿਚ ਆਉਣ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਮਲੋਟ ਰੋਡ ’ਤੇ ਬਣਨ ਵਾਲੇ ਇਸ ਬੱਸ ਅੱਡੇ ਲਈ ਪਾਵਰਕਾਮ ਵਲੋਂ ਕਰੀਬ ਸਾਢੇ 16 ਏਕੜ ਜਮੀਨ ਨਗਰ ਸੁਧਾਰ ਟਰੱਸਟ ਨੂੰ ਤਬਦੀਲ ਕੀਤੀ ਜਾ ਰਹੀ ਹੈ। ਜਿਸਦੇ ਲਈ ਅੱਜ ਇਸ ਜਮੀਨ ਦੀ ਨਿਸਾਨਦੇਹੀ ਮਾਲ ਵਿਭਾਗ ਦੇ ਅਧਿਕਾਰੀਆਂ ਵਲੋਂ ਕਰ ਦਿੱਤੀ ਗਈ ਹੈ। ਟਰੱਸਟ ਪਾਵਰਕਾਮ ਨੂੰ ਇਸ ਜਮੀਨ ਦੇ ਬਦਲੇ ਪ੍ਰਤੀ ਏਕੜ ਕਰੀਬ 50 ਲੱਖ ਰੁਪਏ ਦੇ ਹਿਸਾਬ ਨਾ ਰਾਸ਼ੀ ਦੇਵੇਗਾ। ਇਸਤੋਂ ਇਲਾਵਾ ਇੱਥੋਂ ਲੰਘਦੀਆਂ ਤਾਰਾਂ ਤੇ ਖੰਬਿਆਂ ਨੂੰ ਹਟਾਉਣ ਲਈ ਟਰੱਸਟ ਵਲੋਂ ਪਾਵਰਕਾਮ ਨੂੰ ਕਰੀਬ ਅੱਠ ਕਰੋੜ ਦੀ ਰਾਸ਼ੀ ਦਾ ਭੁਗਤਾਨ ਵੀ ਕੀਤਾ ਜਾ ਚੁੱਕਿਆ ਹੈ। ਮਾਲ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਖਸਰਾ ਨੰਬਰ 1728,29,30,31 ਅਤੇ 32 ਦੀ ਅੱਜ ਮਿਣਤੀ ਕੀਤੀ ਗਈ। ਇਸ ਮਿਣਤੀ ਦੌਰਾਨ ਬੱਸ ਅੱਡੇ ਲਈ ਦਿੱਤੀ ਜਾਣ ਵਾਲੀ ਜਮੀਨ ਦੀ ਨਿਸ਼ਾਨਦੇਹੀ ਵੀ ਕਰ ਦਿੱਤੀ ਗਈ। ਇਸ ਮੌਕੇ ਟਰੱਸਟ ਦੇ ਨਾਲ ਨਾਲ ਪਾਵਰਕਾਮ ਦੇ ਅਧਿਕਾਰੀ ਵੀ ਹਾਜ਼ਰ ਰਹੇ। ਜਿਕਰਯੋਗ ਹੈ ਕਿ ਇਸ ਜਗ੍ਹਾਂ ਉਪਰ ਪਹਿਲਾਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਮੌਜੂਦ ਸੀ, ਜਿਸਨੂੰ ਪਿਛਲੀ ਕਾਂਗਰਸ ਸਰਕਾਰ ਦੌਰਾਨ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਪਹਿਲਾਂ ਪਟੇਲ ਨਗਰ ਵਿਚ ਨਗਰ ਸੁਧਾਰ ਟਰੱਸਟ ਦੀ ਸਕੀਮ ’ਚ ਰਾਖਵੀਂ ਜਗ੍ਹਾਂ ਉਪਰ ਬੱਸ ਸਟੈਂਡ ਬਣਾਏ ਜਾਣ ਦੀ ਯੋਜਨਾ ਸੀ, ਜਿਸਦੇ ਲਈ ਪਹਿਲਾਂ 1997 ਵਿਚ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਰਾਮਜੀ ਦਾਸ ਟੰਡਨ ਅਤੇ ਬਾਅਦ ਵਿਚ 2017 ਵਿਚ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਵਲੋਂ ਵੀ ਇਸ ਜਗ੍ਹਾਂ ਉਪਰ ਨੀਂਹ ਪੱਥਰ ਰੱਖਿਆ ਗਿਆ ਸੀ। ਪ੍ਰੰਤੂ ਇਸ ਇਲਾਕੇ ਦੇ ਨਾਲ ਫ਼ੌਜੀ ਛਾਉਣੀ ਲੱਗਦੀ ਹੋਣ ਕਾਰਨ ਹਰ ਵਾਰ ਸੁਰੱਖਿਆ ਦੇ ਮੁੱਦੇ ਨੂੰ ਲੈਕੇ ਸਵਾਲ ਖੜ੍ਹੇ ਹੁੰਦੇ ਰਹੇ ਹਨ, ਜਿਸਦੇ ਕਾਰਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਕਰੀਬ 30 ਸਾਲਾਂ ਤੋਂ ਲਟਕ ਰਹੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਵਾਉਣ ਲਈ ਕਾਫ਼ੀ ਭੱਜਦੋੜ ਕੀਤੀ ਜਾ ਰਹੀ ਹੈ। ਨਵੀਂ ਯੋਜਨਾ ਤਹਿਤ ਹੁਣ ਇਸ ਪ੍ਰੋਜੈਕਟ ਨੂੰ ਪਟੇਲ ਨਗਰ ਤੋਂ ਬਦਲ ਕੇ ਮਲੋਟ ਰੋਡ ਉਪਰ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਪਾਵਰਕਾਮ ਦੀ ਕਾਫ਼ੀ ਜਮੀਨ ਥਰਮਲ ਵਾਲੀ ਖ਼ਾਲੀ ਪਈ ਹੋਈ ਹੈ ਤੇ ਹੋਰ ਵੀ ਕੋਈ ਅੜਚਣ ਨਹੀਂ ਹੈ। ਇਸ ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਨੇ ਦਸਿਆ ਕਿ ਆਉਣ ਵਾਲੇ ਦਿਨਾਂ ‘ਚ ਇਸ ਪ੍ਰੋਜੈਕਟ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ 15 ਅਗੱਸਤ ਤੋਂ ਪਹਿਲਾਂ-ਪਹਿਲਾਂ ਇਸਦਾ ਨੀਂਹ ਪੱਥਰ ਰੱਖ ਕੇ ਕੰਮ ਸੁਰੂ ਕਰਵਾ ਦਿੱਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਣ ਲਈ ਬਠਿੰਡਾ ਦੌਰੇ ਦੌਰਾਨ ਐਲਾਨ ਕਰ ਚੁੱਕੇ ਹਨ, ਜਿਸਦੇ ਚੱਲਦੇ ਹੁਣ ਮਲੋਟ ਰੋਡ ’ਤੇ ਬਣਨ ਵਾਲੇ ਇਸ ਨਵੇਂ ਬੱਸ ਅੱਡੇ ਬਾਰੇ ਕੋਈ ਅੜਚਣ ਬਾਕੀ ਨਹੀਂ ਰਹਿ ਗਈ ਹੈ।
ਬਾਕਸ
ਪੁਰਾਣੇ ਬੱਸ ਸਟੈਂਡ ਨੂੰ ਵੀ ਚਾਲੂ ਰੱਖਿਆ ਜਾਵੇਗਾ: ਜਗਰੂਪ ਗਿੱਲ
ਬਠਿੰਡਾ: ਉਧਰ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪੁਰਾਣੇ ਬੱਸ ਅੱਡੇ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ ਤੇ ਇਸਨੂੰ ਨਵੇਂ ਬੱਸ ਅੱਡੇ ਨਾਲ ਜੋੜਣ ਲਈ ਸ਼ਹਿਰ ਵਿਚ ਸ਼ਟਲ ਬੱਸਾਂ ਚਲਾਈਆਂ ਜਾਣਗੀਆਂ, ਜਿਸਦਾ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਸ਼ਹਿਰ ਵਿਚ ਵਧਦੇ ਟਰੈਫ਼ਿਕ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਨੂੰ ਜਲਦੀ ਹੀ ਨੇਪਰੇ ਚਾੜਿਆ ਜਾਵੇਗਾ।
ਮਾਲਵਾ ਕਾਲਜ ਦੇ ਵਿਦਿਆਰਥੀਆਂ ਦਾ ਬੀ.ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ
ਸੁਖਜਿੰਦਰ ਮਾਨ
ਬਠਿੰਡਾ, 29 ਜੂਨ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਬੀ.ਬੀ.ਏ. ਸਮੈਸਟਰ ਪੰਜਵਾਂ ਦੇ ਨਤੀਜੇ ਵਿਚ ਸਥਾਨਕ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸਨ ਕੀਤਾ ਹੈ। ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 80 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਵਰਖਾ ਨੇ 79 ਪ੍ਰਤੀਸਤ ਨੰਬਰ ਲੈ ਕੇ ਕਾਲਜ ਵਿਚੋਂ ਦੂਜਾ ਸਥਾਨ ਅਤੇ ਟਵਿੰਕਲ ਨੇ 74 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਾਜ ਕੁਮਾਰ ਗੋਇਲ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਭਾਗ ਦੇ ਕਾਰਜਕਾਰੀ ਮੁਖੀ ਮੈਡਮ ਇੰਦਰਪ੍ਰੀਤ ਕੌਰ ਅਤੇ ਸਟਾਫ ਨੂੰ ਵਧਾਈ ਦਿੱਤੀ। ਕਾਲਜ ਮੈਨੇਜਮੈਂਟ ਨੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਸਮਾਰੋਹ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਚਰਨਪ੍ਰੀਤ ਸਿੰਘ ਨਹਿਰੀ ਪਟਵਾਰ ਯੂਨੀਅਨ ਦੇ ਸਰਬਸੰਮਤੀ ਨਾਲ ਚੇਅਰਮੈਨ ਨਿਯੁਕਤ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ: ਨਹਿਰੀ ਪਟਵਾਰ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਦੀ ਸਹਿਮਤੀ ਨਾਲ ਚਰਨਪ੍ਰੀਤ ਸਿੰਘ ਜਿਲੇਦਾਰ ਨੂੰ ਯੂਨੀਅਨ ਦਾ ਸੂਬਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਦੱਸਿਆਂ ਕਿ ਇਹ ਚੇਅਰਮੈਨ ਦਾ ਅਹੁਦਾ ਯੂਨੀਅਨ ਦੇ ਸਾਥੀ ਸੁਭਾਸ਼ ਚੰਦਰ ਮੋਦਗਿੱਲ ਦੇ 28 ਫਰਵਰੀ ਨੂੰ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋਣ ਉਪਰੰਤ ਇਹ ਅਹੁੱਦਾ ਖਾਲੀ ਪਿਆ ਸੀ।ਜਿਸ ਤੇ ਸੂਬਾਈ ਕਮੇਟੀ ਵੱਲੋਂ ਲੰਮਾ ਸਮਾਂ ਵਿਚਾਰ ਚਰਚਾ ਕਰਨ ਉਪਰੰਤ ਯੂਨੀਅਨ ਦੇ ਸੰਘਰਸ਼ੀ ਯੋਧੇ ਅਤੇ ਯੂਨੀਅਨ ਵਿਚ ਲੰਮੇ ਸਮੇਂ ਤੋਂ ਜਮਾਤ ਦੀ ਬਿਹਤਰੀ ਲਈ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਜਿਲੇਦਾਰ ਚਰਨਪ੍ਰੀਤ ਸਿੰਘ ਨੂੰ ਇਸ ਸੂਬਾ ਚੇਅਰਮੈਨ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ।
ਬਿਜਲੀ ਕੱਟਾਂ ਅਤੇ ਵਿਗੜ ਰਹੇ ਅਮਨ ਕਾਨੂੰਨ ਦੇ ਹਲਾਤ ਵੱਲ ਧਿਆਨ ਦੇਵੇ ਪ੍ਰਸ਼ਾਸਨ, ਨਹੀਂ ਕਰਾਂਗੇ ਪ੍ਰਦਰਸ਼ਨ: ਰਾਜਨ ਗਰਗ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਨੇ ਸ਼ਹਿਰ ਵਿਚ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਅਤੇ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਤਾਂ ਕਾਂਗਰਸ ਪਾਰਟੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ਅਤੇ ਅਫ਼ਸਰਾਂ ਦੇ ਘਰਾਂ, ਦਫ਼ਤਰਾਂ ਅਤੇ ਬਿਜਲੀ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ। ਇੱਥੇ ਜਾਰੀ ਇੱਕ ਬਿਆਨ ਵਿਚ ਰਾਜਨ ਗਰਗ ਨੇ ਕਿਹਾ ਕਿ ਰੋਜ਼ਾਨਾ ਲੁੱਟ-ਖੋਹ, ਚੋਰੀ, ਵਹੀਕਲ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੁਲਿਸ ਦੀ ਕਾਰਗੁਜ਼ਾਰੀ ਕੀਤੇ ਨਜ਼ਰ ਨਹੀਂ ਆ ਰਹੀ ਹੈ। ਜਿਸਦੇ ਚੱਲਦੇ ਲੋਕ ਖੁਦ ਚੋਰਾ ਨੂੰ ਸਜ਼ਾ ਦੇਣ ਲਈ ਮਜਬੂਰ ਹੋ ਰਹੇ ਹਨ । ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਬਿਜਲੀ ਪੂਰੀ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਾਲਾਤ ਇਹ ਹਨ ਕਿ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਹਨ। ਜਿਸ ਕਾਰਨ ਆਮ ਲੋਕਾਂ ਦੇ ਨਾਲ ਨਾਲ ਵਪਾਰੀਆਂ ਤੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹਾਲਾਤ ਕਾਬੂ ਹੇਠ ਨਾ ਆਏ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗੀ। ਇਸ ਮੌਕੇ ਬਲਜਿੰਦਰ ਸਿੰਘ , ਹਰਵਿੰਦਰ ਸਿੰਘ ਲੱਡੂ, ਬਲਰਾਜ ਪੱਕਾ, ਰੁਪਿੰਦਰ ਬਿੰਦਰਾ ਆਦਿ ਹਾਜ਼ਰ ਸਨ ।
ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾਵੇਗਾ: ਸਿਹਤ ਮੰਤਰੀ
ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਸਿਵਲ ਹਸਪਤਾਲ ਬਠਿੰਡਾ ਤੇ ਗੋਨਿਆਣਾ ਦਾ ਕੀਤਾ ਦੌਰਾ
ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ: ਡਾ ਬਲਵੀਰ ਸਿੰਘ
ਸੂਬਾ ਸਰਕਾਰ ਵਲੋਂ ਸਿਹਤ ਦੇ ਖੇਤਰ ਚ ਪੁੱਟੀਆਂ ਜਾ ਰਹੀਆਂ ਹਨ ਵੱਡੀਆ ਪੁਲਾਘਾਂ : ਡਾ. ਬਲਬੀਰ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੀਆ ਤੇ ਕ੍ਰਾਂਤੀਕਾਰੀ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ ਤਾਂ ਜੋ ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਹੋਰ ਵਧੇਰੇ ਸੁਧਾਰ ਲਿਆਂਦਾ ਜਾ ਸਕੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮਡੀ ਪਰਦੀਪ ਅਗਰਵਾਲ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਹੜਾ ਵੀ ਮਰੀਜ਼ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ਼ ਕਰਵਾਉਣ ਲਈ ਆਵੇਗਾ ਚਾਹੇ ਉਹ ਐਮਰਜੈਂਸੀ ਜਾਂ ਕਿਸੇ ਵੀ ਹੋਰ ਵਾਰਡ ਵਿੱਚ ਆਵੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਕੇਅਰ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਸਦੇ ਵਿਚ ਆਮ ਆਮਦੀ ਕਲੀਨਿਕ ਖੋਲ੍ਹੇ ਗਏ ਹਨ। ਇਸਤੋਂ ਬਾਅਦ ਹੁਣ ਸੈਕੰਡਰੀ ਹੈਲਥ ਕੇਅਰ ਤਹਿਤ ਜ਼ਿਲ੍ਹਾ ਪੱਧਰੀ ਹਸਪਤਾਲ ਤੇ ਕਮਿਊਨਟੀ ਕੇਂਦਰਾਂ ਨੂੰ ਮਜਬੂ ਕੀਤਾ ਜਾ ਰਿਹਾ ਹੈ। ਡਾ ਬਲਵੀਰ ਸਿੰਘ ਨੇ ਇੰਨਾਂ ਸਿਹਤ ਸੇਵਾਵਾਂ ਵਿਚ ਡਾਕਟਰਾਂ, ਪੈਰਾਂ ਮੈਡੀਕਲ ਸਟਾਫ਼, ਇਮਾਰਤਾਂ ਅਤੇ ਸਾਜ਼ੋ-ਸਮਾਨ ਪੂਰਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜਾਰੀ ਕੀਤੇ ਜਾਣ ਵਾਲੇ ਫੰਡਾਂ ਨੂੰ ਰੋਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਨਾ ਸਿਰਫ ਸੂਬਾ ਸਰਕਾਰ ਵੱਲੋਂ ਕੇਂਦਰੀ ਯੋਜਨਾਵਾਂ ਵਿਚ 40 ਫੀਸਦੀ ਹਿੱਸਾ ਪਾਇਆ ਜਾ ਰਿਹਾ ਹੈ,ਬਲਕਿ ਜ਼ਮੀਨ ਦਾ ਪ੍ਰਬੰਧ ਕਰਕੇ ਦਿੱਤਾ ਜਾ ਰਿਹਾ ਹੈ, ਜਿਸਦੇ ਚੱਲਦੇ ਜੇਕਰ ਵਿੱਚ ਕੋਈ ਨਾਮ ਦੀ ਤਬਦੀਲੀ ਕਰ ਦਿੱਤੀ ਗਈ ਤਾਂ ਕੋਈ ਵੱਡਾ ਮੁੱਦਾ ਨਹੀਂ ਹੁੰਦਾ ਹੈ। ਇਸ ਮੌਕੇ ਡਾਕਟਰ ਬਲਬੀਰ ਸਿੰਘ ਨੇ ਸਿਹਤ ਵਿਭਾਗ ਵਿਚ ਕੰਮ ਕਰਦੇ ਕੌਮੀ ਹੈਲਥ ਮਿਸ਼ਨ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਕਿਹਾ ਕਿ ਇਸ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਲਾਭ ਦਿੱਤੇ ਗਏ ਹਨ, ਅਜਿਹੇ ਲਾਭ ਕੌਮੀ ਹੈਲਥ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਵੀ ਮਿਲਣਗੇ। ਇਸ ਉਪਰੰਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਮੂਹ ਡਾਕਟਰੀ ਸਟਾਫ਼ ਤੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਬਾਰੀਕੀ ਨਾਲ ਜਾਣਿਆ। ਉਨ੍ਹਾਂ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਵਿਖੇ ਬਣੇ ਡਾਇਲਸੈਸ ਸੈਂਟਰ ਦਾ ਵੀ ਦੌਰਾ ਕੀਤਾ ਜਿਸ ਤੇ ਹਸਪਤਾਲ ਵਿਖੇ ਸਾਫ਼-ਸਫ਼ਾਈ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਤਸ਼ੱਲੀ ਵੀ ਪ੍ਰਗਟਾਈ। ਇਸ ਉਪਰੰਤ ਡਾ. ਬਲਬੀਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਕਮਿਊਨਿਟੀ ਹੈਲਥ ਸੈਂਟਰ ਵਿਖੇ ਬੂਟਾ ਵੀ ਲਗਾਇਆ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਐਸਐਮਓ ਬਠਿੰਡਾ ਡਾ. ਮਨਿੰਦਰਪਾਲ ਤੇ ਡਾ. ਸਤੀਸ਼ ਜਿੰਦਲ, ਐਸਐਮਓ ਗੋਨਿਆਣਾ ਡਾ. ਧੀਰਾ ਗੁਪਤਾ, ਡਾ. ਮਿਯੰਕਜੋਤ ਤੋਂ ਇਲਾਵਾ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਐਮ.ਸੀ. ਸੁਖਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਬਾਕਸ
ਮੁਲਾਜਮ ਜਥੇਬੰਦੀ ਨੇ ਤਲਵੰਡੀ ਸਾਬੋ ਦੇ ਐਸ.ਐਮ.ਓ ਵਿਰੁਧ ਲਗਾਏ ਗੰਭੀਰ ਦੋਸ਼
ਬਠਿੰਡਾ: ਇਸ ਦੌਰਾਨ ਸਿਵਲ ਹਸਪਤਾਲ ਦੇ ਮੁਲਾਜਮਾਂ ਦੀ ਜਥੇਬੰਦੀ ਨੇ ਜਨਤਕ ਤੌਰ ‘ਤੇ ਸਿਹਤ ਮੰਤਰੀ ਕੋਲ ਤਲਵੰਡੀ ਸਾਬੋ ਦੇ ਐਸ.ਐਮ.ਓ ਉਪਰ ਕਥਿਤ ਭ੍ਰਿਸਟਾਚਾਰ ਕਰਨ ਦੇ ਦੋਸ਼ ਲਗਾਏ। ਸਿਹਤ ਮੰਤਰੀ ਨੇ ਜਥੈਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਖੇਤੀਬਾੜੀ ਵਿਭਾਗ ਵੱਲੋਂ ਡੀਲਰਾਂ ਨੂੰ ਸਿਫਾਰਿਸ਼ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਿਕਰੀ ਕਰਨ ਦੇ ਦਿੱਤੇ ਆਦੇਸ਼
ਉੱਚ ਕੁਆਲਟੀ ਦੇ ਖੇਤੀ ਇੰਨਪੁਟ ਕਿਸਾਨਾਂ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਖੇਤੀ ਇੰਨਪੁਟ ਡੀਲਰਾਂ ਨਾਲ ਮੀਟਿੰਗ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ: ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਅਧੀਨ ਪੈਂਦੇ ਗੋਨਿਆਨਾ ਮੰਡੀ ਵਿਖੇ ਸਾਉਣੀ-2023 ਦੇ ਸੀਜਨ ਦੌਰਾਨ ਉੱਚ ਕੁਆਲਟੀ ਦੇ ਖੇਤੀ ਇੰਨਪੁਟ ਕਿਸਾਨਾਂ ਤੱਕ ਪੁਹਚਾਉਣ ਦੇ ਮਕਸਦ ਨਾਲ ਸਮੂਹ ਖੇਤੀ ਇੰਨਪੁਟ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਡੀਲਰ ਘਟੀਆ ਮਿਆਰ ਦੀ ਖਾਦ ਜਾਂ ਕੀੜੇਮਾਰ ਦਵਾਈ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਐਕਟ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਏ.ਪੀ. ਪੀ.ਓ ਡਾ. ਡੂੰਗਰ ਸਿੰਘ ਵੱਲੋਂ ਇੰਨਪੁਟ ਡੀਲਰਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਿਕਰੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਖੇਤੀਬਾੜੀ ਅਫਸਰ ਡਾ. ਬਲਜਿੰਦਰ ਸਿੰਘ ਕਿਹਾ ਕਿ ਕੋਈ ਵੀ ਡੀਲਰ ਖਾਦ, ਬੀਜ ਜਾਂ ਕੀੜੇਮਾਰ ਦਵਾਈ ਨਾਲ ਹੋਰ ਕਿਸੇ ਅਣ ਲੋੜੀਦੀ ਚੀਜ਼ ਦੀ ਵਿਕਰੀ ਕਿਸਾਨ ਨੂੰ ਨਹੀਂ ਕਰੇਗਾ। ਏ.ਡੀ.ਓ ਡਾ. ਸਰਬਜੀਤ ਸਿੰਘ ਵੱਲੋਂ ਡੀਲਰਾਂ ਨੂੰ ਲਾਇਸੈਂਸ ਰਿਨਿਊ ਕਰਨ ਜਾ ਐਥੋਂਰਟੀ ਲੈਟਰ ਦਰਜ ਕਰਨ ਸਬੰਧੀ ਆ ਰਹੀਆ ਮੁਸ਼ਕਲਾ ਨੂੰ ਨੋਟ ਕੀਤਾ ਗਿਆ ਅਤੇ ਮੁਸ਼ਕਲਾ ਦੇ ਹੱਲ ਲਈ ਉਪਰਾਲੇ ਕੀਤੇ ਗਏ। ਇਸ ਮੌਕੇ ਸਮੂਹ ਖੇਤੀ ਇੰਨਪੁਟ ਡੀਲਰਾਂ ਵੱਲੋਂ ਚੰਗੇ ਮਿਆਰ ਦੀਆਂ ਖਾਦਾਂ, ਬੀਜ ਅਤੇ ਕੀੜੇਮਾਰ ਦਵਾਈਆਂ ਕਿਸਾਨਾਂ ਨੂੰ ਵਿਕਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਬਠਿੰਡਾ ਪੱਟੀ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਵਲੋਂ ਰੱਖੇ ਢਾਈ ਦਰਜ਼ਨ ਮੁਲਾਜਮਾਂ ਦੀ ਵਿਜੀਲੈਂਸ ਨੇ ਵਿੱਢੀ ਪੜਤਾਲ
ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ’ਚ ਸੇਵਾਦਾਰ ਭਰਤੀ ਕੀਤਾ ‘ਚੇਅਰਪਰਸਨ’ ਦਾ ਰਿਸ਼ਤੇਦਾਰ ਵੀ ਰਾਡਾਰ ’ਤੇ
ਸੁਖਜਿੰਦਰ ਮਾਨ
ਬਠਿੰਡਾ, 24 ਜੂਨ : ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸਦਾਂ ਅਤੇ ਪੰਚਾਇਤਾਂ ਸੰਮਤੀਆਂ ’ਚ ਕਥਿਤ ਤੌਰ ’ਤੇ ਪਿਛਲੇ ਦਰਵਾਜਿਓ ਭਰਤੀ ਕੀਤੇ ‘ਚਹੇਤਿਆਂ’ ਵਿਰੁਧ ਹੁਣ ਵਿਜੀਲੈਂਸ ਬਿਉਰੋ ਨੇ ਪੜਤਾਲ ਵਿੱਢ ਦਿੱਤੀ ਹੈ। ਪੰਜਾਬ ਭਰ ਦੇ ਕਰੀਬ 138 ਮੁਲਾਜਮਾਂ ਦੀ ਲਿਸਟ ਹੁਣ ਤੱਕ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਆਈ ਹੈ, ਜਿੰਨ੍ਹਾਂ ਵਿਚੋਂ ਸਭ ਤੋਂ ਵੱਧ ਬਠਿੰਡਾ ਪੱਟੀ ਦੇ ਕਰੀਬ 31 ਮੁਲਾਜਮਾਂ ਦੇ ਨਾਮ ਵੀ ਇਸ ਲਿਸਟ ਵਿਚ ਸ਼ਾਮਲ ਦੱਸੇ ਜਾ ਰਹੇ ਹਨ। ਇੰਨ੍ਹਾਂ ਮੁਲਾਜਮਾਂ ਵਿਚ ਪਟਵਾਰੀ, ਕਲਰਕ, ਚੌਕੀਦਾਰ, ਸੇਵਾਦਾਰ, ਜੇ.ਸੀ.ਬੀ ਅਪਰੇਟਰ, ਸਵੀਪਰ, ਮਾਲੀ ਆਦਿ ਨੂੰ ਪਿਛਲੇ ਸਮਿਆਂ ਦੌਰਾਨ ਸਿੱਧਾ ਭਰਤੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਬਿਉਰੋ ਦੇ ਮੁੱਖ ਦਫ਼ਤਰ ਵਲੋਂ ਪੰਜਾਬ ਸਰਕਾਰ ਦੁਆਰਾ ਦਿੱਤੀ ਹਰੀ ਝੰਡੀ ਤੋਂ ਬਾਅਦ ਵੱਖ ਵੱਖ ਵਿਜੀਲੈਂਸ ਰੇਂਜਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ’ਚ ਮਤੇ ਪਾ ਕੇ ਰੱਖੇ ਇੰਨ੍ਹਾਂ ਮੁਲਾਜਮਾਂ ਦਾ ਰਿਕਾਰਡ ਇਕੱਤਰ ਕਰਨ ਦੇ ਹੁਕਮ ਦਿੱਤੇ ਹਨ। ਚੱਲ ਰਹੀ ਚਰਚਾ ਮੁਤਾਬਕ ਵਿਜੀਲੈਂਸ ਦੀ ਪੜਤਾਲ ਸ਼ੁਰੂ ਹੋਣ ਤੋਂ ਬਾਅਦ ਕੁੱਝ ਅਜਿਹੇ ਨੌਜਵਾਨ ਵੀ ਸਾਹਮਣੇ ਆ ਰਹੇ ਹਨ, ਜਿੰਨ੍ਹਾਂ ਨੂੰ ਯੋਗ ਹੁੰਦਿਆਂ ਵੀ ਸਿਆਸੀ ਆਗੂਆਂ ਨੇ ਅਪਣੇ ‘ਚਹੇਤਿਆਂ’ ਨੂੰ ਭਰਤੀ ਕਰਨ ਲਈ ਦਰਕਿਨਾਰ ਕਰ ਦਿੱਤਾ ਸੀ। ਜੇਕਰ ਗੱਲ ਇਕੱਲੀ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੀ ਕੀਤੀ ਜਾਵੇ ਤਾਂ ਇਸਦੇ ਅਧੀਨ ਪਿਛਲੇ ਸਮੇਂ ਦੌਰਾਨ ਭਰਤੀ ਕੀਤੇ ਗਏ ਦੋ ਮੁਲਾਜਮਾਂ ਦਾ ਨਾਮ ਵੀ ਚਰਚਾ ਵਿਚ ਆ ਗਿਆ ਹੈ। ਇੰਨ੍ਹਾਂ ਵਿਚ 2 ਦਸੰਬਰ 2021 ਨੂੰ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਮਾਲੀ ਕਮ ਚੌਕੀਦਾਰ ਦੀ ਪੋਸਟ ਉਪਰ ਭਰਤੀ ਕੀਤਾ ਗਿਆ ਮੁਲਾਜ਼ਮ ਜ਼ਿਲ੍ਹਾ ਪ੍ਰੀਸਦ ਦੀ ਮੌਜੂਦਾ ਚੇਅਰਪਰਸਨ ਮਨਜੀਤ ਕੌਰ ਦੰਦੀਵਾਲ ਦਾ ਰਿਸ਼ਤੇਦਾਰ ਦਸਿਆ ਜਾ ਰਿਹਾ ਹੈ। ਜਿਸ ਦੀ ਪੁਸ਼ਟੀ ਖੁਦ ਚੇਅਰਪਰਸਨ ਨੇ ਵੀ ਫ਼ੋਨ ਉਪਰ ਸੰਪਰਕ ਕਰਨ ‘ਤੇ ਕੀਤੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸਦ ਵਲੋਂ 7 ਅਕਤੂੁਬਰ 2010 ਨੂੰ ਇਕ ਮਤੇ ਰਾਹੀਂ ਅਪਣੇ ਇਕ ਸਾਬਕਾ ਡਰਾਈਵਰ ਦੇ ਪੁੱਤਰ ਨੂੰ ਵੀ ਬਤੌਰ ਪੱਕਾ ਸੇਵਾਦਾਰ ਭਰਤੀ ਕੀਤਾ ਗਿਆ ਹੈ। ਚਰਚਾ ਤਾਂ ਇਹ ਵੀ ਚੱਲਦੀ ਰਹੀ ਹੈ ਕਿ ਮਨਰੇਗਾ ਦੇ ਇੱਕ ਮੁਲਾਜਮ ਅਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ‘ਬੱਚੇ’ ਨੂੰ ਵੀ ਕਲਰਕ ਭਰਤੀ ਕਰਨ ਲਈ ਕਾਫ਼ੀ ਜਦੋਜਹਿਦ ਕੀਤੀ ਗਈ ਸੀ, ਪ੍ਰੰਤੂ ਜ਼ਿਲ੍ਹਾ ਪ੍ਰੀਸਦ ਦੇ ਕੁੱਝ ਮੈਂਬਰਾਂ ਦੇ ਵਿਰੋਧ ਕਾਰਨ ਪਾਏ ਗਏ ਮਤੇ ਵੀ ਕੰਮ ਨਹੀਂ ਆ ਸਕੇ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਹ ਜ਼ਿਲ੍ਹਾ ਪ੍ਰੀਸਦ ਮੈਂਬਰ ਹੁਣ ਜਲਦੀ ਹੀ ਵਿਜੀਲੈਂਸ ਦਫ਼ਤਰ ਵਿਚ ਪੇਸ਼ ਹੋ ਕੇ ਸਾਰੇ ਤੱਕ ਉਨ੍ਹਾਂ ਸਾਹਮਣੇ ਰੱਖਣ ਜਾ ਰਹੇ ਹਨ। ਜਾਣਕਾਰਾਂ ਮੁਤਾਬਕ ਪਹਿਲਾਂ ਵੀ ਜ਼ਿਲ੍ਹਾ ਪ੍ਰੀਸ਼ਦ ਵਲੋਂ ਨਰੇਗਾ ਸਕੀਮ (ਜੋਕਿ ਇੱਕ ਕੇਂਦਰ ਸਰਕਾਰ ਦੀ ਯੋਜਨਾ ਹੈ) ਅਧੀਨ ਕੰਮ ਕਰਦੇ ਕੁੱਝ ਮੁਲਾਜਮਾਂ ਨੂੰ ਮਤਿਆਂ ਰਾਹੀਂ ਜ਼ਿਲ੍ਹਾ ਪ੍ਰੀਸ਼ਦ ਵਿਚ ਰੱਖਿਆ ਗਿਆ ਹੈ। ਵਿਜੀਲੈਂਸ ਨੂੰ ਅਜਿਹੇ ਕੇਸਾਂ ਨੂੰ ਵੀ ਅਪਣੀ ਜਾਂਚ ਪੜਤਾਲ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਜੇਕਰ ਜ਼ਿਲ੍ਹਾ ਪ੍ਰੀਸਦ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਭਰਤੀਆਂ ਤੇ ਉਨ੍ਹਾਂ ਮੁਲਾਜਮਾਂ ਵਲੋਂ ਜਮ੍ਹਾਂ ਕਰਵਾਏ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਇੰਨ੍ਹਾਂ ਪੋਸਟਾਂ ਲਈ ਅਪਲਾਈ ਕੀਤੇ ਕੁੱਲ ਉਮੀਦਵਾਰਾਂ ਦੀ ਸੂਚੀ ਆਦਿ ਬਾਰੇ ਨਿਰਪੱਖ ਪੜਤਾਲ ਹੋਵੇ ਤਾਂ ਕਾਫ਼ੀ ਕੁੱਝ ਸਾਹਮਣੇ ਆ ਸਕਦਾ ਹੈ। ਗੌਰਤਲਬ ਹੈ ਕਿ ਵਿਜੀਲੈਂਸ ਬਿਉਰੋ ਬਠਿੰਡਾ ਰੇਂਜ ਦੇ ਅਧੀਨ ਆਉਂਦੇ ਬਠਿੰਡਾ, ਮਾਨਸਾ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿਚ ਪਿਛਲੇ ਸਮਿਆਂ ਦੌਰਾਨ ਭਰਤੀ ਕੀਤੇ ਗਏ ਇੰਨ੍ਹਾਂ 31 ਮੁਲਾਜਮਾਂ ਵਿਚੋਂ ਜ਼ਿਲ੍ਹਾ ਪ੍ਰੀਸਦ ਮਾਨਸਾ ਵਲੋਂ ਰੱਖੇ ਚਾਰ, ਸ਼੍ਰੀ ਮੁਕਤਸਰ ਸਾਹਿਬ ਵਿਚ ਇੱਕ, ਬਠਿੰਡਾ ਜ਼ਿਲ੍ਹਾ ਪ੍ਰੀਸਦ ਵਿਚ ਦੋ ਮੁਲਾਜਮਾਂ ਤੋਂ ਇਲਾਵਾ ਪੰਚਾਇਤ ਸੰਮਤੀ ਮੋੜ ਅਤੇ ਫ਼ੂਲ ’ਚ ਸਭ ਤੋਂ ਵੱਧ ਚਾਰ-ਚਾਰ ਮੁਲਾਜਮਾਂ, ਗੋਨਿਆਣਾ, ਭੀਖੀ, ਸੰਗਤ, ਸਰਦੂਲਗੜ੍ਹ ਅਤੇ ਬੁਢਲਾਡਾ ਵਿਚ ਦੋ-ਦੋ ਤੋਂ ਇਲਾਵਾ ਝੁਨੀਰ, ਨਥਾਣਾ, ਭਗਤਾ, ਮਲੋਟ, ਗਿੱਦੜਵਹਾ, ਮੁਕਤਸਰ ਆਦਿ ਵਿਚ ਇੱਕ-ਇੱਕ ਮੁਲਾਜਮ ਦਾ ਨਾਂ ਵਿਜੀਲੈਂਸ ਨੂੰ ਭੇਜੀ ਜਾਂਚ ਸ਼ੂਚੀ ਵਿਚ ਸ਼ਾਮਲ ਹੈ। ਉਧਰ ਵਿਜੀਲੈਂਸ ਦੇ ਸੂਤਰਾਂ ਨੇ ਇਸਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਇਸ ਪੜਤਾਲ ਲਈ ਬਠਿੰਡਾ ਦੇ ਦੋ ਅਤੇ ਮਾਨਸਾ ’ਚ ਤੈਨਾਤ ਇੱਕ ਡੀਐਸਪੀ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਇੱਕ ਇੰਸਪੈਕਟਰ ਦੀ ਡਿਊਟੀ ਲਗਾਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਵਿਜੀਲੈਂਸ ਵਲੋਂ ਅਗਲੇ ਹਫ਼ਤੇ ਇਨ੍ਹਾਂ ਭਰਤੀਆਂ ਦਾ ਸਾਰਾ ਰਿਕਾਰਡ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਦੇ ਦਫ਼ਤਰਾਂ ਵਿਚੋਂ ਇਕੱਠਾ ਕੀਤਾ ਜਾ ਰਿਹਾ ਹੈ, ਜਿਸਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਨਗਰ ਨਿਗਮ ਨੇ ਸ਼ਹਿਰ ਦੇ ਫੁੱਟਪਾਥਾਂ ਉਪਰ ਕੀਤੇ ਨਜਾਇਜ਼ ਕਬਜ਼ਿਆਂ ‘ਤੇ ਚਲਾਇਆ ਪੀਲਾ ਪੰਜਾ
ਸੁਖਜਿੰਦਰ ਮਾਨ
ਬਠਿੰਡਾ, 19 ਜੂਨ: ਸ਼ਹਿਰ ਦੀਆਂ ਸੜਕਾਂ ਉਪਰ ਬਣੇ ਫੁੱਟਪਾਥਾਂ ’ਤੇ ਦੁਕਾਨਦਾਰਾਂ ਵਲੋਂ ਕੀਤੇ ਕਥਿਤ ਕਬਜ਼ਿਆਂ ਉਪਰ ਅੱਜ ਨਗਰ ਨਿਗਮ ਦੀ ਟੀਮ ਵਲੋਂ ਪੀਲਾ ਪੰਜ਼ਾਂ ਚਲਾਇਆ ਗਿਆ। ਇਸ ਦੌਰਾਨ ਸਥਾਨਕ ਫ਼ੌਜੀ ਚੌਕ ਦੇ ਨਜਦੀਕ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਜੇਸੀਬੀ ਦੀ ਮੱਦਦ ਨਾਲ ਹੋਟਲਾਂ, ਦੁਕਾਨਦਾਰਾਂ, ਹਸਪਤਾਲਾਂ, ਬੈਂਕਾਂ ਅਤੇ ਹੋਰਨਾਂ ਵਪਾਰਕ ਅਦਾਰਿਆਂ ਵਲੋਂ ਅਪਣੇ ਅੱਗੇ ਸਥਿਤ ਸਰਕਾਰੀ ਫੁੱਟਪਾਥਾਂ ਉਪਰ ਰੱਖੇ ਸਮਾਨ, ਲਗਾਈਆਂ ਸੰਗਲੀਆਂ ਤੇ ਪਿੱਲਰਾਂ ਨੂੰ ਹਟਾਇਆ ਗਿਆ। ਇਸਤੋਂ ਇਲਾਵਾ ਪਾਵਰ ਹਾਊਸ ਰੋਡ ’ਤੇ ਵੀ ਨਿਗਮ ਦੀ ਟੀਮ ਵਲੋਂ ਦੌਰਾ ਕਰਕੇ ਇੱਥੇ ਵੀ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਨਿਗਮ ਅਧਿਕਾਰੀਆਂ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ਹਿਰ ਵਿਚ ਫੁੱਟਪਾਥ ਆਮ ਲੋਕਾਂ ਦੇ ਚੱਲਣ ਵਾਸਤੇ ਰੱਖੇ ਗਏ ਸਨ ਪ੍ਰੰਤੂ ਹੁਣ ਵੱਡੇ ਵਪਾਰਕ ਅਦਾਰਿਆਂ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਵਲੋਂ ਇਸ ਜਗ੍ਹਾਂ ਨੂੰ ਅਪਣੀ ਨਿੱਜੀ ਹਿੱਤਾਂ ਵਾਸਤੇ ਵਰਤਿਆਂ ਜਾ ਰਿਹਾ ਹੈ ਤੇ ਇੱਥੋਂ ਕੋਈ ਹੋਰ ਗੁਜ਼ਰ ਨਾ ਸਕੇ, ਇਸਦੇ ਲਈ ਸੰਗਲ ਲਗਾਏ ਹੋਏ ਹਨ। ਨਿਗਮ ਅਧਿਕਾਰੀਆਂ ਨੇ ਦਸਿਆ ਕਿ ਅਜਿਹੇ ਅਦਾਰਿਆਂ ਤੇ ਦੁਕਾਨਦਾਰਾਂ ਨੂੰ ਨੋਟਿਸ ਕੱਢੇ ਗਏ ਤੇ ਨਾਲ ਹੀ ਸ਼ਹਿਰ ਵਿਚ ਹੋਰਨਾਂ ਥਾਵਾਂ ’ਤੇ ਵੀ ਫੁੱਟਪਾਥਾਂ ਉਪਰ ਕਬਜ਼ੇ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਇੰਨ੍ਹਾਂ ਨਜਾਇਜ਼ ਕਬਜਿਆਂ ਕਾਰਨ ਰਾਹੀਗੀਰ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰ ਇੰਨ੍ਹਾਂ ਫੁੱਟਪਾਥਾਂ ਉਪਰ ਸਰੇਆਮ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਕੱਢ ਕੇ ਰੱਖ ਦਿੰਦੇ ਹਨ, ਜਿਸਦੇ ਕਾਰਨ ਚੱਲਣ ਫ਼ਿਰਨ ਦਾ ਰਾਸਤਾ ਵੀ ਨਹੀਂ ਰਹਿੰਦਾ ਹੈ।
