Home Blog Page 2107

ਇਮਾਨਦਾਰੀ ਅਤੇ ਪਾਰਦਰਸ਼ਤਾ ਰਾਹੀਂ ਇਕ ਸਾਲ ਵਿਚ 29237 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ

0

ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਭਰਤੀ ਹੋਏ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
ਆਧੁਨਿਕ ਤਕਨਾਲੋਜੀ ਨਾਲ ਲੈਸ ਨੌਜਵਾਨਾਂ ਦੀ ਕਾਬਲੀਅਤ ਜੁਰਮ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਵਿਚ ਸਹਾਈ ਹੋਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਮਾਪਦੰਡ ਰਾਹੀਂ ਨਿਰੋਲ ਮੈਰਿਟ ਦੇ ਆਧਾਰ ਉਤੇ ਇਕ ਸਾਲ ਵਿਚ 29237 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ ਇੱਥੇ ਸੈਕਟਰ-35 ਵਿਚ ਮਿਊਂਸਪਲ ਭਵਨ ਵਿਖੇ ਪੰਜਾਬ ਪੁਲੀਸ ਵਿਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਖ-ਵੱਖ ਕਾਡਰਾਂ ਵਿਚ ਭਰਤੀ ਹੋਏ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਨੌਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਵਿਚ ਸਿਵਲੀਅਨਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਪੁਲਿਸ ਫੋਰਸ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਲੋੜ ਮੁਤਾਬਕ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਤਸੱਲੀ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਦੇਸ਼ ਭਰ ਵਿਚ ਬਿਹਤਰੀਨ ਫੋਰਸ ਹੈ। ਮੁੱਖਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਹੋਏ 144 ਨੌਜਵਾਨ ਆਧੁਨਿਕ ਤਕਨਾਲੋਜੀ ਦੀ ਡੂੰਘੀ ਸਮਝ ਰੱਖਦੇ ਹਨ ਤੇ ਇਸ ਕਾਬਲੀਅਤ ਸਦਕਾ ਉਹ ਪਰਦੇ ਪਿੱਛੇ ਰਹਿ ਕੇ ਜੁਰਮ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਸਹਿਯੋਗ ਕਰਿਆ ਕਰਨਗੇ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਦੇ ਨਾਲ-ਨਾਲ ਇਸ ਦੀ ਸਮਰੱਥਾ ਹੋਰ ਵਧੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਇਕ ਸਾਲ ਵਿਚ ਬਹੁਤ ਵੱਡੇ ਅਪ੍ਰੇਸ਼ਨਾਂ ਨੂੰ ਅੰਜ਼ਾਮ ਦਿੱਤਾ ਹੈ ਜਿਸ ਦੀ ਦੇਸ਼ ਭਰ ਵਿਚ ਸ਼ਲਾਘਾ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਛੇਤੀ ਹੀ ਸੂਬੇ ਦੀ ਪੁਲਿਸ ਨੂੰ ਵਿਗਿਆਨਕ ਲੀਹਾਂ ’ਤੇ ਅਪਡੇਟ ਕਰਨ ਲਈ ਬਹੁ-ਕੌਮੀ ਕੰਪਨੀ ਗੂਗਲ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਵਿਆਪਕ ਖਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਰਸਮੀ ਸਮਝੌਤੇ ’ਤੇ ਜਲਦੀ ਹੀ ਦਸਤਖਤ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰੇਗਾ।ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪੁਲਿਸ ਥਾਣਿਆਂ ਦੀ ਕਾਇਆ ਕਲਪ ਕਰਨ ਲਈ ਬਹੁਤ ਸਾਰੇ ਸਾਧਨ ਮੁਹੱਈਆ ਕਰਵਾ ਕੇ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਵਾਹਨਾਂ, ਹਥਿਆਰਾਂ ਅਤੇ ਹੋਰਾਂ ਦੇ ਮਾਮਲੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ, “ਮੈਂ ਇਕ ਸਾਂਝੇ ਪਰਿਵਾਰ ਤੋਂ ਹਾਂ ਅਤੇ ਜ਼ਮੀਨੀ ਪੱਧਰ ’ਤੇ ਚੰਗੀ ਤਰ੍ਹਾਂ ਜੁੜਿਆ ਹੋਇਆ ਹਾਂ, ਇਸ ਲਈ ਮੈਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ।”ਮੁੱਖ ਮੰਤਰੀ ਨੇ ਕਿਹਾ ਕਿ ਨਵ-ਨਿਯੁਕਤ ਹੋਏ ਨੌਜਵਾਨਾਂ ਨੂੰ ਪੁਲਿਸ ਫੋਰਸ ਵਿੱਚ ਸ਼ਾਮਲ ਕਰਨਾ ਸ਼ਲਾਘਾਯੋਗ ਕਦਮ ਹੈ ਜੋ ਫੋਰਸ ਦੀ ਸ਼ਾਨਦਾਰ ਵਿਰਾਸਤ ਨੂੰ ਬਰਕਰਾਰ ਰੱਖਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਟੀਮ ਵਜੋਂ ਕੰਮ ਕਰਨ ਲਈ ਪੰਜਾਬ ਪੁਲਿਸ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਕਿਸੇ ਨੂੰ ਵੀ ਸੂਬੇ ਦੀ ਪੁਲਿਸ ਦਾ ਮਨੋਬਲ ਡੇਗਣ ਦੀ ਇਜਾਜ਼ਤ ਨਹੀਂ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨਾਲ ਪੰਜਾਬ ਪੁਲਿਸ ਪੂਰੀ ਸਮਰੱਥਾ ਨਾਲ ਨਜਿੱਠਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਅਸਥਿਰ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਪੁਲਿਸ ਨੇ ਇਹ ਨਾਪਾਕ ਇਰਾਦੇ ਸਫਲ ਨਹੀਂ ਹੋਣ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਪੁਲਿਸ ਦੇ ਜਵਾਨਾਂ ਦੀ ਭਲਾਈ ਲਈ ਠੋਸ ਉਪਰਾਲੇ ਕਰ ਰਹੀ ਹੈ ਜੋ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੁਲਿਸ ਮੁਲਾਜ਼ਮਾਂ ਨੂੰ ਬੋਝ ਮੁਕਤ ਕਰਨ ਲਈ ਛੁੱਟੀਆਂ ਦੀ ਵਿਵਸਥਾ ਸਮੇਤ ਹੋਰ ਢੰਗ-ਤਰੀਕੇ ਤਲਾਸ਼ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ 29,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਪੜਾਅਵਾਰ ਨੌਕਰੀਆਂ ਦੇਣ ਦੇ ਵਿਆਪਕ ਕਾਰਜ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਅਤੇ ਯੋਗਤਾ ਇਸ ਪੂਰੀ ਭਰਤੀ ਮੁਹਿੰਮ ਦੇ ਦੋ ਮੁੱਖ ਪਹਿਲੂ ਹਨ। ਭਗਵੰਤ ਮਾਨ ਨੇ ਕਿਹਾ ਕਿ ਸਮੁੱਚੀ ਭਰਤੀ ਪ੍ਰਕਿਰਿਆ ਲਈ ਠੋਸ ਵਿਧੀ ਅਪਣਾਈ ਗਈ ਜਿਸ ਕਾਰਨ ਇਨ੍ਹਾਂ 29000 ਤੋਂ ਵੱਧ ਵਿੱਚੋਂ ਇੱਕ ਵੀ ਨਿਯੁਕਤੀ ਨੂੰ ਹੁਣ ਤੱਕ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੇ ਸਮੁੱਚੀ ਭਰਤੀ ਪ੍ਰਕਿਰਿਆ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਵਧਣ-ਫੁੱਲਣ ਦੇ ਮੌਕੇ ਮਿਲੇ ਹਨ। ਉਨ੍ਹਾਂ ਨੇ ਮਿਸਾਲ ਦਿੰਦਿਆਂ ਕਿਹਾ ਕਿ ਇੱਕ ਨੌਜਵਾਨ ਨੂੰ ਸ਼ੁਰੂ ਵਿੱਚ ਕਲਰਕ ਵਜੋਂ ਭਰਤੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਸਹਾਇਕ ਲਾਈਨਮੈਨ ਨਿਯੁਕਤ ਹੋ ਗਿਆ ਅਤੇ ਉਸ ਤੋਂ ਬਾਅਦ ਉਪ ਮੰਡਲ ਅਫ਼ਸਰ (ਐਸ.ਡੀ.ਓ.) ਵਜੋਂ ਨਿਯੁਕਤ ਹੋ ਗਿਆ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਨੌਜਵਾਨਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਇਹ ਗਤੀ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੁਲਿਸ ਦੀ ਕਮੀ ਨੂੰ ਦੂਰ ਕਰਨ ਲਈ ਆਉਣ ਵਾਲੇ ਚਾਰ ਸਾਲਾਂ ਲਈ ਪੰਜਾਬ ਪੁਲਿਸ ਵਿੱਚ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕਾਂਸਟੇਬਲਾਂ ਦੀਆਂ 1750 ਅਸਾਮੀਆਂ ਅਤੇ ਸਬ-ਇੰਸਪੈਕਟਰਾਂ ਦੀਆਂ 300 ਅਸਾਮੀਆਂ ਲਈ 3 ਲੱਖ ਦੇ ਕਰੀਬ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਇਨ੍ਹਾਂ ਪ੍ਰੀਖਿਆਵਾਂ ਲਈ ਸਾਰੇ ਚਾਹਵਾਨ ਪ੍ਰੀਖਿਆਰਥੀ ਪ੍ਰੀਖਿਆਵਾਂ ਪਾਸ ਕਰਨ ਲਈ ਅਕਾਦਮਿਕ ਦੇ ਨਾਲ-ਨਾਲ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਅਤੇ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਨਾਲ ਪੰਜਾਬ ਛੱਡ ਕੇ ਵਿਦੇਸ਼ ਜਾਣ ਦੇ ਰੁਝਾਨ ਦਾ ਪੁੱਠਾ ਗੇੜ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਨੌਜਵਾਨ ਵਿਦੇਸ਼ਾਂ ਤੋਂ ਪਰਤ ਕੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਦੇ ਸਰਗਰਮ ਹਿੱਸੇਦਾਰ ਬਣ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਲੀਹੋਂ ਹਟਵੀਂ ਪਹਿਲਕਦਮੀ ਸੂਬੇ ਦੀ ਕਾਇਆ-ਕਲਪ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ। ਆਪਣੇ ਸੰਬੋਧਨ ਵਿੱਚ ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਰਾਗ ਵਰਮਾ ਨੇ ਪੰਜਾਬ ਪੁਲਿਸ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਦਾ ਸਵਾਗਤ ਕੀਤਾ।ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਭਰਤੀ ਪੰਜਾਬ ਪੁਲਿਸ ਵਿੱਚ ਵਿਗਿਆਨਕ ਜਾਂਚ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਿਵੇਕਲੀ ਅਤੇ ਲੀਹੋਂ ਹਟਵੀਂ ਪਹਿਲਕਦਮੀ ਹੈ।

ਤੇਜ ਹਨੇਰੀ ਤੇ ਝੱਖੜ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ ਹੋਇਆ

0

ਮਾਲਵਾ ’ਚ ਹਜ਼ਾਰਾਂ ਪੋਲ ਅਤੇ ਟ੍ਰਾਂਸਫ਼ਾਰਮ ਟੁੱਟੇ, ਕਰੀਬ 15 ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ
ਹਨੇਰੀ ਦੇ 20 ਘੰਟਿਆਂ ਬਾਅਦ ਵੀ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਬੀਤੀ ਅੱਧੀ ਰਾਤ ਆਏ ਭਿਆਨਕ ਝੱਖੜ ਤੇ ਤੇਜ ਹਨੇਰੀ ਨੇ ਪਾਵਰਕਾਮ ਦਾ ਢਾਂਚਾ ਤਹਿਸ-ਨਹਿਸ ਕਰ ਦਿੱਤਾ ਹੈ। ਇਹ ਹਨੇਰੀ ਤੇ ਝੱਖੜ ਬਿਜਲੀ ਬੋਰਡ ਨੂੰ ਕਰੋੜਾਂ ਰੁਪਇਆ ਵਿਚ ਪੈ ਗਿਆ ਜਦੋਂਕਿ 20 ਘੰਟੇ ਬੀਤਣ ਦੇ ਬਾਵਜੂਦ ਕਈ ਇਲਾਕਿਆਂ ‘ਚ ਹਾਲੇ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਪਾਵਰਕਾਮ ਵਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਇਕੱਲੇ ਮਾਲਵਾ ਪੱਟੀ ’ਚ ਪਾਵਰਕਾਮ ਨੂੰ ਕਰੀਬ 15 ਕਰੋੜ ਦਾ ਨੁਕਸਾਨ ਹੋਇਆ ਹੈ। ਬਠਿੰਡਾ, ਮਾਨਸਾ, ਫ਼ਰੀਦੋਕਟ, ਮੁਕਤਸਰ, ਫ਼ਿਰੋਜਪੁਰ ਅਤੇ ਮੋਗਾ ਇਲਾਵੇ ’ਚ ਮੁਢਲੀਆਂ ਰੀਪੋਰਟਾਂ ਮੁਤਾਬਕ 3100 ਦੇ ਕਰੀਬ ਬਿਜਲੀ ਦੇ ਖੰਬੇ ਟੁੱਟ ਗਏ ਹਨ। ਇੰਨ੍ਹਾਂ ਵਿਚ 9 ਮੀਟਰ ਲੰਮੇ ਖੰਬੇ 3077 ਅਤੇ 11 ਮੀਟਰ ਨੁਕਸਾਨੇ ਲੰਮੇ ਖੰਬਿਆਂ ਦੀ ਗਿਣਤੀ 20 ਦੇ ਕਰੀਬ ਦੱਸੀ ਜਾ ਰਹੀ ਹੈ। 9 ਮੀਟਰ ਦਾ ਇੱਕ ਖੰਬਾਂ ਪਾਵਰਕਾਮ ਨੂੰ ਕਰੀਬ 2600 ਰੁਪਏ ਦਾ ਪੈਂਦਾ ਹੈ। ਜਿਸਦੇ ਚੱਲਦੇ ਝੱਖੜ ਤੇ ਹਨੇਰੀ ਨੇ 80 ਲੱਖ ਰੁਪਏ ਦੀ ਕੀਮਤ ਦੇ ਕਰੀਬ ਖੰਬੇ ਹੀ ਤੋੜ ਦਿੱਤੇ ਹਨ। ਸਭ ਤੋਂ ਜਿਆਦਾ ਨੁਕਸਾਨ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਹੋਇਆ ਹੈ ਜਦੋਂਕਿ ਦੂਜੇ ਸਥਾਨ ਫ਼ਰੀਦਕੋਟ ਡਿਵੀਜਨ ਦਾ ਦਸਿਆ ਜਾ ਰਿਹਾ। ਕੁੱਲ ਨੁਕਸਾਨੇ ਗਏ ਖੰਬਿਆਂ ਵਿਚੋਂ ਇਕੱਲੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ’ਚ 1775 ਖੰਬੇ ਟੁੱਟੇ ਗਏ ਹਨ। ਇਸੇ ਤਰ੍ਹਾਂ ਜੇਕਰ ਟ੍ਰਾਂਸਫ਼ਾਰਮਾਂ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਜੋਨ ਅਧੀਨ ਆਉਂਦੇ ਉਕਤ ਜ਼ਿਲ੍ਹਿਆਂ ਵਿਚ ਕੁੱਲ 819 ਟ੍ਰਾਂਸਫ਼ਾਰਮ ਨੁਕਸਾਨੇ ਗਏ ਹਨ, ਜਿੰਨ੍ਹਾਂ ਵਿਚ 467 ਬਠਿੰਡਾ ਡਿਵੀਜ਼ਨ ਅਧੀਨ ਆਉਂਦੇ ਹਨ। ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਮੁਢਲੀ ਅਸੈਸਮੈਂਟ ਮੁਤਾਬਕ ਸਵਾ ਤਿੰਨ ਕਰੋੜ ਦੇ ਟ੍ਰਾਂਸਫ਼ਾਰਮਰ ਨੁਕਸਾਨੇ ਗਏ ਹਨ। ਇਸਤੋਂ ਇਲਾਵਾ ਦੱਖਣੀ ਜੋਨ ਜਿਸਦੇ ਵਿਚ ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ ਆਦਿ ਜ਼ਿਲ੍ਹੇ ਆਉਂਦੇ ਹਨ, ਵਿਚ ਵੀ ਇੱਕ ਹਜ਼ਾਰ ਦੇ ਕਰੀਬ ਟ੍ਰਾਂਸਫ਼ਾਰਮਰ ਅਤੇ 3000 ਹਜ਼ਾਰ ਦੇ ਕਰੀਬ ਪੋਲ ਟੁੱਟ-ਭੱਜ ਗਏ ਹਨ। ਜਿਸਦੇ ਨਾਲ ਵੱਡਾ ਨੁਕਸਾਨ ਹੋਇਆ ਹੈ। ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ, ਜਿੰਨ੍ਹਾਂ ਵਿਚ ਹਾਈਪਾਵਰ ਤਾਰਾਂ ਵੀ ਸ਼ਾਮਲ ਹਨ, ਟੂੱਟ ਗਈਆਂ। ਮਹਿਕਮੇ ਦੇ ਅਧਿਕਾਰੀਆਂ ਨੇ ਮੰਨਿਆਂ ਕਿ ਇਸ ਹਨੇਰੀ ਨੇ ਇੱਕ ਸਮੇਂ ਪੂਰਾ ਗਰਿੱਡ ਹੀ ਬੰਦ ਕਰ ਦਿੱਤਾ, ਜਿਸਦੇ ਕਾਰਨ ਪੂਰੇ ਦੱਖਣੀ ਮਾਲਵਾ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਭਾਰੀ ਨੁਕਸਾਨ ਨੂੰ ਦੇਖਦਿਆਂ ਪਾਵਰਕਾਮ ਵਲੋਂ ਪੂਰੀ ਤਾਕਤ ਨਾਲ ਪਹੁ ਫੁੱਟਦੇ ਹੀ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਯਤਨ ਵਿੱਢੇ, ਜਿੰਨ੍ਹਾਂ ਵਿਚ ਸਭ ਤੋਂ ਪਹਿਲਾਂ ਵੱਡੇ ਸ਼ਹਿਰਾਂ ਵਿਚ ਸਪਲਾਈ ਨੂੰ ਬਹਾਨ ਕਰਨ ਦੀ ਕੋਸ਼ਿਸ ਕੀਤੀ ਗਈ, ਜਦੋਂਕਿ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਕਈ ਪਿੰਡਾਂ ਵਿਚ ਬਿਜਲੀ ਸਪਲਾਈ ਬੰਦ ਹੋਈ ਨੂੰ 20 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਸੀ। ਪਾਵਰਕਾਮ ਦੇ ਅਧਿਕਾਰੀਆਂ ਨੇ ਮੰਨਿਆਂ ਕਿ ਕੁਦਰਤ ਦੇ ਕਹਿਰ ਕਾਰਨ ਬਿਜਲੀ ਸਪਲਾਈ ਮੁੜ ਬਹਾਲ ਕਰਨ ਵਿਚ ਵੱਡੀਆਂ ਦਿੱਕਤਾਂ ਆ ਰਹੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਯਤਨ ਜਾਰੀ ਹਨ। ਗੌਰਤਲਬ ਹੈ ਕਿ ਇਕੱਲੇ ਪਾਵਰਕਾਮ ਦਾ ਹੀ ਨਹੀਂ, ਬਲਕਿ ਕਿਸਾਨਾਂ ਵਲੋਂ ਖੇਤਾਂ ’ਚ ਸੋਲਰ ’ਤੇ ਲਗਾਈਆਂ ਪਾਣੀ ਵਾਲੀਆਂ ਮੋਟਰਾਂ ਦੀਆਂ ਸੋਲਰ ਪਲੇਟਾਂ ਹਵਾ ’ਚ ਉੱਡ ਗਈਆਂ।

ਪਹਿਲਵਾਨ ਕੁੜੀਆਂ ਦੀ ਹਿਮਾਇਤ ਵਿੱਚ ਨਥਾਣਾ ਵਿਖੇ ਰੋਸ ਮਾਰਚ

0

ਰਾਮ ਸਿੰਘ ਕਲਿਆਣ
ਨਥਾਣਾ , 18 ਮਈ : ਲੋਕ ਮੋਰਚਾ ਪੰਜਾਬ ਨੇ ਪਹਿਲਵਾਨ ਕੁੜੀਆਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਜਿਣਸੀ ਸ਼ੋਸ਼ਣ ਖਿਲਾਫ ਧਰਨੇ ਦੀ ਹਮਾਇਤ ਵਿੱਚ ਅੱਜ ਇੱਥੇ ਪਿੰਡ ਨਥਾਣਾ ਵਿਖੇ ਇਕੱਠ ਕਰ ਕੇ  ਸੜਕਾਂ ਤੇ  ਰੋਸ ਮਾਰਚ ਕੀਤਾ । ਇਸ ਸੰਬੰਧੀ ਜਾਣਕਾਰੀ ਗੁਰਮੁੱਖ ਸਿੰਘ ਵੱਲੋ ਸਾਂਝੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਵੱਲੋਂ ਉਠਾਈ ਆਵਾਜ਼ ਸਮੂਹ ਸਮਾਜ ਦੀ ਹਮਾਇਤ ਦੀ ਹੱਕਦਾਰ ਹੈ। ਇਹ ਮਸਲਾ ਨਾ ਸਿਰਫ ਸਾਡੇ ਸਮਾਜ ਅੰਦਰ ਕੁੜੀਆਂ ਨਾਲ ਨਿੱਤ ਦਿਨ ਵਾਪਰਦੀਆਂ ਵਧੀਕੀਆਂ ਦਾ ਮਸਲਾ ਹੈ। ਉੱਚ ਸਿਆਸੀ ਅਤੇ ਪ੍ਰਬੰਧਕ ਰੁਤਬੇ ਦੇ ਸਿਰ ਤੇ ਇਨ੍ਹਾਂ ਖਿਡਾਰਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਹੁਣ ਉਸੇ ਰੁਤਬੇ ਦੇ ਸਿਰ ਤੇ ਪੀੜਤਾਂ ਦੀ ਅਵਾਜ਼ ਨੂੰ ਦਬਾਉਣ ਲਈ ਸਾਰੇ ਯਤਨ ਜੁਟਾਏ ਜਾ ਰਹੇ ਹਨ।  ਇਨ੍ਹਾਂ ਖਿਡਾਰਨਾਂ ਉਪਰ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਨੇ  ਪਹਿਲਾਂ ਲੰਬਾ ਸਮਾਂ ਰਿਪੋਰਟ ਦਰਜ ਕਰਨ ਤੋਂ ਟਾਲਾ ਵੱਟੀ ਰੱਖਿਆ ਹੈ।ਜਥੇਬੰਦੀ ਦੇ ਆਗੂਆਂ ਨੇ ਪੀੜਤ ਖਿਡਾਰਨਾਂ ਨੂੰ ਇਨਸਾਫ ਦੇਣ, ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰਨ ਉਸਨੂੰ ਮੌਜੂਦਾ ਐਮ ਪੀ ਦੀ ਸੀਟ ਅਤੇ ਕੁਸ਼ਤੀ ਫ਼ੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਬਰਖਾਸਤ ਕਰਨ,ਖਿਡਾਰਨਾਂ ਨਾਲ ਖਿੱਚ-ਧੂਹ ਕਰਨ ਵਾਲੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ। ਰੈਲੀ ਦੌਰਾਨ ਬਿੱਕਰ ਪੂਹਲਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲਾ ਕਮੇਟੀ ਮੈਂਬਰ ਗੁਰਮੁੱਖ ਸਿੰਘ ਵੱਲੋਂ ਨਿਭਾਈ ਗਈ।

ਜ਼ਿਲ੍ਹਾ ਪੱਧਰੀ ਐਕਸਪੋਰਟ ਪਰੋਮੋਸ਼ਨ ਕਮੇਟੀ ਦੀ ਹੋਈ ਮੀਟਿੰਗ

0

ਵੱਖ-ਵੱਖ ਉਤਪਾਦਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਲਗਾਏ ਜਾਣ ਜਾਗਰੂਕਤਾ ਸੈਮੀਨਾਰ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਅੱਜ ਜ਼ਿਲ੍ਹਾ ਪੱਧਰੀ ਐਕਸਪੋਰਟ ਪਰੋਮੋਸ਼ਨ ਕਮੇਟੀ ਦੀ ਮੀਟਿੰਗ ਸਥਾਨਕ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਡਾਇਰੈਕਟਰ ਜਨਰਲ ਫੋਰਨ ਟਰੇਡ ਲੁਧਿਆਣਾ ਦਫ਼ਤਰ ਤੋਂ ਸਹਾਇਕ ਡਾਇਰੈਕਟਰ ਸੰਦੀਪ ਰਜੋਰੀਆ ਨੇ ਜ਼ਿਲ੍ਹੇ ਵਿੱਚ ਐਕਸਪੋਰਟ ਕਰ ਰਹੀਆਂ ਇਕਾਈਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਡੀ ਜੀ ਐਫ ਟੀ ਵੱਲੋਂ ਐਕਸਪੋਰਟ ਕਰਨ ਵਾਲੀਆਂ ਇਕਾਈਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਅਤੇ ਵੱਖ-ਵੱਖ ਤਰ੍ਹਾਂ ਦੇ ਲਾਇਸੰਸ ਹਾਸਿਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਡੀਜੀਐਫਟੀ, ਪੰਜਾਬ ਐਗਰੋ, ਮਾਰਕਫੈਡ ਦੇ ਸਹਿਯੋਗ ਨਾਲ ਸ਼ਹਿਦ ਉਤਪਾਦਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਅਤੇ ਜਾਗਰੂਕਤਾ ਪ੍ਰਦਾਨ ਕਰਨ ਲਈ ਅਵੈਰਨੈਸ ਸੈਮੀਨਾਰ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ। ਜ਼ਿਲ੍ਹਾ ਜਨਰਲ ਮੈਨੇਜਰ ਉਦਯੋਗ ਕੇਂਦਰ ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਵਨ ਡਿਸਟ੍ਰਿਕਟ ਵਨ ਪ੍ਰਾਡਕਟ ਸਕੀਮ ਅਧੀਨ ਜ਼ਿਲ੍ਹਾ ਬਠਿੰਡਾ ਵਿੱਚ ਕਾਟਨ ਬਾਰਨ, ਕਿੰਨੂੰ ਤੇ ਸ਼ਹਿਦ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਪ੍ਰੋਡਕਟ ਨਾਲ ਸਬੰਧਤ ਇਕਾਈਆਂ ਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਐਕਸਪੋਰਟ ਕੀਤੀ ਜਾ ਸਕੇ। ਮੀਟਿੰਗ ਵਿੱਚ ਕਾਟਨ ਬਾਰਨ ਦੀ ਐਕਸਪੋਰਟ ਕਰਨ ਵਾਲੀਆਂ ਇਕਾਈਆਂ ਦੇ ਨੁਮਾਇੰਦੇ, ਕਿੰਨੂ ਉਤਪਾਦਕ ਅਤੇ ਸ਼ਹਿਦ ਦਾ ਕੰਮ ਕਰਨ ਵਾਲੇ ਕਿਸਾਨ, ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਪ੍ਰੋ: ਵੀ ਸੀ ਔਲਖ, ਬਾਬਾ ਫ਼ਰੀਦ ਕਾਲਜ ਤੋਂ ਡਾ. ਵਨੀਤ ਚਾਵਲਾ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਤੋਂ ਡਾ. ਵਿਨੋਦ ਪਠਾਨੀਆਂ, ਡਾ. ਸੁਰਜੀਤ , ਚੈਂਬਰ ਆਫ਼ ਕਮਰਸ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਚੇਅਰਮੈਨ ਅਵਿਨਾਸ਼ ਖੋਸਲਾ, ਖੇਤੀਬਾੜੀ ਵਿਭਾਗ, ਹੋਰਟੀਕਲਚਰ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਗੁਰਸ਼ਰਨ ਸਿੰਘ, ਐਲ.ਡੀ.ਐਮ ਮੈਡਮ ਮੰਜੂ ਗਲਹੋਤਰਾ, ਫੰਕਸ਼ਨਲ ਮੈਨੇਜਰ ਅਕਾਸ਼ ਢਿੱਲੋਂ ਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦਾ ਸਟਾਫ਼ ਹਾਜ਼ਰ ਸੀ।

ਬਠਿੰਡਾ ਜੇਲ੍ਹ ’ਚ ਗੈਗਸਟਰਾਂ ਦੀ ਭੁੱਖ ਹੜਤਾਲ ਦੇ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

0

ਸੁਖਜਿੰਦਰ ਮਾਨ
ਬਠਿੰਡਾ, 18 ਮਈ : ਪਿਛਲੇ ਦਿਨੀਂ ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਗੈਂਗਸਟਰਾਂ ਵਲੋਂ ਰੱਖੀ ਲਗਾਤਾਰ 6 ਦਿਨ ਭੁੱਖ ਹੜਤਾਲ ਦੇ ਮਾਮਲੇ ’ਚ ਨੋਟਿਸ ਲੈਂਦਿਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਚਾਰ ਹਫ਼ਤਿਆਂ ’ਚ ਜਵਾਬ ਮੰਗਿਆ ਹੈ। ਇਸ ਸਬੰਧ ਵਿਚ ਲਗਾਤਾਰ ਮੀਡੀਆ ਵਿਚ ਖ਼ਬਰਾਂ ਵੀ ਪ੍ਰਕਾਸ਼ਤ ਹੋਈਆਂ ਸਨ। ਜਿਸਦੇ ਆਧਾਰ ’ਤੇ ਕਮਿਸ਼ਨ ਵਲੋਂ ਨੋਟਿਸ ਲਿਆ ਗਿਆ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰਾਂ ਵਲੋਂ ਅਪਣੀਆਂ ਬੈਰਕਾਂ ’ਚ ਟੀਵੀ ਦੀ ਸਹੂਲਤ ਮੁਹੱਈਆਂ ਕਰਵਾਉਣ ਤੋਂ ਇਲਾਵਾ ਦੂਜੇ ਕੈਦੀਆਂ ਤੇ ਹਵਾਲਾਤੀਆਂ ਦੀ ਤਰ੍ਹਾਂ ਉਨ੍ਹਾਂ ਦੇ ਹੱਕਾਂ ਦੀ ਵੀ ਰੱਖਿਆ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਜਿਆਦਾਤਰ ਸਮਾਂ ਬੈਰਕਾਂ ’ਚ ਬੰਦ ਰੱਖਿਆ ਜਾਂਦਾ ਹੈ। ਇਸਤੋਂ ਇਲਾਵਾ ਜੇਲ੍ਹ ਦੇ ਐਸ.ਟੀ.ਡੀ ਫ਼ੋਨ ਤੋਂ ਵੀ ਵੱਧ ਫ਼ੋਨ ਕਰਨ ਦੀ ਸਹੂਲਤ ਮਿਲਣੀ ਚਾਹੀਦੀ ਹੈ। ਕਾਫ਼ੀ ਲੰਮੀ ਜਦੋ ਜਹਿਦ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲਕੇ ਇਹ ਭੁੱਖ ਹੜਤਾਲ ਖ਼ਤਮ ਕਰਵਾ ਦਿੱਤੀ ਸੀ ਪ੍ਰੰਤੂ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ, ਜਿਸਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਹੈ। ਜਿਸਦੇ ਚੱਲਦੇ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਜੇਲ੍ਹ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਮੰਦਰ ਮਾਈਸਰਖਾਨਾਂ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ

ਭੋਲਾ ਸਿੰਘ ਮਾਨ
ਮੌੜ ਮੰਡੀ, 18 ਮਈ : ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਦੇ ਪਿੰਡ ਅਤੇ ਪ੍ਰਾਂਚੀਨ ਪ੍ਰਸਿੱਧ ਮੰਦਰ ਮਾਈਸਰਖਾਨਾ ਦੀਆਂ ਕੰਧਾਂ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਨਾਲ ਇਲਾਕੇ ਅੰਦਰ ਦਹਿਸ਼ਤ ਵਾਲਾ ਮਹੌਲ ਬਣ ਗਿਆ ਹੈ। ਬੁੱਧਵਾਰ ਦੀ ਰਾਤ ਨੂੰ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ ਦੇ ਮੰਦਰ ਅਤੇ ਸਵਰਨਕਾਰ ਮੰਦਰ ਦੀਆਂ ਕੰਧਾਂ ’ਤੇ ਅਣਪਛਾਤੇ ਵਿਅਕਤੀਆਂ ਨੇ ‘ 4 ਜੂਨ ਖਾਲਿਸਤਾਨ ਰੈਫਰ ਵੋਟਿੰਗ ਸਿਡਨੀ, ਖਾਲਿਸਤਾਨ ਜਿੰਦਾਬਾਦ, ਸਿੱਖ ਹਿੰਦੂ ਨਹੀ ਹਨ ਅਤੇ ਹਿੰਦੂਸਤਾਨ ਮੁਰਦਾਬਾਦ ’ ਦੇ ਨਾਅਰੇ ਲਿਖੇ ਗਏ। ਉੱਧਰ ਇਸ ਮਾਮਲੇ ਨੂੰ ਲੈ ਕਿ ਥਾਣਾ ਕੋਟਫੱਤਾ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਅਰੰਭ ਦਿੱਤੀ ਹੈ । ਭਾਵੇਂ ਕੁੱਝ ਸਮੇਂ ਬਾਅਦ ਹੀ ਪ੍ਰਸ਼ਾਸ਼ਨ ਵੱਲੋਂ ਕੰਧਾਂ ’ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ ਰੰਗ ਨਾਲ ਮਿਟਾ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਇਹ ਪਿੰਡ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਪਿੰਡ ਅਤੇ ਇਸ ਤਰ੍ਹਾਂ ਦੇ ਨਾਅਰੇ ਲਿਖਣਾ ਪੰਜਾਬ ਦੇ ਮਹੌਲ ਪ੍ਰਤੀ ਕਈ ਤਰ੍ਹਾਂ ਦੇ ਸਵਾਲ੍ਹ ਖੜੇ ਕਰਦਾ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ।

ਰਾਤ ਨੂੰ ਆਏ ਝੱਖੜ ਤੇ ਹਨੇਰੀ ਨੇ ਬਠਿੰਡਾ ਪੱਟੀ ’ਚ ਮਚਾਈ ਤਬਾਹੀ

0

ਬਿਜਲੀ ਦੇ ਖੰਬੇ ਪੁੱਟੇ, ਬਾਗਾਂ ਤੇ ਦਰੱਖ਼ਤਾਂ ਨੂੰ ਜੜੋ ਉਖਾੜਿਆ, ਖੇਤਾਂ ’ਚ ਲੱਗੀਆਂ ਸੋਲਰ ਮੋਟਰਾਂ ਦੀਆਂ ਪਲੇਟਾਂ ਉਡਾਈਆਂ
ਕਈ ਏਕੜ ਵਿਚ ਨਰਮੇ ਦੀ ਫ਼ਸਲ ਹੋਈ ਕਰੰਡ, ਸਬਜੀਆਂ ਦਾ ਵੀ ਹੋਇਆ ਨੁਕਸਾਨ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਬੀਤੀ ਅੱਧੀ ਰਾਤ ਆਏ ਭਾਰੀ ਝੱਖੜ ਤੇ ਹਨੇਰੀ ਨੇ ਬਠਿੰਡਾ ਪੱਟੀ ’ਚ ਭਾਰੀ ਤਬਾਹੀ ਮਚਾਈ ਹੈ। ਇਸ ਦੌਰਾਨ ਤੇਜ ਹਵਾਵਾਂ ਵਿਚ ਜਿੱਥੇ ਬਿਜਲੀ ਦੇ ਵੱਡੇ ਵੱਡੇ ਟਾਵਰ ਤੇ ਖੰਬੇ ਢਹਿ-ਢੇਰੀ ਹੋ ਗਏ, ਉਥੇ ਕਈ ਮਕਾਨਾਂ ਤੇ ਸੈੱਡਾਂ ਦੀ ਛੱਤਾਂ ਸਹਿਤ ਬਾਗਾਂ ਦਾ ਫ਼ਲ ਝੜ ਗਿਆ ਅਤੇ ਦਰੱਖਤਾਂ ਨੂੰ ਜੜੋਂ ਪੁੱਟ ਦਿੱਤਾ। ਦਰੱਖਤਾਂ ਦੇ ਡਿੱਗਣ ਤੇ ਟੁੱਟਣ ਕਾਰਨ ਜਿੱਥੇ ਸੜਕਾਂ ’ਤੇ ਆਵਾਜ਼ਾਈ ਰੁਕ ਗਈ, ਉਥੇ ਨਹਿਰਾਂ ਤੇ ਕੱਸੀਆਂ ਵਿਚ ਇਹ ਦਰੱਖਤ ਡਿੱਗਣ ਕਾਰਨ ਪਾਣੀ ਦੀ ਡਾਫ਼ ਲੱਗ ਗਈ ਤੇ ਜਿਸਦੇ ਚੱਲਦੇ ਕਈ ਥਾਂ ਸੂਏ ਤੇ ਕੱਸੀਆਂ ਵੀ ਟੁੱਟ ਗਈਆਂ। ਖੇਤਾਂ ’ਚ ਸੋਲਰ ’ਤੇ ਚੱਲ ਰਹੀਆਂ ਪਾਣੀ ਵਾਲੀਆਂ ਮੋਟਰਾਂ ਦੀਆਂ ਸੋਲਰ ਪਲੇਟਾਂ ਹਵਾ ’ਚ ਉੱਡ ਗਈਆਂ। ਬਿਜਲੀ ਦੇ ਖੰਬੇ ਟੁੱਟਣ ਅਤੇ ਦਰੱਖਤਾਂ ਦੇ ਬਿਜਲੀ ਦੀਆਂ ਤਾਰਾਂ ਉਪਰ ਡਿੱਗਣ ਕਾਰਨ ਇਲਾਕੇ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਬਠਿੰਡਾ ਸਹਿਰ ਵਿਚ ਵੀ ਸਾਰੀ ਰਾਤ ਅਤੇ ਦਿਨੇ ਵੀ ਕਈ ਘੰਟੇ ਕੱਟ ਜਾਰੀ ਰਹੇ। ਇਸੇ ਤਰ੍ਹਾਂ ਦਰੱਖਤਾਂ ਦੇ ਡਿੱਗਣ ਕਾਰਨ ਬਠਿੰਡਾ ਰਜਵਾਹਾ ਵੀ ਫ਼ੌਜੀ ਛਾਉਣੀ ਇਲਾਕੇ ਵਿਚ ਟੁੱਟ ਗਿਆ, ਜਿਸਨੂੰ ਪੂਰਾ ਕਰਨ ਲਈ ਫ਼ੌਜ ਦੇ ਜਵਾਨ ਜਦੋਜਹਿਦ ਕਰਦੇ ਰਹੇ। ਇਸੇ ਤਰ੍ਹਾਂ ਐਨ.ਐਫ.ਐਲ ਕੋਲ ਗੁਜਰਦਾ ਸੂਆ ਓਵਰਫ਼ਲੋ ਹੋ ਗਿਆ ਅਤੇ ਪਿਊਰੀ ਮਾਈਨਰ ਵੀ ਪਿੰਡ ਝੂੰਬਾ ਕੋਲ ਟੁੱਟ ਗਿਆ। ਜਿਸਦੇ ਨਾਲ ਜਿੱਥੇ ਸੈਕੜੇ ਏਕੜ ਕਿਸਾਨਾਂ ਦੇ ਖੇਤ ਜਲ-ਥਲ ਹੋ ਗਏ, ਉਥੇ ਐਨ.ਐਫ.ਐਲ ਨਾਲ ਲੱਗਦੇ ਸੂਏ ਕਾਰਨ ਰਿਹਾਇਸ਼ੀ ਇਲਾਕੇ ਵਿਚ ਵੀ ਪਾਣੀ ਭਰ ਗਿਆ। ਇੱਥੇ ਗੁਜਰਦੀ ਰੇਲਵੇ ਲਾਈਨ ਵਿਚ ਵੀ ਪਾਣੀ ਭਰਨ ਕਾਰਨ ਫ਼ਿਰੋਜਪੁਰ ਤੋਂ ਬਠਿੰਡਾ ਆ ਰਹੀ ਪੈਸੰਜਰ ਰੇਲ ਗੱਡੀ ਨੂੰ ਵੀ ਕਈ ਘੰਟੇ ਰੁਕਣਾ ਪਿਆ। ਖੇਤਾਂ ਵਿਚ ਪਾਣੀ ਭਰਨ ਨਾਲ ਜਿੱਥੇ ਕਈ ਏਕੜਾਂ ਵਿਚ ਨਰਮੇ ਦੀ ਬੀਜੀ ਫ਼ਸਲ ਕਰੰਡ ਹੋ ਗਈ, ਉਥੇ ਸਬਜੀਆਂ ਵੀ ਤਬਾਹ ਹੋ ਗਈਆਂ। ਝੁੰਬਾਂ ਪਿੰਡ ਦੇ ਕਿਸਾਨ ਬਾਬੂ ਸਿੰਘ, ਸੁੱਖਾ ਸਿੰਘ ਦੇ ਖੇਤਾਂ ਵਿਚ ਵਿਚ ਪਾਣੀ ਭਰ ਗਿਆ ਕਿਸਾਨਾਂ ਨੇ ਦੱਸਿਆ ਕਿ ਉਨਾ ਨੇ ਮਹਿੰਗੇ ਭਾਅ ਬੀਜ ਖ਼ਰੀਦ ਕੇ ਨਰਮੇ ਦੀ ਬੀਜਾਂਦ ਕੀਤੀ ਹੋਈ ਸੀ । ਉਧਰ, ਇਸ ਝੱਖੜ ਨੇ ਕਿੰਨੂਆਂ ਅਤੇ ਅੰਗੂਰਾਂ ਦੇ ਬਾਗਾਂ ਦਾ ਵੀ ਨੁਕਸਾਨ ਕਰ ਦਿੱਤਾ। ਬਾਗਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਗੁਰਸਰਨ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਿੰਨੂ ਅਤੇ ਅੰਗੂਰਾਂ ਦਾ ਜੋ ਫ਼ਲ ਚੁੱਕਿਆ ਹੋਇਆ ਸੀ, ਇਸ ਹਨੇਰੀ ਕਾਰਨ ਕਾਫ਼ੀ ਡਿੱਗ ਪਿਆ। ਸੰਗਤ ਮੰਡੀ ਇਲਾਕੇ ’ਚ ਦੋ ਗਰੀਬ ਭੈਣਾਂ ਦੀ ਰਿਹਾਇਸ ਵਾਲੇ ਮਕਾਨ ਦੀ ਛੱਤ ਉੱਡ ਗਈ। ਇਸੇ ਤਰ੍ਹਾਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਤੂੜੀ ਦੇ ਢੇਰ ਨੂੰ ਅੱਗ ਲੱਗ ਗਈ। ਮਿਲੇ ਵੇਰਵਿਆਂ ਅਨੁਸਾਰ ਜਿੱਥੇ ਤੇਜ਼ ਝੱਖੜ ਅਤੇ ਮੀਂਹ ਕਾਰਨ ਜਿੱਥੇ ਕੌਮੀ ਸ਼ਾਹ ਮਾਰਗਾਂ ਸਮੇਤ ਲਿੰਕ ਰੋਡਾ ਤੇ ਦਰਖ਼ਤ ਮੂਧੇ ਮੂੰਹ ਜਾ ਡਿੱਗੇ, ਜਿਸਦੇ ਨਾਲ ਬਠਿੰਡਾ ਮਾਨਸਾ ਮਾਰਗ ਦਾ ਸਿਰਫ਼ ਇੱਕ ਪਾਸਾ ਹੀ ਚੱਲਦਾ ਰਿਹਾ। ਇਸੇ ਤਰ੍ਹਾਂ ਬਠਿੰਡਾ ਡੱਬਵਾਲੀ ਰੋਡ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਮੀਂਹ ਝੱਖੜ ਕਾਰਨ ਗੁੱਲ ਹੋਈ ਬਿਜਲੀ ਨੂੰ ਮੁੜ ਬਹਾਲ ਕਰਨ ਲਈ ਵੀਰਵਾਰ ਨੂੰ ਪਾਵਰ ਕੌਮ ਦੀਆ ਟੀਮਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਸਾਰਾ ਦਿਨ ਮਸ਼ੱਕਤ ਕਰਦੀਆਂ ਰਹੀਆਂ ਉੱਥੇ ਨਹਿਰੀ ਗੂੜ੍ਹੀ ਨੀਂਦ ਸੂਤੇ ਨਹਿਰੀ ਮਹਿਕਮੇ ਦੀ ਨੀਂਦ ਲੇਟ ਖੁੱਲ੍ਹੀ। ਜਿਸ ਕਾਰਨ ਸੂਏ ਕੱਸੀਆਂ ਵਿਚ ਪਏ ਪਾੜਾ ਨੂੰ ਪੂਰਨ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨਾਂ ਨੇ ਆਪ ਮਸਕੱਤ ਕੀਤੀ । ਬਠਿੰਡਾ ਸ਼ਹਿਰ ਅੰਦਰ ਜਿੱਥੇ ਬਿਜਲੀ ਦੇ ਖੰਭੇ ਡਿੱਗੇ ਪਏ, ਉੱਥੇ ਸੜਕਾਂ ਉਪਰ ਲੱਗੇ ਮਸਹੂਰੀਆ ਵਾਲੇ ਹੋਰਡਿੰਗ ਅਤੇ ਕੌਮੀ ਸ਼ਾਹ ਮਾਰਗਾਂ ਤੇ ਲੱਗੇ ਸਾਈਨ ਬੋਰਡਾਂ ਨੂੰ ਵੀ ਹਨੇਰੀ ਉਡਾ ਕੇ ਲੈ ਗਈ। ਨਹਿਰ ਵਿਭਾਗ ਦੇ ਐਕਸੀਅਨ ਗੁਰਸਾਗਰ ਸਿੰਘ ਚਹਿਲ ਸਿੰਘ ਦਾ ਕਹਿਣਾ ਹੈ ਬੀਤੀ ਰਾਤ 12 ਤੋਂ 1 ਵਜੇ ਦੇ ਕਰੀਬ ਆਏ ਝੱਖੜ ਕਾਰਨ ਬਠਿੰਡਾ ਦੀ ਸਰਹੰਦ ਨਹਿਰ ਅਤੇ ਸੂਏ ਕੱਸਿਆ ਵਿਚ ਦਰਖ਼ਤ ਡਿੱਗਣ ਕਾਰਨ ਪੁਲਾਂ ਵਿਚ ਡਾਫ ਲੱਗੀ ਜਿਸ ਕਾਰਨ ਸੂਏ ਕੱਸੀਆਂ ਵਿਚ ਪਾੜ ਪੈ ਗਏ ਅਤੇ ਉਨ੍ਹਾਂ ਦੀ ਟੀਮ ਸਿਰਤੋੜ ਯਤਨ ਕਰ ਰਹੀ ਅਤੇ ਪਾੜਾ ਨੂੰ ਕੱਲ੍ਹ ਤੱਕ ਪੂਰ ਦਿੱਤਾ ਜਾਵੇਗਾ।

ਡੀਏਵੀ ਸਕੂਲ ਦੀ ਕੈਬਿਨੇਟ ਦੀ ਹੋਈ ਇਨਵੈਸ਼ਚਰ ਸਰਮਨੀ

0

ਸੁਖਜਿੰਦਰ ਮਾਨ
ਬਠਿੰਡਾ, 18 ਮਈ : ਸਥਾਨਕ ਸੰਸਥਾ ਆਰਬੀਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਡਾ ਅਨੁਰਾਧਾ ਭਾਟੀਆ ਦੀ ਅਗਵਾਈ ਹੇਠ ਅਤੇ ਸਕੂਲ ਦੇ ਐਕਟੀਵੀਟੀ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਦੀ ਦੇਖਰੇਖ ਵਿਚ ਸਕੂਲ ਦੀ ਕੈਬਨਿਟ ਦੀ ਇਨਵੈਸਚਰ ਸਰਮਨੀ ਕਰਵਾਈ ਗਈ। ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਸ਼ਿਵਪਾਲ ਗੋਇਲ ਡੀਈਓ ਸੈਕੰਡਰੀ ਅਤੇ ਸੁਰਿੰਦਰ ਮੋਹਨ ਡਾਇਰੈਕਟਰ ਐਮਐਚਆਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਚਾਰ ਹਾਊਸ ਵੱਲੋਂ ਆਪਣੇ ਫਲੈਗ ਨਾਲ ਮਾਰਚ ਪਾਸਟ ਕੀਤਾ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸ ਮੌਕੇ ਸਕੂਲ ਦਾ ਝੰਡਾ ਲਹਿਰਾਉਣ ਦੀ ਰਸਮ ਵੀ ਮੁੱਖ ਮਹਿਮਾਨ ਨੇ ਕੀਤੀ ਬਾਅਦ ਵਿੱਚ ਸਕੂਲ ਕੈਬਿਨੇਟ ਨੂੰ ਸੈਸ਼ ਪਾਏ ਗਏ। ਇਸ ਮੌਕੇ ਇੰਟਰਹਾਊਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਕੂਲ ਦੇ ਚਾਰ ਹਾਊਸ ਰਿਗਵੇਦ, ਸਾਮਵੇਦ, ਜਜੁਰਵੇਦ ਅਤੇ ਅਥਰਵੇਦ ਵੱਲੋਂ ਉਹਨਾਂ ਦੇ ਨਾਮ ਨੂੰ ਦਰਸਾਉਂਦੀ ਥੀਮ ਤੇ ਕਰਿਓਗ੍ਰਾਫੀ ਪੇਸ਼ ਕੀਤੀ ਗਈ ਜਿਸ ਵਿੱਚ ਰਿਗਵੇਦ ਅਤੇ ਜਜੁਰਵੇਦ ਨੇ ਪਹਿਲਾ, ਅਥਰਵੇਦ ਨੇ ਦੂਸਰਾ ਅਤੇ ਸਾਮਵੇਦ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਨੇ ਸੰਬੋਧਨ ਕਰਦੇ ਕਿਹਾ ਕਿ ਡੀਏਵੀ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਤੋਂ ਵੀ ਜਾਣੂ ਕਰਵਾ ਰਿਹਾ ਹੈ ਅਜਿਹੀਆਂ ਗਤੀਵਿਧੀਆਂ ਹੀ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਗੁਣਾ ਦੇ ਨਾਲ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ ਅਨੁਰਾਧਾ ਭਾਟੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਸਕੂਲ ਸਟਾਫ ਨੂੰ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਮੌਜੂਦ ਰਿਹਾ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਯਤਨਾਂ ਸਦਕਾ ਗੁਰੂਆਂ ਵੱਲੋਂ ਵਰੋਸਾਈ ਖੇਡ ਗੱਤਕਾ ਨੈਸ਼ਨਲ ਖੇਡਾਂ ‘ਚ ਹੋਈ ਸ਼ਾਮਲ

0

ਵਿਸ਼ਵ ਗੱਤਕਾ ਫੈਡਰੇਸ਼ਨ ਦਾ ਅਗਲਾ ਟੀਚਾ ਗੱਤਕੇ ਨੂੰ ਏਸ਼ੀਆ ਤੇ ਓਲੰਪਿਕ ‘ਚ ਸ਼ਾਮਲ ਕਰਾਉਣਾ : ਰਘਬੀਰ ਚੰਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਮਈ:ਸਹਾਇਕ ਲੋਕ ਸੰਪਰਕ ਅਧਿਕਾਰੀ ਰਘਬੀਰ ਚੰਦ, ਸੀਨੀਅਰ ਮੀਤ ਪ੍ਰਧਾਨ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਨੇ ਗੱਤਕਾ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਕਰਾਉਣ ‘ਤੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਇਸ ਇਤਿਹਾਸਕ ਕਲਾ ਨੂੰ ਬਤੌਰ ਖੇਡ ਨੈਸ਼ਨਲ ਪੱਧਰ ‘ਤੇ ਲੈ ਜਾਣ ਲਈ ਸ. ਗਰੇਵਾਲ ਵਧਾਈ ਦੇ ਪਾਤਰ ਹਨ।ਕਈ ਸਾਲਾਂ ਤੋਂ ਗਰੇਵਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੱਤਕੇ ਨੂੰ ਪ੍ਰਮੋਟ ਕਰਨ ਲਈ ਅਣਥੱਕ ਯਤਨ ਕਰ ਰਹੇ ਰਘਬੀਰ ਚੰਦ ਨੇ ਕਿਹਾ ਕਿ ਗੱਤਕਾ ਪ੍ਰਮੋਟਰ ਹਰਜੀਤ ਗਰੇਵਾਲ ਆਪਣੀ ਨੌਕਰੀ ਦੌਰਾਨ ਸਮਾਂ ਕੱਢ ਕੇ ਅਲੱਗ-ਅਲੱਗ ਸੂਬਿਆਂ, ਜ਼ਿਲ੍ਹਿਆਂ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਜਾ ਕੇ ਗੱਤਕੇ ਨੂੰ ਪ੍ਰਮੋਟ ਕਰਨ ਦੇ ਵੱਡੇ ਉਪਰਾਲੇ ਕਰਦੇ ਆ ਰਹੇ ਹਨ ਅਤੇ ਗੱਤਕੇ ਨੂੰ ਬਤੌਰ ਖੇਡ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਯੂਥ ਗੇਮਜ ਵਿੱਚ ਸ਼ਾਮਲ ਕਰਾਉਣ ਲਈ ਭਾਰਤ ਸਰਕਾਰ ਕੋਲ ਲਗਾਤਾਰ ਚਾਰਾਜੋਈ ਕਰਦੇ ਆ ਰਹੇ ਹਨ ਤਾਂ ਜੋ ਸਤਿਕਾਰਯੋਗ ਗਰੂਆਂ ਵੱਲੋਂ ਸਾਜੀ ਗੱਤਕਾ ਖੇਡ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ। ਇਸ ਖੇਡ ਨੂੰ ਪ੍ਰਮੋਟ ਕਰਨ ਲਈ ਕਿਸੇ ਪਾਸਿਓਂ ਵੀ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਾ ਹੋਣ ਦੇ ਬਾਵਜੂਦ ਵੀ ਸ. ਗਰੇਵਾਲ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇਸ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਦੀਆਂ ਗਤੀਵਿਧੀਆਂ ਨੂੰ ਚਲਾਇਆ ਹੈ। ਇਥੋਂ ਤੱਕ ਕਿ ਕਈ ਵਾਰ ਉਹਨਾਂ ਨੂੰ ਸਧਾਰਨ ਬੱਸਾਂ ਵਿੱਚ ਸਫ਼ਰ ਕਰਕੇ ਗੱਤਕਾ ਟੂਰਨਾਮੈਂਟਾਂ ‘ਤੇ ਜਾਣਾ ਪੈਂਦਾ ਸੀ। ਰਘਬੀਰ ਚੰਦ ਨੇ ਕਿਹਾ ਕਿ ਸਿੱਖ ਅਫਸਰ ਗਰੇਵਾਲ ਨੇ ਇਸ ਵੱਡਮੁੱਲੀ ਖੇਡ ਗੱਤਕਾ, ਜੋ ਸਿੱਖਾਂ ਦੀ ਸ਼ਾਨ ਤੇ ਸਤਿਕਾਰ ਨੂੰ ਵਧਾਉਂਦੀ ਹੈ ਅਤੇ ਜਿਸ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਕਰਵਾਈ ਹੈ, ਨੂੰ ਪ੍ਰਮੋਟ ਕਰਨ ਅਤੇ ਨੈਸ਼ਨਲ ਖੇਡਾਂ ਤੇ ਖੇਲੋ ਇੰਡੀਆ ਵਿੱਚ ਸ਼ਾਮਲ ਕਰਵਾਉਣ ਵਿੱਚ ਸ. ਗਰੇਵਾਲ ਦੇ ਅਣਥੱਕ ਯਤਨਾਂ ਤੇ ਮਿਹਨਤ ਅਤੇ ਉਪਰਾਲਿਆਂ ਲਈ ਸਮੂਹ ਖਿਡਾਰੀਆ ਨੇ ਵੀ ਧੰਨਵਾਦ ਕੀਤਾ ਹੈ ਜਿਹਨਾਂ ਬਿਨ੍ਹਾਂ ਇਹ ਕਾਰਜ ਔਖਾ ਹੀ ਨਹੀਂ ਅਸੰਭਵ ਸੀ। ਉਹਨਾਂ ਕਿਹਾ ਕਿ ਅਸੰਭਵ ਨੂੰ ਸੰਭਵ ਬਣਾਉਣ ਦੇ ਯਤਨ ਪ੍ਰਧਾਨ ਗਰੇਵਾਲ ਦੀ ਕਾਰਜਸ਼ੈਲੀ ਦਾ ਹਿੱਸਾ ਹੈ ਅਤੇ ਪੰਜਾਬੀਆਂ ਲਈ ਬਹੁਤ ਵੱਡਾ ਤੋਹਫ਼ਾ ਹੈ। ਉਹਨਾਂ ਕਿਹਾ ਕਿ ਇਸ ਖੇਡ ਦੇ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਣ ਨਾਲ ਗੱਤਕਾ ਖੇਡਣ ਵਾਲੇ ਬੱਚੇ ਹੁਣ ਨੈਸ਼ਨਲ ਖੇਡਾਂ ਵਿੱਚ ਭਾਗ ਲੈ ਕੇ ਨੌਕਰੀਆਂ ਵਿੱਚ ਵੀ ਅੱਛੇ ਅਤੇ ਸੁਰੱਖਿਅਤ ਸਥਾਨ ਹਾਸਲ ਕਰ ਸਕਣਗੇ ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੋਵੇਗੀ।ਉਹਨਾਂ ਕਿਹਾ ਕਿ ਇੰਨਾਂ ਯਤਨਾਂ ਲਈ ਪ੍ਰਧਾਨ ਸ. ਗਰੇਵਾਲ, ਗੱਤਕਾ ਸੰਸਥਾ ਅਤੇ ਮੈਂਬਰਾਂ ਸਮੇਤ ਸਮੂਹ ਪੰਜਾਬੀਆਂ ਅਤੇ ਜਿਹਨਾਂ ਨੇ ਸਮੇਂ ਸਮੇਂ ਸਿਰ ਗੱਤਕਾ ਖੇਡ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ ਉਨਾਂ ਦਾ ਧੰਨਵਾਦੀ ਹਾਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਕਾਰਜ ਲਈ ਸਦੀਆਂ ਤੱਕ ਧੰਨਵਾਦੀ ਰਹਿਣਗੀਆਂ। ਉਨਾਂ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਸਾਡਾ ਅਗਲਾ ਟੀਚਾ ਇਸ ਖੇਡ ਨੂੰ ਏਸ਼ੀਆ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣਾ ਹੈ ਤਾਂ ਜੋ ਇਸ ਖੇਡ ਦੀ ਮਹੱਤਤਾ ਬਾਰੇ ਪੂਰੀ ਦੁਨੀਆਂ ਨੂੰ ਜਾਣੂ ਕਰਵਾਇਆ ਜਾ ਸਕੇ।ਸ੍ਰੀ ਰਘਬੀਰ ਚੰਦ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਅਪੀਲ ਕੀਤੀ ਹੈ ਕਿ ਉਹ ਨੈਸ਼ਨਲ ਗੱਤਕਾ ਐਸੋਸੀਏਸ਼ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਇਸ ਵੱਡਮੁੱਲੀ ਖੇਡ ਗੱਤਕਾ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਜਾ ਸਕੇ।

ਡੀਸੀ ਦਾ ਦਾਅਵਾ: ਕਿਸਾਨਾਂ ਤੇ ਅਥਾਰਟੀ ਦੀ ਸਹਿਮਤੀ ਤੋਂ ਬਾਅਦ ਜੋਧਪੁਰ ਰੋਮਾਣਾ-ਡੱਬਵਾਲੀ ਸੜਕ ਦਾ ਕੰਮ ਹੋਇਆ ਸ਼ੁਰੂ

ਸੁਖਜਿੰਦਰ ਮਾਨ
ਬਠਿੰਡਾ, 18 ਮਈ : ਜ਼ਿਲ੍ਹੇ ਦੇ ਪਿੰਡ ਜੋਧਪੁਰ ਰੋਮਾਣਾ-ਡੱਬਵਾਲੀ ਰੋਡ ਤੇ ਐਨ.ਐਚ.ਏ.ਆਈ ਅਤੇ ਕਿਸਾਨਾਂ ਦਾ ਆਪਸੀ ਤਕਰਾਰ ਜੋ ਕਿ ਸਾਲ 2021 ਤੋਂ ਜ਼ਮੀਨ ਦੇ ਢੁਕਵੇਂ ਮੁਆਵਜ਼ੇ ਨੂੰ ਲੈ ਕੇ ਚੱਲ ਰਿਹਾ ਸੀ, ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਐਨ.ਐਚ.ਏ.ਆਈ ਨੂੰ ਸੜਕ ਦੇ ਨਿਰਮਾਣ ਲਈ ਵਰਤੀ ਜਾਣ ਵਾਲੀ 100 ਫ਼ੀਸਦੀ ਜ਼ਮੀਨ ਦਾ ਕਬਜ਼ਾ ਮਿਲ ਗਿਆ ਹੈ, ਇਸ ਉਪਰੰਤ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਸਬੰਧੀ ਇਹ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਐਨ.ਐਚ.ਏ.ਆਈ ਅਤੇ ਕਿਸਾਨਾਂ ਦੇ ਆਪਸੀ ਵਿਵਾਦ ਕਰਕੇ ਰੁਕਿਆ ਪਿਆ ਸੀ, ਜੋ ਕਿ ਸਰਬਸੰਮਤੀ ਨਾਲ ਸੁਲਝਾ ਲਿਆ ਗਿਆ ਹੈ ਅਤੇ ਹੁਣ ਐਨ.ਐਚ.ਏ.ਆਈ ਵੱਲੋਂ 27.2 ਕਿਲੋਮੀਟਰ ਲੰਬਾਈ ਵਾਲੀ 6 ਲਾਈਨ ਸੜਕ ਦੇ ਨਿਰਮਾਣ ਦਾ ਮੁਢਲਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਸਬੰਧੀ ਕੰਮ ਮੁਕੰਮਲ ਹੋਣ ਨਾਲ ਜਿੱਥੇ ਪੰਜਾਬ ਵਾਸੀਆਂ ਨੂੰ ਆਵਾਜਾਈ ਸਬੰਧੀ ਸਹੂਲਤ ਮਿਲੇਗੀ ਉਥੇ ਹੀ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਇਸ ਸੜਕ ਦੇ ਨਿਰਮਾਣ ਹੋਣ ਨਾਲ ਬਹੁਤ ਫਾਇਦਾ ਹੋਵੇਗਾ।ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸੜਕ ਜਾਮਨਗਰ (ਗੁਜਰਾਤ) ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤੱਕ ਬਣਨ ਵਾਲੀ ਭਾਰਤਮਾਲਾ ਸੜਕ ਦਾ ਇੱਕ ਹਿੱਸਾ ਹੈ। ਇਹ ਸੜਕ ਬਠਿੰਡਾ-ਲੁਧਿਆਣਾ ਐਕਸਪ੍ਰੈਸ ਦੇ ਵੀ ਨਾਲ ਜੁੜੇਗੀ ਅਤੇ ਇਸ ਦੇ ਨਿਰਮਾਣ ਤੋਂ ਬਾਅਦ ਬਠਿੰਡਾ ਤੋਂ ਲੁਧਿਆਣਾ ਜਾਣ ਲਈ ਸਫ਼ਰ ਆਸਾਨ ਹੋਣ ਦੇ ਨਾਲ-ਨਾਲ ਰਾਹਗੀਰਾਂ ਨੂੰ ਵੀ ਇਸ ਦਾ ਫ਼ਾਇਦਾ ਹੋਵੇਗਾ।

ਬਾਕਸ
ਕਿਸਾਨਾਂ ਨੇ ਜਤਾਈ ਅਸਹਿਮਤੀ, ਕਿਹਾ ਦੁੱਨੇਵਾਲਾ ਦੇ ਕਿਸਾਨਾਂ ਨੂੰ ਵੀ ਮਿਲੇ ਬਰਾਬਰ ਮੁਆਵਜ਼ਾ
ਬਠਿੰਡਾ: ਉਧਰ ਦੂਜੇ ਪਾਸੇ ਜਦ ਇਸ ਸਬੰਧ ਵਿਚ ਪਿਛਲੇ ਲੰਮੇ ਸਮੇਂ ਤੋਂ ਵੱਧ ਮੁਆਵਜ਼ੇ ਨੂੰ ਲੈ ਕੇ ਸੰਘਰਸ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਜਿੰਨ੍ਹਾਂ ਚਿਰ ਪਿੰਡ ਦੁੱਨੇਵਾਲਾ ਦੇ ਕਿਸਾਨਾਂ ਨੂੰ ਵੀ ਬਰਾਬਰ ਮੁਆਵਜ਼ਾ ਨਹੀਂ ਮਿਲਦਾ, ਉਨ੍ਹਾਂ ਸਮਾਂ ਕੋਈ ਸਹਿਮਤੀ ਨਹੀਂ ਹੈ। ਉਨ੍ਹਾਂ ਡਿਪਟੀ ਕਸਿਮਨਰ ਨੂੰ ਸਵਾਲ ਕਰਦਿਆਂ ਕਿਹਾ ਕਿ ਇਕੱਲੇ ਬਠਿੰਡਾ ਵਿਚ ਹੀ ਨਹੀਂ, ਬਲਕਿ ਗੁਰਦਾਸਪੁਰ ਤੱਕ ਇਸ ਸੜਕ ਅਧੀਨ ਆਉਣ ਵਾਲੀ ਜਮੀਨ ਦੇ ਮੁਆਵਜ਼ੇ ਤੇ ਹੋਰ ਦਿੱਕਤਾਂ ਨੂੰ ਲੈ ਕੇ ਕਿਸਾਨ ਸੜਕਾਂ ਤੇ ਰੇਲ੍ਹਾਂ ਦੀਆਂ ਪਟੜੀਆਂ ’ਤੇ ਉਤਰੇ ਹੋਏ ਹਨ। ਕਿਸਾਨ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਪ੍ਰੰਤੂ ਕਿਸਾਨਾਂ ਨਾਲ ਸਹਿਮਤੀ ਸਬੰਧੀ ਜਿਲ੍ਹਾ ਪ੍ਰਸ਼ਾਸਨ ਵਲੋਂ ਜਥੇਬੰਦੀ ਦੇ ਆਗੂਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਾਮਨਗਰ (ਗੁਜਰਾਤ) ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤੱਕ ਬਣਨ ਵਾਲੀ ਸੜਕ ਦੇ ਨਿਰਮਾਣ ਲਈ ਜਮੀਨਾਂ ਐਕਵਾਈਰ ਕਰਨ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਾਂ ਦੀ ਭੇਂਟ ਚੜਿਆ ਹੋਇਆ ਹੈ। ਇਸ ਪ੍ਰੋਜੈਕਟ ਤਹਿਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਰੋਮਾਣਾ-ਡੱਬਵਾਲੀ ਰੋਡ ਤੱਕ ਇਹ ਸੜਕ ਬਣਾਈ ਜਾਣੀ ਹੈ, ਜਿਸਦੇ ਲਈ ਯੋਗ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਪਿਛਲੇ ਕਰੀਬ ਦੋ ਸਾਲਾਂ ਤੋਂ ਧਰਨਾ ਪ੍ਰਦਰਸ਼ਨ ਕਰਕੇ ਸੜਕ ਦਾ ਕੰਮ ਸ਼ੁਰੂ ਹੋਣ ਤੋਂ ਰੋਕਿਆ ਹੋਇਆ ਹੈ। ਇਸ ਦੌਰਾਨ ਬੀਤੇ ਦਿਨੀਂ ਪਿੰਡ ਦੁੱਨੇਵਾਲਾ ਵਿਖੇ ਐਕਵਾਈਰ ਕੀਤੀ ਜਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ, ਜਿਸਤੋਂ ਬਾਅਦ ਡੀਸੀ ਵਲੋਂ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਗਈ ਸੀ।