ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਸੂਰਜਮੁਖੀ ਦੀ ਫਸਲ ’ਤੇ ਐੱਮ.ਐੱਸ.ਪੀ ਦੀ ਮੰਗ ਨੂੰ ਲੈ ਕੇ ਸ਼ਾਹਬਾਦ ਵਿਖੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਕੀਤਾ ਲਾਠੀਚਾਰਜ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਗ੍ਰਿਫਤਾਰੀ ਨੇ ਜਿੱਥੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰਾਂ ਪਹਿਲਾਂ ਵੀ ਕਿਸਾਨ ਵਿਰੋਧੀ ਸਨ ਅਤੇ ਹੁਣ ਵੀ ਕਿਸਾਨ ਵਿਰੋਧੀ ਹਨ ਉੱਥੇ ਭਵਿੱਖ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਉਕਤ ਕਾਰੇ ਦੀ ਵੱਡੀ ਕੀਮਤ ਅਦਾ ਕਰਨੀ ਪਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਪਹਿਲਾਂ ਵੀ ਕੇਂਦਰ ਦੀ ਭਾਜਪਾ ਸਰਕਾਰ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਿਸ ਲੈਣ ਸਮੇਂ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦਾ ਕੀਤਾ ਸੀ ਕਿ ਫਸਲਾਂ ਦੀ ਐੱਮ.ਐੱਸ.ਪੀ ਲਈ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ ਪਰ ਅੱਜ ਤੱਕ ਕਮੇਟੀ ਤਾਂ ਕੀ ਗਠਿਤ ਹੋਣੀ ਸੀ, ਸਗੋਂ ਹੁਣ ਸੂਰਜਮੁਖੀ ’ਤੇ ਐੱਮ.ਐੱਸ.ਪੀ ਮੰਗ ਰਹੇ ਹਰਿਆਣਾ ਦੇ ਕਿਸਾਨਾਂ ’ਤੇ ਤਸ਼ੱਦਦ ਕੀਤਾ ਗਿਆ। ਰਾਮਾਂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਦੀ ਗ੍ਰਿਫਤਾਰੀ ਮਗਰੋਂ ਧਰਨਾ ਸਥਾਨ ਦੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਪੁੱਜ ਗਏ ਸਨ ਅਤੇ ਹੁਣ ਵੱਡੇ ਪੱਧਰ ’ਤੇ ਕਿਸਾਨਾਂ ਦੇ ਹੱਕ ’ਚ ਮੋਰਚਾ ਲਾਉਣ ਦੀ ਜ਼ਿੰਮੇਵਾਰੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਭਾਲ ਲਈ ਗਈ ਹੈ ।ਸਰੂਪ ਸਿੰਘ ਰਾਮਾ ਨੇ ਕਿਹਾ ਕਿ ਪੰਜਾਬ ਦਾ ਇੱਕ ਇੱਕ ਕਿਸਾਨ ਹਰਿਆਣੇ ਦੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਜਾਣ ਵਾਲੇ ਹਰ ਸੰਘਰਸ਼ ਵਿੱਚ ਬਣਦਾ ਸਾਥ ਦਿੱਤਾ ਜਾਵੇਗਾ।
ਕਿਸਾਨਾਂ ’ਤੇ ਲਾਠੀਚਾਰਜ ਤੇ ਚੜੂਨੀ ਦੀ ਗ੍ਰਿਫਤਾਰੀ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਪਵੇਗੀ ਮਹਿੰਗੀ- ਰਾਮਾਂ
ਪਿੰਡ ਬੱਜੋਆਣਾਂ ਵਿਖੇ ਨਵੀ ਧਰਮਸ਼ਾਲਾ ਦਾ ਨਿਰਮਾਣ ਸ਼ੁਰੂ
ਰਾਮ ਸਿੰਘ ਕਲਿਆਣ
ਨਥਾਣਾ 9 ਜੂਨ : ਸਥਾਨਕ ਬਲਾਕ ਦੇ ਪਿੰਡ ਬੱਜੋਆਣਾ ਵਿਖ਼ੇ ਪਿੰਡ ਦੀ ਪੰਚਾਇਤ ਵਲੋਂ ਲਗਾਤਾਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਅੱਜ ਪਿੰਡ ਦੀ ਸਾਂਝੀ ਧਰਮਸ਼ਾਲਾ ਦੇ ਨਿਰਮਾਣ ਦੀ ਨੀਂਹ ਪਿੰਡ ਦੇ ਸਰਪੰਚ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਵੱਲੋ ਪੰਚਾਇਤ ਅਤੇ ਨਗਰ ਨਿਵਾਸੀਆ ਦੀ ਹਾਜ਼ਰੀ ਵਿੱਚ ਰੱਖੀ । ਉਹਨਾ ਕਿਹਾ ਕੇ ਇਹ ਧਰਮਸ਼ਾਲਾ ਤਕਰੀਬਨ 55 ਸਾਲ ਪਹਿਲਾਂ ਬਣੀ ਸੀ ਤੇ ਜਿਸਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਬਿਲਕੁਲ ਢਹਿ ਢੇਰੀ ਹੋ ਗਈ ਸੀ। ਪਿੰਡ ਦੇ ਵਸਨੀਕਾਂ ਦੀ ਮੰਗ ਅਨੁਸਾਰ ਪਿੰਡ ਦੀ ਪੰਚਾਇਤ ਵਲੋਂ 5 ਲੱਖ ਦੀ ਲਾਗਤ ਨਾਲ ਨਵੀ ਧਰਮਸ਼ਾਲਾ ਬਣਾਈ ਜਾ ਰਹੀ ਹੈ ਅਤੇ ਲੋਕਾਂ ਨਾਲ ਕੀਤਾ ਵਾਅਦੇ ਨੂੰ ਪੂਰਾ ਕੀਤਾ ਹੈ, ਇਸ ਸਮੇਂ ਸਮੁੱਚੀ ਪੰਚਾਇਤ ਨੇ ਪਿੰਡ ਦੇ ਲੋਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ ਪੰਚ, ਬਹਾਦਰ ਸਿੰਘ ਪੰਚ,ਰਾਮ ਲਾਲ ਪੰਚ, ਗੁਰਮੇਲ ਸਿੰਘ ਪੰਚ, ਹਰਦੀਪ ਕੌਰ ਪੰਚ, ਅਵਤਾਰ ਨੰਬਰਦਾਰ, ਭਿੰਦਰ ਸਿੰਘ, ਰਣਜੀਤ ਸਿੰਘ, ਬਾਬੂ ਸਿੰਘ, ਜਸਕਰਨ ਸਿੰਘ, ਅਵਤਾਰ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।
ਸਫ਼ਰ ਜਿੰਦਗੀ ਫਾਊਂਡੇਸ਼ਨ ਗੁੰਮਟੀ ਕਲਾਂ ਵੱਲੋਂ ਨਸ਼ਿਆ ਖਿਲਾਫ ਸਮਾਗਮ।
ਰਾਮ ਸਿੰਘ ਕਲਿਆਣ
ਨਥਾਣਾ 9 ਜੂਨ :ਦਿਨੋ-ਦਿਨ ਅਮਰਵੇਲ ਵਾਗ ਵੱਧ ਰਹੇ ਨਸ਼ੇ ਦੇ ਕੋਹੜ ਸੰਬੰਧੀ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸ਼ਫਰ ਜਿੰਦਗੀ ਫਾਊਂਡੇਸ਼ਨ ਪਿੰਡ ਗੁੰਮਟੀ ਕਲਾਂ ਵੱਲੋ ਸੰਚਾਲਕ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਮਾਨਵ ਸੇਵਾ ਵੈਲਫੇਅਰ ਸੋਸਾਇਟੀ ਮਹਿਰਾਜ ਦੀ ਟੀਮ ਵੱਲੋ ਖੇਡਿਆ ਗਿਆ ਨਾਟਕ ” ਮਿੱਠਾ ਜਹਿਰ ” ਦਰਸ਼ਕਾਂ ਤੇ ਆਪਣੀ ਡੂੰਘੀ ਛਾਪ ਛੱਡ ਗਿਆ । ਇਸ ਸਮੇਂ ਪਿੰਡ ਗੁੰਮਟੀ ਕਲਾਂ ਦੇ ਲੋਕਾਂ ਨੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਦਸਤਖ਼ਤ ਕੀਤੇ ਅਤੇ ਨਸ਼ਿਆ ਦੀ ਰੋਕਥਾਮ ਲਈ ਆਪਣੇ ਸੁਝਾਅ ਦਿੰਦੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਇਸ ਤਰਾਂ ਦੇ ਨਾਟਕ ਪ੍ਰੋਗਰਾਮ ਹਰ ਪਿੰਡ/ ਸ਼ਹਿਰ ਕਰਵਾਏ ਜਾਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਮਾਰ ਤੋਂ ਬਚਾਇਆ ਜਾ ਸਕੇ ਅਤੇ ਇਸ ਦੇ ਮਾੜੇ ਪ੍ਰਭਾਵ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਸਕੇ। ਇਸ ਮੌਕੇ ਗੁਰਜੀਤ ਸਿੰਘ ਗੈਰੀ ਸੰਚਾਲਕ ਸਫ਼ਰ ਜ਼ਿੰਦਗੀ ਫਾਊਂਡੇਸ਼ਨ,ਦਵਿੰਦਰ ਬਰਾੜ, ਮਾ ਦਰਸ਼ਨ ਕੁਮਾਰ, ਰਮਨ ਬਰਾੜ, ਰਮਨਦੀਪ ਸਿੰਘ,ਨੇ ਕਿਹਾ ਕਿ ਸਾਡੇ ਪਿੰਡਾ ਵਿਚ ਜੋ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦਾ ਪਿੰਡਾ ਦੀਆਂ ਪੰਚਾਇਤਾਂ ਕਲੱਬਾਂ ਅਤੇ ਨੌਜਵਾਨ ਪੀੜੀ ਨੂੰ ਪੂਰਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਨਸ਼ੇ ਦੇ ਵੱਧ ਰਹੇ ਕਾਲੇ ਕਾਰੋਬਾਰ ਨੂੰ ਨੱਥ ਪਾਈ ਜਾ ਸਕੇ। ਇਸ ਤੋਂ ਇਲਾਵਾ ਇਸ ਸਬੰਧੀ ਲੜਾਈ ਲੜਨਾ ਅੱਜ ਹਰ ਇਕ ਦਾ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿਉਂਕਿ ਨਸ਼ੇ ਦੀ ਅੱਗ ਅੱਜ ਕੱਲ ਜੰਗਲ ਦੀ ਅੱਗ ਦਾ ਰੂਪ ਧਾਰਨ ਕਰ ਚੁੱਕੀ ਹੈ।
ਯੂਥ ਅਕਾਲੀ ਦਲ ਸ਼ਹਿਰੀ ਬਠਿੰਡਾ ਵੱਲੋਂ ਝਿੰਜਰ ਨੂੰ ਪੰਜਾਬ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ
ਝਿੰਜਰ ਦੇ ਪੰਜਾਬ ਪ੍ਰਧਾਨ ਬਨਣ ਨਾਲ ਯੂਥ ਅਕਾਲੀ ਦਲ ਹੋਵੇਗੀ ਮਜ਼ਬੂਤ -ਹਰਪਾਲ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੇ ਕਿਸਾਨ ਪਰਿਵਾਰ ਦੇ ਨੌਜਵਾਨ ਆਗੂ ਸਰਬਜੀਤ ਸਿੰਘ ਝਿੰਜਰ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਨਿਯੁਕਤੀ ’ਤੇ ਯੂਥ ਆਗੂਆਂ ਵੱਲੋਂ ਨਵੇਂ ਪ੍ਰਧਾਨ ਨਿਯੁਕਤ ਕਰਨ ’ਤੇ ਪਾਰਟੀ ਪ੍ਰਧਾਨ ਦਾ ਧੰਨਵਾਦ ਕੀਤਾ ਗਿਆ ਹੈ। ਅੱਜ ਇੱਥੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਝਿੰਜਰ ਪਹਿਲੀ ਸੰਗਠਨਾਤਮਕ ਪਹੁੰਚ ਦਾ ਲੋਹਾ ਮਨਵਾ ਚੁੱਕੇ ਹਨ ਤੇ ਯੂਥ ਅਕਾਲੀ ਦਲ ਲਈ ਉਹਨਾਂ ਅਹਿਮ ਯੋਗਦਾਨ ਪਾਇਆ ਹੈ ਤੇ ਉਹ ਜ਼ਮੀਨੀ ਪੱਧਰ ਦੇ ਆਗੂ ਮੰਨੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਝਿੰਜਰ ਇਸ ਤੋਂ ਪਹਿਲਾਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਜ਼ੋਨਲ ਪ੍ਰਧਾਨ ਅਤੇ ਫਤਿਹਗੜ੍ਹ ਸਾਹਿਬ ਦੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਮੈਂਬਰ ਵੀ ਰਹੇ ਹਨ । ਉਨ੍ਹਾਂ ਕਿਹਾ ਕਿ ਆਸ ਹੈ ਉਹ ਹੁਣ ਯੂਥ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਰੋਲ ਅਦਾ ਕਰਨਗੇ । ਇਸ ਮੌਕੇ ਹਰਵਿੰਦਰ ਗੰਜੂ ਸ਼ਰਮਾ , ਰਣਦੀਪ ਸਿੰਘ ਰਾਣਾ , ਭੁਪਿੰਦਰ ਸਿੰਘ ਭੂਪਾ, ਹਰਜਿੰਦਰ ਸਿੰਘ ਛਿਦਾ, ਬਲਵਿੰਦਰ ਸਿੰਘ ਬਲੀ, ਸੁਖਦੀਪ ਸਿੰਘ ਢਿੱਲੋਂ ਹਰਜਿੰਦਰ ਸਿੰਘ ਟੋਨੀ, ਮਨਪ੍ਰੀਤ ਸਿੰਘ ਆਟੀ ਵਿੰਗ, ਗੁਰਸੇਵਕ ਸਿੰਘ ਮਾਨ, ਗੁਰਪ੍ਰੀਤ ਸਿੰਘ ਸੰਧੂ , ਮਨਿੰਦਰ ਸਿੰਘ ਸੋਢੀ, ਪਰਗਟ ਸਿੰਘ , ਬਲਵਿੰਦਰ ਸਿੰਘ ਸੰਧੂ , ਨਰਿੰਦਰ ਪਾਲ ਸਿੰਘ, ਸੁਨੀਲ ਕੁਮਾਰ ਫੌਜੀ, ਵਿਸ਼ਾਲ ਜਿੰਦਲ ਲੈਬਰ, ਸਤਵੀਰ ਸਿੰਘ, ਪ੍ਰਿਤਪਾਲ ਸਿੰਘ, ਸਮਸ਼ੇਰ ਸਿੰਘ ਸ਼ੈਰ,ਰਾਣਾ ਠਾਕੁਰ ਰਾਜਦੀਪ ਸਿੰਘ ਢਿੱਲੋਂ ,ਰਛਪਾਲ ਸਿੰਘ ਪਾਲਾ , ਬਲਵਿੰਦਰ ਸਿੰਘ ਫਰਨੀਚਰ ਵਾਲਾ, ਕਾਕਾ ਸਿੰਘ ਬਰਾੜ, ਬਲਜਿੰਦਰ ਸਿੰਘ ਬੱਲਾ, ਹਰਮਨਜੀਤ ਸਿੰਘ ਭੁੱਲਰ, ਮਨਜੀਤ ਸਿੰਘ ਅਰਸ਼ਦੀਪ ਸਿੰਘ, ਸਰਪ੍ਰੀਤ ਸਿੰਘ ਪ੍ਰੀਤ ਆਦਿ ਆਗੂਆਂ ਨੇ ਵੀ ਵਧਾਈਆਂ ਦਿੱਤੀਆਂ ।
ਸ਼੍ਰੀ ਚਿੰਤਪੁਰਨੀ ਮੰਦਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਲਗਾਇਆ
166 ਮਰੀਜਾਂ ਨੇ ਕਰਵਾਈ ਜਾਂਚ, 9ਦੇ ਅਪ੍ਰੇਸ਼ਨ ਕੀਤੇ
ਗੁਰਬਿੰਦਰ ਸਿੰਘ ਸੋਨੂੰ
ਭੁੱਚੋ ਮੰਡੀ, 9 ਜੂਨ: ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨੈਣ ਜੋਤੀ ਚੈਰੀਟੇਬਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਆਈ ਹਸਪਤਾਲ ਵਿੱਚ 9 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਗਏ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੁਖੀ ਗੋਵਿੰਦ ਗਰਗ ਅਤੇ ਮੰਦਰ ਪ੍ਰਧਾਨ ਰਾਜ। ਕੁਮਾਰ ਭੋਲਾ ਨੇ ਦੱਸਿਆ ਕਿ ਸੰਸਥਾਪਕ ਜੋਗਿੰਦਰ ਕਾਕਾ ਅਤੇ ਚੇਅਰਮੈਨ ਪਵਨ ਬਾਂਸਲ ਦੀ ਅਗਵਾਈ ਹੇਠ ਅੱਖਾਂ ਦੇ ਮਾਹਿਰ ਡਾ: ਸਵਤੰਤਰ ਗੁਪਤਾ ਵੱਲੋਂ ਆਪਣੇ ਸਟਾਫ਼ ਦੇ ਸਹਿਯੋਗ ਨਾਲ 166 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ੍ਟਅੱਖਾਂ ਦਾ ਚੈਕਅੱਪ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਇਸ ਮੌਕੇ ਡਾ: ਗੁਪਤਾ ਵਲੋਂ ਅਪ੍ਰੇਸ਼ਨ ਕੀਤੇ ਮਰੀਜਾਂ ਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ, ਇਸ ਮੌਕੇ ਸਮਾਜ ਸੇਵਕ ਮਦਨ ਗੋਪਾਲ, ਰਮੇਸ਼ ਸਿੰਗਲਾ, ਕੇਵਲ ਬਾਂਸਲ ਅਤੇ ਮੈਨੇਜਰ ਮਨੋਜ ਮੌਜੀ ਨੇ ਸਹਿਯੋਗ ਦਿੱਤਾ/
ਮਿਡ ਡੇ ਮੀਲ ਕੁੱਕ ਮਹਿਲਾਵਾਂ ਨੇ ਪੰਜਾਬ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਲਗਾਇਆ ਦੋਸ
ਗੁਰਬਿੰਦਰ ਸਿੰਘ ਸੋਨੂੰ
ਭੁੱਚੋ ਮੰਡੀ, 9 ਜੂਨ: ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਮਹਿਲਾਵਾਂ ਦੀ ਇਕੱਤਰਤਾ ਸੂਬਾ ਮੀਤ ਪ੍ਰਧਾਨ ਜਲ ਕੌਰ ਸੌਂਧਾ ਲਹਿਰਾ ਦੀ ਅਗਵਾਈ ਹੇਠ ਭੁੱਚੋ ਮੰਡੀ ਵਿਖੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਲ ਕੌਰ, ਕੁਲਵੰਤ ਕੌਰ ਕਲਆਣ, ਹਰਜੀਤ ਕੌਰ ਨਥਾਣਾ, ਜਸਪਾਲ ਕੌਰ ਸੇਮਾ, ਸਿੰਦਰ ਕੌਰ ਭੁੱਚੋ ਨੇ ਕਿਹਾ ਪੰਜਾਬ ਸਰਕਾਰ ਮਿਡ ਡੇ ਮੀਲ ਕੁੱਕਾ ਦੀਆਂ ਮੰਗਾਂ ਨੂੰ ਅਣਗੋਲਿਆਂ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰ ਨੇ ਬਣਾਉਣ ਤੋਂ ਪਹਲਿਾਂ ਕੁੱਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪਹਲਿ ਦੇ ਅਧਾਰ ’ਤੇ ਹੱਲ ਕਰਨਗੇ, ਪ੍ਰੰਤੂ ਸਰਕਾਰ ਬਣੀ ਨੂੰ ਲੰਮਾ ਸਮਾਂ ਬੀਤ ਜਾਣ ’ਤੇ ਵੀ ਕੁੱਕਾਂ ਦੀਆਂ ਤਨਖਾਹਾਂ ਅਤੇ ਹੋਰ ਮੰਗਾਂ ਨੂੰ ਅਜੇ ਤਾਂਈ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਕੁੱਕ ਦੀ ਤਨਖਾਹ ਵਿੱਚ ਤੁਰੰਤ ਵਾਧਾ ਕਰੇ। ਸਕੂਲਾਂ ਵਿੱਚ ਕੁੱਕਾਂ ਨੂੰ ਬੱਚੇ ਘੱਟ ਜਾਣ ’ਤੇ ਸਕੂਲਾਂ ਵਿਚੋਂ ਕੱਢਣਾ ਬੰਦ ਕੀਤਾ ਜਾਵੇ। ਉਨ੍ਹਾਂ ਅੱਗੇ ਮੰਗ ਕੀਤੀ ਕਿ ਕੁੱਕਾਂ ਦਾ ਘੱਟੋ ਘੱਟ ਪੰਜ ਲੱਖ ਦਾ ਬੀਮਾਂ ਸਰਕਾਰ ਆਪਣੇ ਖਰਚ ’ਤੇ ਕਰਵਾਏ। ਉਨ੍ਹਾਂ ਅੱਗੇ ਇਹ ਵੀ ਮੰਗ ਕੀਤੀ ਕੀਤੀ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਦੀ ਗਿਣਤੀ ਨੂੰ ਮਿਡ ਡੇ ਮੀਲ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। ਜੋ ਕੁੱਕਾਂ ਬੀਏ ਤੱਕ ਦੀ ਪੜ੍ਹਾਈ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਮਿਡ ਡੇ ਮੀਲ ਲਈ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇੇ। ਇਸ ਮੌਕੇ ਆਸਾ ਰਾਣੀ ਨਥਾਣਾ, ਅਮਰਜੀਤ ਕੌਰ ਭੁੱਚੋ, ਹਰਦੀਪ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਖੇਲੋ ਇੰਡੀਆ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਰਹੀ ਫਸਟ ਰਨਰ ਅੱਪ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਵੱਲੋਂ ਉੱਤਰ ਪ੍ਰਦੇਸ਼ ਵਿਖੇ ਕਰਵਾਏ ਗਏ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਖੇਡ ਮਹਾਂਕੁੰਭ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਕਈ ਖੇਡਾਂ ਵਿੱਚ ਤਗਮੇ ਜਿੱਤ ਕੇ ’ਵਰਸਿਟੀ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਇਸ ਲੜੀ ਤਹਿਤ ਲਖਨਉ ਵਿਖੇ ਹੋਈ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਵਰਸਿਟੀ ਦੇ ਤੀਰ ਅੰਦਾਜ਼ਾਂ ਨੇ ਟੀਮ ਇਵੈਂਟ ਵਿੱਚ ਪ੍ਰਗਤੀ ਨੇ ਦੋ ਸੋਨ, ਸਿਮਰਨਜੋਤ ਸਿੰਘ ਨੇ ਇੱਕ ਸੋਨ, ਸਚਿਨ ਗੁਪਤਾ ਨੇ ਦੋ ਕਾਂਸੇ, ਧੀਰਜ ਮਲਿਕ ਇੱਕ ਕਾਂਸੇ, ਰਾਹੁਲ ਨੇ ਇੱਕ ਕਾਂਸੇ ਤੇ ਜਗਬੀਰ ਨੇ ਇੱਕ ਕਾਂਸੇ ਦਾ ਤਗਮਾ ਜਿੱਤਿਆ। ਜਿਸ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਹੋਏ ਫਸਵੇਂ ਮੁਕਾਬਲੇ ਵਿੱਚ ਜੀ.ਕੇ.ਯੂ ਨੂੰ ਫਸਟ ਰਨਰ ਅੱਪ ਐਲਾਨਿਆ ਗਿਆ। ਇਸ ਮੋਕੇ ਉਪ ਕੁਲਪਤੀ, ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਖਿਡਾਰੀਆਂ ਦੀ ਸ਼ਾਨਾਮੱਤੀ ਪ੍ਰਾਪਤੀ ’ਤੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ, ਕੋਚ ਵਿਪਿਨ ਕੁਮਾਰ ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਖਿਡਾਰੀ ਜਿੱਤ ਦੇ ਇਸ ਜਨੂਨ ਨੂੰ ਬਰਕਰਾਰ ਰੱਖਦੇ ਹੋਏ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਮੱਲ੍ਹਾਂ ਮਾਰਨਗੇ। ਉਨ੍ਹਾਂ ਖਿਡਾਰੀਆਂ ਦੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਭੇਂਟ ਕੀਤੀਆਂ।ਡਾ. ਸ਼ਰਮਾ ਨੇ ਦੱਸਿਆ ਕਿ ਤੀਰ ਅੰਦਾਜ਼ੀ ਮਾਲਵਾ ਖੇਤਰ ਲਈ ਨਵੀਂ ਹੋਣ ਕਾਰਨ ਵਿਦਿਆਰਥੀਆਂ ਵਿੱਚ ਵਿਸ਼ੇਸ਼ ਆਕਰਸ਼ਣ ਰੱਖਦੀ ਹੈ। ਜੀ.ਕੇ.ਯੂ ਨੇ ਇਸ ਖੇਡ ਨੂੰ ਹੋਰ ਪ੍ਰਫੂਲਿਤ ਕਰਨ ਲਈ ਖਿਡਾਰੀਆਂ ਨੂੰ ਉੱਚੇ ਦਰਜੇ ਦੇ ਇੰਸਟਰੂਮੈਂਟ ਅਤੇ ਉੱਚ ਕੋਟੀ ਦੇ ਕੋਚ ਉਪਲਬਧ ਕਰਵਾਏ ਹਨ, ਜਿਸ ਦੇ ਨਤੀਜੇ ਵਜੋਂ ਖਿਡਾਰੀਆਂ ਨੇ ਇਹ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।
ਬਠਿੰਡਾ ਸ਼ਹਿਰ ’ਚ ਪਿਸਤੌਲ ਦੀ ਨੌਕ ’ਤੇ ਲੁੱਟਖੋਹ ਕਰਨ ਵਾਲਾ ਪੁਲਿਸ ਵਲੋਂ ਕਾਬੂ, ਇੱਕ ਫ਼ਰਾਰ
ਔਰਤ ਕੋਲੋ ਖੋਹੀ ਸੋਨੇ ਦੀ ਚੈਨੀ ਤੇ ਮੋਬਾਇਲ ਸਹਿਤ ਪਿਸਤੌਲ ਵੀ ਹੋਇਆ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ’ਚ ਪਿਸਤੌਲ ਦੀ ਨੋਕ ’ਤੇ ਉਪਰੋਥੱਲੀ ਦੋ ਘਟਨਾਵਾਂ ਨੂੰ ਅੰਜਾਮ ਦੇ ਕੇ ਸ਼ਹਿਰ ਵਿਚ ਦਹਿਸਤ ਦਾ ਮਾਹੌਲ ਬਣਾਉਣ ਵਾਲੇ ਗਿਰੋਹ ਵਿਚੋਂ ਇੱਕ ਮੈਂਬਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇੰਨ੍ਹਾਂ ਘਟਨਾਵਾਂ ’ਚ ਲੋੜੀਦਾ ਦੂਜਾ ਮੁਜਰਮ ਹਾਲੇ ਪੁਲਿਸ ਦੀ ਗ੍ਰਿਫਤਾਰ ਚੋਂ ਬਾਹਰ ਹੈ, ਜਿਸਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਜਾਰੀ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੇ ਬੀਤੇ ਕੱਲ ਸਵੇਰੇ ਸਥਾਨਕ ਮਾਲਵੀਆਂ ਨਗਰ ਵਿਚ ਸੈਰ ਕਰ ਰਹੀ ਇੱਕ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੈਨ ਤੇ ਮੋਬਾਈਲ ਫੋਨ ਖੋਹਣ ਤੋ ਇਲਾਵਾ ਅਜੀਤ ਰੋਡ ’ਤੇ ਸਥਿਤ ਆਈਸਕਰੀਮ ਦੀ ਦੁਕਾਨ ਤੋਂ 4 ਹਜ਼ਾਰ ਰੁਪਏ ਦੀ ਨਗਦੀ ਵੀ ਖੋਹ ਲਈ ਸੀ। ਐਸ.ਐਸ.ਪੀ ਨੇ ਦਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਪਛਾਣ ਮੋਨੂੰ ਸ਼ਰਮਾ ਵਾਸੀ ਭੁੱਚੋ ਮੰਡੀ ਜੋਕਿ ਮੂਲ ਰੂਪ ਵਿਚ ਯੂ ਪੀ ਦੇ ਆਗਰਾ ਦਾ ਰਹਿਣ ਵਾਲਾ ਹੈ ਅਤੇ ਭੁੱਚੋਂ ਮੰਡੀ ਵਿੱਚ ਹੀ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਹੈ। ਜਦੋਂ ਕਿ ਉਸਦੇ ਫਰਾਰ ਸਾਥੀ ਦੀ ਪਛਾਣ ਬਬਲੂ ਸ਼ਰਮਾ ਵਾਸੀ ਗਿੱਦੜਬਾਹਾ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀ ਮੁਤਾਬਕ ਬਬਲੂ ਸਰਮਾ ਦੇ ਵਿਰੁਧ ਪਹਿਲਾਂ ਵੀ ਇੱਕ ਪਰਚਾ ਦਰਜ਼ ਹੈ। ਗੌਰਤਲਬ ਹੈ ਕਿ ਬੀਤੇ ਕੱਲ੍ਹ ਸਵੇਰੇ ਕਰੀਬ ਪੌਣੇ ਸੱਤ ਵਜੇ ਸ਼ਹਿਰ ਦੇ ਪਾਸ਼ ਇਲਾਕੇ ਵਿਚ ਨੀਲਮ ਰਾਣੀ ਨਾਂ ਦੀ ਔਰਤ ਸਵੇਰੇ ਆਪਣੀ ਗਲੀ ਵਿਚ ਹੀ ਸੈਰ ਕਰ ਰਹੀ ਸੀ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ ’ਤੇ ਇਸ ਔਰਤ ਕੋਲੋਂ ਆਈ ਫੋਨ 7 ਅਤੇ ਉਸਦੇ ਗਲੇ ਵਿਚ ਪਾਈ ਹੋਈ ਕਰੀਬ ਦੋ ਤੋਲਿਆਂ ਦੀ ਚੈਨ ਖੋਹ ਕੇ ਦੇ ਗੲਏ ਸਨ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਸੀ, ਜਿਸਦੇ ਵਿਚ ਮੁਜਰਮਾਂ ਦਾ ਹੁਲੀਆ ਵੀ ਆ ਗਿਆ ਸੀ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਐਸ ਪੀ ਸਿਟੀ, ਡੀਐਸਪੀ ਸਿਟੀ ਅਤੇ ਐਸ ਐਚ ਓ ਕੋਤਵਾਲੀ ਪੁੱਜੇ ਅਤੇ ਉਨ੍ਹਾਂ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੇ ਗਈ ਸੀ, ਜਿਸਤੋਂ ਬਾਅਦ ਦੋਸੀਆਂ ਤੱਕ ਪੁੱਜਣ ਵਿਚ ਪੁਲਿਸ ਸਫ਼ਲ ਰਹੀ। ਦੱਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸਦੇ ਕਾਰਨ ਸ਼ਹਿਰ ਵਾਸੀਆਂ ਵਿਚ ਇੱਕ ਡਰ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਔਰਤਾਂ ਗਹਿਣੇ ਪਾ ਕੇ ਘਰੋਂ ਨਿਕਲ ਤੋਂ ਗੁਰੇਜ਼ ਕਰ ਰਹੀਆਂ ਹਨ।
ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਆਪਸ ’ਚ ਭਿੜੇ, 1 ਜ਼ਖਮੀ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਦੋ ਹਵਾਲਾਤੀਆਂ ਦੇ ਖਾਣਾ ਖਾਣ ਮੌਕੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਆਪਸ ਵਿਚ ਲੜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜੇਲ੍ਹ ਅਧਿਕਾਰੀਆਂ ਨੇ ਇਸ ਘਟਨਾ ਨੂੰ ਮਾਮੂਲੀ ਦਸਿਆ ਪ੍ਰੰਤੂ ਜਖਮੀ ਹੋਏ ਹਵਾਲਾਤੀਆਂ ਨੂੰ ਜਦ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਇੱਕ ਹਵਾਲਾਤੀ ਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਉਸਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਰੈਫ਼ਰ ਕਰਨਾ ਪਿਆ। ਉਧਰ ਦੇਰ ਸ਼ਾਮ ਤੱਕ ਪੁਲਿਸ ਦੀ ਜੇਲ੍ਹ ’ਚ ਬਣੀ ਚੌਂਕੀ ਅਤੇ ਥਾਣਾ ਕੈਂਟ ਦੇ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਣਕਾਰੀ ਦੇਣ ਤੋਂ ਟਾਲਾ ਵੱਟਿਆਂ ਜਾਂਦਾ ਰਿਹਾ। ਸੂਤਰਾਂ ਮੁਤਾਬਕ ਮਾਮਲਾ ਭਖਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਵਲੋਂ ਘਟਨਾ ਦਾ ਰੁੱਕਾ ਜੇਲ੍ਹ ਚੌਕੀ ਨੂੰ ਭੇਜਿਆ ਜਾ ਚੁੱਕਾ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੰਗ ਦੀ ਡਾਕਟਰ ਪੱਲਵੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਇੱਕ ਹਵਾਲਾਤੀ ਦੀ ਬਾਂਹ ਅਤੇ ਹੱਥ ’ਤੇ ਡੂੰਘੀ ਸੱਟ ਲੱਗੀ ਹੋਈ ਸੀ, ਜਿਸ ਕਾਰਨ ਉਸਨੂੰ ਰੈਫ਼ਰ ਕੀਤਾ ਗਿਆ ਹੈ। ਗੰਭੀਰ ਜ਼ਖਮੀ ਹਵਾਲਾਤੀ ਦੀ ਪਹਿਚਾਣ ਪਰਮਿੰਦਰ ਸਿੰਘ ਵਜੋਂ ਹੋਈ ਹੈ ਜਦੋਂਕਿ ਉਸਦੇ ਨਾਲ ਲੜਣ ਵਾਲੇ ਦੀ ਪਹਿਚਾਣ ਗੋਰਾ ਵਜੋਂ ਦੱਸੀ ਜਾ ਰਹੀ ਹੈ।
ਬਠਿੰਡਾ ਪੁਲਿਸ ਨੇ ਪਟਾਕੇ ਪਾਉਣ ਵਾਲੇ ਬੁਲੈਟ ਮੋਟਰਸਾਈਕਲ ਚਾਲਕਾਂ ਵਿਰੁਧ ਵਿੱਢੀ ਮੁਹਿੰਮ
ਦਰਜ਼ਨਾਂ ਚਾਲਕਾਂ ਦੇ ਕੱਟੇ ਚਲਾਨ, ਦਰਜ਼ਨ ਮੋਟਰਸਾਈਕਲੇ ਕੀਤੇ ਬੰਦ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਪਿਛਲੇ ਦਿਨੀਂ ਏਡੀਜੀਪੀ ਟਰੈਫ਼ਿਕ ਵਲੋਂ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲ ਚਾਲਕਾਂ ਵਿਰੁਧ ਦਿੱਤੇ ਸਖ਼ਤੀ ਦੇ ਆਦੇਸ਼ ਤੋਂ ਬਾਅਦ ਅੱਜ ਸਥਾਨਕ ਟਰੈਫ਼ਿਕ ਪੁਲਿਸ ਵਲੋਂ ਵਿਸੇਸ ਮੁਹਿੰਮ ਵਿੱਢੀ ਗਈ। ਇਸ ਮੂਹਿੰਮ ਤਹਿਤ ਸਿਟੀ ਟਰੈਫ਼ਿਕ ਇੰਚਾਰਜ਼ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਨੰਦ ਸਿੰਘ ਦੇ ਬੁੱਤ ਕੋਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇੱਥੇ ਗੁਜਰਨ ਵਾਲੇ ਹਰ ਬੁਲੇਟ ਮੋਟਰਸਾਈਕਲ ਦੀ ਜਾਂਚ ਕੀਤੀ ਗਈ। ਜਿਸਦੇ ਵਿਚ ਉਸਦੇ ਸਲੰਸਰ ਨੂੰ ਚੈਕ ਕੀਤਾ ਗਿਆ ਕਿ ਇਹ ਕੰਪਨੀ ਫ਼ਿਟਡ ਹੈ ਜਾਂ ਇਸਨੂੰ ਮਾਡੀਫ਼ਾਈ ਕੀਤਾ ਗਿਆ ਹੈ। ਟਰੈਫ਼ਿਕ ਇੰਚਾਰਜ਼ ਅਮਰੀਕ ਸਿੰਘ ਨੇ ਦਸਿਆ ਕਿ ਸ਼ਾਮ ਤੱਕ ਕਰੀਬ 100 ਚਲਾਨ ਕੀਤੇ ਗਏ ਹਨ, ਜਿੰਨ੍ਹਾਂ ਦੇ ਸਲੰਸਰਾਂ ਵਿਚ ਛੇੜਛਾੜ ਕੀਤੀ ਗਈ ਹੈ। ਇਸਤੋਂ ਇਲਾਵਾ ਮੋਟਰਵਹੀਕਲ ਐਕਟ 207 ਤਹਿਤ ਇੱਕ ਦਰਜ਼ਨ ਮੋਟਰਸਾਈਕਲ ਵੱਖ ਵੱਖ ਥਾਣਿਆਂ ਵਿਚ ਬੰਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਨਿਯਮਾਂ ਤਹਿਤ ਹੁਣ ਇਕੱਲੇ ਮੋਟਰਸਾਈਕਲ ਚਾਲਕਾਂ ਵਿਰੁਧ ਹੀ ਕਾਰਵਾਈ ਨਹੀਂ ਹੋਵੇਗੀ, ਬਲਕਿ ਜਿੰਨ੍ਹਾਂ ਮੋਟਰਸਾਈਕਲਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ਦੇ ਮਾਲਕਾਂ ਤੋਂ ਪੁਛ ਪੜਤਾਲ ਤੋਂ ਬਾਅਦ ਕਿ ਸਲੰਸਰਾਂ ਵਿਚ ਇਹ ਛੇੜਛਾੜ ਕਿਹੜੇ ਮਕੈਨਿਕਾਂ ਵਲੋਂ ਕੀਤੀ ਗਈ ਹੈ, ਤਾਂ ਅਜਿਹੇ ਮਕੈਨਿਕਾਂ ਵਿਰੁਧ ਵੀ ਧਾਰਾ 188 ਤਹਿਤ ਕੇਸ ਦਰਜ਼ ਕੀਤੇ ਜਾਣਗੇ।
