ਸ਼ਹਿਰ ’ਚ ਥਾਂ-ਥਾਂ ਨਾਕੇਬੰਦੀ ਤੇ ਚੈਕਿੰਗ ਕਰਨ ਤੋਂ ਇਲਾਵਾ ਧਮਕੀ ਵਾਲੀਆਂ ਥਾਵਾਂ ’ਤੇ ਰਹੇ ਸਖ਼ਤ ਪ੍ਰਬੰਧ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਪਿਛਲੇ ਦਿਨੀਂ ਕੁੱਝ ਅਗਿਆਤ ਵਿਅਕਤੀਆਂ ਵਲੋਂ ਇੱਕ ਪੱਤਰ ਲਿਖਕੇ ਬਠਿੰਡਾ ਸ਼ਹਿਰ ਤੇ ਇਸਦੇ ਆਸਪਾਸ ਇਲਾਕਿਆਂ ਵਿਚ 7 ਜੂਨ ਨੂੰ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪੁਲਿਸ ਸਾਰਾ ਦਿਨ ਇੱਕ ਲੱਤ ’ਤੇ ਖੜ੍ਹੀ ਦਿਖਾਈ ਦਿੱਤੀ। ਖੁਦ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਸਾਰਾ ਦਿਨ ਗਤੀਸ਼ੀਲ ਰਹੇ ਤੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਧਮਾਕਿਆਂ ਲਈ ਦੱਸੀਆਂ ਥਾਵਾਂ ‘ਤੇ ਪੁਲਿਸ ਵਲੋਂ ਸੁਰੱਖਿਆ ਦੇ ਵਿਸੇਸ ਪ੍ਰਬੰਧ ਕੀਤੇ ਗਏ। ਇੱਥੋ ਤੱਕ ਕਿ ਇਤਿਹਾਸਕ ਕਿਲਾ ਮੁਬਾਰਕ ਵਿਖੇ ਵਿਸੇਸ ਤੌਰ ’ਤੇ ਮੈਟਲ ਡਿਕਟੇਟਰ ਲਗਾਇਆ ਗਿਆ, ਜਿੱਥੇ ਤਲਾਸੀ ਤੋਂ ਬਾਅਦ ਹਰ ਰੋਜ਼ ਆਉਣ ਵਾਲੇ ਸੈਕੜੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੈਕਿੰਗ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਗਿਆ। ਇਸੇ ਤਰ੍ਹਾਂ ਸ਼ਹਿਰ ਦੀਆਂ ਜਨਤਕ ਥਾਵਾਂ, ਜਿੰਨ੍ਹਾਂ ਵਿਚ ਰੇਲਵੇ ਸਟੈਸ਼ਨ ਤੇ ਬੱਸ ਸਟੈਂਡ ਆਦਿ ਸ਼ਾਮਲ ਹਨ, ਵਿਚ ਵੀ ਬੰਬ ਨਿਰੋਧਕ ਦਸਤਿਆਂ ਤੇ ਪੁਲਿਸ ਮੁਲਾਜਮਾਂ ਵਲੋਂ ਬਰੀਕੀ ਨਾਲ ਤਲਾਸੀ ਲਈ ਗਈ ਅਤੇ ਯਾਤਰੂਆਂ ਦਾ ਸਮਾਨ ਵੀ ਦੇਖਿਆ ਗਿਆ। ਸ਼ਹਿਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਉਪਰ ਵੀ ਪੁਲਿਸ ਦੀ ਨਜ਼ਰ ਬਣੀ ਰਹੀ। ਇਸਤੋਂ ਇਲਾਵਾ ਸ਼ਹਿਰ ਵਿਚ ਥਾਂ-ਥਾਂ ਨਾਕੇਬੰਦੀ ਕਰਕੇ ਚੈਕਿੰਗ ਮੁਹਿੰਮ ਵੀ ਚਲਾਈ ਗਈ। ਸ਼ਹਿਰ ਵਿਚ ਥਾਂ-ਥਾਂ ਭਾਰੀ ਗਿਣਤੀ ਵਿਚ ਸਵੇਰ ਤੋਂ ਹੀ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਸਨ ਅਤੇ ਸ਼ੱਕੀ ਵਿਅਕਤੀਆਂ ਉਪਰ ਵੀ ਵਿਸੇਸ ਨਿਗ੍ਹਾਂ ਰੱਖੀ ਗਈ। ਐਸ.ਐਸ.ਪੀ ਸ: ਖੁਰਾਣਾ ਨੇ ਦਸਿਆ ਕਿ ਧਮਕੀ ਦੇ ਮੱਦੇਨਜ਼ਰ ਵਿਸੇਸ ਚੌਕਸੀ ਰੱਖੀ ਜਾ ਰਹੀ ਹੈ, ਕਿਉਂਕਿ ਪੁਲਿਸ ਦਾ ਮੁੱਖ ਮਕਸਦ ਗੈਰ ਸਮਾਜੀ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮਯਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਅੱਜ ਪੂਰਾ ਦਿਨ ਸ਼ਾਂਤੀ ਬਣੀ ਰਹੀ। ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਲਾਲ ਸਿਆਹੀ ਨਾਲ ਇੱਕ ਪੱਤਰ ਲਿਖਕੇ ਪੁਲਿਸ ਅਧਿਕਾਰੀਆਂ, ਸਾਬਕਾ ਵਿਧਾਇਕ ਤੇ ਕੁੱਝ ਵਪਾਰੀਆਂ ਨੂੰ ਧਮਕੀ ਦਿੱਤੀ ਗਈ ਸੀ ਕਿ 7 ਜੂਨ ਨੂੰ ਬਠਿੰਡਾ ਵਿਚ ਕਰੀਬ ਦਸ ਥਾਵਾਂ, ਜਿੰਨ੍ਹਾਂ ਵਿਚ ਕਿਲਾ ਮੁਬਾਰਕ, ਰੇਲਵੇ ਸਟੇਸ਼ਨ, ਐਸਐਸਪੀ ਦਫ਼ਤਰ, ਆਦੇਸ਼ ਹਸਪਤਾਲ, ਆਈ.ਟੀ.ਆਈ., ਤੇਲ ਡਿੱਪੂ , ਮਿੱਤਲ ਮਾਲ, ਨਵੀਂ ਕਾਰ ਪਾਰਕਿੰਗ ਤੇ ਨਿਰੰਕਾਰੀ ਭਵਨ ਆਦਿ ਵਿਖੇ ਬੰਬ ਧਮਾਕੇ ਕੀਤੇ ਜਾਣਗੇ। ਇਸ ਮਾਮਲੇ ਵਿਚ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁਧ ਥਾਣਾ ਸਿਵਲ ਲਾਈਨ ਪੁਲਿਸ ਨੇ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਬੰਬ ਧਮਾਕਿਆਂ ਦੀ ਧਮਕੀ : ਬਠਿੰਡਾ ਪੁਲਿਸ ਸਾਰਾ ਦਿਨ ਇੱਕ ਲੱਤ ’ਤੇ ਖੜੀ ਰਹੀ
ਨਵੇਂ ਬਣੇ ਮੰਤਰੀਆਂ ਨੂੰ ਮਿਲੇ ਵਿਧਾਇਕ ਬਲਕਾਰ ਸਿੱਧੂ
ਰਾਮ ਸਿੰਘ ਕਲਿਆਣ
ਨਥਾਣਾ, 7 ਜੂਨ: ਹਲਕਾ ਰਾਮਪੁਰਾਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ’ਤੇ ਵਧਾਈ ਦਿੱਤੀ। ਇਸ ਮੌਕੇ ਬਲਕਾਰ ਸਿੰਘ ਸਿੱਧੂ ਵੱਲੋਂ ਗੁਰਮੀਤ ਸਿੰਘ ਖੁੱਡੀਆ ਅਤੇ ਲਾਲਜੀਤ ਸਿੰਘ ਭੁੱਲਰ ਨਾਲ ਰਾਮਪੁਰਾ ਫੂਲ ਦੇ ਵਿਕਾਸ ਕਾਰਜਾਂ ਉੱਪਰ ਵੀ ਚਰਚਾ ਕੀਤੀ ਗਈ। ਸੰਬੰਧਿਤ ਮੰਤਰੀਆਂ ਨੇ ਹਲਕਾ ਰਾਮਪੁਰਾਫੂਲ ਦੇ ਵਿਕਾਸ ਵਿੱਚ ਪੂਰਨ ਸਹਿਯੋਗ ਦੇ ਭਰੋਸਾ ਦਿੱਤਾ।
ਨਸ਼ਿਆ ਖਿਲਾਫ ਨਾਟਕ ਮਿੱਠਾ ਜਹਿਰ ਖੇਡਿਆ
ਰਾਮ ਸਿੰਘ ਕਲਿਆਣ
ਨਥਾਣਾ, 7 ਜੂਨ: ਸਰਬ ਕਲਿਆਣ ਭਲਾਈ ਕਲੱਬ ਕਲਿਆਣ ਸੁੱਖਾ ਦੇ ਸਹਿਯੋਗ ਨਾਲ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਮਹਿਰਾਜ ਵੱਲੋਂ ਚੇਅਰਮੈਨ ਰਾਜਿੰਦਰ ਸਿੰਘ ਬਾਹੀਆ ਦੀ ਅਗਵਾਈ ਵਿੱਚ ਪਿੰਡ ਕਲਿਆਣ ਸੁੱਖਾ ਵਿਖੇ ਨਸ਼ਿਆ ਦੇ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ । ਇਸ ਮੌਕੇ ਮਾਨਵ ਸੇਵਾ ਕਲਾ ਮੰਚ ਮਹਿਰਾਜ ਦੀ ਟੀਮ ਵੱਲੋ ਨਾਟਕ ‘ਮਿਠਾ ਜ਼ਹਿਰ’ ਦੀ ਪੇਸ਼ਕਾਰੀ ਕੀਤੀ ਗਈ । ਬਾਹੀਆ ਨੇ ਦੱਸਿਆ ਕਿ ਇਹ ਨਾਟਕ ਪੰਜਾਬ ਦੇ ਪਿੰਡਾ ਵਿੱਚ ਸਰਪੰਚਾ,ਕਲੱਬਾ ਅਤੇ ਹੋਰ ਮੋਹਤਬਰ ਵਿਅਕਤੀਆ ਦੇ ਸਹਿਯੋਗ ਨਾਲ ਇਕ ਜੰਗੀ ਪੱਧਰ ਤੇ ਖੇਡਿਆ ਜਾਵੇਗਾ। ਨਾਟਕ ਦੇ ਕਲਾਕਾਰ ਲੱਕੀ ਸਿਵੀਆ , ਜਤਿੰਦਰ ਸਿੰਘ ਗੋਲਡੀ,ਗਗਨਦੀਪ ਕੌਰ ਸਿਵੀਆ,ਸਨਦੀਪ ਸਿੰਘ ,ਸੁਮਨਪ੍ਰੀਤ ਕੋਰ, ਪ੍ਰਭਜੋਤ ਕੌਰ ਧਾਲੀਵਾਲ ਨੇ ਆਪਣੇ ਕਿਰਦਾਰ ਵਾਖੂਬੀ ਨਿਭਾਏ।
ਬਿਨਾਂ ਲਾਈਸੈਂਸ ਖਾਦਾਂ ਵੇਚਣ ਦੇ ਦੋਸ਼ ਤਹਿਤ ਪਰਚਾ ਦਰਜ
ਗੁਰਵਿੰਦਰ ਸੋਨੂੰ
ਭੁੱਚੋਂ ਮੰਡੀ, 7 ਜੂਨ: ਖੇਤੀਬਾੜੀ ਵਿਭਾਗ ਦੀ ਇੱਕ ਟੀਮ ਵਲੋਂ ਡਾ. ਜਸਕਰਨ ਸਿੰਘ ਕੁਲਾਰ ਬਲਾਕ ਖੇਤੀਬਾੜੀ ਅਫ਼ਸਰ ਨਥਾਣਾ ਦੀ ਅਗਵਾਈ ਹੇਠ ਭੁੱਚੋ ਮੰਡੀ ਵਿਖੇ ਬੀਜ, ਖਾਦ ਅਤੇ ਕੀੜੇਮਾਰ ਦੁਕਾਨਾ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਦੁਕਾਨ ਤੋਂ ਬਿਨਾਂ ਲਾਇਸੰਸ ਅਤੇ ਬਿਨਾਂ ਬਿੱਲ ਤੋਂ ਖਾਦ ਫੜੀ ਗਈ। ਇਸ ਸੰਬੰਧੀ ਜਸਕਰਨ ਸਿੰਘ ਕੁਲਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੈਸ: ਅਮਰਨਾਥ ਐਂਡ ਸੰਨਜ ਨਾਮੀ ਫਰਮ ਵਿਚੋਂ ਖਾਦ 140 ਕਿਲੋਗ੍ਰਾਮ, ਮਾਈਕੋਰਾਜਾ ਬਾਇਓ ਖਾਦ 240 ਕਿਲੋਗ੍ਰਾਮ ਅਤੇ ਮੈਗਨੀਜ ਸੈਲਫੇਟ 11 ਕਿਲੋਗ੍ਰਾਮ ਖਾਦ ਬਰਾਮਦ ਕੀਤੀ ਗਈ ਪਰ ਦੁਕਾਨਦਾਰ ਕੋਲ ਖਾਦ ਵੇਚਣ ਦਾ ਕੋਈ ਲਾਇਸੰਸ ਜਾ ਬਿੱਲ ਨਹੀ ਸੀ। ਇਸ ਸੰਬੰਧੀ ਪੁਲਿਸ ਚੌਂਕੀ ਭੁੱਚੋ ਮੰਡੀ ਰਕੇਸ਼ ਕੁਮਾਰ ਖਿਲਾਫ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਅਧੀਨ, ਜਰੂਰੀ ਵਸਤਾਂ ਐਕਟ 1955 ਦੀ ਧਾਰਾ 7 ਅਤੇ 9,3 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਕਮਿਉਨਿਟੀ ਹੈਲਥ ਸੈਂਟਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਗੁਰਵਿੰਦਰ ਸੋਨੂੰ
ਭੁੱਚੋਂ ਮੰਡੀ, 7 ਜੂਨ: ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਅੱਜ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਵਲੋਂ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਉਨ੍ਹਾਂ ਦੱਸਿਆ ਕਿ ਭੁੱਚੋ ਮੰਡੀ ਹਸਪਤਾਲ ਵਿੱਚ ਨਵੀਂ ਲੈਬੋਰਟਰੀ ਵਿਚ ਫੁੱਲੀ ਆਟੋਮੈਟਿ ਬਾਇਓਕੈਮਿਸਟਰੀ ਏਨਾਲਾਇਜਰ ਅਤੇ ਇਲੈਕਟਰੋਲਾਈਟ ਮਸ਼ੀਨ ਪਹੁੰਚ ਗਈ ਹੈ। ਇਹ ਮਸ਼ੀਨਾਂ ਜਲਦੀ ਹੀ ਚਾਲੂ ਕਰ ਦਿੱਤੀਆ ਜਾਣਗੀਆ।ਇਸ ਮੌਕੇ ਉਨ੍ਹਾਂ ਵਲੋਂ ਸੀ ਐਚ ਸੀ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅੰਸ਼ੂ ਕਾਂਸਲ ਅਤੇ ਸਮੂਹ ਟੀਮ ਨੂੰ ਕਾਇਆਕਲਪ ਅਸੈਸਮੈਂਟ ਸਰਟੀਫਕੇਟ ਸੌਂਪਿਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅੰਸ਼ੂ ਕਾਂਸਲ ਨੇ ਦੱਸਿਆ ਕਿ ਪੰਜਾਬ ਭਰ ਦੇ ਹਸਪਤਾਲਾਂ ਦੀ ਕਾਇਆਕਲਪ ਅਸੈਸਮੈਂਟ ਦੌਰਾਨ ਪਹਿਲੇ 50 ਸਥਾਨਾਂ ਵਿੱਚੋ ਭੁੱਚੋ ਮੰਡੀ ਦੇ ਕਮਿਊਨਿਟੀ ਹੈਲਥ ਸੈਂਟਰ ਦਾ 37ਵਾਂ ਸਥਾਨ ਆਇਆ ਹੈ ਅਤੇ ਸਿਹਤ ਮੰਤਰੀ ਵਲੋਂ ਐਲਾਨੇ ਗਏ ਇੱਕ ਲੱਖ ਰੁਪਏ ਅਤੇ ਸਰਟੀਫਿਕੇਟ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵੱਲੋ ਸੀ ਐਚ ਸੀ ਭੁੱਚੋ ਨੂੰ ਦਿੱਤਾ ਗਿਆ।ਇਸ ਮੌਕੇ ਡਾਕਟਰ ਮਨਿੰਦਰਜੀਤ ਕੌਰ, ਡਾਕਟਰ ਅਮੋਲਦੀਪ ਭੱਟੀ, ਡਾਕਟਰ ਹਿਮਨੀ, ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਅਤੇ ਹਸਪਤਾਲ ਦਾ ਸਮੁੱਚਾ ਸਟਾਫ ਹਾਜ਼ਰ ਸਨ।
ਰੋਜ਼ਗਾਰ ਦਫ਼ਤਰ ’ਚ ਜ਼ਿਲ੍ਹਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਆਯੋਜਿਤ
ਕਰੀਬ 600 ਪ੍ਰਾਰਥੀਆਂ ਨੂੰ ਨੌਕਰੀ ਲਈ ਕੀਤਾ ਗਿਆ ਸੌਰਟਲਿਸਟ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਇੱਕ ਜਿਲ੍ਹਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨੀਲ ਗਰਗ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਨਾਲ ਅੰਮ੍ਰਿਤ ਲਾਲ ਅਗਰਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਵੱਖ-ਵੱਖ 27 ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੁੱਜੀਆਂ ਅਤੇ 1447 ਪ੍ਰਾਰਥੀਆਂ ਵੱਲੋਂ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਗਈ। ਕੰਪਨੀਆਂ ਦੁਆਰਾ ਵੱਖੋ-ਵੱਖ ਅਸਾਮੀਆਂ ਜਿਵੇਂ ਕਿ ਚਾਰਟਡ ਅਕਾਊਟੈਂਟ, ਸੇਲਜ਼ ਅਫਸਰ, ਵੈਲਨੈਸ ਅਡਵਾਈਜ਼ਰ, ਸਕਿਉਰਿਟੀ ਗਾਰਡ, ਡਿਵੈਲਪਮੈਂਟ ਮੈਨੇਜਰ, ਸੇਲਜ਼ ਕੰਨਸਲਟੈਂਟ , ਇਲੈਕਟਰੀਸ਼ੀਅਨ, ਟਰੇਨੀ, ਰਿੰਗ ਫਰੇਮ ਓਪਰੇਟਰ, ਸੇਲਜ਼ ਐਗਜੀਕਿਓਟਿਵ, ਫੀਲਡ ਅਫਸਰ, ਰਿਲੇਸ਼ਨਸ਼ਿਪ ਅਫਸਰ, ਨਰਸ, ਵਾਰਡ ਬੁਆਏ, ਕਸਟਮਰ ਕੇਅਰ ਐਗਜੀਕੀਓਟਿਵ ਲਈ ਲਗਭਗ 600 ਤੋਂ ਵੱਧ ਪ੍ਰਾਰਥੀਆਂ ਨੂੰ ਨੌਕਰੀ ਲਈ ਸੌਰਟਲਿਸਟ ਕੀਤਾ ਗਿਆ, ਜਿੰਨ੍ਹਾਂ ਨੂੰ 12000/- ਰੁਪਏ ਤੋਂ ਲੈ ਕੇ 70,000/- ਰੁਪਏ ਪ੍ਰਤੀ ਮਹੀਨਾਂ ਦੀ ਤਨਖਾਹ ਦੇ ਆਫਰ ਦਿੱਤੇ ਗਏ।ਇਸ ਮੌਕੇ ਡਿਪਟੀ ਸੀ.ਈ.ਓ.ਤੀਰਥਪਾਲ ਸਿੰਘ, ਬਲਤੇਜ ਸਿੰਘ, ਗੁਰਵਿੰਦਰ ਸਿੰਘ, ਮਿਸ ਸ਼ਰੂਤੀ, ਮਨਦੀਪ ਕੌਰ, ਸਰਬਜੀਤ ਕੌਰ, ਕੰਚਨ, ਅੰਕੁਰ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਰਾਜੀਪਾਲ, ਵਿਜੈ ਕੁਮਾਰ ਵੀ ਹਾਜ਼ਰ ਸਨ।
ਖੇਤੀ ਵਿਭਾਗ ਵੱਲੋਂ ਨਰਮੇਂ ਦੀ ਫ਼ਸਲ ਦਾ ਸਰਵੇਖਣ ਸੁਰੂ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਖੇਤੀਬਾੜੀ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ: ਦਿਲਬਾਗ ਸਿੰਘ ਹੀਰ ਦੀ ਅਗਵਾਈ ਵਿੱਚ ਅੱਜ ਡਾ: ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਬਠਿੰਡਾ, ਡਾ: ਡੂੰਗਰ ਸਿੰਘ ਏ ਪੀ ਪੀ ਓ ਅਤੇ ਗੁਰਮਿਲਾਪ ਸਿੰਘ ਬੀ ਟੀ ਐੱਮ ਦੀ ਟੀਮ ਵਲੋਂ ਪਿੰਡ ਕੋਟਸ਼ਮੀਰ ਵਿਖੇ ਨਰਮੇਂ ਦੀ ਫ਼ਸਲ ਦੇ ਪ੍ਰਦਰਸ਼ਨੀ ਪਲਾਟ ਦਾ ਸਰਵੇਖਣ ਕੀਤਾ ਗਿਆ।ਸਰਵੇਖਣ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਹੀਰ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਨਰਮੇਂ ਦੀ ਫ਼ਸਲ ਬਿਲਕੁਲ ਠੀਕ ਹੈ। ਪਿਛਲੇ ਦਿਨੀਂ ਬਾਰਸਾਂ ਕਾਰਨ ਭੂਰੀ ਜੂੰ ਦਾ ਹਮਲਾ ਵੇਖਣ ਵਿੱਚ ਆਇਆ ਸੀ, ਪਰ ਹੁਣ ਉਸਨੂੰ ਠੱਲ੍ਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਨਰਮੇਂ ਦੀ ਪ੍ਰਫੁੱਲਤਾ ਲਈ ਕਿਸਾਨਾਂ ਨੂੰ ਨਦੀਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਮਹਿਕਮੇ ਦੀਆਂ ਸਿਫ਼ਾਰਸਾਂ ਮੁਤਾਬਿਕ ਨਦੀਨਨਾਸਕਾਂ ਦੀ ਸਪਰੇਅ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ 90 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਖਾਦ ਜ਼ਰੂਰ ਪਾਈ ਜਾਵੇ, ਜਿਸ ਤੋਂ ਆਮ ਤੌਰ ਤੇ ਕਿਸਾਨ ਸੰਕੋਚ ਕਰਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਮਹਿਕਮੇ ਦੇ ਅਧਿਕਾਰੀਆਂ ਤੇ ਖੇਤੀ ਮਾਹਰਾਂ ਦੀ ਸਮੇਂ ਸਮੇਂ ਰਾਇ ਹਾਸਲ ਕਰਦੇ ਰਹਿਣ।
ਆਬੋ ਹਵਾ, ਪਾਣੀ ਤੇ ਵਾਤਾਵਰਨ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ : ਸੰਤ ਬਲਬੀਰ ਸਿੰਘ ਸੀਚੇਵਾਲ
ਏਮਜ਼ ਦਾ ਦੌਰਾ ਕਰਕੇ ਜਾਣਿਆ ਮਰੀਜ਼ਾਂ ਦਾ ਹਾਲ-ਚਾਲ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਅੱਜ ਸਥਾਨਕ ਏਮਜ਼ ਦੇ ਆਯੂਸ਼, ਓਪੀਡੀ ਤੇ ਐਮਰਜੈਂਸੀ ਵਾਰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ੳਪੀਡੀ ਵਿਖੇ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਵੀ ਜਾਣਿਆ। ਇਸ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਏਮਜ਼ ਦੇ ਡਾਇਰੈਕਟਰ ਪ੍ਰੋ: ਡਾ. ਡੀਕੇ ਸਿੰਘ ਸਮੇਤ ਡਾਕਟਰੀ ਸਟਾਫ਼ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਤੇ ਏਮਜ਼ ਅਤੇ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਡਾਕਟਰਾਂ ਦੀਆਂ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਮਜ਼ ਮਾਲਵਾ ਇਲਾਕੇ ਨੂੰ ਬਹੁਤ ਵੱਡਾ ਤੋਹਫਾ ਮਿਲਿਆ ਹੈ ਜਿਸ ਨਾਲ ਆਸ-ਪਾਸ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਿਸਾਨ ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣ ਨੂੰ ਤਰਜ਼ੀਹ ਦੇਣ ਤਾਂ ਜੋ ਦਿਨ ਪ੍ਰਤੀ ਦਿਨ ਘੱਟ ਰਹੇ ਪਾਣੀ ਦੇ ਪੱਧਰ ਨੂੰ ਨੀਵਾ ਹੋਣ ਤੋਂ ਬਚਾਇਆ ਜਾ ਸਕੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਬੋ ਹਵਾ, ਪਾਣੀ ਅਤੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ ਹੈ। ਜਿਸਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਕੱਲੇ ਪੌਦੇ ਲਗਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਵੀ ਲਾਜਮੀ ਹੈ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੈਂਟਰ ਵਾਟਰ ਬੋਰਡ ਦੀ ਪੰਜ ਸਾਲਾ ਰਿਪੋਰਟ ਅਨੁਸਾਰ ਸਾਲ 2039 ਤੱਕ ਪਾਣੀ ਦਾ ਪੱਧਰ ਬਹੁਤ ਨੀਵਾ ਚਲਾ ਜਵਾਗੇ ਇਸ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ।ਇਸ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸੈਂਟਰਲ ਯੂਨੀਵਰਸਿਟੀ ਘੁੱਦਾ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ ਗਿਆ।ਇਸ ਮੌਕੇ ਏਮਜ਼ ਦੇ ਡਾਇਰੈਕਟਰ ਪ੍ਰੋ: ਡਾ. ਡੀਕੇ ਸਿੰਘ, ਡਾ. ਕੰਵਲਜੀਤ ਸਿੰਘ ਕੌੜਾ, ਪ੍ਰੋ: ਰੂਬਲਪ੍ਰੀਤ ਸਿੰਘ, ਡਾ. ਰਾਜੀਵ ਕੁਮਾਰ, ਡਿਪਟੀ ਡਾਇਰੈਕਟਰ ਡਾ. ਰਾਜੀਵ ਸੇਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਐਚਓਡੀ ਤੇ ਡਾਕਟਰੀ ਸਟਾਫ਼ ਆਦਿ ਹਾਜ਼ਰ ਰਿਹਾ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਪੰਜਾਬ ਚ ਪਹਿਲੀ ਆਈਡੀਆ ਲੈਬ ਹੋਈ ਸਥਾਪਤ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਨ-ਲਾਈਨ ਤਰੀਕੇ ਨਾਲ ਕੀਤਾ ਉਦਘਾਟਨ
ਯੂਨੀਵਰਸਿਟੀ ’ਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਸੂਬੇ ਭਰ ਦੀ ਪਲੇਠੀ ਯੂਨੀਵਰਸਿਟੀ ਬਣ ਗਈ ਹੈ, ਜਿਸਦੇ ਵਿਚ ਪਹਿਲੀ ਆਈਡੀਆ ਲੈਬ ਸਥਾਪਤ ਕੀਤੀ ਗਈ ਹੈ। ਇਸ ਲੈਬ ਦਾ ਆਨ-ਲਾਇਨ ਤਰੀਕੇ ਨਾਲ ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੌਤ ਸਿੰਘ ਬੈਂਸ ਅਤੇ ਯੂੁਨੀਵਰਸਿਟੀ ਪੁੱਜ ਕੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਉਦਘਾਟਨ ਕੀਤਾ ਗਿਆ। ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਵਲੋਂ ਬੀਸੀਐਲ ਇੰਡਸਟਰੀਜ਼ ਲਿਮ. ਦੇ ਸਹਿਯੋਗ ਨਾਲ 1.11 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਇਸ ਲੈਬ ਦੇ ਉਦਘਾਟਨੀ ਸਮਾਰੋਹ ਮੌਕੇ ਬਠਿੰਡਾ (ਸ਼ਹਿਰੀ) ਵਿਧਾਇਕ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਬੀਸੀਐਲ ਇੰਡਸਟਰੀਜ਼ ਲਿਮ. ਦੇ ਐਮਡੀ ਰਾਜਿੰਦਰ ਮਿੱਤਲ ਵੀ ਵਿਸੇਸ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਆਨਲਾਈਨ ਮੋਡ ਰਾਹੀਂ ਸੰਬੋਧਨ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਤੇ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਬੀ.ਸੀ.ਐੱਲ.-ਏ.ਆਈ.ਸੀ.ਟੀ.ਈ.ਆਇਡੀਆ ਲੈਬ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਆਈਡੀਆ ਲੈਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਇੰਸ, ਟੈਕਨਾਲੋਜੀ, ਗਣਿਤ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਇਨੋਵੇਟ ਅਤੇ ਐਕਸਲ ਕਰਨ ਦਾ ਮੌਕਾ ਦੇਣਾ ਹੈ ਤਾਂ ਜੋ ਉਹ ਵੱਖ-ਵੱਖ ਖੇਤਰਾਂ ਵਿੱਚ ਆਪਣੇ ਨਵੇਂ ਵਿਚਾਰ ਅਤੇ ਤਜ਼ਰਬਿਆਂ ਨੂੰ ਵਿਕਸਿਤ ਕਰ ਸਕਣ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਬੀਸੀਐਲ ਇੰਡਸਟਰੀਜ਼ ਲਿਮ. ਵਲੋਂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੈਬ ਨੌਜਵਾਨਾਂ ਵਲੋਂ ਸੋਚੇ ਗਏ ਨਵੇਂ-ਨਵੇਂ ਆਈਡੀਅਜ਼ ਨੂੰ ਪੂਰੇ ਕਰਨ ਲਈ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਬੱਚੇ ਵਿਦੇਸ਼ਾ ਵੱਲ ਜਾਣ ਦੀ ਬਜਾਏ ਨਵੇਂ-ਨਵੇਂ ਆਈਡੀਆ ਨੂੰ ਪੂਰਾ ਕਰਨ ਲਈ ਪੰਜਾਬ ਦੀ ਧਰਤੀ ਤੇ ਹੀ ਰਹਿਣਾ ਪਸੰਦ ਕਰਨਗੇ। ਇਸ ਦੌਰਾਨ ਉਨ੍ਹਾਂ ਆਈਡੀਆ ਲੈਬ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਵੀ ਕੀਤੀ। ਇਸ ਤੋਂ ਪਹਿਲਾਂ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬੀਸੀਐਲ ਲਿਮ. ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਿਹਾ ਕਿ ਬਠਿੰਡਾ ਜਿਸ ਨੂੰ ਕਦੇ ਸਿੱਖਿਆ ਦੇ ਖੇਤਰ ਵਿੱਚ ਪਛੜਿਆਂ ਕਿਹਾ ਜਾਂਦਾ ਸੀ, ਪਰ ਮੌਜੂਦਾ ਸਮੇਂ ਸਿੱਖਿਆ ਦੇ ਖੇਤਰ ਚ ਆਪਣੀਆਂ ਵਿਸ਼ੇਸ਼ ਪਹਿਲਕਦਮੀਆਂ ਕਰਕੇ ਦੁਨੀਆਂ ਦੇ ਨਕਸ਼ੇ ਤੇ ਉਭਰ ਰਿਹਾ ਹੈ। ਇਸ ਤੋਂ ਪਹਿਲਾਂ ਐਮਆਰਐਸਪੀਟੀਯੂ ਦੇ ਵਾਇਸ ਚਾਂਸਲਰ ਸ. ਬੂਟਾ ਸਿੰਘ ਵਲੋਂ ਯੂਨੀਵਰਸਿਟੀ ਦੁਆਰਾ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਯੂਨੀਵਰਸਿਟੀ ਦੇ ਸਾਲ 2023-24 ਲਈ ਦਾਖਲਾ ਪੋਰਟਲ ਵੀ ਲਾਂਚ ਕੀਤਾ। ਇਸ ਮੌਕੇ ਬੀਸੀਐਲ ਦੇ ਐਮ.ਡੀ. ਰਾਜਿੰਦਰ ਮਿੱਤਲ ਵਲੋਂ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਆਈਡੀਆ ਲੈਬ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ 4.5 ਕਰੋੜ ਦੀ ਲਾਗਤ ਨਾਲ ਖੇਲੋਂ ਇੰਡੀਆ ਸਕੀਮ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਮਲਟੀਪਰਪਜ਼ ਇੰਡੋਰ ਸਪੋਰਟਸ ਹਾਲ ਦਾ ਆਨਲਾਇਨ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਇਸ ਨਾਲ ਮਾਲਵੇ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵੱਧਣ ਲਈ ਹੋਰ ਮੌਕੇ ਮਿਲਣਗੇ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਤੇ ਚੇਅਰਮੈਨ ਨੀਲ ਗਰਗ ਤੋਂ ਇਲਾਵਾ ਰਜਿਸਟਰਾਰ ਗੁਰਇੰਦਰਪਾਲ ਸਿੰਘ ਢਿੱਲੋਂ, ਤਹਿਸੀਲਦਾਰ ਬੇਅੰਤ ਸਿੰਘ ਸਿੱਧੂ, ਐਕਸੀਅਨ ਇੰਦਰਜੀਤ ਸਿੰਘ, ਐਸਡੀਓ ਆਮੁੱਲਿਆ ਗਰਗ, ਐਮਸੀ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਮੁਕੰਮਲ, 12 ਜੂਨ ਨੂੰ ਵਰਕਰ ਪਰਿਵਾਰਾਂ ਸਣੇ ਪਟਿਆਲਾ ਕਰਨਗੇ ਕੂਚ-ਵਰਿੰਦਰ ਮੋਮੀ
ਮੁੱਖ ਦਫਤਰ ਅੱਗੇ ਅਣਮਿੱਥੇ ਸਮੇਂ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਲਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੰਪੰਨ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 6 ਜੂਨ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ’ਚ ਕੀਤੀ ਗਈ। ਜਿਸ ’ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਫੀਲਡ ਅਤੇ ਦਫਤਰਾਂ ’ਚ ਬਤੌਰ ਇਨਲਿਸਟਮੈਂਟ ਤੇ ਆਊਟਸੋਰਸ ਅਧੀਨ ਪਿਛਲੇ 10-15 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਨੂੰ ਵਿਭਾਗ ’ਚ ਮਰਜ ਕਰਕੇ ਰੈਗੂਲਰ ਕਰਨ ਲਈ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨਾਲ ਚੱਲ ਰਹੇ ਗੱਲਬਾਤ ਦੇ ਪ੍ਰੋਸੈਸ ’ਤੇ ਚਰਚਾ ਕਰਨ ਉਪਰੰਤ 12 ਜੂਨ ਦੇ ਉਲੀਕੇ ਹੋਏ ਧਰਨੇ ਦੀ ਤਿਆਰੀ ਕੀਤੀ ਗਈ।ਅੱਜ ਇਥੇ ਸੂਬਾ ਪ੍ਰਧਾਨ ਵਰਿੰਦਰ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਬ-ਕਮੇਟੀ ’ਚ ਸ਼ਾਮਲ ਮੰਤਰੀਆਂ ਦੇ ਨਾਲ 5 ਅਪ੍ਰੈਲ 2023 ਨੂੰ ਹੋਈ ਪੈਨਲ ਮੀਟਿੰਗ ’ਚ ਬਣੀ ਸਹਿਮਤੀ ਮੁਤਾਬਕ ਵਿਭਾਗੀ ਮੁਖੀ, ਜਸਸ ਮੋਹਾਲੀ ਵੱਲੋਂ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਦੇ ਪੱਕੇ ਰੁਜਗਾਰ ਲਈ ਕੋਈ ਨੀਤੀ ਜਾਂ ਪਾਲਸੀ ਤਿਆਰ ਨਹੀਂ ਕੀਤੀ ਹੈ ਪਰ ਵਿਭਾਗੀ ਮੁਖੀ ਦੇ ਆਦੇਸ਼ਾਂ ਤਹਿਤ 30 ਅਪ੍ਰੈਲ ਨੂੰ ਚੀਫ ਇੰਜੀਨੀਅਰ ਦੀ ਨਿਗਰਾਨੀ ਹੇਠ ਵਿਭਾਗੀ ਅਧਿਕਾਰੀਆਂ ਦੀ ਇਕ ਹੋਰ ਸਬ-ਕਮੇਟੀ ਬਣਾ ਦਿੱਤੀ ਗਈ ਹੈ, ਜੋ ਵਰਕਰਾਂ ਦੇ ਹਿੱਤ ਵਿਚ ਪਾਲਸੀ ਬਣਾਉਣ ’ਚ ਅਣਦੇਖੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੀ ਵਿਉਤਬੰਦੀ ਅਨੁਸਾਰ ਮੁੱਖ ਇੰਜੀਨੀਅਰ, ਜਸਸ ਵਿਭਾਗ, ਪਟਿਆਲਾ ਦੇ ਪੱਤਰ ਨੰਬਰ ਜਸਸ/ਅਨਗ(7) 39 ਮਿਤੀ 11-01-2018 ਨੂੰ ਬਣਾਈ ਗਈ ਤਜਵੀਜ ਨੂੰ ਲਾਗੂ ਕੀਤਾ ਜਾਵੇ ਜਾਂ ਯੂਨੀਅਨ ਵਲੋਂ 19 ਅਪ੍ਰੈਲ ਨੂੰ ਵਿਭਾਗ ਕੋਲ ਭੇਜੀ ਤਜਵੀਜ ਦੀਆਂ ਸਿਫਾਰਸਾਂ ਨੂੰ ਅਧਾਰ ਮੰਨ ਕੇ ਇਨਲਿਸਟਮੈਟ/ਆਊਟਸੋਰਸ ਮੁਲਾਜਮਾਂ ਨੂੰ ਵਿਭਾਗ ’ਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ ਤਾਂ ਜੋ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਠੇਕਾ ਪ੍ਰਣਾਲੀ ਦੀ ਚੱਕੀ ਵਿਚ ਪੀਸ ਰਹੇ ਵਰਕਰਾਂ ਦਾ ਰੁਜਗਾਰ ਪੱਕਾ ਹੋਣ ਨਾਲ ਭਵਿੱਖ ਸੁਰੱਖਿਅਤ ਹੋ ਸਕੇ, ਇਸ ਲਈ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਵਲੋਂ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ ਵਿਚ ਲੈ ਕੇ ਰੈਗੂਲਰ ਕਰਨ ਵਾਲੀ ਪ੍ਰਪੋਜਲ ਸਰਕਾਰ ਦੀ ਕੈਬਨਿਟ ਸਬ-ਕਮੇਟੀ ਕੋਲ ਤੁਰੰਤ ਭੇਜ ਕੇ ਲਾਗੂ ਕਰਵਾਉਣ ਦੀ ਸਿਫਾਰਸ਼ ਕੀਤੀ ਜਾਵੇ। ਨਹੀਂ ਤਾਂ ਵਿਭਾਗੀ ਅਧਿਕਾਰੀਆਂ ਦੀ ਸਬ ਕਮੇਟੀ ਦੇ ਖਿਲਾਫ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ12 ਜੂਨ ਨੂੰ ਹੈਡ ਆਫਿਸ ਪਟਿਆਲਾ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜਦੋ ਤੱਕ ਵਰਕਰਾਂ ਦੇ ਪੱਕੇ ਰੁਜਗਾਰ ਦੀ ਗਾਰੰਟੀ ਕਰਨ ਵਾਲੀ ਤਜਵੀਜ ਤਿਆਰ ਕਰਕੇ ਅਗਲੀ ਕਾਰਵਾਈ ਸਰਕਾਰ ਕੋਲ ਭੇਜੀ ਨਹੀਂ ਜਾਂਦੀ ਹੈ, ਇਹ ਧਰਨਾ ਜਾਰੀ ਰੱਖਿਆ ਜਾਵੇਗਾ, ਜਿਸਦੀ ਜਿੰਮੇਵਾਰੀ ਵਿਭਾਗੀ ਅਧਿਕਾਰੀਆਂ ਦੀ ਹੋਵੇਗੀ। ਧਰਨੇ ’ਚ ਸਾਰੇ ਪੰਜਾਬ ਵਿਚੋਂ ਹਜਾਰਾਂ ਜਲ ਸਪਲਾਈ ਵਰਕਰ ਆਪਣੇ ਪਰਿਵਾਰਾਂ ਸਣੇ 12 ਜੂਨ ਨੂੰ ਪਟਿਆਲੇ ਵੱਲ ਕੂਚ ਕਰਨਗੇ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਹਾਕਮ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਪ੍ਰਦੂਮਣ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਖਾਨ, ਉਕਾਰ ਸਿੰਘ, ਗੁਰਵਿੰਦਰ ਬਾਠ ਬਲਜੀਤ ਭੱਟੀ, ਜਿਲ੍ਹਾ ਆਗੂ ਰਘੁਬੀਰ ਸਿੰਘ, ਹਰਜਿੰਦਰ ਮੋਮੀ, ਮੇਜਰ ਸਿੰਘ, ਸਤਨਾਮ ਖਿਆਲਾ, ਗੁਰਵਿੰਦਰ ਪੰਜੋਲੀ , ਜੀਤ ਸਿੰਘ ਬਠੋਈ ਆਦਿ ਵੱਖ ਵੱਖ ਜ਼ਿਲ੍ਹਿਆਂ ਦੇ ਆਗੂਆਂ ਅਤੇ ਦਫਤਰੀ ਸਟਾਫ ਦੀ ਸਬ ਕਮੇਟੀ ਦੇ ਸੂਬਾ ਆਗੂ ਸੰਦੀਪ ਕੌਰ ਖੰਨਾ ਨੇ ਵੀ ਭਾਗ ਲਿਆ।
