Home Blog Page 2082

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਪੰਜਾਬ ਵਿਜ਼ਨ ਦਸਤਾਵੇਜ਼-2047’ ਜਾਰੀ

0

ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਤੇ ਖੁਸ਼ਹਾਲ ਪੰਜਾਬ ਲਈ ਰੂਪ-ਰੇਖਾ ਦੱਸਿਆ
ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਬਰਾਬਰ ਅਤੇ ਸਥਿਰ ਵਿਕਾਸ ਨੂੰ ਯਕੀਨੀ ਬਣਾਏਗਾ ‘ਪੰਜਾਬ ਵਿਜ਼ਨ ਦਸਤਾਵੇਜ਼’
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬਾ ਸਰਕਾਰ ਦਾ ਸਾਲ 2047 ਦਾ ‘ਵਿਜ਼ਨ ਦਸਤਾਵੇਜ਼’ ਜਾਰੀ ਕੀਤਾ ਅਤੇ ਇਸ ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਲਈ ਰੂਪ-ਰੇਖਾ ਦੱਸਿਆ। ਆਪਣੇ ਦਫ਼ਤਰ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਦਸਤਾਵੇਜ਼ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕਤਾ ਅਤੇ ਵਿੱਤੀ ਸਿਹਤ ਨੂੰ ਮੁੜ ਸੁਰਜੀਤ ਕਰਨ ਦੀ ਫੌਰੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਭਾਰਤ ਦੀ ਆਜ਼ਾਦੀ ਦੇ 100ਵੇਂ ਸਾਲ ਪੂਰੇ ਹੋਣ ’ਤੇ ਸੂਬੇ ਦੇ ਸਰਬਪੱਖੀ ਵਿਕਾਸ ਦੀ ਉਮੀਦ ਬੰਨ੍ਹਦਾ ਹੈ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ ਵਿੱਚ 9 ਵਿਭਾਗੀ ਸੈਕਸ਼ਨ ਅਤੇ 16 ਸਮਾਜਿਕ-ਆਰਥਿਕ ਸੂਚਕ-ਅਧਾਰਿਤ ਸਬ-ਸੈਕਸ਼ਨ ਸ਼ਾਮਲ ਹਨ ਜਿਸ ਵਿਚ ਮੌਜੂਦਾ ਸਥਿਤੀ, ਸੂਬੇ ਨੂੰ ਦਰਪੇਸ਼ ਮੁੱਖ ਚੁਣੌਤੀਆਂ ਅਤੇ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਥੋੜ੍ਹੇ ਚਿਰੀ ਅਤੇ ਲੰਮੇ ਮਿਆਦ ਦੀਆਂ ਰਣਨੀਤੀਆਂ ਉਲੀਕੀਆਂ ਗਈਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਦਸਤਾਵੇਜ਼ਾਂ ਅਨੁਸਾਰ ਅਰਥਵਿਵਸਥਾ ਦੀ ਵਿਕਾਸ ਦਰ ਨੂੰ ਸਾਲ 2030 ਤੱਕ ਸਾਲਾਨਾ 7.5 ਫੀਸਦੀ ਅਤੇ 2047 ਤੱਕ 10 ਫੀਸਦੀ ਹਾਸਲ ਕਰ ਲਿਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਦਸਤਾਵੇਜ਼ ਦਾ ਉਦੇਸ਼ ਸਾਲ 2030 ਤੱਕ ਨਿਵੇਸ਼-ਜੀ.ਐਸ.ਡੀ.ਪੀ. ਅਨੁਪਾਤ ਨੂੰ 25 ਫੀਸਦੀ ’ਤੇ ਲਿਆਉਣਾ ਅਤੇ ਸੂਬੇ ਵਿੱਚ ਨਿਵੇਸ਼ ਦੇ ਮਾਹੌਲ ਨੂੰ ਸੁਧਾਰ ਕੇ ਅਤੇ ਉਦਯੋਗਿਕ ਪ੍ਰੋਜੈਕਟਾਂ ਦੀ ਸਮਾਂਬੱਧ ਅਤੇ ਮੁਸ਼ਕਲ ਰਹਿਤ ਪ੍ਰਵਾਨਗੀ ਲਈ ਆਰਥਿਕ ਪ੍ਰਸ਼ਾਸਨਿਕ ਸੁਧਾਰਾਂ ਦੀ ਸ਼ੁਰੂਆਤ ਰਾਹੀਂ ਸਾਲ 2047 ਤੱਕ ਪੰਜਾਬ ਦੇ ਨਿਵੇਸ਼-ਜੀ.ਐਸ.ਡੀ.ਪੀ. ਅਨੁਪਾਤ ਨੂੰ 32 ਫੀਸਦੀ ਤੱਕ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸੇਵਾ ਖੇਤਰ/ਤੇਜ਼ ਰਫ਼ਤਾਰ ਵਾਲੀਆਂ ਸੇਵਾਵਾਂ ਜਿਵੇਂ ਕਿ ਬੀ.ਪੀ.ਓ., ਆਨਲਾਈਨ ਸਿੱਖਿਆ, ਸੋਸ਼ਲ ਮੀਡੀਆ ਅਤੇ ਮਨੋਰੰਜਨ ਸਮੇਤ ਸੂਚਨਾ ਤਕਨਾਲੋਜੀ ਅਧਾਰਿਤ ਸੇਵਾਵਾਂ (ਆਈ.ਟੀ.ਈ.ਐਸ.) ਵਿਕਸਤ ਕੀਤੀਆਂ ਜਾਣਗੀਆਂ ਅਤੇ ਸੇਵਾ ਖੇਤਰ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਰੁਜ਼ਗਾਰਯੋਗਤਾ ਅਤੇ ਸਟਾਰਟਅੱਪ ਈਕੋ-ਸਿਸਟਮ ਨੂੰ ਬਿਹਤਰ ਬਣਾਉਣ ਲਈ ਸਾਰੇ ਖੇਤਰਾਂ ਵਿੱਚ ਨਿਵੇਸ਼ ਨੂੰ ਹੁਲਾਰਾ ਦੇ ਕੇ ਅਤੇ ਉਦਯੋਗਾਂ ਅਤੇ ਵਿਦਿਅਕ ਅਦਾਰਿਆਂ ਵਿਚਕਾਰ ਤਾਲਮੇਲ ਪੈਦਾ ਕਰਕੇ ਵਧੀਆ ਨੌਕਰੀਆਂ ਪੈਦਾ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਰਥਿਕਤਾ ਦੀ ਵਿੱਤੀ ਸਿਹਤ ਵਿੱਚ ਸੁਧਾਰ ਲਈ ਢੁਕਵੀਂ ਰਣਨੀਤੀ ਦੂਰਦਰਸ਼ੀ ਵਿੱਤੀ ਪ੍ਰਬੰਧਨ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਨਾਖ਼ਤ ਕੀਤੇ ਗਏ ਵੱਖ-ਵੱਖ ਸੈਕਟਰਾਂ ਲਈ ਟੀਚੇ ਅਤੇ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸੈਕਟਰਾਂ ਵਿੱਚ ਅਰਥਵਿਵਸਥਾ, ਵਿੱਤ, ਉਦਯੋਗ, ਰੁਜ਼ਗਾਰ, ਖੇਤੀਬਾੜੀ, ਪੇਂਡੂ ਵਿਕਾਸ, ਸਥਿਰ ਸ਼ਹਿਰ ਅਤੇ ਕਮਿਊਨਿਟੀਜ਼, ਬੁਨਿਆਦੀ ਢਾਂਚਾ, ਸਮੂਹਿਕ ਅਤੇ ਬਰਾਬਰੀ ਵਾਲੀ ਸਿੱਖਿਆ, ਸਿਹਤ ਬੁਨਿਆਦੀ ਢਾਂਚਾ ਅਤੇ ਪ੍ਰਬੰਧ, ਲਿੰਗ ਸਮਾਨਤਾ ਦੀ ਪ੍ਰਾਪਤੀ, ਕੁਦਰਤੀ ਸਰੋਤ, ਕਿਫਾਇਤੀ ਤੇ ਸਾਫ਼ ਊਰਜਾ ਸ਼ਾਮਲ ਹਨ। ਇਸੇ ਤਰ੍ਹਾਂ ਜਲਵਾਯੂ ਤੇ ਕੁਦਰਤੀ ਸਰੋਤ ਸੰਭਾਲ, ਤਕਨੀਕੀ ਤਰੱਕੀ, ਸ਼ਾਸਨ, ਸੁਰੱਖਿਆ ਅਤੇ ਸੁਰੱਖਿਅਤ ਤੇ ਸੁਘੜ ਆਵਾਜਾਈ ਪ੍ਰਬੰਧਨ ਪ੍ਰਣਾਲੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ ਦਾ ਵਿਆਪਕ ਉਦੇਸ਼ ਨਾਗਰਿਕਾਂ ਨੂੰ ਸਨਮਾਨਜਨਕ ਜੀਵਨ ਬਤੀਤ ਕਰਨਾ ਹੈ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਜ਼ਨ ਦੀ ਭਾਵਨਾ ਗਰੀਬੀ ਅਤੇ ਭੁੱਖਮਰੀ ਦਾ ਖਾਤਮਾ, ਰੋਜ਼ੀ-ਰੋਟੀ ਅਤੇ ਆਸਰਾ ਯਕੀਨੀ ਬਣਾਉਣਾ, ਸਾਰਿਆਂ ਲਈ ਬਰਾਬਰ ਅਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ, ਲੋੜੀਂਦਾ ਸੈਨੀਟੇਸ਼ਨ ਨੈਟਵਰਕ ਅਤੇ ਬਿਜਲੀ ਦੀ ਉਪਲਬਧਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਭੂਗੋਲਿਕ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਹਾਸਲ ਕੀਤਾ ਜਾਵੇਗਾ। ਇਸ ਦਸਤਾਵੇਜ਼ ਦਾ ਉਦੇਸ਼ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਅਤੇ ਏਜੰਸੀਆਂ ਵੱਲੋਂ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਯਤਨਾਂ ਨੂੰ ਜੋੜਨਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਦਸਤਾਵੇਜ਼ ਵਿਸ਼ਾਲ ਜਨਤਕ ਹਿੱਤਾਂ ਵਿੱਚ ਪ੍ਰਸ਼ਾਸਨਿਕ ਤੌਰ ਉਤੇ ਹਰੇਕ ਪੱਧਰ ’ਤੇ ਕਾਰਵਾਈ ਲਈ ਵਧੇਰੇ ਤਾਲਮੇਲ ਲਿਆਏਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦਸਤਾਵੇਜ਼ ਵਿੱਚ ਉਜਾਗਰ ਕੀਤੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਨੇ ਪ੍ਰਸ਼ਾਸਨ ਦੇ ਵੱਖ-ਵੱਖ ਪੱਧਰਾਂ ’ਤੇ ਪਹਿਲਾਂ ਹੀ ਕੁਝ ਸਮਝਦਾਰੀ ਵਾਲੇ ਕਦਮ ਚੁੱਕੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕ੍ਰਮਵਾਰ ਸਾਲ 2030 ਅਤੇ 2047 ਤੱਕ ਇਸ ਦਸਤਾਵੇਜ਼ ਵਿੱਚ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਜ਼ਨ ਦਸਤਾਵੇਜ਼ ਵਿੱਚ ਪ੍ਰਸਤਾਵਿਤ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਦਸਤਾਵੇਜ਼ ਸੂਬੇ ਨੂੰ ਉੱਚ ਆਰਥਿਕ ਵਿਕਾਸ ਦੀ ਲੀਹ ’ਤੇ ਲਿਆਏਗਾ, ਜਿਸ ਨਾਲ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਮਿਲੇਗਾ।

ਸੰਗਤ ਬਲਾਕ ਦੇ ਸੈਂਟਰ ਹੈਡ ਅਤੇ ਹੈਡ ਟੀਚਰਾਂ ਦੀ ’ਜੀ 20 ਫਾਊਂਡੇਸ਼ਨ ਸਾਖਰਤਾ ਸੰਬੰਧੀ ਵਿਸ਼ੇਸ਼ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਦੇ ਦਫਤਰ ਵਿਖੇ ਬਲਾਕ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਬਲਾਕ ਦੇ ਹੈੱਡ ਟੀਚਰਾਂ ਅਤੇ ਸੈਂਟਰ ਹੈਡ ਟੀਚਰ ਦੀ ਜੀ-20 ਫਾਊਂਡੇਸ਼ਨ ਸਾਖਰਤਾ ਤੇ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਵਿਸੇਸ ਮੀਟਿੰਗ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀ.ਐਮ.ਟੀ ਤਰਸੇਮ ਸਿੰਘ ਪੱਕਾ ਕਲਾਂ ਅਤੇ ਸੰਦੀਪ ਕੁਮਾਰ ਨੇ ਕਿਹਾ ਕਿ ਜੀ-20 ਫਾਊਂਡੇਸ਼ਨ ਸਾਖਰਤਾ ਮੁਹਿੰਮ ਤਹਿਤ ਭਾਰਤ ਸਰਕਾਰ ਵੱਲੋਂ ਇੱਕ ਮਿਸ਼ਨ ਤਹਿਤ ਬੱਚਿਆਂ ਦੀਆਂ ਬੁਨਿਆਦੀ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਜਿਸ ਨੂੰ ਪਿੰਡਾਂ, ਸ਼ਹਿਰਾਂ ਮੁੱਹਲਿਆਂ ਤੱਕ ਲੈ ਕੇ ਜਾਣਾ ਸਾਡੇ ਅਧਿਆਪਕਾਂ , ਮਾਪਿਆਂ ਅਤੇ ਕਮਿਊਨਿਟੀ ਸੈਂਟਰ ਦੇ ਮੈਂਬਰਾਂ ਦੁਆਰਾ ਹਰ ਘਰ ਬੱਚਿਆਂ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਬਣਦੀ ਹੈ।ਇਸ ਮੌਕੇ ਬਲਵੀਰ ਸਿੱਧੂ ਨੇ ਦੱਸਿਆ ਕਿ ਸਿੱਖਿਆ ਦੀਆਂ ਬੁਨਿਆਦੀ ਸਹੂਲਤਾਂ ਨੂੰ ਇਸ ਮਿਸ਼ਨ ਤਹਿਤ ਬੱਚਿਆਂ ਦੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸ਼ੁਰੂ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਸਮੂਹ ਟੀਚਰਾਂ ਵੱਲੋਂ ਜੀ -20 ਸੰਬੰਧੀ ਪੋਸਟਰ ਵੀ ਤਿਆਰ ਕੀਤੇ ਗਏ ।ਇਸ ਮੌਕੇ ਸੰਗਤ ਬਲਾਕ ਦੇ ਵੱਖ ਵੱਖ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਸੀਨੀਅਰ ਸੈਂਟਰ ਹੈਡ ਟੀਚਰ ਜਗਦੀਸ਼ ਕੁਮਾਰ ਚੱਕ ਰੁਲਦੂ ਸਿੰਘ ਵਾਲਾ, ਮੈਡਮ ਕੁਲਵਿੰਦਰ ਕੌਰ ਗਹਿਰੀ ਬੁੱਟਰ ,ਪਵਨ ਕੁਮਾਰ ਮੱਲ ਵਾਲਾ, ਹਰਦੀਪ ਕੁਮਾਰ ਤਿਉਣਾ , ਸੁਮਿਤ ਕੁਮਾਰ ਚੱਕ ਅੱਤਰ ਸਿੰਘ ਵਾਲਾ, ਮਨਦੀਪ ਸਿੰਘ ਨੋਡਲ ਅਫ਼ਸਰ ਸੰਗਤ , ਹੈਡ ਟੀਚਰ ਕੌਰ ਸਿੰਘ ਜੰਗੀਰਾਣਾ , ਗੋਬਿੰਦ ਸਿੰਘ ਸੈਣੇਵਾਲਾ , ਪ੍ਰਿਤਪਾਲ ਕੌਰ , ਮਨਜਿੰਦਰ ਕੌਰ ਝੂੰਬਾ , ਸਵਰਨ ਸਿੰਘ ਸੰਗਤ , ਰੇਖਾ ਰਾਣੀ , ਇਕਬਾਲ ਸਿੰਘ , ਸੱਤਪਾਲ ਸਿੰਘ , ਨਰੇਸ਼ ਕੁਮਾਰ ਆਦਿ ਸੰਗਤ ਬਲਾਕ ਦੇ ਸਕੂਲ ਮੁਖੀ ਹਾਜ਼ਰ ਸਨ। ਇਸ ਮੌਕੇ ਮੀਟਿੰਗ ਕੈਂਪ ਵਿੱਚ ਪਹੁੰਚੇ ਸਮੂਹ ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾ ਦਾ ਮੈਡਮ ਕੁਲਵਿੰਦਰ ਕੌਰ ਗਹਿਰੀ ਬੁੱਟਰ ਵੱਲੋਂ ਧੰਨਵਾਦ ਕੀਤਾ ਗਿਆ।

ਭਾਕਿਯੂ ਮਾਲਵਾ ਪੰਜਾਬ ਦੇ ਆਗੂਆਂ ਨੇ ਪੁਲਿਸ ਲਾਠੀਚਾਰਜ ਦੀ ਕੀਤੀ ਨਿਖੇਧੀ

ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਤੇ ਗੁਰਵਿੰਦਰ ਸਿੰਘ ਬੱਲੋਂ ਨੇ ਇੱਥੇ ਜਾਰੀ ਬਿਆਨ ਵਿਚ ਪਟਿਆਲਾ ਪਾਵਰ ਕੌਮ ਦੇ ਬਾਹਰ ਸਾਂਤਮਈ ਧਰਨੇ ’ਤੇ ਬੈਠੇ ਕਿਸਾਨਾਂ ਉਪਰ ਸਰਕਾਰ ਵੱਲੋਂ ਕੀਤੇ ਜਬਰ ਦੀ ਨਿਖੇਧੀ ਕਰਦਿਆਂ ਗ੍ਰਿਫਤਾਰ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪਟਿਆਲਾ ਵਿੱਖੇ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਸਰਕਾਰ ਦੀ ਹਿਦਾਇਤਾਂ ’ਤੇ ਕਿਸਾਨ ਆਗੂਆਂ ਉੱਪਰ ਲਾਠੀ ਚਾਰਜ ਕੀਤਾ ਗਿਆ ਅਤੇ ਧਰਨੇ ਨੂੰ ਜਬਰੀ ਤਰੀਕੇ ਨਾਲ ਉੱਠਾਇਆ ਗਿਆ। ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਇਸ ਮੰਗਾ ਦਾ ਸਮੱਰਥਨ ਕਰਦੀ ਹੈ । ਜਲਦੀ ਹੀ ਸਾਡੀ ਜਥੇਬੰਦੀ ਵੱਲੋ ਅਗਲਾ ਪ੍ਰੋਗਰਾਮ ਇਹਨਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹਮਾਇਤ ਵਿੱਚ ਦਿੱਤਾ ਜਾਵੇਗਾ।

ਪਾਵਰਕਾਮ ਅਤੇ ਟਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਲਾਇਆ ਫੁਹਾਰਾ ਚੌਂਕ ਵਿੱਚ ਮੋਰਚਾ

0

ਪੁਲਿਸ ਪ੍ਰਸ਼ਾਸਨ ਨੇ ਬਿਜਲੀ ਮੰਤਰੀ ਨਾਲ਼ 26 ਜੂਨ ਦੀ ਮੀਟਿੰਗ ਤਹਿ ਕਰਵਾਕੇ ਧਰਨਾ ਸਮਾਪਤ ਕਰਵਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 13 ਜੂਨ: ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕਾਮ ਐਂਡ ਟਰਾਂਸਕੋ ਕੰਟਰੈਕਚੂਅਲ ਵਰਕਰਜ਼ (ਪੰਜਾਬ) ਦੇ ਬੈਨਰ ਹੇਠ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਸਮੇਤ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪਰਿਵਾਰਾਂ ਸਮੇਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਚੱਲ ਰਹੇ ਧਰਨੇ ਦੌਰਾਨ ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਫ਼ੁਹਾਰਾ ਚੌਕ ਵਿਚ ਧਰਨਾ ਲਗਾ ਦਿੱਤੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਧਰਨਾਕਾਰੀਆਂ ਨੂੰ 26 ਜੂਨ ਨੂੰ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ। ਉਧਰ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਚੱਲ ਰਹੇ ਪੱਕੋ ਮੋਰਚੇ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਬਲਿਹਾਰ ਸਿੰਘ ਕਟਾਰੀਆ,ਗੁਰਵਿੰਦਰ ਸਿੰਘ ਪੰਨੂੰ,ਸਿਮਰਨਜੀਤ ਸਿੰਘ ਨੀਲੋਂ,ਜਗਸੀਰ ਸਿੰਘ ਭੰਗੂ,ਰਾਜੇਸ਼ ਕੁਮਾਰ ਮੌੜ,ਖੁਸ਼ਦੀਪ ਸਿੰਘ ਬਠਿੰਡਾ,ਬਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਮੁੱਚੇ ਪਾਵਰਕਾਮ ਅਤੇ ਟਰਾਂਸਕੋ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮ ਪਾਵਰਕਾਮ ਵਿੱਚ ਪੱਕਾ ਕਰਨ ਸਮੇਤ ਆਪਣੀਆਂ ਹੋਰ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਟਰਾਂਸਕੋ ਦੀ ਮੈਨੇਜਮੈਂਟ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਵਿਭਾਗ ਵਿੱਚ ਪੱਕਾ ਕਰਨ ਸਮੇਤ ਸਮੂਹ ਮੰਗਾਂ ਤੋਂ ਟਾਲਾ ਵੱਟ ਰਹੀ ਹੈ,ਜਦੋਂ ਕਿ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ,ਗਰਿੱਡਾਂ,ਦਫਤਰਾਂ ਅਤੇ ਫੀਲਡ ਸਮੇਤ ਸਮੁੱਚੇ ਵਿਭਾਗ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ । ਆਗੂਆਂ ਨੇ ਕਿਹਾ ਕਿ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਵਿਭਾਗ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ ਅਤੇ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਪੱਕੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ।ਇਸ ਮੌਕੇ ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਪਾਵਰਕਾਮ ਅਤੇ ਟਰਾਂਸਕੋ ਦੇ ਸਮੂਹ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ,ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਮੁਤਾਬਿਕ ਇੱਕ ਅਨ-ਸਕਿਲਡ ਆਊਟਸੋਰਸ਼ਡ ਠੇਕਾ ਮੁਲਾਜ਼ਮ ਦੀ ਤਨਖਾਹ ਘੱਟੋ-ਘੱਟ ਪੱਚੀ ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਡਿਉਟੀ ਦੌਰਾਨ ਮੌਤ/ਅਪੰਗ ਹੋਣ ਤੇ ਵਾਰਿਸਾਂ ਨੂੰ ਘੱਟੋ-ਘੱਟ ਪੰਜਾਹ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਿਛਲੇ ਸਮੇਂ ਵਿੱਚ ਬਿਜਲੀ ਮੰਤਰੀ ਅਤੇ ਪਾਵਰਕਾਮ ਟਰਾਂਸਕੋ ਦੀ ਮੈਨੇਜਮੈਂਟ ਨਾਲ਼ ਹੋਈਆਂ ਪੈਨਲ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ਼ ਲਾਗੂ ਕੀਤਾ ਜਾਵੇ,ਬਿਜਲੀ ਖੇਤਰ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਵਿਭਾਗ ਵਿੱਚੋਂ ਬਾਹਰ ਕੀਤਾ ਜਾਵੇ,ਵਧੇ ਹੋਏ ਮਿਨੀਮਮ ਰੇਟਾਂ ਦਾ ਬਕਾਇਆ ਜਲਦ ਦਿਵਾਇਆ ਜਾਵੇ।

ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਗੇਟ ਰੈਲੀ ਕਰਕੇ ਕੀਤਾ ਗਿਆ ਅਰਥੀ ਫੂਕ ਮੁਜਾਹਰਾ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਜੂਨ: ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਹੇਠ ਅੱਜ ਇੰਪਲਾਈਜ਼ ਤਾਲਮੇਲ ਸੰਘਰਸ਼ ਕਮੇਟੀ ਥਰਮਲ ਪਲਾਂਟ ਲਹਿਰਾਂ ਮੁਹੱਬਤ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਰੈਲੀ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਰੈਲੀ ਨੂੰ ਜਗਜੀਤ ਸਿੰਘ ਕੋਟਲੀ, ਬਲਜੀਤ ਸਿੰਘ ਬਰਾੜ, ਕਿਰਨਦੀਪ ਸਿੰਘ, ਰਘਬੀਰ ਸਿੰਘ ਨੇ ਸਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵਲੋ 15-01-2015 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਹਾਈਕੋਰਟ ਵਲੋਂ ਰੱਦ ਕਰਦੇ ਹੋਏ ਪਿਛਲੇ ਸਮੇਂ ਦੌਰਾਨ ਨਵੇਂ ਭਰਤੀ ਹੋਏ ਮੁਲਾਜਮਾਂ / ਅਧਿਕਾਰੀਆ ਨੂੰ ਪਰਖ ਕਾਲ ਦੇ ਸਮੇਂ ਵਿੱਚ ਪੂਰੀ ਤਨਖਾਹ ਦੇਣ ਲਈ ਹੁਕਮ ਜਾਰੀ ਕੀਤੇ ਗਏ ਹਨ। ਪਰ ਮੌਜੂਦਾ ਸਰਕਾਰ ਵੱਲੋਂ ਵੀ ਪਿਛਲੀਆ ਸਰਕਾਰਾ ਦੇ ਰਾਹ ’ਤੇ ਚਲਦਿਆਂ ਹੋਇਆ ਪੰਜਾਬ ਦੇ ਸਮੂਹ ਸਰਕਾਰੀ ਅਦਾਰਿਆਂ ਨੂੰ ਹਾਈਕੋਰਟ ਦੇ ਇਸ ਫੈਸਲੇ ਵਿਰੁੱਧ ਐਸ. ਐਲ. ਪੀ .ਦਾਇਰ ਕਰਨ ਦਾ ਹੁਕਮ ਸੁਣਾ ਦਿੱਤਾ ਹੈ ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਵਿੱਚ ਭਾਰੀ ਗੁੱਸਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਜਥੇਬੰਦੀ ਦੇ ਆਗੂਆਂ ਵਲੋਂ ਪਾਵਰਕਾਮ / ਟਰਾਸਕੋ ਵਿਚ ਸਹਾਇਕ ਲਾਈਨਮੈਨ ਜੋ ਸੀ ਆਰ ਏ 295/19 ਰਾਹੀਂ ਭਰਤੀ ਹੋਏ ਸਨ ਉਨ੍ਹਾਂ ਨੂੰ ਜਬਰੀ ਡਿਊਟੀ ਤੋਂ ਡਿਸਮਿਸ ਕੀਤਾ ਜਾ ਰਿਹਾ ਅਤੇ ਉਨ੍ਹਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ ਇਹਨਾਂ ਸਹਾਇਕ ਲਾਇਨਮੈਨਾਂ ਨੂੰ 2-2 ਸਜਾਵਾਂ ਦਿੱਤੀਆਂ ਜਾ ਰਹੀਆਂ ਹਨ ਪੁਲਿਸ ਕੇਸਾਂ ਨਾਲ ਇਹਨਾਂ ਵਿਆਕਤੀਆਂ ਦਾ ਆਉਣ ਵਾਲਾ ਸਮਾਂ ਮੁਸਕਲਾ ਭਰਿਆ ਹੋ ਜਾਵੇਗਾ ਕਿਉਂਕਿ ਨਾ ਤਾਂ ਇਹ ਕਿਸੇ ਹੋਰ ਅਦਾਰੇ ਵਿੱਚ ਨੌਕਰੀ ਕਰ ਸਕਣਗੇ ਨਾ ਹੀ ਵਿਦੇਸ਼ ਜਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣਗੇ। ਬੁਲਾਰਿਆਂ ਨੇ ਇਹਨਾਂ ਨੂੰ ਡਿਉਟੀ ਤੇ ਵਾਪਿਸ ਲੈਣ ਦੀ ਮੰਗ ਕੀਤੀ। ਇਸਤੋਂ ਇਲਾਵਾ ਥਰਮਲ ਪਲਾਂਟ ਲਹਿਰਾਂ ਮੁਹੱਬਤ ਦੀਆ ਸਾਲ 05/2021 ਵਿੱਚ ਖਤਮ ਕੀਤੀਆ ਪੋਸਟਾ ਬਹਾਲ ਕਰਨ , ਥਰਮਲ ਪਲਾਂਟ ਬਠਿੰਡਾ ਦੀਆ ਦੀਆ ਜੋ 79 ਨੰ ਪੋਸਟਾ ਬਹਾਲ ਕਰਕੇ ਥਰਮਲ ਪਲਾਂਟ ਲਹਿਰਾਂ ਮੁਹੱਬਤ ਵਿਖੇ ਤਬਦੀਲ ਕਰਨ,ਥਰਮਲ ਕਾਲੋਨੀ ਦੀ ਸੁਰੱਖਿਆ ਯਕੀਨੀ ਬਣਾਉਣ, ਪੇਅ ਕਮਿਸ਼ਨ ਦਾ ਏਰੀਅਲ ਦੇਣ, ਪੇਂਡੂ ਭੱਤਾ ਬਹਾਲ ਕਰਨ, ਡੀ ਏ ਦੀਆ ਕਿਸਤਾ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਥਰਮਲ ਪਲਾਂਟਾਂ ਵਿੱਚ ਸਿੱਧੀ ਭਰਤੀ ਕੋਟੇ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ, ਆਊਟ ਸੋਰਸਿੰਗ ਕਾਮੇ ਪੱਕੇ ਕਰਨ, ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ। ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਇਸ ਰੈਲੀ ਵਿਚ ਥਰਮਲ ਪਲਾਂਟ ਦੇ ਮੁਲਾਜਮਾਂ ਤੋਂ ਇਲਾਵਾ ਜਥੇਬੰਦੀ ਦੇ ਮੈਬਰ ਲਖਵੰਤ ਸਿੰਘ ਬਾਂਡੀ,ਰਜਿੰਦਰ ਸਿੰਘ ਨਿੰਮਾ, ਤਰਸੇਮ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।

ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ, ਸਰਕਾਰ ਦੇਵੇ ਤੁਰੰਤ ਧਿਆਨ : ਰਾਜਨ ਗਰਗ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਜੂਨ:-ਪੰਜਾਬ ਵਿੱਚ ਦਿਨ-ਬ-ਦਿਨ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ, ਜੋ ਚਿੰਤਾਜਨਕ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਪਾਸੇ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਨ੍ਹਾਂ ਦਾਅਵਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਰਦੇ ਹੋਏ ਕਿਹਾ ਕਿ ਮੋਗਾ ਵਿਖੇ ਏਸੀਆ ਜਵੈਲਰਜ਼ ਦੁਕਾਨ ’ਤੇ ਲੁਟੇਰਿਆਂ ਵੱਲੋਂ ਧਾਵਾ ਬੋਲਿਆ ਨੌਜਵਾਨ ਨੂੰ ਕਤਲ ਕਰਨ ਦੀ ਘਟਨਾ ਨੇ ਪੂਰੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਵਪਾਰੀ ਕਿਤੇ ਵੀ ਸੁਰੱਖਿਅਤ ਨਹੀਂ । ਰਾਜਨ ਗਰਗ ਨੇ ਕਿਹਾ ਕਿ 14 ਮਹੀਨਿਆਂ ਵਿਚ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ, ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਪਰ ਅਫਸੋਸ ਮੁੱਖ ਮੰਤਰੀ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿੱਚ ਇੱਕ ਰਿਪੋਰਟ ਦੇ ਕੀਤੇ ਗਏ ਵਾਧੇ ਅਤੇ ਪਿਛਲੇ ਦਿਨੀਂ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਇਨ੍ਹਾਂ ਫ਼ੈਸਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਰਾਜਨ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੋਗਲੀ ਨੀਤੀ ਤਹਿਤ ਕੰਮ ਕਰ ਰਹੀ ਹੈ ਇੱਕ ਪਾਸੇ ਬਿਜਲੀ ਮਾਫੀ ਦੇਣ ਦੇ ਡਰਾਮੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਪਟਰੋਲ ਡੀਜ਼ਲ ਅਤੇ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਕਰੋੜਾਂ ਰੁਪਏ ਦਾ ਪੰਜਾਬ ਵਾਸੀਆਂ ਤੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਝੋਨਾ ਲਾਉਣ ਲਈ ਕਿਸਾਨਾਂ ਨੂੰ ਡੀਜ਼ਲ ਬਿਜਲੀ ਦੀ ਪੂਰੀ ਲੋੜ ਹੈ ਪਰ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਅਤੇ ਡੀਜ਼ਲ ਤੇ ਵੈਟ ਵਧਾ ਕੇ ਕਿਸਾਨ ਵਿਰੋਧੀ ਹੋਣ ਦਾ ਵੀ ਸਰਕਾਰ ਨੇ ਸਬੂਤ ਹੈ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸਾਬਕਾ ਜ਼ਿਲਾ ਪ੍ਰਧਾਨ ਅਰੁਣ ਵਧਾਵਣ, ਬਲਾਕ ਪ੍ਰਧਾਨ ਬਲਰਾਜ ਪੱਕਾ, ਹਰਵਿੰਦਰ ਲੱਡੂ, ਬਲਜਿੰਦਰ ਸਿੰਘ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਆਦਿ ਵੀ ਹਾਜ਼ਰ ਸਨ।

ਆਈਐਚਐਮ ਚ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਲਈ ਦਾਖਲੇ ਸ਼ੁਰੂ

0

ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਸਥਾਨਕ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਆਈਐਚਐਮ) ਦੀ ਸਥਾਪਨਾ 2008 ਚ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੁਆਰਾ ਕੀਤੀ ਗਈ ਸੀ। ਇਹ ਨੈਸ਼ਨਲ ਕਾਉਂਸਿਲ ਫਾਰ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਅਧੀਨ ਇੱਕ ਸਿਖਰ ਸੰਸਥਾ), ਨੋਇਡਾ ਨਾਲ ਮਾਨਤਾ ਪ੍ਰਾਪਤ ਹੈ। ਇੰਡੀਅਨ ਹੋਟਲ ਮੈਨੇਜ਼ਮੈਂਟ ਇੱਕ ਹੋਟਲ ਪ੍ਰਬੰਧਨ ਕਾਲਜ ਹੈ। ਇਹ ਜਾਣਕਾਰੀ ਇੰਡੀਅਨ ਹੋਟਲ ਮੈਨੇਜ਼ਮੈਂਟ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ ਨੇ ਸਾਂਝੀ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਾਜਨੀਤ ਕੋਹਲੀ ਨੇ ਦੱਸਿਆ ਕਿ ਇੰਡੀਅਨ ਹੋਟਲ ਮੈਨੇਜ਼ਮੈਂਟ ਵਿਦਿਆਰਥੀਆਂ ਲਈ ਡਿਗਰੀ, ਡਿਪਲੋਮਾ, ਸ਼ਿਲਪਕਾਰੀ ਤੇ ਛੋਟੀ ਮਿਆਦ ਦੇ ਕੋਰਸ ਕਰਵਾਉਂਦਾ ਹੈ ਤੇ ਇਨ੍ਹਾਂ ਸਾਰੇ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪੇਸ਼ੇਵਰ ਕੋਰਸ ਜੋ ਕਿ ਵਿਦਿਆਰਥੀਆਂ ਨੂੰ ਸਵੈ-ਨਿਰਭਰ ਤੇ ਆਤਮ-ਵਿਸ਼ਵਾਸ ਦੇ ਯੋਗ ਬਣਾਉਂਦੇ ਹਨ। ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਹੋਟਲ ਅਤੇ ਸੈਰ-ਸਪਾਟਾ ਉਦਯੋਗ ਲਈ ਚੰਗੀ ਤਰ੍ਹਾਂ ਤਿਆਰ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡਿਗਰੀ ਪ੍ਰੋਗਰਾਮ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦਿੱਲੀ ਦੁਆਰਾ ਮਾਨਤਾ ਪ੍ਰਾਪਤ ਹੈ।ਆਈਐਚਐਮ ਨੇ ਮਲਟੀਪਲ ਐਂਟਰੀ ਅਤੇ ਐਗਜ਼ਿਟ ਦੇ ਐਨਈਪੀ ਮਾਡਲ ਨੂੰ ਅਪਣਾਇਆ ਹੈ। ਇਹ ਸੰਸਥਾ ਸੀਬੀਐਸਪੀ ਦੇ ਅਧੀਨ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਪਾਂਸਰਡ ਪ੍ਰੋਗਰਾਮ ਵੀ ਚਲਾ ਰਹੀ ਹੈ। ਇਨ੍ਹਾਂ ਕੋਰਸਾਂ ਵਿੱਚ ਇਸ ਪ੍ਰੋਗਰਾਮ ਅਧੀਨ ਰਜਿਸਟਰਡ ਉਮੀਦਵਾਰਾਂ ਨੂੰ ਭੋਜਨ ਉਤਪਾਦਨ, ਬੇਕਰੀ ਅਤੇ ਹੋਰ ਕੋਰਸਾਂ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਚਐਸਆਰਟੀ  ਵਿਦਿਆਰਥੀਆਂ ਦਾ ਇੱਕ ਬੈਚ ਜੂਨ 2023 ਵਿੱਚ ਸਫਲਤਾਪੂਰਵਕ ਪੂਰਾ ਹੋ ਗਿਆ ਹੈ ਤੇ ਉਹ ਹੁਣ ਆਲੇ-ਦੁਆਲੇ ਦੇ ਵੱਖ-ਵੱਖ ਹੋਟਲਾਂ, ਰੈਸਟੋਰੈਂਟਾਂ ਅਤੇ ਫੂਡ ਕੋਰਟਾਂ ਵਿੱਚ ਆਪਣੀ ਪ੍ਰੈਕਟੀਕਲ ਸਿਖਲਾਈ ’ਤੇ ਹਨ। ਉਨ੍ਹਾਂ ਕਿਹਾ ਕਿ ਪਰਾਹੁਣਚਾਰੀ ਉਦਯੋਗ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਹੇ ਉਦਯੋਗਾਂ ਵਿੱਚੋਂ ਇੱਕ ਹੈ ਅਤੇ ਭੋਜਨ, ਪੀਣ ਵਾਲੇ ਪਦਾਰਥ ਅਤੇ ਰਿਹਾਇਸ਼ ਸਬੰਧੀ ਦੀ ਮੰਗ ਕਦੇ ਵੀ ਘੱਟ ਨਹੀਂ ਹੋਵੇਗੀ ਇਹ ਉਦਯੋਗ ਹਮੇਸ਼ਾ ਵਧਦਾ ਰਹੇਗਾ। ਇਨ੍ਹਾਂ ਕੋਰਸਾਂ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਹੋਟਲ ਅਤੇ ਰੈਸਟੋਰੈਂਟ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹਨ। ਡਿਗਰੀ ਪ੍ਰੋਗਰਾਮ ਦੇ ਪੂਰਾ ਹੋਣ ਤੋਂ ਬਾਅਦ ਸਾਰੇ ਹੋਟਲ ਰੈਸਟੋਰੈਂਟਾਂ ਤੇ ਕਰੂਜ਼ ਲਾਈਨਾਂ, ਏਅਰਲਾਈਨਾਂ ਲਈ ਪਲੇਸਮੈਂਟ ਉਪਲਬਧ ਹੈ।

ਗਾਹਕ ਦਾ ਸੋਨਾ ਵੇਚਣ ’ਤੇ ਮੁਥੂਟ ਫਾਈਨਾਂਸ ਨੂੰ ਖਪਤਕਾਰ ਕਮਿਸ਼ਨ ਨੇ ਦਿੱਤਾ ਝਟਕਾ

0

ਸੋਨਾ ਵਾਪਸ ਕਰਨ ਜਾਂ ਅੱਜ ਦੇ ਭਾਅ ਮੁਤਾਬਕ ਪੈਸੇ ਦੇਣ ਦੇ ਦਿੱਤੇ ਹੁਕਮ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਜੂਨ: ਗ੍ਰਾਹਕ ਵਲੋਂ ਕਰਜ਼ੇ ਲਈ ਗਹਿਣੇ ਰੱਖੇ ਸੋਨੇ ਨੂੰ ਵੇਚਣ ਵਾਲੀ ਮੁਥੂਟ ਕੰਪਨੀ ਨੂੰ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਵੱਡਾ ਝਟਕਾ ਦਿੱਤਾ ਹੈ। ਇਸ ਸਬੰਧ ਵਿਚ ਕਮਿਸ਼ਨ ਕੋਲ ਅਪਣੇ ਵਕੀਲ ਰਾਹੀਂ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਏਕਤਾ ਨਾਂ ਦੀ ਔਰਤ ਨੇ ਦੱਸਿਆ ਕਿ ਉਸਨੇ ਆਪਣਾ ਸੋਨਾ ਗਿਰਵੀ ਰੱਖ ਕੇ ਸਾਲ 2017 ਵਿੱਚ ਮੁਥੂਟ ਫਾਈਨਾਂਸ ਤੋਂ ਕਰਜ਼ਾ ਲਿਆ ਸੀ। ਪਰ ਕਾਰੋਬਾਰ ਵਿੱਚ ਘਾਟੇ ਕਾਰਨ ਉਹ ਮੁਥੂਟ ਨੂੰ ਪੈਸੇ ਵਾਪਸ ਨਹੀਂ ਕਰ ਸਕੀ ਅਤੇ ਕੰਪਨੀ ਨੇ ਉਸ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਸਦਾ ਸਾਰਾ ਸੋਨਾ ਬਾਜ਼ਾਰ ਵਿੱਚ ਵੇਚ ਦਿੱਤਾ। ਇਸ ਗੱਲ ਦਾ ਪਤਾ ਉਸਨੂੰ ਉਸ ਸਮੇਂ ਲੱਗਿਆ ਜਦ ਉਹ ਆਪਣਾ ਸੋਨਾ ਵਾਪਸ ਲੈਣ ਲਈ ਕੰਪਨੀ ਕੋਲ ਗਈ। ਸਿਕਾਇਤਕਰਤਾ ਨੇ ਕੇਸ ਕਰਨ ਤੋਂ ਪਹਿਲਾਂ ਕੰਪਨਂੀ ਨੂੰ ਸੋਨਾ ਵਾਪਸ ਕਰਨ ਲਈ ਆਪਣੇ ਵਕੀਲ ਰਾਹੀਂ ਨੋਟਿਸ ਵੀ ਭੇਜਿਆ ਪਰ ਕੰਪਨੀ ਨੇ ਉਸ ਦਾ ਸੋਨਾ ਵਾਪਸ ਨਹੀਂ ਕੀਤਾ। ਮਹਿਲਾ ਦੇ ਵਕੀਲ ਵਰੁਣ ਬਾਂਸਲ ਨੇ ਕਮਿਸ਼ਨ ਸਾਹਮਣੇ ਦਲੀਲਾਂ ਦਿੰਦਿਆਂ ਕਿਹਾ ਕਿ ਕੰਪਨੀ ਨੇ ਸੋਨੇ ਦੀ ਨਿਲਾਮੀ ਕਰਦੇ ਸਮੇਂ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ ਹੈ, ਜਿਵੇਂ ਕਿ ਕੰਪਨੀ ਨੇ ਨਾਂ ਤਾਂ ਦੋ ਅਖਬਾਰਾਂ ਵਿਚ ਇਸ ਦੀ ਪ੍ਰਕਾਸ਼ਨਾ ਦਿੱਤੀ ਅਤੇ ਨਾ ਹੀ ਕੰਪਨੀ ਨੇ ਨਿਲਾਮੀ ਸਮੇਂ ਏਕਤਾ ਨੂੰ ਬੁਲਾਇਆ ਅਤੇ ਨਾ ਹੀ ਕੰਪਨੀ ਨੇ ਕੋਈ ਵੀਡੀਓਗ੍ਰਾਫੀ ਕਰਵਾਈ ਹੈ। ਕਮਿਸ਼ਨ ਨੇ ਫ਼ੈਸਲਾ ਸੁਣਾਉਂਦਿਆਂ ਕੰਪਨੀ ਨੂੰ ਹੁਕਮ ਦਿੱਤਾ ਹੈ ਜਾਂ ਤਾਂ ਉਹ ਸਿਕਾਇਤਕਰਤਾ ਕੰਪਨੀ ਨੂੰ ਪਾਲਿਸੀ ਦੇ ਅਨੁਸਾਰ ਵਿਆਜ ਸਮੇਤ ਕਰਜ਼ੇ ਦੀ ਰਕਮ ਜਮਾ ਕਰਵਾਏਗੀ ਅਤੇ ਕੰਪਨੀ ਸਾਰਾ ਸੋਨਾ ਵਾਪਸ ਕਰੇਗੀ, ਜੇਕਰ ਸੋਨਾ ਵਾਪਿਸ ਨਹੀਂ ਕੀਤਾ ਜਾ ਸਕਦਾ ਹੈ ਤਾਂ ਅੱਜ ਦੀ ਕੀਮਤ ਅਨੁਸਾਰ ਸੋਨੇ ਦੀ ਰਕਮ ਵਾਪਸ ਕਰਨੀ ਪਵੇਗੀ।

ਲਟੇਰਿਆਂ ਨੇ ਬਠਿੰਡਾ ’ਚ ਪੜ੍ਹ ਰਹੇ ਨੇਪਾਲੀ ਵਿਦਿਆਰਥੀ ’ਤੇ ਹਮਲਾ ਕਰਕੇ ਨਗਦੀ, ਮੋਬਾਇਲ ਅਤੇ ਸਮਾਨ ਲੁੱਟਿਆ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਜੂਨ: ਸਹਿਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਲੁੱਟਖੋਹ ਦੀਆਂ ਵਧ ਰਹੀਆਂ ਘਟਨਾਵਾਂ ਦੌਰਾਨ ਬੀਤੀ ਰਾਤ ਇੱਕ ਨੇਪਾਲੀ ਵਿਦਿਆਰਥੀ ਇੰਨ੍ਹਾਂ ਲੁਟੇਰਿਆਂ ਦਾ ਸਿਕਾਰ ਬਣ ਗਿਆ। ਕਰੀਬ ਰਾਤ 11:30 ਵਜੇ ਸਥਾਨਕ ਸ਼ਹਿਰ ਦੇ ਨਿਊ ਸ਼ਕਤੀ ਨਗਰ ਰੋਡ ਦੇ ਨਜ਼ਦੀਕ ਸੜਕ ’ਤੇ ਪੈਦਲ ਜਾ ਰਹੇ ਤਿੰਨ ਵਿਦਿਆਰਥੀਆਂ ਨੂੰ ਘੇਰ ਕੇ ਬਾਈਕ ਸਵਾਰ ਦੋ ਲੁਟੇਰਿਆਂ ਵਲੋਂ ਹਮਲਾ ਕਰਕੇ ਨਗਦੀ, ਮੋਬਾਇਲ ਫ਼ੋਨ ਤੇ ਸਮਾਨ ਲੁੱਟਣ ਦੀ ਸੂੁਚਨਾ ਮਿਲੀ ਹੈ। ਇਸ ਘਟਨਾ ਵਿਚ ਲੁਟੇਰਿਆਂ ਵਲੋਂ ਤੇਜਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇੱਕ ਵਿਦਿਆਰਥੀ ਦਾ ਸਿਰ ਫ਼ਟ ਗਿਆ, ਜਿਸਨੂੰ ਸੂਚਨਾ ਮਿਲਣ ’ਤੇ ਅੱਧੀ ਰਾਤ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸਦੀ ਹਾਲਾਤ ਗੰਭੀਰ ਬਣੀ ਹੋਈ ਹੈ। ਜਖਮੀ ਨੌਜਵਾਨ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਬਠਿੰਡਾ ਦੇ ਬਾਬਾ ਫਰੀਦ ਕਾਲਿਜ ਵਿੱਚ ਪੜਾਈ ਕਰਦਾ ਹੈ। ਕਾਲਜ਼ਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਅਨੀਸ਼ ਬੀਤੀ ਰਾਤ ਟਰੈਨ ਰਾਹੀਂ ਅਪਣੇ ਦੇਸ ਨੇਪਾਲ ਵੱਲ ਜਾਣ ਲਈ ਅਪਣੇ ਦੋ ਦੋਸਤਾਂ ਨਾਲ ਪੀਜੀ ਵਿਚੋਂ ਸਟੇਸ਼ਨ ਵੱਲ ਜਾ ਰਿਹਾ ਸੀ । ਘਟਨਾ ਸਮੇਂ ਉਸਦੇ ਦੋ ਸਾਥੀ ਵੀ ਨਾਲ ਸਨ, ਜਿਹੜੇ ਉਸਨੂੰ ਛੱਡਣ ਸਟੇਸ਼ਨ ਤੱਕ ਜਾ ਰਹੇ ਸਨ। ਅਨੀਸ਼ ਨੇ ਦੱਸਿਆ ਕਿ ਲੁਟੇਰੇ ਉਸਦੀ ਜੇਬ ਵਿਚ ਪਰਸ, ਜਿਸ ਵਿਚ ਕਰੀਬ ਪੰਜ ਹਜ਼ਾਰ ਰੁਪਏ ਸਨ, ਤੋਂ ਇਲਾਵਾ ਮੋਬਾਇਲ ਫ਼ੋਨ ਅਤੇ ਬੈਗ ਵੀ ਖੋਹ ਕੇ ਲੈ ਗਏ। ਜਿਸ ਵਿੱਚ ਕੱਪੜੇ ਅਤੇ ਉਸਦੇ ਸਰਟੀਫੀਕੇਟ ਵੀ ਸਨ। ਇਸ ਸਬੰਧ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਹੋਇਆ ਸ਼ੁਰੂ

ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਸ਼ਹਿਰ ਦੀ ਪੁਰਾਤਨ ਵਿਦਿਅਕ ਸੰਸਥਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਬੰਧ ਵਿਚ ਸਕੂਲ ’ਚ ਹੋਏ ਇੱਕ ਸਮਾਗਮ ਦੌਰਾਨ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਂਦਿਆਂ ਸਕੂਲ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਢਿੱਲੋਂ ਨੇ ਨਿੱਜੀ ਤੌਰ ‘ਤੇ 51 ਹਜ਼ਾਰ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ। ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ, ਰਾਜਪਾਲ ਸਿੰਘ ਅਤੇ ਸੀਨੀਅਰ ਅਧਿਆਪਕ ਕਮਲੇਸ਼ ਕੁਮਾਰੀ ,ਪਰਮਜੀਤ ਕੌਰ , ਬਲਜੀਤ ਕੌਰ ਕਲਰਕ,ਨਰਿੰਦਰਪਾਲ ਕੌਰ ਅਤੇ ਚਰਨਜੀਤ ਕੌਰ ਦੁੁਆਰਾ ਸਮੁੱਚਾ ਪ੍ਰਬੰਧ ਕੀਤਾ ਗਿਆ। ਦਸਣਾ ਬਣਦਾ ਹੈ ਕਿ ਖ਼ਾਲਸਾ ਸਕੂਲ ਦੇਸ ਦੀ ਅਜਾਦੀ ਤੋਂ ਪਹਿਲਾਂ ਦੀ ਵਿਦਿਅਕ ਸੰਸਥਾ ਹੈ, ਜਿਸਨੇ ਅਜਾਦੀ ਤੋਂ ਇਲਾਵਾ ਖ਼ਾਲਸਾ ਸੁਧਾਰ ਲਹਿਰ ਆਦਿ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਇਸ ਦੌਰਾਨ ਦਰਬਾਰ ਸਾਹਿਬ ਦੀ ਉਸਾਰੀ ਲਈ ਭਰਪੂਰ ਸਿੰਘ ਬਰਾੜਵੱਲੋ 51000 ਅਤੇ ਸਕੂਲ ਦੇ ਕਰਮਚਾਰੀ ਲਾਭ ਸਿੰਘ ਅਤੇ ਪਰਿਵਾਰ ਵੱਲੋਂ ਸਵ: ਪਵਨਪ੍ਰੀਤ ਸਿੰਘ ਬਰਾੜ ਝੁੱਟੀਕਾ ਦੀ ਯਾਦ ਵਿੱਚ 51000 ਰੁਪੈ ਦਿੱਤੇ ਗਏ। ਹੋਰ ਪਹੁੰਚੇ ਹੋਏ ਪੰਤਵੰਤੇ ਸੰਜਣਾਂ ਵੱਲੋਂ ਅਤੇ ਸਮੂਹ ਸਟਾਫ਼ ਵੱਲੋਂ ਵੀ ਦਰਬਾਰ ਸਾਹਿਬ ਦੀ ਕਾਰਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਗਿਆ। ਦੁਕਾਨਦਾਰਾਂ ਵੱਲੋਂ ਵੀ ਇਸ ਸੇਵਾ ਵਿੱਚ ਹਿੱਸਾ ਪਾਇਆ ਗਿਆ। ਇਸ ਮੌਕੇ ਦਿਆਲ ਸਿੰਘ ਔਲਖ , ਹਰਮੰਦਰ ਸਿੰਘ ਬਰਾੜ, ਮੇਜਰ ਸਿੰਘ , ਚੇਤ ਸਿੰਘ ਚਹਿਲ, ਗੁਰਦੀਪ ਸਿੰਘ ਸਰਾਂ,ਅਵਤਾਰ ਸਿੰਘ , ਭਰਪੂਰ ਸਿੰਘ ਬਰਾੜ ਅਤੇ ਅਵਤਾਰ ਸਿੰਘ (ਜੰਟਾ) ਵਿਸ਼ੇਸ ਤੌਰ ’ਤੇ ਪਹੁੰਚੇ।