ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ: ਮੱਛੀ ਪਾਲਣ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜੁਲਾਈ:ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਸੂਬੇ ਵਿੱਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੱਛੀ ਪਾਲਣ ਅਧੀਨ ਰਕਬੇ ਨੂੰ 16,812 ਹੈਕਟੇਅਰ ਤੋਂ ਵਧਾ ਕੇ 20,000 ਹੈਕਟੇਅਰ ਕਰਨ ਲਈ ਯਤਨਸ਼ੀਲ ਹੈ, ਜਿਸ ਨਾਲ ਸੂਬੇ ਦੇ ਮੱਛੀ ਉਤਪਾਦਨ ਵਿੱਚ 2 ਲੱਖ ਟਨ ਵਾਧਾ ਹੋਣ ਦੀ ਉਮੀਦ ਹੈ। ਇਹ ਐਲਾਨ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ‘ਕੌਮੀ ਮੱਛੀ ਪਾਲਕ ਦਿਵਸ’ ਦੀ ਪੂਰਬਲੀ ਸ਼ਾਮ ਕੀਤਾ। ਇਹ ਦਿਵਸ ਪ੍ਰੋਫੈਸਰ ਡਾ. ਕੇ.ਐਚ. ਅਲੀਕੁਨ੍ਹੀ ਅਤੇ ਡਾ. ਹੀਰਾ ਲਾਲ ਚੌਧਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 10 ਜੁਲਾਈ, 1957 ਨੂੰ ਦੇਸ਼ ਵਿੱਚ ਪਹਿਲੀ ਵਾਰ ਮਨਸੂਈ ਢੰਗ ਨਾਲ ਕਾਰਪ ਮੱਛੀਆਂ ਦੇ ਸਫ਼ਲ ਪ੍ਰਜਨਨ ਵਿੱਚ ਯੋਗਦਾਨ ਪਾਇਆ ਸੀ।ਮੱਛੀ ਪਾਲਕਾਂ ਅਤੇ ਭਾਈਵਾਲਾਂ ਨੂੰ ‘ਕੌਮੀ ਮੱਛੀ ਪਾਲਕ ਦਿਵਸ’ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਮੱਛੀ ਪੂੰਗ ਫਾਰਮ ਤੋਂ ਉਤਪਾਦਨ ਨੂੰ 20 ਕਰੋੜ ਤੋਂ ਵਧਾ ਕੇ ਆਉਣ ਵਾਲੇ ਸਾਲਾਂ ਵਿੱਚ 25 ਕਰੋੜ ਤੱਕ ਪਹੁੰਚਾਉਣ ਦੀ ਯੋਜਨਾ ਹੈ।ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਧੰਦਾ ਅਪਣਾਉਣ ਦੀ ਅਪੀਲ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵੱਖ-ਵੱਖ ਪ੍ਰਾਜੈਕਟਾਂ ਲਈ 366 ਲਾਭਪਾਤਰੀਆਂ ਨੂੰ 20 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।ਸੂਬੇ ਵਿੱਚ ਮੱਛੀ ਪਾਲਣ ਖੇਤਰ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਸਬਸਿਡੀ ਆਧਾਰ ‘ਤੇ ਪ੍ਰਾਈਵੇਟ ਖੇਤਰ ਦੀ ਪਹਿਲੀ ਮੱਛੀ ਫੀਡ ਮਿੱਲ ਸਥਾਪਤ ਕਰਨ ਤੋਂ ਇਲਾਵਾ ਮੱਛੀਆਂ ਅਤੇ ਇਸ ਦੇ ਉਤਪਾਦਾਂ ਦੀ ਢੋਆ-ਢੁਆਈ ਲਈ ਸਬਸਿਡੀ ’ਤੇ ਇੰਸੂਲੇਟਿਡ ਵੈਨ ਵੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੱਛੀ ਪਾਲਕਾਂ ਦੀ ਸਹੂਲਤ ਲਈ 15 ਸਰਕਾਰੀ ਮੱਛੀ ਪੂੰਗ ਫਾਰਮ, 11 ਮੱਛੀ ਫੀਡ ਮਿੱਲਾਂ ਅਤੇ 7 ਮਿੱਟੀ ਅਤੇ ਪਾਣੀ ਪਰਖ ਲੈਬਾਂ ਹਨ। ਸਰਕਾਰ ਵੱਲੋਂ ਮੱਛੀ ਅਤੇ ਝੀਂਗਾ ਪਾਲਣ ਨੂੰ ਅਪਣਾਉਣ ਲਈ ਮੁਫ਼ਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਮੱਛੀ ਅਤੇ ਝੀਂਗਾ ਦੇ ਨਵੇਂ ਤਾਲਾਬ, ਰੀ-ਸਰਕੂਲੇਟਰੀ ਐਕੁਆਕਲਚਰ ਸਿਸਟਮ, ਬਾਇਓ-ਫਲਾਕ ਕਲਚਰ ਸਿਸਟਮ, ਮੱਛੀ ਦੀਆਂ ਦੁਕਾਨਾਂ, ਮੱਛੀਆਂ ਦੀ ਢੋਆ-ਢੁਆਈ ਲਈ ਵਾਹਨ, ਕੋਲਡ ਸਟੋਰੇਜ ਆਦਿ ’ਤੇ 40 ਫੀਸਦ ਤੋਂ 60 ਫੀਸਦ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਵੈ-ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ।ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਖਾਰੇ ਪਾਣੀ ਅਤੇ ਸੇਮ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਈਨਾ ਖੇੜਾ ਵਿਖੇ ਸਥਾਪਿਤ ਕੀਤਾ ਗਿਆ ਡੈਮੋਨਸਟਰੇਸ਼ਨ ਫਾਰਮ-ਕਮ-ਟਰੇਨਿੰਗ ਸੈਂਟਰ ਝੀਂਗਾ ਪਾਲਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਝੀਂਗਾ ਪਾਲਣ ਅਧੀਨ ਰਕਬਾ 1200 ਏਕੜ ਨੂੰ ਪਾਰ ਕਰ ਚੁੱਕਾ ਹੈ ਅਤੇ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਵਿੱਚ ਇਸ ਰਕਬੇ ਨੂੰ 5000 ਏਕੜ ਤੱਕ ਵਧਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਅਧੀਨ ਰਕਬਾ 20 ਹਜ਼ਾਰ ਹੈਕਟੇਅਰ ਤੱਕ ਵਧਾਉਣ ਦੀ ਯੋਜਨਾ
ਪੰਜਾਬ ਪੁਲਿਸ ਹੜ੍ਹਾਂ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ
ਹੜ੍ਹਾਂ ਦੀ ਰੋਕਥਾਮ ਲਈ ਸਟੇਟ ਕੰਟਰੋਲ ਰੂਮ ਸਥਾਪਤ ਕੀਤਾ: ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜੁਲਾਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿੱਤੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਹਨ ਅਤੇ ਪੰਜਾਬ ਪੁਲਿਸ ਵੱਲੋਂ ਹੜ੍ਹਾਂ ਦੀ ਸੰਭਾਵਨਾ ਨੂੰ ਦੇਖਦਿਆਂ ਇਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਸਟੇਟ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਜ਼ਿਲ੍ਹਿਆਂ ਤੋਂ ਘੰਟਿਆਂਬੱਧੀ ਰਿਪੋਰਟ ਲੈਣ ਲਈ ਕਿਹਾ ਗਿਆ ਹੈ ਤਾਂ ਜੋ ਉਹ ਆਪਣੇ ਸਬੰਧਤ ਜ਼ਿਲ੍ਹਿਆਂ ਦੀ ਮੌਜੂਦਾ ਸਥਿਤੀ ਬਾਰੇ ਅਪਡੇਟ ਰਹਿਣ।ਜ਼ਿਕਰਯੋਗ ਹੈ ਕਿ ਡੀਜੀਪੀ ਗੌਰਵ ਯਾਦਵ ਅਤੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨਿੱਜੀ ਤੌਰ ’ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ, ਜਦਕਿ ਸੀਪੀਜ਼/ਐਸਐਸਪੀਜ਼ ਨੂੰ ਵੀ ਫੀਲਡ ਵਿੱਚ ਰਹਿਣ ਅਤੇ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਨਿਯਮਤ ਅੰਤਰਾਲਾਂ ’ਤੇ ਸਥਿਤੀ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਹੋਰ ਜਾਣਕਾਰੀ ਦਿੰਦਿਆਂ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਟੀ.ਆਰ.ਐਫ.) ਦੀਆਂ ਟੀਮਾਂ ਅਲਰਟ ’ਤੇ ਹਨ ਅਤੇ ਕਿਸੇ ਵੀ ਕਿਸਮ ਦੇ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ ਅਤੇ ਫਤਹਿਗੜ੍ਹ ਸਾਹਿਬ ਸਮੇਤ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਕਾਰਜਾਂ ਅਤੇ ਹੜ੍ਹਾਂ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਫੌਜ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ।ਵਿਸ਼ੇਸ਼ ਡੀਜੀਪੀ ਨੇ ਸੂਬੇ ਦੇ ਲੋਕਾਂ ਨੂੰ ਨਾ ਘਬਰਾਉਣ ਅਤੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੀਵੇਂ ਇਲਾਕਿਆਂ ਜਾਂ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਲਈ ਕਿਸੇ ਸੁਰੱਖਿਅਤ ਜਗ?ਹਾ ‘ਤੇ ਰਹਿਣ ਜਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਤੱਕ ਪਹੁੰਚ ਕਰਨ।
ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਸਥਿਤੀ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 09 ਜੁਲਾਈ: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਤੁਰੰਤ ਜਾਇਜ਼ਾ ਲੈਣ ਸਬੰਧੀ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ, ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਅਤੇ ਚੱਲ ਰਹੀਆਂ ਰਾਹਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਦੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਭਾਰੀ ਬਰਸਾਤ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਬੰਧਤ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਹੁਸ਼ਿਆਰਪੁਰ ਅਤੇ ਆਦਮਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਸ੍ਰੀ ਜਿੰਪਾ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰਾਹਤ ਰਾਸ਼ੀ ਦੇਣ ਬਾਬਤ ਮਾਲ ਮਹਿਕਮੇ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਮਾਲੋਵਾਲ ਅਤੇ ਧਾਰੜ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਖੇਤਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਜਮ?ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲ ਦੇ ਆਧਾਰ ’ਤੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਨੇ ਮੰਤਰੀ ਨੂੰ ਦੱਸਿਆ ਕਿ ਭਾਰੀ ਬਰਸਾਤ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਡੈਮ ਤੋਂ ਪਾਣੀ ਛੱਡਣ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਨਾਲ ਪਟਿਆਲਾ ਦਿਹਾਤੀ ਦੇ ਹੜ੍ਹ ਪ੍ਰਭਾਵਿਤ ਨੀਵੇਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਵੱਡੀ ਨਦੀ ਤੇ ਛੋਟੀ ਨਦੀ ਵਿਖੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੀਵੇਂ ਇਲਾਕਿਆਂ ਵਿੱਚੋਂ ਜਮ?ਹਾਂ ਹੋਏ ਪਾਣੀ ਦੀ ਨਿਕਾਸੀ ਲਈ ਜੇ.ਸੀ.ਬੀ ਮਸ਼ੀਨਾਂ ਅਤੇ ਪੰਪਿੰਗ ਮਸ਼ੀਨਾਂ ਨੂੰ ਮੌਕੇ ’ਤੇ ਬੁਲਾਇਆ। ਇਸ ਮੌਕੇ ਡਾ: ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ।
ਬਠਿੰਡਾ ਚ ਮੀਂਹ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ, ਸ਼ਹਿਰ ਹੋਇਆ ਜਲਥਲ
ਸੁਖਜਿੰਦਰ ਮਾਨ
ਬਠਿੰਡਾ, 8 ਜੁਲਾਈ: ਮਾਨਸੂਨ ਦੀ ਅੱਜ ਦੁਪਹਿਰ ਮਾਲਵਾ ਪੱਟੀ ‘ਚ ਹੋਈ ਭਰਵੀਂ ਬਾਰਿਸ਼ ਨੇ ਪੂਰੇ ਇਲਾਕੇ ਨੂੰ ਜਲ ਥਲ ਕਰ ਦਿੱਤਾ। ਸੂਬੇ ਦੇ ਪੰਜਵੇਂ ਮਹਾਂਨਗਰ ਵਜੋਂ ਜਾਣੇ ਜਾਂਦੇ ਬਠਿੰਡਾ ਸ਼ਹਿਰ ਦੀਆਂ ਸੜਕਾਂ ਨੇ ਸਮੁੰਦਰ ਦਾ ਰੂਪ ਧਾਰਨ ਕਰ ਲਿਆ। ਸ਼ਹਿਰ ਦੇ ਵਿਚ ਪਾਣੀ ਕਾਰਨ ਹਾਲਾਤ ਹੜਾਂ ਵਾਲੇ ਹੋ ਗਏ ਤੇ ਨੀਵੇਂ ਇਲਾਕਿਆਂ ਵਿਚ ਕਈ ਥਾਂ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੀਂਹ ਕਾਰਨ ਹਲਾਤ ਬਣ ਗਏ। ਉਧਰ ਮਾਨਸੂਨ ਦੀ ਦੂਜੀ ਬਾਰਸ਼ ਨੇ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਰੱਖਣ ਵਾਲੀ ਬਠਿੰਡਾ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ। ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਦੇ ਖੇਤਰਾਂ, ਜਿਨ੍ਹਾਂ ਵਿੱਚ ਆਈਜੀ, ਐੱਸਐੱਸਪੀ, ਡਿਪਟੀ ਕਮਿਸ਼ਨਰ, ਸੈਸ਼ਨ ਜੱਜ ਹਾਊਸ ਸਮੇਤ ਸਮੁੱਚਾ ਜ਼ਿਲ੍ਹਾ ਕੰਪਲੈਕਸ ਅਤੇ ਕੋਰਟ ਕੰਪਲੈਕਸ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਤਰ੍ਹਾਂ ਸ਼ਹਿਰ ਦਾ ਮਾਲ ਰੋਡ, ਅਜੀਤ ਰੋਡ, ਪਰਸਰਾਮ ਨਗਰ, ਸਿਰਕੀ ਬਾਜ਼ਾਰ , ਕਮਲਾ ਨਹਿਰੂ ਕਲੋਨੀ, ਸਿਵਲ ਸਟੇਸ਼ਨ ਤੋਂ ਇਲਾਵਾ ਸਲੱਮ ਖੇਤਰਾਂ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਜਿਸ ਕਾਰਨ ਰਾਹਗੀਰਾਂ ਨੂੰ ਘਰ ਪਹੁੰਚਣ ਵਿੱਚ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ l ਦੂਜੇ ਪਾਸੇ ਜੇਕਰ ਦਿਹਾਤੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰਨ ਕਿਸਾਨਾਂ ਨੂੰ ਮੋਟਰਾਂ ਬੰਦ ਕਰਨੀਆਂ ਪਈਆਂ ਅਤੇ ਆਪਣੇ ਖੇਤਾਂ ਨੂੰ ਪਾਣੀ ਭਰਨ ਤੋਂ ਬਚਾਉਣ ਲਈ ਨੱਕੇ ਵੀ ਲਗਾਉਣੇ ਪਏ। ਉਥ੍ਹੇ ਮਾਲਵਾ ਪੱਟੀ ਵਿੱਚ ਤੇਜ਼ ਬਾਰਸ਼ ਕਾਰਨ ਝੋਨੇ ਦੇ ਖੇਤ ਪਾਣੀ ਨਾਲ ਨੱਕੋ ਨੱਕ ਭਰ ਗਏ। ਖੇਤੀ ਮਾਹਰਾਂ ਮੁਤਾਬਕ ਜ਼ਿਆਦਾ ਬਰਸਾਤ ਕਾਰਨ ਬੇਸ਼ੱਕ ਝੋਨੇ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਰੰਤੂ ਨਰਮਾ ਅਤੇ ਹਰੇ-ਚਾਰੇ ਨੂੰ ਵੱਡੀ ਮਾਰ ਪੈ ਸਕਦੀ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਅੱਜ ਸਵੇਰੇ ਤੋਂ ਲੈ ਕਿ ਸ਼ਾਮ ਸਾਢੇ 5 ਵਜੇ ਤੱਕ 81.75 ਐਮ ਐਮ ਬਾਰਸ਼ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਪਹਿਲਾਂ ਬਾਦਲ ਬਠਿੰਡਾ ਨੂੰ ਕੈਲੇਫੋਰਨੀਆ ਦਾ ਦਰਜਾ ਦਿੰਦੇ ਰਹੇ ਅਤੇ ਬਾਅਦ ਵਿੱਚ ਬਾਅਦ ਵਿੱਚ ਤਤਕਾਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਖ਼ਜ਼ਾਨੇ ਦਾ ਮੂੰਹ ਬਠਿੰਡਾ ਵੱਲ ਖੋਲ੍ਹੀ ਰੱਖਿਆ ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ।ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲ ਵੀ ਲੋਕ ਦੇਖ ਰਹੇ ਹਨ।
ਬਾਕਸ
ਮੀਂਹ ’ਚ ਹੇਠਲੇ ਪੱਧਰ ’ਤੇ ਆਪ ਆਗੂਆਂ ਦੀ ਨਹੀਂ ਦਿਖੀ ਸਰਗਰਮੀ
ਬਠਿੰਡਾ: ਬਾਅਦ ਦੁਪਿਹਰ ਆਏ ਭਾਰੀ ਮੀਂਹ ਵਿਚ ਸ਼ਹਿਰ ’ਚ ਲੱਗੀਆਂ ਮੋਟਰਾਂ ’ਤੇ ਬੇਸ਼ੱਕ ਨਿਗਮ ਅਧਿਕਾਰੀ ਤੇ ਕਰਮਚਾਰੀ ਜਰੂਰ ਦੇਖਣ ਨੂੰ ਮਿਲੇ ਪ੍ਰੰਤੂ ਪਿਛਲੀ ਸਰਕਾਰ ਦੀ ਤਰਜ਼ ’ਤੇ ਆਪ ਆਗੂਆਂ ਦੀ ਕੋਈ ਸਰਗਰਮੀ ਨਹੀਂ ਦੇਖਣ ਨੂੰ ਮਿਲੀ। ਗੌਰਤਲਬ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਜਦ ਬਾਰਸ਼ ਪੈਂਦੀ ਸੀ ਤਾਂ ਆਗੂ ਮੌਕੇ ’ਤੇ ਡਿਸਪੋਜ਼ਲਾਂ ਅਤੇ ਮੋਟਰਾਂ ਉਪਰ ਪਹੁੰਚ ਜਾਂਦੇ ਸਨ, ਜਿਸਦੇ ਨਾਲ ਅਧਿਕਾਰੀਆਂ ‘ਤੇ ਪਾਣੀ ਦੀ ਜਲਦੀ ਨਿਕਾਸੀ ਲਈ ਪ੍ਰਬੰਧ ਕਰਨ ਲਈ ਦਬਾਅ ਬਣਦਾ ਸੀ ਪਰ ਮੌਜੂਦਾ ਸਮੇਂ ਸ਼ਹਿਰ ਵਿਚ ਆਪ ਵਿਧਾਇਕ ਅਤੇ ਚਾਰ ਚੇਅਰਮੈਨ ਹੋਣ ਦੇ ਬਾਵਜੂਦ ਪਾਰਟੀ ਆਗੂ ਜਾਂ ਵਲੰਟੀਅਰ ਇਸ ਪਾਸੇ ਸਰਗਰਮ ਦੇਖਣ ਨੂੰ ਨਹੀਂ ਮਿਲੇ।
ਬਾਰਸ
ਬਾਰਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਹੋਈ ਗੁੱਲ
ਬਠਿੰਡਾ: ਉਧਰ ਬਾਰਸ ਦੇ ਕਾਰਨ ਕਈ ਇਲਾਕਿਆਂ ’ਚ ਦੇਰ ਰਾਤ ਤੱਕ ਬਿਜਲੀ ਨਹੀਂ ਆਈ। ਵਾਰਡ ਨੰਬਰ 42 ਦੇ ਇਲਾਕੇ ਅੰਬੇਦਕਰ ਨਗਰ ਵਿਚ ਸਵੇਰੇ ਦਸ ਵਜੇਂ ਦੀ ਬਿਜਲੀ ਕੱਟ ਹੋ ਗਈ। ਪ੍ਰੰਤੂ ਵਾਰ ਵਾਰ ਸਿਕਾਇਤ ਦਰਜ਼ ਕਰਵਾਉਣ ਦੇ ਬਾਵਜੂਦ ਇਸਨੂੰ ਮੁੜ ਚਲਾਉਣ ਲਈ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਠੱਗੀ ਠੋਰੀ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਗੈਰ-ਕਾਨੂੰਨੀ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਦੀ ਜਾਂਚ ਸ਼ੁਰੂ
ਸੈਕਟਰ ਵਾਈਜ਼ ਟੀਮਾਂ ਬਣਾ ਕੇ ਕੱਲੇ-ਕੱਲੇ ਸੈਂਟਰਾਂ ਦੀ ਕੀਤੀ ਜਾ ਰਹੀ ਹੈ ਜਾਂਚ
ਚੈਕਿੰਗ ਦਾ ਪਤਾ ਲੱਗਦੇ ਹੀ ਦਰਜ਼ਨਾਂ ਅਣਧਿਕਾਰਤ ਸੈਂਟਰ ਮਾਲਕ ਦੁਕਾਨਾਂ ਨੂੰ ਜਿੰਦਰੇ ਲਗਾ ਕੇ ਹੋਏ ਰਫ਼ੂ ਚੱਕਰ
ਸੁਖਜਿੰਦਰ ਮਾਨ
ਬਠਿੰਡਾ, 8 ਜੁਲਾਈ : ਵਿਦੇਸ ਜਾਣ ਲਈ ਨੌਜਵਾਨਾਂ ’ਚ ਵਧ ਰਹੀ ‘ਖਿੱਚ’ ਦਾ ਫ਼ਾਈਦਾ ਉਠਾ ਕੇ ਗੈਰ-ਮਾਨਤਾ ਪ੍ਰਾਪਤ ਤੇ ਅਣਧਿਕਾਰਤ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਮਾਲਕਾਂ ਦੀ ਵਧ ਰਹੀ ਠੱਗੀ ਠੋਰੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੱਡੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਠਿੰਡਾ, ਜਿਸਨੂੰ ਆਈਲੈਟਸ ਖੇਤਰ ਦਾ ਹੱਬ ਵੀ ਮੰਨਿਆਂ ਜਾਂਦਾ ਹੈ, ਵਿਚ ਪਿਛਲੇ ਤਿੰਨ ਦਿਨਾਂ ਤੋਂ ਸ਼ੁਰੂ ਹੋਈ ਇਸ ਜਾਂਚ ਦੌਰਾਨ ਸੈਕੜੇ ਗੈਰ-ਮਾਨਤਾ ਪ੍ਰਾਪਤ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਸਾਹਮਣੇ ਆਏ ਹਨ, ਜਿੰਨ੍ਹਾਂ ਵਲੋਂ ਬਿਨ੍ਹਾਂ ਲਾਇਸੰਸ ਜਾਂ ਕੋਈ ਹੋਰ ਕਾਨੂੰਨੀ ਕਾਰਵਾਈ ਪੂਰੀ ਕਰਕੇ ਦੁਕਾਨਾਂ ਦੇ ਰੂਪ ਵਿਚ ਇਹ ‘ਗੋਰਖ ਧੰਦਾ’ ਚਲਾਇਆ ਜਾ ਰਿਹਾ ਹੈ। ਸਪੋਕਸਮੈਨ ਦੀ ਟੀਮ ਵਲੋਂ ਅੱਜ ਸਥਾਨਕ ਅਜੀਤ ਰੋਡ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਨਾਲ ਜਾ ਕੇ ਵੀ ਦੇਖਿਆ ਕਿ ਇਸ ਚੈਕਿੰਗ ਦਾ ਪਤਾ ਚੱਲਦੇ ਹੀ ਦਰਜ਼ਨਾਂ ਅਣਅਧਿਕਾਰਤ ਆਈਲੈਟਸ ਤੇ ਇੰਮੀਗਰੇਸਨ ਸੈਂਟਰ ਅਪਣੀਆਂ ਇੰਨ੍ਹਾਂ ਦੁਕਾਨਨੁਮਾ ਸੰਸਥਾਵਾਂ ਨੂੰ ਜਿੰਦਰੇ ਲਗਾ ਕੇ ਪੱਤਰੇ ਵਾਚ ਗਏ। ਹਾਲਾਂਕਿ ਪ੍ਰਸ਼ਾਸਨ ਵਲੋਂ ਅਜਿਹੇ ਸੈਟਰਾਂ ਦੀ ਵੀ ਲਿਸਟ ਬਣਾਈ ਜਾ ਰਹੀ ਹੈ, ਜਿੰਨਾਂ ਵਲੋਂ ਚੈਕਿੰਗ ਦਾ ਪਤਾ ਚੱਲਦੇ ਹੀ ਅਪਣੇ ਸੈਂਟਰ ਬੰਦ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸੌਕਤ ਅਹਿਮਤ ਪਰੇ ਨੇ ਇਸ ਚੈਕਿੰਗ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਗੈਰ-ਕਾਨੂੰਨੀ ਤੌਰ ‘ਤੇ ਆਈਲੈਟਸ ਤੇ ਇੰਮੀਗਰੇਸ਼ਨ ਸੈਟਰਾਂ ਵਿਰੁਧ ਸਖ਼ਤ ਕਾਨੂੰਨੀ ਕੀਤੀ ਜਾਵੇਗੀ। ’’ ਗੌਰਤਲਬ ਹੈ ਕਿ ਬਠਿੰਡਾ ’ਚ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਪਿਛਲੇ ਦੋ-ਤਿੰਨ ਸਾਲਾਂ ਵਿਚ ਕਰੀਬ 20 ਸੈਟਰਾਂ ਦਾ ਲਾਇਸੰਸ ਵੀ ਰੱਦ ਕੀਤਾ ਹੈ। ਜਦੋਂਕਿ ਪ੍ਰਸ਼ਾਸਨ ਕੋਲ ਜ਼ਿਲ੍ਹੇ ਵਿਚ ਕੁੱੱਲ ਮਾਨਤਾ ਪ੍ਰਾਪਤ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾ ਰਹੀ ਹੈ। ਇਸਦੇ ਉਲਟ ਸੈਕੜਿਆਂ ਦੀ ਤਾਦਾਦ ਵਿਚ ਇਹ ਗੈਰ-ਮਾਨਤਾ ਪ੍ਰਾਪਤ ਸੈਂਟਰ ਇਕੱਲੇ ਬਠਿੰਡਾ ਸ਼ਹਿਰ ਵਿਚ ਹੀ ਨਹੀਂ, ਬਲਕਿ ਜ਼ਿਲ੍ਹੇ ਦੇ ਛੋਟੇ-ਵੱਡੇ ਕਸਬਿਆਂ ਵਿਚ ਖੁੰਬਾਂ ਵਾਂਗ ਚੱਲ ਰਹੇ ਹਨ। ਬਠਿੰਡਾ ’ਚ ਚੈਕਿੰਗ ਕਰ ਰਹੇ ਤਹਿਸੀਲਦਾਰ ਸੰਗਤ ਗੁਰਜੀਤ ਸਿੰਘ ਨੇ ਦਸਿਆ ਕਿ ‘‘ ਉਨ੍ਹਾਂ ਵਲੋਂ ਇਕੱਲੇ ਇਕੱਲੇ ਸੈਂਟਰ ਵਿਚ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਸੂਚਨਾ ਮੁਤਾਬਕ ਕਾਫ਼ੀ ਸਾਰੇ ਸੈਂਟਰ ਬਿਨ੍ਹਾਂ ਲਾਇਸੰਸਾਂ ਤੋਂ ਚੱਲਦੇ ਪਾਏ ਗਏ ਹਨ। ’’ ਜਿਕਰਯੋਗ ਹੈ ਕਿ ਅਜੀਤ ਰੋਡ ਪੂਰੇ ਮਾਲਵਾ ਕੇਂਦਰ ਦਾ ਹੀ ਨਹੀਂ, ਬਲਕਿ ਦੱਖਣੀ ਹਰਿਆਣਾ ਤੇ ਰਾਜਸਥਾਨ ਦੇ ਪੰਜਾਬ ਨਾਲ ਲੱਗਦੇ ਕੁੱਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਲਈ ਵਿਦੇਸ਼ ਜਾਣ ਦਾ ‘ਰਾਹ’ ਬਣਿਆ ਹੋਇਆ ਹੈ। ਇੱਥੇ ਫ਼ੌਜੀ ਚੌਕ ਤੋਂ ਲੈ ਕੇ ਘੋੜੇ ਵਾਲਾ ਚੌਕ ਤੱਕ ਹਰ ਦੂਜੀ ਇਮਾਰਤ ਵਿਚ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਖੁੱਲੇ ਹੋਏ ਹਨ। ਇਸੇ ਤਰ੍ਹਾਂ ਹੁਣ ਪਿਛਲੇ ਕੁੱਝ ਸਮੇਂ ਤੋਂ ਸਥਾਨਕ 100 ਫੁੱਟੀ ’ਤੇ ਬਣੇ ਨਵੇਂ ਸੋਅਰੂਮਾਂ ਵਿਚ ਵੀ ਇਹ ਸੈਂਟਰ ਚੱਲ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਦਿਨੀਂ ਜਲੰਧਰ ਦੇ ਇੱਕ ਏਜੰਟ ਵਲੋਂ ਗੈਰ-ਕਾਨੂੰਨੀ ਤਰੀਕੇ ਦੇ ਨਾਲ ਭੇਜੇ ਸੈਕੜੇ ਵਿਦਿਆਰਥੀਆਂ ਨੂੰ ਕੈਨੇਡਾ ਦੀ ਸਰਕਾਰ ਵਲੋਂ ਵਾਪਸ ਇੰਡੀਆ ਭੇਜਣ ਦਾ ਮਾਮਲਾ ਵੀ ਕਾਫ਼ੀ ਗਰਮਾਇਆ ਹੋਇਆ ਹੈ।
ਬਾਕਸ
ਪੈਸੇ ਬਣਾਉਣ ਦੇ ਚੱਕਰ ’ਚ ਵਿਦਿਆਰਥੀਆਂ ਨੂੰ ਕਰਦੇ ਹਨ ਗੁੰਮਰਾਹ
ਬਠਿੰਡਾ: ਜਿਕਰਯੋਗ ਹੈ ਕਿ ਇੰਨ੍ਹਾਂ ਗੈਰ ਕਾਨੂੰਨੀ ਤੌਰ ’ਤੇ ਖੁੱਲੇ ਹੋੲੈ ਸੈਟਰਾਂ ਵਿਚੋਂ ਜਿਆਦਤਰ ਉਪਰ ਪੈਸਾ ਕਮਾਉਣ ਲਈ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦੇ ਵੀ ਦੋਸ ਲੱਗਦੇ ਆ ਰਹੇ ਹਨ। ਇੰਨ੍ਹਾਂ ਸੈਂਟਰਾਂ ਦੇ ਪ੍ਰਬੰਧਕ ਵਿਦੇਸ਼ ’ਚ ਗਲਤ ਤੇ ਗੈਰ ਮਾਨਤਾ ਪ੍ਰਾਪਤ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾ ਦਿੰਦੇ ਹਨ, ਜਿਸਦੇ ਨਾਲ ਨਾ ਸਿਰਫ਼ ਉਨ੍ਹਾਂ ਦਾ ਪੈਸਾ, ਬਲਕਿ ਸਮਾਂ ਵੀ ਬਰਾਬਦ ਹੁੰਦਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਵਿਦੇਸ ਭੇਜਣ ਲਈ ਕਾਫ਼ੀ ਸਾਰੇ ਸੈਂਟਰ ਸੰਚਾਲਕ ਗਲਤ ਦਸਤਾਵੇਜ਼ਾਂ ਦਾ ਵੀ ਇਸਤੇਮਾਲ ਕਰਦੇ ਹਨ, ਜਿੰਨ੍ਹਾਂ ਦਾ ਖਮਿਆਜਾ ਵਿਦਿਆਰਥੀਆਂ ਨੂੰ ਵਿਦੇਸ਼ ਜਾ ਕੇ ਭੁਗਤਣਾ ਪੈਂਦਾ ਹੈ।
ਬਾਕਸ
ਰੀਪੋਰਟ ਮਿਲਣ ਤੋਂ ਬਾਅਦ ਹੋਵੇਗੀ ਵੱਡੀ ਕਾਰਵਾਈ: ਡੀਸੀ
ਬਠਿੰਡਾ: ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਿਰਫ਼ 300 ਦੇ ਕਰੀਬ ਆਈਲੈਟਸ ਤੇ ਇੰਮੀਗਰੇਸਨ ਸੈਂਟਰ ਹੀ ਰਜਿਸਟਰਡ ਹਨ ਜਦੋਂਕਿ ਜਾਂਚ ਦੌਰਾਨ ਸਾਹਮਣੇ ਆ ਰਿਹਾ ਹੈ ਕਿ ਖੁੰਬਾਂ ਵਾਂਗ ਦੁਕਾਨਾਂ ਖੁੱਲੀਆਂ ਹੋਈਆਂ ਹਨ। ਉਨ੍ਹਾਂ ਦਸਿਆ ਕਿ ਤਹਿਸੀਲਦਾਰਾਂ ਤੇ ਥਾਣਾ ਮੁਖੀਆਂ ਦੀਆਂ ਟੀਮਾਂ ਬਣਾ ਕੇ ਕੱਲੇ-ਕੱਲੇ ਸੈਂਟਰ ਦੀ ਜਾਂਚ ਕਰਵਾਈ ਜਾ ਰਹੀ ਹੈ ਤੇ ਰੀਪੋਰਟ ਮਿਲਣ ਤੋਂ ਬਾਅਦ ਇੰਨ੍ਹਾਂ ਗੈਰ-ਮਾਨਤਾ ਪ੍ਰਾਪਤ ਸੈਂਟਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਕਸ
ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਦਾ ਹੈ ਸਵਾਗਤ: ਰੁਪਿੰਦਰ ਸਿੰਘ ਖ਼ਾਲਸਾ
ਬਠਿੰਡਾ: ਉਧਰ ਆਈਲੈਟਸ ਇੰਸਟੀਚਿਊਟਜ ਅਤੇ ਇੰਮੀਗਰੇਸ਼ਨ ਸੈਂਟਰ ਦੀ ਸੰਸਥਾ ਦੇ ਸੀਨੀਅਰ ਮੈਂਬਰ ਅਤੇ ਈ-ਸਕੂਲ ਦੇ ਐਮ.ਡੀ ਰੁਪਿੰਦਰ ਸਿੰਘ ਖ਼ਾਲਸਾ ਨੇ ਜ਼ਿਲ੍ਹਾ ਪ੍ਰਸਾਸਨ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਸਦੇ ਨਾਲ ਨਾ ਸਿਰਫ਼ ਜਾਇਜ ਤੇ ਕਾਨੂੰਨੀ ਤੌੌਰ ’ਤੇ ਚੱਲ ਰਹੇ ਸੈਟਰਾਂ ਨੂੰ ਰਾਹਤ ਮਿਲੇਗੀ, ਬਲਕਿ ਹਜ਼ਾਰਾਂ ਦੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਠੱਗੀ-ਠੋਰੀ ਦਾ ਸਿਕਾਰ ਹੋਣ ਤੋਂ ਬਚ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵਲੋਂ ਵੀ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਖੋਲਣ ਦਾ ਸਵਾਗਤ ਕਰਦੇ ਹਨ ਪ੍ਰੰਤੂ ਉਨ੍ਹਾਂ ਨੂੰ ਇਸਦੇ ਲਈ ਨਿਯਮਾਂ ਤਹਿਤ ਲਾਇਸੰਸ ਤੇ ਹੋਰ ਜਰੂਰੀ ਰਸਮੀ ਕਾਰਵਾਈਆਂ ਨੂੰ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਮੁਦਈ ਬਣੇ ਕਾਤਲ, ਘਰੇਂ ਚੋਰੀ ਕਰਨ ਆਏ ਨੌਜਵਾਨ ’ਤੇ ਗੋਲੀ ਚਲਾਉਣੀ ਮਹਿੰਗੀ ਪਈ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਜੂਨ : ਜ਼ਿਲ੍ਹੇ ਦੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪਥਰਾਲਾ ’ਚ ਕੁੱਝ ਦਿਨ ਪਹਿਲਾਂ ਰਾਤ ਨੂੰ ਚੋਰੀ ਦੀ ਨੀਅਤ ਨਾਲ ਘਰ ’ਚ ਵੜੇ ਨੌਜਵਾਨਾਂ ’ਤੇ ਗੋਲੀ ਚਲਾਉਣੀ ਘਰ ਦੇ ਮਾਲਕਾਂ ਨੂੰ ਮਹਿੰਗੀ ਪੈ ਗਈ ਹੈ। ਇਸ ਮਾਮਲੇ ਵਿਚ ਪਹਿਲਾਂ ਜਿੱਥੇ ਸੰਗਤ ਪੁਲਿਸ ਨੇ ਘਰ ਦੇ ਮਾਲਕ ਦੀ ਸਿਕਾਇਤ ’ਤੇ ਕਥਿਤ ਚੋਰਾਂ ਵਿਰੁਧ ਪਰਚਾ ਦਰਜ ਕੀਤਾ ਸੀ ਪ੍ਰੰਤੂ ਹੁਣ ਗੋਲੀ ਲੱਗਣ ਕਾਰਨ ਜਖਮੀ ਹੋਏ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਅਪਣੀ ਰੱਖਿਆ ਲਈ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਹੀ ਕਾਤਲ ਬਣਾ ਦਿੱਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸਿਕਾਇਤ ’ਤੇ ਪਥਰਾਲਾ ਦੇ ਦੋ ਭਰਾਵਾਂ ਕੇ ਉਸਦੇ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰ ਦਿੱਤਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਸ ਘਟਨਾ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਪਿੰਡ ’ਚ ਤਨਾਅ ਬਣਿਆ ਹੋਇਆ ਸੀ। ਮਿਲੀ ਸੂਚਨਾ ਮੁਤਾਬਕ ਪਿੰਡ ਪਥਰਾਲਾ ਦੇ ਇੱਕ ਜਿਮੀਦਾਰ ਪ੍ਰੀਤਮ ਸਿੰਘ ਤੇ ਜਗਸੀਰ ਸਿੰਘ ਵਿਚ ਤਿੰਨ ਦਿਨ ਪਹਿਲਾਂ ਪਿੰਡ ਦੇ ਹੀ ਦੋ ਨੌਜਵਾਨ ਅੰਗਰੇਜ ਸਿੰਘ ਤੇ ਕਾਕਾ ਸਿੰਘ ਕਥਿਤ ਤੌਰ ’ਤੇ ਚੋਰੀ ਦੀ ਨੀਅਤ ਨਾਲ ਘਰ ਵਿਚ ਦਾਖ਼ਲ ਹੋ ਗਏ ਸਨ ਪ੍ਰੰਤੂ ਇਸਦਾ ਪਤਾ ਘਰ ਵਾਲਿਆਂ ਨੂੰ ਲੱਗ ਗਿਆ ਤੇ ਉਨ੍ਹਾਂ ਅਪਣੇ ਬਚਾਅ ਲਈ ਗੋਲੀ ਚਲਾ ਦਿੱਤੀ। ਇੱਕ ਨੌਜਵਾਨ ਦੇ ਗੋਲੀ ਲੱਗ ਗਈ, ਜਿਸ ਕਾਰਨ ਉਹ ਜਖਮੀ ਹੋ ਗਿਆ। ਬਾਅਦ ਵਿਚ ਉਸਦੀ ਪਹਿਚਾਣ ਪਿੰਡ ਦੇ ਹੀ ਅੰਗਰੇਜ ਸਿੰਘ ਦੇ ਤੌਰ ’ਤੇ ਹੋਈ। ਇਸਤੋਂ ਇਲਾਵਾ ਉਸਦੇ ਨਾਲ ਆਏ ਨੌਜਵਾਨ ਦੀ ਪਹਿਚਾਣ ਕਾਕਾ ਵਜੋਂ ਹੋਈ। ਇਸ ਮਾਮਲੇ ਵਿਚ ਜਿੱਥੇ ਜਖਮੀ ਨੌਜਵਾਨ ਨੂੰ ਇਲਾਜ ਲਈ ਏਮਜ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਸੀ, ਉਥੇ ਪ੍ਰੀਤਮ ਸਿੰਘ ਦੀ ਸਿਕਾਇਤ ਉਪਰ ਦੋਨਾਂ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਸੀ। ਪ੍ਰੰਤੂ ਬੀਤੀ ਰਾਤ ਇਲਾਜ ਦੌਰਾਨ ਅੰਗਰੇਜ ਸਿੰਘ ਦੀ ਮੌਤ ਹੋ ਗਈ। ਸੂਚਨਾ ਮੁਤਾਬਕ ਮੌਤ ਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਵਿਚ ਅੰਗਰੇਜ ਸਿੰਘ ਦੇ ਪ੍ਰਵਾਰ ਵਾਲੇ ਤੇ ਹੋਰ ਸਮਰਥਕ ਇਕੱਠੇ ਹੋ ਕੇ ਅੱਜ ਥਾਣੇ ਪੁੱਜੇ ਸਨ, ਜਿੰਨ੍ਹਾਂ ਇਸ ਮਾਮਲੇ ਵਿਚ ਗੋਲੀ ਚਲਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸੰਗਤ ਦੇ ਮੁਖੀ ਜਸਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਅੰਗਰੇਜ ਸਿੰਘ ਦੇ ਪਿਤਾ ਹੰਸਾ ਸਿੰਘ ਦੇ ਬਿਆਨਾਂ ਉਪਰ ਫ਼ਿਲਹਾਲ ਪ੍ਰੀਤਮ ਸਿੰਘ ਤੇ ਜਗਸੀਰ ਸਿੰਘ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ ਜਾਰੀ ਹੈ ਤੇ ਨੌਜਵਾਨ ਦੀ ਮੌਤ ਦੇ ਕਾਰਨਾਂ ਨੂੰ ਜਾਂਚਿਆ ਜਾ ਰਿਹਾ ਹੈ।
ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, ਪੰਜ ਮੋਟਰਸਾਈਕਲ ਬਰਾਮਦ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਜੂਨ : ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਵਾਹਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕੋਲੋ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕਰਵਾਏ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਕਥਿਤ ਦੋਸੀ ਰੂਪ ਸਿੰਘ ਵਾਸੀ ਡਿੱਖ ਨੂੰ ਲੰਘੀ 26 ਜੂਨ ਨੂੰ ਸਥਾਨਕ ਦਾਦੀਪੋਤੀ ਪਾਰਕ ਨਜਦੀਕ ਇੱਕ ਮੋਟਰਸਾਈਕਲ ਚੋਰੀ ਕਰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ। ਇਸ ਸਬੰਧ ਵਿਚ ਉਸਦੇ ਵਿਰੁਧ ਧਾਰਾ 379,411 ਅਤੇ 413 ਆਈ.ਪੀ.ਸੀ ਦਾ ਪਰਚਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਮੁਜਰਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿੱਥੇ ਪੁਛਗਿਛ ਦੌਰਾਨ ਕਥਿਤ ਦੋਸੀ ਨੇ ਹੋਰ ਮੋਟਰਸਾਈਕਲ ਚੋਰੀ ਕਰਨ ਦੀ ਵੀ ਗੱਲ ਕਬੂਲੀ ਅਤੇ ਉਸਦੇ ਕੋਲੋ ਤਿੰਨ ਸਪਲੈਂਡਰ ਅਤੇ ਦੋ ਡੀਲਕਸ ਮੋਟਰਸਾਈਕਲ ਬਰਾਮਦ ਕਰਵਾਏ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਵਿਰੁਧ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ਼ ਹਨ।
ਬਠਿੰਡਾ ’ਚ ਮੁਸਲਿਮ ਭਾਈਚਾਰੇ ਨੇ ਉਤਸਾਹ ਦੇ ਨਾਲ ਮਨਾਈ ਈਦ, ਇੱਕ ਦੂਜੇ ਨੂੰ ਗਲੇ ਮਿਲੀ ਦਿੱਤੀ ਵਧਾਈ
ਵਿਧਾਇਕ ਜਗਰੂਪ ਗਿੱਲ ਨੇ ਵੀ ਦਿੱਤੀ ਵਧਾਈ, ਡਿਪਟੀ ਕਮਿਸ਼ਨਰ ਨੇ ਵੀ ਦਰਗਾਹ ’ਚ ਪੁੱਜ ਕੇ ਨਮਾਜ ਪੜੀ
ਸੁਖਜਿੰਦਰ ਮਾਨ
ਬਠਿੰਡਾ, 29 ਜੂਨ : ਅੱਜ ਮੁਸਲਿਮ ਭਾਈਚਾਰੇ ਵੱਲੋਂ ਅਪਣੇ ਪਵਿੱਤਰ ਤਹਿਉਰ ਈਦ ਉੱਲ ਜੁੱਹਾ ਨੂੰ ਬਠਿੰਡਾ ਵਿਚ ਪੂਰੇ ਉਤਸਾਹ ਤੇ ਧੂਮ ਨਾਲ ਮਨਾਇਆ। ਇਸ ਮੌਕੇ ਸਥਾਨਕ ਆਵਾ ਬਸਤੀ ਅਤੇ ਬਾਬਾ ਹਾਜੀਰਤਨ ਮਸਜਿਦ ਵਿਚ ਵੱਡੀ ਪੱਧਰ ’ਤੇ ਭਾਈਚਾਰੇ ਦੇ ਲੋਕ ਇਕੱਠੇ ਹੋਏ, ਜਿੰਨ੍ਹਾਂ ਵਲੋਂ ਇੱਕ ਦੂਜੇ ਨੂੰ ਗਲੇ ਮਿਲ ਕੇ ਵਧਾਈ ਦਿੱਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵੀ ਸ਼ਮੂਲੀਅਤ ਕਰਦਿਆਂ ਨਮਾਜ ਅਦਾ ਕੀਤੀ। ਇਸਤੋਂ ਇਲਾਵਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਮੁਸਲਿਮ ਸਮਾਜ ਨੂੰ ਵਧਾਈ ਦਿੱਤੀ। ਇਸ ਦੌਰਾਨ ਮੁਸਲਿਮ ਹਿਊਮਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਲੀਮ ਮੁਹੰਮਦ, ਸੈਕਟਰੀ ਵਕੀਲ ਖ਼ਾਨ, ਖ਼ਜ਼ਾਨਚੀ ਇਮਰਾਨ ਖ਼ਾਨ ਅਤੇ ਅਬਦਲ ਗ਼ਨੀ ਆਦਿ ਨੇ ਦੱਸਿਆ ਕਿ ਮੌਲਵੀ ਰਮਜ਼ਾਨ ਦੁਆਰਾ 8.45 ਮਿੰਟ ਤੇ ਨਿਵਾਜ ਅਦਾ ਕੀਤੀ ਗਈ ਜਿਸ ਵਿਚ ਬਠਿੰਡਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ’ਚ ਨਮਾਜ ਪੜ੍ਹਨ ਲਈ ਪੁੱਜੇ। ਇਸਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਇਸ ਪ੍ਰੋਗਰਾਮ ਵਿਚ ਪੁੱਜ ਕੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵਧਾਈ ਦਿੰਦਿਆਂ ਭਾਈਚਾਰਕ ਸਾਂਝ ਦਾ ਸਨੇਹਾ ਦਿੱਤਾ। ਇਸ ਮੌਕੇ ਜੰਗ ਬਲੱਡ ਕਲੱਬ ਵੱਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।
ਵਧਦੀ ਮਹਿੰਗਾਈ ਵਿਰੁਧ ਸਾਬਕਾ ਕੌਂਸਲਰ ਨੇ ਕੀਤਾ ਅਨੋਖਾ ਪ੍ਰਦਰਸ਼ਨ, ਟਮਾਟਰਾਂ ਨਾਲ ਲੱਦਿਆ ਰਥ ਸੜਕਾਂ ’ਤੇ ਤੋਰਿਆਂ
ਸੁਖਜਿੰਦਰ ਮਾਨ
ਬਠਿੰਡਾ, 29 ਜੂਨ : ਅਪਣੇ ਵਿਲੱਖਣ ਪ੍ਰਦਰਸਨਾਂ ਲਈ ਜਾਣੇ ਜਾਂਦੇ ਲਾਈਨੋਪਾਰ ਇਲਾਕੇ ਦੇ ਸਾਬਕਾ ਕੋਂਸਲਰ ਵਿਜੇ ਕੁਮਾਰ ਨੇ ਅੱਜ ਪਿਛਲੇ ਕੁੱਝ ਦਿਨਾਂ ਤੋਂ ਸਬਜੀਆਂ ਤੇ ਖਾਸਕਰ ਟਮਾਟਰ ਦੇ ਭਾਅ ਵਿਚ ਹੋਏ ਬੇਹਤਾਸ਼ਾ ਵਾਧੇ ਵਿਰੁਧ ਅਨੌਖਾ ਪ੍ਰਦਰਸ਼ਨ ਕੀਤਾ। ਇਸਦੇ ਲਈ ਉਨ੍ਹਾਂ ਇਕ ਰਥ ਤਿਆਰ ਕੀਤਾ ਗਿਆ, ਜਿਸਨੂੰ ਟਮਾਟਰਾਂ ਦੇ ਹਾਰਾਂ ਨਾਲ ਸਿੰਗਾਰਿਆਂ ਗਿਆ ਤੇ ਇਸਨੂੰ ਸ਼ਹਿਰ ਦੀਆਂ ਸੜਕਾਂ ’ਤੇ ਤੋਰਿਆਂ। ਇਸਤੋਂ ਇਲਾਵਾ ਖੁਦ ਵੀ ਸਾਬਕਾ ਕੋਂਸਲਰ ਨੇ ਆਪਣੇ ਗਲ ਅਤੇ ਹੱਥਾਂ ਵਿਚ ਟਮਾਟਰਾਂ ਦੀ ਮਾਲਾ ਪਹਿਨੀ ਹੋਈ ਸੀ ਅਤੇ ਸਿਰ ਉਪਰ ਟਮਾਟਰਾਂ ਦਾ ਸਿਹਰਾ ਸਜਾਇਆ ਹੋਇਆ ਸੀ। ਇਸ ਮੌਕੇ ਅਪਣੇ ਹੱਥ ਵਿਚ ਨਕਲੀ ਪਿਸਤੌਲ ਫੜਕੇ ਰੱਥ ’ਤੇ ਬੈਠੇ ਹੋਏ ਸਾਬਕਾ ਕੋਂਸਲਰ ਹਰ ਇੱਕ ਦਾ ਧਿਆਨ ਅਪਣੇ ਵੱਲ ਖਿੱਚ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪਿਸਤੌਲ ਇਸ ਲਈ ਨਾਲ ਰੱਖਿਆ ਹੋਇਆ ਸੀ ਤਾਂ ਕਿ ਟਮਾਟਰਾਂ ਨੂੰ ਕੋਈ ਰਾਸਤੇ ਵਿਚ ਖੋਹ ਨਾ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ ਮੁਨਾਫ਼ਾਖੋਰ ਕਿਸਾਨਾਂ ਤੋਂ ਨਿਗੂਣੀਆਂ ਕੀਮਤਾਂ ’ਤੇ ਟਮਾਟਰ ਖ਼ਰੀਦ ਜਮਾਂ ਕਰ ਰਹੇ ਹਨ, ਜਿਸਦੇ ਕਾਰਨ ਟਮਾਟਰਾਂ ਦੇ ਰੇਟ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਜੀਆਂ ਦੀਆਂ ਕੀਮਤਾਂ ‘ਚ ਵਾਧੇ ਕਾਰਨ ਇੱਕ ਆਮ ਪ੍ਰਵਾਰ ਦੀ ਰਸੋਈ ਦਾ ਬਜਟ ਵਿਗੜ੍ਹ ਜਾਂਦਾ ਹੈ। ਜਿਸਦੇ ਚੱਲਦੇ ਸਰਕਾਰ ਨੂੰ ਤੁਰੰਤ ਮੁਨਾਫ਼ਾਖੋਰਾਂ ਤੇ ਜਮਾਂਖੋਰਾਂ ਵਿਰੁਧ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਟਮਾਟਰ ਦੀ ਕੀਮਤ 90 ਤੋਂ 100 ਪ੍ਰਤੀ ਕਿੱਲੋ ਤੱਕ ਪੁੱਜੀ ਹੋਈ ਹੈ।
ਅਧਿਆਪਕਾਂ ਦੀ ਤਰਜ ’ਤੇ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਵੀ ਤਨਖਾਹਾਂ ’ਚ ਕੀਤੀ ਵਾਧੇ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 29 ਜੂਨ: ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਕੀਤੇ ਵਾਧੇ ਦੀ ਤਰਜ਼ ’ਤੇ ਮਿੱਡ ਡੇ ਮੀਲ ਦੀਆਂ ਕੁੱਕ ਬੀਬੀਆਂ ਨੇ ਵੀ ਅਪਣੀਆਂ ਤਨਖਾਹਾਂ 3000 ਰੁਪਏ ਤੋਂ ਵਧਾਕੇ 9000 ਰੁਪਏ ਮਹੀਨਾ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਅੱਜ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਇਕੱਤਰਤਾ ਚਿਲਡਰਨ ਪਾਰਕ ਬਠਿੰਡਾ ਵਿਖੇ ਕੀਤੀ ਗਈ। ਇਸ ਮੌਕੇ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੂਬਾ ਮੀਤ ਪ੍ਰਧਾਨ ਜਲ ਕੌਰ ਲਹਿਰਾ ਬੇਗਾ, ਸਟੇਟ ਕਮੇਟੀ ਮੈਂਬਰ ਸਿੰਦਰ ਕੌਰ ਸਿਬੀਆ, ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਕਲਿਆਣ, ਜਨਰਲ ਸਕੱਤਰ ਅਮਨਦੀਪ ਕੌਰ ਬਠਿੰਡਾ ਨੇ ਕਿਹਾ ਕਿ ਪੰਜਾਬ ਵਿੱਚ ਮਿਡ ਡੇ ਮੀਲ ਕੁੱਕ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੀਆਂ ਹਨ, ਜਿਸ ਵਿਚ ਵਾਧੇ ਨੂੰ ਲੈ ਕੇ ਸਰਕਾਰ ਖਿਲਾਫ਼ ਲੰਮੇ ਸਮੇਂ ਤੋਂ ਕੁੱਕ ਬੀਬੀਆਂ ਸੰਘਰਸ਼ ਕਰ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਨ੍ਹਾਂ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਤਰਜੀਹ ਦੇ ਤੌਰ ’ਤੇ ਹੱਲ ਕੀਤਾ ਜਾਵੇਗਾ, ਪਰ ਅਜੇ ਤਾਂਈ ਕੋਈ ਐਲਾਨ ਨਹੀਂ ਕੀਤਾ। ਆਗੂਆਂ ਨੇ ਅੱਗੇ ਮੰਗ ਕੀਤੀ ਕਿ ਸਰਕਾਰ ਵੱਲੋਂ ਵਲੰਟੀਅਰਾਂ ਦੀਆਂ ਤਨਖਾਹਾਂ ਵਿੱਚ ਤਿੰਨ ਗੁਣਾਂ ਵਾਧਾ ਕਰਨ ਦਾ ਫੈਸਲਾ ਲਿਆ ਹੈ, ਇਸੇ ਤਰਜ ’ਤੇ ਕੁੱਕ ਦੀਆਂ ਤਨਖਾਹਾਂ ਵਿਚ ਵਾਧਾ, ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਜਾਵੇ। ਹਰ ਸਾਲ 5 ਪ੍ਰਤੀਸ਼ਤ ਤਨਖਾਹ ਵਾਧੇ ਦੇ ਐਲਾਨ ਨਾਲ ਕੁੱਕ ਦੀ ਤਨਖਾਹ ਨੂੰ ਵੀ ਜੋੜਿਆਂ ਜਾਵੇ। ਇਸ ਮੌਕੇ ਕੈਸ਼ੀਅਰ ਜਸਵੀਰ ਕੌਰ ਡਿੱਖ, ਸੀਨੀਅਰ ਮੀਤ ਪ੍ਰਧਾਨ ਆਸਾ ਰਾਣੀ ਬਠਿੰਡਾ, ਸਹਾਇਕ ਸਕੱਤਰ ਸਿਕੰਦਰ ਕੌਰ ਜੱਸੀ ਬਾਗ ਵਾਲੀ, ਮੀਤ ਪ੍ਰਧਾਨ ਆਸਾ ਰਾਣੀ ਮੌੜ , ਗੁਰਦੀਪ ਕੌਰ ਲਹਿਰਾ, ਖਾਤੋ ਦੇਵੀ ਮੰਡੀ ਕਲਾਂ, ਬਲਜੀਤ ਕੌਰ ਪੂਹਲਾ, ਮਨਜੀਤ ਕੌਰ ਮਗੇਰ ਮੁਹੱਬਤ,ਜਸਵਿੰਦਰ ਕੌਰ ਬੁਰਜ ਸੇਮਾ, ਜਮਨਾ ਦੇਵੀ ਬਠਿੰਡਾ, ਰਮਨਪ੍ਰੀਤ ਕੌਰ ਸੰਗਤ ਮੰਡੀ, ਆਦਿ ਵੀ ਹਾਜ਼ਰ ਸਨ।
