Home Blog Page 2106

ਸਿਹਤ ਵਿਭਾਗਾਂ ਦੀ ਸਕੀਮਾਂ ਅਤੇ ਸੇਵਾਵਾਂ ਬਾਰੇ ਜਨਤਾ ਨੂੰ ਕੀਤਾ ਜਾਵੇ ਜਾਗਰੂਕ: ਡਾ ਤੇਜਵੰਤ ਸਿੰਘ ਢਿੱਲੋਂ

0

ਸਿਵਲ ਸਰਜਨ ਵੱਲੋਂ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 19 ਮਈ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਗਈ। ਮੀਟਿੰਗ ਵਿੱਚ ਵਿਨੋਦ ਕੁਮਾਰ, ਕੁਲਵੰਤ ਸਿੰਘ, ਨਰਿੰਦਰ ਕੁਮਾਰ, ਜਗਤਾਰ ਸਿੰਘ, ਮਾਲਵਿੰਦਰ ਸਿੰਘ, ਸਾਹਿਲ ਪੁਰੀ, ਪਵਨਦੀਪ ਕੌਰ, ਰੋਹਿਤ ਕੁਮਾਰ, ਗੁਰਸਿਮਰਤ ਕੋਰ, ਮਹੇਸ਼ ਕੁਮਾਰ, ਗਗਨਦੀਪ ਭੁੱਲਰ ਨੇ ਭਾਗ ਲਿਆ। ਇਸ ਸਮੇਂ ਡਾ ਢਿੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਦਿੱਤੀਆਂ ਜਾਂਦੀਆ ਸਾਰੀਆਂ ਸਕੀਮਾਂ ਅਤੇ ਸੇਵਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਇਨ੍ਹਾਂ ਸਕੀਮਾ ਦਾ ਲੋਕ ਵੱਧ ਤੋਂ ਵੱਧ ਲਾਭ ਉਠਾ ਸਕਣ। ਉਹਨਾਂ ਕਿਹਾ ਕਿ ਜਨਤਾ ਨੂੰ ਸਿਹਤ ਸੰਭਾਲ ਅਤੇ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਜਾਵੇ। ਸਿਹਤ ਸਕੀਮਾਂ ਸਬੰਧੀ ਪ੍ਰਿੰਟਿਗ ਮੈਟੀਰੀਅਲ ਵੀ ਵੰਡਿਆਂ ਜਾਵੇ। ਡੇੱਗੂ ਬਿਮਾਰੀ ਅਤੇ ਡਰਾਈ ਡੇ ਬਾਰੇ ਵੀ ਜਾਗਰੂਕ ਕੀਤਾ ਜਾਵੇ। ਇਸ ਸਮੇਂ ਪਿਛਲੇ ਮਹੀਨੇ ਕੀਤੀਆਂ ਆਈਈਸੀ ਗਤੀਵਿਧੀਆਂ ਸਬੰਧੀ ਅਤੇ ਮਈ ਅਤੇ ਜੂਨ ਮਹੀਨੇ ਦੌਰਾਨ ਕਰਨ ਵਾਲੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਕੀਤੀ ਗਈ।ਉਹਨਾਂ ਕਿਹਾ ਕਿ ਆਪਣੇ ਅਧੀਨ ਏਰੀਏ ਦੀਆਂ ਗਰਭਵਤੀ ਮਾਵਾਂ ਅਤੇ 5 ਸਾਲ ਤੱਕ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਸਮੇਂ ਡਾ ਤੇਜਵੰਤ ਸਿੰਘ ਢਿੱਲੋਂ ਨੇ 28 ਤੋਂ 30 ਮਈ ਤੱਕ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਵੀ ਕਿਹਾ ਅਤੇ ਨੋ ਤੰਬਾਕੂ ਦਿਵਸ ਦੇ ਸਬੰਧ ਵਿੱਚ ਲੋਕਾਂ ਨੂੰ ਤੰਬਾਕੁੂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਵੀ ਕਿਹਾ ਅਤੇ ਸਮਾਜ ਵਿੱਚ ਤੰਬਾਕੂ ਵਿਰੋਧੀ ਗਤੀਵਿਧੀਆਂ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ।

 

ਸਪੈਸ਼ਲ ਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਆਯੋਜਿਤ

0

ਮਾਪਿਆਂ ਨੂੰ ਆਪਣੇ 0 ਤੋਂ 5 ਸਾਲ ਦੇ ਹਰੇਕ ਬੱਚੇ ਨੂੰ 28 ਮਈ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 19 ਮਈ- ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਮੈਡਮ ਪੱਲਵੀ ਨੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਰਾਊਂਡ ਮਿਤੀ 28 ਮਈ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ, ਡਾ ਸੁਖਜਿੰਦਰ ਸਿੰਘ ਗਿੱਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਊਸ਼ਾ ਗੋਇਲ ਜ਼ਿਲ੍ਹਾ ਸਿਹਤ ਅਫ਼ਸਰ, ਡਾ ਮੀਨਾਕਸ਼ੀ ਸਿੰਗਲਾ ਜ਼ਿਲ੍ਹਾ ਟੀਕਾਕਰਣ ਅਫ਼ਸਰ, ਡਾ ਰਮਨਦੀਪ ਡਿਪਟੀ ਮੈਡੀਕਲ ਕਮਿਸ਼ਨਰ, ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਡਰੱਗ ਇੰਸਪੈਕਟਰ, ਫੂਡ ਇੰਸਪੈਕਟਰ, ਦਫ਼ਤਰੀ ਸਟਾਫ਼ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਸ਼ੱਕ ਵਿਸ਼ਵ ਸਿਹਤ ਸੰਸਥਾ ਨੇ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ ਹੋਇਆ ਹੈ, ਪਰ ਗੁਆਂਢੀ ਦੇਸ਼ਾਂ ਵਿੱਚ ਅਜੇ ਵੀ ਪੋਲੀਓ ਦੇ ਕੇਸ ਆ ਰਹੇ ਹਨ, ਉਨ੍ਹਾਂ ਦੇਸ਼ਾਂ ਵਿੱਚ ਭਾਰਤ ਦੀ ਮਾਈਗੇਰਸ਼ਨ ਹੋਣ ਕਰਕੇ ਭਾਰਤ ਨੂੰ ਪੋਲੀਓ ਦਾ ਅਜੇ ਵੀ ਖਤਰਾ ਬਣਿਆ ਹੋਇਆ ਹੈ। ਇਸ ਲਈ ਭਾਰਤ ਦੀ ਪੋਲੀਓ ਮੁਕਤੀ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਹਰ ਉਪਰਾਲੇ ਕਰ ਰਿਹਾ ਹੈ। ਇਸੇ ਮੁਹਿੰਮ ਅਧੀਨ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਸਪੈਸ਼ਲ ਨੈਸ਼ਨਲ ਪੋਲੀਓ ਰਾਊਡ ਮਿਤੀ 28 ਤੋਂ 30 ਮਈ ਤੱਕ ਕੀਤਾ ਜਾ ਰਿਹਾ ਹੈ।ਉਨ੍ਹਾਂ ਹੋਰ ਦੱਸਿਆ ਕਿ ਕਿਹਾ ਕਿ ਲਾਇਲਾਜ ਪੋਲੀਓ ਬਿਮਾਰੀ ਨਾਲ ਨਜਿੱਠਣ ਲਈ ਸਾਰੇ ਵਿਭਾਗਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਸੰਪੂਰਨ ਤਿਆਰੀ ਕਰ ਲਈ ਹੈ। ਉਨ੍ਹਾਂ ਸਭ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਇਸ ਨੋਬਲ ਕਾਰਜ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ।ਮੀਟਿੰਗ ਦੌਰਾਨ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਮੁਹਿੰਮ ਲਈ 1316 ਟੀਮਾਂ ਦੇ ਗਠਨ ਕੀਤਾ ਗਿਆ ਹੈ, ਜੋ ਮਿਤੀ 28 ਮਈ ਨੂੰ ਬੂਥਾਂ ਤੇ ਬੈਠ ਕੇ ਅਤੇ 29 ਅਤੇ 30 ਮਈ ਨੂੰ ਘਰ ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਟਰਾਂਜਿਟ ਟੀਮਾਂ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਮੋਬਾਇਲ ਟੀਮਾਂ ਫੈਕਟਰੀਆਂ, ਭੱਠਿਆਂ ਅਤੇ ਹੋਰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜਾ ਕੇ ਪੋਲੀਓ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਬੱਚਿਆਂ ਨੂੰ 28 ਮਈ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਉਣ। ਇਸ ਸਮੇਂ ਮੈਡਮ ਪੱਲਵੀ ਨੇ ਸਿਹਤ ਵਿਭਾਗ ਦੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਜਿਵੇਂ ਪਰਿਵਾਰ ਨਿਯੋਜਨ, ਟੀਕਾਕਰਣ, ਫੂਡ, ਡਰੱਗਜ, ਮਾਂ ਅਤੇ ਬੱਚੇ ਦੀ ਸਿਹਤ ਸੰਭਾਲ, ਲੈਪਰੋਸੀ, ਕੰਟਰੋਲ ਆਫ ਬਲਾਈਂਡਨੈਸ, ਆਮ ਆਦਮੀ ਕਲੀਨਿਕ, ਰਾਸ਼ਟਰੀ ਬਾਲ ਸਿਹਤ, ਪੀਐਨਡੀਟੀ, ਕੈਂਸਰ ਆਦਿ ਪ੍ਰੋਗਰਾਮਾਂ ਦੀ ਸਮੀਖਿਆ ਵੀ ਕੀਤੀ ਅਤੇ ਹਰੇਕ ਸਕੀਮ ਅਧੀਨ 100 ਪ੍ਰਤੀਸ਼ਤ ਟੀਚੇ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਕਿਸੇ ਵੀ ਮਰੀਜ਼ ਜਾਂ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਹਰਕੇ ਨਾਲ ਹਲੀਮੀ ਅਤੇ ਹਮਦਰਦੀ ਨਾਲ ਪੇਸ਼ ਆਇਆ ਜਾਵੇ।

”ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ

0

ਤੰਬਾਕੂ ਸੇਵਨ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ : ਮੈਡਮ ਪੱਲਵੀ ਚੌਧਰੀ
ਸੁਖਜਿੰਦਰ ਮਾਨ
ਬਠਿੰਡਾ, 19 ਮਈ: ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਤੇ ਸਹਿਯੋਗ ਨਾਲ 31 ਮਈ ਨੂੰ ਮਨਾਏ ਜਾ ਰਹੇ ”ਵਿਸ਼ਵ ਨੋ ਤੰਬਾਕੂ ਦਿਵਸ”ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਮੈਡਮ ਪੱਲਵੀ ਚੌਧਰੀ ਆਈ.ਏ.ਐਸ ਨੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ । ਇਸ ਸਮੇਂ ਡਾ ਤੇਜਵੰਤ ਸਿੰਘ ਸਿਵਲ ਸਰਜਨ, ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ, ਡਾ ਰਮਨਦੀਪ ਡਿਪਟੀ ਮੈਡੀਕਲ ਕਮਿਸ਼ਨਰ, ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਡਰੱਗ ਇੰਸਪੈਕਟਰ, ਫੂਡ ਇੰਸਪੈਕਟਰ, ਦਫ਼ਤਰੀ ਸਟਾਫ਼ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੱਲਵੀ ਚੌਧਰੀ ਨੇ ਦੱਸਿਆ ਕਿ ਸਿਹਤ ਵਿਭਾਗ ਹੋਰ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 31 ਮਈ ਨੂੰ ”ਨੋ ਤੰਬਾਕੂ ਦਿਵਸ”ਦੇ ਸਬੰਧ ਵਿੱਚ 16 ਮਈ ਤੋਂ 31 ਮਈ ਤੱਕ ਤੰਬਾਕੂ ਵਿਰੋਧੀ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਦੋਰਾਨ ਤੰਬਾਕੂ ਜਾਗਰੂਕਤਾ ਸਮਾਗਮ, ਜਨਤਕ ਥਾਵਾਂ ਤੇ ਤੰਬਾਕੂ ਜਾਂ ਤੰਬਾਕੂ ਤੋਂ ਬਣੇ ਹੋਰ ਪਦਾਰਥਾਂ ਦੀ ਵਰਤੋਂ ਅਤੇ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੀ ਮੁਹਿੰਮ, ਦੁਕਾਨਾਂ ਹੋਟਲਾਂ ਅਤੇ ਜਨਤਕ ਥਾਵਾਂ ਤੇ ਤੰਬਾਕੂ ਜਾਗਰੂਕਤਾ ਬੈਨਰ ਲਗਾਉਣਾ, ਸਕੂਲਾਂ ਵਿੱਚ ਚਾਰਟ ਮੇਕਿੰਗ ਅਤੇ ਲੇਖ ਮੁਕਾਬਲੇ, ਰੈਲੀਆਂ ਕਰਵਾਈਆਂ ਜਾ ਰਹੀਆਂ ਹਨ।ਮੈਡਮ ਪੱਲਵੀ ਚੌਧਰੀ ਨੇ ਸਮੂਹ ਵਿਭਾਗਾਂ ਨੂੰ ਇਸ ਨੋਬਲ ਕਾਰਜ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਕਿਹਾ। ਇਸ ਸਮੇਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਨਵੀਆਂ ਗਾਈਡਲਾਈਨਜ਼ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਤੰਬਾਕੂ ਐਕਟ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਵੇ।ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਤੰਬਾਕੂ ਕੈਂਸਰ, ਟੀ.ਬੀ, ਸਾਹ, ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਦਾ ਕਾਰਨ ਬਣਾ ਹੈ ਅਤੇ 90 ਫ਼ੀਸਦੀ ਕੇਸਾਂ ਚ ਮੂੰਹ ਦਾ ਕੈਂਸਰ ਤੰਬਾਕੂ ਯੁਕਤ ਗੁਟਕਾ, ਪਾਨ ਮਸਾਲਾ ਦੀ ਵਰਤੋਂ ਕਰਨ ਨਾਲ ਹੁੰਦਾ ਹੈ। ਗਰਭਵਤੀ ਔਰਤ ਵੱਲੋਂ ਤੰਬਾਕੂ ਦਾ ਸੇਵਨ ਕਰਨ ਤੇ ਜਨਮ ਲੈਣ ਵਾਲੇ ਬੱਚੇ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਮੇਂ ਤੰਬਾਕੂ ਜਾਗਰੂਕਤਾ ਬੈਨਰ ਵੀ ਜਾਰੀ ਕੀਤਾ ਗਿਆ।

ਸਾਉਣੀ ਦੀਆਂ ਫ਼ਸਲਾਂ ਦੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਨੇ ਲਗਾਇਆ ਕਿਸਾਨ ਕੈਂਪ

ਸੁਖਜਿੰਦਰ ਮਾਨ
ਬਠਿੰਡਾ, 19 ਮਈ: ਸਾਉਣੀ ਦੀਆਂ ਫ਼ਸਲਾਂ ਨਰਮਾ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈੰਪ ਅੱਜ ਪਿੰਡ ਨੇਹੀਆਂਵਾਲਾ ਵਿਖੇ ਲਗਾਇਆ ਗਿਆ। ਕੈੰਪ ਵਿੱਚ ਡਾ ਮੁਖਤਿਆਰ ਸਿੰਘ ਨੇ ਕਿਸਾਨਾਂ ਨੂੰ ਬੇਲੋੜੇ ਖੇਤੀ ਖਰਚੇ ਘਟਾਉਣ ਬਾਰੇ ਅਤੇ ਕੀੜੇਮਾਰ ਦਵਾਈਆ ਦੀ ਬੇਲੋੜੀ ਵਰਤੋਂ ਤੋਂ ਸੁਚੇਤ ਕੀਤਾ। ਡਾ. ਸਰਬਜੀਤ ਸਿੰਘ ਨੇ ਨਰਮੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਨਰਮੇ ਦੀਆਂ ਪਰਮਾਣਿਤ ਕਿਸਮਾਂ ਅਤੇ ਬਿਜਾਈ ਦੇ ਸਹੀ ਢੰਗਾਂ ਅਤੇ ਖਾਦ ਖੁਰਾਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਦੇ ਬੀਜ਼ ਉਪਰ ਦਿੱਤੀ ਜਾਣ ਵਾਲੀ 33 ਪ੍ਰਤੀਸ਼ਤ ਸਬਸਿਡੀ ਜੋ 31 ਮਈ ਤੱਕ ਪੋਰਟਲ ਤੇ ਦਰਜ ਹੋਵੇਗੀ ਬਾਰੇ ਕਿਸਾਨਾਂ ਨੂੰ ਵਧੇਰੇ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਡਾ ਹਰਦੀਪ ਸਿੰਘ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਢੁੱਕਵੇ ਸਮੇ, ਬਿਜਾਈ ਦੇ ਢੰਗਾਂ, ਖਾਦ ਖੁਰਾਕ ਅਤੇ ਸਿੰਚਾਈ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਯੂਨੀਵਰਸਿਟੀ ਦੀਆਂ ਸਿਫਰਾਸ਼ ਕਿਸਮਾਂ ਦੀ ਸਿੱਧੀ ਬਿਜਾਈ ਕੀਤੀ ਜਾਵੇ। ਡਾ ਜਸਵਿੰਦਰ ਕੁਮਾਰ ਨੇ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਲਈ ਮੂੰਗੀ ਦੀ ਬਿਜਾਈ ਕਰਨ ਤੋਂ ਗ਼ੁਰੇਜ਼ ਕਰਨ ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਨਦੀਨਾਂ ਨੂੰ ਨਸ਼ਟ ਕਰਨ ਦੀ ਅਪੀਲ ਕੀਤੀ। ਡਾ ਅਮਨਦੀਪ ਕੌਰ ਨੇ ਕਿਸਾਨਾਂ ਨੂੰ ਮਿਟੀ ਪਾਣੀ ਦੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਤਾਰਾ ਸਿੰਘ, ਸਵਰਨਜੀਤ ਸਿੰਘ, ਗੁਰਮੀਤ ਸਿੰਘ (ਖੇਤੀਬਾੜੀ ਉਪ ਨਿਰੀਖਕ )ਅਤੇ ਪਿੰਡਾ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।

ਬਲਕਰਨ ਘੁੰਮਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ ਸੀ ਵਿੰਗ ਦੇ ਸਟੇਟ ਕੋਆਡੀ ਨੇਟਰ ਨਿਯੁਕਤ

0

ਸੁਖਜਿੰਦਰ ਮਾਨ
ਬਠਿੰਡਾ, 19 ਮਈ: ਨੌਜਵਾਨ ਟਕਸਾਲੀ ਆਗੂ ਬਲਕਰਨ ਘੁੰਮਣ ਨੂੰ ਇੱਕ ਵਾਰ ਫੇਰ ਵੱਡੀ ਜੁਮੰਵਾਰੀ ਦਿੰਦੇ ਹੋਏ ਪੰਜਾਬ ਕਾਂਗਰਸ ਕਮੇਟੀ ਐਸ ਸੀ ਵਿੰਗ ਦਾ ਸਟੇਟ ਕੋਆਡੀਨੇਟਰ ਨਿਯੁਕਤ ਕੀਤਾ ਹੈ। ਕਾਂਗਰਸ ਕਮੇਟੀ ਐਸ ਸੀ ਵਿੰਗ ਦੇ ਪ੍ਰਧਾਨ ਕੁਲਦੀਪ ਵੈਦ ਦੀ ਅਗਵਾਈ ਹੇਠ ਅਤੇ ਕੱੁਲ ਹਿੰਦ ਕਾਂਗਰਸ ਦੇ ਐਸ ਸੀ ਵਿੰਗ ਦੇ ਚੇਅਰਮੈਨ ਰਾਜੇਸ਼ ਲਿਲੋਥੀਆ ਵਲੋਂ ਪੱਤਰ ਜਾਰੀ ਕਰਕੇ ਸਾਰੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ। ਬਲਕਰਨ ਘੁੰਮਣ ਪਹਿਲੀ ਵਾਰ ਪੰਜਾਬ ਕਾਂਗਰਸ ਐਸ ਸੀ ਵਿੰਗ ਦੀ ਪੰਜਾਬ ਪੱਧਰੀ ਕਮੇਟੀ ਵਿੱਚ ਆਪਣਾ ਯੋਗਦਾਨ ਪਾਉਣਗੇ ਅਤੇ ਕੰਮ ਕਰਨਗੇ। ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਬਲਕਰਨ ਘੁੰਮਣ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੀਆਂ ਜਥੇਬੰਦੀਆਂ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਰਹੇ ਹਨ ਅਤੇ ਪਾਰਟੀ ਦੀ ਹਰ ਜਥੇਬੰਦੀ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਧੰਨਵਾਦ ਕਰਦਿਆਂ ਕਿਹਾ ਉਹ ਵਿਧਾਨ ਸਭਾ ਚੋਣਾਂ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ ।

ਨਵੀਂ ਪਹਿਲਕਦਮੀ: ਬਠਿੰਡਾ ਦੇ ਸਕੂਲ ’ਚ ਖੁੱਲੀ ‘ਇਮਾਨਦਾਰੀ ਦੀ ਹੱੱਟੀ’

0

ਬਿਨ੍ਹਾਂ ਕਿਸੇ ਦੁਕਾਨਦਾਰ ਦੇ ਵਿਦਿਆਰਥੀ ਖੁਦ ਜਰੂਰਤ ਮੁਤਾਬਕ ਸਮਾਨ ਖਰੀਦ ਕੇ ਗੱਲੇ ਵਿਚ ਪਾਉਣਗੇ ਪੈਸੇ
ਸੁਖਜਿੰਦਰ ਮਾਨ
ਬਠਿੰਡਾ, 19 ਮਈ : ਬੱਚਿਆਂ ’ਚ ਨੈਤਕਿਤਾ ਤੇ ਇਮਾਨਦਾਰੀ ਦਾ ਜਜਬਾ ਪੈਦਾ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਸਖ਼ਸੀਅਤਾਂ ਵਲੋਂ ਬਣਾਈ ‘ਪੰਜਾਬੀ ਹਿਤੈਸੀ ਸੱਥ’ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਸਹਿਰ ਦੇ ਇੱਕ ਸਕੂਲ ਵਿਚ ‘ਇਮਾਨਦਾਰੀ ਦੀ ਹੱਟੀ’ ਖੋਲੀ ਹੈ। ਇਸ ਹੱਟੀ ਦੀ ਵਿਸੇਸਤਾ ਇਹ ਹੈ ਕਿ ਇਸਦੇ ਵਿਚ ਸਮਾਨ ਵੇਚਣ ਲਈ ਕੋਈ ਦੁਕਾਨਦਾਰ ਜਾਂ ਮੁਲਾਜਮ ਨਹੀਂ ਹੋਵੇਗਾ, ਬਲਕਿ ਬੱਚੇ ਖੁਦ ਜਰੂਰਤ ਮੁਤਾਬਕ ਸਮਾਨ ਦੁਕਾਨ ਵਿਚੋਂ ਖਰੀਦਣਗੇ ਤੇ ਉਸਦੇ ਬਦਲੇ ਇੱਥੇ ਰੱਖੇ ਗੱਲੇ ਵਿਚ ਪੈਸਿਆਂ ਦਾ ਭੁਗਤਾਨ ਕਰਨਗੇ। ਅੱਜ ਸਵੇਰੇ ਸਥਾਨਕ ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਹੱਟੀ ਖੋਲਣ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸਰਮਾ ਜੀ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਸਮਾਜ ਸੁਧਾਰ ਸੰਬੰਧੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸੱਥ ਦੇ ਮੁੱਖ ਬੁਲਾਰੇ ਇੰਜ: ਦਰਸ਼ਨ ਸਿੰਘ ਭੁੱਲਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਘਬਰਾਉਣਾ ਨਹੀ ਚਾਹੀਦਾ, ਬਲਕਿ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ।ਉਹਨਾਂ ਕਿਹਾ ਕਿ ਵੇਦਾਂ ਅਨੁਸਾਰ ਸਾਰੀ ਦੁਨੀਆਂ ਇੱਕ ਪਰਿਵਾਰ ਹੈ।ਇਸ ਪਰਿਵਾਰ ਨੂੰ ਪਿਆਰ-ਮੁਹੱਬਤ ਕਰੋਂਗੇ ਤਾਂ ਦੁਨੀਆਂ ਵਿੱਚ ਅਮਨ ਸ਼ਾਤੀ ਹੋਏਗੀ। ਉਹਨਾਂ ਦੱਸਿਆ ਕਿ ਅਧਿਆਪਕ ਗੁਰੂ ਸਮਾਨ ਹੁੰਦੇ ਹਨ ਬੱਚਿਆਂ ਅਤੇ ਸਮਾਜ ਨੂੰ ਅਧਿਆਪਕ ਦਾ ਸਨਮਾਨ ਕਰਨਾ ਚਾਹੀਦਾ ਹੈ। ਇੰਜ: ਕਰਨੈਲ ਸਿੰਘ ਮਾਨ ਨੇ ਬੱਚਿਆਂ ਨੂੰ ਅਪਣੀ ਜਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਬੱਚਿਆਂ ਨੂੰ ਮਿਹਨਤ ਕਰਕੇ ਇਮਾਨਦਾਰ ਵਿਅਕਤੀ ਦੀ ਜਿੰਦਗੀ ਗੁਜ਼ਾਰਨ ਦੀ ਅਪੀਲ ਕੀਤੀ। ਮੁੱਖ ਇੰਜੀਨੀਅਰ (ਰਿਟ) ਇੰਜ: ਭੂਸ਼ਨ ਜਿੰਦਲ ਨੇ ਸੰਸਥਾ ਵੱਲੋਂ ਸਕੂਲ ਦੇ ਵੇਹੜੇ ਵਿੱਚ ਇਮਾਨਦਾਰੀ ਦੀ ਦੁਕਾਨ ਖੋਲਣ ਸੰਬੰਧੀ ਜਾਣਕਾਰੀ ਦਿੱਤੀ।ਉਸ ਦੁਕਾਨ ਦੇ ਕਾਉਂਟਰ ਤੇ ਕੋਈ ਵੀ ਮਾਲਕ ਨਹੀਂ ਹੋਵੇਗਾ।ਬੱਚੇ ਗੋਲਕ ਵਿੱਚ ਇੱਕ ਰੁਪਿਆ ਪਾ ਕੇ ਕੋਈ ਚੀਜ਼ ਜਿਵੇ ਕਾਪੀ, ਬਾਲ ਪੈੱਨ, ਪੈਨਸਲ, ਪੈਨਸਲ ਤਰਾਸ਼ ਜਾਂ ਰਬੜ ਉਥੋਂ ਲੈ ਸਕਣਗੇ।ਇਸਦਾ ਮਕਸਦ ਬੱਚਿਆਂ ਵਿੱਚ ਇਮਾਨਦਾਰੀ ਦੀ ਭਾਵਨਾਂ ਨੂੰ ਪ੍ਰਬਲ ਕਰਨਾ ਹੈ ਤਾਂ ਕਿ ਉਹ ਵੱਡੇ ਹੋ ਕੇ ਅਪਣੇ ਕੰਮ- ਕਾਜ ਵਿੱਚ ਵੀ ਇਮਾਂਨਦਾਰੀ ਵਰਤਣ।ਇਸ ਸਮਾਗਮ ਵਿੱਚ ਪੰਜਾਬ ਹਿਤੈਸ਼ੀ ਸੱਥ ਦੇ ਮੈਂਬਰ ਗੁਰਸੇਵਕ ਸਿੰਘ ਅਤੇ ਗਿਆਨ ਚੰਦ ਸ਼ਰਮਾ ਨੇ ਵੀ ਨੇ ਵੀ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ। ਸਟੇਜ ਦਾ ਸੰਚਾਲਨ ਸ੍ਰੀ ਪ੍ਰਵੀਨ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।

ਬਠਿੰਡਾ ’ਚ ਬੰਬ ਧਮਾਕਿਆਂ ਦੀ ਧਮਕੀ ਤੋਂ ਪੁਲਿਸ ਹੋਈ ਚੌਕੰਨੀ, ਸੁਰੱਖਿਆ ਦੇ ਕੀਤੇ ਸਖ਼ਤ ਪ੍ਰਬੰਧ

0

ਸੁਖਜਿੰਦਰ ਮਾਨ
ਬਠਿੰਡਾ, 19 ਮਈ : ਕੁੱਝ ਦਿਨ ਪਹਿਲਾਂ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ‘ਤੇ ਬੰਬ ਧਮਾਕੇ ਕਰਨ ਸਬੰਧੀ ਮਿਲੇ ਅੱਧੀ ਦਰਜ਼ਨ ਧਮਕੀ ਪੱਤਰ ਤੋਂ ਬਾਅਦ ਜ਼ਿਲ੍ਹਾ ਪੁਲਿਸ ਚੌਕੰਨੀ ਹੋ ਗਈ ਹੈ। ਅੰਮ੍ਰਿਤਸਰ ਵਿਖੇ ਪਿਛਲੇ ਦਿਨਾਂ ‘ਚ ਹੋਏ ਲੜੀਵਾਰ ਧਮਾਕਿਆਂ ਦੇ ਚੱਲਦੇ ਪੁਲਿਸ ਇਸ ਧਮਕੀ ਪੱਤਰ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਜਿਸਦੇ ਚੱਲਦੇ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਨਾਲ ਸਬੰਧਤ ਇੱਕ ਸਾਬਕਾ ਵਿਧਾਇਕ ਸਹਿਤ ਕਈ ਵਪਾਰੀਆਂ ਤੇ ਹੋਰਨਾਂ ਨੂੰ ਮਿਲੇ ਇੰਨ੍ਹਾਂ ਧਮਕੀ ਪੱਤਰਾਂ ਵਿਚ ਅਗਲੇ ਮਹੀਨੇ ਦੀ 7 ਤਰੀਕ ਨੂੰ ਕਰੀਬ ਇੱਕ ਦਰਜ਼ਨ ਥਾਵਾਂ ‘ਤੇ ਬੰਬ ਧਮਾਕੇ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇੰਨ੍ਹਾਂ ਥਾਵਾਂ ’ਚ ਬਠਿੰਡਾ ਦਾ ਮਿੰਨੀ ਸਕੱਤਰੇਤ ਸਥਿਤ ਐਸ.ਐਸ.ਪੀ ਦਫ਼ਤਰ ਤੋਂ ਇਲਾਵਾ ਇੱਕ ਧਾਰਮਿਕ ਸਥਾਨ, ਰੇਲਵੇ ਸਟੇਸਨ, ਇੱਕ ਪ੍ਰਾਈਵੇਟ ਹਸਪਤਾਲ ਆਦਿ ਦੇ ਨਾਮ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਬਠਿੰਡਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਪੱਤਰ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ਬੇਸ਼ੱਕ ਕਿਸੇ ਸਰਾਰਤੀ ਅਨਸਰ ਵਲੋਂ ਕੀਤੀ ਸਰਾਰਤ ਲੱਗਦੀ ਹੈ ਪ੍ਰੰਤੂ ਫ਼ਿਰ ਵੀ ਪੁਲਿਸ ਇਸ ਪੱਤਰ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ’’ ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਜਿੰਨ੍ਹਾਂ ਥਾਵਾਂ ਦਾ ਪੱਤਰ ਵਿਚ ਜਿਕਰ ਕੀਤਾ ਗਿਆ ਹੈ, ਉਥੇ ਸੁਰੱਖਿਆ ਪ੍ਰਬੰਧਾਂ ਦਾ ਮੁੜ ਜਾਇਜ਼ਾ ਲਿਆ ਗਿਆ ਹੈ। ਦਸਣਾ ਬਣਦਾ ਹੈ ਕਿ ਇਸ ਪੱਤਰ ਵਿਚ ਪਿਛਲੇ ਦਿਨੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਦਾ ਜਿਕਰ ਕਰਦਿਆਂ ਇਸਨੂੰ ਸਿਰਫ਼ ਟਰੈਲਰ ਕਰਾਰ ਦਿੱਤਾ ਹੈ ਤੇ ਅਸਲੀ ਫ਼ਿਲਮ ਬਠਿੰਡਾ ਵਿਚ ਧਮਾਕੇ ਕਰਕੇ ਦਿਖਾਉਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਸ ਪੱਤਰ ਨੂੰ ਜਾਰੀ ਕਰਨ ਵਾਲੇ ਕਿਸੇ ਵਿਅਕਤੀ ਜਾਂ ਸੰਸਥਾ ਦਾ ਨਾਮ ਨਹੀਂ ਲਿਖਿਆ ਗਿਆ ਹੈ ਪ੍ਰੰਤੂ ਦਾਅਵਾ ਕੀਤਾ ਗਿਆ ਹੈ ਕਿ ਜੇਕਰ ‘ਮੈਨੂੰ ਫ਼ੜ ਕੇ ਦਿਖਾਓ ਤਾਂ ਮੰਨਾ’। ਇਸਤੋਂ ਇਲਾਵਾ ਪੱਤਰ ਦੇ ਅਖ਼ੀਰ ਵਿਚ ਖਾਲਿਸਤਾਨ ਮਿਸ਼ਨ ਬਾਰੇ ਲਿਖਿਆ ਗਿਆ ਹੈ। ਪੱਤਰ ਮੁਤਾਬਕ ਸ਼ਹਿਰ ਵਿਚ 10 ਥਾਵਾਂ ’ਤੇ ਇਹ ਬੰਬ ਧਮਾਕੇ ਕੀਤੇ ਜਾਣਗੇ, ਜਿਸਦੇ ਲਈ ਸਾਰਾ ਸਮਾਨ ਪੁੱਜ ਚੁੱਕਾ ਹੈ ਤੇ ਇਹ ਧਮਾਕੇ ਡਰੋਨ ਜਾਂ ਰੀਮੋਰਟ ਨਾਲ ਕੀਤੇ ਜਾਣਗੇ। ਪੱਤਰ ਵਿਚ ਪੁਲਿਸ ਨੂੰ ਵੀ ਚੁਣੌਤੀ ਦਿੰਦੇ ਹੋਏ ਲਿਖਿਆ ਹੈ ਕਿ ਜੇਕਰ ਉਹ ਬੰਬ ਧਮਾਕੇ ਰੋਕ ਸਕਦੇ ਹਨ ਤਾਂ ਰੋਕ ਕੇ ਦਿਖਾਉਣ।

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਈ.ਆਈ.ਆਰ.ਐਫ. ਰੈਂਕਿੰਗ 2023 ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 19 ਮਈ: ਸਥਾਨਕ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਸਾਲ 2023 ਵਿੱਚ ਭਾਰਤ ਦੀ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਕਰਨ ਲਈ ਕਾਰਵਾਈ ਗਈ ਆਈ.ਆਈ.ਆਰ.ਐਫ. ਰੈਂਕਿੰਗ 2023 ਵਿੱਚ ’ਕੇਂਦਰੀ ਯੂਨੀਵਰਸਿਟੀਆਂ’ ਸ਼੍ਰੇਣੀ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ ਹੈ। ਇੰਡੀਅਨ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਸਾਲ 2012 ਤੋਂ ਉੱਚ ਸਿੱਖਿਆ ’ਤੇ ਕੇਂਦ੍ਰਿਤ ਮੈਗਜ਼ੀਨ ਐਜੂਕੇਸ਼ਨ ਪੋਸਟ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਆਈ.ਆਈ.ਆਰ.ਐਫ. ਦੇਸ਼ ਭਰ ਵਿੱਚ 1,000 ਤੋਂ ਵੱਧ ਵਿਦਿਅਕ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ।ਸਾਲ 2023 ਵਿੱਚ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਕਰਨ ਲਈ ਕਾਰਵਾਈ ਗਈ ਆਈ.ਆਈ.ਆਰ.ਐਫ. ਰੈਂਕਿੰਗ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦਾ ਸੱਤ ਮਾਪਦੰਡਾਂ ’ਤੇ ਮੁਲਾਂਕਣ ਕੀਤਾ ਜਾਂਦਾ ਹੈ, ਜੋ ਕਿ ਇਸ ਪ੍ਰਕਾਰ ਹਨ- ਪਲੇਸਮੈਂਟ ਪ੍ਰਦਰਸ਼ਨ; ਅਧਿਆਪਨ ਸਿਖਲਾਈ ਸਰੋਤ ਅਤੇ ਸਿੱਖਿਆ ਸ਼ਾਸਤਰ; ਖੋਜ; ਉਦਯੋਗ ਪਲੇਸਮੈਂਟ ਅਤੇ ਏਕੀਕਰਣ; ਪਲੇਸਮੈਂਟ ਰਣਨੀਤੀਆਂ ਅਤੇ ਸਹਾਇਤਾ; ਭਵਿੱਖ ਦੀ ਸਥਿਤੀ; ਅਤੇ ਬਾਹਰੀ ਧਾਰਨਾ। ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਇਨ੍ਹਾਂ ਸਾਰੇ ਮਾਪਦੰਡਾਂ ਵਿੱਚ 1000 ਵਿੱਚੋਂ 980.85 ਅੰਕ ਪ੍ਰਾਪਤ ਕੀਤੇ ਹਨ। ਦਸਣਾ ਬਣਦਾ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ ) ਤੋਂ ’ਏ+’ (1+) ਗ੍ਰੇਡ’ ਪ੍ਰਾਪਤ ਕੀਤਾ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸੀਯੂਪੀਬੀ ਪਰਿਵਾਰ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।

ਬਠਿੰਡਾ ਦੇ ਸੁੰਦਰੀਕਰਨ ਲਈ ਵਿਕਾਸ ਪ੍ਰੋਜੈਕਟਾਂ ’ਤੇ 8 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਾ. ਇੰਦਰਬੀਰ ਸਿੰਘ ਨਿੱਜਰ

0

ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਦੇ ਵਸਨੀਕਾਂ ਲਈ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਮੁੱਖ ਉਦੇਸ਼
ਸੁਖਜਿੰਦਰ ਮਾਨ
ਬਠਿੰਡਾ, 19 ਮਈ : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਬਠਿੰਡਾ ਨੂੰ ਸੁੰਦਰ ਬਣਾਉਣ ਦੇ ਉਦੇਸ਼ ਨਾਲ ਵਿਕਾਸ ਪ੍ਰੋਜੈਕਟਾਂ ਲਈ ਲਗਭਗ 8 ਕਰੋੜ ਰੁਪਏ ਦੇ ਖਰਚ ਕਰਨ ਦਾ ਫੈਸਲਾ ਲਿਆ ਗਿਆ ਹੈ।ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਜੋਨ ਨੰ. 5,6,7,8 ਵਿੱਖੇ ਸਿਵਲ ਕੰਮਾਂ ਦੀ ਜਨਰਲ ਰਿਪੇਅਰ ਕਰਵਾਉਣ ’ਤੇ ਤਕਰੀਬਨ 1.21 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਜੋਨ 1,2,3 ਅਤੇ 4 ਵਿੱਖੇ ਮਿਸਿੰਗ ਡੀ ਬੀ ਪੇਵਿੰਗ ਇੰਟਰਲਾਕਿੰਗ ਟਾਈਲਾਂ ਲਗਾਉਣ ਅਤੇ ਆਮ ਮੁਰੰਮਤ ਦੇ ਕੰਮ ’ਤੇ ਤਕਰੀਬਨ 1.06 ਕਰੋੜ ਰੁਪਏ ਖਰਚ ਕੀਤੇ ਜਾਣਗੇ।ਮੰਤਰੀ ਨੇ ਇਹ ਵੀ ਕਿਹਾ ਕਿ ਬਠਿੰਡਾ ਦੇ ਪਿੰਡ ਹਰ ਰਾਏ ਪੁਰ ਵਿੱਖੇ ਗਊਸ਼ਾਲਾਵਾਂ ਦੇ ਸੈੱਡ ਨੰ.7,8 ਅਤੇ 9 ਦਾ ਨਿਰਮਾਣ ਅਤੇ ਜੋਨ ਨੰ. 1,3,5,6,7 ਅਤੇ 8 ਵਿੱਖੇ ਸੜਕ ਗੱਲੀ ਚੈਂਬਰਾਂ ਦੀ ਸਾਫ-ਸਫਾਈ ਲਈ 1.70 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਪੈੱਚ ਵਰਕ ਦਾ ਕੰਮ, ਪੋਦੇ ਲਗਾਉਣ ਲਈ ਬੂਟਿਆਂ ਦੀ ਸਪਲਾਈ ਦਾ ਕੰਮ, ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਡੈਮੇਜ ਹੋਏ ਪੋਲਜ਼ ਨੂੰ ਬਦਲਣ ਦਾ ਕੰਮ ਅਤੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਹਿੱਸੇ ਵਿੱਚ ਐਲ.ਈ.ਡੀ ਲਾਈਟਾਂ ਦੀ ਸਪਲਾਈ/ ਲਗਾਉਣ ਅਤੇ ਹੋਰ ਕਈ ਤਰ੍ਹਾਂ ਦੇ ਕੰਮਾਂ ਨੂੰ ਕਰਨ ’ਤੇ ਤਕਰੀਬਨ 4.06 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਲਈ ਦਫ਼ਤਰੀ ਪ੍ਰਕਿਰਿਆ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਯਤਨ ਸ਼ਹਿਰ ਦੀ ਦਿੱਖ ਨੂੰ ਵਧਾਉਣਗੇ ਅਤੇ ਵਸਨੀਕਾਂ ਲਈ ਬੁਨਿਆਦੀ ਸਹੂਲਤਾਂ ਦੇ ਪ੍ਰਬੰਧ ਨੂੰ ਯਕੀਨੀ ਬਣਾਉਣਗੇ।

ਬਠਿੰਡਾ ਦੇ ਲਾਅ ਕਾਲਜ਼ ਦੀ ਸਾਬਕਾ ਵਿਦਿਆਰਥਣ ਬਣੀ ਉੱਤਰਾਖੰਡ ’ਚ ਜੱਜ

0

ਕਾਲਜ਼ ਵਲੋਂ ਇੱਕ ਵਿਸੇਸ ਸਮਾਗਮ ਕਰਕੇ ਨੈਨਸੀ ਛਾਬੜਾ ਨੂੰ ਸਨਮਾਨਿਤ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 19 ਮਈ : ਬਠਿੰਡਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਰਹੀ ਨੈਨਸੀ ਛਾਬੜਾ ਉੱਤਰਾਖੰਡ ’ਚ ਜੱਜ ਚੁਣੀ ਗਈ ਹੈ। ਸਖ਼ਤ ਮੁਕਾਬਲੇ ਦੀ ਹੋਈ ਪ੍ਰੀਖ੍ਰਿਆ ’ਚ ਪੰਜਵੇਂ ਸਥਾਨ ’ਤੇ ਰਹਿ ਕੇ ਨੈਨਸੀ ਨੇ ਇਹ ਮੁਕਾਮ ਹਾਸਲ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਵਿਆਹ ਤੋਂ ਬਾਅਦ ਕਾਨੂੰਨ ਦੀ ਪੜਾਈ ਕਰਨ ਵਾਲੀ ਨੈਨਸੀ ਨੇ ‘ਜੱਜ’ ਬਣਨ ਲਈ ਕਰੀਬ ਅੱਠ ਸਾਲ ਲਗਾਤਾਰ ਮਿਹਨਤ ਕੀਤੀ ਤੇ ਕਈ ਵਾਰ ਉਹ ਸਫ਼ਲਤਾ ਦੇ ਨੇੜੇ ਜਾ ਕੇ ਮੁੜਦੀ ਰਹੀ। ਅਪਣੀ ਸਾਬਕਾ ਵਿਦਿਆਰਥਣ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਅੱਜ ਕਾਲਜ਼ ਵਲੋਂ ਇੱਕ ਵਿਸੇਸ ਸਮਾਗਮ ਕਰਕੇ ਉਸਨੂੰ ਸਨਮਾਨਿਤ ਕੀਤਾ ਗਿਆ। ਜਿੱਥੇ ਅਪਣੇ ਪਤੀ ਨਵਦੀਪ ਰਹੇਜ਼ਾ ਨਾਲ ਪੁੱਜੀ ਜੱਜ ਨੈਨਸੀ ਛਾਬੜਾ ਨੇ ਕਾਲਜ਼ ’ਚ ਬਿਤਾਏ ਅਪਣੇ ਪਲਾਂ ਤੋਂ ਇਲਾਵਾ ਸਫ਼ਲਤਾ ਲਈ ਮਿਹਨਤ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਦਸਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਬਠਿੰਡਾ ਐਫ਼.ਐਮ ਦੇ ਡਾਇਰੈਕਟਰ ਰਾਜੀਵ ਅਰੋੜਾ ਪੁੱਜੇ ਹੋਏ ਸਨ, ਜਦੋਂਕਿ ਇਸੇ ਕਾਲਜ਼ ਨਾਲ ਜੁੜੇ ਰਹੇ ਜੋਤਨਰੰਜਨ ਸਿੰਘ ਗਿੱਲ ਪ੍ਰਧਾਨ, ਖਪਤਕਾਰ ਅਦਾਲਤ ਸੰਗਰੂਰ, ਦੀਪਇੰਦਰ ਕੌਰ ਉਪ ਜ਼ਿਲ੍ਹਾ ਅਟਾਰਨੀ ਅਤੇ ਸਿਮਰਜੀਤ ਸਿੰਘ ਸਹਾਇਕ ਕਾਨੂੰਨੀ ਅਫਸਰ ਵੀ ਵਿਸੇਸ ਤੌਰ ’ਤੇ ਪੁੱਜੇ ਹੋਏ ਸਨ। ਸਮਾਗਮ ਦੌਰਾਨ ਕਾਲਜ ਆਫ਼ ਲਾਅ ਬਠਿੰਡਾ ਦੀ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਗਰਗ ਅਤੇ ਪ੍ਰਿੰਸੀਪਲ ਡਾ: ਰਮਨਦੀਪ ਸਿੰਘ ਸਿੱਧੂ ਵਲੋਂ ਮੁੱਖ ਮਹਿਮਾਨ ਸਹਿਤ ਸਮੂਹ ਪਤਵੰਤਿਆਂ ਦਾ ਕਾਲਜ ਵਿਹੜੇ ਵਿੱਚ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਚੇਅਰਮੈਨ ਗਰਗ ਨੇ ਅਪਣੇ ਸੁਆਗਤੀ ਭਾਸ਼ਣ ਦਿੱਤਾ ਵਿਚ ਕਾਲਜ਼ ਦੇ ਸਾਬਕਾ ਵਿਦਿਆਰਥੀਆਂ ਤੇ ਸਟਾਫ਼ ਦੀਆਂ ਪ੍ਰਾਪਤੀਆਂ ‘ਤੇ ਖ਼ੁਸੀ ਜਾਹਰ ਕਰਦਿਆਂ ਖੁਦ ਨੂੰ ਸਨਮਾਨਤ ਮਹਿਸੂਸ ਕੀਤਾ। ਉਨ੍ਹਾਂ ਨੇ ਬਠਿੰਡਾ ਕਾਲਜ ਆਫ਼ ਲਾਅ ਦੀ ਤਰਫ਼ੋਂ ਨੈਨਸੀ ਛਾਬੜਾ ਨੂੰ ਉਸ ਦੇ ਟੀਚੇ ਦੀ ਪ੍ਰਾਪਤੀ ਲਈ ਵਧਾਈ ਦਿੱਤੀ । ਇਸ ਮੌਕੇ ਅਪਣੇ ਭਾਸਣ ਵਿਚ ਨੈਨਸੀ ਛਾਬੜਾ ਨੇ ਅਜਿਹੇ ਉੱਚੇ ਟੀਚਿਆਂ ਦੀ ਪ੍ਰਾਪਤੀ ਲਈ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦਸਿਆ ਕਿ ਉਸਨੂੰ ਵੀ ਆਪਣੇ ਟੀਚੇ ਦੀ ਪ੍ਰਾਪਤੀ ਲਈ ਲਗਪਗ 8 ਸਾਲਾਂ ਦੀ ਨਿਰੰਤਰਤਾ ਅਤੇ ਲਗਨ ਨਾਲ ਮਿਹਨਤ ਕਰਨੀ ਪਈ। ਅਖੀਰ ਵਿੱਚ ਬਠਿੰਡਾ ਕਾਲਜ ਆਫ਼ ਲਾਅ ਦੇ ਪ੍ਰਿੰਸੀਪਲ ਡਾ: ਰਮਨਦੀਪ ਸਿੰਘ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ ਅਤੇ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਾਲਜ਼ ਦੇ ਸਮੂਹ ਸਟਾਫ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ।