ਜਲਦੀ ਹੀ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਵੀ ਰੱਖਣ ਦਾ ਕੀਤਾ ਦਾਅਵਾ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਸਥਾਨਕ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਪਿਛਲੇ ਲੰਮੇ ਸਮੇਂ ਤੋਂ ਖਸਤਾਹਾਲ ’ਚ ਪਈਆਂ ਸਥਾਨਕ ਰਜਿੰਦਰਾ ਕਾਲਜ਼ ਦੇ ਕੈਂਪਸ ਦੀਆਂ ਸੜਕਾਂ ਦੀ ਰਿਪੇਅਰ ਦਾ ਅੱਜ ਕੰਮ ਸ਼ੁਰੂ ਕਰਵਾਇਆ, ਜੋਕਿ ਆਉਣ ਵਾਲੇ ਇੱਕ ਦੋ ਦਿਨਾਂ ‘ਚ ਪੂਰਾ ਹੋ ਜਾਵੇਗਾ। ਇਸ ਮੌਕੇ ਵਿਧਾਇਕ ਗਿੱਲ ਨੇ ਦਸਿਆ ਕਿ ਚੋਣਾਂ ਤੋਂ ਪਹਿਲਾਂ ਇੰਨ੍ਹਾਂ ਸੜਕਾਂ ਦੇ ਸੁਧਾਰ ਬਾਰੇ ਉਨ੍ਹਾਂ ਕੋਲ ਮੰਗ ਰੱਖੀ ਗਈ ਸੀ, ਜਿਸਨੂੰ ਉਨ੍ਹਾਂ ਪਹਿਲ ਦੇ ਆਧਾਰ ’ਤੇ ਕੀਤਾ ਹੈ। ਪੰਜਾਬ ਮੰਡੀ ਬੋਰਡ ਵਲੋਂ ਕਰੀਬ ਸਵਾ 14 ੱਲੱਖ ਦੀ ਲਾਗਤ ਨਾਲ 2 ਕਿਲੋਮੀਟਰ ਸੜਕਾਂ ਉਪਰ ਪ੍ਰੀਮ੍ਰਿਕਸ ਪਾਈ ਜਾਵੇਗੀ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਤਹਿਤ ਉਨ੍ਹਾਂ ਨੂੰ ਹਲਕੇ ਵਾਸਤੇ ਇਸ ਸਾਲ ਦਾ 65 ਲੱਖ ਰੁਪਏ ਅਖਤਿਆਰੀ ਕੋਟਾ ਮਿਲਿਆ ਸੀ, ਜਿਸ ਵਿਚੋਂ ਇਸ ਸਵਾ 14 ਲੱਖ ਨੂੰ ਛੱਡ ਬਾਕੀ ਸਾਰੇ ਪੈਸੇ ਸਿੱਖਿਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ ਵੱਖ ਸਿੱਖਿਆਂ ਸੰਸਥਾਨਾਂ ਨੂੰ ਦਿੱਤੇ ਗਏ ਹਨ। ਇਸਤੋਂ ਇਲਾਵਾ ਉਨ੍ਹਾਂ ਸ਼ਹਿਰ ’ਚ ਬਣਨ ਵਾਲੇ ਨਵੇਂ ਬੱਸ ਅੱਡੇ ਤੇ ਪੁਲਾਂ ਸਹਿਤ ਹੋਰ ਵੱਡੇ ਪ੍ਰੋਜੈਕਟਾਂ ਬਾਰੇ ਵੀ ਐਲਾਨ ਕਰਦਿਆਂ ਦਸਿਆ ਕਿ ਬੱਸ ਸਟੈਂਡ ਲਈ ਜਮੀਨ ਵਿਚੋਂ ਬਿਜਲੀ ਦੀਆਂ ਤਾਰਾਂ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਜਲਦੀ ਹੀ ਇਸਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸੇ ਤਰ੍ਹਾਂ ਮੁਲਤਾਨੀਆਂ ਪੁਲ ਨੂੰ ਨਵੇਂ ਸਿਰਿਓ ਬਣਾਉਣ ਦੇ ਟੈਂਡਰ ਖੁੱਲ ਚੁੱਕੇ ਹਨ ਤੇ ਜਲਦੀ ਹੀ ਪਿੱਲਰਾਂ ’ਤੇ ਬਣਨ ਵਾਲੇ ਇਸ ਪੁਲ ਦਾ ਕੰਮ ਸ਼ੁਰੂ ਹੋ ਜਾਵੇਗਾ। ਕਰੀਬ 40 ਸਾਲਾਂ ਤੋਂ ਸ਼ਹਿਰ ਦੇ ਜਨਤਾ ਨਗਰ ਇਲਾਕੇ ਵਿਚ ਬਣਨ ਵਾਲੇ ਇੱਕ ਹੋਰ ਪੁਲ ਦਾ ਪ੍ਰੋਜੈਕਟ ਵੀ ਤਿਆਰ ਹੋਣ ਬਾਰੇ ਦਸਦਿਆਂ ਵਿਧਾਇਕ ਸ: ਗਿੱਲ ਨੇ ਦਸਿਆ ਕਿ ਕੇਸ ਤਿਆਰ ਕਰਕੇ ਰੇਲਵੇ ਵਿਭਾਗ ਨੂੰ ਭੇਜ ਦਿੱਤਾ ਗਿਆ ਤੇ ਇਸ ਉਪਰ ਵੀ ਬਹੁਤ ਜਲਦੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਸ਼ਹਿਰ ਦੇ ਵਿਕਾਸ ਕੰਮਾਂ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਉਨ੍ਹਾਂ ਨਾਲ ਕੋਂਸਲਰ ਸੁਖਦੀਪ ਸਿੰਘ ਢਿੱਲੋਂ, ਐਕਸੀਅਨ ਵਿਪਨ ਖੰਨਾ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਸਿੰਘ ਰਾਜਨ, ਸੀਨੀਅਰ ਆਗੂ ਗੁਰਅਵਤਾਰ ਸਿੰਘ ਗੋਗੀ, ਐਡਵੋਕੇਟ ਗੁਰਲਾਲ ਸਿੰਘ ਆਦਿ ਵੀ ਹਾਜ਼ਰ ਸਨ।
ਵਿਧਾਇਕ ਜਗਰੂਪ ਗਿੱਲ ਵਲੋਂ ਰਜਿੰਦਰਾ ਕਾਲਜ਼ ਕੈਂਪਸ ’ਚ ਸੜਕਾਂ ਦੀਆਂ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ
ਬਠਿੰਡਾ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਖੇਤਾਂ ਵਿਚ ਸੁੱਟੀ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਬਠਿੰਡਾ ਦੀ ਰਿੰਗ ਰੋਡ ਦੇ ਨਜਦੀਕ ਬਾਦਲ ਰੋਡ ਉਪਰ ਸਥਿਤ ਖੇਤਾਂ ਵਿਚੋਂ ਇੱਕ ਨੌਜਵਾਨ ਦੀ ਲਾਵਾਰਿਸ ਹਾਲਾਤਾਂ ਵਿਚ ਲਾਸ ਬਰਾਮਦ ਹੋਣ ਦੀ ਸੂਚਨਾ ਹੈ। ਇਹ ਲਾਸ਼ ਖੇਤ ’ਚ ਬਣੇ ਤੂੜੀ ਵਾਲੇ ਕਮਰੇ ਵਿੱਚ ਪਈ ਹੋਈ ਸੀ, ਜੋਕਿ ਕਾਫ਼ੀ ਪੁਰਾਣੀ ਜਾਪਦੀ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਅਤੇ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰਾਂ ਦੀ ਟੀਮ ਮੌਕੇ ’ਤੇ ਪੁੱਜੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁੱਢਲੇ ਤੌਰ ’ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਜਾਪਦਾ ਹੈ, ਕਿਉਂਕਿ ਉਸਦੇ ਸਰੀਰ ਉਪਰ ਕਈ ਥਾਵਾਂ ਤੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ’ਤੇ ਐਸ. ਪੀ. ਡੀ ਅਜੈ ਗਾਂਧੀ, ਡੀ.ਐਸ.ਪੀ. ਵਿਸ਼ਵਜੀਤ ਸਿੰਘ ਸਮੇਤ ਫੋਰੈਂਸਿਕ ਸਪੈਸ਼ਲਿਸਟ ਦੀ ਟੀਮ ਪੁੱਜੀ, ਜਿੰਨ੍ਹਾਂ ਵਲੋਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਜਾਪਦਾ ਹੈ ਕਿ ਮ੍ਰਿਤਕ ਨੌਜਵਾਨ ਦਾ ਕਤਲ ਕਿਸੇ ਹੋਰ ਜਗ੍ਹਾਂ ਕੀਤਾ ਗਿਆ ਹੈ ਤੇ ਜਿਸਤੋਂ ਬਾਅਦ ਖੇਤਾਂ ਵਿਚਲੇ ਤੂੜੀ ਵਾਲੇ ਕੋਠੇ ਚ ਸੁੱਟ ਦਿੱਤਾ ਗਿਆ ਹੈ। ਮਿਰਤਕ ਕੋਲੋਂ ਕੋਈ ਅਜਿਹੀ ਚੀਜ਼ ਬਰਾਮਦ ਨਹੀਂ ਹੋਈ ਜਿਸ ਨਾਲ ਮ੍ਰਿਤਕ ਦੀ ਪਹਿਚਾਣ ਹੋ ਸਕੇ। ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਹਾਰਾ ਵਰਕਰਾਂ ਦੀ ਮੱਦਦ ਨਾਲ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾਇਆ ਗਿਆ। ਇਸ ਮਾਮਲੇ ਵਿੱਚ ਪੁਲੀਸ ਘਟਨਾ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਫ਼ਿਲਹਾਲ ਇਸ ਘਟਨਾ ਦੇ ਸਬੰਧ ਵਿਚ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁਧ ਧਾਰਾ 302 ਅਤੇ 201 ਆਈ.ਪੀ.ਸੀ ਤਹਿਤ ਜਮੀਨ ਦੇ ਮਾਲਕ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਥਾਣਾ ਵਿੱਚ ਭਾਕਿਯੂ ਉਗਰਾਹਾਂ ਵੱਲੋ ਅੱਜ ਕੀਤਾ ਜਾਵੇਗਾ ਬ੍ਰਿਜ ਭੂਸ਼ਣ ਵਿਰੁਧ ਮੁਜ਼ਾਹਰਾ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਨਥਾਣਾ ਬਲਾਕ ਦੀ ਮੀਟਿੰਗ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਦੀ ਪ੍ਰਧਾਨਗੀ ਹੇਠ ਨਥਾਣਾ ਤਹਿਸੀਲ ਵਿੱਚ ਕੀਤੀ ਗਈ।ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਬਲਾਕ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿਚ ਸੋਨਾ/ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਉੱਤੇ ਮੋਦੀ ਦੇ ਇਸ਼ਾਰੇ ’ਤੇ ਬੀਤੇ ਦਿਨ ਢਾਹੇ ਗਏ ਅਣਮਨੁੱਖੀ ਪੁਲਿਸ ਤਸ਼ੱਦਦ ਅਤੇ ਧਰਨੇ ’ਤੇ 35 ਦਿਨਾਂ ਤੋਂ ਬੈਠੀਆਂ ਸਿਰੜੀ ਕੁੜੀਆਂ ਦੀ ਉਨ੍ਹਾਂ ਨਾਲ ਜਿਣਸੀ ਸ਼ੋਸ਼ਣ ਦੇ ਇਖਲਾਕੀ ਜੁਰਮ ਲਈ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਦੀ ਹੱਕੀ ਮੰਗ ਮੰਨਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਪੁਲਸੀ ਬੂਟਾਂ ਥੱਲੇ ਦਰੜ ਕੇ ਧਰਨਾ ਖਦੇੜਨ ਦੀ ਜਾਬਰ ਕਾਰਵਾਈ ਨੂੰ ਸਿਰੇ ਦੀ ਇਖਲਾਕਹੀਣ ਕਾਰਵਾਈ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ 5 ਜੂਨ ਨੂੰ ਨਥਾਣਾ ਵਿੱਚ ਭਾਰੀ ਗਿਣਤੀ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਬ੍ਰਿਜ ਭੂਸ਼ਨ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤਾ ਜਾਵੇਗਾ। ਕਿਸਾਨ ਆਗੂਆਂ ਅਨੁਸਾਰ ਜਥੇਬੰਦੀ ਵੱਲੋਂ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਸਰਕਾਰੀ ਜਬਰ ਜ਼ੁਲਮ ਵਿਰੁੱਧ ਆਪਣਾ ਹੱਕੀ ਰੋਸ ਜ਼ਾਹਰ ਕਰਨ ਅਤੇ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਖਾਤਰ ਪਹਿਲਵਾਨ ਕੁੜੀਆਂ ਵੱਲੋਂ ਐਲਾਨ ਕੀਤੇ ਜਾਣ ਵਾਲੇ ਅਗਲੇ ਸੰਘਰਸ਼ ਪ੍ਰੋਗਰਾਮ ਦੀ ਵੀ ਡਟਵੀਂ ਹਿਮਾਇਤ ਕੀਤੀ ਜਾਵੇਗੀ। ਮੀਟਿੰਗ ਵਿੱਚ ਸਾਰੇ ਹੀ ਪਿੰਡ ਕਮੇਟੀਆਂ ਦੇ ਆਗੂ ਮਰਦ ਔਰਤਾਂ ਹਾਜ਼ਿਰ ਸਨ।
ਬਠਿੰਡਾ ਜੇਲ੍ਹ ’ਚ ਬੰਦ ਚਾਰ ਦਰਜ਼ਨ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਮੁੜ 1 ਜੂਨ ਤੋਂ ਭੁੱਖ ਹੜਤਾਲ ਸ਼ੁਰੂ
ਬੈਰਕਾਂ ’ਚ ਟੈਲੀਵੀਯਨ ਲਗਾਉਣ ਤੇ ਫ਼ੋਨ ’ਤੇ ਗੱਲ ਕਰਨ ਦਾ ਸਮਾਂ ਵਧਾਉਣ ਦੀ ਕੀਤੀ ਜਾ ਰਹੀ ਹੈ ਮੰਗ
ਤੀਜ਼ੀ ਵਾਰ ਕੀਤੀ ਹੈ ਹੜਤਾਲ, ਜੇਲ੍ਹ ਵਿਭਾਗ ਨੇ ਟੈਲੀਵੀਯਨ ਲਗਾਉਣ ਲਈ ਬਣਾਈ ਕਮੇਟੀ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਬੰਦ ਸੂਬੇ ਦੇ ਚਾਰ ਦਰਜ਼ਨ ਤੋਂ ਵਧ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਲੰਘੀ 15 ਮਈ ਨੂੰ ਜੇਲ੍ਹ ਅਧਿਕਾਰੀਆਂ ਵਲੋਂ 30 ਮਈ ਤੱਕ ਮੰਗਾਂ ਪੂਰੀਆਂ ਕਰਨ ਦੇ ਦਿੱਤੇ ਭਰੋਸੇ ਨੂੰ ਪੂਰਾ ਨਾ ਕਰਨ ਦੇ ਰੋਸ਼ ਵਜੋਂ ਇੰਨ੍ਹਾਂ ਗੈਂਗਸਟਰਾਂ ਵਲੋਂ ਹੁਣ 1 ਜੂਨ ਤੋਂ ਤੀਜ਼ੀ ਵਾਰ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸਤੋਂ ਇਲਾਵਾ ਲੰਘੀ 10 ਮਈ ਤੋਂ 15 ਮਈ ਤੱਕ ਭੁੱਖ ਹੜਤਾਲ ਕੀਤੀ ਗਈ ਸੀ, ਜਿਸਨੂੰ ਬਠਿੰਡਾ ਦੀ ਏਡੀਸੀ ਮੈਡਮ ਪੱਲਵੀ ਅਤੇ ਐਸ.ਪੀ ਅਜੈ ਗਾਂਧੀ ਦੀ ਅਗਵਾਈ ਹੇਠ ਬਣੀ ਟੀਮ ਨੇ ਖ਼ਤਮ ਕਰਵਾਇਆ ਸੀ। ਇੱਕ ਵਾਰ ਅਪ੍ਰੈਲ ਮਹੀਨੇ ਵਿਚ ਵੀ ਇੰਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਸੀ। ਉਧਰ ਹੁਣ ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਤੋਂ ਬਾਅਦ ਹੀ ਹੜਤਾਲ ਖ਼ਤਮ ਕਰਨਗੇ। ਇਹ ਵੀ ਪਤਾ ਚੱਲਿਆ ਹੈ ਕਿ ਸੂਬੇ ਦੇ ਜੇਲ੍ਹ ਵਿਭਾਗ ਵਲੋਂ ਇੰਨ੍ਹਾਂ ਹੜਤਾਲੀ ਗੈਂਗਸਟਰਾਂ ਦੇ ਮਾਮਲੇ ਨੂੰ ਹੱਲ ਕਰਨ ਲਈ ਜੇਲ੍ਹ ਵਿਭਾਗ ਦੇ ਆਈ.ਜੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ, ਜਿਸਦੇ ਵਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਗੈਂਗਸਟਰਾਂ ਦੀਆਂ ਬੈਰਕਾਂ ਦੇ ਵਿਚ ਟੈਲੀਵੀਯਨ ਲਗਾਉਣ ਦਾ ਭਰੋਸਾ ਦਿੱਤਾ ਹੈ। ਪਤਾ ਚੱਲਿਆ ਹੈ ਕਿ ਇਸ ਕਮੇਟੀ ਵਲੋਂ ਟੀਵੀ ਦੀ ਖ਼ਰੀਦ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਨਿਯਮਾਂ ਮੁਤਾਬਕ ਹਾਈ ਸਕਿਉਰਟੀ ਜੋਨ ਵਿਚ ਬੰਦ ਅਪਰਾਧੀਆਂ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਕੁੱਲ 30 ਸੈੱਲ ਅਤੇ 5 ਬੈਰਕਾਂ ਬਣੀਆਂ ਹੋਈਆਂ ਹਨ। ਜੇਲ੍ਹ ਅਧਿਕਾਰੀਆਂ ਦੀ ਕਮੇਟੀ ਵਲੋਂ ਇੰਨ੍ਹਾਂ ਪੰਜਾਂ ਬੈਰਕਾਂ ਵਿਚ ਟੈਲੀਵੀਯਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੜਤਾਲ ’ਤੇ ਬੈਠੇ ਗੈਂਗਸਟਰਾਂ ਵਲੋਂ ਹਰ ਸੈੱਲ ਵਿਚ ਟੈਲੀਵੀਯਨ ਦੀ ਮੰਗ ਕੀਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਇਕੱਲੇ-ਇਕੱਲੇ ਨੂੰ ਬੰਦ ਕਰਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੇਲ੍ਹ ਅੰਦਰ ਨਿਯਮਾਂ ਦੇ ਉਲਟ ਜਾ ਕੇ ਉਨ੍ਹਾਂ ਨੂੰ ਮਿਲੇ ਹੋਏ ਮਨੁੱਖੀ ਅਧਿਕਾਰਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ। ਇਸ ਮਾਮਲੇ ਵਿਚ ਕਈ ਵਾਰ ਕੋਸ਼ਿਸ ਕਰਨ ਦੇ ਬਾਵਜੂਦ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।
ਬਾਕਸ
ਕੀ ਹਨ ਗੈਂਗਸਟਰਾਂ ਦੀਆਂ ਮੰਗਾਂ
ਬਠਿੰਡਾ: ਭੁੱਖ ਹੜਤਾਲ ’ਤੇ ਬੈਠੇ ਇੰਨ੍ਹਾਂ ਗੈਂਗਸਟਰਾਂ ਵਲੋਂ ਜੇਲ੍ਹ ਅੰਦਰ ਬਣੇ ਹਾਈ ਸਕਿਉਰਟੀ ਜੋਨ ਦੇ ਹਰੇਕ ਸੈੱਲ ਅੰਦਰ ਟੈਲੀਵੀਯਨ ਲਗਾਉਣ ਤੋਂ ਇਲਾਵਾ ਜੇਲ੍ਹ ਅੰਦਰੋਂ ਟੈਲੀਫ਼ੋਨ ਰਾਹੀਂ 10 ਮਿੰਟ ਅਪਣੇ ਪ੍ਰਵਾਰ ਤੇ ਵਕੀਲ ਨਾਲ ਗੱਲਬਾਤ ਕਰਨ ਦੀ ਦਿੱਤੀ ਜਾ ਰਹੀ ਸਹੂਲਤ ਨੂੰ ਵਧਾ ਕੇ 15 ਮਿੰਟ ਕਰਨ ਅਤੇ ਗੱਲ ਵਾਲੇ ਵਿਅਕਤੀਆਂ ਦੀ ਲਿਸਟ ਵੀ 5 ਤੋਂ ਵਧਾ ਕੇ 10 ਕਰਨ ਲਈ ਕਿਹਾ ਜਾ ਰਿਹਾ। ਇਸੇ ਤਰ੍ਹਾਂ ਇੱਕ ਹੋਰ ਮੰਗ ਵਿਚ ਇੰਨ੍ਹਾਂ ਨੂੰ ਹਫ਼ਤੇ ’ਚ ਜੇਲ੍ਹ ਦੇ ਕੰਟੀਨ ਵਿਚੋਂ ਸਮਾਨ ਖ਼ਰੀਦਣ ਲਈ 1500 ਰੁਪਏ ਖਰਚਣ ਦੀ ਦਿੱਤੀ ਸਹੂਲਤ ਨੂੰ ਵਧਾ ਕੇ 2500 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜੇਲ੍ਹ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਅਪਣੇ ਪ੍ਰਵਾਰ ਤੇ ਵਕੀਲ ਨਾਲ ਗੱਲਬਾਤ ਕਰਨ ਲਈ ਪਹਿਲਾਂ ਹੀ ਸਭ ਤੋਂ ਵਧ 10-10 ਮਿੰਟ ਦਾ ਸਮਾਂ ਦਿੱਤਾ ਜਾ ਰਿਹਾ, ਜਦੋਂਕਿ ਦਿੱਲੀ ਅਤੇ ਕਈ ਹੋਰ ਸੂਬਿਆਂ ਵਿਚ ਇਹ ਸਮਾਂ ਸਿਰਫ਼ 5 ਮਿੰਟ ਦਾ ਹੀ ਹੈ।
ਬਾਕਸ
ਬਠਿੰਡਾ ਜੇਲ੍ਹ ਵਿਚ ਪੰਜਾਬ ਦੇ ਖ਼ਤਰਨਾਕ ਗੈਂਗਸਟਰ ਹਨ ਬੰਦ
ਬਠਿੰਡਾ: ਦਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੂਰੇ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਲਿਆ ਕੇ ਸੂਬੇ ਦੇ ਖ਼ਤਰਨਾਕ ਮੰਨੇ ਜਾਂਦੇ ਏ, ਬੀ ਅਤੇ ਸੀ ਕੈਟਾਗਿਰੀ ਦੇ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਬੰਦ ਕੀਤਾ ਗਿਆ ਸੀ। ਇਸ ਦੌਰਾਨ ਕਈ ਵਾਰ ਇੰਨ੍ਹਾਂ ’ਚ ਆਪਸੀ ਗਰੁੱਪਬਾਜ਼ੀ ਕਾਰਨ ਖ਼ਤਰਨਾਕ ਲੜਾਈਆਂ ਵੀ ਹੋ ਚੁੱਕੀਆਂ ਹਨ। ਜਿਸਦੇ ਚੱਲਦੇ ਹਰੇਕ ਗਰੁੱਪ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਜੋਨ ਦੀਆਂ ਅਲੱਗ ਅਲੱਗ ਬੈਰਕਾਂ ਵਿਚ ਰੱਖਿਆਂ ਜਾਂਦਾ ਹੈ। ਇੰਨ੍ਹਾਂ ਖ਼ਤਰਨਾਕ ਗੈਂਗਸਟਰਾਂ ਵਿਚ ਜੱਗੂ ਭਗਵਾਨੀਆਂ ਪੁਰੀਆਂ, ਗੁਰਪ੍ਰੀਤ ਸੇਖੋ, ਸਾਰਜ ਮਿੰਟੂ, ਦਿਲਪ੍ਰੀਤ ਬਾਬਾ ਆਦਿ ਸਹਿਤ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮਾਸਟਰਮਾਈਡ ਲਾਰੇਂਸ ਬਿਸਨੋਈ ਵੀ ਇੱਥੇ ਹੀ ਬੰਦ ਸੀ, ਜਿਸਨੂੰ ਕੁੱਝ ਦਿਨ ਪਹਿਲਾਂ ਐਨ.ਆਈ.ਏ ਦੀ ਟੀਮ ਲੈ ਕੇ ਗਈ ਸੀ।
ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ
ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਵੱਖ-ਵੱਖ ਮਾਮਲੇ ਫੜੇ: ਲਾਲਜੀਤ ਸਿੰਘ ਭੁੱਲਰ
ਬੱਸ ਚਲਾਉਂਦਿਆਂ ਮੋਬਾਈਲ ਸੁਣ ਕੇ ਸਵਾਰੀਆਂ ਨੂੰ ਖ਼ਤਰੇ ਵਿੱਚ ਪਾਉਂਦਾ ਡਰਾਈਵਰ ਫੜਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਜੂਨ:ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗਠਤ ਕੀਤੇ ਗਏ ‘ਮਨਿਸਟਰਜ਼ ਫ਼ਲਾਇੰਗ ਸਕੁਐਡ ’ ਨੇ ਸਰਕਾਰੀ ਬੱਸ ਵਿੱਚੋਂ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਵੱਖ-ਵੱਖ ਮਾਮਲੇ ਰਿਪੋਰਟ ਕੀਤੇ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੰਗਾਨਗਰ (ਰਾਜਸਥਾਨ) ਦੇ ਬੱਸ ਸਟੈਂਡ ਵਿਖੇ ਲੰਘੀ ਰਾਤ ਚੈਕਿੰਗ ਦੌਰਾਨ ਪੰਜਾਬ ਰੋਡਵੇਜ਼ ਚੰਡੀਗੜ੍ਹ ਦੀ ਬੱਸ ਨੰਬਰ ਪੀ.ਬੀ-65 ਏ.ਡੀ 2125 ਵਿੱਚੋਂ ਲਗਭਗ 20 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਅਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ।ਇਸੇ ਤਰ੍ਹਾਂ ਨਾਹਨ (ਹਿਮਾਚਲ ਪ੍ਰਦੇਸ਼) ਵਿਖੇ ਚੈਕਿੰਗ ਦੌਰਾਨ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ.ਬੀ-02ਡੀ.ਆਰ 2798 ਦੇ ਕੰਡਕਟਰ ਹਰਪਾਲ ਸਿੰਘ ਨੂੰ ਟਿਕਟ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤਾ ਗਿਆ ਹੈ। ਉਸ ਨੇ ਸਵਾਰੀਆਂ ਤੋਂ 98 ਰੁਪਏ ਤਾਂ ਲੈ ਲਏ ਪਰ ਉਨ੍ਹਾਂ ਨੂੰ ਟਿਕਟ ਨਹੀਂ ਸੀ ਦਿੱਤੀ। ਸਰਹਿੰਦ ਪੁਲ ’ਤੇ ਕੀਤੀ ਗਈ ਚੈਕਿੰਗ ਦੌਰਾਨ ਮੋਗਾ ਡਿਪੂ ਦੀ ਬੱਸ ਨੰਬਰ-ਪੀ.ਬੀ-04-ਏ.ਈ 1999 ਨੂੰ ਨਿਰਧਾਰਤ ਰੂਟ ਨਾਲੋਂ ਬਦਲਵੇਂ ਰੂਟ ’ਤੇ ਚੱਲਣ ਲਈ ਰਿਪੋਰਟ ਕੀਤਾ ਗਿਆ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਸੁਣਨ ਦੇ ਮਾਮਲੇ ਵਿੱਚ ਵੀ ਇੱਕ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਗਵਾੜਾ ਵਿਖੇ ਚੈਕਿੰਗ ਦੌਰਾਨ ਪੀ.ਆਰ.ਟੀ.ਸੀ. ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀ.ਬੀ-10-ਐਫ.ਐਫ 3936 ਦਾ ਡਰਾਈਵਰ ਵਿਨੋਦ ਕੁਮਾਰ ਬੱਸ ਚਲਾਉਣ ਸਮੇਂ ਫੋਨ ਸੁਣਦਾ ਪਾਇਆ ਗਿਆ, ਜੋ ਸਿੱਧੇ ਤੌਰ ’ਤੇ ਸਵਾਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਿਹਾ ਸੀ। ਇਸ ਤੋਂ ਇਲਾਵਾ ਬਿਨਾਂ ਟਿਕਟ ਸਵਾਰੀਆਂ ਨੂੰ ਵੀ ਜੁਰਮਾਨਾ ਕੀਤਾ ਗਿਆ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਕਾਰਵਾਈ ਦੇ ਆਦੇਸ਼ ਦੇ ਦਿੱਤੇ ਗਏ ਹਨ।
ਝੋਨੇ ਦੀ ਸਿੱਧੀ ਬਿਜਾਈ ਨਾਲ ਦੂਹਰਾ ਫਾਇਦਾ ਹੁੰਦਾ ਹੈ-ਡਾ: ਜਗਪਾਲ ਸਿੰਘ
ਭੂਮੀ ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ : ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਦੂਹਰਾ ਫਾਇਦਾ ਹੁੰਦਾ ਹੈ, ਪਹਿਲਾ ਅਜਿਹਾ ਕਰਨ ਨਾਲ ਦਸ ਤੋਂ ਵੀਹ ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ, ਦੂਸਰਾ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਇਹ ਜਾਣਕਾਰੀ ਡਾ: ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਬਠਿੰਡਾ ਨੇ ਕਿਸਾਨਾਂ ਨੂੰ ਦਿੱਤੀ। ਉਹ ਡਿਪਟੀ ਕਮਿਸਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਸਲਾਹ ਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇੇ ਨਿਰਦੇਸਾਂ ਤੇ ਡਾ: ਦਿਲਬਾਗ ਸਿੰਘ ਹੀਰ ਦੀ ਦੇਖ ਰੇਖ ਹੇਠ ਪਿੰਡ ਬਹਿਮਣ ਦੀਵਾਨਾ ਵਿਖੇ ਡਾ: ਬਲਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਲਗਾਏ ਕਿਸਾਨ ਸਿਖਲਾਈ ਕੈਂਪ ਨੂੰ ਸੰਬੋਧਨ ਕਰ ਰਹੇ ਸਨ। ਡਾ: ਜਗਪਾਲ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਅਜਿਹਾ ਕਰਨ ਨਾਲ ਧਰਤੀ ਹੇਠਲਾ ਪਾਣੀ ਜਿਆਦਾ ਰੀਚਾਰਜ ਹੁੰਦਾ ਹੈ, ਜੋ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਰੋਕਣ ਲਈ ਅਹਿਮ ਕਦਮ ਸਿੱਧ ਹੋ ਸਕਦਾ ਹੈ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਝੋਨੇ ਦੀ ਬਿਜਾਈ ਦਰਮਿਆਨੀਆਂ ਤੇ ਭਾਰੀ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ, ਹਲਕੀਆਂ ਜ਼ਮੀਨਾਂ ਵਿੱਚ ਲੋਹੇ ਤੇ ਜਿੰਕ ਦੀ ਘਾਟ ਜਿਆਦਾ ਆਉਂਦੀ ਹੈ। ਉਹਨਾਂ ਕਿਸਾਨਾਂ ਨੂੰ ਰਾਇ ਦਿੱਤੀ ਕਿ ਸਿੱਧੀ ਬਿਜਾਈ ਤੋਂ ਪਹਿਲਾਂ ਬੀਜ ਨੂੰ 12 ਘੰਟਿਆਂ ਲਈ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਿਊ ਐੱਸ ਨਾਲ ਸੋਧ ਲੈਣ, ਤਾਂ ਜੋ ਬੀਜ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਨਦੀਨ ਪ੍ਰਬੰਧਣ ਦਾ ਸੰਵੇਦਨਸ਼ੀਲ ਸਮਾਂ 20 ਤੋਂ 60 ਦਿਨ ਹੈ, ਇਸ ਸਮੇਂ ਦੌਰਾਨ ਨਦੀਨਾਂ ਦਾ ਖੇਤ ਵਿੱਚ ਰਹਿਣਾ ਨਰਮੇਂ ਦੇ ਵਾਧੇ ਤੇ ਮਾੜਾ ਅਸਰ ਪਾਉਂਦਾ ਹੈ। ਕਿਸਾਨ ਖੇਤਾਂ ਦੁਆਲੇ ਉੱਗੇ ਤਾਂਦਲਾ, ਇੱਟ ਸਿੱਟ, ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ ਆਦਿ ਨੂੰ ਨਸ਼ਟ ਕਰ ਦੇਣ। ਗੁਰਮਿਲਾਪ ਸਿੰਘ ਬਲਾਕ ਟੈਕਨਾਲੌਜੀ ਮੈਨੇਜਰ ਬਲਾਕ ਬਠਿੰਡਾ ਨੇ ਸਲਾਹ ਦਿੱਤੀ ਕਿ ਖੇਤ ਦੀ ਮਿੱਟੀ ਦੀ ਪਰਖ ਜਰੂਰ ਕਰਵਾਉਣ ਅਤੇ ਭੂਮੀ ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦੀ ਸੁਚੱਜੀ ਵਰਤੋਂ ਕਰਨ, ਤਾਂ ਜੋ ਬੇਲੋੜੀਆਂ ਖਾਦਾਂ ਦੀ ਵਰਤੋਂ ਨੂੰ ਘਟਾਇਆ ਜਾ ਸਕੇ। ਉਹਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 15 ਸੌ ਰੁਪਏ ਪ੍ਰਤੀ ਏਕੜ ਮਾਣਭੱਤਾ ਦਿੱਤਾ ਜਾਵੇਗਾ, ਜਿਸਦੀ ਆਨਲਾਈਨ ਪੋਰਟਲ ਤੇ ਰਜ਼ਿਸਟਰੇਸ਼ਨ ਦੀ ਆਖ਼ਰੀ ਮਿਤੀ 24 ਜੂਨ ਹੈ। ਇਸ ਮੌਕੇ ਸ੍ਰੀ ਮਨੋਜ ਕੁਮਾਰ ਜੂਨੀਅਰ ਟੈਕਨੀਸ਼ੀਅਨ, ਸ੍ਰੀ ਕੁਲਵੰਤ ਸਿੰਘ ਸੁਪਰਵਾਈਜ਼ਰ, ਕਿਸਾਨ ਮਿੱਤਰ ਸ੍ਰੀ ਗੁਰਵਿੰਦਰ ਸਿੰਘ ਤੇ ਗੁਰਜੀਤ ਸਿੰਘ ਸਮੇਤ ਪਤਵੰਤੇ ਸੱਜਣ ਤੇ ਅਗਾਂਹਵਧੂ ਕਿਸਾਨ
ਵਾਤਾਵਰਣ ਦਿਵਸ ਨੂੰ ਸਮਰਪਿਤ ਪਲਾਸਟਿਕ ਵੇਸਟ ਫਰੀ ਜਾਗਰੂਕਤਾ ਰੈਲੀ ਕੱਢੀ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ : ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐੱਨ. ਐਸ. ਐਸ ਯੂਨਿਟਾਂ, ਰੈੱਡ ਰਿਬਨ ਕਲੱਬਾਂ, ਯੂਥ ਕਲੱਬਾਂ ਅਤੇ ਸ਼ੋਸ਼ਲ ਐਂਟਰਪਰਿਨਿਊਰਸ਼ਿਪ, ਸਵੱਛਤਾ ਅਤੇ ਰੂਰਲ ਅੰਗੇਜਮੈਂਟ ਸੈੱਲ ਵਲੋਂ ਐੱਨ. ਐਸ. ਐਸ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ, ਨੋਡਲ ਅਫ਼ਸਰ ਸੁਮਨ ਗਰਗ ਅਤੇ ਐੱਨ. ਐਸ. ਐਸ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ਮਿਸ਼ਨ ਲਾਈਫ ਅਤੇ ਵਾਤਾਵਰਣ ਦਿਵਸ ਨੂੰ ਸਮਰਪਿਤ ਪਲਾਸਟਿਕ ਫਰੀ ਇੰਡੀਆ ਰੈਲੀ ਕੱਢੀ ਗਈ । ਵਲੰਟੀਅਰਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖ ਸਕੀਏ । ਨਾਲ ਹੀ ਵਲੰਟੀਅਰਾਂ ਨੇ ਘਰਾਂ ਵਿੱਚੋਂ ਪਲਾਸਟਿਕ ਇਕੱਠਾ ਕੀਤਾ ਅਤੇ ਕਈ ਤਰ੍ਹਾਂ ਦੇ ਪੌਦੇ ਵੰਡੇ । ਇਸ ਰੈਲੀ ਵਿੱਚ ਲਗਭਗ 15 ਵਲੰਟੀਅਰ ਸ਼ਾਮਿਲ ਰਹੇ । ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਜਨਰਲ ਸਕੱਤਰ ਸਤੀਸ਼ ਅਰੋੜਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਵਲੰਟੀਅਰਾਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਅੱਗੇ ਤੋਂ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਜਿਹੀਆਂ ਰੈਲੀਆਂ ਕੱਢਣ ਦੀ ਪ੍ਰੇਰਣਾ ਦਿੱਤੀ ।
ਕੇਂਦਰੀ ਯੂਨੀਵਰਸਿਟੀ ਵਿਖੇ ਵਿਸ਼ਵ ਸਾਈਕਲ ਦਿਵਸ 2023 ਮੌਕੇ ਸਾਈਕਲ ਰੈਲੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ : ਵਿਸ਼ਵ ਸਾਈਕਲ ਦਿਵਸ 2023 ਦੇ ਮੌਕੇ ’ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨਿਕਾਲੀ ਗਈ ਸਾਈਕਲ ਰੈਲੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ, ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਸਮਾਗਮ ਸਾਈਕਲਿੰਗ ਅਤੇ ਸਰੀਰਕ ਗਤੀਵਿਧੀ ਨਾਲ ਜੁੜੇ ਫਾਇਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੱਦੇ ’ਤੇ ਦੇਸ਼ ਭਰ ਵਿੱਚ ਆਯੋਜਿਤ ਕੀਤੇ ਗਏ ਸਾਈਕਲਿੰਗ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ।ਇਸ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਲਈ ਯੂਨੀਵਰਸਿਟੀ ਦੇ ਸਾਈਕਲ ਪ੍ਰੇਮੀ ਨੌਜਵਾਨ ਸ਼ਨੀਵਾਰ ਸਵੇਰੇ ਯੂਨੀਵਰਸਿਟੀ ਹੋਸਟਲ ਗੇਟ ’ਤੇ ਇਕੱਠੇ ਹੋਏ। ਸਾਈਕਲ ਰੈਲੀ ਦਾ ਉਦਘਾਟਨ ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕੀਤਾ। ਉਹਨਾਂ ਨੇ ਕਿਹਾ ਕਿ ਸਾਈਕਲਿੰਗ ਇੱਕ ਕਸਰਤ ਹੈ ਜੋ ਸਾਨੂੰ ਚੁਸਤ ਰੱਖਦੀ ਹੈ ਅਤੇ ਇਹ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੀ ਹੈ।ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਖੁਦ ਵਿਦਿਆਰਥੀਆਂ ਨਾਲ ਸਾਈਕਲ ਰੈਲੀ ਦੀ ਅਗਵਾਈ ਕੀਤੀ। ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਸਾਈਕਲ ਰੈਲੀ ਯੂਨੀਵਰਸਿਟੀ ਹੋਸਟਲ ਦੇ ਮੁੱਖ ਗੇਟ ਤੋਂ ਸ਼ੁਰੂ ਕੀਤੀ ਗਈ। ਸਾਈਕਲ ਸਵਾਰਾਂ ਨੇ ਹਰਿਆਲੀ ਨਾਲ ਘਿਰੀ ਯੂਨੀਵਰਸਿਟੀ ਦੇ ਸਮੁੱਚੇ ਸੜਕੀ ਨੈੱਟਵਰਕ ਦਾ ਚੱਕਰ ਲਾਇਆ। ਸਾਈਕਲ ਰੈਲੀ ਯੂਨੀਵਰਸਿਟੀ ਦੇ ਅਕਾਦਮਿਕ ਬਲਾਕ ਵਿਖੇ ਸਮਾਪਤ ਹੋਈ। ਰੈਲੀ ਦੀ ਸਮਾਪਤੀ ਉਪਰੰਤ ਸਾਰੇ ਭਾਗੀਦਾਰਾਂ ਨੂੰ ਲੱਸੀ ਵਰਤਾਈ ਗਈ। ਇਸ ਮੌਕੇ ਡਾ: ਵਿਕਾਸ ਰਾਠੀ, ਡਾ. ਪੁਸ਼ਪਿੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਰੈਲੀ ਨੇ ਭਾਗੀਦਾਰਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।
ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਲਕੇ ਵੱਖ-ਵੱਖ ਪ੍ਰਾਜੈਕਟਾਂ ਲਈ 1.05 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦੋ ਦਿਨਾਂ ਤੋਂ ਆਪਣੇ ਹਲਕੇ ਦੇ ਦੌਰੇ ਦੌਰਾਨ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਅਤੇ ਮੁਰੰਮਤ, ਕਮਿਊਨਿਟੀ ਸੈਂਟਰ, ਮੋਬਾਈਲ ਵਾਟਰ ਟੈਂਕ, ਸੀਵਰੇਜ ਤੇ ਹੋਰ ਕੰਮਾਂ ਵਾਸਤੇ ਐਮ ਪੀ ਲੈਡ ਫੰਡ ਵਿਚੋਂ 1.05 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ।ਉਨ੍ਹਾਂ ਕਿਹਾ ਕਿ ਇਸਦਾ ਮਕਸਦ ਹਲਕੇ ਦੇ ਲੋਕਾਂ ਦੀ ਲੋੜ ਅਨੁਸਾਰ ਮੁਕੰਮਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ਨਾਖ਼ਤ ਕਰਨਾ ਸੀ, ਜਿਸਦੇ ਲਈ ਲੋਕਾਂ ਤੋਂ ਫੀਡਬੈਕ ਲਈ ਗਈ ਜਿਸ ਮੁਤਾਬਕ ਐਮ ਪੀ ਲੈਡ ਫੰਡ ਖਰਚਣ ਵਾਸਤੇ ਤਜਵੀਜ਼ ਤਿਆਰ ਕੀਤੀ ਗਈ ਹੈ। ਬੀਬੀ ਬਾਦਲ ਨੇ ਕਿਹਾ ਕਿ ਹੋਰ ਕੰਮਾਂ ਤੋਂ ਇਲਾਕਾ ਸੰਗਤ ਮੰਡੀ ਵਿਚ ਸੜਕ ਦੇ ਨਿਰਮਾਣ ’ਤੇ 9 ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸੇ ਤਰੀਕੇ 10 ਲੱਖ ਰੁਪਏ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਗਹਿਰੀ ਬੁੱਟਰ ਅਤੇ ਕੋਠੇ ਨਥਿਆਣਾ ਪਿੰਡਾਂ ਵਿਚ ਗਲੀਆਂ ਦੀ ਉਸਾਰੀ ਵਾਸਤੇ ਦਿੱਤੇ ਗਏ ਹਨ। ਐਮ ਪੀ ਨੇ ਇਹ ਵੀ ਸਿਫਾਰਸ਼ ਕੀਤੀ ਕਿ 14.21 ਲੱਖ ਰੁਪਏ ਕਮਿਊਨਿਟੀ ਸੈਂਟਰ ਦੇ ਨਿਰਮਾਣ ’ਤੇ ਖਰਚੇ ਜਾਣ, 1.60 ਲੱਖ ਰੁਪਏ ਮੋਬਾਈਲ ਵਾਟਰ ਟੈਂਕ ਅਤੇ 1 ਲੱਖ ਰੁਪਏ ਆਰ ਓ ਲਾਉਣ ਵਾਸਤੇ ਖਰਚ ਕੀਤੇ ਜਾਣ ਤੇ ਇਹ ਤਿੰਨੋਂ ਕਾਰਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਵਿਚ ਮੁਕੰਮਲ ਕੀਤੇ ਜਾਣਗੇ।ਉਹਨਾਂ ਨੇ ਬਠਿੰਡਾ ਦੀ ਗੁੱਡਵਿਲ ਸੁਸਾਇਟੀ ਵਿਚ ਇਕ ਵਾਸ਼ਰੂਮ ਅਤੇ ਕਮਰੇ ਦੀ ਉਸਾਰੀ ਵਾਸਤੇ 10 ਲੱਖ ਰੁਪਏ ਖਰਚ ਕੀਤੇ ਜਾਣਗੇ, 10 ਲੱਖ ਰੁਪਏ ਬਠਿੰਡਾ ਦੇ ਪਿੰਡ ਸੰਗਤ ਕਲਾਂ ਵਿਚ ਸੀਵਰੇਜ ਵਾਸਤੇ ਖਰਚ ਕੀਤੇ ਜਾਣਗੇ, ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਵਿਚ ਕਮਰੇ ਦੀ ਉਸਾਰੀ ’ਤੇ 10 ਲੱਖ ਰੁਪਏ ਖਰਚ ਕੀਤੇ ਜਾਣਗੇ, ਗੋਨਿਆਣਾ ਖੁਰਦ (ਬਠਿੰਡਾ) ਵਿਚ ਜਿੰਮ ਦੇ ਸਮਾਨ ’ਤੇ 5 ਲੱਖ ਰੁਪਏ ਖਰਚ ਕੀਤੇ ਜਾਣਗੇ, ਪਿੰਡ ਜੰਡਾਲ ਵਾਲਾ ਵਿਚ ਮੰਡੀਆਂ ਦੇ ਫੜ ’ਤੇ 7 ਲੱਖ ਰੁਪਏ ਖਰਚ ਕੀਤੇ ਜਾਣਗੇ, ਪਿੰਡ ਘਮਿਆਰਾ ਵਿਚ ਸ਼ਮਸ਼ਾਨ ਘਾਟ ਦੇ ਸ਼ੈਡ ’ਤੇ 7 ਲੱਖ ਰੁਪਏ ਖਰਚ ਕੀਤੇ ਜਾਣਗੇ, ਫਤੂਹੀ ਖਹਿਰਾ ਵਿਚ ਸਟੇਡੀਅਮ ਦੀ ਚਾਰ ਦੀਵਾਰੀ ’ਤੇ 5 ਲੱਖ ਰੁਪਏ, ਬਰੇਟਾ ਮੰਡੀ ਵਿਚ ਸ਼ਮਸ਼ਾਨ ਘਾਟ ’ਤੇ 3 ਲੱਖ ਰੁਪਏ ਅਤੇ ਰਾਮਨਗਰ ਭੱਠਲ ਪਿੰਡ ਦੇ ਗਰਾਉਂਡ ’ਤੇ 3 ਲੱਖ ਰੁਪਏ ਖਰਚ ਕੀਤੇ ਜਾਣਗੇ।
