ਬੀਪੀਈਓ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਡੀ ਟੀ ਐੱਫ ਵੱਲੋਂ ਮੰਗ
ਸੁਖਜਿੰਦਰ ਮਾਨ
ਬਠਿੰਡਾ,14 ਜੂਨ :ਪੰਜਾਬ ਸਰਕਾਰ ਦੇ ਸਿੱਖਿਆ ਨੂੰ ਪਹਿਲ ਦੇਣ ਦੇ ਦਾਅਵੇ ਬੇ-ਬੁਨਿਆਦ ਨਜ਼ਰ ਆ ਰਹੇ ਹਨ, ਜਿਸ ਦਾ ਝਲਕਾਰਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 228 ਵਿੱਚੋਂ 111 ਅਸਾਮੀਆਂ (49 ਫੀਸਦੀ) ਦੇ ਖਾਲੀ ਹੋਣ ਵਿੱਚੋਂ ਨਜ਼ਰ ਪੈ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕੇ ਸਿੱਖਿਆ ਮੰਤਰੀ ਦੇ ਆਪਣੇ ਜ਼ਿਲ੍ਹੇ ਰੂਪਨਗਰ ਦੇ ਸਾਰੇ ਦੇ ਸਾਰੇ 10 ਸਿੱਖਿਆ ਬਲਾਕ ਬੀ.ਪੀ.ਈ.ਓ. ਤੋਂ ਵਾਂਝੇ ਹਨ ਅਤੇ ਆਰਜ਼ੀ ਪ੍ਰਬੰਧ ਰਾਹੀਂ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਨਵਾਂ ਸ਼ਹਿਰ, ਮਾਨਸਾ ਅਤੇ ਅੰਮ੍ਰਿਤਸਰ ਜਿਲ੍ਹਿਆਂ ਵਿੱਚ ਕੇਵਲ ਇੱਕ-ਇੱਕ ਬੀ.ਪੀ.ਈ.ਓ. ਰਾਹੀਂ ਬਾਹਰਲੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਆਰਜ਼ੀ ਪ੍ਰਬੰਧ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੋਂਗਾ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਸੂਬਾ ਕਮੇਟੀ ਆਗੂ ਬੂਟਾ ਸਿੰਘ ਰੋਮਾਣਾ ਨੇ ਇਸ ਸਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਬੀ.ਪੀ.ਈ.ਓ. ਦੀਆਂ ਬਠਿੰਡਾ ਜ਼ਿਲੇ ਵਿਚ 7 ਵਿੱਚੋ 4 ਅਸਾਮੀਆਂ ਖਾਲੀ ਹੋਣ ਕਾਰਨ ਸਿੱਖਿਆ ਦੇ ਮੁੱਢਲੇ ਅਧਾਰ ਪ੍ਰਾਇਮਰੀ ਸਿੱਖਿਆ, ਮਿਡ ਦੇ ਮੀਲ, ਕਿਤਾਬਾਂ ਤੇ ਗਰਾਂਟਾਂ ਦੀ ਵੰਡ ਅਤੇ ਕਈ ਅਹਿਮ ਵਿੱਦਿਅਕ ਸਕੀਮਾਂ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਬੀ.ਪੀ.ਈ.ਓਜ਼. ਨੂੰ ਕਈ-ਕਈ ਬਲਾਕਾਂ ਦਾ ਵਾਧੂ ਚਾਰਜ ਚਾਰਜ ਹੋਣ ਕਾਰਨ ਵਧੇਰੇ ਮਾਨਸਿਕ ਦਬਾਅ ਝੱਲਣਾ ਪੈ ਰਿਹਾ ਹੈ।ਡੀ ਟੀ ਐੱਫ ਦੇ ਆਗੂਆਂ ਗੁਰਮੇਲ ਸਿੰਘ ਮਲਕਾਣਾ,ਹਰਜਿੰਦਰ ਸੇਮਾ,ਗੁਰਪਾਲ ਸਿੰਘ, ਅਮਰਦੀਪ ਸਿੰਘ, ਅੰਗਰੇਜ ਮੌੜ,ਸੁਨੀਲ ਕੁਮਾਰ, ਅਮ੍ਰਿਤਪਾਲ ਸਿੰਘ ਸੇਨੇਵਾਲਾ,ਜਗਤਾਰ ਸੰਦੋਹਾ,ਲਖਵਿੰਦਰ ਸਿੰਘ ਗੋਨਿਆਣਾ,ਨਛੱਤਰ ਜੇਠੂਕੇ ਨੇ ਮੰਗ ਕੀਤੀ ਕਿ ਬੀ.ਪੀ.ਈ.ਓ. ਦੀਆਂ ਅਸਾਮੀਆਂ 75% ਤਰੱਕੀ ਕੋਟੇ ਅਨੁਸਾਰ ਤਰੱਕੀ ਅਤੇ ਬਾਕੀ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣ। ਇਸਦੇ ਨਾਲ ਹੀ ਸੈਂਟਰ ਹੈਡ ਟੀਚਰ ਤੋਂ ਬੀ ਪੀ ਈ ਓ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਢਿੱਲਾ ਰਵਈਆ ਅਪਨਾਉਣ ਦੀ ਥਾਂ ਤੇਜ਼ੀ ਲਿਆਂਦੀ ਜਾਵੇ ਅਤੇ ਸੈਂਟਰ ਹੈਡ ਟੀਚਰ ਦੀ ਸੀਨੀਆਰਤਾ ਜਿਲ੍ਹਾ ਕਾਡਰ ਅਨੁਸਾਰ ਤਿਆਰ ਕਰਕੇ ਮੁਕੰਮਲ ਕੀਤੀ ਜਾਵੇ ਤਾਂ ਜੋ ਸਾਰੇ ਜਿਲ੍ਹਿਆਂ ਨੂੰ ਪ੍ਰਾਇਮਰੀ ਦੇ ਜਿਲ੍ਹਾ ਕਾਡਰ ਹੋਣ ਦੇ ਅਧਾਰ ’ਤੇ ਵਾਜਿਬ ਮੌਕਾ ਮਿਲੇ ਸਕੇ ਅਤੇ ਜਿਆਦਾ ਦੂਰੀ ਕਾਰਨ ਬਾਹਰਲੇ ਜਿਲ੍ਹਿਆਂ ਵਿੱਚ ਤਰੱਕੀ ਲੈਣ ਤੋਂ ਇਨਕਾਰ ਕਰਨ ਦੇ ਮਾਮਲਿਆਂ ਨੂੰ ਘਟਾਇਆ ਜਾ ਸਕੇ। ਇੱਥੇ ਜ਼ਿਕਰਯੋਗ ਹੈ ਬੀ.ਪੀ.ਈ.ਓ. ਸਿੱਧੀ ਭਰਤੀ ਦੀਆਂ 75 ਅਸਾਮੀਆਂ ਦੇ ਇਸ਼ਤਿਹਾਰ ਦਾ ਮਾਮਲਾ ਲੰਮੇ ਸਮੇਂ ਤੋਂ ਕਾਨੂੰਨੀ ਅੜਿੱਕੇ ਵਿੱਚ ਹੈ ਕਿਉਂਕਿ ਪਿਛਲੀ ਸਰਕਾਰ ਦੌਰਾਨ ਬੀ.ਪੀ.ਈ.ਓ., ਹੈੱਡਮਾਸਟਰ ਅਤੇ ਪ੍ਰਿੰਸੀਪਲ ਕਾਡਰ ਲਈ ਤਰੱਕੀ ਕੋਟਾ 75% ਤੋਂ ਘਟਾ ਕੇ 50% ਕਰ ਦਿੱਤਾ ਗਿਆ ਸੀ ਜਿਸ ਨੂੰ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਕਾਨੂੰਨੀ ਅੜਿੱਕਿਆਂ ਵਿੱਚੋਂ ਕੱਢਣ ਲਈ ਤਰੱਕੀ ਕੋਟਾ ਮੁੜ ਤੋਂ 75% ਕਰਕੇ ਰਹਿੰਦੀ ਸਿੱਧੀ ਭਰਤੀ ਨੂੰ ਫੌਰੀ ਮੁਕੰਮਲ ਕਰਨਾ ਚਾਹੀਂਦਾ ਹੈ।
ਜ਼ਿਲਾ ਬਠਿੰਡਾ ਵਿਚ ਬਲਾਕ ਪ੍ਰਾਇਮਰੀ ਸਿਖਿਆ ਅਫਸਰਾਂ ਦੀਆਂ 7 ਵਿੱਚੋ 4 ਅਸਾਮੀਆਂ ਖਾਲੀ
ਪੰਜਾਬ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤੇ ਡੀ ਸੀ ਦਫਤਰ ਬਠਿੰਡਾ ਦੇ ਅੱਗੇ ਰੋਸ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 14 ਜੂਨ: ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਬਠਿੰਡਾ ਇਕਾਈ ਵੱਲੋਂ ਡੀ ਸੀ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਪੈਨਸ਼ਨਰਾਂ ਉੱਤੇ ਵੀ 2.59 ਲਾਗੂ ਕੀਤਾ ਜਾਵੇ,1.7.2015 ਤੋਂ ਡੀ ਏ ਦੀ 6% ਕਿਸ਼ਤ ਦਾ ਬਕਾਇਆ ਦਿੱਤਾ ਜਾਵੇ, ਪੈਨਸ਼ਨਰਾਂ ਨੂੰ 2000 ਰੁਪੈ ਬੱਝਵਾਂ ਮੈਡੀਕਲ ਭੱਤਾ ਦਿੱਤਾ ਜਾਵੇ,1-1-2016 ਤੋਂ ਬਾਅਦ ਸੇਵਾ ਨਵਿਰਤ ਪੈਨਸ਼ਨਰਾਂ ਤੇ ਸੋਧੀ ਲੀਵ ਇਨ ਕੈਸ਼ਮੈਂਟ ਅਤੇ ਗਰੈਚੁਟੀ ਤਰੁੰਤ ਦਿੱਤੀ ਜਾਵੇ ਅਤੇ ਪੈਨਸ਼ਨਰਾਂ ਉੱਤੇ ਵੀ ਸਾਬਕਾ ਫੌਜੀਆਂ ਵਾਂਗ ਕੈਸ਼ਲੈਸ ਸੇਵਾ ਤਰੁੰਤ ਲਾਗੂ ਕੀਤੀ ਜਾਵੇ ਆਦਿ ਮੰਗਾਂ ਤੇ ਪੈਨਸ਼ਨਰਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ।ਪਰ ਪੰਜਾਬ ਸਰਕਾਰ ਵੱਲੋਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।ਜਿਸ ਕਾਰਨ ਪੰਜਾਬ ਭਰ ਦੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜੇਕਰ ਅਜੇ ਵੀ ਸਰਕਾਰ ਨੇ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਅੱਜ ਦੇ ਧਰਨੇ ਵਿੱਚ ਬੁਲਾਰੇ ਪੈਨਸ਼ਨਰਜ਼ ਵੈੱਲਫੇਅਰ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਮੌੜ,ਮਨਜੀਤ ਸਿੰਘ ਧੰਜਲ ਪੀ ਐਸ ਪੀ ਸੀ ਐਲ, ਸੁਖਜੀਤ ਸਿੰਘ ਪੀ ਆਰ ਟੀ ਸੀ, ਆਤਮਤੇਜ ਸ਼ਰਮਾਂ ਭਗਤਾ, ਕਿਸਾਨ ਆਗੂ ਨੈਬ ਸਿੰਘ, ਮਹਿੰਦਰ ਪਾਲ ਪੀ ਐਸ ਪੀ ਸੀ ਐਲ, ਕੈਲਾਸ਼ ਕੁਮਾਰ ਪੰਜਾਬ ਪੁਲਿਸ, ਅਮਰਜੀਤ ਸਿੰਘ ਕਾਨੂੰਨਗੋ, ਹਰਭਜਨ ਸਿੰਘ ਬਲਾਕ ਪਰਧਾਨ ਰਾਮਪੁਰਾ, ਬਲਦੇਵ ਸਿੰਘ ਤਲਵੰਡੀ ਸਾਬੋ, ਗਗਨਦੀਪ ਸਿੰਘ ਪਰਧਾਨ ਪੈਰਾ ਮੈਡੀਕਲ, , ਜਿਲ੍ਹਾ ਸਕੱਤਰ ਰਣਜੀਤ ਸਿੰਘ। ਧਰਨੇ ਦੌਰਾਨ ਕੇੰਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਉਤੇ ਕੀਤੇ ਲਾਠੀ ਚਾਰਜ, ਸੂਬਾ ਸਰਕਾਰ ਵੱਲੋਂ ਵਧਾਈਆਂ ਤੇਲ ਕੀਮਤਾਂ, ਦੇ ਨਿਖੇਧੀ ਮਤੇ ਪਾਸ ਕੀਤੇ, ਪਹਿਲਵਾਨ ਬੀਬੀਆਂ ਦੀ ਹਮਾਇਤ ਵਿੱਚ ਮਤਾ ਪਾਸ ਕੀਤਾ ਗਿਆ, ਅੰਤ ਵਿੱਚ ਤਹਿਸੀਲ ਦਾਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ।’
ਨਰੇਗਾ ਮਜਦੂਰੀ ਲੈ ਕੇ ਘਰ ਵਾਪਸ ਆ ਰਹੀ ਔਰਤ ਤੋਂ ਲੁਟੇਰਿਆਂ ਨੇ ਨਗਦੀ, ਮੋਬਾਇਲ ਤੇ ਜਰੂਰੀ ਕਾਗਜ਼ ਖੋਹੇ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ ,14 ਜੂਨ: ਇਲਾਕੇ ’ਚ ਲੁਟੇਰਿਆਂ ਦਾ ਖੌਫ਼ ਦਿਨੋਂ-ਦਿਨ ਵਧਣ ਲੱਗਿਆ ਹੈ। ਹਰ ਰੋਜ਼ ਲੁੱਟ ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਆਮ ਸਹਿਰੀ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਤਾਜ਼ਾ ਵਾਪਰੀ ਇੱਕ ਘਟਨਾ ਵਿਚ ਅੱਜ ਮਾਨਸਾ ਰੋਡ ’ਤੇ ਸਥਿਤ ਜੱਸੀ ਪੌ ਵਾਲੀ ਚੌਂਕ ਕੋਲੋਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਇੱਕ ਗਰੀਬ ਔਰਤ ਦਾ ਬੈਗ ਖੋਹ ਕੇ ਭੱਜ ਗਏ। ਗਰੀਬ ਪ੍ਰਵਾਰ ਨਾਲ ਸਬੰਧਤ ਇਹ ਔਰਤ ਜੱਸੀ ਚੌਕ ਕੋਲ ਸਥਿਤ ਇੱਕ ਬੈਂਕ ਤੋਂ ਅਪਣੀ ਬਣਦੀ ਮਨਰੇਗਾ ਦੀ ਮਜ਼ਦੂਰੀ ਦੇ ਪੈਸੇ ਕਢਵਾ ਕੇ ਘਰ ਨੂੰ ਵਾਪਸ ਜਾ ਰਹੀ ਸੀ। ਇਹ ਘਟਨਾ ਚੌਕ ਅਤੇ ਪਿੰਡ ਜੱਸੀ ਦੇ ਵਿਚਕਾਰ ਇੱਕ ਪੈਟਰੋਲ ਪੰਪ ਨਜਦੀਕੀ ਵਾਪਰੀ। ਪੀੜਤ ਔਰਤ ਨੇ ਰੌਂਦੇ ਹੋਏ ਦਸਿਆ ਕਿ ਉਸਦੇ ਬੈਗ ਵਿੱਚ ਜਿੱਥੇ ਮਨਰੇਗਾ ਮਜ਼ਦੂਰੀ ਦੇ 2000 ਰੁਪਏ ਅਤੇ ਇੱਕ ਮੋਬਾਇਲ ਫੋਨ ਸੀ, ਉਥੇ ਉਸਦੇ ਵਿਚ ਜਰੂਰੀ ਕਾਗਜ ਸਨ। ਇਸ ਔਰਤ ਨੇ ਗਲਾ ਭਰਦੇ ਹੋਏ ਜਿੱਥੇ ਅਪਣੀ ਮਹੀਨੇ ਦੀ ਖੁੱਸ ਚੁੱਕੀ ਕਮਾਈ ਤੇ ਔਖਾ ਨਾਲ ਖ਼ਰੀਦਿਆਂ ਮੋਬਾਇਲ ਫ਼ੋਨ ਖੋਹਣ ਦਾ ਦਰਦ ਜਾਹਰ ਕੀਤਾ, ਉਥੇ ਲੁਟੇਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਸ਼ੱਕ ਉਸਦੇ 2000 ਰੁਪਏ ਰੱਖ ਲੈਣ ਪਰੰਤੁ ਮੋਬਾਇਲ ਫੋਨ ਤੇ ਜਰੂਰੀ ਕਾਗਜ ਵਾਪਸ ਕਰ ਦੇਣ। ਇਸ ਦੌਰਾਨ ਕੁੱਝ ਲੋਕਾਂ ਨੇ ਉਕਤ ਔਰਤ ਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਅੱਪਲੋਡ ਕੀਤੀ ਹੈ।
ਬਠਿੰਡਾ ਦੇ ਸਿਵਲ ਹਸਪਤਾਲ ’ਚ ਦਾਖਲ ਔਰਤ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਹੋਈ ਮੌਤ
ਸੁਖਜਿੰਦਰ ਮਾਨ
ਬਠਿੰਡਾ, 14 ਜੂਨ: ਸਥਾਨਕ ਸਿਵਲ ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਦਾਖਲ ਇੱਕ ਔਰਤ ਦੀ ਅੱਜ ਸ਼ਾਮ ਵਾਰਡ ਦੀ ਬਾਲਕੋਨੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਔਰਤ ਦੀ ਪਹਿਚਾਣ ਸੁਨੀਤਾ ਰਾਣੀ (38 ਸਾਲ) ਪਤਨੀ ਰਾਜੂ ਰਾਮ ਵਾਸੀ ਪਿੰਡ ਮਧੀਰ ਜ਼ਿਲ੍ਹਾ ਮੁਕਤਸਰ ਦੇ ਤੌਰ ’ਤੇ ਹੋਈ ਹੈ। ਪਰਵਾਰ ਵਾਲਿਆਂ ਮੁਤਾਬਕ ਉਸਨੂੰ ਪੱਥਰੀ ਦੇ ਇਲਾਜ ਲਈ ਬੀਤੇ ਕੱਲ੍ਹ ਹੀ ਹਸਪਤਾਲ ਦੇ ਸਰਜੀਕਲ ਵਾਰਡ ’ਚ ਦਾਖਲ ਕਰਵਾਇਆ ਗਿਆ ਸੀ। ਘਟਨਾ ਤੋਂ ਬਾਅਦ ਔਰਤ ਦੇ ਪਤੀ ਰਾਜੂ ਰਾਮ ਨੇ ਦੱਸਿਆ ਕਿ ਉਹ ਕੁਝ ਸਮੇਂ ਲਈ ਨੇੜਲੇ ਵਾਰਡ ਵਿੱਚ ਕਿਸੇ ਕੰਮ ਲਈ ਗਿਆ ਸੀ ਅਤੇ ਵਾਪਸੀ ’ਤੇ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਸੁਨੀਤਾ ਬੈੱਡ ’ਤੇ ਨਹੀਂ ਸੀ। ਉਸਨੇ ਆਪਣੇ ਬੇਟੇ ਨੂੰ ਬੁਲਾਇਆ ਅਤੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ। ਸਰਜੀਕਲ ਵਾਰਡ ਦੇ ਦੂਜੇ ਪਾਸੇ ਇਹ ਔਰਤ ਜ਼ਮੀਨ ’ਤੇ ਪਈ ਮਿਲੀ, ਉਸ ਦੇ ਮੂੰਹ ’ਚੋਂ ਖੂਨ ਵਹਿ ਰਿਹਾ ਸੀ। ਮੌਕੇ ’ਤੇ ਮੌਜੂਦ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਔਰਤ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ।ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਔਰਤ ਮਾਨਸਿਕ ਤੌਰ ’ਤੇ ਵੀ ਬਿਮਾਰ ਸੀ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਖੂਨਦਾਨ ਕਰਨ ਨਾਲ ਰਹਿੰਦੀ ਹੈ ਆਪਸੀ ਭਾਈਚਾਰਕ ਸਾਂਝ ਕਾਇਮ : ਜਗਰੂਪ ਸਿੰਘ ਗਿੱਲ
‘ਕਾਫ਼ਲਾ ਖੂਨਦਾਨੀਆਂ ਦਾ’ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 14 ਜੂਨ: ਖੂਨਦਾਨ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਹੈ। ਖੂਨ ਕਦੇ ਵੀ ਧਰਮ, ਜਾਤੀ ਤੇ ਮਜ਼ਹਬ ਨੂੰ ਨਹੀਂ ਦੇਖਦਾ ਅਤੇ ਇਹ ਹਮੇਸ਼ਾ ਜਾਨ ਬਚਾੳਂਦਾ ਹੈ ਉਹ ਭਾਵੇਂ ਕਿਸੇ ਵੀ ਜਾਤ ਦਾ ਵਿਅਕਤੀ ਹੋਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕਰਦਿਆਂ ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਥਾਨਕ ਦਫ਼ਤਰ ਰੈੱਡ ਕਰਾਸ ਵਿਖੇ ਤੋਂ ’ਕਾਫ਼ਲਾ ਖੂਨਦਾਨੀਆਂ ਦਾ’ ਨੂੰ ਹਰੀ ਝੰਡੀ ਦੇਣ ਉਪਰੰਤ ਕੀਤਾ। ਇਸ ‘ਕਾਫ਼ਲੇ’ ਵਿਚ ਖੂਨਦਾਨ ਦੇ ਖੇਤਰ ਚ ਕੰਮ ਕਰ ਰਹੀਆਂ ਕਰੀਬ 50 ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ। ਇਹ ਕਾਫ਼ਲਾ ਬੱਸ ਸਟੈਂਡ, ਕੋਰਟ ਰੋਡ, ਮਹਿਣਾ ਚੌਂਕ, ਆਰੀਆ ਸਮਾਜ ਚੌਕ, ਕਿੱਕਰ ਬਜ਼ਾਰ, ਸਦਭਾਵਨਾ ਚੌਂਕ, ਧੋਬੀ ਬਜ਼ਾਰ ਹੁੰਦਾ ਹੋਇਆ ਪਾਣੀ ਵਾਲੀ ਟੈਂਕੀ, ਸੁਭਾਸ਼ ਪਾਰਕ, ਫਾਇਰ ਸਟੇਸ਼ਨ ਵਿਖੇ ਸਮਾਪਤ ਹੋਇਆ। ਸਮਾਪਤੀ ਸਮਾਰੋਹ ਮੌਕੇ ਬਲੱਡ ਡੋਨੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਉੱਘੀਆ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਰੈਡ ਕਰਾਸ ਸੁਸਾਇਟੀ ਤੇ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੀਆਂ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਖੂਨਦਾਨ ਦਿਵਸ ਦੀ ਵਧਾਈ ’ਤੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਖੂਨਦਾਨ ਕਰਨਾ ਚਾਹੀਦਾ ਹੈ ਜੋ ਕਿ ਬਹੁਤ ਸਾਰੀਆਂ ਜਿੰਦਗੀਆਂ ਨੂੰ ਬਚਾਉਂਣ ਲਈ ਸਹਾਈ ਸਿੱਧ ਹੁੰਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ ਨੇ ਕਿਹਾ ਕਿ ਖੂਨਦਾਨ ਕਰਨ ਦਾ ਫੈਸਲਾ ਇੱਕ ਜਾਂ ਕਈ ਜ਼ਿੰਦਗੀਆਂ ਬਚਾ ਸਕਦਾ ਹੈ ਤੇ ਖੂਨਦਾਨ ਕਰਨ ਵਾਲੇ ਨੂੰ ਵੀ ਇਸਦੇ ਬਹੁਤ ਫਾਇਦੇ ਹੁੰਦੇ ਹਨ। ਖੂਨਦਾਨ ਨਾਲ ਦਿਲ ਦਾ ਦੌਰਾ ਤੇ ਸਟਰੋਕ ਅਟੈਕ ਹੋਣ ਦੀ ਸੰਭਾਵਨਾ ਵੀ ਘੱਟਦੀ ਹੈ। ਇਸ ਮੌਕੇ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਨੇ ਦਸਿਆ ਕਿ ਅੱਜ ਇਸ ਦਿਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਉੱਥੇ ਹੀ 93 ਯੂਨਿਟ ਖੂਨ ਇਕੱਤਰ ਵੀ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਦੇ ਇੰਚਾਰਜ ਡਾ. ਰਿਤਿਕਾ, ਡਾ. ਗੁੰਜਨ, ਜ਼ਿਲ੍ਹਾ ਟਰੇਨਿੰਗ ਅਫ਼ਸਰ ਨਰੇਸ਼ ਪਠਾਣੀਆਂ, ਯੂਨਾਇਟਿਡ ਵੈਲਫ਼ੇਅਰ ਸੁਸਾਇਟੀ ਦੇ ਬਾਨੀ ਵਿਜੈ ਭੱਟ, ਡਿਪਟੀ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਣਾ, ਬੀਸੀਸੀ ਨਰਿੰਦਰ ਕੁਮਾਰ, ਐਮਸੀ ਸੁਖਦੀਪ ਸਿੰਘ ਢਿੱਲੋਂ, ਸਾਹਿਲ ਪੁਰੀ, ਗਗਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਪਟਿਆਲਾ ਘਟਨਾ ਦੇ ਰੋਸ਼ ਵਜੋਂ ਸਿੱਧੂਪੁਰ ਜਥੇਬੰਦੀ ਨੇ ਬਠਿੰਡਾ ’ਚ ਕਈ ਥਾਂ ਸੜਕਾਂ ਕੀਤੀਆਂ ਜਾਮ
ਪੁਲਿਸ ਨੇ ਸਖ਼ਤੀ ਦਿਖਾਉਂਦਿਆਂ ਗੋਨਿਆਣਾ ਕੋਲੋਂ ਕਿਸਾਨਾਂ ਨੂੰ ਜਬਰੀ ਹਿਰਾਸਤ ’ਚ ਲਿਆ
ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਕਿਸਾਨ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫ਼ਤਾਰ ਤੋਂ ਭੜਕੇ ਕਿਸਾਨਾਂ ਵਲੋਂ ਅੱਜ ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ’ਚ ਸੜਕਾਂ ਨੂੰ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਵਲੋਂ ਗੋਨਿਆਣਾ ਨਜਦੀਕ ਬਠਿੰਡਾ-ਅੰਮ੍ਰਿਤਸਰ ਹਾਈਵੇਅ, ਲਹਿਰਾ ਮੁਹੱਬਤ ਵਿਖੇ ਬਠਿੰਡਾ-ਚੰਡੀਗੜ੍ਹ, ਨਥਾਣਾ, ਮੋੜ , ਰਾਮਪੁਰਾ , ਤਲਵੰਡੀ ਅਤੇ ਸੰਗਤ ਬਲਾਕ ਵਿਚ ਵੀ ਵੱਖ ਵੱਖ ਸੂਬਾਈ ਮਾਰਗਾਂ ਨੂੰ ਜਾਮ ਕੀਤਾ ਗਿਆ। ਇਸ ਦੌਰਾਨ ਗੋਨਿਆਣਾ ਮੰਡੀ ਦੇ ਹਨੂਮਾਨ ਮੰਦਰ ਨਜ਼ਦੀਕ ਸਿੱਧੂਪੁਰ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆ ਵਾਲਾ ਅਤੇ ਰਣਜੀਤ ਸਿੰਘ ਜੀਂਦਾ ਦੀ ਅਗਵਾਈ ਹੇਠ ਲੱਗੇ ਧਰਨਾ ਨੂੰ ਖ਼ਤਮ ਕਰਵਾਉਣ ਲਈ ਐਸ.ਪੀ ਐਚ.ਐਸ.ਸੰਘਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਸਖ਼ਤੀ ਵਰਤਦਿਆਂ ਕਿਸਾਨਾਂ ਨੂੰ ਜਬਰੀ ਹਿਰਾਸਤ ਵਿਚ ਲੈ ਕੇ ਕੋਟਸਮੀਰ ਤੇ ਬੱਲੂਆਣਾ ਆਦਿ ਪੁਲਿਸ ਚੌਕੀ ਵਿਚ ਬੰਦ ਕਰ ਦਿੱਤਾ। ਇਸ ਮੌਮੇ ਕਿਸਾਨਾਂ ਨੇ ਵੀ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿਚ ਖੜਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਆਗੂ ਕੁਲਵੰਤ ਸਿੰਘ ਨੇਹੀਆ ਵਾਲਾ, ਰਣਜੀਤ ਸਿੰਘ ਜੀਂਦਾ , ਗੇਜਾ ਸਿੰਘ ਲਖੀ ਜੰਗਲ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਾਵਰਕੌਮ ਨਾਲ ਸਬੰਧਿਤ ਕਿਸਾਨਾਂ ਦੀਆਂ ਮੰਗਾਂ ਲਟਕ ਰਹੀਆਂ ਹਨ। ਹਾਲਾਂਕਿ ਦੇਰ ਸ਼ਾਮ ਇੰਨ੍ਹਾਂ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਪ੍ਰੰਤੂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁਧ ਅਪਣਾ ਸੰਘਰਸ਼ ਜਾਰੀ ਰੱਖਣਗੇ।
ਅਗੇਤੇ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ, ਬੀਜਾਂਦ ਵੀ ਰਿਕਾਰਡ ਹੇਠਲੇ ਪੱਧਰ ’ਤੇ ਪੁੱਜੀ
ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਬਠਿੰਡਾ ਪੱਟੀ ’ਚ ਨਰਮੇ ਦੀ ਅਗੇਤੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਘੇਰ ਲਿਆ ਹੈ। ਸਰੋ ਦੀ ਫ਼ਸਲ ਕੱਟ ਕੇ ਬੀਜ਼ੇ ਨਰਮੇ ਅਤੇ ਅਗੇਤੀ ਫ਼ਸਲ ਉਪਰ ਹੁਣ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ। ਹਾਲਾਕਿ ਭੂਰੀ ਜੂੰਅ ਦਾ ਹਮਲਾ ਵੀ ਕਿਤੇ ਕਿਤੇ ਦੇਖਣ ਨੂੰ ਮਿਲਿਆ ਹੈ ਪ੍ਰੰਤੂ ਸ਼ੁਰੂਆਤੀ ਦੌਰ ’ਚ ਹੀ ਗੁਲਾਬੀ ਸੁੰਡੀ ਦੇ ਪ੍ਰਕੋਪ ਨੇ ਕਿਸਾਨਾਂ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦੇ ਮੱਥੇ ’ਤੇ ਚਿੰਤਾਂ ਦੀਆਂ ਲਕੀਰਾਂ ਲਿਆ ਦਿੱਤੀਆਂ ਹਨ। ਇਸ ਪ੍ਰਕੋਪ ਦੇ ਚੱਲਦਿਆਂ ਹੀ ਕਿਸਾਨਾਂ ਨੇ ‘ਚਿੱਟੇ ਸੋਨੇ’ ਦੀ ਫ਼ਸਲ ਬੀਜਣ ਤੋਂ ਟਾਲਾ ਵੱਟ ਲਿਆ ਹੈ। ਇਹ ਪਹਿਲੀ ਵਾਰ ਹੈ ਕਿ ਨਰਮਾ ਪੱਟੀ ਦਾ ਕਿਸੇ ਸਮੇਂ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਜ਼ਿਲ੍ਹੇ ਵਿਚ ਨਰਮੇ ਦੀ ਬੀਜਾਂਦ 30 ਹਜ਼ਾਰ ਹੈਕਟੇਅਰ ਤੋਂ ਵੀ ਥੱਲੇ ਰਹਿ ਗਈ ਹੈ। ਇਹ ਅੰਕੜਾਂ ਹੁਣ ਤੱਕ ਦਾ ਸਭ ਤੋਂ ਘੱਟ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਕਾਫ਼ੀ ਕੋਸ਼ਿਸਾਂ ਦੇ ਬਾਅਦ ਜਿਲ੍ਹੇ ਵਿਚ 34 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋ ਗਈ ਸੀ ਪ੍ਰੰਤੂ ਪਿਛਲੇ ਸਮੇਂ ਦੌਰਾਨ ਹੋਈਆਂ ਬਾਰਸਾਂ ਕਾਰਨ ਕਾਫ਼ੀ ਸਾਰੀ ਨਰਮੇ ਦੀ ਫ਼ਸਲ ਕਰੰਡ ਹੋ ਗਈ ਹੈ। ਪਿਛਲੇ ਸਾਲ ਬਠਿੰਡਾ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਦੇ ਅਪਣੇ ਅੰਕੜਿਆਂ ਮੁਤਾਬਕ 62 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋਈ ਸੀ ਤੇ ਇਸ ਸਾਲ ਇਹ ਟੀਚਾ ਵਧਾ ਕੇ 80 ਹਜ਼ਾਰ 200 ਹੈਕਟੇਅਰ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿਚ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜਨ ਵਿਚ 60 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਦਾ ਟੀਚਾ ਸੀ ਪ੍ਰੰਤੂ ਹਕੀਕਤ ਵਿਚ ਇਸਤੋਂ ਕਿਤੇ ਘੱਟ ਰਕਬੇ ਵਿਚ ਨਰਮੇ ਦੀ ਫ਼ਸਲ ਬੀਜੀ ਗਈ ਹੈ। ਸੂਚਨਾ ਮੁਤਾਬਕ ਪਿਛਲੇ ਦਿਨੀਂ ਖੇਤੀਬਾੜੀ ਮਾਹਰਾਂ ਵਲੋਂ ਗੁਲਾਬੀ ਸੁੰਡੀ ਪਨਪਣ ਦੀਆਂ ਸੂਚਨਾਵਾਂ ਮਿਲਣ ’ਤੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਸੀ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਦਿਲਬਾਗ ਸਿੰਘ ਹੀਰ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਹੁਣ ਤੱਕ ਦੇ ਸਰਵੇਖਣ ਮੁਤਾਬਕ ਨਰਮੇ ਦੀ ਅਗੇਤੀ ਫ਼ਸਲ ਉਪਰ ਦੋ ਫ਼ੀਸਦੀ ਦੇ ਕਰੀਬ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ। ’’ ਉਨ੍ਹਾਂ ਦਸਿਆ ਕਿ ਇਸ ਹਮਲੇ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਸੁੰਡੀ ਵਾਲੇ ਫੁੱਲਾਂ ਨੂੰ ਤੋੜ ਕੇ ਕਿਤੇ ਦੂਰ ਦੱਬਣ ਦੀ ਸਲਾਹ ਦਿੱਤੀ ਹੈ। ਇਸਤੋਂ ਇਲਾਵਾ ਜਿੰਨ੍ਹਾਂ ਕਿਸਾਨਾਂ ਦੇ ਜਿਆਦਾ ਖੇਤ ਵਿਚ ਨਰਮੇ ਦੀ ਬੀਜਾਂਦ ਕੀਤੀ ਗਈ ਹੈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਮੁਤਾਬਕ ਸਪਰੇਹ ਕਰਨ ਲਈ ਕਿਹਾ ਗਿਆ ਹੈ। ਦਸਣਾ ਬਣਦਾ ਹੈ ਕਿ ਸੂਬੇ ’ਚ ਧਰਤੀ ਹੇਠਲੇ ਘੱਟਦੇ ਪਾਣੀ ਤੇ ਹੋਰ ਅਲਾਮਤਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਖੇਤੀ ਵਿਭਿੰਨਤਾ ’ਤੇ ਜੋਰ ਦਿੱਤਾ ਜਾ ਰਿਹਾ ਹੈ। ਇਸਦੇ ਲਈ ਨਰਮੇ ਦੇ ਬੀਟੀ ਕਾਟਨ ਬੀਜ ਉਪਰ 33 ਫ਼ੀਸਦੀ ਸਬਸਿਡੀ ਅਤੇ ਨਹਿਰੀ ਪਾਣੀ ਦੀ ਲਗਾਤਾਰ ਪਹੁੰਚ ਦੇ ਬਾਵਜੂਦ ‘ਚਿੱਟੇ ਸੋਨੇ’ ਦੇ ਰਕਬੇ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੁੂਰ ਨਹੀਂ ਪਿਆ ਹੈ। ਬਠਿੰਡਾ ਜ਼ਿਲ੍ਹੇ ’ਚ ਬਠਿੰਡਾ, ਸੰਗਤ, ਤਲਵੰਡੀ ਸਾਬੋ ਅਤੇ ਮੋੜ ਬਲਾਕ ਨੂੰ ਨਰਮਾ ਬੈਲਟ ਵਜੋਂ ਜਾਣਿਆਂ ਜਾਂਦਾ ਹੈ ਜਦੋਂਕਿ ਮਾਨਸਾ ਵਿਚ ਸਰਦੂਲਗੜ੍ਹ, ਝੁਨੀਰ ਤੇ ਬੁਢਲਾਡਾ ਵਿਚ ਨਰਮੇ ਦੀ ਖੇਤੀ ਕਿਸੇ ਸਮੇਂ ਕਿਸਾਨਾਂ ਦੀ ਪਹਿਲੀ ਪਸੰਦ ਰਹੀ ਹੈ। ਪ੍ਰੰਤੂ ਹੁਣ ਕਿਸਾਨ ਝੋਨੇ ਵਾਲੇ ਪਾਸੇ ਮੁੜਣ ਲੱਗੇ ਹਨ। ਇਸਦੇ ਲਈ ਊ੍ਹਨਾਂ ਵਲੋਂ ਲੱਖਾਂ ਰੁਪਏ ਖਰਚ ਕਰਕੇ ਸੋਲਰ ਮੋਟਰਾਂ ਵੀ ਲਗਾਈਆਂ ਜਾ ਰਹੀਆਂ ਹਨ। ਖੇਤੀ ਮਾਹਰਾਂ ਮੁਤਾਬਕ ਝੋਨੇ ਦੀਆਂ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਨੇ ਵੀ ਕਿਸਾਨਾਂ ਦਾ ਰੁਝਾਨ ਨਰਮੇ ਵਾਲੇ ਪਾਸਿਓ ਘਟਾਇਆ ਹੈ।
ਬਾਕਸ
ਨਰਮੇ ਦੀ ਫ਼ਸਲ ਉਪਰ ਸੁੰਡੀ ਦੇ ਹਮਲੇ ਦਾ ਇਤਿਹਾਸ
ਬਠਿੰਡਾ: ਸਾਲ 1991-92 ’ਚ ਅਮਰੀਕਨ ਸੁੰਡੀ ਦਾ ਸਭ ਤੋਂ ਪਹਿਲਾਂ ਹਮਲਾ ਹੋਇਆ ਤੇ ਉਸਤੋਂ ਬਾਅਦ ਜਦ ਬੀਟੀ ਕਾਟਨ ਆਇਆ ਤਾਂ ਅਮਰੀਕਨ ਸੁੰਡੀ ’ਤੇ ਕੰਟਰੋਲ ਹੋਇਆ ਪਰ ਤੁਬਾਕੂ ਸੁੰਡੀ ਦਾ ਕਹਿਰ ਵਰਤਣਾ ਸ਼ੁਰੂ ਹੋਇਆ। ਇਸਤੋਂ ਇਲਾਵਾ ਮਿੱਲੀ ਬੱਗ ਨੇ ਵੀ ਇਸ ਫ਼ਸਲ ਨੂੰ ਤਬਾਹ ਕਰਨ ਵਿਚ ਅਪਣਾ ਵੱਡਾ ਯੋਗਦਾਨ ਪਾਇਆ। ਮੁੜ 2015 ਵਿਚ ਚਿੱਟੀ ਮੱਖੀ ਦੇ ਕਹਿਰ ਕਾਰਨ ਕਿਸਾਨਾਂ ਦਾ ਬੁਰੀ ਤਰ੍ਹਾਂ ਲੱਕ ਤੋੜ ਦਿੱਤਾ ਸੀ। ਹਾਲਾਂਕਿ ਉਸਤੋਂ ਬਾਅਦ ਖੇਤੀ ਮਾਹਰਾਂ ਨੇ ਇਸ ਉਪਰ ਕਾਬੂ ਪਾਇਆ ਪਰ 2021 ਵਿਚ ਗੁਲਾਬੀ ਸੁੰਡੀ ਤੇ 2022 ਵਿਚ ਚਿੱਟੀ ਮੱਖੀ ਦੇ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ ਸਨ।
ਮੋਗਾ ’ਚ ਵਾਪਰੀ ਘਟਨਾ ਦੇ ਰੋਸ਼ ਵਜੋਂ ਬਠਿੰਡਾ ’ਚ ਸੁਨਿਆਰਿਆਂ ਨੇ ਕੀਤਾ ਰੋਸ਼ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 13 ਜੂਨ : ਬੀਤੇ ਕੱਲ ਮੋਗਾ ਸ਼ਹਿਰ ’ਚ ਦਿਨ ਦਿਹਾੜੇ ਇਕ ਜਵੈਲਰਜ਼ ਦੀ ਦੁਕਾਨ ’ਚ ਹੋਈ ਲੱਖਾਂ ਦੀ ਲੁੱਟ ਤੋਂ ਬਾਅਦ ਸੁਨਿਆਰੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਤੋਂ ਬਾਅਦ ਪੰਜਾਬ ਭਰ ਦੇ ਸੁਨਿਆਰਾ ਭਾਈਚਾਰੇ ਵਿਚ ਰੋਸ਼ ਪੈਦਾ ਹੋ ਗਿਆ ਹੈ। ਇਸੇ ਕੜੀ ਤਹਿਤ ਅੱਜ ਬਠਿੰਡਾ ਸ਼ਹਿਰ ਵਿਚ ਵੀ ਸੁਨਿਆਰਿਆਂ ਵਲੋਂ ਇਕੱਠੇ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਸੁਨਿਆਰਿਆਂ ਵਲੋਂ ਰੋਸ਼ ਵਜੋਂ ਅਪਣੀਆਂ ਦੁਕਾਨਾਂ ਬੰਦ ਵੀ ਕੀਤੀ ਗਈਆਂ। ਇਸਤੋਂ ਇਲਾਵਾ ਸਦਭਾਵਨਾ ਚੌਕ ਵਿਖੇ ਇਕੱਤਰ ਹੋਣ ਤੋਂ ਬਾਅਦ ਐੱਸਐੱਸਪੀ ਦਫ਼ਤਰ ਤਕ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਉਧਰ ਮੋਗਾ ਦੇ ਪੀੜਤ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਬਠਿੰਡਾ ਤੋਂ ਕਰਤਾਰ ਸਿੰਘ ਜੋੜਾ ਦੀ ਅਗਵਾਈ ਹੇਠ ਇੱਕ ਵਫ਼ਦ ਵੀ ਪੁੱਜਿਆ ਹੋਇਆ ਸੀ। ਜਦੋਂਕਿ ਬਠਿੰਡਾ ’ਚ ਕੀਤੇ ਰੋਸ਼ ਪ੍ਰਦਰਸ਼ਨ ਦੌਰਾਨ ਦਵਜੀਤ ਠਾਕੁਰ, ਅਸ਼ਵਨੀ ਜੈਨ, ਤਰਸੇਮ ਖੁਰਮੀ, ਸੁਖਮਿੰਦਰ ਸਿੰਘ ਅਤੇ ਰਾਜ ਕੁਮਾਰ ਸੂਦ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਲੱਖ ਦਾਅਵਿਆਂ ਦੇ ਬਾਵਜੂਦ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਅਸਫ਼ਲ ਰਹੀ ਹੈ, ਜਿਸਦੇ ਚੱਲਦੇ ਵਪਾਰੀ ਵਰਗ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਦਰਜਨਾਂ ਵਾਰ ਸਰਕਾਰਾਂ ਕੋਲ ਜਵੈਲਰਜ਼ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਪ੍ਰੰਤੂ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਮੋਗਾ ਜਿਹੀਆਂ ਦੁਖਦਾਈਕ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਸਰਕਾਰ ਨੂੰ ਵੀ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਗਿਆ ਕਿ ਜੇਕਰ ਦੋ ਦਿਨਾਂ ‘ਚ ਮੋਗਾ ਘਟਨਾ ਦੇ ਦੋਸ਼ੀਆਂ ਨੂੰ ਨਾ ਫੜਿਆ ਗਿਆ ਤਾਂ ਉਪਰ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਸੁਨਿਆਰਾ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਦੂਜੇ ਸੂਬਿਆਂ ਦੀਆਂ ਬਿਨਾਂ ਟੈਕਸ ਚਲਦੀਆਂ ਦੋ ਬੱਸਾਂ ਦੇ 50-50 ਹਜ਼ਾਰ ਰੁਪਏ ਦੇ ਚਲਾਨ
ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ ਤਿੰਨ ਕੰਡਕਟਰ ਫੜੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਜੂਨ:ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਬਿਨਾਂ ਟੈਕਸ ਤੋਂ ਚਲ ਰਹੀਆਂ ਦੂਜੇ ਸੂਬਿਆਂ ਦੀਆਂ ਦੋ ਬੱਸਾਂ ਦੇ 50-50 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਪੈਸੇ ਲੈ ਕੇ ਸਵਾਰੀਆਂ ਨੂੰ ਟਿਕਟ ਨਾ ਦੇਣ ਵਾਲੇ ਤਿੰਨ ਕੰਡਕਟਰ ਵੀ ਕਾਬੂ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਜਨਤਕ ਬੱਸ ਸੇਵਾ ਨੂੰ ਹੋਰ ਦਰੁਸਤ ਕਰਨ ਅਤੇ ਟਰਾਂਸਪੋਰਟ ਵਿਭਾਗ ’ਚ ਭ੍ਰਿਸ਼ਟਾਚਾਰ ਦੇ ਜੜ੍ਹੋਂ ਖ਼ਾਤਮੇ ਲਈ ਗਠਤ ਕੀਤੇ ਗਏ ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਰਾਜਸਥਾਨ ਦੀ ਸਲੀਪਰ ਬੱਸ ਨੰਬਰ ਆਰ.ਜੇ. 28-ਪੀ.ਏ-0001 ਅਤੇ ਜੰਮੂ-ਕਸ਼ਮੀਰ ਦੀ ਸਲੀਪਰ ਬੱਸ ਨੰਬਰ ਜੇ.ਕੇ. 02-ਬੀ.ਜੀ 2099 ਨੂੰ ਬਿਨਾਂ ਸਟੇਟ ਟੈਕਸ ਤੋਂ ਚਲਦਾ ਪਾਇਆ ਗਿਆ, ਜਿਨ੍ਹਾਂ ਦੇ ਮੌਕੇ ’ਤੇ ਹੀ ਚਲਾਨ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਫ਼ਲਾਇੰਗ ਸਕੁਐਡ ਨੇ ਹਿਮਾਚਲ ਪ੍ਰਦੇਸ਼ ਦੇ ਪਤਲੀਕੂਲ ਵਿਖੇ ਪੰਜਾਬ ਤੋਂ ਚਲਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ ਰੂਪਨਗਰ ਡਿਪੂ ਦੀ ਬੱਸ ਨੰਬਰ ਪੀ.ਬੀ-65 ਏ.ਟੀ-1695 ਦੇ ਕੰਡਕਟਰ ਅਸ਼ਵਨੀ ਕੁਮਾਰ ਨੂੰ ਸਵਾਰੀਆਂ ਤੋਂ 235 ਰੁਪਏ ਲੈ ਕੇ ਟਿਕਟ ਨਾ ਦੇਣ ਦਾ ਦੋਸ਼ੀ ਪਾਇਆ ਗਿਆ। ਇੱਥੇ ਹੀ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਪੀ.ਬੀ-07-ਸੀ.ਏ-5458 ਦੇ ਕੰਡਕਟਰ ਧਰਮਿੰਦਰ ਰਾਮ ਨੂੰ ਵੀ ਸਵਾਰੀਆਂ ਤੋਂ 140 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਵਿਖੇ ਚੈਕਿੰਗ ਦੌਰਾਨ ਜਗਰਾਉਂ ਡਿਪੂ ਦੀ ਬੱਸ ਨੰਬਰ ਪੀ.ਬੀ-10-ਜੀ.ਐਕਸ-6842 ਦੇ ਕੰਡਕਟਰ ਹਰਮੇਸ਼ ਸਿੰਘ ਨੂੰ ਵੀ ਸਵਾਰੀਆਂ ਤੋਂ 50 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਫ਼ਲਾਇੰਗ ਸਕੁਐਡ ਵੱਲੋਂ ਸਰਹਿੰਦ ਵਿਖੇ ਕੀਤੀ ਚੈਕਿੰਗ ਦੌਰਾਨ ਫ਼ਿਰੋਜ਼ਪੁਰ ਡਿਪੂ ਦੀ ਬੱਸ ਨੰਬਰ ਪੀ.ਬੀ-05-ਏ.ਪੀ 5354 ਨੂੰ ਅਣ-ਅਧਿਕਾਰਤ ਰੂਟ ’ਤੇ ਚਲਦਾ ਪਾਇਆ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।ਟਰਾਂਸਪੋਰਟ ਮੰਤਰੀ ਸ. ਭੁੱਲਰ ਨੇ ਉਚੇਚੇ ਤੌਰ ’ਤੇ ਕਿਹਾ ਕਿ ਸਰਕਾਰੀ ਬੱਸ ਸੇਵਾ ’ਚ ਤੈਨਾਤ ਡਰਾਈਵਰ ਤੇ ਕੰਡਕਟਰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਹ ਇਨ੍ਹਾਂ ਦੇ ਹਰ ਦੁਖ-ਸੁਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਪਰ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪੰਜਾਬ ਸਰਕਾਰ ਵਲੋਂ ਜਾਅਲੀ ਐਸ.ਸੀ ਸਰਟੀਫਿਕੇਟਾਂ ਦੇ ਸਹਾਰੇ ‘ਲਾਹਾ’ ਚੁੱਕਣ ਵਾਲਿਆਂ ਵਿਰੁਧ ਜਾਂਚ ਸ਼ੁਰੂ
ਵਿਤ ਮੰਤਰੀ ਚੀਮਾ ਨੇ ਸਮਾਜਿਕ ਨਿਆਂ ਵਿਭਾਗ ਨੂੰ ਜਾਅਲੀ ਐਸ.ਸੀ. ਸਰਟੀਫਿਕੇਟ ਦੀ 15 ਦਿਨਾਂ ਅੰਦਰ ਜਾਂਚ ਦੇ ਦਿੱਤੇ ਆਦੇਸ਼
ਹੁਣ ਤੱਕ 93 ਸਿਕਾਇਤਾਂ ਪੁੱਜ ਚੁੱਕੀਆਂ ਹਨ, ਜਿੰਨ੍ਹਾਂ ਵਿਚੋਂ 23 ਵਿੱਚ ਜਾਤੀ ਸਰਟੀਫਿਕੇਟ ਰੱਦ ਕਰਨ ਦੇ ਦਿੱਤੇ ਆਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਜੂਨ: ਪਿਛਲੇ ਕੁੱਝ ਦਿਨਾਂ ਤੋਂ ਮੋਹਾਲੀ ’ਚ ਰਿਜਰਵੇਸ਼ਨ ਚੋਰਾਂ ਨੂੰ ਫ਼ੜਣ ਲਈ ਚੱਲ ਰਹੇ ਪੱਕੇ ਮੋਰਚੇ ਅਤੇ ਜ਼ਿਲ੍ਹਾ ਪੱਧਰ ’ਤੇ ਦਲਿਤ ਭਾਈਚਾਰੇ ਵੱਲੋਂ ਵਿੱਢੇ ਹੋਏ ਸੰਘਰਸ਼ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਜਾਅਲੀ ਐਸ.ਸੀ ਸਰਟੀਫਿਕੇਟਾਂ ਦੇ ਸਹਾਰੇ ‘ਲਾਹਾ’ ਖੱਟਣ ਵਾਲਿਆਂ ਵਿਰੁਧ ਜਾਂਚ ਤੇਜ ਕਰ ਦਿੱਤੀ ਹੈ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਮਾਜਿਕ ਨਿਆਂ ਵਿਭਾਗ ਨੂੰ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦੇ ਆਧਾਰ ’ਤੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਵਿਅਕਤੀਆਂ ਵਿਰੁੱਧ ਪ੍ਰਾਪਤ ਹੋਈਆਂ 93 ਸ਼ਿਕਾਇਤਾਂ ਦਾ 15 ਦਿਨਾਂ ਦੇ ਅੰਦਰ ਨਿਪਟਾਰਾ ਕਰਨ ਲਈ ਕਿਹਾ ਹੈ। ਇਸ ਸਬੰਧ ਵਿਚ ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਮਾਜਿਕ ਨਿਆਂ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਵੱਲੋਂ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਮੋਰਚੇ ਦੇ ਆਗੂਆਂ ਵੱਲੋਂ ਇਸ ਸਬੰਧੀ ਹੋਰ ਮਾਮਲਿਆਂ ਦੀ ਸੌਂਪੀ ਗਈ ਸੂਚੀ ਬਾਰੇ ਵੀ ਸਮਾਜਿਕ ਨਿਆਂ ਵਿਭਾਗ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਮਾਮਲੇ ਅਦਾਲਤ ਵਿੱਚ ਹਨ ਉਨ੍ਹਾਂ ਬਾਰੇ ਵਿਭਾਗ ਐਡਵੋਕੇਟ ਜਨਰਲ ਦੇ ਦਫਤਰ ਨਾਲ ਤਾਲਮੇਲ ਕਰਕੇ ਠੋਸ ਕਾਰਵਾਈ ਨੂੰ ਯਕੀਨੀ ਬਣਾਵੇ। ਜਾਅਲੀ ਸਰਟੀਫਿਕੇਟਾਂ ਰਾਹੀਂ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਹਾਸਲ ਕਰਨ ਦੀ ਪ੍ਰਥਾ ’ਤੇ ਮੁਕੰਮਲ ਰੋਕ ਲਾਉਣ ’ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਸ. ਚੀਮਾ ਨੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਕਿਹਾ ਕਿ ਉਹ ਸਾਰੇ ਸਰਕਾਰੀ ਵਿਭਾਗਾਂ ਨੂੰ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਕਿ ਰਾਖਵੇਂਕਰਨ ਦੇ ਦਾਅਵੇ ਨਾਲ ਸਬੰਧਤ ਦਸਤਾਵੇਜ਼ ਦੀ ਸਬੰਧਤ ਵਿਅਕਤੀ ਦੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਡੁਘਾਈ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਵਿਭਾਗ ਨੂੰ ਜਾਤੀ ਆਧਾਰਤ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵਿੱਚ ਲੋੜੀਂਦੇ ਸੁਧਾਰਾਂ ਸਬੰਧੀ ਪ੍ਰਸਤਾਵ ਤਿਆਰ ਕਰਨ ਲਈ ਵੀ ਕਿਹਾ ਤਾਂ ਜੋ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।ਮੀਟਿੰਗ ਦੌਰਾਨ ’ਰਾਖਵਾਂਕਰਨ ਚੋਰ ਫੜ੍ਹੋ ਮੋਰਚਾ’ ਦੇ ਨੁਮਾਇੰਦਿਆਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦੇ ਆਧਾਰ ’ਤੇ ਸਰਕਾਰੀ ਨੌਕਰੀ ਲੈਣ ਦੇ ਮਾਮਲਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਸਬੰਧੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਮੇਸ਼ ਕੁਮਾਰ ਗੰਟਾ ਨੇ ਦੱਸਿਆ ਕਿ ਵਿਭਾਗ ਨੂੰ ਹੁਣ ਤੱਕ ਕੁੱਲ 93 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, 26 ਕੇਸਾਂ ਦੀ ਸੁਣਵਾਈ ਕਰ ਕੇ ਅੱਗੇ ਪੜਤਾਲ ਕਮੇਟੀ ਨੂੰ ਭੇਜੇ ਗਏ ਜਿੰਨਾਂ ਵਿੱਚੋਂ 23 ਮਾਮਲਿਆਂ ਵਿੱਚ ਜਾਤੀ ਸਰਟੀਫਿਕੇਟ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਮੰਤਰੀਆਂ ਨੂੰ ਜਾਣੂ ਕਰਵਾਇਆ ਕਿ ਬਾਕੀ ਰਹਿੰਦੇ 67 ਕੇਸਾਂ ਦੀ ਵੀ ਜਲਦੀ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਸਾਰੇ ਮਾਮਲੇ ਇੱਕ ਮਹੀਨੇ ਵਿੱਚ ਹੱਲ ਕਰ ਲਏ ਜਾਣਗੇ।
