ਸੁਖਜਿੰਦਰ ਮਾਨ
ਬਠਿੰਡਾ, 3 ਮਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਫਾਊਂਡੇਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਫਾਊਡੇਸ਼ਨ ਕਮੇਟੀ ਵਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੀਤੇ ਜਾਣ ਵਾਲੇ ਕਾਰਜਾਂ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਫਾਊਂਡੇਸ਼ਨ ਕਮੇਟੀ ਤਹਿਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਸਮੀਖਿਆ ਕਰਦਿਆਂ ਸਬੰਧਤ ਵਿਭਾਗਾਂ ਦੀ ਮੰਗ ਅਨੁਸਾਰ ਸਥਾਨਕ ਸਰਕਾਰੀ ਆਈਟੀਆਈ ਵਿਖੇ ਐਮਐਸਡੀਸੀ ਦੀ ਇਮਾਰਤ ਵਿਖੇ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਿਡ-ਡੇ-ਮੀਲ ਦੀ ਰਸੋਈ ਬਣਾਉਣ ਲਈ ਬਣਾਏ ਜਾਣ ਵਾਲੇ ਸ਼ੈੱਡ ਤੇ ਹਰਰਾਏਪੁਰ ਵਿਖੇ ਗਊਸ਼ਾਲਾ ਦੀ ਚਾਰ-ਦਿਵਾਰੀ ਤੇ ਫ਼ਰਸ਼ ਆਦਿ ਲਈ ਲੋੜੀਂਦੇ ਫ਼ੰਡਾਂ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਬਠਿੰਡਾ ਵਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਆਦਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਜ਼ਿਲ੍ਹਾ ਪੱਧਰੀ ਮਿਨਰਲ ਫਾਊਂਡੇਸ਼ਨ ਕਮੇਟੀ ਦੀ ਮੀਟਿੰਗ ਆਯੋਜਿਤ
ਭਾਜਪਾ ਆਗੂ ਰੁਪਿੰਦਰਜੀਤ ਸਿੰਘ ਨੇ ਜਲੰਧਰ ਉਪ ਚੋਣ ਲਈ ਕੀਤਾ ਪ੍ਰਚਾਰ
ਕੀਤਾ ਦਾਅਵਾ ਭਾਜਪਾ ਉਮੀਦਵਾਰ ਕਰੇਗਾ ਸ਼ਾਨਦਾਰ ਜਿੱਤ ਪ੍ਰਾਪਤ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 3 ਮਈ : ਭਾਜਪਾ ਜ਼ਿਲ੍ਹਾ ਬਠਿੰਡਾ ਕਾਰਜਕਾਰਨੀ ਦੇ ਸੀਨੀਅਰ ਮੈਂਬਰ ਰੁਪਿੰਦਰਜੀਤ ਸਿੰਘ ਜੋਕਿ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਇੰਚਾਰਜ ਵੀ ਹਨ, ਵਲੋਂ ਜਲੰਧਰ ਲੋਕ ਸਭਾ ਉਪ ਚੋਣ ਲਈ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਵਿੱਚ ਲੱਗੀ ਡਿਊਟੀ ਦੌਰਾਨ ਪ੍ਰਚਾਰ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਪੰਜਾਬ ਦੀ ਤਰੱਕੀ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਵੋਟ ਮੰਗੀ। ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਣਥੱਕ ਮਿਹਨਤ ਨਾਲ ਭਾਰਤ ਦਾ ਨਾਂ ਪੂਰੀ ਦੁਨੀਆਂ ਵਿੱਚ ਮਜਬੂਤ ਹੋਇਆ ਹੈ। ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਸਰਕਾਰ ਤੋਂ ਹਰ ਵਰਗ ਦੁਖੀ ਹੈ ਅਤੇ ਇਸ ਲੋਕ ਸਭਾ ਉਪ ਚੋਣ ਵਿਚ ਲੋਕ ਭਾਜਪਾ ਨੂੰ ਸ਼ਾਨਦਾਰ ਜਿੱਤ ਦਵਾਉਣਗੇ ਕਿਉਂਕਿ ਭਾਜਪਾ ਹੀ ਦੇਸ਼ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਮਰੱਥ ਹੈ। ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ , ਲੋਕ ਸਭਾ ਮੈਂਬਰ ਹੰਸ ਰਾਜ ਹੰਸ ,ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਵੱਖ ਵੱਖ ਲੀਡਰਾਂ ਨਾਲ ਵੀ ਸਟੇਜ ਤੋਂ ਸੰਬੋਧਨ ਕੀਤਾ।
ਤੁਸੀਂ ਅਕਾਲੀ-ਕਾਂਗਰਸ ਨੂੰ 70 ਸਾਲ ਦਾ ਮੌਕਾ ਦਿੱਤਾ, ਸਾਨੂੰ ਸਿਰਫ ਇੱਕ ਸਾਲ ਹੋਰ ਦਿਓ: ਭਗਵੰਤ ਮਾਨ
ਜੇਕਰ ਤੁਹਾਨੂੰ ਕੰਮ ਪਸੰਦ ਨਹੀਂ ਆਇਆ ਤਾਂ 2024 ਵਿੱਚ ਸਾਨੂੰ ਵੋਟ ਨਾ ਪਾਇਓ – ਮੁੱਖ ਮੰਤਰੀ
ਮੁੱਖ-ਮੰਤਰੀ ਮਾਨ ਨੇ ’ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ’ਚ ਕਰਤਾਰਪੁਰ ’ਚ ਕੀਤਾ ਰੋਡ ਸ਼ੋਅ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 3 ਮਈ: ਜਲੰਧਰ ਲੋਕ ਸਭਾ ਉੱਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਰਤਾਰਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਸ਼ੋਅ ਕਰਕੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਰੋਡ ਸ਼ੋਅ ਕਰਤਾਰਪੁਰ ਦੇ ਜੰਡੂ ਸਿੰਘਾਂ ਤੋਂ ਸ਼ੁਰੂ ਕੀਤਾ। ਇੱਥੋਂ ਉਹ ਮਦਾਰਾ ਹੁੰਦੇ ਹੋਏ ਢੋਗਰੀ ਪਹੁੰਚੇ। ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ 70 ਸਾਲ ਅਕਾਲੀ ਦਲ ਅਤੇ ਕਾਂਗਰਸ ਨੂੰ ਮੌਕਾ ਦਿੱਤਾ, ਪਰ ਇਨ੍ਹਾਂ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ। ਬੱਸ ਸਾਨੂੰ ਕੰਮ ਕਰਨ ਲਈ ਇੱਕ ਸਾਲ ਹੋਰ ਦੇ ਦਿਓ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਨਹੀਂ ਆਇਆ, ਤਾਂ 2024 ਵਿੱਚ ਸਾਨੂੰ ਵੋਟ ਨਾ ਦਿਓ।ਰੁਜ਼ਗਾਰ ਦੇ ਮੁੱਦੇ ’ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੌਜਵਾਨਾਂ ਨੂੰ ਪੰਜ ਸਾਲਾਂ ਵਿੱਚ ਸਿਰਫ਼ ਇੱਕ ਵਾਰ ਹੀ ਸਰਕਾਰੀ ਨੌਕਰੀ ਦਾ ਮੌਕਾ ਦਿੰਦੀਆਂ ਸਨ। ਸਰਕਾਰੀ ਨੌਕਰੀਆਂ ਲਈ ਅਸਾਮੀਆਂ ਅਕਸਰ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਜਾਰੀ ਕੀਤੀਆਂ ਜਾਂਦੀਆਂ ਸਨ। ਅਸੀਂ ਇਕ ਸਾਲ ਵਿਚ ਤਿੰਨ ਵਾਰ ਸਰਕਾਰੀ ਨੌਕਰੀਆਂ ਜਾਰੀ ਕੀਤੀਆਂ ਹਨ ਅਤੇ ਪੰਜਾਬ ਦੇ ਲਗਭਗ 29000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਨਿੱਜੀ ਖੇਤਰ ਵਿੱਚ ਵੀ ਲੱਖਾਂ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ।ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਆਮ ਲੋਕਾਂ ਦੀ ਸਹੂਲਤ ਅਤੇ ਪੈਸੇ ਦੀ ਬੱਚਤ ਲਈ ਲਗਾਤਾਰ ਵੱਡੇ ਫੈਸਲੇ ਲੈ ਰਹੇ ਹਾਂ। ਇੱਕ ਸਾਲ ਦੇ ਅੰਦਰ ਅਸੀਂ ਨੌਂ ਟੋਲ ਪਲਾਜ਼ੇ ਬੰਦ ਕਰ ਦਿੱਤੇ। ਇਸ ਨਾਲ ਆਮ ਲੋਕਾਂ ਦੇ ਪੈਸੇ ਦੀ ਬੱਚਤ ਹੋਵੇਗੀ। ਹੁਣ ਉਹ ਇਸ ਪੈਸੇ ਦੀ ਵਰਤੋਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਰਨਗੇ।ਆਮ ਲੋਕਾਂ ਦੀ ਸਹੂਲਤ ਅਤੇ ਬਿਜਲੀ ਦੀ ਬੱਚਤ ਲਈ ਸਾਡੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਦਲ ਦਿੱਤਾ ਹੈ। ਇਸ ਫੈਸਲੇ ਨਾਲ ਪੰਜਾਬ ਦੇ ਸਰਕਾਰੀ ਦਫਤਰਾਂ ਦੇ ਬਿਜਲੀ ਬਿੱਲਾਂ ਵਿੱਚ ਪ੍ਰਤੀ ਮਹੀਨਾ 16 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਨੂੰ ਹੁਣ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।ਪੰਜਾਬ ਦੀ ਆਰਥਿਕ ਸਥਿਤੀ ’ਤੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਕਹਿੰਦੇ ਰਹੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਅਸੀਂ 13 ਮਹੀਨਿਆਂ ਦੇ ਅੰਦਰ ਇੱਕ ਵਾਰ ਵੀ ’ਖਜ਼ਾਨਾ ਖਾਲੀ ਹੈ’ ਸ਼ਬਦ ਨਹੀਂ ਬੋਲਿਆ ਅਤੇ ਅਸੀਂ ਲੋਕਾਂ ਨੂੰ ਚੰਗੀ ਸਿੱਖਿਆ, ਮੈਡੀਕਲ ਅਤੇ ਹੋਰ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਕਾਰਨ ਸਰਕਾਰੀ ਖਜ਼ਾਨਾ ਖਾਲੀ ਹੋਇਆ। ਸਾਡੀ ਸਰਕਾਰ ਸਾਫ਼ ਨੀਅਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਇਸ ਲਈ ਅਜੇ ਤੱਕ ਖਜ਼ਾਨਾ ਖਾਲੀ ਹੋਣ ਦੀ ਕੋਈ ਨੌਬਤ ਨਹੀਂ ਆਈ।ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨੂੰ ‘ਆਪ’ ਉਮੀਦਵਾਰ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਚੋਣ ਨਾਲ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ। ਪਰ ’ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਸਾਡੇ ਹੌਸਲੇ ਬੁਲੰਦ ਕਰੇਗੀ, ਜਿਸ ਤੋਂ ਬਾਅਦ ਅਸੀਂ ਹੋਰ ਮਿਹਨਤ ਅਤੇ ਲਗਨ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਾਂਗੇ।
ਨਰਮੇਂ ਦੀ ਫ਼ਸਲ ਨੂੰ ਪ੍ਰਫੁੱਲਿਤ ਕਰਨ ਲਈ ਕਿਸਾਨ ਕੈਂਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 3 ਮਈ : ਘੱਟ ਪਾਣੀ ਨਾਲ ਪੈਦਾ ਕੀਤੀਆਂ ਜਾਣ ਵਾਲੀਆਂ ਫਸਲਾਂ ਦੀ ਬਿਜਾਈ ਕਰਕੇ ਕਿਸਾਨ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਦੀ ਸਮੱਸਿਆ ਰੋਕਣ ਵਿੱਚ ਸਹਾਈ ਹੋ ਸਕਦੇ ਹਨ। ਇਹ ਵਿਚਾਰ ਡਾ: ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਬਠਿੰਡਾ ਨੇ ਪ੍ਰਗਟ ਕੀਤੇ। ਪਿੰਡ ਜੱਸੀ ਪੌ ਵਾਲੀ ਵਿਖੇ ਆਯੋਜਿਤ ਇੱਕ ਕਿਸਾਨ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਡਾ: ਜਗਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇਂ ਦੀ ਬਿਜਾਈ ਕਰਕੇ ਪਾਣੀ ਦੀ ਬੱਚਤ ਕਰਨ। ਉਹਨਾਂ ਨਰਮੇਂ ਦੀ ਬਿਜਾਈ ਬਾਰੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਜਾਈ ਲਈ ਨਹਿਰੀ ਜਾਂ ਹੋਰ ਸਾਧਨ ਤੋਂ ਚੰਗੇ ਪਾਣੀ ਨਾਲ ਖੇਤ ਦੀ ਭਰਵੀਂ ਰੌਣੀ ਕਰਕੇ ਡੂੰਘੀ ਵਹਾਈ ਨਾਲ ਹਰ ਹਾਲਤ 15 ਮਈ ਤੱਕ ਬਿਜਾਈ ਮੁਕੰਮਲ ਕਰ ਲੈਣ। ਖਾਦ ਪ੍ਰਬੰਧਨ ਬਾਰੇ ਉਹਨਾਂ ਦੱਸਿਆ ਕਿ ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 20 ਕਿਲੋ ਮਿਊਰੇਟ ਆਫ ਪੋਟਾਸ਼ ਅਤੇ 10 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਜਿੰਦ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ ਕੀਤੀ ਗਈ ਹੈ। ਉਹਨਾਂ ਕਿਸਾਨਾਂ ਨੂੰ ਖੇਤਾਂ ਦੇ ਆਲੇ ਦੁਆਲੇ ਤੋਂ ਨਦੀਨ ਜਿਵੇਂ ਤਾਂਦਲਾ, ਇੱਟ ਸਿੱਟ, ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ ਆਦਿ ਨਸ਼ਟ ਕਰਨ ਦਾ ਵੀ ਸੁਝਾਅ ਦਿੱਤਾ, ਜਿਸ ਨਾਲ ਚਿੱਟੀ ਮੱਖੀ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਉਹਨਾਂ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬੀਣ ਦੀ ਸਲਾਹ ਦਿੱਤੀ। ਗੁਰਮਿਲਾਪ ਸਿੰਘ ਬਲਾਕ ਟੈਕਨਾਲੌਜੀ ਮੈਨੇਜਰ ਨੇ ਸਰਕਾਰ ਵੱਲੋਂ ਬੀਜ ਤੇ ਦਿੱਤੀ ਜਾਣ ਵਾਲੀ 33 ਫੀਸਦੀ ਸਬਸਿਡੀ ਲੈਣ ਲਈ ਅਪਲਾਈ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੁਪਰਵਾਈਜਰ ਗੁਰਸ਼ਰਨ ਕੌਰ, ਕਿਸਾਨ ਮਿੱਤਰ ਬਲਕਰਨ ਸਿੰਘ ਸਮੇਤ ਮੋਹਤਬਰ ਵਿਅਕਤੀ ਤੇ ਅਗਾਂਹਵਧੂ ਕਿਸਾਨ ਮੌਜੂਦ ਸਨ।
ਮਾਲਵਾ ਕਾਲਜ ਦਾ ਇਨਾਮ ਵੰਡ ਸਮਾਰੋਹ ਅੱਜ, ਪੰਜਾਬੀ ਗਾਇਕ ਗੁਰਨਾਮ ਭੁੱਲਰ ਆਪਣੇ ਗੀਤਾਂ ਨਾਲ ਕਰਨਗੇ ਮੰਨੋਰੰਜਨ
ਸੁਖਜਿੰਦਰ ਮਾਨ
ਬਠਿੰਡਾ, 3 ਮਈ : ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਮਾਲਵਾ ਕਾਲਜ ਵਿਖੇ ਜਸ਼ਨ 2023 ਅਤੇ ਸਾਲਾਨਾ ਇਨਾਮ ਵੰਡ ਸਮਾਗਮ ਭਲਕੇ 4 ਮਈ ਨੂੰ ਕੈਂਪਸ ਵਿੱਚ ਬੜੀ ਧੂਮ ਧਾਮ ਨਾਲ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ ਰਾਜ ਕੁਮਾਰ ਗੋਇਲ ਅਤੇ ਮਾਲਵਾ ਸਰੀਰਕ ਸਿੱਖਿਆ ਦੇ ਡਾਇਰੈਕਟਰ ਪ੍ਰੋ ਦਰਸ਼ਨ ਸਿੰਘ ਨੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਆਪਣੇ ਗੀਤਾਂ ਨਾਲ ਜਸ਼ਨ 2023 ਸਮਾਗਮ ਵਿਚ ਰੌਣਕ ਲਗਾਉਣਗੇ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ: ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਸਮਾਗਮ ਦੇ ਸ਼ੁਰੂ ਵਿੱਚ ਕਾਲਜ ਵਿੱਚ ਪ੍ਰੀਖਿਆ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਜਾਣਗੇ। ਇਸ ਦੌਰਾਨ ਹਲਕਾ ਵਿਧਾਇਕ ਬਠਿੰਡਾ ਜਗਰੂਪ ਸਿੰਘ ਗਿੱਲ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨਗੇ। ਬੂਟਾ ਸਿੰਘ ਸਿੱਧੂ ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ । ਇਸ ਮੌਕੇ ਪ੍ਰੋ ਦਰਸ਼ਨ ਸਿੰਘ ਡਾਇਰੈਕਟਰ ਮਾਲਵਾ ਫਿਜ਼ੀਕਲ ਕਾਲਜ, ਮਾਲਵਾ ਫਿਜ਼ੀਕਲ ਕਾਲਜ ਦੇ ਡੀਨ ਆਰ ਸੀ ਸ਼ਰਮਾ, ਵਿਭਾਗ ਮੁਖੀ ਮੈਨੇਜਮੈਂਟ ਕਾਮਰਸ ਇੰਦਰਪ੍ਰੀਤ ਕੌਰ, ਵਿਭਾਗ ਮੁਖੀ ਆਰਟਸ ਡਾ ਲਖਵਿੰਦਰ ਕੌਰ, ਵਿਭਾਗ ਮੁਖੀ ਐਗਰੀਕਲਚਰ ਪ੍ਰੇਮ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜ਼ਰ ਸਨ।
ਰਾਜਸਥਾਨ ਲਈ ਚੱਲਦੀ ਟੂਰਿਸਟ ਬੱਸ ਦੇ ਡਰਾਈਵਰ ਕੋਲੋ ਦੋ ਕਿਲੋ ਅਫ਼ੀਮ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 3 ਮਈ : ਨਸ਼ਾ ਤਸਕਰਾਂ ਵਲੋਂ ਤਸਕਰੀ ਲਈ ਜਿੱਥੇ ਨਵੇਂ-ਨਵੇਂ ਰਾਹ ਲੱਭੇ ਜਾਂਦੇ ਹਨ, ਊਥੇ ਪੁਲਿਸ ਵੀ ਇੰਨ੍ਹਾਂ ਰਾਹਾਂ ਨੂੰ ਬੰਦ ਕਰਨ ਲਈ ਕੰਮ ਕਰ ਰਹੀ ਹੈ। ਅਜਿਹੇ ਹੀ ਇੱਕ ਨਵੇਂ ਮਾਮਲੇ ਵਿਚ ਸੀ ਆਈ ਏ-1 ਬਠਿੰਡਾ ਦੀ ਟੀਮ ਵਲੋਂ ਰਾਜਸਥਾਨ ਤੋਂ ਪੰਜਾਬ ਲਈ ਰਾਤ ਸਮੇਂ ਚੱਲਦੀ ਇੱਕ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਦੇ ਡਰਾਈਵਰ ਕੋਲੋ ਦੋ ਕਿਲੋ ਅਫ਼ੀਮ ਬਰਾਮਦ ਕੀਤੀ ਹੈ, ਜਿਹੜੀ ਉਸਨੂੰ ਅੱਗੇ ਇੱਕ ਨਸ਼ਾ ਤਸਕਰ ਨੇ ਪੰਜਾਬ ਪਹੁੰਚਾਉਣ ਲਈ ਦਿੱਤੀ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਬੱਸ ਰਾਜਸਥਾਨ ਤੋਂ ਚੱਲੀ ਸੀ, ਜਿੱਥੇ ਇੱਕ ਨਸਾ ਤਸਕਰ ਵਲੋਂ ਡਰਾਈਵਰ ਨੂੰ ਪੈਕੇਟ ਵਿਚ ਸੀਲਬੰਦ ਕਰਕੇ ਇਹ ਅਫ਼ੀਮ ਫ਼ੜਾਈ ਸੀ। ਇਸ ਦੌਰਾਨ ਪੁਲਿਸ ਨੂੰ ਵੀ ਇਸ ਨਵੇਂ ਤਰੀਕੇ ਨਾਲ ਹੋਣ ਵਾਲੀ ਤਸਕਰੀ ਦੀ ਸੂਚਨਾ ਮਿਲ ਗਈ, ਜਿਸਤੋਂ ਬਾਅਦ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਸੀਆਈਏ-1 ਦੀ ਟੀਮ ਨੇ ਐਸ ਆਈ ਹਰਜੀਵਨ ਸਿੰਘ ਦੀ ਅਗਵਾਈ ਹੇਠ ਕਮਲਾ ਨਹਿਰੂ ਕਲੋਨੀ ਬੀਬੀਵਾਲਾ ਰੋਡ ਨਜਦੀਕ ਉਕਤ ਬੱਸ ਡਰਾਈਵਰ ਨੂੰ ਕਾਬੂ ਕਰਕੇ ਉਸਦੇ ਕੋਲੋ ਇਹ ਅਫ਼ੀਮ ਬਰਾਮਦ ਕਰ ਲਈ। ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਡਰਾਈਵਰ ਦੀ ਪਹਿਚਾਣ ਜਤਿੰਦਰ ਸਿੰਘ ਉਰਫ ਜੀਤੂ ਦੇ ਤੌਰ ’ਤੇ ਹੋਈ ਹੈ। ਇਸ ਸਬੰਧ ਵਿਚ ਉਕਤ ਡਰਾਈਵਰ ਵਿਰੁਧ ਥਾਣਾ ਕੈਂਟ ਵਿਚ ਅ/ਧ 18ਬੀ/61/85 ਐਨ ਡੀ ਪੀ ਐਸ ਐਕਟ ਤਹਿਤ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਨੂੰ ਅਦਾਲਤ ਵਿਚ ਪੇਸ ਕਰਕੇ ਉਸਦਾ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਮੁੱਖ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਜਾਵੇਗਾ।
ਬੀ.ਐਫ.ਸੀ.ਐਮ.ਟੀ. ਨੇ ’ਪਲਾਸਟਿਕ ਵਿਰੋਧੀ’ ਮੁਹਿੰਮ ਦਾ ਆਯੋਜਨ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 3 ਮਈ :ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ’ਉੱਨਤ ਭਾਰਤ ਅਭਿਆਨ’ ਦੇ ਸਹਿਯੋਗ ਨਾਲ ਇੱਕ ’ਪਲਾਸਟਿਕ ਵਿਰੋਧੀ’ ਮੁਹਿੰਮ ਦਾ ਆਯੋਜਨ ਕੀਤਾ। ਇਸ ਮੁੱਦੇ ਨੂੰ ਹੱਲ ਕਰਨ ਲਈ ਪਿੰਡ ਬੀਬੀ ਵਾਲਾ ਵਿਖੇ ਕਾਲਜ ਦੇ ਵਲੰਟੀਅਰਾਂ ਦੀ ਇੱਕ ਟੀਮ ਨੇ ਪਲਾਸਟਿਕ ਦੇ ਕੂੜੇ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਪਿੰਡ ਵਾਸੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪਿੰਡ ਬੀਬੀ ਵਾਲਾ ਦਾ ਦੌਰਾ ਕੀਤਾ। ਇਸ ਮੁਹਿੰਮ ਦੀ ਅਗਵਾਈ ਵਿਦਿਆਰਥੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ ਜਿਨ੍ਹਾਂ ਨੇ ਇਸ ਨੇਕ ਕਾਰਜ ਵਿੱਚ ਹਿੱਸਾ ਲੈਣ ਲਈ ਸਵੈ-ਇੱਛਾ ਨਾਲ ਕੰਮ ਕੀਤਾ ਸੀ। ਵਿਦਿਆਰਥੀਆਂ ਨੇ ਪਿੰਡ ਦੀ ਸਰਪੰਚ ਪਰਮਜੀਤ ਕੌਰ ਨਾਲ ਮੁਲਾਕਾਤ ਕਰ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸਹਿਯੋਗ ਮੰਗਿਆ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਕੱਪੜੇ ਦੇ ਥੈਲੇ ਅਤੇ ਧਾਤ ਦੀਆਂ ਪਾਣੀ ਦੀਆਂ ਬੋਤਲਾਂ ਵਰਗੇ ਵਾਤਾਵਰਣ-ਅਨੁਕੂਲ ਵਿਕਲਪਾਂ ਵੱਲ ਜਾਣ ਲਈ ਵੀ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਿੰਟ ਸਮਗਰੀ ਵੰਡੀ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬੀ.ਐਫ.ਸੀ.ਐਮ.ਟੀ. ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪਲਾਸਟਿਕ ਪ੍ਰਦੂਸ਼ਣ ਦੇ ਵਿਰੁੱਧ ਚੱਲ ਰਹੀ ਲੜਾਈ ਵਿੱਚ ਮਹੱਤਵਪੂਰਨ ਹਨ ਅਤੇ ਵਧੇਰੇ ਲੋਕਾਂ ਨੂੰ ਵਧੇਰੇ ਟਿਕਾਊ ਭਵਿੱਖ ਵੱਲ ਕਦਮ ਚੁੱਕਣ ਲਈ ਪ੍ਰੇਰਿਤ ਕਰ ਸਕਦੀਆਂ ਹਨ।
ਦਿੱਲੀ ’ਚ ਜੰਤਰ-ਮੰਤਰ ’ਤੇ ਧਰਨੇ ਉਪਰ ਬੈਠੀਆਂ ਮਹਿਲਾਂ ਭਲਵਾਨਾਂ ਦੇ ਹੱਕ ’ਚ ਉਤਰੇ ਕਿਸਾਨ
ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਵਿਚ ਕੀਤਾ ਰੋਸ਼ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 3 ਮਈ : ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸੋਸਣ ਦੇ ਮਾਮਲੇ ਵਿਚ ਕੁਸ਼ਤੀ ਮਹਾ ਸੰਘ ਦੇ ਪ੍ਰਧਾਨ ਬ੍ਰਿਜ ਭੂਸਣ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ’ਤੇ ਧਰਨੇ ਦੇ ਰਹੇ ਪਹਿਲਵਾਨਾਂ ਦੇ ਹੱਕ ਵਿਚ ਹੁਣ ਕਿਸਾਨ ਵੀ ਉਤਰ ਆਏ ਹਨ। ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ) ਵਲੋਂ ਦਿੱਤੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਹੋਰਨਾਂ ਵਲੋਂ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸਥਾਨਕ ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਰਾਸਟਰਪਤੀ ਦੇ ਨਾਮ ’ਤੇ ਤਹਿਸੀਲਦਾਰ ਨੂੰ ਕਿਸਾਨ ਆਗੂਆਂ ਵਲੋਂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਦੋਹਾ ਤੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਇਨਸਾਫ ਅਤੇ ਇੱਜ਼ਤ ਦੀ ਲੜਾਈ ਲੜ ਰਹੀਆਂ ਅਤੇ ਦੇਸ਼ ਦਾ ਖੇਡਾਂ ਵਿੱਚ ਦੁਨੀਆ ਦੇ ਵੱਖ ਵੱਖ ਕੋਨੇ ਵਿੱਚ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨ ਵਾਲੀਆਂ ਧੀਆਂ ਨਾਲ ਅਜਿਹਾ ਹੋਣ ਸਰਮਨਾਕ ਕਾਰਾ ਹੈ, ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਗੁਰਮੇਲ ਸਿੰਘ ਲਹਿਰਾ ਤੇ ਜੋਧਾ ਸਿੰਘ ਨੰਗਲਾ ਨੇ ਕਿਹਾ ਕਿ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੰਦੇ ਹਨ ਉੱਥੇ ਦੂਜੇ ਪਾਸੇ ਉਨ੍ਹਾਂ ਦਾ ਹੀ ਮੈਂਬਰ ਆਫ ਪਾਰਲੀਮੈਂਟ ਅਤੇ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਮਹਿਲਾ ਪਹਿਲਵਾਨਾਂ ਦਾ ਯੌਨ ਸ਼ੋਸ਼ਣ ਕਰ ਰਿਹਾ ਹੈ ਅਤੇ ਇਨਸਾਫ ਲੈਣ ਦੀ ਖਾਤਿਰ ਸਾਡੀਆਂ ਬੱਚੀਆਂ ਅਤੇ ਸਾਡੇ ਦੇਸ਼ ਦੇ ਲਈ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 23 ਅਪ੍ਰੈਲ ਤੋ ਜੰਤਰ ਮੰਤਰ ਉੱਪਰ ਧਰਨੇ ਤੇ ਬੈਠੇ ਹਨ ਤੇ ਉਸ ਵਿਰੁਧ ਕੇਸ ਵੀ ਸੁਪਰੀਮ ਕੋਰਟ ਦੇ ਅਦੇਸ਼ਾਂ ਤੋਂ ਬਾਅਦ ਹੀ ਦਰਜ ਹੋਇਆ ਹੈ ਅਤੇ ਬ੍ਰਿਜ ਭੂਸ਼ਨ ਸ਼ਰਨ ਦੇ ਉੱਪਰ ਪਾਸਕੋ ਐਕਟ ਵਰਗੀਆਂ ਅਤਿ ਗੰਭੀਰ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਆਰੋਪੀ ਬ੍ਰਿਜ ਭੂਸ਼ਨ ਸ਼ਰਨ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਮੌਕੇ ਸਾਮਲ ਆਗੂ ਕੁਲਵੰਤਸਿੰਘ ਨੇਹੀਆਂਵਾਲਾ ਜਵਰਜੰਗ ਸਿੰਘ ਪੱਕਾ ਪਰਵਿੰਦਰਸਿੰਘ ਗਹਿਰੀ ਗੁਰਸੇਵਕ ਸਿੰਘ ਫੁਲ, ਜਸਵੀਰ ਸਿੰਘ ਗਹਿਰੀ, ਗੁਰਜੰਟ ਸਿੰਘ ਭਗਤਾ ,ਦੀਪੂ ਸਿੰਘ ਮੰਡੀ ਕਲਾ, ਸੁਖਦੇਵ ਸਿੰਘ ਫੂਲ ਆਦਿ ਆਗੂ ਸਾਮਲ ਸਨ।
ਬਾਕਸ
ਨੌਜਵਾਨ ਭਾਰਤ ਸਭਾ ਵੱਲੋਂ ਮਹਿਲਾ ਪਹਿਲਵਾਨਾਂ ਦੇ ਘੋਲ ਦੀ ਹਮਾਇਤ ਦਾ ਐਲਾਨ
ਬਠਿੰਡਾ: ਉਧਰ ਮਹਿਲਾ ਪਹਿਲਵਾਨਾਂ ਦੇ ਧਰਨੇ ਦੀ ਹਮਾਇਤ ਕਰਦਿਆਂ ਨੌਜਵਾਨ ਭਾਰਤ ਸਭਾ ਨੇ ਜਿਨਸ਼ੀ ਸੋਸ਼ਣ ਦੇ ਦੋਸ਼ੀ ਬ੍ਰਿਜ਼ ਭੂਸਣ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਅਤੇ ਉਸਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।ਸਭਾ ਦੇ ਸੂਬਾ ਕਮੇਟੀ ਮੈਂਬਰ ਅਸ਼ਵਨੀ ਘੁੱਦਾ ਨੇ ਕਿਹਾ ਕਿ ਮਹਿਲਾ ਪਹਿਲਵਾਨ ਆਪਣੇ ਨਾਲ ਹੋਏ ਜਿਨਸ਼ੀ ਸ਼ੋਸਣ ਦਾ ਇਨਸਾਫ਼ ਲੈਣ ਲਈ ਜੰਤਰ-ਮੰਤਰ ਤੇ ਸ਼ੰਘਰਸ ਕਰ ਰਹੇ ਹਨ ਪਰ ਭਾਜਪਾ ਸਰਕਾਰ ਇਹਨਾਂ ਦੀ ਗੱਲ ਨੂੰ ਅਣਸੁਣਿਆਂ ਕਰ ਰਹੀ ਹੈ ਅਤੇ ਦੋਸ਼ੀਆਂ ਉੱਪਰ ਬਣਦੀ ਕਾਰਵਾਈ ਕਰਨ ਦੀ ਥਾਂ ਸ਼ੰਘਰਸ ਕਰ ਰਹੇ ਖਿਡਾਰੀਆਂ ਨੂੰ ਧਰਨਾ ਚੁੱਕਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਭਾਜਪਾ ਹਕੂਮਤ ਦਾ ਪਹਿਲਾਂ ਵੀ ਕਈ ਕੇਸਾਂ ਵਿੱਚ ਔਰਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਬਿਲਕੀਸ ਬਾਨੋ ਕੇਸ ਵਿੱਚ ਸਮੂਹਿਕ ਰੇਪ ਤੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਮੁਆਫ਼ ਕਰਕੇ ਰਿਹਾਅ ਕਰਨਾ ਭਾਜਪਾ ਦਾ ਔਰਤ ਵਿਰੋਧੀ ਹੋਣ ਦੀ ਹਕੀਕਤ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਇਨਸਾਫ਼ ਪਸੰਦ ਤੇ ਜਮਹੂਰੀਅਤ ਪਸੰਦ, ਜੱਥੇਬੰਦਕ ਲੋਕਾਂ ਤੇ ਜੱਥੇਬੰਦੀਆਂ ਨੂੰ ਮਹਿਲਾ ਪਹਿਲਵਾਨਾਂ ਦੇ ਸ਼ੰਘਰਸ ਦੀ ਹਿਮਾਇਤ ਕਰਨੀ ਚਾਹੀਦੀ ਹੈ ਤੇ ਦੋਸ਼ੀ ਬ੍ਰਿਜ਼ ਭੂਸ਼ਣ ਨੂੰ ਗ੍ਰਿਫ਼ਤਾਰ ਕਰਨ ਤੇ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਜੋਰ ਨਾਲ ਉਠਾਉਣੀ ਚਾਹੀਦੀ ਹੈ।
ਪ੍ਰਕਾਸ ਸਿੰਘ ਬਾਦਲ ਨਮਿੱਤ ਭੋਗ ਵੀਰਵਾਰ ਨੂੰ, ਪਿੰਡ ਬਾਦਲ ’ਚ ਤਿਆਰੀਆਂ ਮੁਕੰਮਲ
ਗ੍ਰਹਿ ਮੰਤਰੀ ਅਮਿਤ ਸ਼ਾਹ ਸਹਿਤ ਕਈ ਕੇਂਦਰੀ ਮੰਤਰੀ ਤੇ ਹੋਰ ਆਗੂ ਕਰਨਗੇ ਸਰਧਾਂਜਲੀ ਭੇਂਟ
ਸੁਖਜਿੰਦਰ ਮਾਨ
ਬਾਦਲ, 3 ਮਈ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਭਲਕੇ ਵੀਰਵਾਰ ਨੂੰ ਪਿੰਡ ਬਾਦਲ ਵਿਚ ਅੰਤਿਮ ਅਰਦਾਸ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਪਿੰਡ ਬਾਦਲ-ਗੱਗੜ ਰੋਡ ਉਪਰ ਸਥਿਤ ਮਾਤਾ ਜਸਵੰਤ ਕੌਰ ਯਾਦਗਾਰੀ ਪਬਲਿਕ ਸਕੂਲ ਵਿਚ ਹੋਣ ਜਾ ਰਹੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਹਿਤ ਕਈ ਕੇਂਦਰੀ ਮੰਤਰੀ, ਕਈ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਸਹਿਤ ਵੱਡੀ ਗਿਣਤੀ ਵਿਚ ਪੁੱਜਣ ਦੀ ਸੰਭਾਵਨਾ ਹੈ। ਜਿਸਦੇ ਚੱਲਦੇ ਬਾਦਲ ਪ੍ਰਵਾਰ ਦੇ ਨਾਲ-ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਗਮਾਂ ਦੀਆਂ ਤਿਆਰੀਆਂ ਮਿਲ ਕੇ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਿਆ ਹੈ ਕਿ ਮਾਤਾ ਜਸਵੰਤ ਕੌਰ ਯਾਦਗਾਰੀ ਸਕੂਲ ਦੇ ਮੈਦਾਨ ਵਿਚ ਵੱਡ ਅਕਾਰੀ ਟੈਂਟ ਲਗਾਇਆ ਗਿਆ ਹੈ, ਜਿਸ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਸੁਸੋਭਿਤ ਕਰਨ ਲਈ ਵੱਡੀ ਸਟੇਜ਼ ਬਣਾਈ ਹੈ ਜਦੋਂਕਿ ਉਸਦੇ ਨਾਲ ਇੱਕ ਛੋਟੀ ਸਟੇਜ਼ ਵੀ ਉਸਤੋਂ ਕਾਫ਼ੀ ਨੀਵੀਂ ਬਣਾਈ ਗਈ ਹੈ, ਜਿਸ ਉਪਰ ਖੜ੍ਹੇ ਹੋ ਕੇ ਬੁਲਾਰੇ ਸਾਬਕਾ ਮੁੱਖ ਮੰਤਰੀ ਨੂੰ ਸਰਧਾਂਜਲੀ ਭੇਂਟ ਕਰਨਗੇ। ਇਸੇ ਤਰ੍ਹਾਂ ਭੋਗ ਸਮਾਗਮ ਦੇ ਨਾਲ ਦੋ ਥਾਵਾਂ ‘ਤੇ ਲੰਘਰ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸਾਸਨਿਕ ਅਧਿਕਾਰੀਆਂ ਮੁਤਾਬਕ ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਪੁੱਜ ਰਹੀਆਂ ਵਿਸੇਸ ਹਸਤੀਆਂ ਲਈ ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਵਿਚ ਕਰੀਬ ਅੱਧੀ ਦਰਜ਼ਨ ਹੈਲੀਪੇਡ ਬਣਾਏ ਗਏ ਹਨ ਜਦੋਂਕਿ ਜਿਆਦਾਤਰ ਵੀਵੀਆਈਪੀ ਬਠਿੰਡਾ ਸਥਿਤ ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਹੀ ਉਤਰਨੇ, ਜਿੱਥੋਂ ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਦਲ ਨਾਲ ਲੱਗਦੇ ਕਾਲਝਰਾਣੀ ਦੇ ਸਰਕਾਰੀ ਸਕੂਲ ਅਤੇ ਅਨਾਜ ਮੰਡੀ ਵਿਚ ਬਣੇ ਹੈਲੀਪੇਡ ਤੋਂ ਇਲਾਵਾ ਭੋਗ ਸਮਾਗਮਾਂ ਨਜਦੀਕ ਪਿੰਡ ਗੱਗੜ, ਲੰਬੀ ਅਤੇ ਮਲੋਟ ਸਹਿਤ ਪਿੰਡ ਭਾਗੂ ਵਿਖੇ ਵੀ ਆਰਜੀ ਹੈਲੀਪੇਡ ਬਣੇ ਹੋਏ ਹਨ। ਸੂਤਰਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਿੰਨ੍ਹਾਂ ਹਸਤੀਆਂ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਪੁਸ਼ਟੀ ਹੋਈ ਹੈ, ਉਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ, ਪਿਊਸ ਗੋਇਲ, ਗਜੇਂਦਰ ਸੇਖਾਵਤ, ਸਪੀਕਰ ਓਮ ਬਿਰਲਾ, ਤਰੁਣ ਚੁੱਘ, ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੋਂ ਇਲਾਵਾ ਪੰਜਾਬ ਵਜਾਰਤ ਦੇ ਕਰੀਬ ਅੱਧੀ ਦਰਜ਼ਨ ਮੰਤਰੀ ਅਤੇ ਧਾਰਮਿਕ ਆਗੂਆਂ ਵਿਚ ਰਾਧਾ ਸੂਆਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਦਿ ਸ਼ਾਮਲ ਹਨ।
ਚਿੱਟੇ ਸੋਨੇ ਦੀ ਬੀਜਾਂਦ: ਸਰਕਾਰ ਕਿਸਾਨਾਂ ਦੇ ਮਨਾਂ ’ਚੋਂ ‘ਚਿੱਟੀ ਮੱਖੀ ਤੇ ਗੁਲਾਬੀ ਸੁੰਡੀ’ ਦਾ ਖੌਫ਼ ਕੱਢਣ ’ਚ ਨਹੀਂ ਹੋ ਸਕੀ ਸਫ਼ਲ
ਟੀਚਿਆਂ ਦੇ ਉਲਟ ਨਰਮਾ ਪੱਟੀ ’ਚ ਫ਼ਸਲ ਦੀ ਬੀਜਾਂਦ ਕੀੜੀ ਚਾਲ, ਮੌਸਮ ਵੀ ਦਿਖਾ ਰਿਹਾ ਹੈ ਅਪਣਾ ਰੰਗ
ਬਠਿੰਡਾ ਤੇ ਮਾਨਸਾ ’ਚ ਟੀਚਾ 1 ਲੱਖ 40 ਹਜ਼ਾਰ ਹੈਕਟੇਅਰ, ਨਰਮੇ ਦੀ ਬੀਜਾਂਦ ਹੋਈ 7100 ਹੈਕਟੇਅਰ
ਸੁਖਜਿੰਦਰ ਮਾਨ
ਬਠਿੰਡਾ, 2 ਮਈ: ਸੂਬੇ ’ਚ ਧਰਤੀ ਹੇਠਲੇ ਘੱਟਦੇ ਪਾਣੀ ਤੇ ਹੋਰ ਅਲਾਮਤਾਂ ਨੂੰ ਦੇਖਦਿਆਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਖੇਤੀ ਵਿਭਿੰਨਤਾ ’ਤੇ ਜੋਰ ਦੇ ਰਹੀ ਪੰਜਾਬ ਸਰਕਾਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨਾਂ ਦੇ ਮਨਾਂ ਵਿੱਚੋਂ ‘ਚਿੱਟੀ ਮੱਖੀ ਤੇ ਗੁਲਾਬੀ ਸੁੰਡੀ’ ਦਾ ਖੌਫ਼ ਕੱਢਣ ’ਚ ਸਫ਼ਲ ਹੁੰਦੀ ਜਾਪ ਨਹੀਂ ਰਹੀ। ਨਰਮੇ ਦੇ ਬੀਟੀ ਕਾਟਨ ਬੀਜ ਉਪਰ 33 ਫ਼ੀਸਦੀ ਸਬਸਿਡੀ ਅਤੇ ਨਹਿਰੀ ਪਾਣੀ ਦੀ ਲਗਾਤਾਰ ਪਹੁੰਚ ਦੇ ਬਾਵਜੂਦ ‘ਚਿੱਟੇ ਸੋਨੇ’ ਦੇ ਰਕਬੇ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੁੂਰ ਪੈਂਦਾ ਨਹੀਂ ਦਿਖ਼ਾਈ ਦੇ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਨਰਮੇ ਦੀ ਫ਼ਸਲ ਬਿਲਕੁੱਲ ਖ਼ਤਮ ਹੋਣ ਕਾਰਨ ਕਿਸਾਨ ਹੁਣ ਇਸ ਪਾਸੇ ਮੁੜਦੇ ਦਿਖਾਈ ਨਹੀਂ ਦੇ ਰਹੇ ਹਨ। ਇਸਤੋਂ ਇਲਾਵਾ ਮੌਸਮ ਕਾਰਨ ਵੀ ਫ਼ਸਲ ‘ਕਰੰਡ’ ਹੋਣ ਦੇ ਡਰੋਂ ਕਿਸਾਨ ਨਰਮੇ ਦੀ ਬੀਜਾਂਦ ਵਿਚ ਦੇਰੀ ਨੂੰ ਤਰਜੀਹ ਦੇ ਰਹੇ ਹਨ। ਖੇਤੀਬਾੜੀ ਯੂਨੀਵਰਸਿਟੀ ਤੇ ਵਿਭਾਗੀ ਮਾਹਰਾਂ ਵਲੋਂ 15 ਅਪ੍ਰੈਲ ਤੋਂ 15 ਮਈ ਤੱਕ ਨਰਮੇ ਦੀ ਬੀਜਾਂਦ ਨੂੰ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਪ੍ਰੰਤੂ ਪੰਜਾਬ ਦੇ ਦੱਖਣੀ ਮਾਲਵਾ ਖੇਤਰ ਵਿਚ ਨਰਮੇਂ ਦੀ ਕੀੜੀ ਚਾਲ ਚੱਲ ਰਹੀ ਬੀਜਾਂਦ ਨੇ ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਸਰਕਾਰ ਨੂੰ ਵੀ ਚਿੰਤਾ ਵਿਚ ਪਾਇਆ ਹੋਇਆ ਹੈ। ਜੇਕਰ ਕਿਸੇ ਸਮੇਂ ਨਰਮਾ ਪੱਟੀ ਦਾ ਘਰ ਕਹੇ ਜਾਂਦੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੀ ਹੀ ਗੱਲ ਕੀਤੀ ਜਾਵੇ ਤਾਂ ਚਾਲੂ ਸੀਜ਼ਨ ’ਚ ਸਰਕਾਰ ਨੇ ਇੱਥੇ 1 ਲੱਖ 40 ਹਜ਼ਾਰ 200 ਹੈਕਟੇਅਰ ਰਕਬੇ ਵਿਚ ਨਰਮੇ ਦੀ ਫ਼ਸਲ ਬੀਜਣ ਦਾ ਟੀਚਾ ਮਿਥਿਆ ਹੋਇਆ ਹੈ ਪ੍ਰੰਤੂ ਹੁਣ ਤੱਕ ਦੋਨਾਂ ਜ਼ਿਲ੍ਹਿਆਂ ਵਿਚ ਸਿਰਫ਼ 7174 ਹੈਕਟੇਅਰ ਕਰਬੇ ਵਿਚ ਹੀ ਨਰਮਾ ਬੀਜਿਆ ਗਿਆ ਹੈ। ਜਦੋਂਕਿ ਕਿਸੇ ਸਮੇਂ ਇੰਨ੍ਹਾਂ ਦੋਨਾਂ ਜ਼ਿਲ੍ਹਿਆਂ ਵਿਚ ਨਰਮੇ ਦੀ ਫ਼ਸਲ ਹਰ ਪਾਸੇ ਲਹਿਲਾਉਂਦੀ ਨਜਰ ਆਉਂਦੀ ਰਹੀਂ ਹੈ। ਖੇਤੀਬਾੜੀ ਮਾਹਰਾਂ ਨੇ ਵੀ ਮੰਨਿਆ ਹੈ ਕਿ ਹੁਣ ਬਠਿੰਡਾ ਪੱਟੀ ਤੋਂ ਨਰਮਾ ਪੱਟੀ ਦਾ ‘ਰੁਤਬਾ’ ਖੁੱਸ ਕੇ ਅਬੋਹਰ ਤੇ ਫ਼ਾਜਲਿਕਾ ਵਾਲੇ ਪਾਸੇ ਚਲਾ ਗਿਆ ਹੈ। ਪਿਛਲੇ ਸਾਲ ਬਠਿੰਡਾ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਦੇ ਅਪਣੇ ਅੰਕੜਿਆਂ ਮੁਤਾਬਕ 62 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋਈ ਸੀ ਤੇ ਇਸ ਸਾਲ ਇਹ ਟੀਚਾ ਵਧਾ ਕੇ 80 ਹਜ਼ਾਰ 200 ਹੈਕਟੇਅਰ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿਚ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜਨ ਵਿਚ 60 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਪੱਬਾਂ ਭਾਰ ਹੋਇਆ ਹੈ। ਬਠਿੰਡਾ ਜ਼ਿਲ੍ਹੇ ’ਚ ਬਠਿੰਡਾ, ਸੰਗਤ, ਤਲਵੰਡੀ ਸਾਬੋ ਅਤੇ ਮੋੜ ਬਲਾਕ ਨੂੰ ਨਰਮਾ ਬੈਲਟ ਵਜੋਂ ਜਾਣਿਆਂ ਜਾਂਦਾ ਹੈ ਜਦੋਂਕਿ ਮਾਨਸਾ ਵਿਚ ਸਰਦੂਲਗੜ੍ਹ, ਝੁਨੀਰ ਤੇ ਬੁਢਲਾਡਾ ਵਿਚ ਨਰਮੇ ਦੀ ਖੇਤੀ ਕਿਸੇ ਸਮੇਂ ਕਿਸਾਨਾਂ ਦੀ ਪਹਿਲੀ ਪਸੰਦ ਰਹੀ ਹੈ। ਸੂਚਨਾ ਮੁਤਾਬਕ ਹੁਣ ਤੱਕ ਇਸ ਜ਼ਿਲ੍ਹੇ ਦੇ ਬੁਢਲਾਡਾ ਬਲਾਕ ’ਚ 14500 ਹੈਕਟੇਅਰ ਦੇ ਮੁਕਾਬਲੇ ਸਿਰਫ਼ 185 ਹੈਕਟੇਅਰ, ਝੁਨੀਰ ਬਲਾਕ ’ਚ ਰੱਖੇ 16 ਹਜ਼ਾਰ ਹੈਕਟੇਅਰ ਦੇ ਟੀਚੇ ਮੁਕਾਬਲੇ ਸਿਰਫ਼ 1152 ਹੈਕਟੇਅਰ ਅਤੇ ਸਰਦੂਲਗੜ੍ਹ ’ਚ 14 ਹਜ਼ਾਰ ਦੇ ਮੁਕਾਬਲੇ 1646 ਹੈਕਟੇਅਰ ਰਕਬੇ ਵਿਚ ਹੁਣ ਤੱਕ ਨਰਮੇ ਦੀ ਬੀਜਾਂਦ ਹੋ ਸਕੀ ਹੈ। ਇਸੇ ਤਰ੍ਹਾਂ ਬਠਿੰਡਾ ਜਿਲ੍ਹੇ ਦੇ ਤਲਵੰਡੀ ਸਾਬੋ ਬਲਾਕ ਵਿਚ ਸਭ ਤੋਂ ਵੱਧ 27700 ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਦਾ ਟੀਚਾ ਹੈ ਪ੍ਰੰਤੂ ਇੱਥੇ ਹੁਣ ਤੱਕ ਸਿਰਫ਼ 1460 ਹੈਕਟੇਅਰ, ਸੰਗਤ ਬਲਾਕ ’ਚ 21400 ਹੈਕਟੇਅਰ ਦੇ ਮੁਕਾਬਲੇ ਸਿਰਫ਼ 316 ਹੈਕਟੇਅਰ ਅਤੇ ਬਠਿੰਡਾ ਬਲਾਕ ’ਚ 14800 ਦੇ ਮੁਕਾਬਲੇ 906 ਹੈਕਟੇਅਰ ਰਕਬੇ ਵਿਚ ਬੀਜਾਈ ਹੋਈ ਹੈ।
ਬਾਕਸ
ਨਰਮੇ ਦੀ ਫ਼ਸਲ ਬੀਜਣ ਤੋਂ ਮੋਹ ਭੰਗ ਹੋਣ ਦੇ ਮੁੱਖ ਕਾਰਨ
ਬਠਿੰਡਾ: ਹਾਲਾਂਕਿ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਦੇ ਰਾਹੀਂ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਮੁੜ ਪੁਰਾਤਨ ਫ਼ਸਲ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸਦੇ ਲਈ ਪਹਿਲੀ ਵਾਰ ਨਰਮੇ ਦੇ ਬੀਜ਼ ਉਪਰ ਸਬਸਿਡੀ ਦੇਣ ਦੇ ਨਾਲ-ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ ਪ੍ਰੰਤੂ ਕਿਸਾਨਾਂ ਤੇ ਖੇਤੀ ਮਾਹਰਾਂ ਮੁਤਾਬਕ ਸਾਲ 1991-92 ’ਚ ਅਮਰੀਕਨ ਸੁੰਡੀ ਦਾ ਸਭ ਤੋਂ ਪਹਿਲਾਂ ਹਮਲਾ ਹੋਇਆ ਤੇ ਉਸਤੋਂ ਬਾਅਦ ਜਦ ਬੀਟੀ ਕਾਟਨ ਆਇਆ ਤਾਂ ਅਮਰੀਕਨ ਸੁੰਡੀ ’ਤੇ ਕੰਟਰੋਲ ਹੋਇਆ ਪਰ ਤੁਬਾਕੂ ਸੁੰਡੀ ਦਾ ਕਹਿਰ ਵਰਤਣਾ ਸ਼ੁਰੂ ਹੋਇਆ। ਇਸਤੋਂ ਇਲਾਵਾ ਮਿੱਲੀ ਬੱਗ ਨੇ ਵੀ ਇਸ ਫ਼ਸਲ ਨੂੰ ਤਬਾਹ ਕਰਨ ਵਿਚ ਅਪਣਾ ਵੱਡਾ ਯੋਗਦਾਨ ਪਾਇਆ। ਮੁੜ 2015 ਵਿਚ ਚਿੱਟੀ ਮੱਖੀ ਦੇ ਕਹਿਰ ਕਾਰਨ ਕਿਸਾਨਾਂ ਦਾ ਬੁਰੀ ਤਰ੍ਹਾਂ ਲੱਕ ਤੋੜ ਦਿੱਤਾ ਸੀ। ਹਾਲਾਂਕਿ ਉਸਤੋਂ ਬਾਅਦ ਖੇਤੀ ਮਾਹਰਾਂ ਨੇ ਇਸ ਉਪਰ ਕਾਬੂ ਪਾਇਆ ਪਰ 2021 ਵਿਚ ਗੁਲਾਬੀ ਸੁੰਡੀ ਤੇ 2022 ਵਿਚ ਚਿੱਟੀ ਮੱਖੀ ਦੇ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ, ਜਿਸ ਕਾਰਨ ਹੁਣ ਖੇਤੀ ਮਾਹਰਾਂ ਦੇ ਭਰੋਸਿਆਂ ਉਪਰ ਕਿਸਾਨ ਵਿਸਵਾਸ ਕਰਨ ਤੋਂ ਕੰਨੀ ਕਤਰਾ ਰਹੇ ਹਨ। ਜਿਸਦੇ ਚੱਲਦੇ ਹੁਣ ਕਿਸਾਨ ਸਿਰਫ਼ ਉਸੇ ਜਮੀਨ ਵਿਚ ਨਰਮਾ ਬੀਜਣ ਨੂੰ ਤਰਜੀਹ ਦੇ ਰਹੇ ਹਨ, ਜਿੱਥੇ ਝੋਨਾ ਜਾਂ ਕੋਈ ਹੋਰ ਫ਼ਸਲ ਨਹੀਂ ਹੋ ਸਕਦੀ ਹੈ।
ਬਾਕਸ
ਚਾਲੂ ਸੀਜ਼ਨ ’ਚ ਕਿਸਾਨਾਂ ਨੇ ਗੁਜਰਾਤੀ ਬੀਟੀ ਕਾਟਨ ਤੋਂ ਪਾਸਾ ਵੱਟਿਆਂ
ਬਠਿੰਡਾ: ਉਂਜ ਇਸ ਵਾਰ ਇਹ ਵੱਡੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਦਹਾਕਿਆਂ ਤੋਂ ਗੁਜਰਾਤ ਦੇ ਬੀਟੀ ਕਾਟਨ ਦੇ ਮੋਹ ਵਿਚ ‘ਭਿੱਜੇ’ ਕਿਸਾਨਾਂ ਨੇ ਐਤਕੀ ਇਸ ਪਾਸਿਓ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ 5ਜੀ ਦੇ ਨਾਂ ’ਤੇ ਵੱਡੀ ਪੱਧਰ ਉਪਰ ਗੁਜਰਾਤ ਤੋਂ ਦਲਾਲਾਂ ਵਲੋਂ ਬੀਟੀ ਕਾਟਨ ਪੰਜਾਬ ਦੇ ਕਿਸਾਨਾਂ ਨੂੰ ਵੇਚਿਆ ਗਿਆ ਸੀ ਪ੍ਰੰਤੂ ਗੁਜਰਾਤੀ ਬੀਟੀ ਕਾਟਨ ਵਾਲੇ ਬੀਜ਼ ਦੇ ਨਤੀਜ਼ੇ ਕਿਸਾਨਾਂ ਦੀ ਉਮੀਦ ਤੋਂ ਕਿਤੇ ਉਲਟ ਰਹੇ ਹਨ। ਕਿਸਾਨਾਂ ਨੇ ਖੁਦ ਮੰਨਿਆ ਹੈ ਕਿ ਨਾਂ ਤਾਂ ਗੁਜਰਾਤੀ ਬੀਜ ਨਾਲ ਬੀਜੇ ਨਰਮੇ ਦੇ ਪੌਦੇ ਦਾ ਕੱਦ ਵਧਿਆ ਅਤੇ ਨਾ ਹੀ ਉਸਦਾ ਝਾੜ ਨਿਕਲਿਆ, ਜਿਸ ਕਾਰਨ ਇਸ ਸੀਜ਼ਨ ਵਿਚ ਕਿਸਾਨਾਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫ਼ਾਰਿਸ ਕੀਤੀਆਂ ਕਿਸਮਾਂ ਦਾ ਬੀਜ਼ ਹੀ ਖਰੀਦਿਆਂ ਜਾ ਰਿਹਾ ਹੈ। ਇਸਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਨਰਮੇ ਦੀ ਖੇਤੀ ਵੱਲ ਉਤਸਾਹਤ ਕਰਨ ਲਈ ਪੀਏਯੂ ਤੋਂ ਮਾਨਤਾ ਪ੍ਰਾਪਤ ਕਿਸਮਾਂ ਦੀ ਖਰੀਦ ਕੀਮਤ ਉਪਰ 33 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹ ਕਿਸਾਨ ਨੂੰ ਸਿਰਫ਼ ਪੰਜ ਏਕੜ ਤੱਕ ਹੀ ਮਿਲਣਯੋਗ ਹੈ।
ਬਾਕਸ
ਮੌਸਮ ਦੀ ਮਾਰ ਨਰਮੇ ਦੀ ਬੀਜਾਂਦ ’ਤੇ ਪਾ ਰਹੀ ਹੈ ਅਸਰ: ਡਾਇਰੈਕਟਰ ਖੇਤੀਬਾੜੀ
ਬਠਿੰਡਾ: ਉਧਰ ਜਦ ਇਸ ਮਾਮਲੇ ’ਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆਂ ਕਿ ਨਰਮੇ ਦੀ ਬੀਜਾਂਦ ਹੋਲੀ ਹੋਣ ਦਾ ਇੱਕ ਮੁੱਖ ਵੱਡਾ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਮੌਸਮ ਵਿਚ ਆਈਆਂ ਤਬਦੀਲੀਆਂ ਵੀ ਹਨ, ਕਿਉਂਕਿ ਕਣਕਾਂ ਦੀ ਵਢਾਈ ਦੇ ਬਾਅਦ ਵੀ ਕਈ ਵਾਰ ਬੇਮੌਸਮੀ ਮੀਂਹ ਪੈ ਚੁੱਕਾ ਹੈ ਤੇ ਹੁਣ ਮੁੜ ਆਉਣ ਵਾਲੇ ਕੁੱਝ ਦਿਨਾਂ ਤੱਕ ਮੌਸਮ ਵਿਭਾਗ ਨੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਜਿਸ ਕਾਰਨ ਕਿਸਾਨ ਨਰਮੇ ਦੀ ਫ਼ਸਲ ਕਰੰਡ ਹੋਣ ਤੋਂ ਬਚਾਉਣ ਲਈ ਬੀਜਾਈ ਵਿਚ ਦੇਰੀ ਕਰ ਰਹੇ ਹਨ। ਖੇਤੀਬਾੜੀ ਡਾਇਰੈਕਟਰ ਨੇ ਦਸਿਆ ਕਿ ਇਸ ਵਾਰ ਜਿੱਥੇ ਸਰਕਾਰ ਵਲੋਂ ਨਰਮੇ ਦੇ ਬੀਜ ਵਿਚ 33 ਫ਼ੀਸਦੀ ਸਬਸਿਡੀ ਦੇਣ ਨਾਲ ਕਿਸਾਨਾਂ ਵਿਚ ਉਤਸਾਹ ਹੈ, ਊਥੇ ਪਹਿਲੀ ਵਾਰ ਨਹਿਰੀ ਵਿਭਾਗ ਦੇ ਅਧਿਕਾਰੀ ਖੇਤੀਬਾੜੀ ਮਹਿਕਮੇ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੇ ਹੋਏ ਹਨ ਤੇ ਟੇਲਾਂ ਤੱਕ ਪਾਣੀ ਪੁੱਜ ਰਿਹਾ ਹੈ। ਉਨ੍ਹਾਂ ਉਮੀਦ ਜਾਹਰ ਕੀਤੀ ਕਿ ਹਾਲੇ ਡੇਢ-ਦੋ ਹਫ਼ਤਿਆਂ ਦਾ ਸਮਾਂ ਨਰਮੇ ਦੀ ਬੀਜਾਈ ਲਈ ਸਾਜ਼ਗਾਰ ਹੈ ਤੇ ਇਸ ਸਮੇਂ ਦੌਰਾਨ ਰੱਖੇ ਟੀਚੇ ਮੁਤਾਬਕ ਨਰਮੇ ਦੀ ਫ਼ਸਲ ਬੀਜੀ ਜਾਵੇਗੀ।
ਬਾਕਸ
ਸਰਕਾਰ ਕਿਸਾਨਾਂ ਨੂੰ ਧਰਵਾਸਾ ਦੇਣ ’ਚ ਰਹੀ ਅਸਫ਼ਲ: ਕਿਸਾਨ ਆਗੂ
ਬਠਿੰਡਾ: ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਤੋਂ ਮੂੰਹ ਮੋੜਣ ਲਈ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਬੁਰਜਸੇਮਾ ਨੇ ਕਿਹਾ ਕਿ ਪਹਿਲਾਂ ਮੁੱਖ ਕਾਰਨ ਪਿਛਲੇ ਲਗਾਤਾਰ ਦੋ ਸਾਲਾਂ ਤੋਂ ਨਰਮੇ ਦੀ ਫ਼ਸਲ ਦਾ ਬਿਲਕੁੱਲ ਖਤਮ ਹੋਣਾ ਹੈ। ਇਸਤੋਂ ਇਲਾਵਾ ਹੁਣ ਤੱਕ ਇਸ ਫ਼ਸਲ ਨੂੰ ਪਈਆਂ ਬੀਮਾਰੀਆਂ ’ਤੇ ਕਾਬੂ ਪਾਉਣ ਬਾਰੇ ਵੀ ਸਰਕਾਰ ਵਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਇਸੇ ਤਰ੍ਹਾਂ ਕਿਸਾਨਾਂ ਨੂੰ ਨਰਮੇ ਦੇ ਖਰਾਬੇ ਵਜੋਂ ਸਰਕਾਰ ਵਲੋਂ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਕਿਸਾਨ ਕਣਕ ਤੇ ਝੋਨੇ ਦੇ ਚੱਕਰ ਵਿਚੋਂ ਨਿਕਲਣ ਦੇ ਹਾਮੀ ਕਿਸਾਨ ਮਜਬੂਰੀ ਵੱਸ ਇਸ ਪਾਸੇ ਵੱਲ ਜਾ ਰਹੇ ਹਨ।
