Home Blog Page 2088

ਮੁੱਖ ਮੰਤਰੀ ਵੱਲੋਂ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ

ਸੂਬੇ ਦੇ ਅਮੀਰ ਸਭਿਆਚਾਰ, ਕਲਾ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਕੇ ਪੰਜਾਬ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਉਭਾਰਨਾ ਦੇ ਮੰਤਵ ਨਾਲ ਲਿਆ ਫੈਸਲਾ
ਸੈਰ-ਸਪਾਟਾ ਵਿਭਾਗ ਨੂੰ ਨਿਯਮਿਤ ਵਕਫ਼ਿਆਂ ‘ਤੇ ਅਜਿਹੇ ਸੱਭਿਆਚਾਰਕ ਸਮਾਗਮਾਂ ਕਰਵਾਉਣ ਸਬੰਧੀ ਮਸੌਦਾ ਤਿਆਰ ਕਰਨ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੂਬੇ ਦੇ ਅਮੀਰ ਸੱਭਿਆਚਾਰ, ਕਲਾ ਅਤੇ ਵਿਰਾਸਤ ਨੂੰ ਦਰਸਾਉਣ ਦੇ ਮੱਦੇਨਜ਼ਰ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਸੂਬੇ ਨੂੰ ਵਿਸ਼ਵ ਪੱਧਰੀ ਸੈਰਗਾਹ ਵਜੋਂ ਉਭਾਰਿਆ ਜਾ ਸਕੇ।ਮੁੱਖ ਮੰਤਰੀ ਨੇ ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਆਪਣੇ ਦਫ਼ਤਰ ਵਿਖੇ ਸੈਰ ਸਪਾਟਾ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।ਇਸ ਦੌਰਾਨ ਵਿਚਾਰ-ਵਟਾਂਦਰੇ ਵਿੱਚ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਮੰਤਵ ਸੂਬੇ ਵਿੱਚ ਸੈਲਾਨੀਆਂ ਦੀ ਆਮਦ ਨੂੰ ਵਧਾਉਣਾ ਅਤੇ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸੱਭਿਆਚਾਰਕ ਸਮਾਗਮ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਦੇਣਗੇ ਅਤੇ ਪੰਜਾਬ ਨੂੰ ਵਿਸ਼ਵ ਸੈਰ-ਸਪਾਟਾ ਨਕਸ਼ੇ ‘ਤੇ ਪ੍ਰਮੁੱਖਤਾ ਨਾਲ ਉਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਵਿੱਚ ਸੈਲਾਨੀਆਂ ਦੀ ਆਵਾਜਾਈ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸੂਬੇ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਆਪਣੇ ਸਦੀਆਂ ਪੁਰਾਣੇ ਸ਼ਾਨਾਮੱਤੇ ਇਤਿਹਾਸ ਅਤੇ ਅਮੀਰ ਸੱਭਿਆਚਾਰਕ ਵਿਰਸੇ ਕਾਰਨ ਸੈਲਾਨੀਆਂ/ਯਾਤਰੂਆਂ ਨੂੰ ਆਕਰਸ਼ਿਤ ਕਰਨ ਦੇ ਸਮਰੱਥ ਹੈ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੀਆਂ ਰਾਜ ਸਰਕਾਰਾਂ ਦੀ ਅਣਗਹਿਲੀ ਕਾਰਨ ਸੈਰ-ਸਪਾਟਾ ਖੇਤਰ ਵਿੱਚ ਪੰਜਾਬ ਦੀਆਂ ਵਿਸ਼ਾਲ ਸੰਭਾਵਨਾਵਾਂ ਅਣਵਰਤੀਆਂ ਹੀ ਰਹਿ ਗਈਆਂ ਹਨ। ਭਗਵੰਤ ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸੱਭਿਆਚਾਰਕ ਮੇਲਿਆਂ ਨੂੰ ਨਿਯਮਤ ਤੌਰ ‘ਤੇ ਕਰਵਾਉਣ ਲਈ ਇੱਕ ਮੁਕੰਮਲ ਸਾਰਨੀ (ਟੇਬਲ) ਤਿਆਰ ਕੀਤੀ ਜਾਵੇ ਤਾਂ ਜੋ ਇਹ ਇਕ ਵਿਸ਼ਾਲ ਸਮਾਗਮ ਵਜੋਂ ਉਭਰ ਕੇ ਸਾਹਮਣੇ ਆ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸੂਬੇ ਭਰ ‘ਚ ਕਰਵਾਏ ਜਾਣ ਅਤੇ ਇਨ੍ਹਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਹ ਮਹੱਤਵਪੂਰਨ ਸਮਾਗਮ ਸੈਰ-ਸਪਾਟਾ ਸਰੋਤਾਂ ਦੀ ਜ਼ਿੰਮੇਵਾਰਾਨਾ ਸਾਂਭ-ਸੰਭਾਲ ਅਤੇ ਢੁਕਵੇਂ ਵਿਕਾਸ ਰਾਹੀਂ ਵੱਡੇ ਪੱਧਰ ’ਤੇ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੱਭਿਆਚਾਰਕ ਮੇਲਿਆਂ ਰਾਹੀਂ ਸੂਬੇ ਦੇ ਸੈਰ-ਸਪਾਟੇ ਖੇਤਰ ਵਿੱਚ ਮੌਜੂਦ ਅਣਵਰਤੀਆਂ ਸੰਭਾਵਨਾਵਾਂ ਨੂੰ ਸੁਚੱਜੇ ਢੰਗ ਨਾਲ ਵਰਤਣ ਵਿੱਚ ਹੁਲਾਰਾ ਮਿਲੇਗਾ। ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਨੂੰ ਇਨ੍ਹਾਂ ਸੱਭਿਆਚਾਰਕ ਮੇਲਿਆਂ ਦੇ ਪ੍ਰਬੰਧ ਲਈ ਮੁਕੰਮਲ ਖਾਕਾ ਤਿਆਰ ਕਰਨ ਲਈ ਆਖਿਆ ਤਾਂ ਜੋ ਸੈਰ-ਸਪਾਟਾ ਖੇਤਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ, ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਸੱਭਿਆਚਾਰਕ ਮੇਲਿਆਂ ਨੂੰ ਵੱਡੇ ਪੱਧਰ ‘ਤੇ ਕਰਵਾਉਣ ਲਈ ਬਾਰੀਕੀ ਨਾਲ ਸਾਰਨੀ ਤਿਆਰ ਕੀਤੀ ਜਾਵੇ ਤਾਂ ਜੋ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਇਆ ਜਾ ਸਕੇ।

ਸਰਾਬ ਠੇਕੇਦਾਰ ਹੁਣ ਬਿਨ੍ਹਾਂ ਐਕਸਾਈਜ਼ ਵਿਭਾਗ ਦੇ ਕਿਤੇ ਵੀ ਨਹੀਂ ਕਰ ਸਕਣਗੇ ਚੈਕਿੰਗ

0

ਮੰਤਰੀ ਦੇ ਹੁਕਮਾਂ ਤੋਂ ਬਾਅਦ ਆਬਕਾਰੀ ਵਿਭਾਗ ਨੇ ਗੁੰਡਾਗਰਦੀ ‘ਤੇ ਉਤਰਨ ਵਾਲੇ ਪ੍ਰਚੂਨ ਲਾਇਸੰਸਧਾਰਕਾਂ ’ਤੇ ਕੱਸਿਆ ਸ਼ਿਕੰਜਾ
ਹੁਣ ਤੱਕ ਦੀ ਕਾਰਵਾਈ ਦਾ ਜਾਇਜ਼ਾ ਲੈਣ ਲਈ ਆਬਕਾਰੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 06 ਜੂਨ: ਸੂਬੇ ’ਚ ਕੁੱਝ ਥਾਵਾਂ ‘ਤੇ ਸਰਾਬ ਦੇ ਠੇਕੇਦਾਰਾਂ ਵਲੋਂ ਨਜਾਇਜ਼ ਸਰਾਬ ਰੋਕਣ ਦੇ ਨਾਂ ’ਤੇ ਚਲਾਈ ਜਾ ਰਹੀ ਮੁਹਿੰਮ ਦੌਰਾਨ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਹੁਣ ਅਜਿਹਾ ਕਰਨ ਉਪਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਨਵੀਆਂ ਹਿਦਾਇਤਾਂ ਮੁਤਾਬਕ ਹੁਣ ਕੋਈ ਵੀ ਠੇਕੇਦਾਰ ਜਾਂ ਉਸਦੇ ਕਰਿੰਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਬਿਨ੍ਹਾਂ ਮੌਜੂਦਗੀ ਤੋਂ ਕਿਸੇ ਮੈਰਿਜ਼ ਪੈਲੇਸ, ਘਰ ਜਾਂ ਰਾਸਤੇ ਵਿਚ ਨਾਕੇਬੰਦੀ ਕਰਕੇ ਚੈਕਿੰਗ ਨਹੀਂ ਕਰਨਗੇ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਵਿਭਾਗ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗਾ। ਇਹ ਵੀ ਪਤਾ ਚੱਲਿਆ ਹੈ ਕਿ ਕਈ ਥਾਂ ਬਿਨ੍ਹਾਂ ਲਿਖਤੀ-ਪੜਤੀ ਹੁਕਮਾਂ ਦੇ ਥਾਣਿਆਂ ਅਤੇ ਵਿੰਗਾਂ ਦੇ ਪੁਲਿਸ ਮੁਲਾਜਮ ਵੀ ਠੇਕੇਦਾਰਾਂ ਦੇ ਨਾਲ ਚਲੇ ਜਾਂਦੇ ਹਨ, ਜਿੰਨ੍ਹਾਂ ਨੂੰ ਵੀ ਬਖਸਿਆਂ ਨਹੀਂ ਜਾਵੇਗਾ। ਇਸ ਸਬੰਧ ਵਿਚ ਪੰਜਾਬ ਵਿਚ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਮੱਦੇਨਜਰ ਸੂਬੇ ਦੇ ਵਿਤ ਮੰਤਰੀ, ਜਿੰਨ੍ਹਾਂ ਕੋਲ ਐਕਸਾਈਜ਼ ਵਿਭਾਗ ਵੀ ਹੈ, ਦੇ ਹੁਕਮਾਂ ’ਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵਲੋਂ ਅੱਜ ਆਬਕਾਰੀ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਵਾਹਨਾਂ ਅਤੇ ਮੈਰਿਜ ਪੈਲੇਸਾਂ ਦੀ ਚੈਕਿੰਗ ਦੇ ਨਾਂ ’ਤੇ ਗੁੰਡਾਗਰਦੀ ਕਰਨ ਵਾਲੇ ਆਬਕਾਰੀ ਪ੍ਰਚੂਨ ਲਾਇਸੰਸਧਾਰਕਾਂ ਦੁਆਲੇ ਸ਼ਿਕੰਜਾ ਕੱਸਣ ਲਈ ਮੀਟਿੰਗ ਕੀਤੀ। ਇਸ ਵੀਡੀਓ ਕਾਨਫਰੰਸ (ਵੀ.ਸੀ.) ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਕੁਝ ਆਬਕਾਰੀ ਸ਼ਰਾਬ ਠੇਕੇਦਾਰਾਂ ਦੁਆਰਾ ਚੈਕਿੰਗ ਦੇ ਇਸ ਗੈਰ-ਕਾਨੂੰਨੀ ਅਭਿਆਸ ਨੂੰ ਖਤਮ ਕਰਨ ਲਈ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। ਵਿੱਤ ਕਮਿਸ਼ਨਰ ਟੈਕਸੇਸ਼ਨ ਵਿਕਾਸ ਪ੍ਰਤਾਪ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਬਕਾਰੀ ਵਿਭਾਗ ਨੂੰ ਇਨ੍ਹਾਂ ਅਨਸਰਾਂ ’ਤੇ ਇਸ ਤਰ੍ਹਾਂ ਨਕੇਲ ਕੱਸਣ ਲਈ ਕਿਹਾ ਗਿਆ ਹੈ ਤਾਂ ਜੋ ਇਨ੍ਹਾਂ ਕੁਝ ਸ਼ਰਾਰਤੀ ਅਨਸਰਾਂ ਦੇ ਹੱਥੋਂ ਆਮ ਜਨਤਾ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਇਸ ਵੀਡੀਓ ਕਾਨਫ਼ਰੰਸ (ਵੀ.ਸੀ.) ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਕੁਝ ਆਬਕਾਰੀ ਪ੍ਰਚੂਨ ਲਾਇਸੰਸਧਾਰਕਾਂ ਵੱਲੋਂ ਚੈਕਿੰਗ ਦੀ ਇਸ ਗੈਰ-ਕਾਨੂੰਨੀ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਿੱਤ ਕਮਿਸ਼ਨਰ ਕਰ ਸ੍ਰੀ ਵਿਕਾਸ ਪ੍ਰਤਾਪ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ ਤਾਂ ਜੋ ਅਜਿਹੇ ਅਨਸਰਾਂ ਹੱਥੋਂ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਪੂਰੀ ਤਰ੍ਹਾ ਖਤਮ ਕੀਤਾ ਜਾ ਸਕੇ। ਇਸ ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਕੁਝ ਲਾਇਸੰਸਧਾਰਕਾਂ ਦੇ ਅਜਿਹੇ ਗੈਰ-ਕਾਨੂੰਨੀ, ਭੱਦੇ ਅਤੇ ਹਮਲਾਵਰ ਵਤੀਰੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਆਦੇਸ਼ ਦਿੱਤੇ ਕਿ ਕਿਸੇ ਵੀ ਹਾਲਤ ਵਿੱਚ ਆਬਕਾਰੀ ਲਾਇਸੰਸਧਾਰਕਾਂ ਨੂੰ ਆਬਕਾਰੀ ਅਮਲੇ ਦੀ ਗੈਰ-ਹਾਜ਼ਰੀ ਵਿੱਚ ਚੈਕਿੰਗ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਬੰਧਤ ਆਬਕਾਰੀ ਅਧਿਕਾਰੀਆਂ ਜਾਂ ਆਬਕਾਰੀ ਇੰਸਪੈਕਟਰਾਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਲੋੜ ਹੋਵੇ ਵਾਹਨਾਂ ਅਤੇ ਮੈਰਿਜ ਪੈਲੇਸਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਸ ਮੰਤਵ ਲਈ ਉਨ੍ਹਾਂ ਆਬਕਾਰੀ ਇੰਸਪੈਕਟਰਾਂ ਨੂੰ ਜ਼ਿਲ੍ਹਾ ਪੱਧਰੀ ਰੋਸਟਰ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਬਕਾਰੀ ਲਾਇਸੰਸਧਾਰਕਾਂ ਵੱਲੋਂ ਕਿਸੇ ਵੀ ਨਿੱਜੀ ਵਾਹਨ ’ਤੇ ਆਬਕਾਰੀ ਸਬੰਧੀ ਕੋਈ ਸਟਿੱਕਰ ਜਾਂ ਬੈਨਰ ਨਹੀਂ ਲਗਾਇਆ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਵਾਹਨ ਸੜਕ ’ਤੇ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਦਭਾਵਨਾ ਵਾਲਾ ਸਮਾਜਿਕ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਕਿਸੇ ਵੀ ਆਬਕਾਰੀ ਲਾਇਸੰਸਧਾਰਕ ਦੀਆਂ ਅਜਿਹੀਆਂ ਸਮਾਜਿਕ ਤੌਰ ’ਤੇ ਅਸਵੀਕਾਰਨਯੋਗ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਦਰਭ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਗਈ ਕੁਤਾਹੀ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ : ਮੀਤ ਹੇਅਰ

0

ਸਮੀਖਿਆ ਮੀਟਿੰਗ ਦੌਰਾਨ ਖੇਡ ਨੀਤੀ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਜੂਨ: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਨਵੀਂ ਖੇਡ ਨੀਤੀ ਸੂਬੇ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਤੇ ਖੇਡਾਂ ਨੂੰ ਹੋਰ ਹੁਲਾਰਾ ਦੇਣ ਵਿਚ ਅਹਿਮ ਭੂਮਿਕਾ ਅਦਾ ਕਰੇਗੀ। ਸਥਾਨਕ ਪੰਜਾਬ ਭਵਨ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ, ਮਾਹਰਾਂ ਅਤੇ ਵੱਖ-ਵੱਖ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਖੇਡ ਨੀਤੀ ਬਾਬਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਮੁੜ ਤੋਂ ਖੇਡਾਂ ਵਿਚ ਅੱਵਲ ਬਣਾਉਣ ਲਈ ਸਾਰਥਕ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸੁਝਾਅ ਅਤੇ ਮਾਹਰਾਂ ਨਾਲ ਕੀਤੇ ਵਿਚਾਰ-ਵਟਾਂਦਰੇ ਤੋਂ ਬਾਅਦ ਖੇਡ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਹੋਰ ਬੇਹਤਰ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮੈਡਲ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਨਵੀਂ ਖੇਡ ਨੀਤੀ ਵਿਚ ਸਪੱਸ਼ਟ ਵਿਵਸਥਾ ਕੀਤੀ ਜਾਵੇ। ਜਿਹੜੇ ਸੂਬੇ ਖਿਡਾਰੀਆਂ ਲਈ ਚੰਗੇ ਕਾਰਜ ਕਰ ਰਹੇ ਹਨ ਅਤੇ ਜਿੱਥੇ ਖਿਡਾਰੀਆਂ ਦੀ ਕਾਰਗੁਜ਼ਾਰੀ ਚੰਗੀ ਹੈ, ਉਨ੍ਹਾਂ ਸੂਬਿਆਂ ਦੀਆਂ ਨੀਤੀਆਂ ਬਾਰੇ ਵੀ ਮੀਟਿੰਗ ਵਿਚ ਵਿਚਾਰ-ਚਰਚਾ ਕੀਤੀ ਗਈ। ਮੀਤ ਹੇਅਰ ਨੇ ਕਿਹਾ ਕਿ ਸੂਬੇ ‘ਚ ਖੇਡ ਸੱਭਿਆਚਾਰ ਅਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਇਸ ਦੀ ਸ਼ੁਰੂਆਤ ਪਿੰਡ ਪੱਧਰ ਤੋਂ ਕਰਨੀ ਪਵੇਗੀ। ਉਨ੍ਹਾਂ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਖੇਡਾਂ ਵਤਨ ਪੰਜਾਬ ਦੀਆਂ ਇਸ ਮਕਸਦ ਵਿਚ ਕਾਮਯਾਬ ਰਹੀਆਂ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਖੇਡਾਂ ਨੂੰ ਹੋਰ ਵੱਡੇ ਮੁਕਾਮ ‘ਤੇ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਖਿਡਾਰੀਆਂ ਨੂੰ ਚੰਗੀ ਡਾਈਟ ਅਤੇ ਰਹਿਣ ਦੀਆਂ ਵਧੀਆ ਸੁਵਿਧਾਵਾਂ ਦੇਣ ਨਾਲ ਖਿਡਾਰੀਆਂ ਦਾ ਮਨੋਬਲ ਵਧੇਗਾ ਅਤੇ ਉਹ ਆਪਣੀ ਖੇਡ ਵੱਲ ਬੇਹਤਰ ਧਿਆਨ ਦੇ ਸਕਣਗੇ। ਉਨ੍ਹਾਂ ਨਵੇਂ ਸਪੋਰਟਸ ਹੋਸਟਲ ਬਣਾਉਣ ਦੀ ਸੰਭਾਵਨਾਂ ਤਲਾਸ਼ਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਮੀਟਿੰਗ ਦੌਰਾਨ ਖੇਡ ਮੰਤਰੀ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਪੈਰਾ ਖਿਡਾਰੀਆਂ ਵੱਲ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇਵੇਗੀ। ਇਸ ਦੌਰਾਨ ਪੈਰਾ ਸਪੋਰਟਸ ਨੂੰ ਹੋਰ ਹੁਲਾਰਾ ਦੇਣ ਲਈ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਨਵੀਂ ਖੇਡ ਨੀਤੀ ਦੇ ਹੋਰ ਵੀ ਬਹੁਤ ਸਾਰੇ ਪਹਿਲੂਆਂ ਅਤੇ ਵੱਖ-ਵੱਖ ਵਿਸ਼ਿਆਂ ਬਾਰੇ ਮਟਿੰਗ ਦੌਰਾਨ ਵਿਚਾਰ-ਚਰਚਾ ਕੀਤੀ ਗਈ ਤਾਂ ਜੋ ਖੇਡ ਨੀਤੀ ਜਿੱਥੇ ਨਵੇਂ ਖਿਡਾਰੀਆਂ ਨੂੰ ਉਤਸ਼ਾਹਿਤ ਕਰੇ ਉੱਥੇ ਹੀ ਜੇਤੂ ਖਿਡਾਰੀਆਂ ਤੇ ਰਿਟਾਇਰ ਖਿਡਾਰੀਆਂ ਨੂੰ ਬੇਹਤਰ ਭਵਿੱਖ ਪ੍ਰਦਾਨ ਕਰਨ ਵਾਲੀ ਹੋਵੇ। ਮੀਟਿੰਗ ਵਿਚ ਹਾਕੀ ਓਲੰਪੀਅਨ ਤੇ ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ, ਵਧੀਕ ਮੁੱਖ ਸਕੱਤਰ ਖੇਡਾਂ ਸਰਵਜੀਤ ਸਿੰਘ, ਡਾਇਰੈਕਟਰ ਖੇਡਾਂ ਹਰਪ੍ਰੀਤ ਸਿੰਘ ਸੂਦਨ, ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਜਗਬੀਰ ਸਿੰਘ ਚੀਮਾ, ਐਨ.ਆਈ.ਐਸ, ਸਕੂਲ ਤੇ ਹਾਇਰ ਐਜੂਕੇਸ਼ਨ ਦੇ ਨੁਮਾਇੰਦੇ, ਖੇਡ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਖੇਡ ਨੀਤੀ ਬਣਾਉਣ ਵਾਲੀ ਟੀਮ ਦੇ ਮਾਹਰ ਹਾਜ਼ਰ ਸਨ।

ਟਰਾਂਸਪੋਰਟ ਮੰਤਰੀ ਵੱਲੋਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਨਾਲ ਮੀਟਿੰਗ, ਟਾਈਮ-ਟੇਬਲ ਦੀਆਂ ਊਣਤਾਈਆਂ ਛੇਤੀ ਦੂਰ ਕਰਨ ਦਾ ਭਰੋਸਾ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਜੂਨ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਦੇ ਮਿੰਨੀ ਅਤੇ ਵੱਡੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਭਰੋਸਾ ਦਿਵਾਇਆ ਕਿ ਬੱਸਾਂ ਦੇ ਟਾਈਮ-ਟੇਬਲ ਦੀਆਂ ਊਣਤਾਈਆਂ ਨੂੰ ਛੇਤੀ ਦੂਰ ਕਰ ਦਿੱਤਾ ਜਾਵੇਗਾ। ਪੰਜਾਬ ਭਵਨ ਵਿਖੇ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ, ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਵਿਪੁਲ ਉਜਵਲ, ਡਾਇਰੈਕਟਰ ਪੰਜਾਬ ਰੋਡਵੇਜ਼ ਮੈਡਮ ਅਮਨਦੀਪ ਕੌਰ, ਸਟੇਟ ਟਰਾਂਸਪੋਰਟ ਕਮਿਸ਼ਨਰ ਸੰਦੀਪ ਹੰਸ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਸਕੱਤਰ ਸਿੰਘ ਬੱਲ, ਸਮੂਹ ਆਰ.ਟੀ.ਏਜ਼ ਸਕੱਤਰਾਂ ਅਤੇ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਦੇ ਸਮੂਹ ਜਨਰਲ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਤਰੁੱਟੀਆਂ ਰਹਿਤ ਟਾਈਮ-ਟੇਬਲ ਬਣਾ ਕੇ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਬੱਸਾਂ ਦਾ ਟਾਈਮ ਟੇਬਲ ਬਣਾਉਣ ਵਿੱਚ ਪੱਖਪਾਤ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਰੇ ਆਪ੍ਰੇਟਰਾਂ ਨੂੰ ਬੱਸ ਟਾਈਮ ਟੇਬਲ ਵਿੱਚ ਬਰਾਬਰ ਥਾਂ ਦੇਣ ਲਈ ਵਚਨਬੱਧ ਹੈ ਤਾਂ ਜੋ ਵੱਡੇ ਬੱਸ ਆਪ੍ਰੇਟਰਾਂ ਦੇ ਨਾਲ-ਨਾਲ ਇੱਕ-ਦੋ ਬੱਸਾਂ ਵਾਲੇ ਆਪ੍ਰੇਟਰਾਂ ਦੀ ਰੋਜ਼ੀ-ਰੋਟੀ ਦਾ ਸਾਧਨ ਬਣਿਆ ਰਹੇ। ਕੈਬਨਿਟ ਮੰਤਰੀ ਨੇ ਬੱਸ ਆਪ੍ਰੇਟਰਾਂ ਦੀਆਂ ਹੋਰ ਮੰਗਾਂ ਨੂੰ ਵੀ ਧਿਆਨ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਬੱਸ ਆਪ੍ਰੇਟਰਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਾਉਣ ਲਈ ਉਹ ਪੂਰਾ ਜ਼ੋਰ ਲਾਉਣਗੇ।

ਬੁਲੈਟ ਪਟਾਕੇ: ਹੁਣ ਮੋਟਰਸਾਈਕਲ ਚਾਲਕਾਂ ਦੇ ਨਾਲ-ਨਾਲ ਸਲੰਸਰ ‘ਮੋਡੀਫ਼ਾਈ’ ਕਰਨ ਵਾਲੇ ਮੈਕੇਨਿਕ ਵੀ ਫ਼ਸਣਗੇ

0

ਏਡੀਜੀਪੀ ਵਲੋਂ ਪੱਤਰ ਜਾਰੀ, ਆਈਪੀਸੀ ਦੀ ਧਾਰਾ 188 ਤਹਿਤ ਪਰਚੇ ਦੇਣ ਦੇ ਹੁਕਮ
ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਸੂਬੇ ’ਚ ਹੁਣ ਬੁਲੈਟ ਮੋਟਰਸਾਈਕਲਾਂ ਦੇ ਸਲੰਸਰਾਂ ਨਾਲ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ ਹੋਵੇਗਾ। ਪੰਜਾਬ ਪੁਲਿਸ ਨੇ ਜਿੱਥੇ ਅਜਿਹੇ ਮੋਟਰਸਾਈਕਲ ਚਾਲਕਾਂ ਦੇ ਨਾਲ ਸਖ਼ਤੀ ਨਾਲ ਨਿਪਟਣ ਦਾ ਫੈਸਲਾ ਕੀਤਾ ਹੈ, ਉਥੇ ਇੰਨ੍ਹਾਂ ਮੋਟਰਸਾਈਕਲਾਂ ਦੇ ਸਲੰਸਰਾਂ ਨੂੰ ਮੋਡੀਫ਼ਾਈ ਕਰਨ ਵਾਲੇ ਮੈਕੇਨਿਕਾਂ ਵਿਰੁਧ ਵੀ ਪਰਚੇ ਦੇਣ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਏਡੀਜੀਪੀ(ਟਰੈਫ਼ਿਕ) ਵਲੋਂ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਕਪਤਾਨਾਂ ਨੂੰ ਇੱਕ ਪੱਤਰ (ਨੰਬਰ 8347-74 ਮਿਤੀ 2-6-23) ਜਾਰੀ ਕਰਕੇ ਇੰਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਦਸਣਾ ਬਣਦਾ ਹੈ ਕਿ ਬੁਲੇਟ ਮੋਟਰਸਾਈਕਲ ਚਾਲਕਾਂ ਵਲੋਂ ਪਟਾਕੇ ਪਾਉਣ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਅਵਾਜ਼ ਪ੍ਰਦੂਸਣ ਤੇ ਹੋਰ ਸਮੱਸਿਆਂ ਦੇ ਚੱਲਦੇ ਇਹ ਮਾਮਲਾ ਅਦਾਲਤ ਵਿਚ ਵੀ ਗਿਆ ਸੀ, ਜਿੱਥੈ ਅਦਾਲਤ ਨੇ ਇਸ ਰਿਟ ਪਿਟੀਸ਼ਨ (6213 ਆਫ਼ 2016) ਉਪਰ 22-07-2019 ਨੂੰ ਫ਼ੈਸਲੇ ਸੁਣਾਉਂਦਿਆਂ ਪੰਜਾਬ ਪੁਲਿਸ ਨੂੰ ਅਜਿਹੇ ਚਾਲਕਾਂ ਵਿਰੁਧ ਕਾਰਵਾਈ ਦੇ ਹੁਕਮ ਦਿੱਤੇ ਸਨ। ਬੇਸ਼ੱਕ ਪੰਜਾਬ ਪੁਲਿਸ ਵਲੋਂ ਵਿਸੇਸ ਨਾਕੇਬੰਦੀ ਕਰਕੇ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਏਜੰਸੀ ਵਲੋਂ ਫ਼ਿਟਡ ਸਲੰਸਰਾਂ ਨੂੰ ਮੋਡੀਫ਼ਾਈ ਕਰਨ ਦਾ ਕੰਮ ਵੀ ਨਿਰੰਤਰ ਜਾਰੀ ਹੈ, ਜਿਸਦੇ ਚੱਲਦੇ ਹੁਣ ਪੁਲਿਸ ਨੇ ਅਜਿਹੇ ਮੈਕੇਨਿਕਾਂ ਨਾਲ ਵੀ ਸਖ਼ਤੀ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ। ਏਡੀਜੀਪੀ ਵਲੋਂ ਜਾਰੀ ਪੱਤਰ ਮੁਤਾਬਕ ਜਿੱਥੈ ਟਰੈਫ਼ਿਕ ਪੁਲਿਸ ਨੂੰ ਚੈਕਿੰਗ ਦੌਰਾਨ ਬੁਲੈਟ ਮੋਟਰਸਾਈਕਲਾਂ ਦੇ ਸਲੰਸਰਾਂ ਦੀ ਬਰੀਕੀ ਨਾਲ ਜਾਂਚ ਕਰਕੇ, ਮਾਡੀਫ਼ਾਈ ਸਲੰਸਰਾਂ ਵਾਲੇ ਚਾਲਕਾਂ ਵਿਰੁਧ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕਰਨ ਲਈ ਕਿਹਾ ਹੈ, ਊਥੇ ਸਮੂਹ ਥਾਣਾ ਤੇ ਚੌਕੀ ਮੁਖੀਆਂ ਨੂੰ ਵੀ ਅਪਣੇ ਇਲਾਕੇ ’ਚ ਪੈਂਦੇ ਬੁਲੈਟ ਮੋਟਰਸਾਈਕਲ ਮੈਕੇਨਿਕ ਉਪਰ ਸਖ਼ਤੀ ਨਾਲ ਨਿਗ੍ਹਾਂ ਰੱਖਣ ਲਈ ਕਿਹਾ ਹੈ, ਜਿਹੜੇ ਇਹ ਸਲੰਸਰ ਮਾਡੀਫ਼ਾਈ ਕਰਦੇ ਹਨ। ਜਿਸਦੇ ਚੱਲਦੇ ਜੇਕਰ ਕੋਈ ਮੋਟਰਸਾਈਕਲ ਮੈਕੇਨਿਕ ਕਿਸੇ ਬੁਲੈਟ ਮੋਟਰਸਾਈਕਲ ਦਾ ਸਲੰਸਰ ਮਾਡੀਫ਼ਾਈ ਕਰਦਿਆਂ ਫ਼ੜਿਆਂ ਗਿਆ ਤਾਂ ਉਸਦੇ ਵਿਰੁਧ ਭਾਰਤੀ ਦੰਡਾਵਾਲੀ ਦੀ ਧਾਰਾ 188 ਤਹਿਤ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਦਸਣਾ ਬਣਦਾ ਹੈ ਕਿ ਨੌਜਵਾਨਾਂ ਵਿਚ ਦੂਜੇ ਮਹਿੰਗੇ ਮੋਟਰਸਾਈਕਲਾਂ ਦੀ ਬਜਾਏ ਬੁਲੈਟ ਮੋਟਰਸਾਈਕਲ ਦਾ ਕਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਕਾਫ਼ੀ ਸਾਰੇ ਨੌਜਵਾਨ ਇੰਨ੍ਹਾਂ ਦੇ ਸਲੰਸਰਾਂ ਨੂੰ ਮਾਡੀਫ਼ਾਈ ਕਰਵਾਕੇ ਇਸਦੀ ਅਵਾਜ਼ ਵਧਾ ਲੈਂਦੇ ਹਨ ਤੇ ਨਾਲ ਪਟਾਕੇ ਵੀ ਪਾਉਂਦੇ ਹਨ, ਜਿਸ ਕਾਰਨ ਕੋਲੋਂ ਗੁਜਰਨ ਵਾਲੇ ਅਕਸਰ ਹੀ ਡਰ ਜਾਂਦੇ ਹਨ।

ਘਰ-ਘਰ ਚੋਂ ਕੂੜਾ ਚੁੱਕਣ ਦੀ ਮੁਹਿੰਮ: ਬਠਿੰਡਾ ’ਚ ਰਿਹਾਇਸ਼ੀ ਇਲਾਕਿਆਂ ਦੇ ਚਾਰਜ਼ ਵਧੇ, ਵਪਰਾਕ ਥਾਵਾਂ ਦੇ ਘਟੇ

0

ਹਰ ਮਹੀਨੇ 70 ਲੱਖ ਰੁਪਏ ਇਕੱਤਰ ਹੋਣ ਦੀ ਸੰਭਾਵਨਾ, ਪੈਸੇ ਦੇਣ ’ਚ ਦੇਰੀ ਕਰਨ ਵਾਲਿਆਂ ਨੂੰ ਲੱਗੇਗਾ ਜੁਰਮਾਨਾ
ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਨਗਰ ਨਿਗਮ ਨੇ ਹੁਣ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ’ਚੋਂ ਕੂੜਾ ਚੁੱਕਣ ਦੀਆਂ ਦ੍ਹਰਾਂ ਵਿਚ ਵਾਧਾ ਕਰ ਦਿੱਤਾ ਹੈ, ਜਿਹੜਾ ਲੰਘੀ 1 ਅਪ੍ਰੈਲ ਤੋਂ ਦੇਣਾ ਪਏਗਾ। ਇਸ ਸਬੰਧ ਵਿੱਚ ਜਾਰੀ ਨੋਟੀਫਿਕੇਸ਼ਨ ਤਹਿਤ ਲਾਗੂ ਕੀਤੀਆਂ ਨਵੀਆਂ ਦਰ੍ਹਾਂ ਵਿਚ ਵਪਾਰਕ ਸੰਸਥਾਵਾਂ ’ਤੇ ਲੱਗੇ ਚਾਰਜ਼ਾਂ ਨੂੰ ਘਟਾ ਦਿੱਤਾ ਹੈ। ਇਸਤੋਂ ਇਲਾਵਾ ਸ਼ਹਿਰ ਦੀਆਂ ਸਲੱਮ ਬਸਤੀਆਂ ਵਿਚ ਇਹ ਦਰ੍ਹਾਂ ਪਹਿਲਾਂ ਵਾਲੀਆਂ ਹੀ ਰਹਿਣ ਦਿੱਤੀਆਂ ਹਨ। ਨਗਰ ਨਿਗਮ ਦੇ ਸਰਵੇਂ ਮੁਤਾਬਕ ਬਠਿੰਡਾ ਸ਼ਹਿਰ ਵਿਚ 180 ਗਜ਼ ਤੋਂ ਘੱਟ ਜਗ੍ਹਾਂ ਵਿਚ 31 ਹਜ਼ਾਰ ਦੇ ਕਰੀਬ ਮਕਾਨ ਹਨ ਜਦੋਂਕਿ 180 ਗਜ਼ ਤੋਂ ਉਪਰ ਵਾਲਿਆਂ ਦੀ ਗਿਣਤੀ ਸਾਢੇ 21 ਹਜ਼ਾਰ ਦੇ ਕਰੀਬ ਹੈ। ਇਸਤੋਂ ਇਲਾਵਾ ਸ਼ਹਿਰ ਅੰਦਰ ਛੋਟੀਆਂ-ਵੱਡੀਆਂ ਦੁਕਾਨਾਂ ਦੀ ਗਿਣਤੀ ਦਸ ਹਜ਼ਾਰ ਦੇ ਕਰੀਬ ਹੈ। ਨਗਰ ਨਿਗਮ ਵਲੋੋਂ ਘਰ-ਘਰ ਤੋਂ ਕੂੜਾ ਚੁੱਕਣ ਬਦਲੇ ਲਗਾਏ ਚਾਰਜ਼ਾਂ ਦੀ ਕੁਲੈਕਸ਼ਨ ਸੋਫ਼ਟੈਲ ਸਲਿਊਸ਼ਨ ਨਾਂ ਦੀ ਪ੍ਰਾਈਵੇਟ ਕੰਪਨੀ ਵਲੋਂ ਕੀਤੀ ਜਾ ਰਹੀ ਹੈ। ਇੰਨ੍ਹਾਂ ਨਵੀਂਆਂ ਦਰ੍ਹਾਂ ਨਾਲ ਪ੍ਰਤੀ ਮਹੀਨਾ 70 ਲੱਖ ਰੁਪਏ ਦੇ ਕਰੀਬ ਇਕੱਤਰ ਹੋਣ ਦੀ ਉਮੀਦ ਹੈ। ਵੱਡੀ ਗੱਲ ਇਹ ਹੈ ਕਿ ਬੀਤੇ ਦਿਨੀਂ ਨਵੀਂ ਦਰਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਜੇਕਰ ਕੋਈ ਵਿਅਕਤੀ 3 ਮਹੀਨਿਆਂ ਤੱਕ ਕੂੜਾ ਚੁੱਕਣ ਦੇ ਪੈਸੇ ਨਹੀਂ ਦੇਵੇਗਾ ਤਾਂ ਉਸਨੂੰ ਜੁਰਮਾਨਾ ਲੱਗੇਗਾ। ਇਸੇ ਤਰ੍ਹਾਂ ਜਿੰਨ੍ਹਾਂ ਦੇ 31 ਮਾਰਚ ਤੱਕ ਵੀ ਬਕਾਇਆ ਖੜ੍ਹੇ ਹਨ, ਉਨ੍ਹਾਂ ਤੋਂ ਵੀ ਬਕਾਇਆ ਰਾਸ਼ੀ ਜੁਰਮਾਨੇ ਨਾਲ ਵਸੂਲੀ ਜਾਵੇਗੀ। ਹਾਲਾਂਕਿ ਜੇਕਰ ਕੋਈ ਵਿਅਕਤੀ ਸਾਲ ਦੇ ਇਕੱਠੇ ਪੈਸੇ ਭਰਦਾ ਹੈ ਤਾਂ ਉਸਨੂੰ ਦਸ ਫ਼ੀਸਦੀ ਰਿਆਇਤ ਵੀ ਦਿੱਤੀ ਜਾਵੇਗੀ। ਇਸ ਸਬੰਧੀ ਨਿਗਮ ਕਮਿਸ਼ਨਰ ਰਾਹੁਲ ਨੇ ਦਾਅਵਾ ਕੀਤਾ ਕਿ ‘‘ਜੇਕਰ ਕੋਈ ਵਿਅਕਤੀ ਨਿਗਮ ਵੱਲੋਂ ਨਿਰਧਾਰਿਤ ਕੀਤੇ ਯੂਜ਼ਰ ਚਾਰਜਿਸ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਰੇਟ 1 ਅਪ੍ਰੈਲ 2023 ਤੋਂ ਰਿਵਾਇਜ ਕੀਤੇ ਗਏ ਹਨ ਅਤੇ 31 ਮਾਰਚ 2023 ਤੱਕ ਦੇ ਬਕਾਇਆ ਯੂਜਰ ਚਾਰਜਿਜ 5 ਫੀਸਦੀ ਜ਼ੁਰਮਾਨੇ ਨਾਲ ਵਸੂਲ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਨਵੀਂ ਦਰ੍ਹਾਂ ਤਹਿਤ ਹੁਣ 180 ਗਜ਼ ਤੋਂ ਘੱਟ ਮਕਾਨ ਮਾਲਕਾਂ ਨੂੰ 30 ਰੁਪਏ ਮਹੀਨੇ ਦੀ ਬਜਾਏ 50 ਰੁਪਏ ਦੇਣੇ ਹੋਣਗੇ। ਜਦੋਂਕਿ 181 ਗਜ਼ ਦੀਆਂ ਦਰ੍ਹਾਂ 50 ਰੁਪਏ ਮਹੀਨਾ ਤੋਂ ਵਧਾ ਕੇ 80 ਰੁਪਏ ਮਹੀਨਾ ਕਰ ਦਿੱਤੀਆਂ ਹਨ। ਦੂਜੇ ਪਾਸੇ ਵਪਾਰਕ ਥਾਵਾਂ, ਜਿੰਨ੍ਹਾਂ ਵਿਚ 200 ਸੂਕੇਅਰ ਫੁੱਟ ਤੋਂ ਘੱਟ ਦੁਕਾਨਾਂ ਨੂੰ ਪਹਿਲਾਂ ਲੱਗਦੇ 100 ਰੁਪਏ ਦੀ ਬਜਾਏ 50 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ 200 ਤੋਂ 500 ਸੁਕੇਅਰ ਗਜ਼ ਦੁਕਾਨਾਂ ਲਈ ਕ੍ਰਮਵਾਰ 150 ਤੇ 200 ਤੋਂ ਘਟਾ ਕੇ 100 ਰੁਪਏ, 1000 ਸੁਕੇਅਰ ਗਜ਼ ’ਚ 250 ਤੋਂ 150 ਅਤੇ ਇੱਕ ਹਜ਼ਾਰ ਗਜ਼ ਤੋਂ ਉਪਰ ਦੀਆਂ ਦੁਕਾਨਾਂ ਲਈ ਪ੍ਰਤੀ ਮਹੀਨਾ ਲੱਗਦੇ 500 ਤੋਂ ਘਟਾ ਕੇ 300 ਰੁਪਏ ਕਰ ਦਿੱਤੇ ਹਨ। ਇਸਤੋਂ ਇਲਾਵਾ ਸ਼ਹਿਰ ’ਚ ਚੱਲ ਰਹੇ ਪੈਟਰੋਲ ਪੰਪ ਮਾਲਕਾਂ ਨੂੰ ਹੁਣ ਪ੍ਰਤੀ ਮਹੀਨਾ 500 ਰੁਪਏ ਦੀ ਥਾਂ ਸਿਰਫ਼ 300 ਦੇਣੇ ਪੈਣੇ ਹਨ। ਇਸੇ ਤਰ੍ਹਾਂ ਪ੍ਰਾਈਵੇਟ ਕਾਲਜ਼ਾਂ ਨੂੰ ਛੱਡ ਬਾਕੀ ਸਿੱਖਿਆਂ ਸੰਸਥਾਵਾਂ ਦੇ ਚਾਰਜ਼ ਵੀ ਇੱਕ ਹਜ਼ਾਰ ਤੋਂ ਘਟਾ ਕੇ 500 ਰੁਪਏ ਕਰ ਦਿੱਤੇ ਹਨ। ਇੱਥੇ ਦਸਣਾ ਬਣਦਾ ਹੈ ਕਿ ਨਗਰ ਨਿਗਮ ਵਲੋਂ ਉਕਤ ਪ੍ਰਾਈਵੇਟ ਕੰਪਨੀ ਰਾਹੀਂ ਸਾਲ 2018 ਤੋਂ ਬਠਿੰਡਾ ਸ਼ਹਿਰ ਵਿਚ ਘਰ-ਘਰ ਤੋਂ ਕੂੜਾ ਚੁੱਕਣ ਦੀ ਮੁਹਿੰਮ ਚਲਾਈ ਹੋਈ ਹੈ। ਪ੍ਰੰਤੂ ਇਸਦੇ ਬਦਲੇ ਉਮੀਦ ਮੁੂਤਾਬਕ ਯੂਜਰ ਚਾਰਜ਼ ਇਕੱਠੇ ਨਾ ਹੋਣ ਦੇ ਚੱਲਦੇ ਪਿਛਲੇ ਸਾਲਾਂ ਦੌਰਾਨ ਨਗਰ ਨਿਗਮ ਨੇ ਇੱਕ ਮਤਾ ਪਾਸ ਕਰਕੇ ਪੈਸੇ ਇਕੱਠੇ ਕਰਨ ਦਾ ਕੰਮ ਉਕਤ ਕੰਪਨੀ ਨੂੰ ਦੇ ਦਿੱਤਾ ਸੀ ਪ੍ਰੰਤੂ ਕੰਪਨੀ ਦੇ ਮੁਲਾਜਮਾਂ ਨੂੰ ਵੀ ਚੰਗਾ ਹੂੰਗਾਰਾ ਨਹੀਂ ਮਿਲ ਰਿਹਾ, ਜਿਸਦੇ ਚੱਲਦੇ ਨਿਗਮ ਨੇ ਹੁਣ ਜੁਰਮਾਨਾ ਵਾਲੀ ਨੀਤੀ ਲਾਗੂ ਕੀਤੀ ਹੈ।

ਬਾਬਾ ਫ਼ਰੀਦ ਕਾਲਜ,ਬਠਿੰਡਾ ਅਤੇ ਮੈਨਟੈੱਕ ਟੈਕਨਾਲੋਜੀਚੈੱਕ ਰਿਪਬਲਿਕ ਵਿਚਕਾਰ ਹੋਇਆ ਐਮ.ਓ.ਯੂ.

0

ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਬਾਬਾ ਫ਼ਰੀਦ ਕਾਲਜ ਅਤੇ ਚੈੱਕ ਰਿਪਬਲਿਕ ਦੀ ਕੰਪਨੀ ਮੈਨਟੈੱਕ ਏ.ਐੱਸ. ਟੈਕਨਾਲੋਜੀਜ਼ ਨੇ ਖੇਤੀਬਾੜੀ ਵਿੱਚ ਨਵੀਨਤਾਕਾਰੀ ਟੈਕਨਾਲੋਜੀ ਦੇ ਸਬੰਧ ਵਿੱਚ ਅਕਾਦਮਿਕ ਅਤੇ ਖੋਜ ਸਹਿਯੋਗ ਲਈ ਐਮ.ਓ.ਯੂ. ਸਾਈਨ ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਖੇਤੀਬਾੜੀ ਟੈਕਨਾਲੋਜੀ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਖੋਜ ਅਨੁਭਵਾਂ ਨੂੰ ਵਧਾਉਣਾ ਅਤੇ ਬਹੁਤ ਸਾਰੇ ਲਾਭ ਪ੍ਰਦਾਨ ਕਰਨਾ ਹੈ। ਇਸ ਸਮਝੌਤਾ ਪੱਤਰ (ਐਮ.ਓ.ਯੂ.) ’ਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਮੈਨਟੈੱਕ ਟੈਕਨਾਲੋਜੀ ਚੈੱਕ ਰਿਪਬਲਿਕ ਦੀ ਤਰਫ਼ੋਂ ਓਂਡਰੇਜ ਬਲਾਹਾ ਨੇ ਦਸਤਖ਼ਤ ਕੀਤੇ। ਬਾਬਾ ਫ਼ਰੀਦ ਕਾਲਜ ਦੇ ਡੀਨ (ਸਾਇੰਸਜ਼) ਡਾ. ਜਾਵੇਦ ਅਹਿਮਦ ਖ਼ਾਨ ਅਤੇ ਇਨਸਟਾਰ ਟੈਕਨਾਲੋਜੀਜ਼ ਦੇ ਪ੍ਰੋਡਕਸ਼ਨ ਮੈਨੇਜਰ ਸ੍ਰੀ ਗਿਆਨ ਸਾਗਰ ਦੇੇ ਸਹਿਯੋਗ ਸਦਕਾ ਦੋਹਾਂ ਸੰਸਥਾਵਾਂ ਵਿਚਕਾਰ ਸਫਲ ਸਮਝੌਤੇ ਨੂੰ ਯਕੀਨੀ ਬਣਾਇਆ ਗਿਆ। ਐਮ.ਓ.ਯੂ. ਦਾ ਮੁੱਖ ਉਦੇਸ਼ ਕਾਲਜ ਦੇ ਵਿਦਿਆਰਥੀਆਂ ਜਾਂ ਸਟਾਫ਼ ਨੂੰ ਹਰੇਕ ਸਮੈਸਟਰ ਵਿੱਚ ਦੋ ਕ੍ਰੈਡਿਟ ਸਰਟੀਫਿਕੇਟ ਕੋਰਸ ਪ੍ਰਦਾਨ ਕਰਨਾ ਹੈ। ਇਹ ਕੋਰਸ ਆਨਲਾਈਨ ਮੁਫ਼ਤ ਕਰਵਾਏ ਜਾਣਗੇ। ਇਸ ਐਮ.ਓ.ਯੂ. ਦੇ ਤਹਿਤ ਵਿਦਿਆਰਥੀਆਂ ਨੂੰ ਮੈਨਟੈੱਕ ਦੀਆਂ ਤਕਨਾਲੋਜੀਆਂ ਅਤੇ ਉਤਪਾਦਾਂ ਦੀ ਵਰਤੋਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਕਾਲਜ ਦੇ ਵਿਦਿਆਰਥੀ ਫੈਕਲਟੀ ਮੈਂਬਰਾਂ ਦੇ ਨਾਲ ਖੋਜ ਪ੍ਰਸਤਾਵਾਂ ਨੂੰ ਤਿਆਰ ਕਰਨ ਅਤੇ ਜਮਾਂ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਦੇ ਹਨ। ਗਰੁੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਸ਼ਾਨਦਾਰ ਨੈੱਟਵਰਕਿੰਗ ਮੌਕੇ ਲਈ ਬਾਬਾ ਫ਼ਰੀਦ ਕਾਲਜ ਦੀ ਟੀਮ ਨੂੰ ਵਧਾਈ ਦਿੱਤੀ।

ਕਾਲਜ਼ ਵਿਦਿਆਰਥਣ ਅਤੇ ਪੀਜੀ ਮੈਨੇਜਰ 48 ਗ੍ਰਾਮ ਹੈਰੋਇਨ ਸਹਿਤ ਗ੍ਰਿਫਤਾਰ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਜੂਨ: ਪਿਛਲੇ ਕੁੱਝ ਸਮੇਂ ਤੋਂ ਸੂਬੇ ’ਚ ਨਸ਼ਿਆਂ ਦੇ ਵਧਦੇ ਕਾਰੋਬਾਰ ’ਚ ਔਰਤਾਂ ਤੋਂ ਬਾਅਦ ਹੁਣ ਨੌਜਵਾਨ ਲੜਕੀਆਂ ਵੀ ਸ਼ਾਮਲ ਹੋਣ ਲੱਗੀਆਂ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿਚ ਅੱਜ ਬਠਿਡਾ ਪੁਲਿਸ ਦੇ ਸੀਆਈਏ ਸਟਾਫ਼ ਨੇ ਤਲਵੰਡੀ ਸਾਬੋ ਸਥਿਤ ਵੱਡੇ ਸਿੱਖਿਅਕ ਅਦਾਰੇ ਵਿਚ ਐਮ.ਏ ਦੀ ਪੜਾਈ ਕਰਦੀ ਇੱਕ ਲੜਕੀ ਨੂੰ ਇੱਕ ਪ੍ਰਾਈਵੇਟ ਹੋਸਟਲ ਮੈਨੇਜ਼ਰ ਸਹਿਤ ਕਾਬੂ ਕੀਤਾ ਹੈ। ਇੰਨ੍ਹਾਂ ਕੋਲਂੋ ਪੁਲਿਸ ਨੇ 48 ਗ੍ਰਾਂਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪਤਾ ਲੱਗਿਆ ਹੈ ਕਿ ਲੜਕੀ ਗੁਰੂਸਰ ਰੋਡ ’ਤੇ ਬਣੇ ਇੱਕ ਪੀਜੀ ਵਿਚ ਰਹਿੰਦੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਮੁਤਾਬਕ ਪੈਸਿਆਂ ਦੇ ਲਈ ਹੀ ਇਹ ਲੜਕੀ ਪੀਜੀ ਦੇ ਮੈਨੇਜਰ ਨਾਲ ਮਿਲਕੇ ਇਹ ਧੰਦਾ ਕਰ ਰਹੀ ਸੀ। ਗ੍ਰਿਫਤਾਰ ਕੀਤੇ ਪੀਜੀ ਮੈਨੇਜਰ ਦੀ ਪਹਿਚਾਣ ਸਿਕੰਦਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਅਤੇ ਲੜਕੀ ਦੀ ਪਹਿਚਾਣ ਕੁਲਦੀਪ ਕੌਰ ਜ਼ਿਲ੍ਹਾ ਬਰਨਾਲਾ ਦੇ ਤੌਰ ’ਤੇ ਹੋਈ ਹੈ। ਮੁਢਲੀ ਪੁਛਗਿਛ ਦੌਰਾਨ ਇੰਨ੍ਹਾਂ ਖੁਲਾਸਾ ਕੀਤਾ ਹੈ ਕਿ ਪਿੰਡ ਭਾਗੀਵਾਂਦਰ ਦਾ ਇੱਕ ਵਿਅਕਤੀ ਚਿੱਟੇ ਦੀ ਸਪਲਾਈ ਦੇ ਜਾਂਦਾ ਸੀ। ਉਧਰ ਪੁਲਿਸ ਵਲੋਂ ਰਿਮਾਂਡ ਹਾਸਲ ਕਰਨ ਲਈ ਇੰਨ੍ਹਾਂ ਦੋਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਦੋਨਾਂ ਨੂੰ ਪੁਲਿਸ ਹਿਰਾਸਤ ਵਿਚ ਭੇਜਣ ਦੀ ਥਾਂ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਕਿਉਂਕਿ ਕਥਿਤ ਦੋਸ਼ੀਆਂ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਲਾਂ ਨੂੰ ਆਪਸੀ ਵਪਾਰੀ ਖ਼ਹਿਬਾਜੀ ਕਾਰਨ ਝੂਠਾ ਫ਼ਸਾਇਆ ਗਿਆ ਹੈ। ਇੰਨ੍ਹਾਂ ਵਿਰੁਧ ਥਾਣਾ ਤਲਵੰਡੀ ਸਾਬੋ ਵਿਚ ਮੁਕੱਦਮਾ ਨੰਬਰ 102 ਅ/ਧ 21ਬੀ/61/85 ਐਨਡੀਪੀਐਸ ਐਕਟ ਦਰਜ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਵੀ ਪੁਲਿਸ ਵਲੋਂ 5 ਗ੍ਰਾਂਮ ਹੈਰੋਇਨ ਸਹਿਤ ਬਲਵਿੰਦਰ ਕੌਰ ਪਤਨੀ ਮੇਜਰ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦੇ ਵਿਰੁਧ ਥਾਣਾ ਨਥਾਣਾ ਵਿਚ ਮੁਕੱਦਮਾ ਦਰਜ਼ ਕੀਤਾ ਗਿਆ ਹੈ।

ਕੇਂਦਰੀ ਯੂਨੀਵਰਸਿਟੀ ਇੰਡੀਆ ਰੈਂਕਿੰਗਜ਼ 2023 ਦੀਆਂ 100 ਚੋਟੀ ਦੀਆਂ ਯੂਨੀਵਰਸਿਟੀਆਂ ’ਚ ਹੋਈ ਸਮਾਰ

0

ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਨੇ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਸੋਮਵਾਰ ਨੂੰ ਜਾਰੀ ਕੀਤੀ ਗਈ ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਇੰਡੀਆ ਰੈਂਕਿੰਗਜ਼ 2023’ ਦੀ ’ਯੂਨੀਵਰਸਿਟੀ ਸ਼੍ਰੇਣੀ’ ਵਿੱਚ 100ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸਦੇ ਨਾਲ ਹੀ, ਇਸ ਸਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2023 ਦੀ “ਫਾਰਮੇਸੀ ਸ਼੍ਰੇਣੀ”ਵਿੱਚ 19ਵਾਂ ਸਥਾਨ ਹਾਸਲ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕਰਦੇ ਹੋਏ ਆਪਣੇ ਦਰਜੇ ਵਿੱਚ ਸੁਧਾਰ ਕੀਤਾ ਹੈ। ਫਾਰਮੇਸੀ ਸ਼੍ਰੇਣੀ ਵਿੱਚ ਸੀਯੂਪੀਬੀ ਨੂੰ ਪਿਛਲੇ ਸਾਲ 26ਵੀਂ ਰੈਂਕ ਪ੍ਰਾਪਤ ਹੋਈ ਸੀ।2022 ਵਿੱਚ ਹਾਸਲ ਕੀਤੇ 42.64 ਅੰਕਾਂ ਦੇ ਮੁਕਾਬਲੇ ਐਨ.ਆਈ.ਆਰ.ਐਫ. 2023 ਵਿੱਚ 42.93 ਅੰਕ ਪ੍ਰਾਪਤ ਕਰਕੇ ਆਪਣੇ ਸਕੋਰ ਵਿੱਚ ਵਾਧਾ ਦਰਜ ਕੀਤਾ ਹੈ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਸਾਰੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਇਸ ਪ੍ਰਾਪਤੀ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ।

ਘੱਲੂਘਾਰਾ ਦਿਵਸ ਅਤੇ ਬੰਬ ਧਮਾਕੇ ਤੋਂ ਧਮਕੀ ਦੇ ਚੱਲਦਿਆਂ ਬਠਿੰਡਾ ਪੁਲਿਸ ਅਲਰਟ

0

ਲਗਾਤਾਰ ਫਲੈਗ ਮਾਰਚ ਤੇ ਸਰਚ ਮੁਹਿੰਮ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਸ਼੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਫ਼ਲਸਰੂਪ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਅਤੇ ਪਿਛਲੇ ਦਿਨੀਂ 7 ਜੂਨ ਨੂੰ ਸ਼ਹਿਰ ਦੀਆਂ 10 ਥਾਵਾਂ ’ਤੇ ਲੜੀਵਾਰ ਬੰਬ ਧਮਾਕੇ ਕਰਨ ਦੀ ਮਿਲੀ ਧਮਕੀ ਦੇ ਚੱਲਦਿਆਂ ਪੁਲਿਸ ਵਲੋਂ ਲਗਾਤਾਰ ਸਰਚ ਮੁਹਿੰਮ ਤੇ ਨਾਕੇਬੰਦੀ ਕੀਤੀ ਹੋਈ ਹੈ। ਬੀਤੇ ਕੱਲ ਵੀ ਜਿੱਥੇ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਸੇਸ ਤੌਰ ’ਤੇ ਚੈਕਿੰਗ ਦੇਖਣ ਲਈ ਬਠਿੰਡਾ ਪੁੱਜੇ ਹੋਏ ਸਨ, ਉਥੇ ਅੱਜ ਲਗਾਤਾਰ ਚੌਥੇ ਦਿਨ ਸਿਟੀ ਪੁਲਿਸ ਵਲੋਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ’ਚ ਥਾਂ-ਥਾਂ ਨਾਕੇਬੰਦੀ ਕਰਕੇ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਸ਼ੱਕੀ ਵਹੀਕਲਾਂ ਦੀ ਚੈਕਿੰਗ ਅਤੇ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ। ਇਸਤੋਂ ਇਲਾਵਾ ਸ਼ੱਕੀ ਵਿਅਕਤੀਆਂ ਉਪਰ ਵੀ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਰ੍ਹਾਂ ਸ਼ਹਿਰ ਦੇ ਜਨਤਕ ਸਥਾਨਾਂ, ਜਿੰ੍ਹਨਾਂ ਵਿਚ ਰੇਲਵੇ ਸਟੇਸ਼ਨ, ਬੱਸ ਅੱਡਿਆਂ ਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ ਦੀਆਂ ਮਹੱਤਵਪੂਰਨ ਤੇ ਸੰਵੇਦਨਸ਼ੀਲ ਥਾਵਾਂ ਉਪਰ ਵਿਸੇਸ ਨਿਗ੍ਹਾਂ ਰੱਖੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕਿਸੇ ਅਗਿਆਤ ਵਿਅਕਤੀ ਨੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੇ ਕੁੱਝ ਮਹੱਤਵਪੂਰਨ ਵਿਅਕਤੀਆਂ ਨੂੰ ਪੱਤਰ ਭੇਜ ਕੇ 7 ਜੂਨ ਨੂੰ ਦਸ ਥਾਵਾਂ ‘ਤੇ ਬੰਬ ਧਮਾਕੇ ਕਰਨ ਦੀ ਚੇਤਾਵਨੀ ਦਿੱਤੀ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਪਰਚਾ ਵੀ ਦਰਜ਼ ਕੀਤਾ ਜਾ ਚੁੱਕਾ ਹੈ।