ਕੀ ਕੈਪਟਨ, ਜਾਖੜ, ਮਨਪ੍ਰੀਤ ਬਾਦਲ,ਬੈਂਸ ਭਰਾ, ਰਾਣਾ ਸੋਢੀ, ਕਾਂਗੜ, ਫ਼ਤਿਹਜੰਗ ਅਤੇ ਇੰਦਰ ਅਟਵਾਲ ਵਰਗੇ ਇਸਦਾ ਵਿਰੋਧ ਕਰਨਗੇ- ਭਗਵੰਤ ਮਾਨ
ਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਮੁੜ ਹੋਇਆ ਨੰਗਾ!- ਭਗਵੰਤ ਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਮਈ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਰੋਕਣ ਅਤੇ ਮਾਰਕੀਟ ਫ਼ੀਸ ਵਿੱਚ ਕਟੌਤੀ ਕਰਨ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ’ਆਪ ਸਰਕਾਰ ਅਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ। ਅੱਜ ਕੇਂਦਰ ਦੇ ਇਸ ਤੁਗ਼ਲਕੀ ਫ਼ੁਰਮਾਨ ਉੱਪਰ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਮੁੱਖ-ਮੰਤਰੀ ਭਗਵੰਤ ਮਾਨ ਨੇ ਜਿੱਥੇ ਇਸਦਾ ਵਿਰੋਧ ਕੀਤਾ, ਉੱਥੇ ਉਨ੍ਹਾਂ ਪੰਜਾਬ ਦੇ ਭਾਜਪਾ ਆਗੂਆਂ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ। ਅੱਜ ਕੀਤੇ ਆਪਣੇ ਟਵੀਟ ਵਿੱਚ ਭਗਵੰਤ ਮਾਨ ਨੇ ਕਿਹਾ ਕਿ, ‘ਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ..ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਹਾੜੀ ਸੀਜਨ ਚ ਮਾਰਕੀਟ ਫ਼ੀਸ 3% ਤੋਂ ਘਟਾ ਕੇ 2% ਕਰ ਦਿੱਤੀ ਅਤੇ R46 3% ਤੋਂ 0% ਕੀਤਾ …ਪੰਜਾਬ ਦਾ ਨੁਕਸਾਨ 250 ਕਰੋੜ ਮਾਰਕੀਟ ਫ਼ੀਸ ਤੇ 750 ਕਰੋੜ R46 ਕੁੱਲ 1000 ਕਰੋੜ। ਕੈਪਟਨ,ਜਾਖੜ, ਮਨਪ੍ਰੀਤ ਬਾਦਲ,ਬੈਂਸ ਭਰਾ, ਰਾਣਾ ਸੋਢੀ,ਕਾਂਗੜ, ਫ਼ਤਿਹਜੰਗ ਬਾਜਵਾ,ਇੰਦਰ ਅਟਵਾਲ ਜੋ ਨਵੇਂ ਨਵੇਂ ਭਾਜਪਾਈ ਬਣੇ ਨੇ ਇੰਨਾਂ ਚ ਹਿੰਮਤ ਹੈ ਕਿ ਇਸ ਨੁਕਸਾਨ ਦਾ ਮੁੱਦਾ ਮੋਦੀ ਜੀ ਕੋਲ ਚੁੱਕਣਗੇ ???’ਜ਼ਿਕਰਯੋਗ ਹੈ ਕਿ ਪੰਜਾਬ ਦੀ ’ਆਪ ਸਰਕਾਰ ਦੇ ਆਗੂ ਲਗਾਤਾਰ ਕੇਂਦਰ ਨੂੰ ਇਹ ਫ਼ੰਡ ਜਾਰੀ ਕਰਨ ਲਈ ਕਹਿ ਰਹੇ ਸਨ। ਕਿਉਂਕਿ ਇਸ ਪੈਸੇ ਦੀ ਵਰਤੋਂ ਨਾਲ ਪੰਜਾਬ ਦੇ ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ। ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਦੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ, ਉੱਪਰੋਂ ਢੀਠਤਾ ਦੀ ਹੱਦ ਕਰਦਿਆਂ ਪੇਂਡੂ ਵਿਕਾਸ ਫ਼ੰਡ ਦੇ ਨਾਲ-ਨਾਲ ਇਸ ਵਾਰ ਦੇ ਹਾੜ੍ਹੀ ਸੀਜ਼ਨ ਦੀ ਬਣਦੀ ਮਾਰਕੀਟ ਫ਼ੀਸ ਵਿੱਚ ਵੀ ਕਟੌਤੀ ਕਰਕੇ ਸੂਬੇ ਦੇ ਬਣਦੇ ਹੋਰ 250 ਕਰੋੜ੍ਹ ਨੂੰ ਵੀ ਨੱਪ ਲਿਆ। ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੀ ਨਾਮੋਸ਼ੀ ਤੋਂ ਬਾਅਦ ਲਗਾਤਾਰ ਸੂਬੇ ਅਤੇ ਇਸਦੇ ਕਿਸਾਨਾਂ ਨੂੰ ਸਬਕ ਸਿਖਾਉਣ ਵਾਲੀ ਬਦਨੀਅਤ ਨਾਲ ਪੰਜਾਬ ਦੇ ਵਿਰੁੱਧ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਨੇ ਸੂਬੇ ਦੇ ਬਣਦੇ ਹੱਕ ਜਾਣੀ ਕਿ ’ਇੱਕ ਹਜ਼ਾਰ ਕਰੋੜ’ ਰੁਪਏ ਨੂੰ ਦੇਣ ਤੋਂ ਸ਼ਰੇਆਮ ਇਨਕਾਰ ਕਰਕੇ ਇਹ ਦੁਬਾਰਾ ਸਾਬਿਤ ਕਰ ਦਿੱਤਾ ਹੈ ਕਿ ਉਸਦੇ ਮਨ ਵਿੱਚ ਪੰਜਾਬ ਅਤੇ ਕਿਸਾਨਾਂ ਲਈ ਕਿੰਨੀ ਕੁੜੱਤਣ ਭਰੀ ਹੈ। ਸ. ਮਾਨ ਨੇ ਕਿਹਾ ਕਿ ਮੋਦੀ ਸਰਕਾਰ ਭੁੱਲ ਗਈ ਹੈ ਕਿ ਇਹ ਪੰਜਾਬ ਹੀ ਹੈ, ਜਿਸਨੇ ਸਦਾ ਭੁੱਖੇ ਦੇਸ਼ ਦਾ ਢਿੱਡ ਭਰਿਆ ਅਤੇ ਅਨਾਜ ਦੇ ਭੰਡਾਰ ਨੱਕੋ-ਨੱਕ ਭਰਕੇ ਰੋਟੀ ਖੁਣੋਂ ਵਿਲਕਦੇ ਦੇਸ਼ ਨੂੰ ਬੇਫ਼?ਕਰ ਕੀਤਾ। ਪਰ ਬਦਲੇ ਵਿੱਚ ਸਾਨੂੰ ਕੇਂਦਰ ਨੇ ਸਦਾ ਧੋਖਾ ਹੀ ਦਿੱਤਾ। ਉਨ੍ਹਾਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਭਾਜਪਾ ਆਗੂਆਂ ਨੂੰ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰਦਿਆਂ ਪੰਜਾਬ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਦੀ ਹਿੰਮਤ ਵਿਖਾਉਣੀ ਚਾਹੀਦੀ ਹੈ।
ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ ’ਤੇ ਲਾਈ ਰੋਕ ਤੋਂ ਬਾਅਦ ਮੁੱਖ ਮੰਤਰੀ ਨੇ ਨਵੇਂ ਬਣੇ ਭਾਜਪਾਈਆਂ ਨੂੰ ਕੀਤਾ ਸਵਾਲ!
ਪਹਿਲਵਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਨਿੱਤਰੀਆਂ ਬਠਿੰਡਾ ਦੀਆਂ ਜਨਤਕ ਜਥੇਬੰਦੀਆਂ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਅੱਜ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਜਨਤਕ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ।ਜਿਸ ਵਿੱਚ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਕੀਤੇ ਜਬਰਜਨਾਹ ਦੇ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਦਿੱਲੀ ਪੁਲੀਸ ਵੱਲੋਂ ਸ਼ਕਤੀ ਨਾਲ ਦਬਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਪੁਰਜ਼ੋਰ ਨਿੰਦਿਆ ਕਰਦਿਆਂ ਜਬਰ ਵਿਰੋਧੀ ਸਾਂਝਾ ਫਰੰਟ ਉਸਾਰ ਕੇ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਬਠਿੰਡਾ ਸ਼ਹਿਰ ਵਿਖੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਤਹਿਤ ਭਲਕੇ 5 ਮਈ ਨੂੰ ਟੀਚਰ ਹੋਮ ਵਿਖੇ ਸ਼ਾਮ 5 ਵਜੇ ਇਕੱਠ ਕੀਤਾ ਜਾਵੇਗਾ। ਜਿਸਤੋਂ ਬਾਅਦ ਟੀਚਰਜ਼ ਹੋਮ ਤੋਂ ਫਾਇਰ ਬ੍ਰਿਗੇਡ ਦਫ਼ਤਰ ਤੱਕ ਮਾਰਚ ਕਰਨ ਬਾਅਦ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਭਾਜਪਾ ਐਮ ਪੀ ਦਾ ਪੁਤਲਾ ਸਾੜਿਆ ਜਾਵੇਗਾ।
ਮਾਂ ਦਾ ਦੁੱਧ ਬੱਚੇ ਦੀ ਮਾਨਸਿਕ ਅਤੇ ਸਰੀਰਿਕ ਤੰਦਰੁਸਤੀ ਲਈ ਜਰੂਰੀ: ਡਾ. ਸੁਖਵਿੰਦਰ ਸਿੰਘ
ਮਾਂ ਦੇ ਦੁੱਧ ਵਿੱਚ ਸਾਰੇ ਪੌਸ਼ਟਿਕ ਤੱਤ: ਡਾਕਟਰ ਗੁਰਮੇਲ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਸਿਹਤ ਬਲਾਕ ਨਥਾਣਾ ਵਿਖੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਮੇਲ ਸਿੰਘ ਵੱਲੋਂ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਾਗਰੁਕ ਕਰਨ ਲਈ ਕਿਹਾ ਗਿਆ। ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਵਜਨਮੇ ਬੱਚੇ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਲਈ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ, ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਹੀ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਊਂਕਿ ਪਹਿਲਾ ਤੇ ਬਾਉਲਾ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਮਾਂ ਦਾ ਪਹਿਲਾ ਪੀਲਾ ਗਾੜ੍ਹਾ ਦੁੱਧ ਬੱਚੇ ਦੀ ਸਿਹਤ ਲਈ ਜ਼ਰੂਰੀ ਖੁਰਾਕ ਹੈ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਦੁੱਧ ਦੇ ਪੌਸ਼ਟਿਕ ਤੱਤਾਂ ਨਾਲ ਜਿਥੇ ਬੱਚਾ ਬਿਮਾਰੀਆਂ ਨਾਲ ਲੜਣ ਲਈ ਸਕਤੀ ਹਾਸਲ ਕਰਦਾ ਹੈ ਉੱਥੇ ਹੀ ਇਹ ਬੱਚੇ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਜਰੂਰੀ ਹੈ। ਮਾਂ ਦੇ ਦੁੱਧ ਨਾਲ ਬੱਚੇ ਨੂੰ ਪ੍ਰੋਟੀਨ, ਖਣਿਜ ਪਦਾਰਥ ਤੇ ਵਿਟਾਮਿਨਜ਼ ਦੀ ਮਾਤਰਾ ਸੰਪੂਰਨ ਰੂਪ ਵਿਚ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਦਸਤ, ਸੋਕੜਾ, ਸ਼ੂਗਰ ਆਦਿ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਤੱਕ ਬੱਚੇ ਨੂੰ ਪਾਣੀ ਪਿਲਾਉਣ ਦੀ ਜਰੂਰਤ ਨਹੀਂ ਹੁੰਦੀ ਬਲਕਿ ਮਾਂ ਦਾ ਦੁੱਧ ਹੀ ਬੱਚੇ ਦੀ ਪਾਣੀ ਦੀ ਜਰੂਰਤ ਪੂਰੀ ਕਰਦਾ ਹੈ। ਛੇ ਮਹੀਨੇ ਤੋਂ ਬਾਅਦ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਤਰਲ ਭੋਜਣ ਦੇਣਾ ਚਾਹੀਦਾ ਹੈ। ਬੱਚੇ ਨੂੰ ਘੱਟੋ ਘੱਟ 2 ਸਾਲ ਤੱਕ ਮਾਂ ਦਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਪਿਲਾਉਣ ਨਾਲ ਮਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਤੇ ਮੋਟਾਪਾ ਹੋਣ ਦਾ ਖਤਰਾ ਵੀ ਨਹੀਂ ਰਹਿੰਦਾ।ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਸਿਹਤ ਬਲਾਕ ਨਥਾਣਾ ਅਧੀਨ ਪਿੰਡਾਂ ਵਿੱਚ ਸਿਹਤ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਮਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਬੱਚੇ ਨੂੰ ਦੁੱਧ ਚੁਘਾਉਣ ਸਮੇਂ ਸਤਨਾਂ ਦੀ ਸਫਾਈ ਕਰਨੀ ਚਾਹੀਦੀ ਹੈ। ਸਮਾਜ ਵਿੱਚ ਜਨਮ ਸਮੇਂ ਬੱਚੇ ਨੂੰ ਗੁੜ੍ਹਤੀ ਦੇਣ ਨਾਲ ਬੱਚੇ ਨੂੰ ਇਨਫੈਕਸ਼ਨ ਦਾ ਖਤਰਾ ਹੋਣ ਅਤੇ ਇਸ ਗਲਤ ਰਵਾਇਤ ਦੂਰ ਕਰਨ ਬਾਰੇ ਜਾਗਰੂਕ ਕਰਦਿਆਂ ਪ੍ਰਚਾਰ ਸਮੱਗਰੀ ਵੰਡੀ ਗਈ।
ਬੀ.ਐਫ.ਜੀ.ਆਈ. ਨੇ ਪੰਜ ਰੋਜ਼ਾ ਪ੍ਰੀ-ਇਨਕਿਊਬੇਸ਼ਨ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੁਆਰਾ ਪਛਾਣੇ ਗਏ ਸਟਾਰਟਅੱਪ ਵਿਚਾਰਾਂ ਲਈ ਪੰਜ ਦਿਨਾਂ ਪ੍ਰੀ-ਇਨਕਿਊਬੇਸ਼ਨ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ ਦੀ ਅਗਵਾਈ ਹੇਠ ’ਸਟਾਰਟਅੱਪ ਓਰੀਐਂਟੇਸ਼ਨ ਪ੍ਰੋਗਰਾਮ’ ਵਜੋਂ ਇਹ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਦੋ ਸਟਾਰਟਅੱਪ ਸੰਸਥਾਪਕਾਂ ਦੇ ਆਪਸੀ ਤਾਲਮੇਲ ਨਾਲ ਸਟਾਰਟਅੱਪ ਈਕੋਸਿਸਟਮ ਦੇ ਸੰਕਲਪਾਂ ਦੀ ਜਾਣ-ਪਛਾਣ, ਸਟਾਰਟਅੱਪ ਲਈ ਬੌਧਿਕ ਸੰਪਤੀ ਅਧਿਕਾਰਾਂ ਦੀ ਭੂਮਿਕਾ, ਸ਼ੁਰੂਆਤੀ ਪੜਾਅ ਦੇ ਸਟਾਰਟਅੱਪ ਲਈ ਡਿਜੀਟਲ ਮਾਰਕੀਟਿੰਗ, ਡਿਜ਼ਾਈਨ ਥਿੰਕਿੰਗ, ਬਿਜ਼ਨਸ ਮਾਡਲ ਕੈਨਵਸ ਅਤੇ ਪਿੱਚ ਡੇਕ ਦੀ ਤਿਆਰੀ ਵਰਗੇ ਵਿਸ਼ਿਆਂ ਨੂੰ ਕਵਰ ਕੀਤਾ ਗਿਆ।ਵੱਖ=ਵੱਖ ਸੈਸ਼ਨਾਂ ਦੌਰਾਨ ਕੰਟਰੀਸਾਈਡ ਐਕਸਪ੍ਰੈੱਸ ਕੋਰੀਅਰ ਅਤੇ ਕਾਰਗੋ ਐਲ.ਐਲ.ਪੀ. ਦੇ ਸੰਸਥਾਪਕ ਅਤੇ ਸੀ.ਈ.ਓ. ਸ. ਲਵਸੰਗੀਤ ਸਿੰਘ ਔਲਖ, ਮਾਸਟਰਬ੍ਰੇਨ ਐਗਰੋ ਇੰਡਸਟਰੀ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਸ. ਗੁਰਸੇਵਕ ਸਿੰਘ, ਯੂਨੀਪੇਟਰਡੇ ਕੰਸਲਟੈਂਟਸ ਐਲ.ਐਲ.ਪੀ. ਦੀ ਸੰਸਥਾਪਕ ਅਤੇ ਪ੍ਰਬੰਧਕੀ ਨਿਰਦੇਸ਼ਕ ਸ਼?ਰੀਮਤੀ ਨੇਹਾ ਗੁਪਤਾ, ਬੀ.ਐਫ.ਸੀ.ਈ.ਟੀ., ਬਠਿੰਡਾ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਇੰਜ. ਸੁਨੀਲ ਨਾਗਪਾਲ, ਆਈ.ਆਈ.ਟੀ. ਇੰਦੌਰ ਤੋਂ ਆਈ.ਆਈ.ਟੀ.ਆਈ. ਦ੍ਰਿਸ਼ਟੀ ਫਾਊਂਡੇਸ਼ਨ ਦੇ ਮੁਖੀ ਅਮਨਦੀਪ ਸ੍ਰੀਵਾਸਤਵ ਅਤੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੀ ਇਨਕਿਊਬੇਸ਼ਨ ਮੈਨੇਜਰ ਸ੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ ਨੇ ਸਰੋਤ ਵਿਅਕਤੀਆਂ ਵਜੋਂ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ।ਪਹਿਲੇ ਸੈਸ਼ਨ ਦੀ ਸ਼ੁਰੂਆਤ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਵੱਲੋਂ ਸੁਆਗਤੀ ਭਾਸ਼ਣ ਨਾਲ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣਾ ਉੱਦਮ ਸ਼ੁਰੂ ਕਰਨ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਸਟਾਰਟਅੱਪ ਇੰਟਰੈਕਸ਼ਨ ਸੈਸ਼ਨ ਦੌਰਾਨ ਸੰਸਥਾਪਕਾਂ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਤਰੀਕੇ ਸਾਂਝੇ ਕੀਤੇ।ਆਈ.ਪੀ.ਆਰ. ਬਾਰੇ ਹੋਏ ਸੈਸ਼ਨ ਦੌਰਾਨ ਸਰੋਤ ਵਿਅਕਤੀ ਨੇ ਨਵੀਨਤਾਕਾਰੀ ਵਿਚਾਰਾਂ ਨੂੰ ਸੁਰੱਖਿਅਤ ਕਰਨ ਵਿੱਚ ਆਈ.ਪੀ.ਆਰ. ਦੀ ਮਹੱਤਤਾ ਨੂੰ ਸਾਂਝਾ ਕੀਤਾ। ਡਿਜੀਟਲ ਮਾਰਕੀਟਿੰਗ ਬਾਰੇ ਸੈਸ਼ਨ ਵਿੱਚ ਮਾਹਿਰ ਨੇ ਦੱਸਿਆ ਕਿ ਡਿਜੀਟਲ ਮਾਰਕੀਟਿੰਗ ਕੀ ਹੈ ਅਤੇ ਇਸ ਦੀ ਵਰਤੋਂ ਉਤਪਾਦ ਅਤੇ ਸੇਵਾ ਦੀ ਮਾਰਕੀਟਿੰਗ ਲਈ ਕਿਵੇਂ ਕੀਤੀ ਜਾ ਸਕਦੀ ਹੈ। ਡਿਜ਼ਾਈਨ ਥਿੰਕਿੰਗ ਸੈਸ਼ਨ ਵਿੱਚ ਸਟਾਰਟਅੱਪਸ ਲਈ ਡਿਜ਼ਾਈਨ ਥਿੰਕਿੰਗ ਦੇ ਸੰਕਲਪ ਅਤੇ ਪੜਾਵਾਂ ਦੀ ਵਿਆਖਿਆ ਕੀਤੀ ਗਈ। ਬਿਜ਼ਨਸ ਮਾਡਲ ਕੈਨਵਸ (ਬੀ.ਐਮ.ਸੀ.) ਦੇ ਸੈਸ਼ਨ ਦੌਰਾਨ ਮਾਹਿਰ ਨੇ ਸਟਾਰਟਅੱਪ ਲਈ ਲਿਵਿੰਗ ਦਸਤਾਵੇਜ਼ ਬੀ.ਐਮ.ਸੀ. ਅਤੇ ਇਸ ਦੇ ਹਿੱਸੇ ਬਾਰੇ ਦੱਸਿਆ। ਇਸ ਤੋਂ ਇਲਾਵਾ ਸਟਾਰਟ ਅੱਪ ਬਾਰੇ ਪਿੱਚ ਡੇਕ (ਸੰਖੇਪ ਪੇਸ਼ਕਾਰੀ) ਵਿੱਚ ਕਵਰ ਕੀਤੇ ਜਾਣ ਵਾਲੇ ਬਿੰਦੂਆਂ ਬਾਰੇ ਭਾਗੀਦਾਰਾਂ ਨਾਲ ਚਰਚਾ ਕੀਤੀ ਗਈ। ਸਾਰੇ ਸੈਸ਼ਨ ਅਸਲ ਸੰਸਾਰ ਦੀਆਂ ਉਦਾਹਰਨਾਂ ਅਤੇ ਕੇਸ ਅਧਿਐਨ ਦੇ ਨਾਲ ਆਯੋਜਿਤ ਕੀਤੇ ਗਏ । ਹਰੇਕ ਸੈਸ਼ਨ ਤੋਂ ਬਾਅਦ ਪ੍ਰਾਪਤ ਕੀਤੇ ਗਿਆਨ ਨੂੰ ਲਾਗੂ ਕਰਨ ਲਈ ਭਾਗੀਦਾਰਾਂ ਨੂੰ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਵਰਕਸ਼ਾਪ ਦੇ ਅੰਤਿਮ ਦਿਨ ਬਾਬਾ ਫ਼ਰੀਦ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਭਾਗ ਲੈਣ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਦੇ ਮੌਕੇ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਵਿੱਚ ਕੁੱਲ 29 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇੱਕ ਸਫਲ ਸਟਾਰਟਅੱਪ ਸਥਾਪਤ ਕਰਨ ਲਈ ਇਸ ਵਰਕਸ਼ਾਪ ਦੇ ਸਾਰੇ ਸੈਸ਼ਨ ਦਿਲਚਸਪ ਅਤੇ ਲਾਭਦਾਇਕ ਰਹੇ। ਅੰਤ ਵਿੱਚ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੀ ਇਨਕਿਊਬੇਸ਼ਨ ਮੈਨੇਜਰ ਸ਼?ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
ਵਿਦਿਆਰਥੀ ਮੰਗਾਂ ਸਬੰਧੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪਿਆ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪੁੱਜੇ ਵਾਈਸ ਚਾਂਸਲਰ ਅਰਵਿੰਦ ਸਿੰਘ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵਿਦਿਆਰਥੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਸਕੱਤਰ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਘੁੱਦਾ ਇਲਾਕੇ ਦਾ ਵੱਡਾ ਕਾਲਜ ਹੈ ਤੇ ਇਲਾਕੇ ਦੇ ਵੱਡੀ ਗਿਣਤੀ ਵਿਦਿਆਰਥੀ ਇਸ ਕਾਲਜ ਵਿੱਚ ਪੜ੍ਹਦੇ ਹਨ। ਪ੍ਰੰਤੂ ਕਾਲਜ ਵਿੱਚ ਅਧਿਆਪਨ ਤੇ ਗੈਰ ਅਧਿਆਪਨ ਦੀਆਂ ਖਾਲੀ ਅਸਾਮੀਆਂ ਤੇ ਇਸ ਤੋਂ ਇਲਾਵਾ ਹੋਰ ਲੋੜੀਂਦੇ ਸਾਜ਼ੋ-ਸਾਮਾਨ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਅਨੇਕ ਪ੍ਰਕਾਰ ਦੀਆਂ ਸਮੱਸਿਆਂਵਾਂ ਆਉਂਦੀਆਂ ਹਨ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕਾਂਸਟੀਚੂਐਂਟ ਕਾਲਜਾਂ ਲਈ ਹਰ ਸਾਲ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ 1.5 ਕਰੋੜ ਦੀ ਗ੍ਰਾਂਟ ਕਾਲਜ ਦੇ ਵਿਕਾਸ ਲਈ ਖਰਚਣੀ ਯਕੀਨੀ ਬਣਾਈ ਜਾਵੇ, ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਤੋਂ ਵਸੂਲੇ ਜਾਂਦੇ ਜੁਰਮਾਨਿਆਂ ਦੀ ਨੀਤੀ ਰੱਦ ਕੀਤੀ ਜਾਵੇ, ਕਾਲਜ ਵਿੱਚ ਐਮ.ਏ. ਦੇ ਨਵੇਂ ਕੋਰਸ ਸ਼ੁਰੂ ਕੀਤੇ ਜਾਣ, ਕਾਲਜ ਵਿੱਚ ਆਡੀਟੋਰੀਅਮ ਬਣਾਇਆ ਜਾਵੇ, ਕਾਲਜ ਵਿੱਚ ਅਧੂਰੀ ਪਈ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਜਾਵੇ, ਕਾਲਜ ਤੋਂ ਘੁੱਦਾ ਬੱਸ ਸਟੈਂਡ ਤੱਕ ਵਿਦਿਆਰਥੀਆਂ ਦੇ ਆਉਣ-ਜਾਣ ਲਈ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਵਿਦਿਆਰਥੀਆਂ ਲਈ ਵਾਹਨ ਪਾਰਕਿੰਗ ਲਈ ਸ਼ੈੱਡ ਉਸਾਰਿਆ ਜਾਵੇ, ਕਾਲਜ ਵਿੱਚ ਲੋੜੀਂਦਾ ਫਰਨੀਚਰ, ਖੇਡਾਂ ਦੇ ਸਾਜ਼ੋ ਸਾਮਾਨ ਉਪਲਬਧ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਕਾਲਜ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਲਿਖਣ ਦੀ ਮੰਗ ਕੀਤੀ ਗਈ। ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਸੁਮਨ, ਹਰਪ੍ਰੀਤ ਕੌਰ, ਬੀਰਬਲ, ਆਦਿ ਸ਼ਾਮਲ ਸਨ।
ਮਾਲਵਾ ਕਾਲਜ ’ਚ ਪੂਰੇ ਉਤਸ਼ਾਹ ਨਾਲ ਮਨਾਇਆ ਸਾਲਾਨਾ ਇਨਾਮ ਵੰਡ ਸਮਾਰੋਹ
ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਸਥਾਨਕ ਮਾਲਵਾ ਕਾਲਜ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਜਸ਼ਨ 2023 ਵੀਰਵਾਰ ਨੂੰ ਕਾਲਜ ਦੇ ਵਿਹੜੇ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵਿੱਦਿਅਕ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਨਿੱਜੀ ਸਿੱਖਿਆ ਸੰਸਥਾਵਾਂ ਨੇ ਉਚੇਰੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ਹਰ ਵਿਦਿਆਰਥੀ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਸਜੇ ਸੋਲੋ ਡਾਂਸ, ਗਰੁੱਪ ਡਾਂਸ ਤੋਂ ਇਲਾਵਾ ਗਿੱਧੇ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਦੁਪਹਿਰ ਦੇ ਸੈਸ਼ਨ ’ਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਮਕਬੂਲ ਗੀਤਾਂ ਨਾਲ ਪਾਰਟੀ ਨੂੰ ਸਜਾਇਆ। ਵਿਸ਼ੇਸ਼ ਮਹਿਮਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵੀਸੀ ਡਾ: ਬੂਟਾ ਸਿੰਘ ਨੇ ਨੌਜਵਾਨਾਂ ਨੂੰ ਆਪਣੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦਾ ਸਤਿਕਾਰ ਕਰਨ ਅਤੇ ਸੰਭਾਲਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਸਮੇਤ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਾਲਵਾ ਐਡਵਾਂਸਡ ਐਜੂਕੇਸ਼ਨ ਸੁਸਾਇਟੀ ਦੇ ਰਮਨ ਕੁਮਾਰ ਸਿੰਗਲਾ, ਕੇਪੀਐਸ ਬਰਾੜ, ਜੈਪਾਲ ਸਿੰਘ, ਰਾਕੇਸ਼ ਗੋਇਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਜਦਕਿ ਪ੍ਰਿੰਸੀਪਲ ਰਾਜ ਕੁਮਾਰ ਗੋਇਲ ਅਤੇ ਮਾਲਵਾ ਸਰੀਰਕ ਸਿੱਖਿਆ ਦੇ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਡਿਪਟੀ ਡਾਇਰੈਕਟਰ ਡਾ: ਸਰਬਜੀਤ ਕੌਰ, ਮਾਲਵਾ ਫਿਜ਼ੀਕਲ ਕਾਲਜ ਦੇ ਡੀਨ ਆਰ.ਸੀ.ਸ਼ਰਮਾ, ਐਚ.ਓ.ਡੀ ਕਾਮਰਸ ਇੰਦਰਪ੍ਰੀਤ ਕੌਰ, ਐਚ.ਓ.ਡੀ ਡਾ.ਲਖਵਿੰਦਰ ਕੌਰ, ਐਚ.ਓ.ਡੀ. ਖੇਤੀਬਾੜੀ ਪ੍ਰੇਮ ਸਿੰਘ ਨੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ। ਸਮਾਗਮ ਵਿੱਚ ਐਮਆਰਐਸਪੀਟੀਯੂ ਦੇ ਡਾ: ਪਰਮਜੀਤ ਸਿੰਘ, ਹਰਭਜਨ ਸਿੰਘ, ਪਰਮਜੀਤ ਸਿੰਘ ਰੋਮਾਣਾ, ਡਾ: ਸੁਰਜੀਤ ਸਿੰਘ ਸ਼ਰਮਾ, ਵਿਕਾਸਦੀਪ, ਸੁਸ਼ੀਲ ਕੁਮਾਰ ਸਿੰਗਲਾ, ਪੰਜਾਬੀ ਗੀਤਕਾਰ ਮਨਪ੍ਰੀਤ ਟਿਵਾਣਾ ਆਦਿ ਹਾਜ਼ਰ ਸਨ। ਡਿਪਟੀ ਡਾਇਰੈਕਟਰ ਡਾ:ਸਰਬਜੀਤ ਕੌਰ ਢਿੱਲੋਂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ
ਪ੍ਰਹੁਣਚਾਰੀ ਉਦਯੋਗ ਸਭ ਤੋਂ ਤੇਜ਼ੀ ਨਾਲ ਵਧ ਰਹੇ ਉਦਯੋਗਾਂ ਵਿੱਚੋਂ ਇੱਕ ਹੈ : ਗੁਰਕੀਰਤ ਕ੍ਰਿਪਾਲ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਪ੍ਰਹੁਣਚਾਰੀ ਉਦਯੋਗ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਹੇ ਉਦਯੋਗਾਂ ਵਿੱਚੋਂ ਇੱਕ ਹੈ ਤੇ ਭੋਜਨ, ਪੀਣ ਵਾਲੇ ਪਦਾਰਥ ਦੀ ਮੰਗ ਕਦੇ ਵੀ ਘੱਟ ਨਹੀਂ ਹੁੰਦੀ ਤੇ ਉਦਯੋਗ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਥਾਨਕ ਆਈਐਚਐਮ ਵਿਖੇ ਮਦੇ ਇੰਸਟੀਚਿਊਟ ਦੇ ਬੇਕਰੀ ਕੋਰਸ ਨਾਲ ਸਬੰਧਤ ਗਰੈਡ ਫਿਨਾਲੇ ਮੌਕੇ ਮੁਖ ਮਹਿਮਾਨ ਦੇ ਤੌਰ ’ਤੇ ਪੁੱਜੇ ਪੰਜਾਬ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਪਕਵਾਨਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਹੁਨਰਮੰਦ ਅਤੇ ਪੇਸ਼ੇਵਰ ਸਟਾਫ ਦੀ ਹਮੇਸ਼ਾ ਲੋੜ ਹੁੰਦੀ ਹੈ। ਇਸ ਮੌਕੇ ਉਨ੍ਹਾਂ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਪਕਵਾਨਾ ਦਾ ਜਿੱਥੇ ਜਾਇਜਾ ਲਿਆ ਉੱਥੇ ਉਨ੍ਹਾਂ ਬਣਾਏ ਪਕਵਾਨਾਂ ਦਾ ਸਵਾਦ ਵੀ ਚਖਿਆ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ ਕਿ ਉਹ ਕਿੱਤਾਮੁਖੀ ਕੋਰਸਾਂ ਦੀ ਮਹੱਤਤਾ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ। ਸਮਾਗਮ ਮੌਕੇ ਆਈਐਚਐਮ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਨੀਤ ਕੋਹਲੀ ਨੇ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਦੁਆਰਾ ਤਿਆਰ ਤੇ ਪ੍ਰਦਰਸ਼ਿਤ ਕੀਤੀਆਂ ਆਕਰਸ਼ਕ ਬੇਕਰੀ ਆਈਟਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰ ਪਾਲ ਸਿੰਘ ਬਰਾੜ, ਡਿਪਟੀ ਡਾਇਰੈਕਟਰ ਫੂਡ ਤੇ ਸਿਵਲ ਸਪਲਾਈ ਵਿਭਾਗ ਜਸਪ੍ਰੀਤ ਸਿੰਘ ਕਾਹਲੋ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ਸਮਾਜਿਕ ਨਿਆ ਤੇ ਅਧਿਕਾਰਤ ਅਫ਼ਸਰ ਬਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ, ਪ੍ਰਧਾਨ ਹੋਟਲ ਐਸੋਸੀਏਸ਼ਨ ਪੰਜਾਬ ਸਤੀਸ਼ ਅਰੋੜਾ ਤੋਂ ਇਲਾਵਾ ਸਥਾਨਕ ਸਕੂਲਾਂ ਦੇ ਵੱਖ-ਵੱਖ ਪ੍ਰਿੰਸੀਪਲ ਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।
ਹਾਲੇ ਅੰਮ੍ਰਿਤਮਾਨ ਨਹੀਂ ਕੀਤਾ, ਪਰ ਸਿੱਖ ਕੌਮ ਦਾ ਮਨ ਵਿਚ ਵੱਡਾ ਸਤਿਕਾਰ: ਰਾਕੇਸ ਟਿਕੈਤ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਪਿਛਲੇ ਕੁੱਝ ਦਿਨਾਂ ਤੋਂ ਸੋਸਲ ਮੀਡੀਆ ਉਪਰ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਕੌਮੀ ਆਗੂ ਰਾਕੇਸ਼ ਟਿਕੈਤ ਦੇ ਅੰਮ੍ਰਿਤਪਾਨ ਕਰਨ ਬਾਰੇ ਚੱਲੀ ਅਫ਼ਵਾਹ ’ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਉਸਨੇ ਭਾਵੇ ਅੰਮ੍ਰਿਤਪਾਨ ਨਹੀਂ ਕੀਤਾ ਹੈ ਪ੍ਰੰਤੂ ਸਿੱਖ ਕੌਮ ਦਾ ਉਸਦੇ ਮਨ ਵਿਚ ਵੱਡਾ ਸਤਿਕਾਰ ਹੈ। ਅੱਜ ਪਿੰਡ ਬਾਦਲ ਵਿਚ ਪ੍ਰਕਾਸ ਸਿੰਘ ਬਾਦਲ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕਰਨ ਤੋਂ ਬਾਅਦ ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨਾਲ ਗੱਲਬਾਤ ਕਰਦਿਆਂ ਦੀ ਜਾਰੀ ਹੋਈ ਇੱਕ ਵੀਡੀਓ ਵਿਚ ਰਾਕੇਸ ਟਿਕੈਤ ਨੇ ਕਿਹਾ ਕਿ ‘‘ ਸਿੱਖ ਕੌਮ ਦਾ ਦੇਸ ਦੀ ਏਕਤਾ ਤੇ ਅਖੰਡਤਾ ਅਤੇ ਇੱਥੋਂ ਤੱਕ ਕਿਸਾਨ ਅੰਦੋਲਨ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਸਦੇ ਅੱਗੇ ਉਹ ਸਿਰ ਝਕਾਉਂਦੇ ਹਨ ਪ੍ਰੰਤੂ ਹਾਲੇ ਤੱਕ ਉਨ੍ਹਾਂ ਅੰਮ੍ਰਿਤਪਾਨ ਕਰਨ ਬਾਰੇ ਵਿਚਾਰ ਨਹੀਂ ਕੀਤਾ, ਕਿਉਂਕਿ ਇਹ ਇੱਕ ਵੱਡੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ।
ਵੱਡੀ ਤਾਦਾਦ ’ਚ ਲੋਕਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਂਟ ਕੀਤੀ ਸ਼ਰਧਾਂਜਲੀ
ਅਮਿਤ ਸਾਹ ਸਹਿਤ ਲੋਕ ਸਭਾ ਦੇ ਸਪੀਕਰ ਤੇ ਵੱਡੀ ਗਿਣਤੀ ਵਿਚ ਸਿਆਸੀ ਆਗੂਆਂ ਨੇ ਮਹਰੂਮ ਆਗੂ ਨੂੰ ਕੀਤਾ ਯਾਦ
ਸੁਖਜਿੰਦਰ ਮਾਨ
ਬਾਦਲ, 4 ਮਈ : ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ ਪਿੰਡ ਬਾਦਲ ਦੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਹੋਇਆ। ਜਿੱਥੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸਾਹ ਸਹਿਤ ਵੱਡੀ ਗਿਣਤੀ ਵਿਚ ਸਿਆਸੀ ਆਗੂਆਂ, ਧਾਰਮਿਕ ਸਖਸੀਅਤਾਂ ਸਹਿਤ ਲੋਕਾਂ ਨੇ ਸ: ਬਾਦਲ ਨੂੰ ਸਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਪੰਡਾਲ ਦੇ ਵਿਚ ਬਾਦਲ ਪ੍ਰਵਾਰ ਸਹਿਤ ਵੀਵੀਆਈਪੀ ਅਤੇ ਵੀਆਈਪੀ ਨੂੰ ਬਿਠਾਉਣ ਲਈ ਅਲੱਗ ਬਲਾਕ ਬਣਾਏ ਹੋਏ ਸਨ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਜੱਦੀ ਘਰ ਵਿਚ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿੱਥੇ ਬਾਦਲ ਪ੍ਰਵਾਰ ਤੋਂ ਇਲਾਵਾ ਨਜਦੀਕੀ ਸ਼ਾਮਲ ਹੋਏ। ਇਸਤੋਂ ਬਾਅਦ ਮੁੱਖ ਪੰਡਾਲ ’ਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਗ੍ਰਹਿ ਮੰਤਰੀ ਅਮਿਤ ਸਾਹ ਨੇ ਪ੍ਰਕਾਸ ਸਿੰਘ ਬਾਦਲ ਨੂੰ ਸੱਚਾ ਦੇਸ ਭਗਤ ਦਸਿਆ, ਉਥੇ ਵੱਖ ਵੱਖ ਬੁਲਾਰਿਆਂ ਨੇ ਉਨ੍ਹਾਂ ਦੇ ਲੰਮੇ ਸਿਆਸੀ ਜੀਵਨ ਦੀਆਂ ਯਾਦਾਂ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ। ਇਸ ਦੌਰਾਨ ਪ੍ਰਵਾਰ ਵਲੋਂ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੇ ਪ੍ਰਵਾਰ ਵਲੋਂ ਜਾਣੇ-ਅਣਜਾਣੇ ਵਿਚ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਮੰਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ: ਬਾਦਲ ਨੂੰ ਕੌਮੀ ਆਗੂ ਕਰਾਰ ਦਿੰਦਿਆਂ ਸੱਚਾ ਦੇਸ ਭਗਤ ਦਸਦਿਆਂ ਕਿਹਾ ਕਿ ਜਦ ਵੀ ਦੇਸ ਉਪਰ ਕੋਈ ਭੀੜ ਆਈ ਤਾਂ ਉਹ ਹਮੇਸ਼ਾ ਉਸਦੇ ਵਿਰੁਧ ਖੜ੍ਹੇ ਹੋਏ। ਇਸਤੋਂ ਇਲਾਵਾ ਮਹਰੂਮ ਆਗੂ ਨੂੰ ਕਿਸਾਨਾਂ ਦਾ ਮਸੀਹਾ ਤੇ ਸਿੱਖ ਪੰਥ ਦਾ ਹਮਦਰਦ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ ਵਿਚ ਨਵੇਂ ਦਿੱਸਹਿੱਦੇ ਕਾਇਮ ਕੀਤੇ, ਜਿੰਨ੍ਹਾਂ ਦੇ ਜਾਣ ਨਾਲ ਇੱਕ ਸਿਆਸਤ ਵਿਚ ਇੱਕ ਖਲਾਅ ਪੈਦਾ ਹੋ ਗਿਆ ਹੈ, ਜਿਸਨੂੰ ਪੂਰਾ ਕਰਨ ਲਈ ਕਾਫ਼ੀ ਸਮਾਂ ਲੱਗਣਾ ਹੈ। ਮਹਰੂਮ ਆਗੂ ਨੂੰ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਮੁਦਈ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸ: ਬਾਦਲ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ। ਇਸਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਮਹਰੂਮ ਆਗੂ ਨੂੰ ਸ਼ਰਧਾ ਦੇ ਫੁੱਲ ਭਂੇਟ ਕਰਦਿਆਂ ਕਿਹਾ ਕਿ ਉਹ ਅਜਿਹੇ ਆਗੂ ਸਨ, ਜਿਨ੍ਹਾਂ ਨੇ ਸਿਆਸਤ ਪੋੜੀ ਦੇ ਸਭ ਤੋਂ ਹੇਠਲੇ ਡੰਡੇ ਭਾਵ ਸਰਪੰਚੀ ਤੋਂ ਸ਼ੁਰੂ ਕੀਤੀ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ। ਸ਼੍ਰੀ ਬਿਰਲਾ ਮੁਤਾਬਕ ਦੇਸ ਤੇ ਪੰਜਾਬ ਦੇ ਲਈ ਉਨ੍ਹਾਂ ਹਮੇਸ਼ਾ ਸੰਘਰਸ਼ ਕੀਤਾ ਤੇ ਜਿਸਦੇ ਕਾਰਨ ਉਨ੍ਹਾਂ ਨੂੰ ਲਗਾਤਾਰ ਜੇਲ੍ਹਾਂ ਵਿਚ ਵੀ ਬੰਦ ਰਹਿਣਾ ਪਿਆ। ਇਸ ਦੌਰਾਨ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਪ੍ਰਕਾਸ ਸਿੰਘ ਬਾਦਲ ਨੂੰ ਇੱਕ ਵਿਸਾਲ ਸਖ਼ਸੀਅਤ ਵਾਲਾ ਮਨੁੱਖ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਤੋਂ ਹਰ ਇੱਕ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਸ਼੍ਰੀ ਪਾਇਲਟ ਨੇ ਕਿਹਾ ਕਿ ਕਿਸੇ ਵੀ ਬੰਦੇ ਦੀ ਅਸਲ ਕਮਾਈ ਉਸ ਦੇ ਜਾਣ ਤੋਂ ਬਾਅਦ ਪਤਾ ਲੱਗ ਜਾਂਦੀ ਹੈ। ਇਸਤੋਂ ਇਲਾਵਾ ਬਾਦਲ ਪ੍ਰਵਾਰ ਦੇ ਨਿੱਜੀ ਦੋਸਤ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ ਚੋਟਾਲਾ ਨੇ ਉਨ੍ਹਾਂ ਨਾਲ ਬੀਤੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਖੂੁਬੀਆਂ ਨੂੰ ਉਜਾਗਰ ਕੀਤਾ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰਕਾਸ ਸਿੰਘ ਬਾਦਲ ਨੂੰ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਲੜਨ ਵਾਲੇ ਆਗੂ ਕਰਾਰ ਦਿੰਦਿਆਂ ਕਿਹਾ ਕਿ ਦੋ ਸਦੀਆਂ ਦੇ ਮਹਾਨ ਆਗੂ ਦਾ ਸਦੀਵੀਂ ਵਿਛੋੜਾ ਪੂਰੇ ਪੰਜਾਬ ਲਈ ਵੱਡਾ ਘਾਟਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਕਾਸ ਸਿੰਘ ਬਾਦਲ ਨੂੰ ਇੱਕ ਬਹੁ ਸਖਸੀਅਤ ਦਾ ਮਾਲਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਗੁਣਾਂ ਨੂੰ ਸੁਖਬੀਰ ਸਿੰਘ ਬਾਦਲ ਧਾਰਨ ਕਰਕੇ ਪੰਥ ਦੀ ਸੇਵਾ ਕਰਨ। ਇਸ ਮੌਕੇ ਸੀਪੀਆਈ ਦੇ ਆਗੂ ਕਾਮਰੇਡ ਹਰਦੇਵ ਅਰਸੀ ਤੇ ਸੁਖਵਿੰਦਰ ਸਿੰਘ ਸੇਖੋ ਸਹਿਤ ਦਰਜਨਾਂ ਆਗੂਆਂ ਨੇ ਸਰਧਾ ਦੇ ਫੁੱਲ ਭੇਂਟ ਕੀਤੇ। ਇਸਤੋਂ ਇਲਾਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਿੱਥੇ ਅਮਿਤ ਸਾਹ ਸਾਹਮਣੇ ਪ੍ਰਕਾਸ ਸਿੰਘ ਬਾਦਲ ਵਲੋਂ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕੁਰਬਾਨੀ ਦਾ ਜਿਕਰ ਕੀਤਾ, ਉਥੇ ਅਕਾਲੀ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਦਾਸ ਤੇ ਪਾਸ ਦੀ ਜੋੜੀ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਮੁੜ ਇਕੱਠੇ ਹੋਣ ਦਾ ਸੱਦਾ ਦਿੱਤਾ। ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਭਾਸਣ ਵਿਚ ਅਪਣੇ ਤਾਏ ਪ੍ਰਕਾਸ ਸਿੰਘ ਬਾਦਲ ਨੂੰ ਆਧੁਨਿਕ ਪੰਜਾਬ ਦਾ ਨਿਰਮਾਤਾ ਦਸਦਿਆਂ ਅਪਣੇ ਪਿਤਾ ਨਾਲ ‘ਸਨੇਹ’ ਦੀ ਚਰਚਾ ਕੀਤੀ। ਜਦੋਂਕਿ ਸੁਖਬੀਰ ਸਿੰਘ ਬਾਦਲ ਨੇ ਅਪਣੇ ਸੰਖੇਪ ਭਾਸਣ ਵਿਚ ਦੂਰ-ਦੁਰਾਡੇ ਤੋਂ ਪੁੱਜੀਆਂ ਸਖਸੀਅਤਾਂ ਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਅਪਣੇ ਪਿਤਾ ਦੇ ਗੁਣਾ ਦੀ ਚਰਚਾ ਕਰਦਿਆਂ ਪ੍ਰਵਾਰ ਵਲੋਂ ਪਿਛਲੇ ਸਮੇਂ ਦੌਰਾਨ ਜਾਣੇ ਤੇ ਅਣਜਾਣੇ ਵਿਚ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਮੰਗੀ।
ਕੈਨਾਲ ਕਲੌਨੀ ਪੁਲਿਸ ਵਲੋਂ ਗੈਸ ਸਿਲੈਡੰਰ ਚੋਰੀ ਕਰਨ ਵਾਲਾ ਕਾਬੂ, 9 ਸਿਲੈਡੰਰ ਬਰਾਮਦ
ਟਰੱਕ ਡਰਾਈਵਰ ਤੋਂ ਲੁੱਟ ਖੋਹ ਕਰਨ ਵਾਲੇ ਵੀ ਦੋ ਮੁਜਰਮ ਕਾਬੂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 3 ਮਈ : ਸਥਾਨਕ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਵਲੋਂ ਥਾਣਾ ਮੁਖੀ ਸਬ ਇੰਸਪੈਕਟਰ ਪਰਮਪਾਰਸ ਸਿੰਘ ਚਾਹਲ ਦੀ ਅਗਵਾਈ ਹੇਠ ਗੈਰ ਸਮਾਜੀ ਅਨਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਅੱਜ ਦੋ ਵੱਖ ਵੱਖ ਮਾਮਲਿਆਂ ਵਿਚ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਜਿੱਥੇ ਘਰਾਂ ਵਿਚੋਂ ਗੈਸ ਸਿਲੈਡੰਰ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ, ਉਥੇ ਪਿਛਲੇ ਦਿਨੀਂ ਇੱਕ ਟਰੱਕ ਦੀ ਕੁੱਟਮਾਰ ਕਰਕੇ ਉਸਦੇ ਕੋਲੋ 21 ਹਜ਼ਾਰ ਦੀ ਨਗਦੀ ਖੋਹਣ ਵਾਲੇ ਦੋ ਮੁਜਰਮਾਂ ਨੂੰ ਵੀ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਪਰਮਪਾਰਸ ਸਿੰਘ ਚਾਹਲ ਨੇ ਦਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਰੇਲਵੇ ਕਲੌਨੀ ’ਚ ਸਥਿਤ ਰੇਲਵੇ ਕੁਆਟਰਾਂ ਵਿਚ ਲਗਾਤਾਰ ਘਰਾਂ ਵਿਚੋਂ ਗੈਸ ਸਿਲੈਡੰਰ ਚੋਰੀ ਹੋ ਰਹੇ ਸਨ। ਜਦ ਇਸ ਮਾਮਲੇ ਦੀ ਸੂਚਨਾ ਪੁਲਿਸ ਪਾਸ ਪੁੱਜੀ ਤਾਂ ਡੂੰਘਾਈ ਨਾਲ ਪੜਤਾਲ ਕਰਦਿਆਂ ਪ੍ਰਮੋਦ ਕੁਮਾਰ ਵਾਸੀ ਸੰਗੂਆਣਾ ਬਸਤੀ ਨੂੰ ਗ੍ਰਿਫਤਾਰ ਕੀਤਾ ਗਿਆ। ਕਥਿਤ ਦੋਸੀ ਕੋਲੋ ਕੀਤੀ ਪੁਛ ਪੜਤਾਲ ਦੇ ਆਘਾਰ ’ਤੇ 9 ਗੈਸ ਸਿਲੈਡੰਰ ਵੀ ਬਰਾਮਦ ਕਰਵਾਏ ਗਏ। ਉਸਦੇ ਵਿਰੁਧ ਧਾਰਾ 454 ਅਤੇ 380 ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਇੱਕ ਹੋਰ ਮਾਮਲੇ ਵਿਚ ਕਾਰਵਾਈ ਕਰਦਿਆਂ ਕੁੱਝ ਦਿਨ ਪਹਿਲਾਂ ਇੱਕ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸਦੇ ਕੋਲੋ 21 ਹਜ਼ਾਰ ਰੁਪਏ ਖੋਹਣ ਦੇ ਮਾਮਲੇ ਵਿਚ ਦਰਜ਼ ਹੋਏ ਮੁਕੱਦਮੇ ਵਿਚ ਦੋ ਨੌਜਵਾਨਾਂ ਨੂੰ ਨਾਮਜਦ ਕਰਦਿਆਂ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸੀਆਂ ਦੀ ਪਹਿਚਾਣ ਪ੍ਰਵੀਨ ਅਤੇ ਗਗਨਦੀਪ ਵਾਸੀ ਬੀੜ ਤਲਾਬ ਦੇ ਤੌਰ ’ਤੇ ਹੋਈ ਹੈ। ਕਥਿਤ ਦੋਸੀਆਂ ਨੇ ਇਸ ਘਟਨਾ ਨੂੰ ਰਿੰਗ ਰੋਡ ਨਜਦੀਕ ਅੰਜਾਮ ਦਿੱਤਾ ਸੀ। ਪੁਲਿਸ ਅਧਿਕਾਰੀ ਮੁਤਾਬਕ ਖੋਹੀ ਗਈ ਰਾਸ਼ੀ ਵਿਚੋਂ ਕੁੱਝ ਰਾਸ਼ੀ ਬਰਾਮਦ ਵੀ ਕੀਤੀ ਗਈ ਹੈ ਤੇ ਹੋਰ ਪੁਛਗਿਛ ਲਈ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
