ਪੁਲਿਸ ਟੀਮਾਂ ਨੇ 9 ਪਾਸਪੋਰਟਾਂ ਸਮੇਤ ਫਰਜ਼ੀ ਜਾਣਕਾਰੀਆਂ ਦੀ ਵਰਤੋਂ ਕਰਕੇ ਬਣਾਏ ਫਰਾਰ ਗੈਂਗਸਟਰਾਂ ਦੇ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਕੀਤੀਆਂ ਬਰਾਮਦ: ਡੀਜੀਪੀ ਗੌਰਵ ਯਾਦਵ
ਦੋਸ਼ੀ ਵਿਅਕਤੀਆਂ ਨੇ ਜਾਅਲੀ ਪਾਸਪੋਰਟਾਂ ਦੀ ਵਰਤੋਂ ਕਰਕੇ ਕਈ ਗੈਂਗਸਟਰਾਂ ਨੂੰ ਦੇਸ਼ ਤੋਂ ਭੱਜਣ ਵਿੱਚ ਕੀਤੀ ਮਦਦ: ਏਡੀਜੀਪੀ ਪ੍ਰਮੋਦ ਬਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਪ੍ਰੈਲ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਵੇਰਵਿਆਂ ਦੇ ਆਧਾਰ ‘ਤੇ ਪਾਸਪੋਰਟ ਬਣਾਕੇ ਅਤੇ ਮੁਹੱਈਆ ਕਰਵਾ ਕੇ ਦੇਸ਼ ਵਿੱਚੋਂ ਫਰਾਰ ਹੋਣ ਵਿੱਚ ਮਦਦ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਓਂਕਾਰ ਸਿੰਘ ਵਾਸੀ ਪਿੰਡ ਕਾਕੀ ਪਿੰਡ, ਜਲੰਧਰ, ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਵਾਸੀ ਪਿੰਡ ਕਰਹਾਲੀ, ਪਟਿਆਲਾ ਅਤੇ ਪ੍ਰਭਜੋਤ ਸਿੰਘ ਬਹੇੜੀ, ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਹਨਾਂ ਕੋਲੋਂ 9 ਪਾਸਪੋਰਟ ਬਰਾਮਦ ਕਰਨ ਦੇ ਨਾਲ ਨਾਲ ਫਰਜ਼ੀ ਵੇਰਵਿਆਂ ਦੀ ਵਰਤੋਂ ਨਾਲ ਤਿਆਰ ਕੀਤੇ ਫਰਾਰ ਗੈਂਗਸਟਰਾਂ ਦੇ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਬਰਾਮਦ ਕੀਤੀਆਂ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੈਂਗਸਟਰਾਂ/ਅਪਰਾਧੀਆਂ ਨੂੰ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਲਈ ਜਾਅਲੀ ਵੇਰਵਿਆਂ ਦੀ ਵਰਤੋਂ ਕਰਕੇ ਪਾਸਪੋਰਟ ਤਿਆਰ ਕਰਨ ਵਿੱਚ ਅੰਤਰ-ਰਾਜੀ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਮਿਲੀ ਭਰੋਸੇਮੰਦ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਏ.ਆਈ.ਜੀ. ਸੰਦੀਪ ਗੋਇਲ ਅਗਵਾਈ ਵਿੱਚ ਏ.ਜੀ.ਟੀ.ਐਫ ਟੀਮਾਂ ਨੇ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ।ਉਹਨਾਂ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਗਿਰੋਹ ਦੇ ਦਿੱਲੀ, ਯੂਪੀ, ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਬੰਧ ਸਨ ਅਤੇ ਇਹ ਗਿਰੋਹ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਈ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਪਾਸਪੋਰਟਾਂ ‘ਤੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਦਾ ਸੀ।ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਗਿਰੋਹ ਨਾਲ ਜੁੜੇ ਪੰਜ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।ਹੋਰ ਜਾਣਕਾਰੀ ਦਿੰਦਿਆਂ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਓਂਕਾਰ, ਜੋ ਕਿ ਜਲੰਧਰ ਵਿੱਚ ਇੱਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀ ਚਲਾ ਰਿਹਾ ਹੈ, ਫਰਜ਼ੀ ਵੇਰਵਿਆਂ ਦੀ ਵਰਤੋਂ ਕਰਕੇ ਗੈਂਗਸਟਰਾਂ/ਅਪਰਾਧੀਆਂ ਦੇ ਪਾਸਪੋਰਟ ਬਣਾਉਣ ਅਤੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਲੁੱਟਣ ਵਿੱਚ ਸ਼ਾਮਲ ਸੀ।ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਓਂਕਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਗੈਂਗਸਟਰ ਵਰਿੰਦਰਪਾਲ ਸਿੰਘ ਉਰਫ ਵੀਨਾ ਬੁੱਟਰ (ਬੰਬੀਹਾ ਗੈਂਗ) ਅਤੇ ਜਸਵਿੰਦਰ ਸਿੰਘ ਉਰਫ ਖੱਟੂ (ਧਰਮਿੰਦਰ ਗੁਗਨੀ ਗੈਂਗ) ਲਈ ਫ਼ਰਜ਼ੀ ਪਾਸਪੋਰਟ ਬਣਾਏ ਸਨ ਤਾਂ ਜੋ ਦੇਸ਼ ਛੱਡ ਕੇ ਭੱਜਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪ੍ਰਭਜੋਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਇੱਕ ਸਾਥੀ ਚਰਨਜੀਤ ਸਿੰਘ ਉਰਫ਼ ਬਰੇਲੀ (ਜਿਸ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ) ਨੇ ਮੈਕਸੀਕੋ ਤੋਂ ਹਾਲ ਹੀ ਵਿੱਚ ਡਿਪੋਰਟ ਕੀਤੇ ਗਏ ਗੈਂਗਸਟਰ ਦੀਪਕ ਬਾਕਸਰ ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ।ਇਸ ਦੇ ਨਾਲ ਹੀ ਤੀਜੇ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸਨੇ ਅਜਨਾਲੇ ਦੇ ਦੀਪਇੰਦਰ ਸਿੰਘ ਉਰਫ਼ ਦੀਪੂ, ਜਿਸਦਾ ਅਪਰਾਧਕ ਪਿਛੋਕੜ ਹੈ ਅਤੇ ਭਗੌੜੇ ਗੈਂਗਸਟਰ ਹੈਰੀ ਚੱਠਾ ਦਾ ਕਰੀਬੀ ਸਾਥੀ ਹੈ, ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ।ਦੱਸਣਯੋਗ ਹੈ ਕਿ ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 420, 468, 471, 473 ਅਤੇ 120-ਬੀ, ਅਸਲਾ ਐਕਟ ਦੀ ਧਾਰਾ 25 ਅਤੇ ਪਾਸਪੋਰਟ ਐਕਟ ਦੀ ਧਾਰਾ 12 ਅਧੀਨ ਪੁਲਿਸ ਸਟੇਸ਼ਨ ਸਟੇਟ ਕਰਾਈਮ, ਐਸ.ਏ.ਐਸ. ਨਗਰ ਵਿਖੇ ਐਫਆਈਆਰ ਨੰ. 2 ਮਿਤੀ 26-04-2023 ਨੂੰ ਦਰਜ ਹੈ।
ਏਜੀਟੀਐਫ ਵੱਲੋਂ ਗੈਂਗਸਟਰਾਂ ਨੂੰ ਦੇਸ਼ ਤੋਂ ਭੱਜਣ ‘ਚ ਮਦਦ ਕਰਨ ਵਾਲੇ ਜਾਅਲੀ ਪਾਸਪੋਰਟ ਰੈਕੇਟ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ
ਸਰਕਾਰ ਦਾ ਵੱਡਾ ਫੈਸਲਾ: ਜ਼ਮੀਨ-ਜਾਇਦਾਦ ਦੀ ਰਜਿਸਟਰੇਸ਼ਨ ਲਈ ਸਟੈਂਪ ਡਿਊਟੀ ’ਤੇ ਫੀਸ ’ਚ ਛੋਟ ਦੀ ਤਰੀਕ 15 ਮਈ ਤੱਕ ਵਧਾਈ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 28 ਅਪ੍ਰੈਲ:ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਜ਼ਮੀਨ-ਜਾਇਦਾਦ ਦੀ ਰਜਿਸਟਰੇਸ਼ਨ ਉਤੇ ਵਸੂਲੀ ਜਾਂਦੀ ਸਟੈਂਪ ਡਿਊਟੀ ਅਤੇ ਫੀਸ ਵਿਚ 2.25 ਫੀਸਦੀ ਛੋਟ ਦੇਣ ਦੇ ਸਮੇਂ ਵਿਚ ਵਾਧਾ ਕਰਦੇ ਹੋਏ ਇਸ ਦੀ ਤਰੀਕ 15 ਮਈ ਤੱਕ ਵਧਾ ਦਿੱਤੀ ਹੈ।ਇਸ ਬਾਰੇ ਫੈਸਲਾ ਸਥਾਨਕ ਸਰਕਟ ਹਾਊਸ ਵਿਖੇ ਮੁੱਖ ਮੰਤਰੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਡੇਰੇ ਜਨਤਕ ਹਿੱਤ ਵਿਚ ਮੰਤਰੀ ਮੰਡਲ ਨੇ 15 ਮਈ ਤੱਕ ਜ਼ਮੀਨ/ਜਾਇਦਾਦ ਦੀ ਰਜਿਸਟ?ਰੇਸ਼ਨ ਕਰਵਾਉਣ ਵਾਲਿਆਂ ਲਈ ਸਟੈਂਪ ਡਿਊਟੀ ਤੇ ਫੀਸ ਵਿਚ 2.25 ਫੀਸਦੀ ਦੀ ਛੋਟ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਰਜਿਸਟਰੀ ਕਰਵਾਉਣ ਵਾਲਿਆਂ ਨੂੰ ਇਕ ਫੀਸਦੀ ਐਡੀਸ਼ਨਲ ਸਟੈਂਪ ਡਿਊਟੀ, ਇਕ ਫੀਸਦੀ ਪੀ.ਆਈ.ਡੀ.ਬੀ. ਫੀਸ ਅਤੇ 0.25 ਫੀਸਦੀ ਵਿਸ਼ੇਸ਼ ਫੀਸ ਤੋਂ ਛੋਟ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਹ ਸਕੀਮ ਸਭ ਤੋਂ ਪਹਿਲਾਂ 31 ਮਾਰਚ ਤੱਕ ਲਾਗੂ ਕੀਤੀ ਸੀ ਅਤੇ ਲੋਕਾਂ ਦਾ ਵੱਡਾ ਹੁੰਗਾਰਾ ਮਿਲਣ ਪਿੱਛੋਂ ਇਸ ਵਿਚ 30 ਅਪ੍ਰੈਲ ਤੱਕ ਵਾਧਾ ਕੀਤਾ ਗਿਆ ਸੀ ਅਤੇ ਹੁਣ ਇਹ ਤਰੀਕ 15 ਮਈ ਤੱਕ ਵਧਾ ਦਿੱਤੀ ਹੈ।
ਡਰੱਗ ਟੈਸਟਿੰਗ ਲੈਬਾਰਟਰੀ ਵਿਚ 7 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਜਨਤਕ ਹਿੱਤ ਵਿਚ ਡਰੱਗ ਟੈਸਟਿੰਗ ਲੈਬਾਰਟਰੀ (ਆਯੂਰਵੇਦ) ਵਿਚ 7 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਅਸਾਮੀਆਂ ਉਤੇ ਭਰਤੀ ਕਰਨ ਨਾਲ ਲੈਬਾਰਟਰੀ ਦਾ ਕੰਮਕਾਜ ਹੋਰ ਸੁਚਾਰੂ ਹੋਵੇਗਾ ਜਿਸ ਨਾਲ ਆਮ ਲੋਕਾਂ ਨੂੰ ਲਾਭ ਪਹੁੰਚੇਗਾ ਅਤੇ ਆਯੂਵੈਦਿਕ ਦਵਾਈਆਂ ਦੀ ਨਿਰੰਤਰ ਟੈਸਟਿੰਗ ਵਧੇਗੀ ਤਾਂ ਕਿ ਸੂਬਾ ਸਰਕਾਰ ਦੇ ਆਯੂਵੈਦਿਕ ਹਸਪਤਾਲਾਂ, ਡਿਸਪੈਂਸਰੀਆਂ ਅਤੇ ਹੋਰਾਂ ਨੂੰ ਦਵਾਈਆਂ ਸਪਲਾਈ ਕੀਤੀਆਂ ਜਾ ਸਕਣ। ਇਸ ਕਦਮ ਨਾਲ ਸੂਬੇ ਵਿਚ ਆਯੂਵੈਦਿਕ ਦਵਾਈਆਂ ਦੀ ਮਿਆਰਤਾ ਤੇ ਸ਼ੁੱਧਤਾ ਕਾਇਮ ਰੱਖਣ ਵਿਚ ਮਦਦ ਮਿਲੇਗੀ।
ਖੇਤੀ ਮਸਲਿਆਂ ਬਾਰੇ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਹਰੀ ਝੰਡੀ
ਮੰਤਰੀ ਮੰਡਲ ਨੇ ਵਾਤਾਵਰਣ ਵਿਚ ਸੁਧਾਰ ਲਿਆਉਣ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ, ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਅਤੇ ਕਿਸਾਨਾਂ ਦੀ ਵਿੱਤੀ ਹਾਲਤ ਸੁਧਾਰਨ ਦੇ ਉਦੇਸ਼ ਨਾਲ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਮਾਹਿਰਾਂ ਦੀਆਂ ਸੇਵਾਵਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਹਾਸਲ ਕੀਤੀਆਂ ਜਾਣਗੀਆਂ ਤਾਂ ਕਿ ਸੂਬੇ ਦੇ ਕਿਸਾਨਾਂ ਦੇ ਹਿੱਤ ਵਿਚ ਹੋਰ ਲੋੜੀਂਦੇ ਕਦਮ ਚੁੱਕੇ ਜਾ ਸਕਣ।
ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵੱਲੋਂ ਕਿਰਤੀ ਵਰਗ ਨੂੰ ਮਜ਼ਦੂਰ ਦਿਹਾੜੇ ਦਾ ਤੋਹਫ਼ਾ
ਕੁਦਰਤੀ ਮਾਰ ਦੀ ਲਪੇਟ ਵਿਚ ਆਈਆਂ ਫਸਲਾਂ ਤੋਂ ਪ੍ਰਭਾਵਿਤ ਹੋਏ ਖੇਤ ਕਾਮਿਆਂ ਨੂੰ 10 ਫੀਸਦੀ ਮੁਆਵਜ਼ਾ ਦੇਣ ਦਾ ਐਲਾਨ
ਫਸਲਾਂ ਪਾਲਣ ਲਈ ਖੂਨ-ਪਸੀਨਾ ਵਹਾਉਣ ਵਾਲੇ ਕਿਰਤੀ ਵਰਗ ਨੂੰ ਹੋਵੇਗਾ ਵੱਡਾ ਫਾਇਦਾ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 28 ਅਪ੍ਰੈਲ: ਕਿਰਤੀ ਵਰਗ ਨੂੰ ਮਜ਼ਦੂਰ ਦਿਹਾੜੇ (ਇਕ ਮਈ) ਦਾ ਤੋਹਫ਼ਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਜ਼ਾਰਤ ਨੇ ਕੁਦਰਤੀ ਆਫਤਾਂ ਨਾਲ ਨੁਕਸਾਨੀ ਫਸਲ ਲਈ ਦਿੱਤੇ ਜਾਂਦੇ ਕੁੱਲ ਮੁਆਵਜ਼ੇ ਉਤੇ 10 ਫੀਸਦੀ ਮੁਆਵਜ਼ਾ ਰਾਸ਼ੀ ਖੇਤ ਕਾਮਿਆਂ ਨੂੰ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਸਰਕਟ ਹਾਊਸ ਵਿਖੇ ਮੁੱਖ ਮੰਤਰੀ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਵਿਸਥਾਰ ਵਿਚ ਦੱਸਿਆ ਕਿ ਇਸ ਵੱਡੇ ਉਪਰਾਲੇ ਦਾ ਉਦੇਸ਼ ਖੇਤ ਕਾਮਿਆਂ ਦੀ ਸਹਾਇਤਾ ਕਰਨਾ ਹੈ ਜੋ ਅਜਿਹੇ ਮੁਆਵਜ਼ੇ ਤੋਂ ਵਿਰਵੇ ਜਾਂਦੇ ਹਨ ਜਦਕਿ ਕੁਦਰਤੀ ਮਾਰ ਦਾ ਸਾਹਮਣਾ ਉਨ੍ਹਾਂ ਨੂੰ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਵੀ ਕੁਦਰਤੀ ਆਫਤਾਂ ਕਾਰਨ ਕੰਮ ਦੇ ਹੁੰਦੇ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਆਉਂਦੇ ਇਕ ਮਈ ਨੂੰ ਮਜ਼ਦੂਰ ਦਿਵਸ ਮੌਕੇ ਸੂਬਾ ਸਰਕਾਰ ਦੀ ਇਹ ਸੌਗਾਤ ਸਮੁੱਚੇ ਕਿਰਤੀ ਵਰਗ ਲਈ ਹੈ ਜੋ ਫਸਲਾਂ ਪਾਲਣ ਲਈ ਖੇਤਾਂ ਵਿਚ ਆਪਣਾ ਖੂਨ-ਪਸੀਨਾ ਵਹਾਉਂਦੇ ਹਨ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕਿਰਤੀਆਂ ਦੀ ਰਜਿਸਟ?ਰੇਸ਼ਨ ਕਰਨ ਲਈ ਵਿਆਪਕ ਪੱਧਰ ਉਤੇ ਰਜਿਸਟਰੇਸ਼ਨ ਸ਼ੁਰੂ ਕਰੇਗੀ ਤਾਂ ਕਿ ਇਨ੍ਹਾਂ ਨੂੰ ਕੇਂਦਰੀ ਅਤੇ ਸੂਬਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਰਜਿਸਟ?ਰੇਸ਼ਨ ਨਾ ਹੋਣ ਕਰਕੇ ਬਹੁਤੀਆਂ ਸਕੀਮਾਂ ਦਾ ਲਾਭ ਹੀ ਨਹੀਂ ਮਿਲਦਾ ਪਰ ਹੁਣ ਹਰੇਕ ਸਕੀਮ ਦਾ ਲਾਭ ਕਿਰਤੀ ਵਰਗ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਦੁੱਖ ਨਾਲ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਨੇਕ ਕਾਰਜ ਨੂੰ ਤਨਦੇਹੀ ਨਾਲ ਲਾਗੂ ਕੀਤੇ ਜਾਣ ਪ੍ਰਤੀ ਸੰਜੀਦਗੀ ਨਾਲ ਕੰਮ ਨਹੀਂ ਕੀਤਾ।
ਪੰਜਾਬ ਸਿਵਲ ਸਕੱਤਰੇਤ ਤੋਂ ਬਾਹਰ ਵਜ਼ਾਰਤ ਦੀ ਮੀਟਿੰਗ ਕਰਕੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਆਗਜ਼ ਕੀਤਾ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਆਪਣੇ ਪ੍ਰਮੁੱਖ ਪ੍ਰੋਗਰਾਮ ’ਸਰਕਾਰ ਤੁਹਾਡੇ ਦੁਆਰ’ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਕਦਮ ਦਾ ਉਦੇਸ਼ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹੁਣ ਮੰਤਰੀ ਮੰਡਲ ਸਿਰਫ਼ ਸਕੱਤਰੇਤ ਦੇ ਕਮਰਿਆਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਸੂਬੇ ਭਰ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸੌਖ ਹੋ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਜਿੱਥੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ, ਉਥੇ ਦੂਜੇ ਪਾਸੇ ਆਪਣੇ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮ ਕਰਵਾ ਕੇ ਲੋਕਾਂ ਨੂੰ ਸਹੂਲਤ ਮਿਲੇਗੀ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਅਧਿਕਾਰੀਆਂ ਖਾਸ ਕਰਕੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਆਪੋ-ਆਪਣੇ ਖੇਤਰ ਦੇ ਦੌਰੇ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਹੈ ਕਿ ਲੋਕਾਂ ਨੂੰ ਆਪਣੇ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਇਧਰ-ਉਧਰ ਭੱਜ ਦੌੜ ਨਾ ਕਰਨੀ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਅਜਿਹੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਬੂਹੇ ’ਤੇ ਸਹੂਲਤਾਂ ਮੁਹੱਈਆ ਕਰਵਾਏਗੀ।
ਲੋਕਲ ਆਡਿਟ ਵਿੰਗ ਦੀਆਂ 87 ਵੱਖ-ਵੱਖ ਕੇਡਰ ਦੀਆਂ ਅਸਾਮੀਆਂ ਉਤੇ ਭਰਤੀ ਦੀ ਮਨਜ਼ੂਰੀ
ਕੈਬਨਿਟ ਨੇ ਲੋਕਲ ਆਡਿਟ ਵਿੰਗ ਦੇ ਵੱਖ-ਵੱਖ ਕੇਡਰ ਵਿੱਚ ਸਿੱਧੀ ਭਰਤੀ ਦੀਆਂ 87 ਆਸਾਮੀਆਂ ਭਰਨ ਦੀ ਵੀ ਸਹਿਮਤੀ ਦੇ ਦਿੱਤੀ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਜੂਨੀਅਰ ਲੇਖਾਕਾਰਾਂ ਦੀਆਂ 60, ਇਕ ਸੈਕਸ਼ਨ ਅਫ਼ਸਰ, ਇਕ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ, ਤਿੰਨ ਸਟੈਨੋ ਟਾਈਪਿਸਟ ਅਤੇ 22 ਕਲਰਕਾਂ ਦੀਆਂ ਖ਼ਾਲੀ ਆਸਾਮੀਆਂ ਉਤੇ ਭਰਤੀ ਲਈ ਰਾਹ ਪੱਧਰਾ ਹੋਵੇਗਾ। ਇਸ ਨਾਲ ਪੰਚਾਇਤੀ ਰਾਜ ਸੰਸਥਾਵਾਂ (ਪੀ.ਆਰ.ਆਈਜ਼), ਸ਼ਹਿਰੀ ਸਥਾਨਕ ਸਰਕਾਰਾਂ (ਯੂ.ਐਲ.ਬੀਜ਼), ਬੱਚਿਆਂ ਲਈ ਫੰਡਾਂ ਤੇ ਯੂਨੀਵਰਸਿਟੀਆਂ ਦੇ ਪ੍ਰੀ ਆਡਿਟ/ਪੋਸਟ ਆਡਿਟ ਦਾ ਕੰਮ ਸੁਚਾਰੂ ਹੋਵੇਗਾ। ਇਸ ਨਾਲ ਸੂਬਾ ਸਰਕਾਰ, ਭਾਰਤ ਸਰਕਾਰ ਦੇ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਸੁਚਾਰੂ ਤਰੀਕੇ ਤੇ ਆਸਾਨੀ ਨਾਲ ਹਾਸਲ ਕਰਨ ਦੇ ਯੋਗ ਹੋਵੇਗੀ।
ਪੰਜਾਬ ਸਟੇਟ ਸਪੋਰਟਸ ਸਰਵਿਸ ਨਿਯਮਾਂ, 2023 ਦੀ ਪੁਨਰ ਰਚਨਾ ਨੂੰ ਹਰੀ ਝੰਡੀ
ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਕੈਬਨਿਟ ਨੇ ਪੰਜਾਬ ਸਟੇਟ ਸਪੋਰਟਸ (ਗਰੁੱਪ-ਏ, ਗਰੁੱਪ-ਬੀ ਤੇ ਗਰੁੱਪ ਸੀ) ਸਰਵਿਸ ਨਿਯਮਾਂ, 2023 ਦੀ ਪੁਨਰ ਰਚਨਾ ਨੂੰ ਮਨਜ਼ੂਰੀ ਦੇ ਦਿੱਤੀ। ਖੇਡ ਵਿਭਾਗ ਵਿੱਚ ਵੱਖ ਵੱਖ ਕੇਡਰਾਂ (ਗਰੁੱਪ ਏ, ਗਰੁੱਪ ਬੀ ਤੇ ਗਰੁੱਪ ਸੀ) ਵਿੱਚ ਤਾਜ਼ਾ ਭਰਤੀ ਇਨ੍ਹਾਂ ਨਵੇਂ ਨੋਟੀਫਾਈ ਨਿਯਮਾਂ ਮੁਤਾਬਕ ਹੀ ਹੋਵੇਗੀ। ਇਸੇ ਤਰ੍ਹਾਂ ਖੇਡ ਵਿਭਾਗ ਵਿੱਚ ਵੱਖ-ਵੱਖ ਕਾਡਰ ਵਿੱਚ ਕੰਮ ਕਰ ਰਹੇ ਅਧਿਕਾਰੀਆਂ/ਮੁਲਾਜ਼ਮਾਂ ਨੁੰ ਆਪਣੀ ਸੇਵਾ ਦੌਰਾਨ ਤਰੱਕੀ ਦੇ ਮੌਕੇ ਮਿਲਣਗੇ।
ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਨੂੰ ਨਵਾਂ ਬਲਾਕ ਬਣਾਉਣ ਦੀ ਪ੍ਰਵਾਨਗੀ
ਪੰਜਾਬ ਕੈਬਨਿਟ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਲਾਕ ਦੀਆਂ 75 ਪੰਚਾਇਤਾਂ ਕੱਢ ਕੇ ਨਵਾਂ ਬਲਾਕ ਰਮਦਾਸ ਕਾਇਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਰਮਦਾਸ ਬਲਾਕ ਬਣਾਉਣ ਨਾਲ ਇਨ੍ਹਾਂ 75 ਪਿੰਡਾਂ ਵਿੱਚ ਵਿਕਾਸ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਇਸੇ ਤਰ੍ਹਾਂ ਕੈਬਨਿਟ ਨੇ ਨਵੇਂ ਬਣਾਏ ਇਸ ਬਲਾਕ ਦੇ ਕੰਮਕਾਜ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਇੱਥੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ.) ਦੀ ਆਸਾਮੀ ਕਾਇਮ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ।
ਪੀ.ਏ.ਯੂ. ਵਿਚ ਅਧਿਆਪਕਾਂ ਦੇ ਪੇਅ-ਸਕੇਲ ਸੋਧਣ ਨੂੰ ਹਰੀ ਝੰਡੀ
ਇਕ ਹੋਰ ਲੋਕ ਪੱਖੀ ਫੈਸਲੇ ਵਿਚ ਮੰਤਰੀ ਮੰਡਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅਧਿਆਪਕਾਂ ਦੇ ਤਨਖਾਹ ਸਕੇਲ ਇਕ ਜਨਵਰੀ, 2016 ਤੋਂ ਸੋਧਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਅਧਿਆਪਕਾਂ ਦੀ ਤਨਖਾਹ ਤੇ ਪੈਨਸ਼ਨ ਦਾ ਭੁਗਤਾਨ ਅਪ੍ਰੈਲ, 2023 ਤੋਂ ਹੋਵੇਗਾ। ਇਸ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਨਾਲ ਉਨ੍ਹਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।
‘ਦਾ ਪੰਜਾਬ ਐਡਵੋਕੇਟ ਜਨਰਲ (ਗਰੁੱਪ-ਏ) ਸਰਵਿਸ ਰੂਲਜ਼-2023’ ਨੂੰ ਮਨਜ਼ੂਰੀ
ਮੰਤਰੀ ਮੰਡਲ ਨੇ ‘ਦਾ ਪੰਜਾਬ ਐਡਵੋਕੇਟ ਜਨਰਲ (ਗਰੁੱਪ-ਏ) ਸਰਵਿਸ ਰੂਲਜ਼-2023’ ਦੀ ਰਚਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਸੇਵਾ ਨਿਯਮਾਂ ਦੀ ਰਚਨਾ ਨਾਲ ਐਡਵੋਕੇਟ ਜਨਰਲ ਦੇ ਦਫ਼ਤਰ ਵਿਚ ਕੰਮ ਕਰ ਰਹੇ ਗਰੁੱਪ-ਏ ਦੇ ਅਧਿਕਾਰੀਆਂ ਦੀਆਂ ਸੇਵਾਵਾਂ ਨਿਯਮਤ ਹੋ ਜਾਣਗੀਆਂ। ਇਸ ਫੈਸਲੇ ਨਾਲ ਵਡੇਰੇ ਜਨਤਕ ਹਿੱਤ ਵਿਚ ਇਸ ਵੱਕਾਰੀ ਦਫ਼ਤਰ ਵਿਚ ਦਫ਼ਤਰੀ ਕੰਮਕਾਜ ਹੋਰ ਪ੍ਰਭਾਵੀ ਤੇ ਸੁਚਾਰੂ ਹੋ ਜਾਵੇਗਾ।
ਰੱਖਿਆ ਸੈਨਾਵਾਂ ਭਲਾਈ ਵਿਭਾਗ ਦੀ ਸਾਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਮਨਜ਼ੂਰੀ
ਮੰਤਰੀ ਮੰਡਲ ਨੇ ਰੱਖਿਆ ਸੈਨਾਵਾਂ ਭਲਾਈ ਵਿਭਾਗ, ਪੰਜਾਬ ਦੀ ਸਾਲ 2021-22 ਦੀ ਸਾਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੈਦੀਆਂ ਦੀ ਅਗਾਊਂ ਰਿਹਾਈ ਦੇ ਮਾਮਲੇ ਭੇਜਣ ਦੀ ਮਨਜ਼ੂਰੀ
ਮੰਤਰੀ ਮੰਡਲ ਨੇ ਸੂਬੇ ਦੀਆਂ ਜੇਲ੍ਹਾਂ ਵਿਚ ਉਮਰ ਕੈਦ ਭੁਗਤ ਰਹੇ ਛੇ ਕੈਦੀਆਂ ਦੀ ਅਗਾਊਂ ਰਿਹਾਈ ਲਈ ਕੇਸ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤੀ ਸੰਵਿਧਾਨ ਦੀ ਧਾਰਾ 163 ਦੇ ਤਹਿਤ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਵਿਸ਼ੇਸ਼ ਮੁਆਫੀ/ਅਗਾਊਂ ਰਿਹਾਈ ਦੇ ਮਾਮਲੇ ਭਾਰਤੀ ਸੰਵਿਧਾਨ ਦੀ ਧਾਰਾ 161 ਦੇ ਤਹਿਤ ਵਿਚਾਰਨ/ਪ੍ਰਵਾਨਗੀ ਲਈ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣਗੇ। ਇਸੇ ਤਰ੍ਹਾਂ ਭਾਰਤੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿਚ ਮਨਾਏ ਜਾ ਰਹੇ ‘ਆਜ਼ਾਦੀ ਕਾ ਮਹਾਂਉਤਸਵ’ ਦੇ ਦੂਜੇ ਪੜਾਅ ਵਜੋਂ ਮੰਤਰੀ ਮੰਡਲ ਨੇ ਸੂਬੇ ਦੀਆਂ ਜੇਲ੍ਹਾਂ ਵਿਚ ਉਮਰ ਕੈਦ ਭੁਗਤ ਰਹੇ ਕੈਦੀਆਂ ਦੀ ਅਗਾਊਂ ਰਿਹਾਈ ਦੀ ਪ੍ਰਵਾਨਗੀ ਲੈਣ ਲਈ ਕੈਟਾਗਰੀ-6 ਵਿਚ ਪੈਂਦੇ 14 ਕੈਦੀਆਂ ਦੇ ਕੇਸ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤੀ ਸੰਵਿਧਾਨ ਦੀ ਧਾਰਾ 163 ਦੇ ਤਹਿਤ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਵਿਸ਼ੇਸ਼ ਮੁਆਫੀ/ਅਗਾਊਂ ਰਿਹਾਈ ਦੇ ਮਾਮਲੇ ਭਾਰਤੀ ਸੰਵਿਧਾਨ ਦੀ ਧਾਰਾ 161 ਦੇ ਤਹਿਤ ਵਿਚਾਰਨ/ਪ੍ਰਵਾਨਗੀ ਲਈ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣਗੇ।
ਸਰਕਾਰੀ ਪੌਲੀਟੈਕਨਿਕ ਕਾਲਜ ਦੇ ਫਾਰਮੇਸੀ ਦੇ ਵਿਦਿਆਰਥੀਆਂ ਨੇ ਅਲਕੇਮੀ ਫੈਕਟਰੀ ਦਾ ਦੌਰਾ ਕੀਤਾ
ਡਾ: ਪ੍ਰੋ. ਹਰਵਿੰਦਰ ਵੱਲੋਂ ਸਫਲਤਾ ਲਈ ਦੱਸੇ ਨੁਕਤੇ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਦੇ ਫਾਰਮੇਸੀ ਦੇ ਵਿਦਿਆਰਥੀਆਂ ਨੇ ਜੀਪੀਸੀ ਐਚਓਡੀ (ਫਾਰਮੇਸੀ) ਵਿਭਾ ਸ਼ਰਮਾ, ਲੈਕਚਰਾਰ ਅਕਸ਼ਿਤ ਸ਼ਰਮਾ, ਲੈਕਚਰਾਰ ਨਵਦੀਪ ਸਿੰਘ ਸਮੇਤ 30 ਦੇ ਕਰੀਬ ਵਿਦਿਆਰਥੀਆਂ ਨੇ ਐਲਕੇਮੀ ਫੈਕਟਰੀ ਦਾ ਦੌਰਾ ਕੀਤਾ। ਇਸ ਦੌਰਾਨ ਅਲਕੇਮੀ ਦੇ ਮੈਨੇਜਿੰਗ ਡਾਇਰੈਕਟਰ ਡਾ. ਪ੍ਰੋ. ਹਰਵਿੰਦਰ ਸਿੰਘ, ਸੀ.ਸੀ.ਐਮ.ਆਈ ਇੰਸਟੀਚਿਊਟ ਅਤੇ ਹਸਪਤਾਲ ਦੇ ਡਾਇਰੈਕਟਰ ਡਾ: ਵਰਿੰਦਰ ਕੌਰ, ਇੰਸਪੈਕਟਰ ਗੁਰਜੰਟ ਸਿੰਘ, ਡਾ: ਬਲਜੀਤ ਸਿੰਘ ਰਾਣਾ, ਡਾ. ਗੁਰਪ੍ਰੀਤ ਸਿੰਘ, ਮਾਰਕੀਟਿੰਗ ਮੈਨੇਜਰ ਵਿਕਾਸ ਮੁੰਜਾਲ, ਈਐਚਐਫ ਦੇ ਨੈਸ਼ਨਲ ਮੀਡੀਆ ਕੋਆਰਡੀਨੇਟਰ ਡਾ: ਰਿਤੇਸ਼ ਸ੍ਰੀਵਾਸਤਵ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ੍ਟ ਇਸ ਮੌਕੇ ਡਾ: ਪ੍ਰੋ. ਹਰਵਿੰਦਰ ਸਿੰਘ ਨੇ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਥੇ ਹੀ ਬਸ ਨਹੀਂ, ਉਨ੍ਹਾਂ ਨੇ ਇਲੈਕਟ?ਰੋ ਹੋਮਿਓਪੈਥੀ ਦਵਾਈ ਤੋਂ ਆਯੁਰਵੈਦ ਅਤੇ ਐਲੋਪੈਥੀ ਦਵਾਈਆਂ ਬਣਾਉਣ ਦੇ ਗੁਰ ਦੱਸੇ। ਸਪਰੇਜਿਕ ਐਸੇਂਸ ਮੇਕਿੰਗ, ਬੋਤਲ ਸੀਲਿੰਗ, ਕੈਪਸੂਲ ਫਿਲਿੰਗ ਦੇ ਲਾਈਵ ਟ?ਰੇਨਿੰਗ ਦਿੱਤੀ। ਇਸ ਮੌਕੇ ਇੰਡਸਟਰੀਅਲ ਗਰੋਥ ਸੈਂਟਰ ਤੋਂ ਰਾਜੇਸ਼ ਗੋਇਲ ਅਤੇ ਗੀਤਿਕਾ ਗੋਇਲ ਨੇ ਫਾਰਮੇਸੀ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਬਠਿੰਡਾ ਸ਼ਹਿਰ ’ਚ ਹੁਣ ਦੋ-ਪਹੀਆਂ ਵਹੀਕਲ ਮਾਲਕਾਂ ਨੂੰ ਨਹੀਂ ਦੇਣੀ ਪਏਗੀ ਪਾਰਕਿੰਗ ਫ਼ੀਸ
ਵਿਰੋਧ ਤੋਂ ਬਾਅਦ ਨਿਗਮ ਦੀ ਕਮੇਟੀ ਨੇ ਸ਼ਹਿਰ ਵਿਚ ਥਾਂ ਥਾਂ ਪੇਡ ਪਾਰਕਿੰਗ ਬਣਾਉਣ ਦਾ ਫੈਸਲਾ ਵਾਪਸ ਲਿਆ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਲੰਘੀ 20 ਮਾਰਚ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ’ਚ ਸ਼ਹਿਰ ਵਿਚ ਵੱਖ ਵੱਖ ਥਾਵਾਂ ‘ਤੇ ਪੇਡ ਪਾਰਕਿੰਗ ਬਣਾਉਣ ਦੇ ਫੈਸਲੇ ਵਿਰੁਧ ਉੱਠੀ ਅਵਾਜ਼ ਤੋਂ ਬਾਅਦ ਅੱਜ ਨਿਗਮ ਦੀ ਵਿੱਤ ਤੇ ਲੇਖਾ ਕਮੇਟੀ ਦੀ ਹੋਈ ਮੀਟਿੰਗ ਵਿਚ ਇਸ ਬਦਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਮੇਅਰ ਰਮਨ ਗੋਇਲ ਦੀ ਅਗਵਾਈ ਹੇਠ ਹੋਈ ਇਸ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਸ਼ਹਿਰ ਵਿਚ ਮਾਲ ਰੋਡ ’ਤੇ ਚਾਰ ਥਾਵਾਂ ਅਤੇ ਨਵੀਂ ਬਣ ਰਹੀ ਬਹੁਮੰਜਿਲਾਂ ਪਾਰਕਿੰਗ ਨੂੰ ਛੱਡ ਕੇ ਹੋਰ ਕਿਤੇ ਵੀ ਪੇਡ ਪਾਰਕਿੰਗ ਨਹੀਂ ਬਣਾਈ ਜਾਵੇਗੀ ਤੇ ਨਾਲ ਹੀ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਪੀਲੀ ਲਾਈਨ ਖਿੱਚੀ ਜਾਵੇਗੀ, ਜਿਸਤੋਂ ਬਾਅਦ ਉਨ੍ਹਾਂ ਥਾਵਾਂ ‘ਤੇ ਇਸ ਲਾਈਨ ਦੇ ਅੰਦਰ ਦੋ ਪਹੀਆਂ ਵਾਹਨ ਮੁਫ਼ਤ ਵਿਚ ਖੜੇ ਕੀਤੇ ਜਾ ਸਕਣਗੇ ਪ੍ਰੰਤੂ ਇੰਨ੍ਹਾਂ ਬਜ਼ਾਰਾਂ ਵਿਚ ਕਾਰ ਖੜੀ ਕਰਨ ਦੀ ਮਨਾਹੀ ਹੋਵੇਗੀ। ਇਸਦੇ ਇਲਾਵਾ ਹੁਣ ਸ਼ਹਿਰ ਵਿਚ ਪਾਰਕਿੰਗ ਲਈ ਇੱਕ ਹੀ ਠੇਕਾ ਦਿੱਤਾ ਜਾਵੇਗਾ, ਜਿਸਦੀ ਰਿਜ਼ਰਵ ਕੀਮਤ 75 ਲੱਖ ਦੇ ਕਰੀਬ ਹੋਵੇਗੀ। ਮੀਟਿੰਗ ਵਿਚ ਹਾਜ਼ਰ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ, ਮੈਂਬਰ ਪ੍ਰਵੀਨ ਗਰਗ, ਬਲਜਿੰਦਰ ਸਿੰਘ ਤੋਂ ਇਲਾਵਾ ਕਮਿਸ਼ਨਰ ਰਾਹੁਲ ਅਤੇ ਐਸ.ਈ ਸੰਦੀਪ ਗਰਗ ਆਦਿ ਵੀ ਹਾਜ਼ਰ ਰਹੇ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਜਨਰਲ ਹਾਊੁਸ ਦੀ ਹੋਈ ਮੀਟਿੰਗ ਵਿਚ ਪਾਸ ਕੀਤੇ ਪ੍ਰਸਤਾਵ ਦੇ ਆਧਾਰ ’ਤੇ ਸ਼ਹਿਰ ਦੀ ਮਾਲ ਰੋਡ ਅਤੇ ਇਸ ਰੋਡ ਉਪਰ ਬਣੀ ਬਹੁਮੰਜਿਲਾਂ ਪਾਰਕਿੰਗ ਦਾ ਅਲੱਗ ਅਤੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਧੋਬੀ ਬਜਾਰ, ਕਿੱਕਰ ਬਜ਼ਾਰ, ਹਸਪਤਾਲ ਬਜ਼ਾਰ, ਪੋਸਟ ਆਫ਼ਸ ਬਜ਼ਾਰ, ਸਦਰ ਬਜ਼ਾਰ, ਬੈਂਕ ਬਜ਼ਾਰ ਆਦਿ ਖੇਤਰਾਂ ’ਚ ਕਾਰਾਂ ਤੇ ਦੋ ਪਹੀਆਂ ਵਾਹਨ ਖੜੇ ਕਰਨ ਲਈ ਅਲੱਗ ਤੋਂ ਟੈਂਡਰ ਲਗਾਇਆ ਗਿਆ ਸੀ। ਦੋਨਾਂ ਟੈਂਡਰਾਂ ਲਈ ਰਿਜ਼ਰਵ ਕੀਮਤ 60 ਅਤੇ 62 ਲੱਖ ਰੁਪਏ ਸਲਾਨਾ ਰੱਖੀ ਗਈ ਸੀ। ਇਸ ਦੌਰਾਨ ਟੈਂਡਰ ਲਗਾਉਣ ਤੋਂ ਬਾਅਦ ਜਦ ਨਿਗਮ ਦੀ ਟੀਮ ਨੇ ਮਾਲ ਰੋਡ ’ਤੇ ਪਾਰਕਿੰਗ ਲਈ ਦੁਕਾਨਾਂ ਦੇ ਅੱਗੇ ਬਣੇ ਥੜਿਆਂ ਨੂੰ ਤੋੜ ਕੇ ਜਗ੍ਹਾਂ ਬਣਾਉਣੀ ਸ਼ੁਰੂ ਕੀਤੀ ਤਾਂ ਵਿਰੋਧ ਸ਼ੁਰੂ ਹੋ ਗਿਆ ਸੀ। ਇਸ ਮਾਮਲੇ ਵਿਚ ਵਪਾਰ ਮੰਡਲ ਦੀ ਅਗਵਾਈ ਹੇਠ ਵੱਡਾ ਸੰਘਰਸ਼ ਸ਼ੁਰੂ ਹੋ ਗਿਆ ਸੀ। ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਮਾਮਲੇ ਵਿਚ ਸਰਕਾਰ ’ਤੇ ਦੋਸ ਲਗਾਉਣੇ ਸ਼ੁਰੂ ਕੀਤੇ ਤਾਂ ਵਿਧਾਇਕ ਜਗਰੂਪ ਗਿੱਲ ਨੇ ਠੋਕਵਾਂ ਜਵਾਬ ਦਿੰਦਿਆਂ ਨਿਗਮ ਵਲੋਂ ਪਾਸ ਕੀਤੇ ਪ੍ਰਸਤਾਵ ਨੂੰ ਜਨਤਾ ਦੇ ਸਾਹਮਣੇ ਰੱਖ ਦਿੱਤਾ ਸੀ, ਜਿਸਤੋਂ ਬਾਅਦ ਨਿਗਮ ’ਤੇ ਕਾਬਜ਼ ਤੇ ਵਿਰੋਧੀ ਧਿਰਾਂ ਨੇ ਮੁੜ ਵਪਾਰੀਆਂ ਦੇ ਧਰਨੇ ਵਿਚ ਜਾਂਦਿਆਂ ਇਸ ਪ੍ਰਸਤਾਵ ਨੂੰ ਰੱਦ ਕਰਨ ਦਾ ਭਰੋਸਾ ਦਿੱਤਾ ਸੀ। ਇਸ ਭਰੋਸੇ ਨੂੰ ਬਰਕਰਾਰ ਰੱਖਣ ਲਈ ਅੱਜ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ।
ਪ੍ਰਕਾਸ਼ ਸਿੰਘ ਬਾਦਲ ਦਾ ਅੰਗੀਠਾ ਸੰਭਾਲਿਆ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ 4 ਮਈ ਨੂੰ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੰਗੀਠਾ ਸੰਭਾਲ ਰਸਮ ਅੱਜ ਪਿੰਡ ਬਾਦਲ ਵਿਖੇ ਅਦਾ ਕੀਤੀ ਗਈ ਜਿਸ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ: ਬਾਦਲ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 4 ਮਈ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ। ਇਸ ਭੋਗ ਤੇ ਅੰਤਿਮ ਅੰਤਿਮ ਅਰਦਾਸ ਸਮਾਗਮ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਅੱਜ ਅੰਗੀਠਾ ਸੰਭਾਲ ਦੀ ਰਸਮ ਵੇਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਰੇਸ਼ਮ ਸਿੰਘ ਚੱਕਪੱਖੀਵਾਲਾ ਵਾਲੇ, ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਬਾਬਾ ਪ੍ਰੀਤਮ ਸਿੰਘ ਦੋਮਾਲਾਵਾਲਾ ਤੇ ਬਾਬਾ ਜੀਤ ਸਿੰਘ ਜੋਲਾਂਵਾਲਾ ਵੀ ਹਾਜ਼ਰ ਸਨ। ਇਸ ਦੌਰਾਨ ਡੇਰਾ ਸੱਚ ਖੰਡ ਬੱਲਾਂ ਤੋਂ ਸੰਤ ਬਾਬਾ ਮਨਦੀਪ ਦਾਸ, ਬਾਬਾ ਲੇਖਰਾਜ ਤੇ ਟਰੱਸਟੀ ਹਰਦੇਵ ਸਿੰਘ ਸਮੇਤ ਤਿੰਨ ਮੈਂਬਰੀ ਟੀਮ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਧਰ ਸ: ਬਾਦਲ ਦੇ ਦਿਹਾਂਤ ਉਪਰ ਅੱਜ ਵੱਡੀ ਗਿਣਤੀ ਵਿਚ ਸਿਆਸੀ ਆਗੂ ਤੇ ਹੋਰਨਾਂ ਖੇਤਰਾਂ ਦੀਆਂ ਸਖ਼ਸੀਅਤਾਂ ਪਿੰਡ ਬਾਦਲ ਪੁੱਜੀਆਂ, ਜਿੰਨ੍ਹਾਂ ਵਿਚ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਐਮ ਪੀ ਮੋਹਨ ਸਿੰਘ ਫਲੀਆਂਵਾਲਾ, ਆਪ ਦੇ ਵਿਧਾਇਕ ਗੁਰਮੀਤ ਖੁੱਡੀਆਂ, ਸਵਰਨ ਸਲਾਰੀਆ, ਗੁਰਪ੍ਰੀਤ ਬਨਾਂਵਾਲੀ, ਤਜਿੰਦਰ ਸਿੰਘ ਟਿੰਕਾ ਰਾਜਸਥਾਨ, ਹਰਮੀਤ ਕੌਰ ਗੋਲੂਵਾਲਾ ਤੇ ਰਮਿੰਦਰ ਅਵਾਲਾ ਜਲਾਲਾਬਾਦ ਸ਼ਾਮਲ ਸਨ।
ਏਮਜ਼ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਫਾਰਮੇਸੀ ਦੇ ਵਿਦਿਆਰਥੀਆਂ ਦੀ ਕਲੀਨਿਕਲ ਸਿਖਲਾਈ ਲਈ ਸਮਝੌਤਾ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਨੇ ਫਾਰਮੇਸੀ ਦੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਕਲੀਨਿਕਲ ਸਿਖਲਾਈ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਨਾਲ ਇੱਕ ਅਹਿਮ ਸਮਝੌਤਾ ਪੱਤਰ (ਐਮ.ਓ.ਯੂ.) ’ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਯੂਨੀਵਰਸਿਟੀ ਕੈਂਪਸ ਵਿਖੇ ਫਾਰਮ.ਡੀ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਰਾਹ ਪੱਧਰਾ ਕਰੇਗਾ, ਜਦੋਂ ਕਿ ਵਿਦਿਆਰਥੀ ਏਮਜ਼ ਵਿਖੇ ਕਲੀਨਿਕਲ ਸਿਖਲਾਈ ਅਤੇ ਤਜਰਬਾ ਹਾਸਲ ਕਰਨਗੇ।ਯੂਨੀਵਰਸਿਟੀ ਫਾਰਮੇਸੀ ਵਿਭਾਗ ਦੇ ਮੁਖੀ ਡਾ. ਅਮਿਤ ਭਾਟੀਆ ਨੇ ਕਿਹਾ ਕਿ ਇਹ ਸਮਝੌਤਾ ਵਿਭਾਗ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਵਿਦਿਆਰਥੀਆਂ ਦੀ ਫਾਰਮੇਸੀ ਦੇ ਕਲੀਨਿਕਲ ਪੱਖ ਵੱਲ ਰੁਚੀ ਵਧਾਏਗਾ ਜੋ ਕਿ ਭਾਰਤੀ ਸਿਹਤ ਸੰਭਾਲ ਪ੍ਰਣਾਲੀਆਂ ਲਈ ਖਾਸ ਤੌਰ ’ਤੇ ਕੋਵਿਡ-19 ਤੋਂ ਬਾਅਦ ਦੇ ਯੁੱਗ ਵਿੱਚ ਬਹੁਤ ਮਹੱਤਵਪੂਰਨ ਹੈ।ਜ਼ਿਕਰਯੋਗ ਹੈ ਕਿ ਡਾ. ਰਾਹੁਲ ਦੇਸ਼ਮੁਖ ਦੀ ਅਗਵਾਈ ਹੇਠ ਵਿਭਾਗ ਨੇ ਫਾਰਮੇਸੀ ਐਕਟ, 1948 ਦੀ ਧਾਰਾ 12 ਅਧੀਨ ਪ੍ਰਵਾਨਗੀ ਪ੍ਰਾਪਤ ਕੀਤੀ ਹੈ, ਜਿਸ ਨਾਲ ਵਿਭਾਗ ਨੇ ਫਾਰਮ. ਡੀ. ਪ੍ਰੋਗਰਾਮ ਸ਼ੁਰੂ ਕਰਨ ਦੀ ਯੋਗਤਾ ਹਾਸਿਲ ਕਰ ਲਈ ਹੈ।ਐਮ.ਓ.ਯੂ. ਐਕਸਚੇਂਜ ਸਮਾਰੋਹ ਦੌਰਾਨ ਐਮ.ਆਰ.ਐਸ.ਪੀ.ਟੀ.ਯੂ. ਵੱਲੋਂ ਡਾ. ਅਮਿਤ ਭਾਟੀਆ, ਡਾ. ਕਵਲਜੀਤ ਸਿੰਘ ਸੰਧੂ (ਐਸੋਸੀਏਟ ਡੀਨ, ਅਕਾਦਮਿਕ ਮਾਮਲੇ) ਅਤੇ ਡਾ. ਰਾਹੁਲ ਦੇਸ਼ਮੁਖ (ਐਸੋਸੀਏਟ ਪ੍ਰੋਫੈਸਰ) ਵੱਲੋਂ ਹਸਤਾਖਰ ਕੀਤੇ ਗਏ । ਜਦੋਂ ਕਿ ਏਮਜ਼, ਬਠਿੰਡਾ ਦੇ ਪ੍ਰਤੀਨਿਧ ਵਜੋਂ ਡਾ. ਰਾਜੀਵ ਗੁਪਤਾ (ਮੈਡੀਕਲ ਸੁਪਰਡੈਂਟ), ਡਾ. ਤਰੁਣ ਗੋਇਲ (ਮੁਖੀ, ਆਰਥੋਪੈਡਿਕਸ) ਅਤੇ ਡਾ. ਅਭਿਨਵ ਕੰਵਲ (ਫਾਰਮਾਕੋਲੋਜੀ) ਹਾਜ਼ਰ ਸਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਲਈ ਰਾਜ ਦੇ ਸਰਵੋਤਮ ਮੈਡੀਕਲ ਸੰਸਥਾਨਾਂ ਵਿੱਚੋਂ ਇੱਕ ਏਮਜ਼ ਵਿਖੇ ਸਿਖਲਾਈ ਲੈਣ ਦਾ ਇੱਕ ਵਧੀਆ ਮੌਕਾ ਹੋਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੇ ਹੋਰ ਸਹਿਯੋਗ ਕੀਤੇ ਜਾਣਗੇ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਨਵੀਂ ਪਹਿਲਕਦਮੀ ਮੈਡੀਕਲ ਪੇਸ਼ੇਵਰਾਂ ਲਈ ਕੈਰੀਅਰ ਦੇ ਵਿਕਲਪਾਂ ਨੂੰ ਬਿਹਤਰ ਬਣਾਉਣ ਵਿਚ ਸਹਾਈ ਹੋਵੇਗੀ ਕਿਉਂਕਿ ਏਮਜ਼ ਅਤੇ ਐਮ.ਆਰ.ਐਸ.ਪੀ.ਟੀ.ਯੂ., ਦੋਵੇਂ ਗੁਆਂਢੀ ਸੰਸਥਾਵਾਂ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਵੱਡੀ ਸਮਰੱਥਾ ਰੱਖਦੀਆਂ ਹਨ।
ਬਠਿੰਡਾ ਨਹਿਰ ’ਚ ਸਵਾਰੀ ਸਮੇਤ ਮਿੰਨੀ ਬੱਸ ਨਹਿਰ ਵਿਚ ਡਿੱਗੀ
ਜਾਨੀ ਨੁਕਸਾਨ ਤੋਂ ਰਿਹਾਅ ਬਚਾਅ, ਡਰਾਈਵਰ ਸਣੇ 5 ਸਵਾਰੀਆਂ ਜ਼ਖਮੀ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਅੱਜ ਸਵੇਰੇ ਸਥਾਨਕ ਸਰਹੰਦ ਕੈਨਾਲ ਨਹਿਰ ਵਿਚ ਸਰਕਾਰੀ ਮਿੰਨੀ ਬੱਸ ਡਿੱਗ ਪਈ, ਜਿਸ ਵਿਚ ਇੱਕ ਦਰਜ਼ਨ ਦੇ ਕਰੀਬ ਸਵਾਰੀਆਂ ਦੀ ਸਫ਼ਰ ਕਰ ਰਹੀਆਂ ਸਨ। ਬਠਿੰਡਾ ਤੋਂ ਵਾਇਆ ਨਥਾਣਾ, ਗੋਬਿੰਦਪੁਰਾ ਤੋਂ ਰਾਮਪੁਰਾ ਫੂਲ ਵੱਲ ਜਾ ਰਹੀ ਇਸ ਬੱਸ ਨਾਲ ਵਾਪਰੇ ਇਸ ਹਾਦਸੇ ਵਿਚ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਡਰਾਈਵਰ ਸਹਿਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ, ਜਿੰਨਾ ਨੂੰ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਪਿੰਡ ਦੇ ਲੋਕਾਂ ਦੀ ਮੱਦਦ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਿਆ। ਮੌਕੇ ’ਤੇ ਪੁੱਜੀ ਸਥਾਨਕ ਪੁਲਿਸ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨੇ ਬੱਸ ਨੂੰ ਕਰੇਨ ਦੀ ਮੱਦਦ ਨਾਲ ਨਹਿਰ ਵਿਚੋਂ ਬਾਹਰ ਕਢਵਾਇਆ। ਮੁਢਲੀ ਪੜਤਾਲ ਮੁਤਾਬਕ ਇਹ ਹਾਦਸਾ ਬੱਸ ਦਾ ਸਟੇਅਰਿੰਗ ਖੁੱਲਣ ਕਾਰਨ ਹੋਇਆ ਅਤੇ ਬੱਸ ਡਰਾਈਵਰ ਤੋਂ ਬੇਕਾਬੂ ਹੁੰਦੀ ਹੋਈ ਨਹਿਰ ਵਿਚ ਉੱਤਰ ਗਈ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਜ਼ਖਮੀਆਂ ਵਿਚ ਬੱਸ ਦਾ ਡਰਾਈਵਰ ਬਲਵੀਰ ਸਿੰਘ ਵਾਸੀ ਬੀਬੀ ਵਾਲਾ,ਬੱਸ ਕੰਡਕਟਰ ਅਮਨਦੀਪ ਸਿੰਘ ਵਾਸੀ ਭੁੱਚੋ ਮੰਡੀ ਤੋਂ ਇਲਾਵਾ ਸਵਾਰੀਆਂ ਰਾਜਵੀਰ ਕੌਰ ਭਾਗੂ ਰੋਡ ਬਠਿੰਡਾ,ਮੇਲੋ ਰਾਣੀ ਵਾਸੀ ਗੋਬਿੰਦਪੁਰਾ ਅਤੇ ਤਿੰਨ ਸਾਲਾ ਬੱਚਾ ਅਸੀਸ ਕੁਮਾਰ ਆਦਿ ਸ਼ਾਮਲ ਹਨ।
ਬਠਿੰਡਾ ਦੇ ਸਕੂਲਾਂ ਵਿਚ ਸਾਈਬਰ ਸੁਰੱਖਿਆ ਜਾਗਰੂਕਤਾ ਵੈਬੀਨਾਰ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਈ ਸਾਈਬਰ ਸੁਰੱਖਿਆ ਜਾਗਰੂਕਤਾ ਮੁਹਿੰਮ ਅਧੀਨ ਜ਼ਿਲ੍ਹੇ ਦੇ ਸਕੂਲਾਂ ਵਿਚ ਸਾਈਬਰ ਸੁਰੱਖਿਆ ਜਾਗਰੂਕਤਾ ਦਿਵਸ ਮਨਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਲ ਗੋਇਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਹੇਠ ਇਸ ਵੈਬੀਨਾਰ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਂਟਰ ਕੰਪਿਊਟਰ ਸਾਇੰਸ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇ ਯੁੱਗ ਵਿਚ ਸਾਈਬਰ ਸੁਰੱਖਿਆ ਪ੍ਰਤੀ ਸਤਰਕ ਰਹਿਣਾ ਅਤੀ ਜ਼ਰੂਰੀ ਹੈ। ਵੈਬੀਨਾਰ ਦਾ ਪ੍ਰਸਾਰਨ ਸਟੇਟ ਟੀਮ ਸੰਦੀਪ ਯਾਦਵ, ਮਨਿੰਦਰ ਸਿੰਘ, ਵਿਸ਼ਾਲ ਵਾਟਸ, ਨਵਜੋਤ ਕੌਰ ਅਤੇ ਰੀਮਾ ਸ਼ਰਮਾਂ ਵੱਲੋਂ ਕੀਤਾ ਗਿਆ। “Stay Safe Online” ਦੇ ਸਲੋਗਨ ਤਹਿਤ ਸਾਈਬਰ ਸੰਸਾਰ ਵਿਚ ਖਤਰਿਆਂ ਤੋਂ ਬਚਾਅ ਅਤੇ ਸੁਰੱਖਿਆ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਵੈਬੀਨਾਰ ਵਿਚ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਵੈਬੀਨਾਰ ਵਿਚ ਵਿਦਿਆਰਥੀਆਂ ਨਾਲ ਇੰਟਨੈੱਟ ਸੰਸਾਰ ਵਿੱਚ ਸਾਈਬਰ ਸੁਰੱਖਿਆ ਦੇ ਖਤਰੇ, ਬਚਾਅ ਦੇ ਤਰੀਕੇ ਅਤੇ ਕਾਨੂੰਨੀ ਨਿਯਮਾਂ, ਸਜਾਵਾਂ ਅਤੇ ਇਸ ਨਾਲ ਜੁੜੇ ਨੁਕਤੇ ਸਾਂਝੇ ਕੀਤੇ ਗਏ। ਵਿਦਿਆਰਥੀਆਂ ਨੇ ਇਸ ਵੈਬੀਨਾਰ ਤੋਂ ਭਰਪੂਰ ਜਾਣਕਾਰੀ ਹਾਸਿਲ ਕੀਤੀ।
ਪੈਸਿਆਂ ਬਦਲੇ ਕੈਦੀਆਂ ਨੂੰ ਜੇਲ੍ਹ ਚ ਸਹੂਲਤਾਂ ਮੁਹਈਆ ਕਰਵਾਉਣ ਵਾਲਾ ਜੇਲ ਵਾਰਡਰ ਗ੍ਰਿਫਤਾਰ
ਮਾਮਲਾ ਬਠਿੰਡਾ ਜੇਲ੍ਹ ’ਚ ਕੈਦੀਆਂ ਵੱਲੋਂ ਵੀਡੀਓ ਬਣਾ ਕੇ ਜੇਲ੍ਹ ਅਧਿਕਾਰੀਆਂ ਉੱਪਰ ਦੋਸ਼ ਲਗਾਉਣ ਦਾ
ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੀਤਾ ਨਾਮਜ਼ਦ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਲੰਘੀ 8 ਅਪ੍ਰੈਲ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਕੈਦੀਆਂ ਦੁਆਰਾ ਜੇਲ੍ਹ ਅਧਿਕਾਰੀਆਂ ਉਪਰ ਲਗਾਏ ਗੰਭੀਰ ਦੋਸ਼ਾਂ ਦੀ ਵੀਡੀਓ ਵਾਈਰਲ ਹੋਣ ਦੇ ਮਾਮਲੇ ਵਿਚ ਹੁਣ ਕੈਦੀਆਂ ਤੋਂ ਪੁੱਛਗਿਛ ਤੋਂ ਬਾਅਦ ਇੱਕ ਜੇਲ੍ਹ ਵਾਰਡਨ ਗ੍ਰਿਫ਼ਤਾਰ ਕੀਤਾ ਹੈ, ਜਿਸਦੇ ਉਪਰ ਕੈਦੀਆਂ ਨੂੰ ਜੇਲ ਅੰਦਰ ਸਹੂਲਤਾਂ ਦੇਣ ਲਈ ਵੀਹ ਹਜ਼ਾਰ ਰੁਪਏ ਲੈਣ ਦੇ ਦੋਸ਼ ਲੱਗੇ ਹਨ। ਐਸ.ਐਸ.ਪੀ ਗੁਲਨੀਤ ਸਿੰਘ ਖਰਾਣਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਜੇਲ ਵਾਰਡਨ ਵਿਰੁਧ ਭ੍ਰਿਸਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ 14 ਕੈਦੀਆਂ ਤੋ ਪੁੱਛਗਿਛ ਕਰ ਚੁੱਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿ 8 ਅਪ੍ਰੈਲ ਨੂੰ ਜੇਲ੍ਹ ’ਚੋਂ ਇੱਕ ਦਰਜ਼ਨ ਕੈਦੀਆਂ ਨੇ ਵੀਡੀਓ ਵਾਈਰਲ ਕਰਕੇ ਜੇਲ੍ਹ ਅਧਿਕਾਰੀਆਂ ਉਪਰ ਗੰਭੀਰ ਆਰੋਪ ਲਗਾਏ ਸਨ ਕਿ ਜੇਲ੍ਹ ਵਿਚ ਸਰੇਆਮ ਭ੍ਰਿਸਟਾਚਾਰ ਹੁੰਦਾ ਹੈ ਤੇ ਜੇਲ੍ਹ ਅਧਿਕਾਰੀ ਇਸਦੇ ਬਦਲੇ ਪੈਸੇ ਲੈਂਦੇ ਹਨ। ਇੰਨ੍ਹਾਂ ਕੈਦੀਆਂ ਨੇ ਵੀਡੀਓ ਵਿਚ ਬਠਿੰਡਾ ਜੇਲ੍ਹ ਦੇ ਚਾਰ ਅਧਿਕਾਰੀਆਂ ਦਾ ਨਾਮ ਵੀ ਲਿਆ ਸੀ। ਹਾਲਾਂਕਿ ਇਹ ਵੀਡੀਓ 8 ਅਪ੍ਰੈਲ ਨੂੰ ਵਾਇਰਲ ਹੁੰਦੀ ਹੈ ਪਰੰਤੂ ਵੀਡੀਓ ਬਣਾਉਣ ਦਾ ਪਤਾ ਚੱਲਦੇ ਹੀ ਥਾਣਾ ਕੈਂਟ ਦੀ ਪੁਲਸ ਨੇ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਉਪਰ 4 ਅਪ੍ਰੈਲ ਨੂੰ ਇੱਕ ਦਰਜ਼ਨ ਕੈਦੀਆਂ ਵਿਰੁਧ ਪਰਚਾ ਦਰਜ਼ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦਾ ਜਿੰਮਾ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਥਾਣਾ ਕੈਂਟ ਅਤੇ ਸੀਆਈਏ ਸਟਾਫ਼ ਨੂੰ ਦਿੱਤਾ ਸੀ, ਜਿੰਨ੍ਹਾਂ ਵੀਡੀਓ ’ਚ ਦਿਖ਼ਾਈ ਦੇ ਰਹੇ ਕੈਦੀਆਂ ਨੂੰ ਅਦਾਲਤ ਦੀ ਇਜ਼ਾਜਤ ਤੋਂ ਬਾਅਦ 16 ਅਪ੍ਰੈਲ ਨੂੰ ਪੁਛਗਿਛ ਲਈ ਪ੍ਰੋਡਕਸ਼ਨ ਵਰੰਟ ਉਪਰ ਲਿਆਂਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਕੈਦੀਆਂ ਕੋਲੋ ਵੀਡੀਓ ਰਾਹੀ ਉਨ੍ਹਾਂ ਵਲੋਂ ਲਗਾਏ ਗਏ ਦੋਸ਼ਾਂ, ਜੇਲ੍ਹ ’ਚ ਮੋਬਾਇਲ ਫ਼ੋਨ ਉਪਲਬਧ ਹੋਣ ਅਤੇ ਅੱਗੇ ਵੇਚਣ ਦੇ ਸਾਰੇ ਨੈਟਵਰਕ ਬਾਰੇ ਪੁਛਗਿਛ ਕੀਤੀ ਗਈ ਸੀ। ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਕੈਦੀਆਂ ਦੀ ਪੁਛਗਿਛ ਤੋਂ ਬਾਅਦ ਸਿਰਫ਼ ਜੇਲ ਦੇ ਇਕ ਵਾਰਡਰਬਲਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਹੈ, ਜਿਸ ਨੂੰ ਇਸ ਮੁਕੱਦਮੇ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਾਕਸ
ਗੈਂਗਸਟਰਾਂ ਵੱਲੋਂ ਜੇਲ੍ਹ ’ਤੇ ਹਮਲੇ ਦੀ ਇਨਪੁਟ ਤੋਂ ਬਾਅਦ ਪੁਲਿਸ ਵਲੋਂ ਸੁਰੱਖਿਆ ਮਜਬੂਤ, ਜੇਲ ਦੀ ਕੀਤੀ ਸਰਚ
ਬਠਿੰਡਾ: ਉਧਰ ਕੈਨੇਡਾ ’ਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਦੇ ਗਰੁੱਪ ਵਲੋਂ ਜੇਲ੍ਹਾਂ ’ਚ ਬੰਦ ਅਪਣੇ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਸਾਲ 2016 ਦੀ ਤਰਜ਼ ’ਤੇ ਜੇਲ੍ਹਾਂ ਉਪਰ ਹਮਲਾ ਕਰਨ ਦੀਆਂ ਖੁਫ਼ੀਆਂ ਰੀਪੋਰਟਾਂ ਮਿਲਣ ਤੋਂ ਬਾਅਦ ਅੱਜ ਬਠਿੰਡਾ ਪੁਲਿਸ ਵਲੋਂ ਵੱਡੀ ਗਿਣਤੀ ’ਚ ਸਥਾਨਕ ਕੇਂਦਰੀ ਜੇਲ੍ਹ ਦੀ ਸਰਚ ਕੀਤੀ ਗਈ। ਇਸਦੀ ਪੁਸ਼ਟੀ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਬੇਸ਼ੱਕ ਸਰਚ ਦੌਰਾਨ ਜੇਲ੍ਹ ਵਿਚੋਂ ਕੁੱਝ ਨਹੀਂ ਮਿਲਿਆ ਪ੍ਰੰਤੂ ਜੇਲ੍ਹ ਅਧਿਕਾਰੀਆਂ ਨਾਲ ਮਿਲਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹਨ।
