ਲਹਿਰਾ ਮੁਹੱਬਤ ਵਿੱਚ ਤਿੰਨ ਮਾਮਲੇ ਆਏ ਸਾਹਮਣੇ
ਰਾਮ ਸਿੰਘ ਕਲਿਆਣ
ਨਥਾਣਾ, 3 ਜੂਨ :ਮਨੁੱਖ ਵਿੱਚ ਕੋਰੋਨਾਂ ਵਾਇਰਸ, ਗਾਵਾਂ ਵਿੱਚ ਲੰਪੀ ਸਕਿੱਨ ਬਿਮਾਰੀ ਤੋ ਬਾਅਦ ਹੁਣ ਘੋੜਿਆ ਵਿੱਚ ਲਾਇਲਾਜ ਬਿਮਾਰੀ ਗਲੈਂਡਰਜ ਵਾਇਰਸ ਨੇ ਦਸਤਕ ਦੇ ਦਿੱਤੀ ਹੈ, ਜਿਸ ਕਰਕੇ ਘੋੜਾ ਪਾਲਕਾਂ ਵਿੱਚ ਬਹੁਤ ਚਿੰਤਾ ਪਾਈ ਜਾ ਰਹੀ ਹੈ। ਲੁਧਿਆਣਾਂ ਤੋ ਬਾਅਦ ਹੁਣ ਬਠਿੰਡਾ ਜ਼ਿੱਲੇ ਦੇ ਬਲਾਕ ਨਥਾਣਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਤਿੰਨ ਘੋੜਿਆ ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬਿਮਾਰੀ ਦਾ ਕੋਈ ਇਲਾਜ ਨਾ ਹੋਣ ਕਾਰਨ 2009 ਦੇ ਇੱਕ ਐਕਟ ਅਨੁਸਾਰ ਬਿਮਾਰੀ ਵਾਲੇ ਘੋੜਿਆ ਨੂੰ ਟੀਕਾ ਲਾਕੇ ਮਾਰਨ ਦੀਆ ਹਿਦਾਇਤਾਂ ਹਨ। ਇਸ ਕਰਕੇ ਪਸ਼ੂ ਪਾਲਣ ਵਿਭਾਗ ਦੀ ਇਕ ਟੀਮ ਪਿੰਡ ਲਹਿਰਾ ਮੁਹੱਬਤ ਦੇ ਉਕਤ ਘੋੜਿਆ ਨੂੰ ਮਾਰਨ ਪਹੁੰਚੀ ਤਾਂ ਘੋੜਾ ਪਾਲਕਾਂ ਵੱਲੋ ਆਪਣੇ ਪੱਧਰ ਤੇ ਕੀਤੇ ਜਾ ਰਹੇ ਇਲਾਜ ਦਾ ਹਵਾਲਾ ਦਿੰਦਿਆ ਘੋੜਿਆ ਨੂੰ ਮਾਰਨ ਦਾ ਵਿਰੋਧ ਕੀਤਾ। ਜਿਸ ਕਰਕੇ ਤਿੰਨ ਘੋੜਿਆ ਦੇ ਦੁਬਾਰਾ ਸੈਂਪਲ ਲੈ ਕੇ ਲੈਂਬ ਵਿੱਚ ਜਾਂਚ ਲਈ ਭੇਜੇ ਗਏ, ਜਿੰਨਾਂ ਵਿੱਚੋ ਇੱਕ ਘੋੜੇ ਦੀ ਰਿਪੋਰਟ ਪਾਜਿਟਿਵ ਆਈ ਹੈ ਅਤੇ ਦੂਸਰੇ ਦੋ ਘੋੜਿਆ ਦੀ ਸੈਂਪਲ ਰਿਪੋਰਟ ਆਉਣੀ ਹਾਲੇ ਬਾਕੀ ਹੈ। ਡਾ.ਚਮਨਦੀਪ ਕੌਰ ਨੇ ਗਲੈਂਡਰਜ ਵਾਇਰਸ ਬਿਮਾਰੀ ਦੀਆ ਨਿਸ਼ਾਨੀਆ ਬਾਰੇ ਦੱਸਿਆ ਕਿ ਘੋੜਿਆ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ ਖਾਂਸੀ, ਜੁਕਾਮ ਵੀ ਹੋ ਜਾਂਦਾ ਹੈ। ਇਸ ਬਿਮਾਰੀ ਦੀ ਜਾਂਚ ਲਈ ਸੀਰਮ ਦੇ ਸੈਂਪਲ ਲੈਕੇ ਲੈਬ ਵਿੱਚ ਜਾਂਚ ਉਪਰੰਤ ਇਸ ਬਿਮਾਰੀ ਦੀ ਅਸਲ ਪੁਸ਼ਟੀ ਹੁੰਦੀ ਹੈ। ਉਨਾਂ ਕਿਹਾ ਕਿ ਜੇਕਰ ਘੋੜਿਆ ਵਿੱਚ ਇਹੋ ਜਿਹੇ ਲੱਛਣ ਦਿਖਾਈ ਦੇਣ ਤਾਂ ਇੰਨਾਂ ਨੂੰ ਮਨੁੱਖਾ ਅਤੇ ਦੂਸਰੇ ਘੋੜਿਆ ਤੋ ਪਾਸੇ ਇਕਾਤ ਕਰ ਦਿੱਤਾ ਜਾਵੇ। ਇਹ ਵਾਇਰਸ ਘੋੜਿਆ ਦੇ ਨਾਲ ਨਾਲ ਮਨੁੱਖਾਂ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਸ ਬਿਮਾਰੀ ਦਾ ਅਜੇ ਤੱਕ ਮੈਡੀਕਲ ਤੌਰ ਤੇ ਕੋਈ ਇਲਾਜ ਨਹੀ ਹੈ।ਡਿਪਟੀ ਡਇਰੈਕਟਰ ਪਸ਼ੂ ਪਾਲਣ ਵਿਭਾਗ ਬਠਿੰਡਾ ਨੇ ਦੱਸਿਆ ਕਿ ਪਿੰਡ ਲਹਿਰਾ ਮੁਹੱਬਤ ਦੇ ਪੰਜ ਕਿਲੋਮੀਟਰ ਦੇ ਇਲਾਕੇ ਵਿੱਚ ਇਸ ਸੰਬੰਧੀ ਘੋੜੇ ਪਾਲਕਾਂ ਅਤੇ ਲੋਕਾਂ ਨੇ ਇਸ ਬਿਮਾਰੀ ਸੰਬੰਧੀ ਸੁਚੇਤ ਕਰ ਦਿੱਤਾ ਹੈ।
ਘੋੜਿਆ ਵਿੱਚ ਲਾਇਲਾਜ ਬਿਮਾਰੀ ਗਲੈਂਡਰਜ ਨੇ ਦਿੱਤੀ ਦਸਤਕ
ਰਣਬੀਰ ਰਾਣਾ ਬਣੇ ਪ੍ਰਗਤੀਸ਼ੀਲ ਲੇਖਕ ਸੰਘ ਬਣੇ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਇਕਾਈ ਬਠਿੰਡਾ ਦੀ ਚੋਣ ਜਸਪਾਲ ਮਾਨਖੇੜਾ ਮੀਤ ਪ੍ਰਧਾਨ ਦੀ ਨਿਗਰਾਨੀ ਵਿੱਚ ਸੰਪੰਨ ਹੋਈ। ਸਰਵਸੰਮਤੀ ਨਾਲ ਹੋਈ ਚੋਣ ਵਿੱਚ ਰਣਬੀਰ ਰਾਣਾ ਪ੍ਰਧਾਨ ਅਤੇ ਦਮਜੀਤ ਦਰਸਨ ਨੂੰ ਜਰਨਲ ਸਕੱਤਰ ਚੁਣਿਆ ਗਿਆ। ਗੁਰਦੇਵ ਖੋਖਰ ਸਰਪ੍ਰਸਤ, ਹਰਬੰਸ ਲਾਲ ਗਰਗ ਸੀਨੀਅਰ ਮੀਤ ਪ੍ਰਧਾਨ , ਲਛਮਣ ਮਲੂਕਾ ਅਤੇ ਅਮਰਜੀਤ ਸਿੰਘ ਜੀਤ ਮੀਤ ਪ੍ਰਧਾਨ,ਕੁਲਦੀਪ ਸਿੰਘ ਬੰਗੀ ਨੂੰ ਸਕੱਤਰ ਅਤੇ ਅੰਮ੍ਰਿਤ ਕਲੇਰ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ।ਇਸ ਚੋਣ ਮੀਟਿੰਗ ਵਿੱਚ ਲੇਖਕ ਹਰਭੁਪਿੰਦਰ ਸਿੰਘ ਅਤੇ ਦਿਲਬਾਗ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਰਣਜੀਤ ਗੌਰਵ,ਭੁਪਿੰਦਰ ਮਾਨ,ਹਰਭਜਨ ਸੇਲਵਰਹਾ,ਉਜਾਗਰ ਸਿੰਘ ਢਿੱਲੋਂ ਅਤੇ ਕਿਰਨਦੀਪ ਸੋਨੀ ਨੂੰ ਕਾਰਜਕਾਰਨੀ ਮੈਂਬਰ ਲਿਆ ਗਿਆ ਹੈ। ਸੰਘ ਦੀ ਨਵੀਂ ਟੀਮ ਨੇ ਲਿਖਤੀ ਮਤੇ ਰਾਹੀਂ ਪਹਿਲਵਾਨ ਕੁੜੀਆਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਮੰਗ ਕੀਤੀ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿਰਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਲੜ ਰਹੀਆਂ ਧੀਆਂ ਨੂੰ ਇਨਸਾਫ ਦਿੱਤਾ ਜਾਵੇ।ਇਸ ਤਰਾਂ ਹੀ ਸਮਾਜਿਕ ਕਾਰਕੁਨ ਡਾ.ਨਵਸ਼ਰਨ ਕੌਰ ਨੂੰ ਈ ਡੀ ਰਾਹੀਂ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ।
ਵੱਡੇ ‘ਸਾਹਿਬਾਂ’ ਦੇ ਪ੍ਰਭਾਵ ਹੇਠ ਮੁਜਰਿਮਾਂ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਛੱਡਣ ਵਾਲੇ ਪੁਲਿਸ ਅਧਿਕਾਰੀ ਬੁਰੇ ਫ਼ਸੇ
ਗ੍ਰਹਿ ਵਿਭਾਗ ਵਲੋਂ ਜਾਂਚ ਤੋਂ ਬਾਅਦ ਬਠਿੰਡਾ ਦੇ ਇੰਸਪੈਕਟਰ ਸਹਿਤ ਪੰਜ ਮੁਲਾਜਮਾਂ ਨੂੰ ਮੁਅੱਤਲ ਕਰਨ ਦੇ ਹੁਕਮ
ਵਿਭਾਗੀ ਜਾਂਚ ਵੀ ਖੁੱਲੇਗੀ, ਕਈ ਉੱਚ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਉਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ: ਬਠਿੰਡਾ ’ਚ ਗਣਤੰਤਰਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੋਂ ਮਹਿਜ਼ ਇੱਕ ਦਿਨ ਪਹਿਲਾਂ ਚੰਡੀਗੜ੍ਹ ਤੋਂ ਫ਼ੜ ਕੇ ਲਿਆਂਦੇ ਪ੍ਰਭਾਵਸ਼ਾਲੀ ਮੁਜਰਿਮਾਂ ਨੂੰ ‘ਵੱਡੇ ਸਾਹਿਬਾਂ’ ਦੇ ਦਬਾਅ ਹੇਠ ਆ ਕੇ ਛੱਡਣ ਵਾਲੇ ਬਠਿੰਡਾ ਪੁਲਿਸ ਦੇ ਇੱਕ ਸੀਨੀਅਰ ਇੰਸਪੈਕਟਰ ਸਹਿਤ ਪੰਜ ਮੁਲਾਜਮ ਬੁਰੀ ਤਰ੍ਹਾਂ ਫ਼ਸ ਗਏ ਹਨ। ਇਸ ਮਾਮਲੇ ਵਿਚ ਹੋਈ ਉੱਚ ਪੱਧਰੀ ਜਾਂਚ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ (ਮੀਮੋ ਨੰਬ 8/22/23-3ਗ3/3010 ਮਿਤੀ 30-5-2023) ਲਿਖਕੇ ਤੁਰੰਤ ਇੰਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਇੰਨ੍ਹਾਂ ਵਿਰੁਧ ਮੁਜਰਮਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਅਪਣੇ ਅਹੁਦੇ ਦੀ ਗਲਤ ਵਰਤੋਂ ਕਰਕੇ ਉਨ੍ਹਾਂ ਨੂੰ ਗੈਰ ਕਾਨੂੰਨੀ ਲਾਭ ਪਹੁੰਚਾਉਣ ਦੇ ਮਾਮਲੇ ਵਿਚ ਵਿਭਾਗੀ ਕਾਰਵਾਈ ਖੋਲਣ ਲਈ ਕਿਹਾ ਹੈ। ਇੰਨ੍ਹਾਂ ਪੁਲਿਸ ਕਰਮਚਾਰੀਆਂ ਵਿਚ ਤਤਕਾਲੀ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ, ਥਾਣੇਦਾਰ ਗੁਰਦਿੱਤ ਸਿੰਘ, ਹੌਲਦਾਰ ਮਹੇਸ਼ਇੰਦਰ ਸਿੰਘ, ਹੌਲਦਾਰ ਹਰਦੇਵ ਸਿੰਘ ਤੇ ਮਹਿਲਾ ਪੁਲਿਸ ਮੁਲਾਜਮ ਦਵਿੰਦਰ ਕੌਰ ਦੇ ਨਾਂ ਸ਼ਾਮਲ ਹਨ। ਬਠਿੰਡਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਸਬੰਧੀ ਪੱਤਰ ਜਾਰੀ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਹਾਲੇ ਤੱਕ ਅਧਿਕਾਰਤ ਤੌਰ ’ਤੇ ਉਨ੍ਹਾਂ ਕੋਲ ਮਾਮਲੇ ਦੀ ਫ਼ਾਈਲ ਨਹੀਂ ਪੁੱਜੀ, ਜਿਸਦੇ ਚੱਲਦੇ ਇਹ ਫਾਈਲ ਪੁੱਜਣ ਤੋਂ ਬਾਅਦ ਅਗਲੇਰੀ ਕਾਰਵਾਈ ਹੋਵੇਗੀ। ’’ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ (ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਵਿਭਾਗ ਵੀ ਹੈ) ਨੇ ਇਸ ਮਾਮਲੇ ਪ੍ਰਤੀ ਗੰਭੀਰਤਾ ਦਿਖ਼ਾਈ ਤਾਂ ਇਸ ਮਾਮਲੇ ਵਿਚ ਇੱਕ ਏਡੀਜੀਪੀ, ਇੱਕ ਐਸ.ਐਸ.ਪੀ ਰੈਂਕ ਦਾ ਅਧਿਕਾਰੀ ਅਤੇ ਇੱਕ ਸੀਨੀਅਰ ਆਈ.ਏ.ਐਸ ਅਧਿਕਾਰੀ ਸਹਿਤ ਇੱਕ ਸਾਬਕਾ ਉਚ ਪੁਲਿਸ ਅਧਿਕਾਰੀ ਦਾ ਪੁੱਤਰ ਵੀ ਕੁੜਿੱਕੀ ਵਿਚ ਆ ਸਕਦਾ ਹੈ ਕਿਉਕਿ ਸਿਕਾਇਤਕਰਤਾ ਵਲੋਂ ਇਕੱਤਰ ਕੀਤੇ ਤੱਥਾਂ ਵਿਚ ਇੰਨ੍ਹਾਂ ਦੇ ਨਾਂ ਵੀ ਬੋਲਦੇ ਹਨ। ਪਤਾ ਚੱਲਿਆ ਹੈ ਕਿ ਗ੍ਰਹਿ ਵਿਭਾਗ ਦੇ ਹੁਕਮਾਂ ’ਤੇ ਇੱਕ ਆਈਪੀਐਸ ਅਧਿਕਾਰੀ ਵਲੋਂ ਕੀਤੀ ਜਾਂਚ ਦੌਰਾਨ ਉਕਤ ਪ੍ਰਭਾਵਸ਼ਾਲੀ ਅਧਿਕਾਰੀਆਂ ਵਲੋਂ ਇੰਸਪੈਕਟਰ ਅਤੇ ਉਸਦੇ ਸਾਥੀਆਂ ਨੂੰ ਉਸ ਦਿਨ ਤੇ ਰਾਤ ਨੂੰ ਦਰਜ਼ਨਾਂ ਫ਼ੋਨ ਕਾਲਾਂ ਕੀਤੀਆਂ ਹੋਈਆਂ ਹਨ, ਜਿਹੜੀਆਂ ਸ਼ੱਕ ਪੈਦਾ ਕਰਦੀਆਂ ਹਨ। ਇਸ ਮਾਮਲੇ ਵਿਚ ਇੰਨ੍ਹਾਂ ਵਿਰੁਧ ਕਾਰਵਾਈ ਕਰਵਾਉਣ ਲਈ ਸਿਕਾਇਤਕਰਤਾ ਨੇ ਤਿਆਰੀਆਂ ਖਿੱਚ ਲਈਆਂ ਹਨ, ਕਿਉਂਕਿ ਉਸਦੇ ਕੋਲ ਨਾ ਸਿਰਫ਼ ਹਰਿਆਣਾ ਦੇ ਪੰਚਕੂਲਾ ਵਿਚ ਮੁਜਰਮਾਂ ਦੀਆਂ ਹੋਈਆਂ ਗ੍ਰਿਫਤਾਰੀਆਂ ਦੀ ਵੀਡੀਓ ਹੈ, ਬਲਕਿ ਮੁਜਰਮਾਂ ਨੂੰ ਬਨੂੜ ਕੋਲ ਇਕ ਢਾਬੇ ਵਿਚ ਖਾਣਾ ਖਵਾਉਣ ਅਤੇ ਥਾਣੇ ਲਿਆਉਣ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਇੱਕ ਚਾਰ ਤਾਰਾਂ ਹੋਟਲ ਵਿਚ ਠਹਿਰਾਉਣ ਦੀਆਂ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ। ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਸਾਲ 2012 ਵਿਚ ਅਕਾਲੀ ਸਰਕਰ ਦੇ ਸਮੇਂ ਕੁੱਝ ਲੋਕਾਂ ਵਲੋਂ ਪਿੰਡ ਮਹਿਤਾ ’ਚ ਪਨਸਪ ਦੇ ਅਨਾਜ ਗੋਦਾਮ ਬਣਾਏ ਸਨ। ਇੰਨ੍ਹਾਂ ਗੋਦਾਮਾਂ ਨੂੰ ਬਣਾਉਣ ਸਮੇਂ ਬਠਿੰਡਾ ਸ਼ਹਿਰ ਦੇ ਪ੍ਰਮੁੱਖ ਸਿਆਸੀ ਆਗੂ ਅਨਿਲ ਭੋਲਾ ਦੇ ਖੇਤ ਨੂੰ ਜਾਂਦਾ ਪੱਕਾ ਖ਼ਾਲਾ ਬੰਦ ਕਰ ਦਿੱਤਾ , ਜਿਸ ਕਾਰਨ ਖੇਤਾਂ ਨੂੰ ਪਾਣੀ ਲੱਗਣੋਂ ਬੰਦ ਹੋ ਗਿਆ। ਸਿਕਾਇਤਕਰਤਾ ਮੁਤਾਬਕ ਇੰਨ੍ਹਾਂ ਗੋਦਾਮਾਂ ਨੂੰ ਬਣਾਉਣ ਵਾਲਿਆਂ ਦੇ ਪਿੱਛੇ ਇੱਕ ਸੀਨੀਅਰ ਆਈ.ਏ.ਐਸ ਅਧਿਕਾਰੀ ਤੇ ਇੱਕ ਸਾਬਕਾ ਪੁਲਿਸ ਅਫ਼ਸਰ ਦੇ ਬੇਟੇ ਦੀ ਤਾਕਤ ਸੀ, ਜਿਸਦੇ ਚੱਲਦੇ ਉਸ ਵਲੋਂ ਖਾਲ ਨੂੰ ਦੁਬਾਰਾ ਚਾਲੂ ਕਰਨ ਦੀ ਮੰਗ ਨੂੰ ਅਣਗੋਲਿਆ ਕਰ ਦਿੱਤਾ ਗਿਆ। ਜਿਸ ਕਾਰਨ ਉਸ ਵਲੋਂ ਇਸਦੀ ਸਿਕਾਇਤ ਨਹਿਰੀ ਵਿਭਾਗ ਕੋਲ ਕੀਤੀ ਗਈ। ਵਿਭਾਗ ਦੇ ਬਠਿੰਡਾ ਵਿਖੇ ਤੈਨਾਤ ਤਤਕਾਲੀ ਐਕਸੀਅਨ ਨਿਰਮਲ ਸਿੰਘ ਬਰਾੜ ਕੋਲ ਇਸਦੀ ਸਿਕਾਇਤ ਕੀਤੀ ਗਈ, ਜਿਸਦੀ ਜਾਂਚ ਵਿਚ ਇਹ ਖ਼ਾਲ ਬੰਦ ਕਰਨਾ ਸਿੱਧ ਹੋ ਗਿਆ। ਇਸ ਮਾਮਲੇ ਦੀ ਇੱਕ ਏਡੀਸੀ ਵਲੋਂ ਵੀ ਪੜਤਾਲ ਕੀਤੀ ਗਈ। ਪਰ ਮੁੜ ਖਾਲ ਚਾਲੂ ਨਾ ਕਰਨ ਦੇ ਚੱਲਦੇ ਉਸ ਵਲੋਂ ਉਚ ਅਧਿਕਾਰੀਆਂ ਨੂੰ ਸਿਕਾਇਤ ਕੀਤੀ ਗਈ। ਇਸ ਸਿਕਾਇਤ ਦੀ ਹੋਈ ਉੱਚ ਪੱਧਰੀ ਜਾਂਚ ਤੋਂ ਬਾਅਦ ਥਾਣਾ ਸੰਗਤ ਵਿਖੇ ਪੌਣੀ ਦਰਜ਼ਨ ਦੇ ਕਰੀਬ ਵਿਅਕਤੀਆਂ, ਜਿੰਨ੍ਹਾਂ ਵਿਚ ਐਕਸੀਅਨ ਨਿਰਮਲ ਸਿੰਘ ਬਰਾੜ, ਐਸ.ਡੀ.ਓ ਸ਼ਮੀ ਸਿੰੰਗਲਾ, ਗੋਦਾਮ ਬਣਾਉਣ ਵਾਲੇ ਅਮਰ ਪ੍ਰਭੂ ਤੇ ਉਸਦੀ ਪਤਨੀ ਸਿਮਰਨ ਸਿੰਗਲਾ ਸਹਿਤ ਕਰੀਬ ਪੌਣੀ ਦਰਜ਼ਨ ਵਿਅਕਤੀਆਂ ਵਿਰੁਧ 29 ਜੂਨ 2013 ਨੂੰ ਮੁਕੱਦਮਾ ਨੰਬਰ 63 ਅਧੀਨ ਧਾਰਾ 167,430,465,466,467,471,120 ਬੀ ਅਤੇ ਅਧੀਨ ਧਾਰਾ 3 ਆਫ਼ ਪ੍ਰੋਵੈਸ਼ਨ ਆਫ਼ ਡੈਮੇਜ ਟੂ ਪਬਲਿਕ ਪ੍ਰੋਪਟੀ ਐਕਟ 1984 ਤਹਿਤ ਦਰਜ਼ ਕੀਤਾ ਗਿਆ। ਸਿਕਾਇਤਕਰਤਾ ਮੁਤਾਬਕ ਇਸ ਮਾਮਲੇ ਵਿਚ ਬਾਕੀ ਸਾਰੇ ਮੁਜਰਮ ਗ੍ਰਿਫਤਾਰ ਕਰ ਲਏ ਗਏ ਪ੍ਰੰਤੂ ਉੂਕਤ ਚਾਰਾਂ ਨੂੰ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਭਗੋੜਾ ਕਰਾਰ ਦੇ ਦਿੱਤਾ। ਪਰ ਪੁਲਿਸ ਦੀ ਕਾਰਵਾਈ ਢਿੱਲੀ ਰਹੀ। ਇਸ ਦੌਰਾਨ ਉਸਨੇ ਅਪਣੇ ਪੱਧਰ ’ਤੇ ਕਾਰਵਾਈ ਜਾਰੀ ਰੱਖੀ ਤੇ ਇੰਨ੍ਹਾਂ ਭਗੋੜਿਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਉਹ 24 ਜਨਵਰੀ 2023 ਨੂੰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਹਰਿਆਣਾ ਦੇ ਪੰਚਕੂਲਾ ’ਚ ਪੁੱਜਿਆ, ਜਿੱਥੇ ਅਮਰ ਪ੍ਰਭੂ ਨੂੰ ਹਿਰਾਸਤ ਵਿਚ ਲੈ ਲਿਆ, ਜਿਸਦੀ ਰੀਪੋਰਟ ਹਰਿਆਣਾ ਪੁਲਿਸ ਦੇ ਮਨਸਾ ਦੇਵੀ ਕੰਪਲੈਕਸ ਥਾਣੇ ਵਿਚ ਵੀ ਪਾਈ ਗਈ। ਇਸਤੋਂ ਬਾਅਦ ਨਹਿਰੀ ਵਿਭਾਗ ਦੇ ਅਧਿਕਾਰੀ ਸਮੀ ਸਿੰਗਲਾ ਨੂੰ ਚੰਡੀਗੜ੍ਹ ਦੇ 18 ਸੈਕਟਰ ਤੋਂ ਹਿਰਾਸਤ ਵਿਚ ਲਿਆ ਗਿਆ ਤੇ ਦੋਨਾਂ ਨੂੰ ਥਾਣਾ ਸੰਗਤ ਵਿਖੇ ਲਿਆਂਦਾ ਗਿਆ ਪ੍ਰੰਤੂ ਇਸ ਦੌਰਾਨ ਕਿਸੇ ਦਬਾਅ ਹੇਠ ਆ ਕੇ ਇੰਨ੍ਹਾਂ ਮੁਜਰਮਾਂ ਦੀ ਗ੍ਰਿਫਤਾਰੀ ਪਾ ਕੇ ਥਾਣੇ ਵਿਚ ਰੱਖਣ ਦੀ ਬਜਾਏ ਪੁਲਿਸ ਟੀਮ ਉਨ੍ਹਾਂ ਨੂੰ ਬਠਿੰਡਾ ਸ਼ਹਿਰ ਦੇ ਬੀਬੀਵਾਲਾ ਰੋਡ ’ਤੇ ਸਥਿਤ ਇੱਕ ਆਲੀਸ਼ਾਨ ਹੋਟਲ ਵਿਚ ਲੈ ਆਈ, ਜਿੱਥੇ ਰਾਤ ਨੂੰ ਇੱਥੇ ਹੀ ਠਹਿਰਾਇਆ ਗਿਆ ਅਤੇ ਦੂਜੇ ਦਿਨ ਸਵੇਰੇ ਉਹ ਵਾਪਸ ਚਲੇ ਗਏ। ਸਿਕਾਇਤਕਰਤਾ ਨੇ ਦਸਿਆ ਕਿ ਇਸ ਸਬੰਧ ਵਿਚ ਉਸਦੇ ਕੋਲ ਸਾਰੇ ਸਬੂਤ ਸਨ ਤੇ ਪੁਲਿਸ ਦੀ ਇਸ ਕਾਰਵਾਈ ਦੇ ਵਿਰੁਧ ਉਨ੍ਹਾਂ ਮੁੱਖ ਮੰਤਰੀ ਨੂੰ ਸਿਕਾਇਤ ਕੀਤੀ ਸੀ ਕਿਉਂਕਿ ਗਣਤੰਤਰਾ ਦਿਵਸ ਮੌਕੇ ਝੰਡਾ ਲਹਿਰਾਉਣ ਲਈ 25 ਜਨਵਰੀ ਨੂੰ ਹੀ ਭਗਵੰਤ ਮਾਨ ਬਠਿੰਡਾ ਪੁੱਜ ਗਏ ਸਨ ਤੇ 24 ਜਨਵਰੀ ਦੀ ਰਾਤ ਨੂੰ ਪੁਲਿਸ ਨੇ ਇਹ ਕਾਰਵਾਈ ਕਰ ਦਿੱਤੀ। ਹੁਣ ਜਾਂਚ ਤੋਂ ਬਾਅਦ ਜਿੱਥੇ ਇੰਨ੍ਹਾਂ ਮੁਜਰਮਾਂ ਨੂੰ ਹਿਰਾਸਤ ਵਿਚ ਲੈਣ ਵਾਲੇ ਪੁਲਿਸ ਮੁਲਾਜਮਾਂ ਵਿਰੁਧ ਕਾਰਵਾਈ ਤਾਂ ਹੋ ਗਈ ਹੈ ਪ੍ਰੰਤੂ ਸਿਕਾਇਤਕਰਤਾ ਮੁਤਾਬਕ ਜਿੰਨ੍ਹਾਂ ਸਮਾਂ ਇੰਨ੍ਹਾਂ ਮੁਲਾਜਮਾਂ ਉਪਰ ਦਬਾਅ ਪਾਉਣ ਵਾਲੇ ਸੀਨੀਅਰ ਅਧਿਕਾਰੀਆਂ ਵਿਰੁਧ ਕਾਰਵਾਈ ਨਹੀਂ ਹੁੰਦੀ ਉਹ ਚੁੱਪ ਹੋ ਕੇ ਨਹੀਂ ਬੈਠਣਗੇ।
ਨਵ-ਨਿਯੁਕਤ ਚੇਅਰਮੈਨ ਦੇ ਕਾਫਲੇ ਦਾ ਫੁੱਲਾਂ ਦੀ ਵਰਖਾ ਨਾਲ ਅਤੇ ਮਠਿਆਈਆਂ ਵੰਡ ਕੇ ਕੀਤਾ ਸੁਆਗਤ
ਬੁਲਾਰੇ ਬੋਲੇ, ਆਮ ਆਦਮੀ ਪਾਰਟੀ ਨੇ ਸਾਧਾਰਨ ਵਰਕਰਾਂ ਨੂੰ ਦਿੱਤਾ ਪੂਰਾ ਮਾਣ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 2 ਜੂਨ :- ਮਾਰਕਿਟ ਕਮੇਟੀ ਕੋਟਕਪੂਰਾ ਦੇ ਨਵ-ਨਿਯੁਕਤ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦੇ ਸਾਥੀਆਂ ਨੇ ਸ਼ਹਿਰ ਵਿੱਚ ਰੋਡ ਮਾਰਚ ਕਰਦਿਆਂ ਜਿੱਥੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਜਾ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਰੋਡ ਮਾਰਚ ਨੂੰ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ ਸਮਾਪਤ ਕਰਨ ਮੌਕੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਵਰਕਰ ਦਾ ਮਾਣ-ਸਤਿਕਾਰ ਵਧਾਉਣ ਦੀ ਕਦੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਗੁਰਮੀਤ ਸਿੰਘ ਦੇ ਕਾਫਲੇ ਨੂੰ ਸ਼ਹਿਰ ਨਿਵਾਸੀਆਂ ਨੇ ਸਤਿਕਾਰ ਦਿੰਦਿਆਂ ਜਿੱਥੇ ਫੁੱਲਾਂ ਦੀ ਵਰਖਾ ਕੀਤੀ, ਉੱਥੇ ਮਠਿਆਈਆਂ ਵੰਡ ਕੇ ਖੁਸ਼ੀ ਵੀ ਸਾਂਝੀ ਕੀਤੀ। ਗੁਰਦਵਾਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਚੇਅਰਮੈਨ ਸਮੇਤ ਉਸਦੇ ਅਨੇਕਾਂ ਸਾਥੀਆਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕਰਦਿਆਂ ਆਸ਼ੀਰਵਾਦ ਦਿੱਤਾ। ਆਪਣੇ ਸੰਬੋਧਨ ਦੌਰਾਨ ਗੁਰਮੀਤ ਸਿੰਘ ਆਰੇਵਾਲਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦਾ ਅਹਿਮ ਅਹੁਦਾ ਬਖਸ਼ਣ ਬਦਲੇ ਧੰਨਵਾਦ ਕਰਦਿਆਂ ਆਖਿਆ ਕਿ ਉਹ ਕਿਸਾਨਾ, ਮਜਦੂਰਾਂ ਅਤੇ ਆੜਤੀਆਂ ਦੀਆਂ ਸਮੱਸਿਆਵਾਂ ਨਜਿੱਠਣ ਲਈ ਯਤਨਸ਼ੀਲ ਰਹਿਣਗੇ। ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਣੀ ਧਾਲੀਵਾਲ ਨੇ ਆਖਿਆ ਕਿ ਰਵਾਇਤੀ ਪਾਰਟੀਆਂ ’ਤੇ ਲੱਗਦੇ ਕਰੋੜਾਂ ਰੁਪਏ ਵਿੱਚ ਚੇਅਰਮੈਨੀਆਂ ਵੇਚਣ ਦੇ ਦੋਸ਼ਾਂ ਦੇ ਬਿਲਕੁਲ ਉਲਟ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਧਾਰਨ ਅਤੇ ਗਰੀਬ ਪਰਿਵਾਰਾਂ ਦੇ ਵਰਕਰਾਂ ਨੂੰ ਮਾਰਕਿਟ ਕਮੇਟੀ ਜਾਂ ਇੰਪਰੂਵਮੈਂਟ ਟਰੱਸਟ ਦੀਆਂ ਚੇਅਰਮੈਨੀਆਂ ਸੌਂਪ ਕੇ ਸਿੱਧ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਵਲੰਟੀਅਰ ਦਾ ਸਤਿਕਾਰ ਕਰਦੀ ਹੈ ਅਤੇ ਭਾਈ-ਭਤੀਜਾ ਵਾਦ ਜਾਂ ਭਿ?ਰਸ਼ਟਾਚਾਰ ਦੀ ਇਸ ਪਾਰਟੀ ਵਿੱਚ ਕੋਈ ਥਾਂ ਨਹੀਂ। ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਮਨਦੀਪ ਸਿੰਘ ਮਿੰਟੂ ਗਿੱਲ, ਸੰਜੀਵ ਕਾਲੜਾ, ਮਨਦੀਪ ਮੌਂਗਾ, ਨਰੇਸ਼ ਸਿੰਗਲਾ, ਐਡਵੋਕੇਟ ਬਾਬੂ ਲਾਲ, ਸਤਪਾਲ ਸ਼ਰਮਾ, ਸਿਮਰਨਜੀਤ ਸਿੰਘ ਅਤੇ ਹੋਰਨਾ ‘ਆਪ’ ਆਗੂਆਂ ਨੇ ਦੱਸਿਆ ਕਿ ਦੋਧੀ, ਸਬਜੀ ਵਿਕ੍ਰੇਤਾ, ਮਜਦੂਰੀ ਕਰਨ ਵਾਲਿਆਂ ਅਤੇ ਹੋਰ ਗਰੀਬ ਪਰਿਵਾਰਾਂ ਦੇ ‘ਆਪ’ ਵਲੰਟੀਅਰਾਂ ਨੂੰ ਚੇਅਰਮੈਨੀਆਂ ਸੌਂਪ ਕੇ ਜਿੱਥੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਵਿਰੋਧੀਆਂ ਨੂੰ ਸ਼ਰਮਸਾਰ ਕੀਤਾ ਹੈ, ਉੱਥੇ ਆਉਣ ਵਾਲੇ ਸਮੇਂ ਲਈ ਸਿਆਸਤ ਵਿੱਚ ਇਕ ਨਵਾਂ ਮੀਲ ਪੱਥਰ ਸਾਬਿਤ ਕਰਨ ਦੀ ਪਿਰਤ ਪਾਈ ਹੈ, ਜਿਸ ਨਾਲ ਬਦਲਾਅ ਦੀ ਰਾਜਨੀਤੀ ਦੀ ਸ਼ੁਰੂਆਤ ਸੁਭਾਵਿਕ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਪਰਡੈਂਟ ਜਗਜੀਤ ਸਿੰਘ, ਬੂਟਾ ਸਿੰਘ ਬਰਾੜ, ਯਾਦਵਿੰਦਰ ਸਿੰਘ ਯਾਦੂ, ਮੇਹਰ ਸਿੰਘ ਚੰਨੀ, ਹਰਪ੍ਰੀਤ ਸਿੰਘ ਮੜਾਕ, ਸੁਖਦੇਵ ਸਿੰਘ ਪਦਮ, ਹਰਦੀਪ ਸਿੰਘ ਆਦਿ ਵੀ ਹਾਜਰ ਸਨ।
ਦਰਬਾਰਾ ਸਿੰਘ ਗੁਰੂ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਗੁਰੂ ਦਾ ਪਾਰਟੀ ਵਿਚ ਵਾਪਸ ਸ਼ਾਮਲ ਹੋਣ ’ਤੇ ਕੀਤਾ ਸਵਾਗਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਜੂਨ: ਉੱਘੇ ਸਿਆਸਤਦਾਨ ਅਤੇ ਸਾਬਕਾ ਅਫਸਰਸ਼ਾਹ ਸਰਦਾਰ ਦਰਬਾਰਾ ਸਿੰਘ ਗੁਰੂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਮੁੜ ਪਾਰਟੀ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਮੁੱਲਾਂਪੁਰ ਨੇੜੇ ਸਰਦਾਰ ਦਰਬਾਰਾ ਸਿੰਘ ਗੁਰੂ ਦੀ ਰਿਹਾਇਸ਼ ’ਤੇ ਪਹੁੰਚੇ ਜਿਸ ਦੌਰਾਨ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਮੈਮੋਰੀਅਲ ਟਰੱਸਟ ਦੇ ਸਾਬਕਾ ਮੈਂਬਰ ਸਕੱਤਰ ਨੂੰ ਮੁੜ ਪਾਰਟੀ ਵਿਚ ਸ਼ਾਮਲ ਕੀਤਾ।ਪੰਜਾਬ ਨੂੰ ਬਚਾਉਣ ਦਾ ਸੱਦਾ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਪੰਜਾਬ ਦਹਾਕਿਆਂ ਪਿੱਛੇ ਚਲਾ ਗਿਆ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿਹਰਿਆਣਾ ਵਿਚ ਜੀ ਐਸ ਟੀ ਮਾਲੀਆ ਪੰਜਾਬ ਨਾਲੋਂ ਚਾਰ ਗੁਣਾ ਜ਼ਿਆਦਾ ਹੈ। ਉਹਨਾਂ ਨੇ ਪਾਰਟੀ ਦੇ ਕੇਡਰ ਨੂੰ ਅਪੀਲ ਕੀਤੀ ਕਿ ਮੌਜੂਦਾ ਭ੍ਰਿਸ਼ਟ ਆਪ ਸਰਕਾਰ ਨੂੰ ਸੱਤਾ ਵਿਚੋਂ ਬਾਹਰ ਕਰਨ ਅਤੇ ਫਿਰ ਤੋਂ ਪੰਜਾਬ ਵਿਚ ਸ਼ਾਂਤੀ, ਤਰੱਕੀ ਤੇ ਵਿਕਾਸ ਦਾ ਦੌਰਾ ਵਾਪਸ ਲਿਆਉਣ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ।ਇਸ ਮੌਕੇ ਦਰਬਾਰਾ ਸਿੰਘ ਗੁਰੂ ਨੇ ਅਕਾਲੀ ਦਲ ਵਿਚ ਵਾਪਸੀ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਜੇਕਰ ਉਹਨਾਂ ਦੀ ਅੱਜ ਕੋਈ ਪਛਾਣ ਹੈ ਤਾਂ ਇਹ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਰਹੇ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਸਿਧਾਂਤਾਂ ਤੇ ਵਿਚਾਰਧਾਰਾ ਦੇ ਮੁਤਾਬਕ ਪਾਰਟੀ ਦੀ ’ਚੜ੍ਹਦੀਕਲਾ’ ਵਾਸਤੇ ਸੰਜੀਦਗੀ ਨਾਲ ਕੰਮ ਕਰਨਗੇ।ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਸੁਰਜੀਤ ਸਿੰਘ ਰੱਖੜਾ, ਜਗਦੀਪ ਸਿੰਘ ਚੀਮਾ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਹਾਜ਼ਰ ਸਨ।
ਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ ਠੇਕੇ ’ਤੇ ਚੜ੍ਹੀ, ਹੁਣ ਉਦਘਾਟਨ ਦਾ ਇੰਤਜਾਰ
1 ਕਰੋੜ 7 ਲੱਖ ਲੱਗੀ ਬੋਲੀ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ : ਸ਼ਹਿਰ ’ਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਕਰੀਬ 27 ਕਰੋੜ ਦੀ ਲਾਗਤ ਨਾਲ ਸਥਾਨਕ ਮਾਲ ਰੋਡ ’ਤੇ ਤਿਆਰ ਕੀਤੀ ਬਹੁਮੰਜਿਲਾਂ ਪਾਰਕਿੰਗ ਨੂੰ ਠੇਕੇ ’ਤੇ ਦੇਣ ਦੀ ਹਰੀ ਝੰਡੀ ਮਿਲ ਗਈ ਹੈ। ਸਭ ਤੋਂ ਵੱਧ 1 ਕਰੋੜ 7 ਲੱਖ ਦੀ ਬੋਲੀ ਦੇਣ ਵਾਲੇ ਗੁਰਮੇਲ ਸਿੰਘ ਠੇਕੇਦਾਰ ਨੂੰ ਇਹ ਪਾਰਕਿੰਗ ਠੇਕੇ ’ਤੇ ਦੇਣ ਦੇ ਮਤੇ ਉਪਰ ਅੱਜ ਨਗਰ ਨਿਗਮ ਦੇ ਵਿਤ ਅਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਮੋਹਰ ਲਗਾ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਹੁਣ ਇਸ ਪਾਰਕਿੰਗ ਦੇ ਉਦਘਾਟਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸਦੇ ਉਦਘਾਟਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਮਾਂ ਮੰਗਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸਬੰਧ ਵਿਚ ਵਿਭਾਗ ਦੇ ਸਾਬਕਾ ਮੰਤਰੀ ਰਹੇ ਇੰਦਰਵੀਰ ਸਿੰਘ ਨਿੱਝਰ ਨਾਲ ਗੱਲਬਾਤ ਹੋ ਗਈ ਸੀ ਪ੍ਰੰਤੂ ਉਨ੍ਹਾਂ ਦੀ ਥਾਂ ’ਤੇ ਬਲਕਾਰ ਸਿੰਘ ਨੂੰ ਵਿਭਾਗ ਦਾ ਜਿੰਮਾ ਸੌਂਪਣ ਦੇ ਚੱਲਦੇ ਦੁਬਾਰਾ ਤਾਲਮੇਲ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਇਸ ਪਾਰਕਿੰਗ ਦੇ ਸ਼ੁਰੂ ਹੋਣ ਜਾਣ ਨਾਲ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਪਾਰਕਿੰਗ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ। ਇਸ ਬਹੁਮੰਜਿਲਾਂ ਪਾਰਕਿੰਗ ਦੇ ਨਾਲ ਹੀ ਮਾਲ ਰੋਡ ਦੀਆਂ ਦੋਨਾਂ ਸਾਈਡਾਂ ਉਪਰ ਵੀ ਪਾਰਕਿੰਗ ਹੋਵੇਗੀ। ਨਿਗਮ ਦੀ ਵਿਤ ਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਰੱਖੇ ਮਤੇ ਮੁਤਾਰਕ ਇਸ ਪਾਰਕਿੰਗ ਨੂੰ ਲੈਣ ਦੇ ਲਈ ਕੁੱਲ ਚਾਰ ਠੇਕੇਦਾਰਾਂ ਦੇ ਟੈਂਡਰ ਸਹੀ ਪਾਏ ਗਏ ਸਨ, ਜਿੰਨ੍ਹਾਂ ਵਿਚ ਸਭ ਤੋਂ ਘੱਟ ਆਰਐਨਆਰ ਨੇ 76 ਲੱਖ 30 ਹਜ਼ਾਰ, ਲਖਵੀਰ ਸਿੰਘ ਨੇ 1 ਕਰੋੜ 3 ਲੱਖ 70 ਹਜ਼ਾਰ ਅਤੇ ਆਰਡੀਆਰ ਨੇ 1 ਕਰੋੜ 3 ਲੱਖ 80 ਹਜ਼ਾਰ ਦੀ ਬੋਲੀ ਦਿੱਤੀ ਸੀ ਪ੍ਰੰਤੂ ਗੁਰਮੇਲ ਸਿੰਘ ਦੀ ਸਭ ਤੋਂ ਵੱਧ 1 ਕਰੋੜ 7 ਲੱਖ ਦੀ ਬੋਲੀ ਹੋਣ ਕਾਰਨ ਉਸਨੂੰ ਇਹ ਠੇਕਾ ਦਿੱਤਾ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਲੰਘੀ 20 ਮਾਰਚ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਸ਼ਹਿਰ ’ਚ ਮਾਲ ਰੋਡ ਉਪਰ ਬਣੀ ਬਹੁਮੰਜਿਲਾਂ ਪਾਰਕਿੰਗ ਦਾ ਅਲੱਗ ਅਤੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਧੋਬੀ ਬਜਾਰ, ਕਿੱਕਰ ਬਜ਼ਾਰ, ਹਸਪਤਾਲ ਬਜ਼ਾਰ, ਪੋਸਟ ਆਫ਼ਸ ਬਜ਼ਾਰ, ਸਦਰ ਬਜ਼ਾਰ, ਬੈਂਕ ਬਜ਼ਾਰ ਆਦਿ ਖੇਤਰਾਂ ’ਚ ਕਾਰਾਂ ਤੇ ਦੋ ਪਹੀਆਂ ਵਾਹਨ ਖੜੇ ਕਰਨ ਲਈ ਅਲੱਗ ਤੋਂ ਟੈਂਡਰ ਲਗਾਇਆ ਗਿਆ ਸੀ। ਦੋਨਾਂ ਟੈਂਡਰਾਂ ਲਈ ਰਿਜ਼ਰਵ ਕੀਮਤ 60 ਅਤੇ 62 ਲੱਖ ਰੁਪਏ ਸਲਾਨਾ ਰੱਖੀ ਗਈ ਸੀ। ਇਸ ਦੌਰਾਨ ਟੈਂਡਰ ਲਗਾਉਣ ਤੋਂ ਬਾਅਦ ਜਦ ਨਿਗਮ ਦੀ ਟੀਮ ਨੇ ਮਾਲ ਰੋਡ ’ਤੇ ਪਾਰਕਿੰਗ ਲਈ ਦੁਕਾਨਾਂ ਦੇ ਅੱਗੇ ਬਣੇ ਥੜਿਆਂ ਨੂੰ ਤੋੜ ਕੇ ਜਗ੍ਹਾਂ ਬਣਾਉਣੀ ਸ਼ੁਰੂ ਕੀਤੀ ਤਾਂ ਵਿਰੋਧ ਸ਼ੁਰੂ ਹੋ ਗਿਆ ਸੀ। ਜਿਸਤੋਂ ਬਾਅਦ ਨਿਗਮ ਦੀ 28 ਅਪ੍ਰੈਲ ਨੂੰ ਹੋਈ ਵਿੱਤ ਤੇ ਲੇਖਾ ਕਮੇਟੀ ਦੀ ਮੀਟਿੰਗ ਵਿਚ ਇਸ ਫੈਸਲੇ ਨੂੰ ਰੱਦ ਕਰਦਿਆਂ ਸ਼ਹਿਰ ਵਿਚ ਸਿਰਫ਼ ਇਕ ਬਹੁਮੰਜਿਲਾਂ ਪਾਰਕਿੰਗ ਹੀ ਰਹਿਣ ਦਿੱਤੀ ਗਈ ਸੀ। ਇਸਦੇ ਨਾਲ ਹੀ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਪੀਲੀ ਲਾਈਨ ਖਿੱਚੀ ਜਾਵੇਗੀ, ਇੰਨ੍ਹਾਂ ਲਾਈਨ ਦੇ ਅੰਦਰ ਖੜ੍ਹੇ ਕੀਤੇ ਜਾਣ ਵਾਲੇ ਦੋ ਪਹੀਆਂ ਵਾਹਨਾਂ ਤੋਂ ਕੋਈ ਪਾਰਕਿੰਗ ਫ਼ੀਸ ਨਹੀਂ ਲਈ ਜਾਵੇਗੀ ਪ੍ਰੰੰਤੂ ਇੰਨ੍ਹਾਂ ਬਜ਼ਾਰਾਂ ਵਿਚ ਕਾਰ ਖੜੀ ਕਰਨ ਦੀ ਮਨਾਹੀ ਹੋਵੇਗੀ। ਉਧਰ ਅਜ ਦੀ ਮੀਟਿੰਗ ਵਿਚ ਮੇਅਰ ਰਮਨ ਗੋਇਲ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ, ਮੈਂਬਰ ਪ੍ਰਵੀਨ ਗਰਗ, ਬਲਜਿੰਦਰ ਸਿੰਘ ਤੋਂ ਇਲਾਵਾ ਕਮਿਸ਼ਨਰ ਰਾਹੁਲ ਅਤੇ ਐਸ.ਈ ਸੰਦੀਪ ਗਰਗ ਆਦਿ ਵੀ ਹਾਜ਼ਰ ਰਹੇ।
ਬਾਕਸ
ਪੰਜ ਹਾਈਡਰੋਲਿਕ ਟਰਾਲੀਆਂ ਤੇ 400 ਹੱਥ ਰੈਹੜੀਆਂ ਦੀ ਹੋਵੇਗੀ ਖਰੀਦ
ਬਠਿੰਡਾ: ਇਸ ਮੀਟਿੰਗ ਵਿਚ ਕਮੇਟੀ ਵਲੋਂ 5 ਹਾਈਡਰੋਲਿਕ ਟਰਾਲੀਆਂ ਅਤੇ ਸਫ਼ਾਈ ਸੇਵਕਾਂ ਲਈ 400 ਹੱਥ ਰੇਹੜੀਆਂ ਖਰੀਦਣ ਦਾ ਪ੍ਰਸਤਾਵ ਵੀ ਪਾਸ ਕਰ ਦਿੱਤਾ ਹੈ। ਇਸਦੇ ਨਾਲ ਸ਼ਹਿਰ ਵਿਚੋਂ ਕੂੜਾ ਕਰਕਟ ਚੁੱਕਣ ਵਿਚ ਹੋਰ ਅਸਾਨੀ ਹੋਵੇਗੀ।
ਜੂਨ 84 ਦੇ ਹਮਲੇ ਦੌਰਾਨ 3 ਦਿਨ ਨਾ ਮਿਲਿਆ ਲੰਗਰ-ਪਾਣੀ, ਲਾਸ਼ਾਂ ਉਪਰੋਂ ਦੀ ਲੰਘ ਕੇ ਨਿਕਲੇ ਬਾਹਰ
ਰਾਮ ਸਿੰਘ ਕਲਿਆਣ
ਨਥਾਣਾ, 2 ਜੂਨ : ਉੱਨੀ ਸੌ ਚੁਰਾਸੀ ਦਾ ਅਪਰੇਸ਼ਨ ਬਲਿਊ ਸਟਾਰ ਬਾਰੇ ਸੁਣਨ ਅਤੇ ਪੜ੍ਹਨ ਵਾਲਿਆ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ,ਪਰ ਜਦੋਂ ਕੋਈ ਉਸ ਹਮਲੇ ਨੂੰ ਆਪਣੇ ਪਿੰਡੇ ਉੱਤੇ ਹੰਢਾਉਂਣ ਦੀ ਦਾਸਤਾਨ ਹੈ ਦੱਸਦਾ ਹੈ ਤਾਂ ਉਸ ਹਮਲੇ ਤਾਂ ਸੱਚ ਸੁਣ ਕੇ ਰੂਹ ਕੰਬ ਉੱਠਦੀ ਹੈ। ਬਲਾਕ ਨਥਾਣਾ ਦੇ ਪਿੰਡ ਬੱਜੋਆਣਾ ਦੇ ਬਜ਼ੁਰਗ ਬੰਤ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ 1 ਜੂਨ ਦੀਆ ਰੇਡੀਓ ਖਬਰਾਂ ਰਾਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਸੰਗਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀੀ ਦੇੇ ਦਿਹਾੜੇ ਮੌਕੇ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚਣ ਦਾ ਬੁਲਾਵਾ ਭੇਜਿਆ । ਉਨ੍ਹਾਂ ਕਿਹਾ ਕਿ ਉਹ ਆਪਣੇ ਦੋ ਸਾਥੀਆਂ ਬਾਬੂ ਸਿੰਘ ਪੁੱਤਰ ਰਾਮਤਾ ਸਿੰਘ ਅਤੇ ਭਗਵਾਨ ਸਿੰਘ ਪੁੱਤਰ ਜੰਗ ਸਿੰਘ ਸਮੇਤ ਮਿੱਤੀ 2 ਜੂਨ ਨੂੰ ਆਪਣੇ ਪਿੰਡ ਤੋੋਂ ਚੱਲ ਪਏ ਅਤੇ ਰਾਤ ਸਰਹਾਲੀ ਵਿਖੇ ਕੱਟੀ । 3 ਜੂਨ ਨੂੰ ਕਰੀਬ 10 ਵਜੇ ਦਰਬਾਰ ਸਾਹਿਬ ਕੰਪਲੈਕਸ ਵਿਖੇ ਪਹੁੰਚ ਗਏ। ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਭੋਗ ਤੋਂ ਉਪਰੰਤ ਧਾਰਮਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਚੰਦ ਸਿੰਘ ਲੌਂਗੋਵਾਲ ਦੀਆਂ ਸਟੇਜਾਂ ਵੱਖਰੀਆਂ ਵੱਖਰੀਆ ਸਨ। ਜਦੋ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਆ ਰਹੇ ਸਨ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਸਾਥੀਆਂ ਨਾਲ ਜਾ ਰਹੇ ਸਨ, ਉਨ੍ਹਾਂ ਨੇ ਕਿਹਾ ਕਿ 4 ਜੂਨ ਨੂੰ ਫੌਜ ਵੱਲੋਂ ਕੀਤੇ ਜਾਣ ਵਾਲੇ ਸੰਭਾਵੀ ਹਮਲੇ ਸਬੰਧੀ ਪੁਖ਼ਤਾ ਜਾਣਕਾਰੀ ਆਗੂਆਂ ਕੋਲ ਪਹੁੰਚ ਗਈ ਸੀ ਅਤੇ ਉਨ੍ਹਾਂ ਨੇ ਸਮੂਹ ਸੰਗਤ ਚੌਕਸ ਕਰ ਦਿੱਤਾ। 4 ਜੂਨ ਨੂੰ ਸਵੇਰੇ 4 ਵਜੇ ਬਹੁਤ ਤੇਜ ਗੋਲੀਬਾਰੀ ਅਤੇ ਖੜਾਕ ਸੁਰੂ ਹੋ ਗਿਆ, ਪਾਣੀ ਵਾਲੀ ਟੈਂਕੀ ਲਗਭਗ ਸਵੇਰੇ 9 ਵਜੇ ਦੇ ਕਰੀਬ ਢਾਹੀ ਗਈ ।ਬੰਤ ਸਿੰਘ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਉੱਤੇ ਗਏ ਸਨ ਅਤੇ ਗੁਰੂ ਰਾਮਦਾਸ ਸਰਾਂ ਵਿਚ ਘਿਰ ਗਏ ਅਤੇ 4 ਜੂਨ ਸਵੇਰੇ ਚਾਰ ਵਜੇ ਤੋਂ ਲੈ ਕੇ 6 ਜੂਨ ਸਵੇਰੇ 6 ਵਜੇ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਇਸ ਤੋ ਬਾਅਦ ਪੁਲਿਸ ਅਤੇ ਫੌਜ ਵੱਲੋਂ ਉਨ੍ਹਾਂ ਨੂੰ ਸਰਾਵਾਂ ਵਿੱਚ ਆ ਕੇ ਘੇਰਾ ਪਾ ਲਿਆ ਅਤੇ ਔਰਤਾਂ ਤੇ ਮਰਦਾਂ ਨੂੰ ਵੱਖ ਵੱਖ ਕਰਕੇ 60-60 ਮੈਂਬਰੀ ਜਥੇ ਬਣਾਕੇ ਸਰਾਵਾਂ ਵਾਲੀ ਸੜਕ ਰਾਹੀਂ ਟੈਂਕੀ ਨਜ਼ਦੀਕ ਖੜ੍ਹੀਆਂ ਬੱਸਾਂ ਵਿੱਚ ਡੱਕ ਦਿੱਤਾ, ਜਿੱਥੋ ਅਟਾਰੀ ਰੋਡ ਤੇ ਸਥਿਤ ਇੱਕ ਕਾਲਜ ਵਿਚ 28 ਦਿਨ ਬੰਦ ਰੱਖਿਆ । ਬੰਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੁਲਸ ਅਤੇ ਫੌਜ ਦੀ 6 ਜੂੂਨ ਨੂੂੰ ਘੇਰਾਬੰਦੀ ਵਿਚ ਗੁਰੂ ਰਾਮਦਾਸ ਸਰਾਂ ਵਿੱਚੋ ਬਾਹਰ ਕੱਢਿਆ ਗਿਆ ਤਾਂ ਟੈਂਕੀ ਵਾਲੀ ਸੜਕ ਉੱਤੇ ਬੱਚਿਆ, ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਸਨ, ਇਹ ਮੰਜਰ ਦੇਖਕੇ ਉਨਾਂ ਨੇ ਵੀ ਸੋਚਿਆ ਕਿ ਸਾਨੂੰ ਬੱਸਾਂ ਵਿੱਚ ਬੰਦ ਕਰਕੇ ਕਿਸੇ ਦਰਿਆ ਵਿੱਚ ਰੋੜ ਦਿੱਤਾ ਜਾਵੇਗਾ। ਜਦੋ ਉਸ ਬੱਸ ਚੜਨ ਸਮੇ ਉਸ ਪਿੱਛੇ ਮੁੜ ਕੇ ਲਾਸ਼ਾਂ ਦੇਖਣ ਦੀ ਕੋਸ਼ਿਸ਼ ਕੀਤੀ ਤਾ ਬੱਸ ਦੀ ਵਾਰੀ ਵਿੱਚ ਖੜੇ ਇੱਕ ਮੁਲਾਜ਼ਮ ਨੇ ਉਸਦੇ ਸਿਰ ਵਿੱਚ ਲੋਹੇ ਦਾ ਸਰੀਆ ਮਾਰਿਆ ਅਤੇ ਸਿਰ ਵਿੱਚੋ ਖੂਨ ਵਗ ਤੁਰਿਆ ਉਸਦੇ ਸਾਰੇ ਕੱਪੜੇ ਖੂਨ ਨਾਲ ਲੱਥ ਪੱਥ ਹੋ ਗਏ । ਅਟਾਰੀ ਸੜਕ ਤੇ ਸਥਿਤ ਜਿਸ ਕਾਲਜ ਉਨ੍ਹਾਂ ਨੂੰ ਰੱਖਿਆ ਗਿਆ ਉਥੇ ਬੰਦੀਆ ਲਈ ਰੋਟੀ ਪਾਣੀ ਦੇ ਪ੍ਰਬੰਧ ਦਾ ਠੇਕਾ ਇੱਕ ਠੇਕੇਦਾਰ ਦਾ ਲਿਆ ਹੋਇਆ ਸੀ। ਠੇਕੇਦਾਰ ਵੱਲੋ ਆਟਾ, ਦਾਲ ਸਬਜੀ ਬਹੁਤ ਘਟੀਆ ਕਿਸਮ ਦਿੱਤੀ ਜਾਂਦੀ ਸੀ ਅਤੇ ਲੰਗਰ ਬੰਦੀ ਖੁਦ ਤਿਆਰ ਕਰਦੇ ਸਨ। ਸੁਰੂਆਤੀ ਦਿੱਨਾਂ ਵਿੱਚ ਇੱਕ ਕਮਰੇ ਵਿੱਚ 60 ਬੰਦੀਆ ਨੂੰ 24 ਘੰਟੇ ਲਈ ਸਿਰਫ ਇੱਕ ਘੜਾ ਪਾਣੀ ਦਾ ਦਿੱਤਾ ਜਾਂਦਾ ਸੀ। ਕੱਪੜਿਆ, ਬਿਜਲੀ ਦਾ ਕੋਈ ਪ੍ਰਬੰਧ ਨਹੀ ਸੀ । ਕਈ ਦਿਨ ਪੜਤਾਲ ਚਲਦੀ ਰਹੀ ਅਤੇ 28 ਦਿਨਾਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਜਿੱਥੇ ਬੰਦੀਆ ਦੀ ਸਨਾਖਤ ਕੀਤੀ ਗਈ। ਸਨਾਖਤ ਉਪਰੰਤ ਸਾਰੇ ਬੰਦੀਆ ਨੂੰ ਉਨਾਂ ਦੇ ਇਲਾਕੇ ਅਨੁਸਾਰ ਜ਼ਿਲ੍ਹਾ ਜੇਲ੍ਹਾ ਵਿੱਚ ਭੇਜ ਦਿੱਤਾ ਗਿਆ। ਬੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਸਾਥੀਆ ਸਮੇਤ ਜਿੱਲਾ ਜੇਲ ਬਠਿੰਡਾ ਵਿੱਚੋ ਰਿਹਾਅ ਕਰ ਦਿੱਤਾ। ਇਸ ਸਮੇ ਦੌਰਾਨ ਉਨ੍ਹਾਂ ਬਾਰੇ ਘਰ ਕੋਈ ਥਹੁ ਪਤਾ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਅਤੇ ਪਰਿਵਾਰ ਨੇ ਬਹੁਤ ਹੀ ਦੁੱਖ ਭਰਿਆ ਸਮਾਂ ਹੰਢਾਇਆ। ਬਜ਼ੁਰਗ ਬੰਤ ਸਿੰਘ ਨੇ ਦੱਸਿਆ ਕਿ ਉਹ ਕੋਈ ਹਥਿਆਰ ਬੰਦ ਸੰਘਰਸ਼ ਲਈ ਨਹੀ ਸੀ ਗਏ। ਸਿਰਫ ਸਾਤਮਈ ਵਿਰੋਧ ਕਰਨ ਕਰਨ ਗਏ ਸਨ ਪਰ ਫਿਰ ਵੀ ਉਹਨਾਂ ਨਾਲ ਜੋ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਅੱਜ ਵੀ ਯਾਦ ਕਰਕੇ ਬਹੁਤ ਦੁੱਖ ਹੁੰਦਾ ਹੈ।
ਨਸ਼ੇੜੀ ਪੁੱਤਰ ਨੇ ਪੈਸੇ ਨਾ ਦੇਣ ’ਤੇ ਮਾਂ ਦੀ ਕੀਤੀ ਕੁੱਟਮਾਰ,ਇਲਾਜ ਦੌਰਾਨ ਮੌਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਜੂਨ: ਪੰਜਾਬ ਵਿਚ ਵੱਧ ਰਹੇ ਨਸ਼ੇ ਕਾਰਨ ਹਰ ਰੋਜ਼ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਖ਼ਬਰਾਂ ਆਮ ਹੀ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ, ਉਥੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਨਥਾਣਾ ਵਿਚ ਵਾਪਰੀ ਇੱਕ ਅਣਹੋਣੀ ਘਟਨਾ ਵਿਚ ਇਕ ਪੁੱਤ ਵੱਲੋਂ ਨਸ਼ੇ ਦੀ ਪੂਰਤੀ ਲਈ ਪੈਸੇ ਨਾਂ ਦੇਣ ’ਤੇ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁੱਤ ਦੀ ਕੁੱਟਮਾਰ ਦਾ ਸਿਕਾਰ ਹੋਈ ਮਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਲਿਆਣ ਸੁੱਖਾ ਦੀ ਪੱਤੀ ਸੱਦਾ ਦੇ ਨਿਹਾਲ ਸਿੰਘ ਪੁੱਤਰ ਬੇਲਾ ਸਿੰਘ ਵਾਸੀ ਨੇ ਥਾਣਾ ਨਥਾਣਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦਸਿਆ ਕਿ ਉਸਦਾ ਪੁੱਤਰ ਗੁਰਦੀਪ ਸਿੰਘ ਨਸ਼ੇ ਦਾ ਆਦੀ ਸੀ ਤੇ ਉਹਨੇ ਆਪਣੇ ਨਸ਼ੇ ਦੀ ਪੂਰਤੀ ਲਈ 18 ਮਈ ਨੂੰ ਆਪਣੀ ਮਾਂ ਚਰਨਜੀਤ ਕੌਰ ਕੋਲੋ ਪੈਸਿਆਂ ਦੀ ਮੰਗ ਕੀਤੀ। ਪਰ ਪੈਸੇ ਨਾ ਹੋਣ ਕਾਰਨ ਚਰਨਜੀਤ ਕੌਰ ਨੇ ਉਸਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸਤੋਂ ਭੜਕਾਹਟ ਵਿੱਚ ਆਏ ਗੁਰਦੀਪ ਸਿੰਘ ਨੇ ਆਪਣੀ ਮਾ ਦੀ ਖੇਤੀ ਲਈ ਵਰਤੇ ਜਾਣ ਵਾਲੇ ਕਸੀਏ ਨਾਲ ਕੁੱਟਮਾਰ ਕਰ ਦਿੱਤੀ। ਜਿਸਦੇ ਚੱਲਦੇ ਉਹ ਗੰਭੀਰ ਜਖ਼ਮੀ ਹੋ ਗਈ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸਦੀ ਪਤਨੀ ਚਰਨਜੀਤ ਕੌਰ ਦੀ ਮੌਤ ਹੋ ਗਈ। ਪੁਲਿਸ ਨੇ ਪਿਊ ਦੇ ਬਿਆਨਾਂ ਉਪਰ ਨਸ਼ੇੜੀ ਪੁੱਤਰ ਗੁਰਦੀਪ ਸਿੰਘ ਵਿਰੁਧ ਧਾਰਾ 304 ਆਈ ਪੀ ਸੀ ਅਧੀਨ ਮੁਕੱਦਮਾ ਨੰਬਰ 70 ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਹਰੇਕ ਆਂਗਣਵਾੜੀ ਕੇਂਦਰ ਨੂੰ ਪ੍ਰਤੀ ਸਾਲ 2 ਹਜ਼ਾਰ ਰੁਪਏ ਦੀ ਮੋਬਾਈਲ ਡੇਟਾ ਪੈਕੇਜ ਦੀ ਸਹੂਲਤ ਲਾਗੂ
ਬਠਿੰਡਾ ਜ਼ਿਲ੍ਹੇ ਦੇ 968 ਆਂਗਣਵਾੜੀ ਸੈਂਟਰਾਂ ਨੂੰ ਮਿਲੇਗੀ ਇਹ ਸਹੂਲਤ: ਪਲਵੀ ਚੌਧਰੀ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ: ਸੂਬਾ ਸਰਕਾਰ ਵਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਹਰੇਕ ਆਂਗਣਵਾੜੀ ਕੇਂਦਰ ਨੂੰ ਪ੍ਰਤੀ ਸਾਲ 2 ਹਜ਼ਾਰ ਰੁਪਏ ਦੇ ਮੋਬਾਈਲ ਡੇਟਾ ਪੈਕੇਜ ਦੀ ਸਹੂਲਤ ਲਾਗੂ ਕੀਤੀ ਗਈ ਹੈ। ਸੂਬੇ ਵਿੱਚ ਕੁੱਲ ਮਨਜ਼ੂਰਸ਼ੁਦਾ ਆਂਗਣਵਾੜੀ ਸੈਂਟਰਾਂ ਦੀ ਗਿਣਤੀ 27,314 ਹੈ। ਹਰੇਕ ਸਾਲ ਪ੍ਰਤੀ ਸੈਂਟਰ 2000 ਰੁਪਏ ਦੇ ਹਿਸਾਬ ਨਾਲ ਇਨ੍ਹਾਂ ਆਂਗਣਵਾੜੀ ਕੇਦਰਾਂ ਨੂੰ ਹਰ ਸਾਲ 5,46,28000 ਦਾ ਡੇਟਾ ਪੈਕੇਜ ਦਿੱਤਾ ਜਾਵੇਗਾ। ਇਸਦਾ ਖੁਲਾਸਾ ਕਰਦਿਆਂ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ 968 ਮਨਜ਼ੂਰਸ਼ੁਦਾ ਆਂਗਣਵਾੜੀ ਸੈਂਟਰਾਂ ਨੂੰ ਹਰੇਕ ਸਾਲ ਪ੍ਰਤੀ ਸੈਂਟਰ 2000 ਰੁਪਏ ਦੇ ਹਿਸਾਬ ਨਾਲ ਡੇਟਾ ਪੈਕੇਜ ਦਿੱਤਾ ਜਾਵੇਗਾ ਤੇ ਡੇਟਾ ਪੈਕੇਜ ਆਂਗਣਵਾੜੀ ਵਰਕਰਾਂ ਨੂੰ ਮਿਲਣ ਨਾਲ ਇਸ ਅਭਿਆਨ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਡੇਟਾ ਪੈਕੇਜ ਮਿਲਣ ਨਾਲ ‘ਪੋਸ਼ਣ ਟਰੈਕਰ’ਮੋਬਾਈਲ ਐਪ ਤੇ ਆਂਗਣਵਾੜੀ ਵਰਕਰ ਅਤੇ ਹੈਲਪਰ ਪੋਸ਼ਣ ਸਬੰਧੀ ਸਾਰਾ ਰਿਕਾਰਡ ਅਪਲੋਡ ਕਰ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਕੇਂਦਰਾਂ ਰਾਹੀਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ। ਮੈਡਮ ਪਲਵੀ ਚੌਧਰੀ ਨੇ ਕਿਹਾ ਕਿ ਇਸ ਅਭਿਆਨ ਨੂੰ ਜ਼ਮੀਨੀ ਪੱਧਰ ’ਤੇ ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਤਾਂ ਜੋ ਆਂਗਣਵਾੜੀ ਵਰਕਰ ਅਤੇ ਹੈਲਪਰ ਪੋਸ਼ਣ ਸਬੰਧੀ ਸਾਰਾ ਰਿਕਾਰਡ ਇਸ ਐਪ ਤੇ ਅਪਲੋਡ ਕਰ ਸਕਣ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਇਸ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਬਦਲੇ ਕ੍ਰਮਵਾਰ 500 ਰੁਪਏ ਅਤੇ 250 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਨਾਲ ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾਵੇਗਾ।
ਐਸ.ਟੀ.ਐਫ਼ ਦੇ ਸਿਪਾਹੀ ਲਈ 2 ਲੱਖ ਰੁਪਏ ਰਿਸ਼ਵਤ ਲੈਂਦਾ ਦੁਕਾਨਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਪੁਲਿਸ ਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਜਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਜੂਨ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗਾਂਧੀ ਚੌਕ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਿੰਮ ਸਪਲੀਮੈਂਟ ਦੀ ਦੁਕਾਨ ਚਲਾਉਣ ਵਾਲੇ ਅਮਨ ਨਾਮ ਦੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਪੁਲਿਸ ਸਿਪਾਹੀ ਖਾਤਰ 2 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਕੇਸ ਵਿੱਚ ਮੁਲਜ਼ਮ ਸਿਪਾਹੀ ਦੀ ਪਛਾਣ ਮੋਹਿਤ ਬੇਦੀ ਵਜੋਂ ਹੋਈ ਹੈ, ਜੋ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਬਟਾਲਾ ਦੀ ਟੀਮ ਵਿੱਚ ਤਾਇਨਾਤ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਸ਼ਿਕਾਇਤਕਰਤਾ ਮਹਿਲਾ ਨੇ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਐਸ.ਟੀ.ਐਫ. ਬਟਾਲਾ ਦੀ ਪੁਲਿਸ ਟੀਮ ਨੇ ਸੋਮਵਾਰ ਨੂੰ ਉਕਤ ਜਿੰਮ ਵਿੱਚ ਛਾਪਾ ਮਾਰਿਆ ਅਤੇ ਉਸਦੇ ਪਤੀ ਨੂੰ ਜਿੰਮ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਐਸ.ਟੀ.ਐਫ. ਦੀ ਟੀਮ ਨੇ ਉਨ੍ਹਾਂ ਦੇ ਘਰ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਪਰ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ।ਮਹਿਲਾ ਨੇ ਦੋਸ਼ ਲਾਇਆ ਕਿ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰਨ ਦੇ ਕਾਰਨ ਬਾਰੇ ਪੁੱਛੇ ਜਾਣ ’ਤੇ, ਸਿਪਾਹੀ ਮੋਹਿਤ ਨੇ ਉਸਨੂੰ ਉਕਤ ਦੁਕਾਨਦਾਰ ਅਮਨ, ਜੋ ਕਿ ਉਸਦੇ ਪਤੀ ਦਾ ਦੋਸਤ ਵੀ ਹੈ, ਨੂੰ ਮਿਲਣ ਲਈ ਕਿਹਾ ਤਾਂ ਜੋ ਉਸਦੇ ਪਤੀ ਨੂੰ ਬਿਨਾਂ ਕਿਸੇ ਅਪਰਾਧਿਕ ਮੁਕੱਦਮਾ ਦਰਜ ਕੀਤਿਆਂ ਰਿਹਾਅ ਕਰਾਇਆ ਜਾ ਸਕੇ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਦੁਕਾਨਦਾਰ ਅਮਨ ਨੇ ਉਸਨੂੰ 10 ਲੱਖ ਰੁਪਏ ਰਿਸ਼ਵਤ ਦਾ ਪ੍ਰਬੰਧ ਕਰਨ ਅਤੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 2 ਲੱਖ ਰੁਪਏ ਪੁਲਿਸ ਮੁਲਾਜ਼ਮ ਮੋਹਿਤ ਨੂੰ ਦੇਣ ਲਈ ਕਿਹਾ।ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਦੋਸ਼ੀ ਦੁਕਾਨਦਾਰ ਅਮਨ ਨੂੰ ਦੋ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 2 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਸਿਪਾਹੀ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
