Home Blog Page 2083

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿੱਤੀ ਐੱਨ.ਸੀ.ਸੀ ਦੀ ਓਵਰ ਆਲ ਬੈਸਟ ਟਰਾਫੀ

0

ਸੁਖਜਿੰਦਰ ਮਾਨ
ਬਠਿੰਡਾ, 13 ਜੂਨ: 20 ਪੰਜਾਬ ਐੱਨ.ਸੀ.ਸੀ ਬਟਾਲੀਅਨ ਬਠਿੰਡਾ ਵੱਲੋਂ ਐਨ.ਸੀ.ਸੀ ਦਾ ਸਲਾਨਾ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ 25 ਸਕੂਲ ਅਤੇ ਕਾਲਜਾਂ ਦੇ 488 ਕੈਡਿਟਾਂ ਨੇ ਹਿੱਸਾ ਲਿਆ। ਕੈਂਪ ਵਿੱਚ ਜੀ.ਕੇ.ਯੂ ਦੇ ਕੈਡਿਟਾਂ ਨੇ 25 ਸੋਨੇ ਅਤੇ 10 ਚਾਂਦੀ ਦੇ ਤਗਮੇ ਹਾਸਿਲ ਕਰਕੇ ਓਵਰ ਆਲ ਬੈਸਟ ਟ੍ਰਾਫੀ ਜਿੱਤੀ। ਇਸ ਮੌਕੇ ਕੈਡਿਟਾਂ ਦੇ ਸਨਮਾਨ ਲਈ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕੈਡਿਟਾਂ ਨੂੰ ਦੇਸ਼ ਸੇਵਾ ਅਤੇ ਦੇਸ਼ ਦੇ ਵਿਕਾਸ ਲਈ ਤਨ ਦੇਹੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਵਰਸਿਟੀ ਦੇ ਕਈ ਕੈਡਿਟਾਂ ਨੂੰ ਐੱਨ.ਸੀ.ਸੀ ਦੇ ਸੀ ਸਰਟੀਫਿਕੇਟ ਸਦਕਾ ਭਾਰਤੀ ਸੇਨਾ ਅਤੇ ਸੁਰੱਖਿਆ ਬਲਾਂ ਵਿੱਚ ਉੱਚੀਆਂ ਪਦਵੀਆਂ ਮਿਲੀਆਂ ਹਨ। ਉੱਪ ਕੁਲਪਤੀ ਪ੍ਰੋ.(ਡਾ.) ਐੱਸ. ਕੇ. ਬਾਵਾ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜ ਸੇਵਾ ਅਤੇ ਨਿੱਘਰ ਸਮਾਜ ਦੀ ਸਿਰਜਣਾ ਲਈ ਕੰਮ ਕਰਦੇ ਰਹਿਣਾ ਉੱਤਮ ਸਿੱਖਿਆ ਹੈ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਸਰਦੂਲ ਸਿੰਘ ਤੇ ਐਨ.ਸੀ.ਸੀ ਅਫ਼ਸਰ ਡਾ. ਸ਼ਾਮ ਸੁੰਦਰ ਨੇ ਦੱਸਿਆ ਕਿ ਕੈਂਪ ਵਿੱਚ ਕਰਵਾਏ ਸੁਕਾਇਡ ਡਰਿਲ, ਖੋ-ਖੋ, ਵਾਲੀਵਾਲ, ਰੱਸਾ ਕੱਸੀ ਆਦਿ ਮੁਕਾਬਲਿਆਂ ਵਿੱਚ ਜੀ.ਕੇ.ਯੂ ਦੇ ਕੈਡਿਟਾਂ ਨੇ ਕੁਲ 35 ਤਗਮੇ ਜਿੱਤ ਕੇ ਓਵਰ ਆਲ ਬੈਸਟ ਟਰਾਫੀ ਜਿੱਤਣ ਦਾ ਮਾਣ ਹਾਸਿਲ ਕੀਤਾ।

ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19 ਜੂਨ ਨੂੰ ਸੱਦੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਜੂਨ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19 ਜੂਨ, 2023 ਨੂੰ ਸੱਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ-16 ਦੇ ਦੂਜੇ ਸ਼ਰਤੀ ਉਪਬੰਧ ਤਹਿਤ ਸਪੀਕਰ ਨੇ 16ਵੀਂ ਪੰਜਾਬ ਵਿਧਾਨ ਸਭਾ, ਜਿਸ ਨੂੰ 22 ਮਾਰਚ, 2023 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਨੂੰ 19 ਜੂਨ, 2023 (ਸੋਮਵਾਰ) ਨੂੰ ਬਾਅਦ ਦੁਪਹਿਰ 2:00 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਚੌਥੇ ਸੈਸ਼ਨ ਦੀ ਬੈਠਕ ਲਈ ਇਕੱਤਰ ਹੋਣ ਲਈ ਬੁਲਾਇਆ ਹੈ।

ਰਾਜਪਾਲ ਦੇ ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹਿਣ ਬਾਰੇ ਮੁੱਖ ਮੰਤਰੀ ਵੱਲੋਂ ਵੀਡੀਓ ਜਾਰੀ

0

ਸੁਪਰੀਮ ਕੋਰਟ ਦੇ ਆਦੇਸ਼ ਦੇ ਹਵਾਲੇ ਨਾਲ ਡਿਊਟੀ ਬਾਰੇ ਸਮਝਾਉਣ ਤੱਕ ਰਾਜਪਾਲ ਨੇ ਜਾਣ-ਬੁੱਝ ਕੇ ‘ਸਰਕਾਰ’ ਸ਼ਬਦ ਦੀ ਵਰਤੋਂ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਜੂਨ: ਪੰਜਾਬ ਦੇ ਰਾਜਪਾਲ ਨੂੰ ਢੁਕਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਕਿਵੇਂ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਇਸ ਬਾਰੇ ਯਾਦ ਦਿਵਾਉਣ ਤੱਕ ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹੇ ਸਨ।ਇੱਕ ਵੀਡੀਓ ਰਿਕਾਰਡਿੰਗ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਆਪਣਾ ਭਾਸ਼ਣ ‘ਮੇਰੀ ਸਰਕਾਰ’ ਸ਼ਬਦ ਤੋਂ ਸ਼ੁਰੂ ਕੀਤਾ ਸੀ ਪਰ ਜਦੋਂ ਵਿਰੋਧੀ ਧਿਰ ਵੱਲੋਂ ਬਿਨਾਂ ਕਿਸੇ ਤਰਕ ਦੇ ਰੌਲਾ ਪਾਇਆ ਗਿਆ ਤਾਂ ਉਨ੍ਹਾਂ ਨੇ ਸਿਰਫ਼ ‘ਸਰਕਾਰ’ ਸ਼ਬਦ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਹਾਲਾਂਕਿ ਜਦੋਂ ਉਨ੍ਹਾਂ ਨੇ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਯਾਦ ਕਰਵਾਇਆ ਤਾਂ ਉਨ੍ਹਾਂ ਆਪਣਾ ਰੁਖ਼ ਬਦਲ ਲਿਆ ਅਤੇ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਰਿਕਾਰਡ ਤੋਂ ਮਿਲੀ ਵੀਡੀਓ ਰਿਕਾਰਡਿੰਗ ਇਸ ਗੱਲ ਦਾ ਸਬੂਤ ਹੈ ਕਿ ਰਾਜਪਾਲ ਚੁਣੀ ਹੋਈ ਸੂਬਾ ਸਰਕਾਰ ਪ੍ਰਤੀ ਵਿਰੋਧੀ ਰਵੱਈਆ ਅਪਣਾ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਦੀ ਬੇਬੁਨਿਆਦ ਅਤੇ ਗੁਮਰਾਹਕੁੰਨ ਬਿਆਨਬਾਜ਼ੀ ਇਸ ਅਹੁਦੇ ਦੀ ਨਿਰਾਦਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨ ਰਾਜ ਵਿਧਾਨ ਸਭਾ ਵਿੱਚ ਉਨ੍ਹਾਂ ਦੀਆਂ ਕਾਰਵਾਈਆਂ ਦੇ ਬਿਲਕੁਲ ਉਲਟ ਹਨ, ਜਿਨ੍ਹਾਂ ਦੇ ਰਿਕਾਰਡਿਡ ਸਬੂਤ ਵੀ ਹਨ। ਭਗਵੰਤ ਮਾਨ ਨੇ ਰਾਜਪਾਲ ਨੂੰ ਪੁੱਛਿਆ ਕਿ ਉਹ ਆਪਣੇ ਸੰਬੋਧਨ ਦੌਰਾਨ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਨਾ ਕਰਕੇ ਆਪਣਾ ਸੰਵਿਧਾਨਕ ਫ਼ਰਜ਼ ਨਿਭਾਉਣ ਵਿੱਚ ਅਸਫ਼ਲ ਕਿਉਂ ਰਹੇ।ਮੁੱਖ ਮੰਤਰੀ ਨੇ ਅਫ਼ਸੋਸ ਜਤਾਇਆ ਕਿ ਇਹ ਮੰਦਭਾਗਾ ਹੈ ਕਿ ਮੌਜੂਦਾ ਕੇਂਦਰੀ ਸ਼ਾਸਨ ਤਹਿਤ ਆਏ ‘ਸਿਲੈਕਟਿਡ ਲੋਕ’, ‘ਇਲੈਕਟਿਡ ਨੁਮਾਇੰਦਿਆਂ’ ਦੇ ਮਾਮਲਿਆਂ ਵਿੱਚ ਤਾਕ-ਝਾਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸੁਚਾਰੂ ਕੰਮਕਾਜ ਨੂੰ ਲੀਹੋਂ ਲਾਹੁਣ ਲਈ ਬੇਲੋੜੇ ਅੜਿੱਕੇ ਡਾਹੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਰਾਜ ਭਵਨ ਹੁਣ ਭਾਜਪਾ ਦੇ ਸੂਬਾਈ ਹੈੱਡ-ਕੁਆਰਟਰ ਵਜੋਂ ਕੰਮ ਕਰ ਰਹੇ ਹਨ, ਜੋ ਭਾਰਤੀ ਜਮਹੂਰੀਅਤ ਲਈ ਬਹੁਤ ਖਤਰਨਾਕ ਰੁਝਾਨ ਹੈ।

ਐਮ.ਐਲ.ਏ ਬੁੱਧ ਰਾਮ ਬਣੇ ਆਪ ਦੇ ਸੂਬਾ ਕਾਰਜਕਾਰੀ ਪ੍ਰਧਾਨ, ਢੋਸ ਨੂੰ ਦਿੱਤੀ ਯੂਥ ਵਿੰਗ ਦੀ ਜਿੰਮੇਵਾਰੀ

0

ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰਨ ਦੀ ਨਸੀਹਤ!
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਜੂਨ: ’ਆਪ ਵੱਲੋਂ ਪੰਜਾਬ ਇਕਾਈ ਦੇ ਸੰਗਠਿਤ ਢਾਂਚੇ ਦਾ ਵਿਸਤਾਰ ਕਰਦਿਆਂ ਬੁਲਢਾਡਾ ਹਲਕੇ ਤੋਂ ਦੂਜੀ ਵਾਰ ਦੇ ਵਿਧਾਇਕ ਬੁੱਧ ਰਾਮ ਨੂੰ ਸੂਬੇ ਦਾ ਕਾਰਜ਼ਕਾਰੀ ਪ੍ਰਧਾਨ ਲਗਾਇਆ ਹੈ। ਅੱਜ ਇੱਥੇ ਜਾਰੀ ਆਦੇਸਾਂ ਤਹਿਤ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਸੂਬੇ ਦੇ ਯੂਥ ਵਿੰਗ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਸ਼੍ਰੀ ਬੁੱਧ ਰਾਮ ਦੇ ਨਾਲ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਟੇਟ ਵਾਈਸ ਪ੍ਰੈਜ਼ੀਡੈਂਟ, ਜਸਵੀਰ ਸਿੰਘ ਰਾਜਾ ਗਿੱਲ ਸਟੇਟ ਵਾਈਸ ਪ੍ਰੈਜ਼ੀਡੈਂਟ, ਜਗਦੀਪ ਸਿੰਘ ਕਾਕਾ ਬਰਾੜ ਸਟੇਟ ਵਾਈਸ ਪ੍ਰੈਜ਼ੀਡੈਂਟ, ਤਰੁਣਪ੍ਰੀਤ ਸਿੰਘ ਸੋਂਧ ਸਟੇਟ ਵਾਈਸ ਪ੍ਰੈਜ਼ੀਡੈਂਟ ਅਤੇ ਜਗਰੂਪ ਸਿੰਘ ਸੇਖਵਾਂ ਸੂਬਾ ਜਰਨਲ ਸੈਕਟਰੀ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਦੂਜੇ ਪਾਸੇ ਇਸ ਮੌਕੇ ’ਤੇ ਨਵ-ਨਿਯੁਕਤ ਹੋਏ ਆਗੂਆਂ ਨੇ ਉਨ੍ਹਾਂ ਉੱਪਰ ਵਿਖਾਏ ਭਰੋਸੇ ਅਤੇ ਯਕੀਨ ਲਈ ਪਾਰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਦਿੱਤੀ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਤਤਪਰ ਰਹਿਣਗੇ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੰਦਿਆਂ ਅਤੇ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰਨ ਦੀ ਨਸੀਹਤ ਵੀ ਦਿੱਤੀ ਹੈ।

ਸਾਲ 2047 ਤੱਕ 10 ਫੀਸਦੀ ਸਾਲਾਨਾ ਵਿਕਾਸ ਦਰ ਹਾਸਲ ਕਰਨ ਲਈ ਪੰਜਾਬ ਤਿਆਰ ਕਰ ਰਿਹਾ ਹੈ ਵਿਜ਼ਨ ਦਸਤਾਵੇਜ਼: ਚੀਮਾ

0

ਯੋਜਨਾ ਵਿਭਾਗ ਦਾ ਇਹ ਵਿਆਪਕ ਦਸਤਾਵੇਜ਼ ਥੋੜ੍ਹੇ ਸਮੇਂ (2030) ਅਤੇ ਲੰਬੇ ਸਮੇਂ (2047) ਦੇ ਟੀਚਿਆਂ ਨੂੰ ਕਰੇਗਾ ਉਜਾਗਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਜੂਨ: ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਲ 2030 ਤੱਕ ਆਰਥਿਕ ਵਿਕਾਸ ਦਰ 7.5 ਫੀਸਦੀ ਸਾਲਾਨਾ ਅਤੇ ਸਾਲ 2047 ਤੱਕ 10 ਫੀਸਦੀ ਸਾਲਾਨਾ ਹਾਸਲ ਕਰਨ ਲਈ ਵਿਜ਼ਨ ਦਸਤਾਵੇਜ਼ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਆਉਣ ਵਾਲੀਆਂ ਸਰਕਾਰਾਂ ਲਈ ਵੀ ਆਪਣੇ ਯਤਨਾਂ ਅਤੇ ਨੀਤੀਆਂ ਨੂੰ ਸਹੀ ਦਿਸ਼ਾ ਵਿੱਚ ਕੇਂਦਰਿਤ ਕਰਨ ਲਈ ਇੱਕ ਮਾਰਗਦਰਸ਼ਕ ਦਸਤਾਵੇਜ਼ ਵਜੋਂ ਕੰਮ ਕਰੇਗਾ।ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਯੋਜਨਾ ਵਿਭਾਗ ਵੱਲੋਂ ਤਿਆਰ ਕੀਤਾ ਜਾ ਰਿਹਾ ਇਹ ਵਿਆਪਕ ਦਸਤਾਵੇਜ਼ ਮੌਜੂਦਾ ਸਥਿਤੀ, ਵੱਖ-ਵੱਖ ਖੇਤਰਾਂ ਦੀਆਂ ਚੁਣੌਤੀਆਂ, ਥੋੜ੍ਹੇ ਸਮੇਂ (2030) ਅਤੇ ਲੰਮੇ ਸਮੇਂ (2047) ਦੇ ਟੀਚਿਆਂ, ਅਤੇ ਇੰਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਣਨੀਤੀਆਂ ‘ਤੇ ਚਾਨਣ ਪਾਵੇਗਾ। ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਵੱਖ-ਵੱਖ ਪ੍ਰਸ਼ਾਸਕੀ ਵਿਭਾਗਾਂ ਅਤੇ ਏਜੰਸੀਆਂ ਦੇ ਯਤਨਾਂ ਇਕੱਠਾ ਕਰਕੇ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਮਿਥੇ ਗਏ ਖੇਤਰੀ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ।ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਦਸਤਾਵੇਜ਼ ਉਨ੍ਹਾਂ ਖੇਤਰਾਂ ਨੂੰ ਵੀ ਉਜਾਗਰ ਕਰੇਗਾ ਜਿਨ੍ਹਾਂ ਬਾਰੇ ਗੰਭੀਰ ਅਤੇ ਸਖ਼ਤ ਯਤਨਾਂ ਦੀ ਲੋੜ ਹੈ ਤਾਂ ਜੋ ਰੁਜ਼ਗਾਰ, ਉਦਯੋਗ, ਖੇਤੀਬਾੜੀ ਅਤੇ ਪੇਂਡੂ ਵਿਕਾਸ, ਬੁਨਿਆਦੀ ਢਾਂਚੇ ਦੇ ਵਿਕਾਸ, ਟਿਕਾਊ ਸ਼ਹਿਰਾਂ ਅਤੇ ਨਿਵਾਸ ਸਥਾਨਾਂ ਨੂੰ ਹੁਲਾਰਾ ਦਿੰਦੇ ਹੋਏ ਰਾਜ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਸ. ਚੀਮਾ ਨੇ ਕਿਹਾ ਕਿ ਸਮੂਹਿਕ ਅਤੇ ਬਰਾਬਰ ਗੁਣਵੱਤਾ ਵਾਲੀ ਸਿੱਖਿਆ, ਸਿਹਤ ਬੁਨਿਆਦੀ ਢਾਂਚਾ ਅਤੇ ਵਿਵਸਥਾ, ਲਿੰਗ ਸਮਾਨਤਾ ਪ੍ਰਾਪਤ ਕਰਨ, ਕਿਫਾਇਤੀ ਅਤੇ ਸਾਫ਼ ਊਰਜਾ, ਜਲਵਾਯੂ ਨੂੰ ਬਚਾਉਣ ਲਈ ਕਾਰਵਾਈ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਦਰਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪ੍ਰਭਾਵਸ਼ਾਲੀ ਆਰਥਿਕ ਨੀਤੀਆਂ ਅਤੇ ’ਸਰਕਾਰ ਤੁਹਾਡੇ ਦੁਆਰ’ ਵਰਗੇ ਲੋਕ ਪੱਖੀ ਪ੍ਰੋਗਰਾਮਾਂ ਰਾਹੀਂ ’ਰੰਗਲਾ ਪੰਜਾਬ’ ਬਣਾ ਕੇ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਹੁਣ ਤੱਕ ਤਿੰਨ ਕੈਬਨਿਟ ਮੀਟਿੰਗਾਂ ਲੁਧਿਆਣਾ, ਜਲੰਧਰ ਅਤੇ ਮਾਨਸਾ ਵਿਖੇ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਅਫਸਰਸ਼ਾਹੀ ਨੂੰ ਸਿੱਧੇ ਤੌਰ ’ਤੇ ਲੋਕਾਂ ਪ੍ਰਤੀ ਜਵਾਬਦੇਹ ਬਣਾ ਕੇ ਸਮੁੱਚੀ ਸ਼ਾਸਨ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਂਦੀ ਗਈ ਹੈ।’ਸਰਕਾਰ ਤੁਹਾਡੇ ਦੁਆਰ’ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਸ. ਚੀਮਾ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਆਮ ਲੋਕ, ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਸਿੱਧੇ ਤੌਰ ’ਤੇ ਸਬੰਧਤ ਵਿਭਾਗ ਦੇ ਕੈਬਨਿਟ ਮੰਤਰੀ ਅੱਗੇ ਆਪਣੇ ਮੁੱਦੇ ਉਠਾ ਸਕਦੇ ਹਨ, ਜਿਸ ਨਾਲ ਜ਼ਿਲ੍ਹਾ ਪੱਧਰੀ ਪ੍ਰਸ਼ਾਸਨ ’ਤੇ ਸਮੇਂ ਸਿਰ ਸੇਵਾਵਾਂ ਦੇਣ ਅਤੇ ਬਕਾਇਆ ਕੰਮਾਂ ਨੂੰ ਪੂਰਾ ਕਰਨ ਲਈ ਦਬਾਅ ਵਧ ਗਿਆ ਹੈ। ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਆਪਣੇ ਕੈਬਨਿਟ ਸਾਥੀ ਸ. ਕੁਲਦੀਪ ਸਿੰਘ ਧਾਲੀਵਾਲ ਨਾਲ ਇਸ ਪ੍ਰੋਗਰਾਮ ਦੌਰਾਨ 23 ਵੱਖ-ਵੱਖ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨਾਲ ਹਾਲ ਹੀ ਵਿੱਚ ਮਾਨਸਾ ਵਿਖੇ ਮੀਟਿੰਗ ਕੀਤੀ ਅਤੇ ਇਹ ਪ੍ਰੋਗਰਾਮ ਸਰਕਾਰ ਨੂੰ ਲੋਕਾਂ ਤੋਂ ਸਿੱਧਾ ਫੀਡਬੈਕ ਪ੍ਰਾਪਤ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ।ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਧ ਜਵਾਬਦੇਹੀ ਸੂਬੇ ਦੇ ਲੋਕਾਂ ਪ੍ਰਤੀ ਹੈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਨਸਾ ਵਿਖੇ ਹਾਲ ਹੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 14239 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਦਾ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਵੱਲੋਂ ਲਿਆ ਗਿਆ ਹੈ ਅਤੇ ਉਹ ਵੀ ਕਾਰਜਕਾਲ ਦੇ ਸ਼ੁਰੂਆਤੀ ਸਾਲਾਂ ਦੌਰਾਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਬਹੁਤੀਆਂ ਗਾਰੰਟੀਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਕੀਤੇ ਜਾਣਗੇ।

ਸਰਕਾਰੀ ਵਿਭਾਗਾਂ ਦੇ ਵਿੱਚ ਪ੍ਰਾਈਵੇਟ ਬੱਸਾਂ ਦੀ ਐਂਟਰੀ ਦਾ ਮਤਲਬ ਨਿੱਜੀਕਰਨ ਦੀ ਤਿਆਰੀ – ਕੁਲਵੰਤ ਸਿੰਘ ਮਨੇਸ

ਸਰਕਾਰ ਪੰਜਾਬ ਦੇ ਅਦਾਰੇ ਬੰਦ ਕਰਕੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਭੇਜਣ ਲਈ ਤਤਪਰ – ਸੰਦੀਪ ਗਰੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਜੂਨ : ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 2511 ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਬਜਾਏ ਟਰਾਂਸਪੋਰਟ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸ ਪਾ ਕੇ ਵਿਭਾਗ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਵੱਲ ਨੂੰ ਜਾ ਰਹੀ ਹੈ । ਜੇਕਰ ਵਿਭਾਗ ਆਪਣੀ ਬੱਸਾਂ ਲੈਂਦਾ ਹੈ ਜਿਸ ਦੀ ਕੀਮਤ ਲਗਭਗ 25ਤੋ27 ਲੱਖ ਰੁਪਏ ਦੇ ਕਰੀਬ ਹੈ ਜਿਸ ਦੇ ਨਾਲ ਰੇਸ਼ੋ ਮੁਤਾਬਿਕ 5ਤੋ7 ਨੋਜਵਾਨ ਨੂੰ ਰੋਜ਼ਗਾਰ ਮਿਲ ਸਕਦਾ ਹੈ ਤੇ ਨਾਲ ਹੀ 17 ਕੈਟਾਗਰੀ ਫਰੀ ਸਫ਼ਰ ਸਹੂਲਤ ਪਹਿਲਾਂ ਤੋਂ ਹੀ ਲੈ ਰਹੀਆਂ ਹਨ ਉਹ ਵੀ ਬਰਕਰਾਰ ਰਹਿਣਗੀਆ ਪਰ ਸਰਕਾਰ ਨੇ ਪ੍ਰਾਈਵੇਟ ਮਾਲਕੀ ਵਾਲੀ ਬੱਸਾਂ ਦਾ ਟੈਂਡਰ ਕੱਢ ਕੇ ਆਪਣੇ ਮਨਸੂਬੇ ਜਾਹਰ ਕਰ ਦਿੱਤੇ ਹਨ। ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਨੇ ਦੱਸਿਆ ਕਿ ਸਰਕਾਰ ਆਪਣੀ ਵੋਟਾਂ ਬਟੋਰਨ ਦੇ ਲਈ ਪੰਜਾਬ ਦੀ ਸਰਕਾਰ ਪਬਲਿਕ ਨੂੰ ਫਰੀ ਸਫ਼ਰ ਸਹੁਲਤ ਦਿੱਤੀ ਸੀ ਪਰ ਫਰੀ ਸਫ਼ਰ ਦੇ ਪੈਸੇ ਦਾ ਸਹੀ ਸਮੇਂ ਤੇ ਭੁਗਤਾਣ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਬਹਤੀਆ ਬੱਸਾਂ ਸਪੇਆਰ ਪਾਰਟਸ ਤੋਂ ਬਿਨ੍ਹਾਂ ਖੜੀਆਂ ਹਨ। ਦੁਸਰੇ ਪਾਸੇ ਸਰਕਾਰ ਵਿਭਾਗ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਲਗਾਤਾਰ ਪਹਿਲੀਆਂ ਸਰਕਾਰ ਵਾਂਗੂੰ ਚਲਾ ਰਹੀ ਹੈ । ਜਿਸ ਦੇ ਨਾਲ ਹੋਰ ਕਟੌਤੀਆਂ ਦੇ ਨਾਲ ਕਰੋੜਾਂ ਰੁਪਏ ਦੀ ਲੁੱਟ ਨੂੰ ਰੋਕ ਸਕਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਮਨੇਜਮੈਂਟ ਨੇ ਇਹ ਟੈਂਡਰ ਵਾਪਸ ਨਾ ਲਿਆ ਤਾਂ 19 ਜੂਨ ਨੂੰ ਪੀ.ਆਰ.ਟੀ.ਸੀ ਹੈਡ ਆਫਿਸ ਦੇ ਗੇਟ ਤੋਂ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਵੱਖ ਵੱਖ ਡਿੱਪੂਆਂ ਦੇ ਆਗ ਜਗਤਾਰ ਸਿੰਘ , ਜਲੌਰ ਸਿੰਘ , ਹਰਤਾਰ ਸ਼ਰਮਾ ਬਠਿੰਡਾ,ਬਲਜਿੰਦਰ ਸਿੰਘ , ਗੁਰਪ੍ਰੀਤ ਸਿੰਘ, ਰੋਹੀ ਰਾਮ , ਰਣਜੀਤ ਸਿੰਘ , ਆਦਿ ਆਗੂ ਸ਼ਾਮਲ ਹੋਏ।

ਵਿਰੋਧੀ ਗੁੱਟ ਦੇ ਦਬਾਅ ਤੋਂ ਬਾਅਦ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਰੱਦ

0

ਬੀਤੇ ਕੱਲ ਹੀ ਦੋ ਦਰਜ਼ਨ ਕਾਂਗਰਸੀ ਕੋਂਸਲਰਾਂ ਨੇ ਮੇਅਰ ਵਿਰੁਧ ਬਣਾਈ ਸੀ ਰਣਨੀਤੀ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਅਪਣੀ ਹੀ ਪਾਰਟੀ ਦੇ ਕੋਂਸਲਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਵਲੋਂ ਭਲਕੇ ਮੰਗਲਵਾਰ ਨੂੰ ਹੋਣ ਜਾ ਰਹੀ ਜਨਰਲ ਹਾਊਸ ਦੀ ਮੀਟਿੰਗ ਰੱਦ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਮੀਟਿੰਗ ’ਚ ਰੱਖੇ ਏਜੰਡੇ ਅਤੇ ਇਸ ਸਬੰਧੀ ਕੋਂਸਲਰਾਂ ਦੀ ਰਾਏ ਨਾ ਲੈਣ ਤੋਂ ਭੜਕੇ ਕਾਂਗਰਸੀ ਕੋਂਸਲਰਾਂ ਵਲੋਂ ਮੇਅਰ ਨੂੰ ਘੇਰਣ ਲਈ ਬੀਤੇ ਕੱਲ ਹੀ ਰਣਨੀਤੀ ਘੜੀ ਸੀ। ਇਸ ਸਬੰਧ ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਦਫ਼ਤਰ ’ਚ ਕਰੀਬ ਦੋ ਦਰਜ਼ਨ ਕੋਂਸਲਰਾਂ ਵਲੋਂ ਮੀਟਿੰਗ ਕੀਤੀ ਗਈ ਸੀ। ਦਸਣਾ ਬਣਦਾ ਹੈ ਕਿ ਕਾਂਗਰਸੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕੁੱਝ ਸਮਾਂ ਪਹਿਲਾਂ ਪੌਣੀ ਦਰਜ਼ਨ ਕੋਂਸਲਰਾਂ ਸਹਿਤ ਮੇਅਰ ਰਮਨ ਗੋਇਲ ਨੂੰ ਵੀ ਕਾਂਗਰਸ ਪਾਰਟੀ ਨੇ ਬਾਹਰ ਕੱਢ ਦਿੱਤਾ ਸੀ। ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਖੇਮੇ ਦੀ ਮੰਨੀ ਜਾਣ ਵਾਲੀ ਸ਼੍ਰੀਮਤੀ ਗੋਇਲ ਨੇ ਹਾਲੇ ਤੱਕ ਭਾਜਪਾ ਵੀ ਜੁਆਇੰਨ ਨਹੀਂ ਕੀਤੀ ਹੈ ਤੇ ਹਾਊਸ ਵਿਚ ਬਹੁਮਤ ਨਾ ਹੋਣ ਕਾਰਨ ਹਰ ਮੀਟਿੰਗ ਵਿਚ ਉਨ੍ਹਾਂ ਨੂੰ ਅਪਣੀ ਸਾਬਕਾ ਪਾਰਟੀ ਦੇ ਕੋਂਸਲਰਾਂ ਦਾ ਭਾਰੀ ਵਿਰੋਧ ਝੱਲਣਾ ਪੈ ਰਿਹਾ ਹੈ। ਉਧਰ ਭਲਕੇ ਹੋਣ ਵਾਲੀ ਮੀਟਿੰਗ ਨੂੰ ਰੱਦ ਕਰਨ ਸਬੰਧੀ ਜਦ ਕੁੱਝ ਕੋਂਸਲਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾਅਵਾ ਕੀਤਾ ਕਿ ‘‘ ਮੀਟਿੰਗ ਵਿਚ ਰੱਖਿਆ ਏਜੰਡਾ ਪੱਖਪਾਤੀ ਸੀ ਤੇ ਇਸਨੂੰ ਤਿਆਰ ਕਰਨ ਲਈ ਜਿਆਦਾਤਰ ਕੋਂਸਲਰਾਂ ਦੀ ਰਾਏ ਨਹੀਂ ਲਈ ਗਈ ਸੀ। ’’ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਾਂਗਰਸੀ ਕੋਂਸਲਰਾਂ ਨੇ ਅੰਦਰਖਾਤੇ ਮੇਅਰ ਤਂੋ ਕਮੇਟੀ ਬਣਾਉਣ ਸਹਿਤ ਹੋਰ ਮਹੱਤਵਪੂਰਨ ਅਧਿਕਾਰ ਵੀ ਬਹੁਮਤ ਦੇ ਅਧਾਰ ’ਤੇ ਵਾਪਸ ਲੈਣ ਦੀ ਤਿਆਰੀ ਕੀਤੀ ਹੋਈ ਸੀ, ਜਿਸਦਾ ਅਸਰ ਵੀ ਮੀਟਿੰਗ ਨੂੰ ਰੱਦ ਕਰਨ ਦੇ ਪਿੱਛੇ ਦਿਖਾਈ ਦਿੱਤਾ ਹੈ। ਗੌਰਤਲਬ ਹੈ ਕਿ ਬਠਿੰਡਾ ਨਗਰ ਨਿਗਮ ਦੇ 50 ਮੈਂਬਰੀ ਹਾਊਸ ਵਿਚ ਫ਼ਰਵਰੀ 2021 ਵਿਚ ਹੋਈਆਂ ਚੋਣਾਂ ’ਚ ਕਾਂਗਰਸ ਦੇ 41 ਕੋਂਸਲਰ ਜਿੱਤੇ ਸਨ, ਜਿਸਦੇ ਵਿਚੋਂ 28-29 ਦੇ ਕਰੀਬ ਕੋਂਸਲਰ ਹਾਲੇ ਵੀ ਕਾਂਗਰਸ ਨਾਲ ਖੜ੍ਹੈ ਹਨ, ਜਿਸਦੇ ਚੱਲਦੇ ਹਾਊਸ ਵਿਚ ਸਧਾਰਨ ਬਹੁਮਤ ਕਾਂਗਰਸ ਪਾਰਟੀ ਕੋਲ ਮੌਜੂਦ ਹੈ ਪ੍ਰੰਤੂ ਮੇਅਰ ਨੂੰ ਗੱਦੀਓ ਉਤਾਰਨ ਲਈ ਦੋ ਤਿਹਾਈ ਬਹੁਮਤ ਦੀ ਜਰੂਰਤ ਹੈ, ਜਿਹੜਾ ਹਾਲੇ ਕਾਂਗਰਸ ਕਰ ਨਹੀਂ ਪਾਈ ਹੈ। ਸੂਤਰਾਂ ਮੁਤਾਬਕ ਮੇਅਰ ਨੂੰ ਗੱਦੀਓ ਉਤਾਰਨ ਦੇ ਪਏ ਰੌਲੇ-ਰੱਪੇ ਅਤੇ ਮਨਪ੍ਰੀਤ ਬਾਦਲ ਵਲੋਂ ਭਾਜਪਾ ’ਚ ਸਮੂਲੀਅਤ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਸੱਦੀ ਮੀਟਿੰਗ ਤੋਂ ਬਾਅਦ ਹਾਊਸ ’ਚ ਮੌਜੂਦ ਅੱਧੀ ਦਰਜ਼ਨ ਦੇ ਕਰੀਬ ਅਕਾਲੀ ਕੋਂਸਲਰ ਦੇ ਤੇਵਰ ਵੀ ਬਦਲੇ-ਬਦਲੇ ਦਿਖ਼ਾਈ ਦੇਣ ਲੱਗੇ ਹਨ। ਜਿਸਦੇ ਚੱਲਦੇ ਕਾਂਗਰਸ ਹਾਲੇ ਤੱਕ ਮੇਅਰ ਵਿਰੁਧ ਬੇਵਿਸਾਹੀ ਦਾ ਮਤਾ ਲਿਆਉਣ ਵਿਚ ਅਸਫ਼ਲ ਰਹੀ ਹੈ।

ਭਾਣਜੇ ਦੇ ਵਿਆਹ ’ਤੇ ਅਮਰੀਕਾ ਚੱਲੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ੍ਹ ਨੂੰ ਹਵਾਈ ਅੱਡੇ ’ਤੇ ਰੋਕਿਆ

0

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਹੈ ਜਾਂਚ
ਵਿਜੀਲੈਂਸ ਦੀਆਂ ਹਿਦਾਇਤਾਂ ’ਤੇ ਜਾਰੀ ਕੀਤੀ ਗਈ ਹੈ ਐਲ.ਓ.ਸੀ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜਣ ਦੀ ਸੂਚਨਾ ਹੈ। ਉਨ੍ਹਾਂ ਦੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਅਮਰੀਕਾ ਲਈ 11 ਜੂਨ ਦੀ ਰਾਤ ਸਮੇਂ ਫ਼ਲਾਇਟ ਸੀ। ਸੂਚਨਾ ਮੁਤਾਬਕ ਸ: ਕਾਂਗੜ੍ਹ ਅਪਣੇ ਭਾਣਜੇ ਦੇ ਵਿਆਹ ’ਤੇ ਜਾ ਰਹੇ ਸਨ, ਜਿੱਥੇ ਉਨਾਂ ਵਲੋਂ ਜੂਨ ਦੇ ਆਖ਼ਰੀ ਹਫ਼ਤੇ ਵਾਪਸੀ ਦੀ ਟਿਕਟ ਕਰਵਾਈ ਹੋਈ ਸੀ। ਪਤਾ ਲੱਗਿਆ ਹੈ ਕਿ ਵਿਜੀਲੈਂਸ ਦੀ ਸਿਫ਼ਾਰਿਸ਼ ’ਤੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਵਿਰੁਧ ਐਲ.ਓ.ਸੀ ਜਾਰੀ ਕੀਤੀ ਗਈ ਸੀ ਤਾਂ ਕਿ ਉਹ ਵਿਦੇਸ ਨਾ ਜਾ ਸਕਣ। ਉਧਰ ਕਾਂਗੜ੍ਹ ਨੇ ਦਾਅਵਾ ਕੀਤਾ ਕਿ ‘‘ਉਹ ਭੱਜ ਨਹੀਂ ਰਿਹਾ ਸੀ, ਬਲਕਿ ਵਿਜੀਲੈਂਸ ਨੂੰ ਸੂਚਨਾ ਦੇ ਕੇ ਅਪਣੇ ਭਾਣਜੇ ਦੇ ਵਿਆਹ ਉਪਰ ਐਡਮੈਂਟਨ ਜਾ ਰਿਹਾ ਸੀ, ਜਿੱਥੇ ਉਸਦਾ 15 ਤੋਂ 17 ਜੂਨ ਤੱਕ ਵਿਆਹ ਸੀ ਤੇ ਉਸਤੋਂ ਬਾਅਦ ਉਨ੍ਹਾਂ ਕੁੱਝ ਹੋਰ ਜਾਣਕਾਰਾਂ ਨੂੰ ਮਿਲਣਾ ਸੀ ਤੇ ਜੂਨ ਦੇ ਆਖ਼ਰੀ ਹਫ਼ਤੇ ਵਾਪਸ ਆ ਜਾਣਾ ਸੀ। ’’ ਕਾਂਗੜ੍ਹ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਨੇਡਾ ਜਾਣ ਲਈ ਬਕਾਇਦਾ ਉਨ੍ਹਾਂ ਵਲੋਂ ਅਪਣੀ ਈਮੇਲ ਆਈ.ਡੀ ਤੋਂ ਅਪਣੇ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਡੀ.ਐਸ.ਪੀ ਵਿਜੀਲੈਂਸ ਬਿਉਰੋ ਨੂੰ ਇੱਕ ਮੇਲ ਭੇਜ ਕੇ ਇਸਦੇ ਬਾਰੇ ਸੂਚਿਤ ਕੀਤਾ ਸੀ। ਜਿਕਰ ਕਰਨਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਮਾਲ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ੍ਹ ਵਿਰੁਧ ਵਿਜੀਲੈਂਸ ਵਲੋਂ ਪਿਛਲੇ ਕਰੀਬ 6 ਮਹੀਨਿਆਂ ਤੋਂ ਜਾਂਚ ਵਿੱਢੀ ਹੋਈ ਹੈ ਤੇ ਇਸ ਦੌਰਾਨ ਉਨ੍ਹਾਂ ਨੂੰ ਸਭ ਤੋਂ ਪਹਿਲਾਂ 20 ਮਾਰਚ ਨੂੰ ਬੁਲਾਇਆ ਸੀ। ਜਿਸਤੋਂ ਬਾਅਦ ਉਹ ਦੋ ਵਾਰ 29 ਮਾਰਚ ਅਤੇ 6 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਨ। ਇਸਤੋਂ ਬਾਅਦ ਉਨ੍ਹਾਂ ਨੂੰ ਜਦ ਬੁਲਾਇਆ ਗਿਆ ਤਾਂ ਸ: ਕਾਂਗੜ੍ਹ ਨੇ ਅਪਣੇ ਵਲੋਂ ਕਰਵਾਏ ਗੋਢਿਆ ਦੇ ਅਪਰੇਸ਼ਨ ਦਾ ਸਰਟੀਫਿਕੇਟ ਭੇਜ ਦਿੱਤਾ ਸੀ। ਵਿਜੀਲੈਂਸ ਦੇ ਅਧਿਕਾਰੀਆਂ ਮੁਤਾਬਕ ਹੁਣ ਉਨ੍ਹਾਂ ਨੂੰ ਆਖ਼ਰੀ ਵਾਰ 28 ਮਈ ਨੂੰ ਬੁਲਾਇਆ ਗਿਆ ਸੀ ਪ੍ਰੰਤੂ ਉਹ ਹਾਜ਼ਰ ਨਹੀਂ ਹੋਏ ਸਨ।

ਸਿਖਲਾਈ ਕੈਂਪ ਵਿੱਚ 1800 ਲੜਕੀਆਂ ਅਤੇ ਔਰਤਾਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ: ਵੀਨੂੰ ਗੋਇਲ

0

ਐਸਐਸਪੀ, ਮੇਅਰ ਅਤੇ ਸਹਾਇਕ ਕਮਿਸ਼ਨਰ ਨੇ ਕੀਤਾ ਕੈਂਪ ਦਾ ਉਦਘਾਟਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਜੂਨ : ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ 20ਵੇਂ ਮੁਫਤ ਸਵੈ-ਰੁਜ਼ਗਾਰ ਸਿਖਲਾਈ ਕੈਂਪ ਦਾ ਉਦਘਾਟਨ ਸੀਨੀਅਰ ਕਪਤਾਨ ਪੁਲੀਸ ਗੁਲਨੀਤ ਸਿੰਘ ਖੁਰਾਣਾ, ਮੇਅਰ ਮੈਡਮ ਰਮਨ ਗੋਇਲ ਅਤੇ ਸਹਾਇਕ ਕਮਿਸ਼ਨਰ ਪੰਕਜ ਬਾਂਸਲ ਨੇ ਕੀਤਾ। ਸਮਾਜ ਸੇਵੀ ਵੀਨੂੰ ਗੋਇਲ ਨੇ ਦੱਸਿਆ ਕਿ ਉਕਤ ਕੈਂਪ ਵਿੱਚ 1800 ਦੇ ਕਰੀਬ ਲੜਕੀਆਂ ਅਤੇ ਔਰਤਾਂ ਸਿਲਾਈ, ਕਢਾਈ, ਬਿਊਟੀਸ਼ੀਅਨ, ਮਹਿੰਦੀ, ਬੇਸਿਕ ਇੰਗਲਿਸ਼ ਸਪੀਕਿੰਗ, ਪੇਂਟਿੰਗ, ਫੁੱਲ ਮੇਕਿੰਗ ਆਦਿ ਕੋਰਸਾਂ ਦੀ ਸਿਖਲਾਈ ਲੈ ਰਹੀਆਂ ਹਨ। ਇਸ ਦੌਰਾਨ ਪ੍ਰੋਗ੍ਰਾਮ ਦੀ ਪ੍ਰਧਾਨਗੀ ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਅਜੇ ਕਾਂਸਲ ਨੇ ਕੀਤੀ। ਇਸ ਦੌਰਾਨ ਜ਼ਿਲ੍ਹਾ ਭਲਾਈ ਅਫ਼ਸਰ ਵਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵ ਗੋਇਲ,ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੈਡਮ ਅੰਕਿਤਾ ਅਗਰਵਾਲ ਅਤੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੁਖਮੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ, ਸਮਾਜ ਸੇਵੀ ਗਿਆਨ ਪ੍ਰਕਾਸ਼, ਜੈਪੁਰ ਜਵੈਲਰ ਤੋਂ ਮੁਕੇਸ਼ ਗਰਗ, ਇੰਦਰਾਣੀ ਹਸਪਤਾਲ ਤੋਂ ਡਾ: ਅਤਿਨ ਗੁਪਤਾ, ਰਾਸ਼ਟਰੀ ਸਵਰਣਕਾਰ ਸੰਘ ਦੇ ਪ੍ਰਧਾਨ ਕਰਤਾਰ ਜੋੜਾ, ਦਿੱਲੀ ਹਾਰਟ ਇੰਸਟੀਚਿਊਟ ਤੋਂ ਡਾ: ਰਜਨੀ ਜਿੰਦਲ, ਮੈਡਮ ਮਨਦੀਪ ਸਿੱਧੂ, ਪਰਮਿੰਦਰ ਕੌਰ, ਸੰਤੋਸ਼ ਸ਼ਰਮਾ, ਮੰਨਤ ਗਰਗ, ਰੁਚੀ ਜੈਨ, ਮੀਨਾਕਸ਼ੀ ਅਰੋੜਾ, ਵਰਿੰਦਰ ਸਿੰਘ, ਸੁਮਨ ਡੋਗਰਾ, ਰੇਖਾ, ਰਵਿੰਦਰ, ਰੀਨਾ, ਅਵੀ, ਹੈਪੀ ਸਿੰਗਲਾ, ਰਾਮ ਪ੍ਰਕਾਸ਼ ਜਿੰਦਲ, ਵਿਨੋਦ ਬਿੰਟਾ, ਭਾਰਤ ਭੂਸ਼ਨ, ਮਨੀਸ਼ ਸਿੰਗਲਾ, ਵਿਨੋਦ ਗੁੰਬਰ, ਬੀਰੂ ਬਾਂਸਲ, ਵਿਜੇ ਬਰੇਜਾ, ਮੈਡਮ ਪਵਿਤਰ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ, ਜਿਨ੍ਹਾਂ ਦਾ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਧੰਨਵਾਦ ਕੀਤਾ ਗਿਆ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰ ਅੰਦਾਜ਼ਾਂ ਸਾਕਸ਼ੀ ਅਤੇ ਪ੍ਰਗਤੀ ਨੇ ਬਣਾਇਆ ਵਿਸ਼ਵ ਰਿਕਾਰਡ

0

ਜੀ.ਕੇ.ਯੂ ਦੇ ਤੀਰ ਅੰਦਾਜ਼ਾਂ ਨੇ ਲਗਾਇਆ ਤੀਰ ਨਿਸ਼ਾਨੇ ’ਤੇ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਸਿੰਗਾਪੁਰ ਵਿਖੇ ਹੋਏ ਏਸ਼ੀਆ ਕੱਪ ਵਰਲਡ ਰੈਕਿੰਗ ਟੂਰਨਾਮੈਂਟ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀਆਂ ਤੀਰ ਅੰਦਾਜ਼ਾਂ ਸਾਕਸ਼ੀ ਚੌਧਰੀ ਅਤੇ ਪ੍ਰਗਤੀ ਨੇ ਆਪਣੇ ਸਹਿਯੋਗੀ ਖਿਡਾਰੀ ਦੀਪ ਸ਼ਿਖਾ ਦੇ ਸਹਿਯੋਗ ਸਦਕਾ ਅੰਡਰ-21 ਕੰਪਾਉਂਡ ਟੀਮ ਇਵੈਂਟ 50 ਮੀਟਰ ਵਿੱਚ 2076 ਅੰਕਾਂ ਨਾਲ ਨਵਾਂ ਵਿਸ਼ਵ ਰਿਕਾਰਡ ਬਣਾਇਆ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਪੁਰਾਣਾ ਵਿਸ਼ਵ ਰਿਕਾਰਡ 2075 ਅੰਕਾਂ ਦਾ ਸੀ। ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਕਿਹਾ ਕਿ ਵਰਸਿਟੀ ਵੱਲੋਂ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਵੱਖ ਵੱਖ ਖੇਡਾਂ ਲਈ ਵਿਸ਼ਵ ਪੱਧਰੀ ਖੇਡ ਮੈਦਾਨ ਤਿਆਰ ਕੀਤੇ ਗਏ ਹਨ ਤੇ ਖਿਡਾਰੀਆਂ ਨੂੰ ਉੱਤਮ ਕੁਆਲਿਟੀ ਦੇ ਇੰਸਟਰੂਮੈਂਟ ਉਪਲਬਧ ਕਰਵਾਏ ਗਏ ਹਨ। ਜਿਨ੍ਹਾਂ ਸਦਕਾ ਖਿਡਾਰੀਆਂ ਨੇ ਇਹ ਸ਼ਾਨਾਮੱਤੀ ਪ੍ਰਾਪਤੀ ਹਾਸਿਲ ਕੀਤੀ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ’ਵਰਸਿਟੀ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।ਡਾ. ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿੱਚ ਖਾਸ ਮੁਕਾਮ ਹਾਸਿਲ ਕਰੇਗੀ ਤੇ ਜਲਦੀ ਹੀ ਇਸਦੇ ਖਿਡਾਰੀ ਅੰਤਰ ਰਾਸ਼ਟਰੀ ਪੱਧਰ ’ਤੇ ਭਾਰਤ ਦੀ ਨੁੰਮਾਇੰਦਗੀ ਕਰਦੇ ਹੋਏ ’ਵਰਸਿਟੀ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਨਗੇ।