Home Blog Page 2086

ਪਿਸਤੌਲ ਦੀ ਨੌਕ ’ਤੇ ਸੈਰ ਕਰ ਰਹੀ ਔਰਤ ਦੀ ਸੋਨੇ ਦੀ ਚੈਨ ਖੋਹ ਕੇ ਭੱਜੇ ਲੁਟੇਰੇ

0

ਭੱਜੇ ਜਾਂਦੇ ਲੁਟੇਰਿਆਂ ਨੇ ਚਲਾਈ ਗੋਲੀ, ਘਟਨਾ ਹੋਈ ਸੀਸੀਟੀਵੀ ਕੈਮਰਿਆਂ ਵਿਚ ਕੈਦ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਸਥਾਨਕ ਸ਼ਹਿਰ ਦੇ ਇੱਕ ਪਾਸ਼ ਇਲਾਕੇ ਵਿਚ ਅੱਜ ਸਵੇਰੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ ’ਤੇ ਸੈਰ ਕਰ ਰਹੀ ਇੱਕ ਔਰਤ ਦੀ ਸੋਨੇ ਦੀ ਚੈਨੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਹੱਥ ਵਿਚ ਫ਼ੜੀ ਹੋਈ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜਿਸ ਕਾਰਨ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ। ਗੋਨਿਆਣਾ ਰੋਡ ’ਤੇ ਸਥਿਤ ਵਾਦੀ ਹਸਪਤਾਲ ਦੇ ਪਿਛਲੇ ਪਾਸੇ ਮਾਲਵੀਆਂ ਨਗਰ ਵਿਚ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨੀਲਮ ਰਾਣੀ (50) ਪਤਨੀ ਜੀਵਨ ਕੁਮਾਰ ਵਾਸੀ ਗਲੀ ਨੰਬਰ 3 ਮਾਲਵੀਆ ਨਗਰ ਅਪਣੇ ਮੁਹੱਲੇ ਦੀ ਹੀ ਗਲੀ ਵਿਚ ਸੈਰ ਕਰ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸਦੇ ਗਲੇ ਵਿਚ ਪਾਈ ਸੋਨੇ ਦੀ ਚੈਨ ਖਿੱਚ ਲਈ। ਔਰਤ ਨੇ ਮੌਕੇ ’ਤੇ ਹੀ ਰੋਲਾ ਪਾ ਦਿੱਤਾ, ਜਿਸ ਕਾਰਨ ਕੁੱਝ ਲੋਕ ਇਕੱਠੇ ਵੀ ਹੋਏ ਪ੍ਰੰਤੂ ਔਰਤ ਦੇ ਮੁਤਾਬਕ ਇੱਕ ਨੌਜਵਾਨ, ਜਿਸਦੇ ਹੱਥ ਵਿਚ ਪਿਸਤੌਲ ਫ਼ੜਿਆ ਹੋਇਆ ਸੀ, ਨੇ ਗੋਲੀ ਵੀ ਚਲਾਈ। ਮੌਕੇ ’ਤੇ ਐਸ ਪੀ ਸਿਟੀ, ਡੀਐਸਪੀ ਸਿਟੀ ਅਤੇ ਐਸ ਐਚ ਓ ਕੋਤਵਾਲੀ ਪੁੱਜੇ ਅਤੇ ਉਨ੍ਹਾਂ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੇ ਗਏ। ਇਸ ਮੌਕੇ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ। ਇਥੇ ਦੱਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸਦੇ ਕਾਰਨ ਸ਼ਹਿਰ ਵਾਸੀਆਂ ਵਿਚ ਇੱਕ ਡਰ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਔਰਤਾਂ ਗਹਿਣੇ ਪਾ ਕੇ ਘਰੋਂ ਨਿਕਲ ਤੋਂ ਗੁਰੇਜ਼ ਕਰ ਰਹੀਆਂ ਹਨ।

ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਗਿੱਲ ਬਣੇ ਸਰਕਾਰੀ ਆਸ਼ਵਾਸਨ ਕਮੇਟੀ ਦੀ ਚੇਅਰਮੈਨ

0

ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ : ਵਿਧਾਇਕ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਲ 2023-24 ਲਈ ਸਦਨ ਵਾਸਤੇ ਬਣਾਈਆਂ ਵੱਖ-ਵੱਖ ਕਮੇਟੀਆਂ ਦੇ ਲਗਾਏ ਗਏ ਚੇਅਰਮੈਨਾਂ ਵਿੱਚੋਂ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸਰਕਾਰੀ ਆਸ਼ਵਾਸਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਕਤ ਕਮੇਟੀ ਸਦਨ ਦੀ ਮਹੱਤਵਪੂਰਨ ਕਮੇਟੀਆਂ ਵਿਚੋਂ ਇੱਕ ਮੰਨੀ ਜਾਂਦੀ ਹੈ, ਜਿਸਦੇ ਵਿਚ ਸਦਨ ’ਚ ਸਰਕਾਰ ਵਲੋਂ ਦਿੱਤੇ ਜਾਂਦੇ ਭਰੋਸਿਆਂ ਨੂੰ ਅਮਲ ਵਿਚ ਲਿਆਉਣਾ ਹੁੰਦਾ ਹੈ। ਉਧਰ ਨਵੀਂ ਜਿੰਮੇਵਾਰੀ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਨਿਭਾਉਣਗੇ। ਸ. ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਇਸ ਕਮੇਟੀ ਵਿਚ ਰਮਨ ਅਰੋੜਾ, ਡਾ. ਕਸ਼ਮੀਰ ਸਿੰਘ ਸੋਹਲ, ਲਖਬੀਰ ਸਿੰਘ ਰਾਏ, ਰਣਬੀਰ ਸਿੰਘ, ਫੌਜਾ ਸਿੰਘ, ਸੀਤਲ ਅੰਗੁਰਾਲ,ਬਰਿੰਦਰ ਕੁਮਾਰ ਗੋਇਲ ਵਕੀਲ, ਅਸ਼ੋਕ ਪਰਾਸ਼ਰ, ਸ੍ਰੀਮਤੀ ਨਰਿੰਦਰ ਕੌਰ ਭਰਾਜ, ਬਲਵਿੰਦਰ ਸਿੰਘ ਧਾਲੀਵਾਲ, ਪਰਗਟ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਕਿ ਸ. ਗਿੱਲ ਇਸ ਤੋਂ ਪਹਿਲਾਂ ਸਾਲ 2022-23 ਦੌਰਾਨ ਸਥਾਨਕ ਸਰਕਾਰਾਂ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਹਲਕਾ ਬਠਿੰਡਾ ਸ਼ਹਿਰੀ ਦੇ ਪਾਰਟੀ ਆਗੂਆਂ, ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ. ਗਿੱਲ ਨੂੰ ਇਸ ਮਿਲੀ ਨਵੀਂ ਜਿੰਮੇਵਾਰੀ ਦੀਆਂ ਵਧਾਈਆਂ ਵੀ ਦਿੱਤੀਆਂ।

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ਼ ਦਾ ਜਥੇਬੰਦੀਆਂ ਵੱਲੋਂ ਸਖ਼ਤ ਨੋਟਿਸ

ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਪਿਛਲੇ ਦਿਨੀਂ ਹਰਿਆਣੇ ਦੀ ਕਿਸਾਨਾਂ ਉੱਪਰ ਪੁਲਸ ਵੱਲੋਂ ਕੀਤੇ ਲਾਠੀਚਾਰਜ ਦਾ ਸਖਤ ਨੋਟਿਸ ਲੈਂਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸਦੇ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਇਕੱਤਰ ਹੋਏ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਮਰਜੀਤ ਹਨੀ, ਪਰਸ਼ੋਤਮ ਸਿੰਘ ਗਿੱਲ, ਬਲਦੇਵ ਸਿੰਘ ਭਾਈ ਰੂਪਾ, ਹਰਪ੍ਰੀਤ ਸਿੰਘ ਝਬੇਲਵਾਲੀ, ਲਛਮਣ ਸਿੰਘ, ਦਰਸ਼ਨ ਸਿੰਘ ਜਟਾਣਾ ਆਦਿ ਨੇ ਹਰਿਆਣਾ ਸਰਕਾਰ ‘ਤੇ ਦੋਸ਼ ਲਾਉਦੇ ਹੋਏ ਕਿਹਾ ਕਿਸਾਨ ਮੱਕੀ ਦੀ ਫਸਲ ਉਪਰ ਐਮ ਐਸ ਪੀ ਦੀ ਮੰਗ ਲੈ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਸਨ। ਹਰਿਆਣਾ ਸਰਕਾਰ ਨੇ ਉਨਾਂ ਦੀ ਮੰਗ ਮੰਨਣ ਦੀ ਬਜਾਇ ਪੁਲਸ ਰਾਹੀਂ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਦੇ ਨਾਲ ਹਰਿਆਣਾ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਖਿਲਾਫ਼ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਸਰਕਾਰਾਂ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀਆਂ ਹਨ। ਜਿਸਦੇ ਚੱਲਦੇ ਕਿਸਾਨਾਂ ਕੋਲ ਸੰਘਰਸ਼ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਕਿਸਾਨਾਂ ਦੀਆਂ ਮੰਗਾਂ ਜਲਦੀ ਨਾ ਮੰਨੀਆ ਗਈਆ ਅਤੇ ਗ੍ਰਿਫਤਾਰ ਕੀਤੇ ਕਿਸਾਨ ਜਲਦੀ ਰਿਹਾਅ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਸਵੈ-ਰੁਜ਼ਗਾਰ ਸਿਖਲਾਈ ਕੈਂਪਾਂ ਦੀ ਰਜਿਸਟਰੇਸ਼ਨ ’ਚ ਦੇਖਿਆ ਜਾ ਰਿਹਾ ਭਾਰੀ ਉਤਸ਼ਾਹ

0

ਲੜਕੀਆਂ ਅਤੇ ਔਰਤਾਂ ਦੀ ਮੰਗ ’ਤੇ ਰਜਿਸਟਰੇਸ਼ਨ ਦਾ ਸਮਾਂ 2 ਦਿਨ ਵਧਾਇਆ, ਹੁਣ 9 ਜੂਨ ਤੱਕ ਹੋਵੇਗੀ ਰਜਿਸਟਰੇਸ਼ਨ : ਵੀਨੂੰ ਗੋਇਲ
ਸੁਖਜਿੰਦਰ ਮਾਨ
ਬਠਿੰਡਾ, 07 ਜੂਨ: ਡਾਇਮੰਡ ਵੈਲਫੇਅਰ ਸੋਸਾਇਟੀ ਵੱਲੋਂ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ਹੇਠ ਔਰਤਾਂ ਦੇ ਸਸ਼ਕਤੀਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰ ਸਾਲ ਲਗਾਏ ਜਾਂਦੇ ਸਵੈ-ਰੁਜ਼ਗਾਰ ਸਿਖਲਾਈ ਕੈਂਪਾਂ ਲਈ ਰਜਿਸਟਰੇਸ਼ਨਾਂ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਹਰ ਸਾਲ ਬਠਿੰਡਾ ਵਿਖੇ 21 ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ ਅਤੇ ਇਹ 20ਵਾਂ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਔਰਤਾਂ ਨੂੰ ਮੁਫ਼ਤ ਰੁਜ਼ਗਾਰ ਕੋਰਸ ਜਿਵੇਂ ਕਿ ਸਿਲਾਈ, ਕਢਾਈ, ਮਹਿੰਦੀ, ਬਿਊਟੀਸ਼ੀਅਨ, ਪੇਂਟਿੰਗ, ਸਪੀਕਿੰਗ ਇੰਗਲਿਸ਼, ਸਾਫਟ ਟੌਇਜ਼ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ। ਸਮਾਜ ਸੇਵੀ ਵੀਨੂੰ ਗੋਇਲ ਅਤੇ ਕੈਂਪ ਡਾਇਰੈਕਟਰ ਐਮ.ਕੇ ਮੰਨਾ ਨੇ ਦੱਸਿਆ ਕਿ ਇਸ ਵਾਰ ਉਕਤ ਕੈਂਪ ਸਰਕਾਰੀ ਗਰਲਜ਼ ਸਕੂਲ, ਮਾਲ ਰੋਡ, ਬਠਿੰਡਾ ਅਤੇ ਸਰਕਾਰੀ ਆਦਰਸ਼ ਸਕੂਲ, ਕੈਨਾਲ ਕਲੋਨੀ, ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਲਈ ਰਜਿਸਟ?ਰੇਸ਼ਨਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਲਈ ਲੜਕੀਆਂ ਅਤੇ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਹੁਣ ਤੱਕ 832 ਲੜਕੀਆਂ ਅਤੇ ਔਰਤਾਂ ਨੇ ਸਰਕਾਰੀ ਗਰਲਜ਼ ਸਕੂਲ ਅਤੇ 780 ਸਰਕਾਰੀ ਆਦਰਸ਼ ਸਕੂਲ ਵਿੱਚ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਅਤੇ ਔਰਤਾਂ ਦੀ ਮੰਗ ਨੂੰ ਦੇਖਦੇ ਹੋਏ ਹੁਣ ਰਜਿਸਟਰੇਸ਼ਨ ਲਈ ਦੋ ਦਿਨ ਹੋਰ ਵਧਾ ਦਿੱਤੇ ਗਏ ਹਨ ਅਤੇ ਰਜਿਸਟਰੇਸ਼ਨ 9 ਜੂਨ ਤੱਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣਾ ਹੈ, ਜਿਸ ਤਹਿਤ ਹਜ਼ਾਰਾਂ ਔਰਤਾਂ ਨੇ ਸੁਸਾਇਟੀ ਦੇ ਯਤਨਾਂ ਦਾ ਲਾਭ ਉਠਾਇਆ ਹੈ, ਜੋ ਸਵੈ-ਰੁਜ਼ਗਾਰ ਰਾਹੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੋਵਾਂ ਸਕੂਲਾਂ ਵਿੱਚ 1-1 ਹਜ਼ਾਰ ਔਰਤਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਔਰਤਾਂ ਵੱਲੋਂ ਵਿਖਾਏ ਜਾ ਰਹੇ ਉਤਸ਼ਾਹ ਸਦਕਾ ਉਕਤ ਟੀਚਾ ਜਲਦ ਹੀ ਪੂਰਾ ਕਰ ਲਿਆ ਜਾਵੇਗਾ।

ਸੈਂਟਰ ਸਕੂਲ ਚੱਕ ਰੁਲਦੂ ਸਿੰਘ ਵਾਲਾ ਦੇ ਅਧਿਆਪਕਾਂ ਨੇ ਵਾਤਾਵਰਣ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 07 ਜੂਨ: ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਚੱਕ ਰੁਲਦੂ ਸਿੰਘ ਵਾਲਾ ਬਲਾਕ ਸੰਗਤ ਜਿਲ੍ਹਾ ਬਠਿੰਡਾ ਵਿਖੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀਆ ਗਈਆਂ ਹਦਾਇਤਾਂ ਅਨੁਸਾਰ ਬੀਤੇ ਕੱਲ੍ਹ ਵਿਸ਼ਵ ਵਾਤਾਵਰਣ ਦਿਵਸ ਸੈਂਟਰ ਹੈਡ ਟੀਚਰ ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਅਧਿਆਪਕਾ ਅਤੇ ਬੱਚਿਆਂ ਵੱਲੋਂ ਸਹੁੰ ਚੁੱਕ ਸਮਾਗਮ ਵੀ ਕੀਤਾ ਗਿਆ। ਸਕੂਲ ਕੈਂਪਸ ਵਿੱਚਪੰਜ ਦਰਜਨ ਤੋਂ ਵੱਧ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਇਸ ਸਮੇਂ ਸਕੂਲ ਦੇ ਸਟਾਫ਼ ਮੈਂਬਰ ਸ੍ਰੀਮਤੀ ਰਾਜ ਕੌਰ,ਸ੍ਰੀ ਰਸਦੀਪ ਸਿੰਘ,ਸ੍ਰੀ ਰਾਜੇਸ਼ ਕੁਮਾਰ, ਸ੍ਰੀਮਤੀ ਰਣਜੀਤ ਕੌਰ ਐਸ.ਟੀ.ਆਰ ਵਲੰਟੀਅਰ ,ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਸੰਦੀਪ ਕੌਰ ,ਕਮੇਟੀ ਮੈਂਬਰ ਪੂਨਮ ਰਾਣੀ, ਪਿੰਡ ਵਿੱਚ ਚੱਲ ਰਹੇ ਏਕਤਾ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ , ਮੈਂਬਰ ਚਰਨ ਰਾਮ ਅਤੇ ਸੁੱਖਾ ਸਿੰਘ ਹਾਜਰ ਰਹੇ। ਉਕਤ ਵਾਤਾਵਰਨ ਦਿਵਸ ਮਨਾਉਣ ਤੋਂ ਬਾਅਦ ਸਭ ਦਾ ਧੰਨਵਾਦ ਸ੍ਰੀ ਜਗਦੀਸ਼ ਕੁਮਾਰ ਸੈਂਟਰ ਹੈੱਡ ਟੀਚਰ ਨੇ ਕੀਤਾ ਉਨ੍ਹਾਂ ਕਿਹਾ ਭਵਿੱਖ ਵਿੱਚ ਅਜਿਹੇ ਹੋਰ ਉਪਰਾਲੇ ਹਰ ਮਹੀਨੇ ਦੇ ਅੰਤਿਮ ਹਫਤੇ ਵੱਖ ਵੱਖ ਸਕੂਲਾਂ ਵਿੱਚ ਫੁੱਲਦਾਰ ਅਤੇ ਛਾਂਦਾਰ ਰੁੱਖ ਪੌਦੇ ਲਗਾਏ ਜਾਣਗੇ ।

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਨੇ ’ਵਿਸ਼ਵ ਵਾਤਾਵਰਨ ਦਿਵਸ’ ਮਨਾਇਆ

0

ਸੁਖਜਿੰਦਰ ਮਾਨ

ਬਠਿੰਡਾ, 07 ਜੂਨ: ਬਾਬਾ ਫ਼ਰੀਦ ਸਕੂਲ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵੱਲੋਂ ’ਵਿਸ਼ਵ ਵਾਤਾਵਰਨ ਦਿਵਸ’ ਮਨਾਇਆ ਗਿਆ। । ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕਰਨ ਲਈ ਵਿਸਥਾਰ ਭਾਸ਼ਣਾਂ ਦਾ ਆਯੋਜਨ ਕੀਤਾ ਗਿਆ ਅਤੇ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ । ਭਾਸ਼ਣ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਸਹਾਇਕ ਪ੍ਰੋਫੈਸਰ (ਜੌਗਰਫੀ) ਹਰਕੀਰਤ ਸਿੰਘ ਅਤੇ ਸਹਾਇਕ ਪ੍ਰੋਫੈਸਰ (ਪੰਜਾਬੀ) ਸਟਾਲਿਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਉਨ੍ਹਾਂ ਨੇ ਵਾਤਾਵਰਨ ਦੇ ਪ੍ਰਦੂਸ਼ਣ ਨਾਲ ਹੋਣ ਵਾਲੇ ਨੁਕਸਾਨ ਅਤੇ ਇਸ ਦੇ ਮਾੜੇ ਪ੍ਰਭਾਵ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਵਾਤਾਵਰਨ ਦੀ ਮਹੱਤਤਾ ਅਤੇ ਇਸ ਦਾ ਪ੍ਰਦੂਸ਼ਣ ਤੋਂ ਬਚਾਅ ਕਰਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਫੈਕਲਟੀ ਮੈਂਬਰਾਂ ਦੇ ਨਾਲ ਸੰਸਥਾ ਵਿਖੇ ਪੌਦੇ ਵੀ ਲਗਾਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ’ਵਿਸ਼ਵ ਵਾਤਾਵਰਨ ਦਿਵਸ’ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਾਤਾਵਰਨ ਬਾਰੇ ਜਾਗਰੂਕਤਾ ਲਈ ਅਜਿਹੇ ਮਹੱਤਵਪੂਰਨ ਦਿਨ ਮਨਾਉਣੇ ਬਹੁਤ ਜ਼ਰੂਰੀ ਹਨ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਆਨ-ਲਾਈਨ ਮੋਡ ਰਾਹੀਂ ਮਲਟੀਪਰਪਜ਼ ਸਪੋਰਟਸ ਹਾਲ ਦਾ ਨੀਂਹ ਪੱਥਰ ਰੱਖਿਆ

0

ਕੇਂਦਰ ਸਰਕਾਰ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ – ਅਨੁਰਾਗ ਠਾਕੁਰ.

ਸੁਖਜਿੰਦਰ ਮਾਨ

ਬਠਿੰਡਾ, 07 ਜੂਨ: ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡਾਂ ਲਈ ਕੇਂਦਰੀ ਮੰਤਰੀ ਸ਼੍ਰੀ. ਅਨੁਰਾਗ ਸਿੰਘ ਠਾਕੁਰ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਮਲਟੀਪਰਪਜ਼ ਸਪੋਰਟਸ ਹਾਲ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਆਨਲਾਈਨ ਮੋਡ ਵਿੱਚ ਬੋਲਦਿਆਂ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੇਲੋ ਇੰਡੀਆ ਤਹਿਤ ਕੇਂਦਰ ਸਰਕਾਰ ਦੇਸ਼ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੀ ਹੈ ਅਤੇ ਇਸਦੇ ਨਤੀਜ਼ੇ ਵਜੋਂ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਧੇਰੇ ਤਗਮੇ ਪ੍ਰਾਪਤ ਕੀਤੇ ਹਨ।ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਦੀ ਕਲਪਨਾ ਨਾਲ ਪ੍ਰਧਾਨ ਮੰਤਰੀ ਸ਼੍ਰੀ. ਨਰਿੰਦਰ ਮੋਦੀ ਦਾ ਟੀਚਾ ਜ਼ਮੀਨੀ ਪੱਧਰ ਦੇ ਐਥਲੀਟਾਂ ਨੂੰ ਇੱਕ ਪਲੇਟਫਾਰਮ ਦੇ ਕੇ ਅਤੇ ਦੇਸ਼ ਭਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਕੇ ਭਾਰਤ ਵਿੱਚ ਇੱਕ ਖੇਡ ਸੱਭਿਆਚਾਰ ਪੈਦਾ ਕਰਨਾ ਹੈ।ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਖੇਡਾਂ ਦੇ ਖੇਤਰ ਨੂੰ ਅਣਗੌਲਿਆ ਕੀਤਾ ਗਿਆ ਸੀ ਪਰ ਮੌਜੂਦਾ ਸ੍ਰੀ ਨਰਿੰਦਰ ਮੋਦੀ ਸਰਕਾਰ ਨੇ ਖੇਡਾਂ ਲਈ ਬਜਟ ਵਿੱਚ ਵਾਧਾ ਕੀਤਾ ਹੈ ਅਤੇ ਪੰਜਾਬ ਵੱਲ ਵੀ ਬਹੁਤ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਜੋ ਖੇਡਾਂ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਰੱਖਦਾ ਸੀ ਦੀ ਸ਼ਾਨ ਨੂੰ ਬਹਾਲ ਕਰਨ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਪ੍ਰੋਜੈਕਟ ਤਹਿਤ ਵੱਖ-ਵੱਖ ਖੇਡ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਖੇਡਾਂ ਨੂੰ ਪੇਸ਼ੇਵਰ ਤਰੀਕੇ ਨਾਲ ਉਤਸ਼ਾਹ ਦੇਣ ਲਈ 450 ਤੋਂ ਵੱਧ ਨਵੇਂ ਕੋਚਾਂ ਦੀ ਭਰਤੀ ਕੀਤੀ ਗਈ ਹੈ।ਸਰਕਾਰ ਦੀ ਖੇਲੋ ਇੰਡੀਆ ਸਕੀਮ ਤਹਿਤ ਐੱਮ.ਆਰ.ਐੱਸ.ਪੀ.ਟੀ.ਯੂ. ਵਿਖੇ 4.5 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਪਰਪਜ਼ ਸਪੋਰਟਸ ਹਾਲ ਬਣਾਇਆ ਜਾਵੇਗਾ। ਇਹ ਪ੍ਰੋਜੈਕਟ 31 ਮਾਰਚ, 2024 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਅੰਤਰਰਾਸ਼ਟਰੀ ਮਿਆਰ ਵਾਲੇ ਅਤਿ ਆਧੁਨਿਕ ਹਾਲ ਵਿੱਚ ਬਾਸਕਟਬਾਲ, ਬੈਡਮਿੰਟਨ, ਵਾਲੀਬਾਲ, ਟੈਨਿਸ, ਟੇਬਲ ਟੈਨਿਸ, ਸਕੁਐਸ਼, ਸ਼ੂਟਿੰਗ ਰੇਂਜ ਅਤੇ ਹੋਰ ਖੇਡਾਂ ਸ਼ਾਮਲ ਹੋਣਗੀਆਂ, ਜੋ ਕਿ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਗੀਆਂ।ਇਸ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਸ੍ਰੀ ਅਨੁਰਾਗ ਠਾਕੁਰ ਅਤੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ। । ਉਨ੍ਹਾਂ ਸ੍ਰੀ ਅਨੁਰਾਗ ਠਾਕੁਰ ਵੱਲੋਂ ਯੂਨੀਵਰਸਿਟੀ ਨੂੰ ਖੇਲੋ ਇੰਡੀਆ ਤਹਿਤ ਸ਼ਾਮਲ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ ਵਿਸ਼ੇਸ਼ ਲੈਕਚਰ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸੰਤ ਸੀਚੇਵਾਲ

0

ਸੁਖਜਿੰਦਰ ਮਾਨ
ਬਠਿੰਡਾ, 7 ਜੂਨ:ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਤਾਵਰਨ ਦੀ ਸੰਭਾਲ ਪ੍ਰਤੀ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਬੁੱਧਵਾਰ ਨੂੰ ‘ਵਾਤਾਵਰਣ ਸਬੰਧੀ ਜਾਗਰੂਕਤਾ ਲਈ ਸਮੂਹਿਕ ਸਹਿਮਤੀ: ਪਵਿੱਤਰ ਵੇਈਂ ਦੀ ਸੰਭਾਲ ਤੋਂ ਸਿੱਖਣਾ’ ਵਿਸ਼ੇ ’ਤੇ ਇੱਕ ਪ੍ਰੇਰਣਾਤਮਕ ਲੈਕਚਰ ਕਰਵਾਇਆ ਗਿਆ। ਸੀਯੂਪੀਬੀ ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਪ੍ਰਸਿੱਧ ਵਾਤਾਵਰਣ ਪ੍ਰੇਮੀ, ਪਦਮ ਸ਼੍ਰੀ ਐਵਾਰਡੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮਹਿਮਾਨ ਬੁਲਾਰੇ ਵਜੋਂ ਸ਼ਾਮਲ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ: ਰਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਡਾ: ਰੂਬਲ ਕਨੌਜੀਆ ਨੇ ਮੁੱਖ ਬੁਲਾਰੇ ਦੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਇੱਕ ਸਤਿਕਾਰਤ ਵਾਤਾਵਰਣ ਪ੍ਰੇਮੀ ਹਨ, ਜਿਨ੍ਹਾਂ ਨੇ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਪਵਿੱਤਰ ਵੇਈਂ ਦੀ ਸੰਭਾਲ ਨਾਲ ਸੰਬੰਧਤ ਅੰਦੋਲਨ ਦੀ ਅਗਵਾਈ ਕਰਨ ਸਦਕਾ ਅਤੇ ਹੋਰ ਵਾਤਾਵਰਨ ਸੰਭਾਲ? ਦੇ ਕਾਰਜਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹਨ।ਆਪਣੇ ਲੈਕਚਰ ਦੌਰਾਨ ਸੰਤ ਸੀਚੇਵਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਦਹਾਕਿਆਂ ਦੌਰਾਨ ਦੇਖੀਆਂ ਗਈਆਂ ਵਾਤਾਵਰਨ ਤਬਦੀਲੀਆਂ ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਨਤੀਜਾ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” ਦਾ ਹਵਾਲਾ ਦੇ ਕੇ ਸਾਡੇ ਜੀਵਨ ਵਿੱਚ ਸ਼ੁੱਧ ਹਵਾ, ਪਾਣੀ ਅਤੇ ਧਰਤ ਦੀ ਮਹੱਤਤਾ ਨੂੰ ਉਜਾਗਰ ਕੀਤਾ। ਹਾਲਾਂਕਿ, ਮਨੁੱਖ ਇਨ੍ਹਾਂ ਤਿੰਨਾਂ ਜ਼ਰੂਰੀ ਤੱਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।ਸੰਤ ਬਲਬੀਰ ਸਿੰਘ ਨੇ ਪਵਿੱਤਰ ਵੇਈਂ ਬਚਾਓ ਅੰਦੋਲਨ ਨਾਲ ਸਬੰਧਤ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ’ਤੇ ਵਹਿੰਦੀ ਵੇਈਂ ਇੱਕ ਪਵਿੱਤਰ ਇਤਿਹਾਸਕ ਨਦੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਰਹਿਣ ਦੌਰਾਨ ਰੋਜ਼ਾਨਾ ਇਸ਼ਨਾਨ ਕਰਦੇ ਸਨ ਅਤੇ ਇਕ ਦਿਨ ਜਦੋਂ ਇਸ਼ਨਾਨ ਕਰਕੇ ਬਾਹਰ ਨਿਕਲੇ ਤਾਂ ਉਹਨਾਂ ਨੇ ਸੰਸਾਰ ਨੂੰ ਕਰਮਕਾਂਡਾਂ ਰੂਪੀ ਅਗਿਆਨਤਾ ਦੇ ਹਨੇਰੇ ਵਿਚੋਂ ਕੱਢਣ ਦਾ ਨਿਰਣਾ ਕੀਤਾ। ਸਮਾ ਬਦਲਿਆ ਅਤੇ ਹਰੀ ਕ੍ਰਾਂਤੀ ਦੇ ਮਾਰੂ ਪ੍ਰਭਾਵਾਂ ਦੇ ਫਲਸਰੂਪ ਇਹ ਪਵਿੱਤਰ ਵੇਈਂ ਪ੍ਰਦੂਸ਼ਿਤ ਹੋ ਕੇ ਕਾਲੀ ਵੇਈਂ ਵਿੱਚ ਬਦਲ ਗਈ। ਪਵਿੱਤਰ ਵੇਈਂ ਨੂੰ ਮੁੜ ਸੁਰਜੀਤ ਕਰਨ ਲਈ ਸਾਲ 2000 ਵਿੱਚ “ਪਵਿੱਤਰ ਵੇਈਂ ਸੰਭਾਲ ਅੰਦੋਲਨ”ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਆਪਣਾ ਵਿਸ਼ੇਸ਼ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ। ਸੰਤ ਸੀਚੇਵਾਲ ਨੇ ਇਸ ਅੰਦੋਲਨ ਵਿੱਚ ਦਰਪੇਸ਼ ਚੁਣੌਤੀਆਂ, ਰੁਕਾਵਟਾਂ ਨੂੰ ਦੂਰ ਕਰਨ ਲਈ ਅਪਣਾਈਆਂ ਗਈਆਂ ਰਣਨੀਤੀਆਂ ਅਤੇ ਵਾਤਾਵਰਣ ਅਤੇ ਸਥਾਨਕ ਭਾਈਚਾਰੇ ’ਤੇ ਇਸ ਦੇ ਮਹੱਤਵਪੂਰਨ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਪਿੰਡ ਸੀਚੇਵਾਲ ਦੇ ਮਾਡਲ ਬਾਰੇ ਚਾਨਣਾ ਪਾਇਆ ਅਤੇ ਟਰੀਟ ਕੀਤੇ ਗੰਦੇ ਪਾਣੀ ਦੀ ਸਿੰਚਾਈ ਅਤੇ ਹੋਰ ਕੰਮਾਂ ਲਈ ਮੁੜ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਕੁਦਰਤ ਪ੍ਰਤੀ ਕੁਝ ਸਮਾਂ ਲਗਾ ਕੇ ਆਪਣੇ ਵਾਤਾਵਰਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੈਣ ਲਈ ਪ੍ਰੇਰਿਤ ਕੀਤਾ। ਲੈਕਚਰ ਦੀ ਸਮਾਪਤੀ ਸਵਾਲ-ਜਵਾਬ ਦੇ ਸੈਸ਼ਨ ਨਾਲ ਹੋਈ।ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਨ ਲਈ ਸੰਤ ਸੀਚੇਵਾਲ ਦਾ ਧੰਨਵਾਦ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਨੌਜਵਾਨਾਂ ਵਿੱਚ ਟਿਕਾਉ ਜੀਵਨ ਸ਼ੈਲੀ ਅਪਣਾਉਣ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਹਾਜ਼ਰ ਸਰੋਤਿਆਂ ਨੂੰ ਸੰਤ ਸੀਚੇਵਾਲ ਵੱਲੋਂ ਸ਼ੁਰੂ ਕੀਤੀ ਪਵਿੱਤਰ ਵੇਈਂ ਬਚਾਓ ਲਹਿਰ ਤੋਂ ਪ੍ਰੇਰਨਾ ਲੈਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਸੰਭਾਲ ਲਈ ਇਸ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ।ਇਸ ਮੌਕੇ ਕਾਰਜਕਾਰੀ ਰਜਿਸਟਰਾਰ ਅਤੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਬੀ.ਪੀ. ਗਰਗ, ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਸਟੱਡੀਜ਼ ਵਿਭਾਗ ਦੇ ਮੁਖੀ ਪ੍ਰੋ. ਵੀ.ਕੇ ਗਰਗ ਅਤੇ ਵਿਭਾਗ ਦੇ ਫੈਕਲਟੀ ਮੈਂਬਰ ਹਾਜ਼ਰ ਸਨ। ਸਮਾਗਮ ਵਿੱਚ ਵਿਦਿਆਰਥੀਆਂ, ਅਧਿਕਾਰੀਆਂ ਅਤੇ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਹੜ੍ਹਾਂ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਲਈ ਕੀਤੀਆਂ ਤਿਆਰੀਆਂ, ਕੀਤੀ ਸਮੀਖਿਆ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਸਹਾਇਕ ਕਮਿਸ਼ਨਰ (ਜ) ਪੰਕਜ ਕੁਮਾਰ ਨੇ ਸੰਭਾਵੀਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਸਾਰੇ ਅਧਿਕਾਰੀ ਆਪਸ ਵਿੱਚ ਤਾਲਮੇਲ ਰੱਖ ਸਕਣ ਅਤੇ ਸੰਭਾਵੀ ਭਾਰੀ ਬਾਰਿਸ਼ਾਂ ਜਾਂ ਹੜ੍ਹਾਂ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਪਾਸੋਂ ਜ਼ਿਲ੍ਹੇ ਅੰਦਰ ਪੈਂਦੀਆਂ ਡਰੇਨਾਂ ਦੀ ਸਾਫ਼-ਸਫ਼ਾਈ ਸਬੰਧੀ ਜਾਣਕਾਰੀ ਲਈ ਅਤੇ ਡਰੇਨਾਂ ਦੀ ਸਫ਼ਾਈ ਦਾ ਕੰਮ ਜਲਦੀ ਮੁਕੰਮਲ ਕਰਵਾਉਣ ਦੇ ਆਦੇਸ਼ ਦਿੱਤੇ । ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਸੀਵਰੇਜ ਸਿਸਟਮ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨੂੰ ਰਾਸ਼ਨ ਸਪਲਾਈ ਦੇ ਪ੍ਰਬੰਧ ਰੱਖਣ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਮੈਡੀਕਲ ਟੀਮਾਂ ਦਾ ਗਠਨ ਕਰਨ, ਸਿਵਲ ਸਰਜਨ ਨੂੰ ਦਵਾਈਆਂ ਦੀ ਉਪਲਬਧਤਾ, ਪੀਣ ਲਈ ਪਾਣੀ ਦਾ ਪ੍ਰਬੰਧ ਆਦਿ ਕਰਨ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ ਬਠਿੰਡਾ ਵਰਿੰਦਰ ਸਿੰਘ,ਐਸ.ਡੀ.ਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸ.ਡੀ.ਐਮ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਬਠਿੰਡਾ ਜੇਲ੍ਹ ’ਚ ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਨੇ ਬੁੱਧਵਾਰ ਨੂੰ ਖ਼ਤਮ ਕੀਤੀ ਭੁੱਖ ਹੜਤਾਲ

0

ਜੇਲ੍ਹ ਅਧਿਕਾਰੀਆਂ ਵਲੋਂ ਬੈਰਕਾਂ ’ਚ ਜਲਦੀ ਟੀਵੀ ਲਗਾਉਣ ਦਾ ਦਿੱਤਾ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਸਥਾਨਕ ਕੇਂਦਰੀ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਬੰਦ ਸੂਬੇ ਦੇ ਚਾਰ ਦਰਜ਼ਨ ਤੋਂ ਵਧ ਗੈਂਗਸਟਰਾਂ ਵਲੋਂ ਬੈਰਕਾਂ ’ਚ ਟੀਵੀ ਲਗਾਉਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਭੁੱਖ ਹੜਤਾਲ ਬੁੱਧਵਾਰ ਸ਼ਾਮ ਨੂੰ ਸਮਾਪਤ ਕਰ ਦਿੱਤੀ ਗਈ। ਜਿਸਤੋਂ ਬਾਅਦ ਜੇਲ੍ਹ ਤੇ ਸਿਵਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਗੈਂਗਸਟਰਾਂ ਵਲੋਂ ਇਹ ਤੀਜੀ ਦਫ਼ਾ ਕੀਤੀ ਗਈ ਭੁੱਖ ਹੜਤਾਲ ਸੀ। ਇਸਤੋਂ ਪਹਿਲਾਂ ਉਨ੍ਹਾਂ ਵਲੋਂ ਅਪ੍ਰੈਲ ਮਹੀਨੇ ਤੇ ਮੁੜ 10 ਮਈ ਤੋਂ 15 ਮਈ ਤੱਕ ਵੀ ਲਗਾਤਾਰ ਭੁੱਖ ਹੜਤਾਲ ਰੱਖੀ ਸੀ ਤੇ ਜਿਸਨੂੰ ਜੇਲ੍ਹ ਅਧਿਕਾਰੀਆਂ ਦੇ ਨਾਲ-ਨਾਲ ਸਿਵਲ ਪ੍ਰਸ਼ਾਸਨ ਵਲੋਂ ਇਹ ਕਹਿ ਕੇ ਸਮਾਪਤ ਕਰਵਾਇਆ ਗਿਆ ਸੀ ਕਿ ਦੋ ਹਫ਼ਤਿਆਂ ’ਚ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਪ੍ਰੰਤੂ 30 ਮਈ ਤੱਕ ਇਹ ਮੰਗਾਂ ਪੂਰੀਆਂ ਨਾ ਹੋਣ ਕਾਰਨ ਇੰਨ੍ਹਾਂ ਗੈਂਗਸਟਰਾਂ ਵਲੋਂ ਮੁੜ 1 ਜੂਨ ਤੋਂ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਨੇ ਵੀ ਭੁੱਖ ਹੜਤਾਲ ਖ਼ਤਮ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਜੇਲ੍ਹ ਦੀਆਂ ਬੈਰਕਾਂ ਵਿਚ ਟੀਵੀ ਲਗਾਉਣ ਦੀ ਪ੍ਰਕ੍ਰਿਆ ਚੱਲ ਰਹੀ ਹੈ। ਸ਼੍ਰੀ ਨੇਗੀ ਨੇ ਇਸਤੋਂ ਇਲਾਵਾ ਇਸ ਮਸਲੇ ’ਤੇ ਕੋਈ ਹੋਰ ਟਿੱਪਣੀ ਕਰਨ ਤੋਂ ਇੰਨਕਾਰ ਕਰ ਦਿੱਤਾ ਗਿਆ। ਉਧਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇੱਕ ਹਫ਼ਤੇ ਤੋਂ ਚੱਲੀ ਆ ਰਹੀ ਭੁੱਖ ਹੜਤਾਲ ਕਾਰਨ ਗੈਂਗਸਟਰਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ। ਬੀਤੇ ਕੱਲ ਅਤੇ ਅੱਜ ਦੋ ਜਣਿਆਂ ਰਵਿੰਦਰ ਗਿਆਨਾ ਅਤੇ ਹਰਮਨ ਨਾਂ ਦੇ ਮੁਜਰਮ ਨੂੰ ਸਿਹਤ ਵਿਗੜਣ ਕਾਰਨ ਸਥਾਨਕ ਸਿਵਲ ਹਸਪਤਾਾਲ ਲਿਆਉਣਾ ਪਿਆ ਸੀ। ਇਸਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੀ ਜੇਲ੍ਹ ਅੰਦਰ ਭੁੱਖ ਹੜਤਾਲ ’ਤੇ ਬੈਠੇ ਕੈਦੀਆਂ ਤੇ ਹਵਾਲਾਤੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਸੀ। ਪਤਾ ਲੱਗਿਆ ਹੈ ਕਿ ਬੀਤੇ ਕੱਲ ਇੰਨ੍ਹਾਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਐਸ.ਪੀ ਡੀ ਅਤੇ ਐਸ.ਡੀ.ਐਮ ਬਠਿੰਡਾ ਜੇਲ੍ਹ ਵਿਚ ਗਏ ਸਨ ਪ੍ਰੰਤੂ ਗੈਂਗਸਟਰਾਂ ਨੇ ਹੜਤਾਲ ਵਾਪਸ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ। ਇਸ ਦੌਰਾਨ ਅੱਜ ਇੱਕ ਜੱਜ ਵੀ ਜੇਲ੍ਹ ਅੰਦਰ ਪੁੱਜੇ ਹੋਏ ਸਨ, ਜਿੰਨ੍ਹਾਂ ਵਲੋਂ ਵੀ ਇਸ ਮਸਲੇ ’ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਦਸਣਾ ਬਣਦਾ ਹੈ ਕਿ ਬਠਿੰਡਾ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਕੁੱਲ 30 ਸੈੱਲ ਅਤੇ 5 ਬੈਰਕਾਂ ਬਣੀਆਂ ਹੋਈਆਂ ਹਨ, ਜਿੱਥੇ ਪੰਜਾਬ ਭਰ ਤੋਂ ਖ਼ਤਰਨਾਕ ਕੈਟਾਗਿਰੀ ਦੇ ਗੈਂਗਸਟਰ ਬੰਦ ਹਨ। ਇੰਨ੍ਹਾਂ ਵਲੋਂ ਹਰ ਸੈੱਲ ਵਿਚ ਟੈਲੀਵੀਯਨ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਜੇਲ੍ਹ ਅੰਦਰ ਨਿਯਮਾਂ ਦੇ ਉਲਟ ਜਾ ਕੇ ਉਨ੍ਹਾਂ ਨੂੰ ਮਿਲੇ ਹੋਏ ਮਨੁੱਖੀ ਅਧਿਕਾਰਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ। ਜੇਲ੍ਹ ਸੂਤਰਾਂ ਮੁਤਾਬਕ ਹੁਣ ਇਸ ਸੈੱਲ ਦੀਆਂ ਇੰਨ੍ਹਾਂ ਪੰਜਾਂ ਬੈਰਕਾਂ ਵਿਚ ਟੈਲੀਵੀਯਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸਤੋ ਇਲਾਵਾ ਦੂਜੀਆਂ ਮੰਗਾਂ, ਜਿੰਨ੍ਹਾਂ ਵਿਚ ਜੇਲ੍ਹ ਅੰਦਰੋਂ ਟੈਲੀਫ਼ੋਨ ਰਾਹੀਂ 10 ਮਿੰਟ ਗੱਲ ਕਰਨ ਦੇ ਸਮੇਂ ਨੂੰ ਵਧਾ ਕੇ 15 ਮਿੰਟ ਕਰਨ, ਗੱਲ ਵਾਲੇ ਵਿਅਕਤੀਆਂ ਦੀ ਲਿਸਟ ਵੀ 5 ਤੋਂ ਵਧਾ ਕੇ 10 ਕਰਨ ਅਤੇ ਜੇਲ੍ਹ ਦੀ ਕੰਟੀਨ ਵਿਚੋਂ ਸਮਾਨ ਖ਼ਰੀਦਣ ਲਈ 1500 ਰੁਪਏ ਖਰਚਣ ਦੀ ਦਿੱਤੀ ਸਹੂਲਤ ਨੂੰ ਵਧਾ ਕੇ 2500 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਸਬੰਧੀ ਰੀਪੋਰਟ ਉਪਰ ਭੇਜੀ ਗਈ ਹੈ। ਦਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਪੂਰੇ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਲਿਆ ਕੇ ਸੂਬੇ ਦੇ ਖ਼ਤਰਨਾਕ ਮੰਨੇ ਜਾਂਦੇ ਏ, ਬੀ ਅਤੇ ਸੀ ਕੈਟਾਗਿਰੀ ਦੇ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਬੰਦ ਕੀਤਾ ਗਿਆ ਸੀ। ਮੌਜੂਦਾ ਸਮੇਂ ਇੰਨ੍ਹਾਂ ਗੈਂਗਸਟਰਾਂ ਵਿਚ ਜੱਗੂ ਭਗਵਾਨਪੁਰੀਆਂ, ਗੁਰਪ੍ਰੀਤ ਸੇਖੋ,ਸੁਖਪ੍ਰੀਤ ਬੁੱਢਾ, ਦੀਪਕ ਟੀਨੂੰ, ਮਨਪ੍ਰੀਤ ਮੰਨਾ, ਸਾਰਜ ਮਿੰਟੂ, ਦਿਲਪ੍ਰੀਤ ਬਾਬਾ ਆਦਿ ਗੈਂਗਸਟਰ ਬੰਦ ਹਨ।