Home Blog Page 2129

ਨਜਾਇਜ਼ ਸਬੰਧਾਂ ਦੇ ਰਾਹ ਵਿੱਚ ਅੜਿੱਕਾ ਬਣੇ ਭਤੀਜੇ ਨੂੰ ਫੁੱਫੜ ਨੇ ਦਿੱਤੀ ਦਰਦਨਾਕ ਮੌਤ

0

ਸਿਰ ਵਿੱਚ ਸੱਟਾਂ ਮਾਰ ਕੇ ਕਤਲ ਕਰਨ ਤੋਂ ਬਾਅਦ ਸੜਕ ਹਾਦਸਾ ਬਣਾਉਣ ਲਈ ਉਪਰ ਚੜ੍ਹਾਇਆ ਟਰਾਲਾ
ਡੇਢ ਮਹੀਨਾ ਪਹਿਲਾਂ ਹੋਏ ਇਸ ਹਾਦਸੇ ਦੀ ਪੁਲਿਸ ਨੇ ਖੋਲ੍ਹੀ ਪੋਲ, ਜਾਂਚ ਤੋਂ ਬਾਅਦ ਕਲਯੁੱਗੀ ਫੁੱਫੜ ਅਤੇ ਉਸਦੇ 2 ਸਾਥੀ ਕਾਬੂ
ਕਤਲ ਕਰਨ ਲਈ ਵਰਤਿਆ ਰਾਡ ਅਤੇ ਹਾਦਸੇ ਦਾ ਰੂਪ ਦੇਣ ਲਈ ਵਰਤਿਆ ਟਰਾਲਾ ਵੀ ਕੀਤਾ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਅਪਣੇ ਭਤੀਜੇ ਦੀ ਪਤਨੀ ਨਾਲ ਨਜਾਇਜ਼ ਸਬੰਧਾਂ ਨੂੰ ਬਰਕਰਾਰ ਰੱਖਣ ਲਈ ਇੱਕ ਕਲਯੁਗੀ ਸਕੇ ਫੁੱਫ਼ੜ ਵਲਂੋ ਭਤੀਜੇ ਨੂੰ ਦਰਦਨਾਕ ਮੌਤ ਦੇਣ ਦਾ ਸਨਸਨੀਖ਼ੇਜ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਫੁੱਫੜ ਨੇ ਇਸ ਕਤਲ ਨੂੰ ਹਾਦਸਾ ਕਰਾਰ ਦੇਣ ਲਈ ਅਪਣੇ ਦੋ ਸਾਥੀਆਂ ਨਾਲ ਮਿਲਕੇ ਕਰੀਬ ਡੇਢ ਮਹੀਨੇ ਪਹਿਲਾਂ ਭਤੀਜੇ ਦੇ ਸਿਰ ਵਿਚ ਸੱਟਾਂ ਮਾਰ ਕੇ ਕਤਲ ਕਰਨ ਤੋਂ ਬਾਅਦ ਉਸਦੇ ਉਪਰ ਟਰਾਲਾ ਚੜਾ ਦਿੱਤਾ ਸੀ। ਪੁਲਿਸ ਨੂੰ ਇਸ ਘਟਨਾ ਦੀ ਕੰਨਸੋਅ ਮਿਲਣ ਤੋਂ ਬਾਅਦ ਕੀਤੀ ਡੂੰਘਾਈ ਨਾਲ ਪੜਤਾਲ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਕਲਯੁਗੀ ਫੁੱਫੜ ਤੇ ਉਸਦੇ ਸਾਥੀਆਂ ਨੂੰ ਅੱਜ ਸੀਆਈਏ ਸਟਾਫ਼ ਬਠਿੰਡਾ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਸਥਾਨਕ ਜ਼ਿਲ੍ਹਾ ਕੰਪਲੈਕਸ ’ਚ ਇਸ ਦੁਖਦਾਈ ਘਟਨਾ ਦਾ ਖੁਲਾਸਾ ਕਰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ 8-9 ਮਾਰਚ ਦੀ ਰਾਤ ਨੂੰ ਬਠਿੰਡਾ ਦੇ ਮਲੋਟ ਰੋਡ ’ਤੇ ਸਥਿਤ ਅੰਬੂਜਾ ਸੀਮੈਂਟ ਫੈਕਟਰੀ ਨੇੜੇ ਇੱਕ ਸੜਕ ਹਾਦਸੇ ਵਿੱਚ ਗਿੱਦੜਵਹਾ ਨਾਲ ਸਬੰਧਤ ਲਖਬੀਰ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਘਟਨਾ ਸਮੇਂ ਮ੍ਰਿਤਕ ਨੌਜਵਾਨ ਅਪਣੀ ਐਕਟਿਵਾ ’ਤੇ ਸਵਾਰ ਸੀ, ਜਿਸਨੂੰ ਕਿਸੇ ਅਗਿਆਤ ਟਰਾਲੇ ਨੇ ਦਰੜ ਦਿੱਤਾ ਸੀ। ਇਸ ਮਾਮਲੇ ਵਿਚ ਥਾਣਾ ਥਰਮਲ ਦੀ ਪੁਲਿਸ ਵਲੋਂੇ ਮ੍ਰਿਤਕ ਦੇ ਭਰਾ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਉਪਰ ਨਾ ਮਲੂਮ ਟਰਾਲਾ ਚਾਲਕ ਵਿਰੁੱਧ ਧਾਰਾ 304 ਏ ਅਤੇ 279 ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਸੀ। ਐਸ.ਐਸ.ਪੀ ਮੁਤਾਬਕ ਜਦ ਮਿਰਤਕ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਤਾਂ ਇਸ ਹਾਦਸੇ ਦੀ ਕਹਾਣੀ ਉਪਰ ਸ਼ੰਕਾ ਖੜੀ ਹੋ ਗਈ ਕਿਉਂਕਿ ਮ੍ਰਿਤਕ ਦੇ ਸਿਰ ਉਪਰ ਤਿੱਖੀ ਚੀਜ਼ ਨਾਲ ਗੰਭੀਰ ਸੱਟਾਂ ਲੱਗੀਆ ਹੋਇਆ ਸਨ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਦਾ ਜਿੰਮਾ ਸੀਆਈਏ ਵਿੰਗ ਨੂੰ ਸੌਂਪਿਆ ਗਿਆ, ਜਿੰਨ੍ਹਾਂ ਇੰਚਾਰਜ਼ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਡੂੰਘਾਈ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਮ੍ਰਿਤਕ ਨੌਜਵਾਨ ਦਾ ਫ਼ਰਵਰੀ 2022 ਵਿਚ ਦੂਜੀ ਵਾਰ ਵਿਆਹ ਹੋਇਆ ਸੀ ਅਤੇ ਉਸਦਾ ਵਿਚੋਲਾ ਵੀ ਉਸਦਾ ਸਕਾ ਫੁੱਫੜ ਜਸਵਿੰਦਰ ਸਿੰਘ ਉਰਫ਼ ਕਾਲਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਣਿਆ ਸੀ। ਜਦ ਪੜਤਾਲ ਅੱਗੇ ਵਧੀ ਤਾਂ ਪਤਾ ਚੱਲਿਆ ਕਿ ਮ੍ਰਿਤਕ ਦੀ ਘਰ ਵਾਲੀ ਦਾ ਵੀ ਇਹ ਦੂਜਾ ਵਿਆਹ ਸੀ ਤੇ ਉਸਦੇ ਲਖਵੀਰ ਸਿੰਘ ਨਾਲ ਵਿਆਹ ਤੋਂ ਪਹਿਲਾਂ ਦੇ ਹੀ ਉਸਦੇ ਫੁੱਫੜ ਜਸਵਿੰਦਰ ਸਿੰਘ ਉਰਫ਼ ਕਾਲਾ ਨਾਲ ਨਜਾਇਜ਼ ਸਬੰਧ ਬਣੇ ਹੋਏ ਸਨ। ਇਹੀਂ ਨਹੀਂ ਵਿਆਹ ਤੋਂ ਕੁੱਝ ਸਮੇਂ ਬਾਅਦ ਜਸਵਿੰਦਰ ਸਿੰਘ ਨੇ ਦਿਮਾਂਗ ਵਰਤਦਿਆਂ ਨਵ ਵਿਆਹੀ ਜੋੜੀ ਨੂੰ ਰਹਿਣ ਲਈ ਬਠਿੰਡਾ ਦੇ ਮਾਡਲ ਟਾਊਨ ਇਲਾਕੇ ਵਿਚ ਮਕਾਨ ਦਿਵਾ ਦਿੱਤਾ ਤਾਂ ਕਿ ਉਹ ਨਿਰਵਿਘਨ ਅਪਣੀ ਪ੍ਰੇਮਿਕਾ ਨੂੰ ਮਿਲਦਾ ਰਹੇ। ਪੁਲਿਸ ਅਧਿਕਾਰੀ ਵਲੋਂ ਦੱਸੀ ਕਹਾਣੀ ਮੁਤਾਬਕ ਥੋੜੇ ਸਮੇਂ ਬਾਅਦ ਇੰਨ੍ਹਾਂ ਸਬੰਧਾਂ ਬਾਰੇ ਲਖਵੀਰ ਸਿੰਘ ਨੂੰ ਵੀ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਤੇਜ਼ ਤਰਾਰ ਫੁੱਫੜ ਨੇ ਲਖਵੀਰ ਸਿੰਘ ਦਾ ਆਪਣੇ ਰਾਹ ਵਿੱਚੋਂ ਕੰਢਾ ਕੱਢਣ ਲਈ ਆਪਣੇ ਦੋ ਸਾਥੀਆਂ ਜਤਿੰਦਰ ਉਰਫ ਜਿੰਦੂ ਵਾਸੀ ਪਿੰਡ ਦੋਦਾ ਅਤੇ ਰੁਪਿੰਦਰ ਉਰਫ ਪਿੰਦਾ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਮੁਕਤਸਰ ਨਾਲ ਮਿਲ ਕੇ ਇਕ ਯੋਜਨਾ ਬਣਾਈ ਤੇ ਇਸ ਯੋਜਨਾ ਤਹਿਤ ਘਟਨਾ ਵਾਲੇ ਦਿਨ ਲਖਬੀਰ ਸਿੰਘ ਨੂੰ ਉਕਤ ਸੜਕ ਉਪਰ ਰਾਤ ਸਮੇਂ ਬੁਲਾਇਆ ਗਿਆ ਜਿੱਥੇ ਉਹ ਐਕਟਵਾ ਸਕੂਟਰੀ ਲੈ ਕੇ ਪੁੱਜਿਆ। ਐਸਐਸਪੀ ਸ਼੍ਰੀ ਖੁਰਾਣਾ ਮੁਤਾਬਕ ਲਖਵੀਰ ਦੇ ਉੱਥੇ ਪੁੱਜਦੇ ਹੀ ਤੈਅਸ਼ੁਦਾ ਯੋਜਨਾ ਤਹਿਤ ਕਥਿਤ ਦੋਸ਼ੀਆਂ ਨੇ ਉਸ ਦੇ ਸਿਰ ਉਪਰ ਰਾਡਾ ਨਾਲ ਹਮਲਾ ਕਰਕੇ ਉਸਨੂੰ ਅਧਮਰਿਆ ਕਰਕੇ ਸੜਕ ਉਪਰ ਸੁੱਟਣ ਤੋਂ ਬਾਅਦ ਜਿੰਦੂ ਦੇ ਟਰਾਲੇ ਨੂੰ ਉਸਦੇ ਸਿਰ ਉਪਰ ਦੀ ਚੜਾ ਦਿੱਤਾ ਤਾਂ ਕਿ ਇਹ ਘਟਨਾ ਇੱਕ ਹਾਦਸਾ ਲੱਗੇ। ਹਾਲਾਂਕਿ ਇੱਕ ਸਵਾਲ ਦੇ ਜਵਾਬ ਵਿਚ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮ੍ਰਿਤਕ ਲਖਡੀਰ ਦੀ ਪਤਨੀ ਦੀ ਇਸ ਘਟਨਾ ਵਿਚ ਹੁਣ ਤੱਕ ਕੋਈ ਸਮੂਲੀਅਤ ਸਾਹਮਣੇ ਨਹੀਂ ਆਈ। ਜਿਸਦੇ ਚਲਦੇ ਸਾਰੇ ਸਬੂਤ ਇਕੱਤਰ ਕਰਨ ਤੋਂ ਬਾਅਦ ਇਸ ਕਤਲ ਕਾਂਡ ਦੇ ਮੁਜਰਿਮ ਜਸਵਿੰਦਰ ਉਰਫ ਕਾਲਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ, ਜਤਿੰਦਰ ਉਰਫ ਜਿੰਦੂ ਵਾਸੀ ਪਿੰਡ ਦੋਦਾ ਅਤੇ ਰਵਿੰਦਰ ਉਰਫ ਛਿੰਦਾ ਵਾਸੀ ਪਿੰਡ ਹਰੀਕੇ ਕਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਦੇ ਨਾਲ ਹੀ ਇਸ ਕੇਸ ਵਿਚ ਧਾਰਾ 302 ਅਤੇ 120 ਬੀ ਆਈਪੀਸੀ ਦਾ ਵਾਧਾ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਵਾਰਦਾਤ ਵਿੱਚ ਵਰਤਿਆ ਟਰਾਲਾ (ਘੋੜਾ) ਅਤੇ ਰਾਡ ਲੋਹਾ ਬਰਾਮਦ ਕਰ ਲਈ ਹੈ। ਇਸ ਪ੍ਰੇੈਸ ਕਾਨਫਰੰਸ ਦੌਰਾਨ ਐਸ.ਪੀ ਡੀ ਅਜੇ ਗਾਂਧੀ,ਡੀਐਸਪੀ ਡੀ ਦਵਿੰਦਰ ਸਿੰਘ ਗਿੱਲ, ਡੀਐਸਪੀ ਸਿਟੀ-2 ਗੁਰਪ੍ਰੀਤ ਸਿੰਘ, ਸੀਆਈਏ -1 ਇੰਚਾਰਜ਼ ਇੰਸਪੈਕਟਰ ਤਰਲੋਚਨ ਸਿੰਘ ਅਤੇ ਥਾਣਾ ਥਰਮਲ ਮੁਖੀ ਐਸ.ਆਈ. ਹਰਜੋਤ ਸਿੰਘ ਆਦਿ ਹਾਜ਼ਰ ਸਨ।

1334.23 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ : ਡਿਪਟੀ ਕਮਿਸ਼ਨਰ

0

ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚੋਂ ਅੱਜ 33,928 ਮੀਟਰਕ ਕਣਕ ਦੀ ਕੀਤੀ ਗਈ ਲਿਫਟਿੰਗ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਪਿਛਲੇ 48 ਘੰਟਿਆਂ ਤੱਕ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਜੋ ਕਿ 1301.22 ਕਰੋੜ ਬਣਦੀ ਸੀ ਦੀ ਬਜਾਏ 1334.23 ਕਰੋੜ ਕੀਤੀ ਜਾ ਚੁੱਕੀ ਹੈ ਜੋ ਕਿ 102.54 ਫ਼ੀਸਦੀ ਬਣਦੀ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਸਾਲ 2022 ਦੌਰਾਨ 28 ਅਪ੍ਰੈਲ ਵਾਲੇ ਦਿਨ (ਸਿਰਫ਼ ਇੱਕ ਦਿਨ ਵਿੱਚ) 28584 ਮੀਟ੍ਰਿਕ ਟਨ ਲਿਫਟਿੰਗ ਕੀਤੀ ਗਈ ਸੀ ਜਦਕਿ ਸਾਲ 2023 ਦੌਰਾਨ 28 ਅਪ੍ਰੈਲ ਨੂੰ (ਸਿਰਫ਼ ਇੱਕ ਦਿਨ ਵਿੱਚ) 33928 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 7,26,488 ਮੀਟਰਕ ਟਨ ਹੋਈ ਕਣਕ ਦੀ ਆਮਦ ਵਿੱਚੋਂ 7,10,859 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ 7,10,859 ਮੀਟ੍ਰਿਕ ਟਨ ਕਣਕ ਵਿੱਚੋਂ ਪਨਗਰੇਨ ਵੱਲੋਂ 2,11,172 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 1,88,868 ਪਨਸਪ ਵੱਲੋਂ 1,73,520 ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 1,05,781 ਅਤੇ ਵਪਾਰੀਆਂ ਵੱਲੋਂ 31,518 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਕੋਰੇਆਣਾ ਵਿਖੇ ਸਪੈਸ਼ਲ ਕੈਂਪ ਲਗਾ ਕੇ ਸੁਣੀਆਂ ਸਮੱਸਿਆਵਾਂ

0

ਜਾਇਜ਼ ਸਮੱਸਿਆਵਾਂ ਦਾ ਮੌਕੇ ਤੇ ਕੀਤਾ ਨਿਪਟਾਰਾ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਯਤਨਸ਼ੀਲ ਤੇ ਵਚਨਬੱਧ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਪਿੰਡ ਕੌਰੇਆਣਾ ਦੀ ਧਰਮਸ਼ਾਲਾ ਵਿਖੇ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਕੀਤਾ। ਇਸ ਮੌਕੇ ਪਿੰਡ ਕੌਰੇਆਣਾ ਤੋਂ ਇਲਾਵਾ ਮਿਰਜੇਆਣਾ, ਗਹਿਲੇਵਾਲਾ, ਨਥੇਹਾ ਅਤੇ ਗੋਲੇਵਾਲਾ ਆਦਿ ਪਿੰਡਾਂ ਦੀਆਂ ਸਾਂਝੀਆਂ ਤੇ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਸਪੈਸ਼ਲ ਕੈਂਪ ਦੌਰਾਨ ਸਿੱਖਿਆ, ਸਿਹਤ, ਪੀਣ ਵਾਲਾ ਪਾਣੀ, ਨਹਿਰੀ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਗਲੀਆਂ/ਨਾਲੀਆਂ, ਬਿਜਲੀ, ਮਗਨਰੇਗਾ, ਛੱਪੜਾਂ ਦੀ ਸਾਫ਼-ਸਫ਼ਾਈ ਆਦਿ ਤੋਂ ਇਲਾਵਾ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਜਿਵੇਂ ਕਿ ਰਾਸ਼ਨ ਕਾਰਡ, ਆਟਾ-ਦਾਲ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਸਬੰਧੀ ਆਪਣੀਆਂ ਸਮੱਸਿਆਵਾਂ ਪੇਸ਼ ਕੀਤੀਆਂ ਗਈਆਂ। ਜਿੰਨ੍ਹਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਹੋਰ ਜਾਇਜ਼ ਸਮੱਸਿਆਵਾਂ ਦੇ ਹੱਲ ਕਰਨ ਲਈ ਲੋੜੀਂਦੇ ਆਦੇਸ਼ ਦਿੰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਯਕੀਨੀ ਬਣਾੳਣ। ਇਸ ਮੌਕੇ ਸਿਖਲਾਈ ਅਧੀਨ ਆਈਏਐਸ ਮੈਡਮ ਮਾਨਸੀ, ਏਡੀਸੀ ਵਿਕਾਸ ਡਾ. ਰੁਪਿੰਦਰ ਪਾਲ ਸਿੰਘ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਪੰਕਜ, ਲੀਡ ਬੈਂਕ ਮਨੇਜ਼ਰ ਸ਼੍ਰੀਮਤੀ ਮੰਜੂ ਮਲਹੋਲਤਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੈਡਮ ਅੰਕਿਤਾ ਅਗਰਵਾਲ, ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ, ਕੇਵਲ ਸਿੰਘ, ਪ੍ਰਗਟ ਸਿੰਘ ਤੋਂ ਇਲਾਵਾ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰ ਲੋਕਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਚਾਰ ਸਾਲਾਂ ਇੰਟੀਗ੍ਰੇਟਿਡ ਕੋਰਸ ਵਿੱਚ ਅਗਲੇ 2 ਸਾਲ ਤੱਕ ਨਹੀਂ ਹੋਵੇਗੀ ਕੋਈ ਤਬਦੀਲੀ: ਡਾ ਧਾਲੀਵਾਲ

0

ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਨੈਸ਼ਨਲ ਇੰਸਟੀਚਿਊਟ ਆਫ਼ ਟੀਚਰ ਐਜੂਕੇਸ਼ਨ ਦੀ 56ਵੀਂ ਜਰਨਲ ਬਾਡੀ ਵਿੱਚ ਐਨ.ਸੀ.ਟੀ.ਈ. ਦੇ ਚੇਅਰਪਰਸਨ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਬੀ.ਏ.-ਬੀ.ਐਡ/ਬੀ.ਐਸ.ਸੀ-ਬੀ.ਐਡ 4 ਸਾਲਾ ਇੰਟੀਗ੍ਰੇਟਿਡ ਕੋਰਸ ਨੂੰ ਸੈਸ਼ਨ 2025-26 ਤੋਂ ਆਈ.ਟੀ.ਈ.ਪੀ . (ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ) ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੌਂਸਲ ਦੀ 54ਵੀਂ ਮੀਟਿੰਗ ਵਿੱਚ ਇਹ ਤਬਦੀਲੀ ਸੈਸ਼ਨ 2023-24 ਤੋਂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਪੁਡਕਾ ਦੇ ਮੁੱਖ ਸਰਪ੍ਰਸਤ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਐਨ.ਸੀ.ਟੀ.ਈ. ਵੱਲੋਂ 2022 ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਅਨੁਸਾਰ 4 ਸਾਲਾ ਇੰਟੀਗ੍ਰੇਟਿਡ ਬੀ.ਏ.-ਬੀ.ਐਡ/ਬੀ.ਐਸ.ਸੀ-ਬੀ.ਐਡ ਕੋਰਸ ਦਾ ਨਾਂ ਬਦਲ ਕੇ ਸੈਸ਼ਨ 2023-24 ਤੋਂ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਕੀਤਾ ਜਾਣਾ ਸੀ ਅਤੇ ਇਸ ਦਾ ਪਾਠਕ੍ਰਮ ਵੀ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਕੀਤਾ ਜਾਣਾ ਸੀ। ਇਸ ਫ਼ੈਸਲੇ ਨਾਲ ਕਾਲਜਾਂ ਸਮੇਤ ਵਿਦਿਆਰਥੀਆਂ ਵਿੱਚ ਇਹ ਦੁਬਿਧਾ ਪਾਈ ਜਾ ਰਹੀ ਸੀ ਕਿ ਸ਼ਾਇਦ ਇਸ ਸਾਲ ਬੀ.ਏ.-ਬੀ.ਐਡ/ਬੀ.ਐਸ.ਸੀ-ਬੀ.ਐਡ 4 ਸਾਲਾ ਇੰਟੀਗ੍ਰੇਟਿਡ ਕੋਰਸ ਨਹੀਂ ਚੱਲੇਗਾ, ਪਰ ਐਨ.ਸੀ.ਟੀ.ਈ. ਦੇ ਇਸ ਸ਼ਲਾਘਾਯੋਗ ਫ਼ੈਸਲੇ ਨੇ ਸਾਰੀ ਦੁਬਿਧਾ ਦੂਰ ਕਰ ਦਿੱਤੀ ਹੈ ਕਿ ਹੁਣ 2 ਸਾਲ ਤੱਕ ਇਸ ਕੋਰਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਕੋਰਸ ਐਨ.ਸੀ.ਟੀ.ਈ. ਵੱਲੋਂ ਬੰਦ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਬੰਦ ਕੀਤਾ ਜਾਵੇਗਾ। ਇਸ ਕੋਰਸ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਪਣਾ ਦਾਖ਼ਲਾ ਲੈ ਸਕਦੇ ਹਨ ਅਤੇ ਇਸ ਕੋਰਸ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੀ ਪੜਾਈ ਜਾਰੀ ਰੱਖ ਸਕਦੇ ਹਨ।

ਬਠਿੰਡਾ ਨਗਰ ਨਿਗਮ ਦੇ ਅੱਧੀ ਦਰਜ਼ਨ ਕੌਂਸਲਰਾਂ ਨੇ ਕਾਂਗਰਸ ਪਾਰਟੀ ਨੂੰ ਕਿਹਾ ਅਲਵਿਦਾ

0
ਪਰਵਿੰਦਰ ਸਿੱਧੂ, ਸ਼ਾਮ ਲਾਲ ਜੈਨ, ਰਜਿੰਦਰ ਸਿੱਧੂ, ਸੰਦੀਪ ਬੌਬੀ,ਰਾਜੂ ਸਰਾਂ ਤੇ ਅਸੇਸਰ ਪਾਸਵਾਨ ਨੇ ਵੀਡੀਓ ਜਾਰੀ ਕਰਕੇ ਕੀਤਾ ਐਲਾਨ
ਜਲੰਧਰ ਉਪ ਚੋਣ ‘ਚ ਮਨਪ੍ਰੀਤ ਬਾਦਲ ਦੇ ਨਾਲ ਚੋਣ ਪ੍ਰਚਾਰ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਚੱਲ ਰਹੀ ਸੀ ਪਾਰਟੀ ਵਿਚੋਂ ਕੱਢਣ ਦੀ ਤਿਆਰੀ 
ਦੋ ਹੋਰ ਕਾਂਗਰਸੀ ਕੌਂਸਲਰਾਂ ਵੱਲੋਂ ਵੀ ਏਸੇ ਰਾਹ ‘ਤੇ ਚਲਣ ਦੀ ਤਿਆਰੀ
ਸੁਖਜਿੰਦਰ ਮਾਨ
ਬਠਿੰਡਾ, 27 ਅਪ੍ਰੈਲ: ਪਿਛਲੇ ਦਿਨੀਂ ਮਨਪ੍ਰੀਤ ਬਾਦਲ ਦੇ ਨਾਲ ਜਲੰਧਰ ਉਪ ਚੋਣ ਦੌਰਾਨ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅਨੁਸ਼ਾਸਨੀ ਕਾਰਵਾਈ ਬਾਰੇ ਚੱਲ ਰਹੀਆਂ ਕਿਆਸਰਾਈਆਂ ਦੌਰਾਨ ਵੀਰਵਾਰ ਸ਼ਾਮ ਅੱਧੀ ਦਰਜ਼ਨ ਕੌਂਸਲਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਅੱਜ ਦੇਰ ਸ਼ਾਮ ਆਪਣੀ ਫੇਸਬੁੱਕ ਉਪਰ ਪਾਈਆਂ ਵੀਡੀਓਜ ਵਿਚ ਕਾਂਗਰਸ ਪਾਰਟੀ ਤੋਂ ਚੁਣੀ ਗਈ ਕੌਂਸਲਰ ਬਲਜੀਤ ਕੌਰ ਅਤੇ ਉਸ ਦੇ ਪਤੀ ਰਾਜਿੰਦਰ ਸਿੰਘ ਸਿੱਧੂ ਸਾਹਿਤ ਕੌਂਸਲਰ ਰਾਜੂ ਸਰਾਂ, ਅਸੇਸਰ ਪਾਸਵਾਨ ਅਤੇ ਮਹਿਲਾ ਕੌਂਸਲਰ ਵੀਰਪਾਲ ਕੌਰ ਤੇ ਉਸਦੇ ਪਤੀ ਪਰਵਿੰਦਰ ਸਿੰਘ ਤੋਂ ਇਲਾਵਾ ਕੌਂਸਲਰ ਸ਼ਾਮ ਲਾਲ ਜੈਨ ਤੇ ਸੰਦੀਪ ਬੌਬੀ ਨੇ ਇਹ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਉਹਨਾਂ ਇਹ ਫ਼ੈਸਲਾ ਪਾਰਟੀ ਆਗੂਆਂ ਦੀ ਨੀਤੀ ਤੋਂ ਤੰਗ ਆ ਕੇ ਲਿਆ ਹੈ। ਇਸਦੇ ਨਾਲ ਹੀ ਇਨ੍ਹਾਂ ਕੌਂਸਲਰਾਂ ਵੱਲੋਂ ਜਾਰੀ ਵੀਡੀਉ ਵਿਚ ਮਨਪ੍ਰੀਤ ਵੱਲੋਂ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਦੀ ਤਰੀਫ ਕੀਤੀ ਹੈ। ਹਾਲਾਂਕਿ ਰਜਿੰਦਰ ਸਿੰਘ ਸਿੱਧੂ ਅਤੇ ਉਸਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਛੱਡਣ ਦੇ ਬਾਵਜੂਦ ਕਿਸੇ ਹੋਰ ਪਾਰਟੀ ਵਿੱਚ ਸ਼ਮੂਲੀਅਤ ਨਹੀਂ ਕਰਨ ਜਾ ਰਹੇ ਹਨ ਪਰੰਤੂ ਕੌਂਸਲਰ ਵੀਰਪਾਲ ਕੌਰ ਦੇ ਪਤੀ ਪਰਵਿੰਦਰ ਸਿੰਘ ਅਤੇ ਕੌਂਸਲਰ ਸ਼ਾਮ ਲਾਲ ਜੈਨ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਉਹ ਮਨਪ੍ਰੀਤ ਬਾਦਲ ਦੇ ਨਾਲ ਹਨ, ਬੇਸ਼ੱਕ ਉਹ ਕਿਸੇ ਵੀ ਪਾਰਟੀ ਵਿਚ ਜਾਣ। ਜਦੋਂ ਕਿ ਕੌਂਸਲਰ ਰਾਜੂ ਸਰਾਂ ਨੇ ਮਨਪ੍ਰੀਤ ਬਾਦਲ ਦੀ ਰੱਜ ਕੇ ਤਰੀਫ਼ ਜ਼ਰੂਰ ਕੀਤੀ ਹੈ ਪਰ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕੁੱਝ ਨਹੀਂ ਕਿਹਾ ਹੈ। ਇਸੇ ਤਰ੍ਹਾਂ ਸੰਦੀਪ ਬੌਬੀ ਨੇ ਆਪਣੇ ਸੰਦੇਸ਼ ਵਿੱਚ ਪਿਛਲੇ ਦਿਨੀਂ ਪੰਜ ਕੌਂਸਲਰਾਂ ਨੂੰ ਪਾਰਟੀ ਵਿੱਚੋਂ ਕੱਢਣ ਨੂੰ ਗਲਤ ਫੈਸਲਾ ਦਸਿਆ ਹੈ। ਦਸਣਾ ਬਣਦਾ ਹੈ ਕਿ ਅਕਾਲੀ ਪਛੋਕੜ ਵਾਲੇ ਇਨ੍ਹਾਂ ਕੌਂਸਲਰਾਂ ਉੱਪਰ ਪਿਛਲੇ ਕੁਝ ਮਹੀਨਿਆਂ ਤੋਂ ਅੰਦਰ ਖਾਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਕਰਨ ਦੇ ਦੋਸ਼ ਲੱਗ ਰਹੇ ਸਨ। ਇੰਨਾਂ ਦੋਸ਼ਾਂ ਦੇ ਹੇਠ ਹੀ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਨੇ ਸ਼ਹਿਰ ਦੀ ਮਹਿਲਾ ਮੇਅਰ ਰਮਨ ਗੋਇਲ ਸਹਿਤ ਪੰਜ ਕੌਂਸਲਰਾਂ ਰਤਨ ਰਾਹੀਂ, ਆਤਮਾ ਸਿੰਘ, ਸੁਖਰਾਜ ਔਲਖ ਅਤੇ ਇੰਦਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਜਿਸਤੋਂ ਬਾਅਦ ਮਹਿਲਾ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਦੇ ਲਈ ਕਾਂਗਰਸ ਪਾਰਟੀ ਵੱਲੋਂ ਮੁਹਿੰਮ ਵੀ ਚਲਾਈ ਗਈ ਸੀ ਪ੍ਰੰਤੂ ਕਈ ਕਾਂਗਰਸੀ ਕੌਂਸਲਰਾਂ ਵੱਲੋਂ ਮਨਪ੍ਰੀਤ ਬਾਦਲ ਪ੍ਰਤੀ ਨਰਮ ਗੋਸ਼ਾ ਰੱਖਣ ਦੇ ਚੱਲਦੇ ਇਹ ਮੁਹਿੰਮ ਸਫਲ ਨਹੀਂ ਹੋ ਸਕੀ। ਉਧਰ ਸੰਪਰਕ ਕਰਨ ‘ ਤੇ ਮਹਿਲਾ ਕੌਂਸਲਰ ਬਲਜੀਤ ਕੌਰ ਦੇ ਪਤੀ ਸਾਬਕਾ ਕੌਂਸਲਰ ਰਜਿੰਦਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਅਸਤੀਫਾ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੀ ਧੜੇਬੰਦੀ ਤੋਂ ਦੁਖੀ ਹੋ ਕੇ ਉਨ੍ਹਾਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਅਕਾਲੀ ਦਲ ਵਿਚੋਂ ਆਏ ਸਨ ਪਰ ਕਾਂਗਰਸ ਵਿੱਚ ਉਹਨਾਂ ਨੂੰ ਅਕਾਲੀ ਹੀ ਸਮਝਿਆ ਜਾਂਦਾ ਰਿਹਾ ਤੇ ਕਾਂਗਰਸ ਵੱਲੋਂ ਅਪਣਾਇਆ ਸੀ ਨਹੀਂ ਗਿਆ।
ਬਾਕਸ
ਚੰਗਾ ਹੋਇਆ, ਚੇਹਰਿਆਂ ਤੋਂ ਮੁਖੌਟੇ ਉਤਰ ਗਏ: ਰਾਜਨ ਗਰਗ
ਬਠਿੰਡਾ: ਉਧਰ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਇਸ ਮੁੱਦੇ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇੰਨਾਂ ਕੌਂਸਲਰਾਂ ਨੇ ਆਪਣੇ ਚਿਹਰਿਆਂ ਉੱਤੇ ਮੁਖੌਟੇ ਪਾਏ ਹੋਏ ਸਨ ਤੇ ਅਸਲ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ। ਸ੍ਰੀ ਗਰਗ ਨੇ ਅੱਗੇ ਕਿਹਾ ਕਿ ਜਲੰਧਰ ਉਪ ਚੋਣ ਵਿਚ ਭਾਜਪਾ ਲਈ ਪ੍ਰਚਾਰ ਕਰਨ ਦਾ ਭਾਂਡਾ ਫੁੱਟ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਸੰਭਾਵਨਾ ਕਾਰਨ ਇੰਨਾਂ ਇਹ ਡਰਾਮਾ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੁੱਝ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਪਰ ਕਾਂਗਰਸ ਪਾਰਟੀ ਇਕ ਸਮੁੰਦਰ ਹੈ ਤੇ ਉਸਨੂੰ ਸਿਆਸੀ ਤੌਰ ‘ਤੇ ਕੋਈ ਫਰਕ ਨਹੀਂ ਪੈਣ ਲੱਗਿਆ ਹੈ।

ਬਠਿੰਡਾ ਨਜਦੀਕ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਜਣਿਆਂ ਦੀ ਹੋਈ ਮੌਤ

0

ਕਾਰ ਹੋਈ ਚਕਨਾਚੂਰ, ਅਗਿਆਤ ਟਰਾਲੇ ਦੀ ਚਪੇਟ ’ਚ ਆਉਣ ਕਾਰਨ ਵਾਪਰਿਆਂ ਹਾਦਸਾ
ਇੱਕ ਹੋਰ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ
ਸੁਖਜਿੰਦਰ ਮਾਨ
ਬਠਿੰਡਾ, 27 ਅਪ੍ਰੈਲ : ਵੀਰਵਾਰ ਦੀ ਪਹੁ-ਫ਼ੁਟਾਲੇ ਤੋਂ ਪਹਿਲਾਂ ਬਠਿੰਡਾ-ਤਲਵੰਡੀ ਸਾਬੋ ਸੜਕ ਉਪਰ ਪਿੰਡ ਕੋਟ ਸ਼ਮੀਰ ਤੇ ਕਾਲੇਵਾਂਦਰ ਵਿਚਕਾਰ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਕਾਰ ਸਵਾਰ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਸੂਚਨਾ ਹੈ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਹਾਦਸੇ ਦਾ ਪਤਾ ਲੱਗਣ ’ਤੇ ਕਾਫ਼ੀ ਲੰਮੀ ਜਦੋ-ਜਹਿਦ ਤੋਂ ਬਾਅਦ ਮ੍ਰਿਤਕਾਂ ਨੂੰ ਕਾਰ ਨੂੰ ਕੱਟ ਕੇ ਵਿਚੋਂ ਕੱਢਿਆ ਗਿਆ। ਤਿੰਨੇਂ ਮ੍ਰਿਤਕ ਨਜਦੀਕੀ ਪਿੰਡ ਮਹਿਮਾ ਸਰਕਾਰੀ ਦੇ ਰਹਿਣ ਵਾਲੇ ਸਨ ਤੇ ਘਟਨਾ ਸਮੇਂ ਤਲਵੰਡੀ ਸਾਬੋ ਵਾਲੇ ਪਾਸਿਓ ਆ ਰਹੇ ਸਨ। ਇਸ ਘਟਨਾ ’ਚ ਥਾਣਾ ਸਦਰ ਦੀ ਪੁਲਿਸ ਨੇ ਅਗਿਆਤ ਟਰਾਲਾ ਚਾਲਕ ਵਿਰੁਧ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਬਲਜਿੰਦਰ ਸਿੰਘ (45) ਪੁੱਤਰ ਸੁਖਦੇਵ ਸਿੰਘ, ਪਰਮਜੀਤ ਸਿੰਘ (60) ਪੁੱਤਰ ਸਾਧੂ ਸਿੰਘ ਤੇ ਜਸਕਰਨ ਸਿੰਘ (62) ਪੁੱਤਰ ਅਜੈਬ ਸਿੰਘ ਦੀ ਮੌਤ ਹੋਈ ਗਈ ਹੈ। ਘਟਨਾ ਦਾ ਪਤਾ ਲੱਗਣ ’ਤੇ ਸਵੇਰ ਸਮੇਂ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਪਿੰਡ ਦੇ ਲੋਕਾਂ ਤੇ ਪੁਲਿਸ ਦੀ ਮੱਦਦ ਨਾਲ ਕਾਰ ਵਿਚੋਂ ਲਾਸ਼ਾਂ ਨੂੰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਜਿੱਥੇ ਪੋਸਟਮਾਰਟਮ ਤੋਂ ਬਾਅਦ ਪਿੰਡ ਦੇ ਸਮਸਾਨਘਾਟ ’ਚ ਤਿੰਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਪਨਬਸ ਵਿਚ ਡਰਾਈਵਰ ਲੱਗਿਆ ਹੋਇਆ ਸੀ। ਪਤਾ ਲੱਗਿਆ ਹੈ ਕਿ ਬਲਜਿੰਦਰ ਸਿੰਘ ਹਾਲੇ ਤੱਕ ਕੁਆਰਾ ਸੀ ਜਦੋਂਕਿ ਦੂਜੇ ਦੋਨੋਂ ਬਾਲ ਬੱਚਿਆਂ ਵਾਲੇ ਸਨ। ਉਧਰ ਇੱਕ ਹੋਰ ਹਾਦਸੇ ਵਿਚ ਬੀਤੀ ਰਾਤ 9:30 ਵਜੇ ਦੋ ਮੋਟਰਸਾਈਕਲ ਸਵਾਰ ਬਠਿੰਡਾ ਮਲੋਟ ਰੋਡ ’ਤੇ ਕਾਲੀ ਮਾਤਾ ਮੰਦਿਰ ਨੇੜੇ ਜਾ ਰਹੇ ਸਨ ਤਾਂ ਪਿੱਛੇ ਤੋਂ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਗਏ। ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਘਟਨਾ ਦਾ ਪਤਾ ਲੱਗਣ ’ਤੇ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ। ਮ੍ਰਿਤਕ ਨੌਜਵਾਨ ਪਹਿਚਾਣ ਸੰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ, ਜੋਕਿ ਘਟਨਾ ਸਮੇਂ ਕਿਲੀ ਨਿਹਾਲ ਸਿੰਘ ਵਾਲਾ ਵੱਲ ਜਾ ਰਹੇ ਸਨ।

ਭਗਵੰਤ ਮਾਨ ਨੇ ਖਿਡਾਰਣ ਹਰਨਵਦੀਪ ਕੌਰ ਨੂੰ 5 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਪੱਤਰ ਨਾਲ ਕੀਤਾ ਸਨਮਾਨਿਤ

0

ਖੇਡਾਂ ਵਿੱਚ ਸਭ ਤੋਂ ਛੋਟੀ ਉਮਰ ਚ ਭਾਗ ਲੈਣ ਦਾ ਮਾਣ ਪ੍ਰਾਪਤ ਹੈ ਇਸ ਖਿਡਾਰਨ ਨੂੰ
ਸੁਖਜਿੰਦਰ ਮਾਨ
ਬਠਿੰਡਾ, 27 ਅਪ੍ਰੈਲ :ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਖਿਡਾਰਣ (ਸ਼ੂਟਿੰਗ ਖੇਡ) ਹਰਨਵਦੀਪ ਕੌਰ ਨੂੰ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 5 ਲੱਖ ਰੁਪਏ ਦੀ ਨਗਦ ਰਾਸ਼ੀ ਇਨਾਮ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਤੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਖਿਡਾਰਣ ਹਰਨਵਦੀਪ ਕੌਰ ਬੀਐਸਸੀ ਨਰਸਿੰਗ ਕੋਰਸ ਦੀ ਪਹਿਲੇ ਸਾਲ ਦੀ ਵਿਦਿਆਰਥਣ ਹੈ। 4 ਜਨਵਰੀ 2005 ਨੂੰ ਜਨਮੀ ਹਰਨਵਦੀਪ ਕੌਰ ਬਚਪਨ ਤੋਂ ਹੀ ਖੇਡਾਂ ਵਿਚ ਰੁਚੀ ਰੱਖਦੀ ੀ ਤੇ ਇਸ ਹੋਣਹਾਰ ਖਿਡਾਰਨ ਨੇ ਖੇਡਾਂ ਨਾਲ ਕੋਈ ਵੀ ਪਰਿਵਾਰਕ ਪਿਛੋਕੜ ਨਾ ਹੋਣ ਦੇ ਬਾਵਜੂਦ ਵੀ ਸ਼ੂਟਿੰਗ ਖੇਡ ਵਿੱਚ ਆਪਣੀ ਮਿਹਨਤ ਤੇ ਲਗਨ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਅਨੇਕਾਂ ਮੈਡਲ ਜਿੱਤ ਕੇ ਨਾਮਣਾ ਖੱਟਿਆ ਹੈ। ਸਾਲ 2017 ਵਿੱਚ ਜ਼ਿਲ੍ਹਾ ਤੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਅੱਵਲ ਆਉਂਦਿਆਂ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਵੱਲੋਂ ਕਰਵਾਈ ਸ਼ੂਟਿੰਗ ਚੈਂਪੀਅਨਸ਼ਿਪ ਕੇਰਲਾ ਵਿੱਚ ਬਹੁਤ ਵਧੀਆ ਸਕੋਰ ਹਾਸਲ ਕਰਦਿਆਂ ਸਭ ਤੋਂ ਪਹਿਲੀਆਂ ਖੇਲੋ ਇੰਡੀਆ ਸਕੂਲ ਖੇਡਾਂ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਭਾਗ ਲੈਣ ਵਾਲੀ ਖਿਡਾਰਨ ਦਾ ਮਾਣ ਵੀ ਪ੍ਰਾਪਤ ਕੀਤਾ। ਸੈਸ਼ਨ 2022-23 ਵਿੱਚ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਵੱਲੋਂ ਕਰਵਾਈ ਚੈਂਪੀਅਨਸ਼ਿਪ ਵਿੱਚ ਵਧੀਆ ਸਕੋਰ ਕਰਦਿਆਂ ਨੈਸ਼ਨਲ ਸੁਕੈਅਡ 10 ਮੀਟਰ ਏਅਰ ਪਿਸਟਲ ਵਿਚ ਸਥਾਨ ਬਣਾਇਆ ਤੇ ਆਪਣੀ ਰੈਂਕਿੰਗ ਤੇ ਆਧਾਰਿਤ ਨੈਸ਼ਨਲ ਰੈਂਕਿੰਗ ਵਿੱਚ ਜਗਾ ਬਣਾਈ। ਸਾਲ 2022 ਵਿੱਚ ਪੰਜਾਬ ਸਟੇਟ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਚੈਂਪੀਅਨਸ਼ਿਪ ਵਿੱਚ ਸੀਨੀਅਰ ਕੈਟਾਗਰੀ ਵਿੱਚ ਖੇਡਦਿਆਂ ਪਹਿਲਾਂ ਸਥਾਨ ਪ੍ਰਾਪਤ ਕਰਦਿਆਂ ਗੋਲਡ ਮੈਡਲ ਜਿੱਤਿਆ ਤੇ ਆਪਣੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ ਜ਼ਿਲ੍ਹਾ ਬਠਿੰਡਾ ਦਾ ਨਾਮ ਰੋਸ਼ਨ ਕੀਤਾ। ਪੰਜਾਬ ਸਟੇਟ ਸ਼ੂਟਿੰਗ ਰੈਂਕਿੰਗ ਵਿੱਚ ਪਹਿਲੇ ਸਥਾਨ ਤੇ ਹੋਣ ਕਾਰਨ ਹਰਨਵਦੀਪ ਕੌਰ ਦੀ ਚੋਣ ਭਾਰਤ ਦੀਆਂ ਸਭ ਤੋਂ ਵੱਕਾਰੀ ਖੇਡਾਂ ਨੈਸ਼ਨਲ ਗੇਮਸ 2022 ਵਿੱਚ ਹੋਈ ਤੇ ਹਰਨਵਦੀਪ ਕੌਰ ਨੇ ਨੈਸ਼ਨਲ ਗੇਮਸ 2022 ਗੁਜਰਾਤ ਵਿੱਚ ਸੀਨੀਅਰ ਕੈਟਾਗਰੀ ਵਿੱਚ 10 ਮੀਟਰ ਏਅਰ ਪਿਸਟਲ ਮਿਕਸ ਟੀਮ ਵਿਚ ਖੇਡਦਿਆਂ ਉੱਤਰ ਪ੍ਰਦੇਸ਼ ਦੀ ਸੀਨੀਅਰ ਟੀਮ ਨੂੰ ਵਧੀਆ ਸਕੋਰਾਂ ਨਾਲ ਮਾਤ ਦਿੰਦਿਆਂ ਗੋਲਡ ਮੈਡਲ ਜਿੱਤ ਕੇ ਪੰਜਾਬ ਸਟੇਟ ਦਾ ਨਾਂ ਪੂਰੇ ਦੇਸ਼ ਵਿਚ ਚਮਕਾਇਆ। ਸਾਲ 2022 ਵਿੱਚ ਹੀ ਨੈਸ਼ਨਲ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ, ਨਵੀਂ ਦਿੱਲੀ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਯੂਥ ਟੀਮ ਵਿਚ ਖੇਡਦਿਆਂ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਦੱਖਣੀ ਕੋਰੀਆ ਦੀ ਮੇਜ਼ਬਾਨ ਟੀਮ ਨੂੰ ਉਨ੍ਹਾਂ ਦੇ ਹੀ ਖੇਡ ਮੈਦਾਨ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਦਿਆਂ ਆਪਣੀ ਮਿਹਨਤ ਦਾ ਲੋਹਾ ਮਨਵਾਇਆ।

ਸਿਆਸਤ ਦੇ ‘ਬਾਬਾ ਬੋਹੜ’ ਪ੍ਰਕਾਸ਼ ਸਿੰਘ ਬਾਦਲ ਪੰਚ ਤੱਤ ’ਚ ਹੋਏ ਵਿਲੀਨ

0

ਹਜ਼ਾਰਾਂ ਹੰਝੂਆਂ ਭਰੀਆਂ ਅੱਖਾਂ ਨਾਲ ਜੱਦੀ ਖੇਤਾਂ ’ਚ ਕੀਤਾ ਅੰਤਿਮ ਸੰਸਕਾਰ
ਪੁੱਤਰ ਸੁਖਬੀਰ ਸਿੰਘ ਬਾਦਲ ਸਹਿਤ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਨੇ ਚਿਖ਼ਾ ਨੂੰ ਅਗਨੀ ਵਿਖਾਈ
ਪੰਜਾਬ ਦੇ ਰਾਜ਼ਪਾਲ ਤੇ ਮੁੱਖ ਮੰਤਰੀ ਵੀ ਰਹੇ ਵਿਸੇਸ ਤੌਰ ’ਤੇ ਹਾਜ਼ਰ
ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਹੋਏ ਸਨ ਸੁਰੱਖਿਆ ਦੇ ਭਾਰੀ ਪ੍ਰਬੰਧਾਂ
ਬਾਦਲ ਦੀ ਸੁਰੱਖਿਆ ’ਚ ਲੱਗੇ ਸੁਰੱਖਿਆ ਜਵਾਨਾਂ ਦੀਆਂ ਅੱਖਾਂ ਹੋਈਆਂ ਗਿੱਲੀਆਂ
ਸੁਖਜਿੰਦਰ ਮਾਨ
ਬਾਦਲ, 27 ਅਪ੍ਰੈਲ : ਪਿਛਲੇ ਸੱਤ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ’ਚ ਧਰੂ-ਤਾਰੇ ਵਾਂਗ ਵਿਚਰਦੇ ਆ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅੱਜ ਪੰਚ ਤੱਤਾਂ ’ਚ ਵਿਲੀਨ ਹੋ ਗਏ। ਬਾਦਲ ਪ੍ਰਵਾਰ ਦੇ ਜੱਦੀ ਖੇਤ ’ਚ ਲੱਗੇ ਕਿੰਨੂਆਂ ਦੇ ਬਾਗ ਵਾਲੀ ਜਗ੍ਹਾਂ ਖ਼ਾਲੀ ਕਰਕੇ ਬਣਾਈ ਵਿਸੇਸ ਜਗ੍ਹਾਂ ਵਿਚ ਹਜ਼ਾਰਾਂ ਨਮ ਅੱਖਾਂ ਦੀ ਹਾਜ਼ਰੀ ’ਚ ‘ਸਿਆਸਤ ਦੇ ਬਾਬਾ ਬੋਹੜ’ ਕਹੇ ਜਾਣ ਵਾਲੇ ਸ: ਬਾਦਲ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਤੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਵਲੋਂ ਵਿਖ਼ਾਈ ਗਈ। ਇਸ ਮੌਕੇ ਮਾਹੌਲ ਕਾਫ਼ੀ ਗਮਗੀਨ ਸੀ ਤੇ ਪ੍ਰਵਾਰਕ ਮੈਂਬਰਾਂ ਸਹਿਤ ਇਸ ਵੱਡੀ ਸਖ਼ਸੀਅਤ ਨੂੰ ਚਾਹੁਣ ਵਾਲਿਆਂ ਦੀਆਂ ਅੱਖਾਂ ਵਿਚ ਹੰਝੂ ਵਿਖਾਈ ਦੇ ਰਹੇ ਸਨ। ਇਸਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੁਰੱਖਿਆ ਦਸਤਿਆਂ ਦੇ ਜਵਾਨਾਂ ਵਲੋਂ ਹਥਿਆਰਾਂ ਨਾਲ ਸਾਬਕਾ ਮੁੱਖ ਮੰਤਰੀ ਨੂੰ ਸਲਿਊਟ ਕਰਕੇ ਸਲਾਮੀ ਦਿੱਤੀ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਕਈ ਸੂਬਿਆਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਕੇਂਦਰੀ ਵਜੀਰ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਸਹਿਤ ਵੱਡੀ ਗਿਣਤੀ ਵਿਚ ਦੇਸ ਦੇ ਕੋਨੇ-ਕੋਨੇ ਤੋਂ ਸਿਆਸੀ ਆਗੂ ਪੁੱਜੇ ਹੋਏ ਸਨ। ਹਜ਼ਾਰਾਂ ਲੋਕਾਂ ਦੇ ਇਕੱਠ ਅਤੇ ਵੀਆਈਪੀ ਦੀ ਆਮਦ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਪੱਧਰ ’ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਈ ਆਈ.ਜੀ., ਐਸ.ਐਸ.ਪੀ ਸਹਿਤ ਹਜ਼ਾਰਾਂ ਦੀ ਤਾਦਾਦ ਵਿਚ ਪੁਲਿਸ ਮੁਲਾਜਮ ਟਰੈਫ਼ਿਕ ਤੇ ਸੁਰੱਖਿਆ ਦੇ ਬੰਦੋਬਸਤ ਸੰਭਾਲ ਰਹੇ ਸਨ। ਇਸਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੱਦੀ ਘਰ ਵਿਖੇ ਰੱਖਿਆ ਗਿਆ, ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਅੰਤਿਮ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਸ: ਬਾਦਲ ਦੇ ਦਿਹਾਂਤ ਦੇ ਸੋਕ ਵਜੋਂ ਅੱਜ ਪਿੰਡ ਬਾਦਲ ਦੇ ਸਮੂਹ ਵਪਾਰਕ ਸੰਸਥਾਨ, ਦੁਕਾਨਾਂ ਅਤੇ ਹੋਰ ਸੰਸਥਾਵਾਂ ਦੇ ਦਰਵਾਜ਼ੇ ਬੰਦ ਰਹੇ। ਦਹਾਕਿਆਂ ਤੱਕ ਪੰਜਾਬ ਦੀ ਸੱਤਾ ਦਾ ਅਨੰਦ ਮਾਣਨ ਵਾਲੇ ਇਸ ਪਿੰਡ ਦੇ ਸਭ ਤੋਂ ਬਜ਼ੁਰਗ ਪ੍ਰਕਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਹਰ ਗਲੀ ਉਦਾਸ ਵੇਖੀ ਗਈ। ਪਿੰਡ ਦੇ ਨਾਮ ਨੂੰ ਦੁਨੀਆਂ ਭਰ ਵਿਚ ਪਹੁੰਚਾਉਣ ਵਲੇ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਦੀ ਅੰਤਿਮ ਵਿਦਾਈ ਮੌਕੇ ਬਾਦਲ ਪਿੰਡ ਦੇ ਆਮ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਵਹਿੰਦੇ ਨਜ਼ਰ ਆਏ। ਪਿੰਡ ਵਿਚ ਬਾਦਲ ਪ੍ਰਵਾਰ ਵਲੋਂ ਉਚੇਚੇ ਤੌਰ ’ਤੇ ਬਣਾਏ ਬਿਰਧ ਆਸਰਮ ਵਿਚ ਰਹਿਣ ਵਾਲੇ ਦਰਜ਼ਨਾਂ ਬਜੁਰਗਾਂ ਦੀਆਂ ਅੱਖਾਂ ਦੇ ਨੀਰ ਮੁੱਕਦੇ ਨਜ਼ਰ ਆ ਰਹੇ ਸਨ। ਸੰਸਕਾਰ ਮੌਕੇ ਪਿੰਡ ਦੇ ਵਿਅਕਤੀ ਸ: ਬਾਦਲ ਵਲੋਂ ਪਿੰਡ ਵਿਚ ਲਿਆਂਦੀਆਂ ਹਰ ਸੁੱਖ-ਸਹੂਲਤਾਂ ਤੇ ਦਫ਼ਤਰਾਂ ਦਾ ਜਿਕਰ ਕਰਦਾ ਥਕਦਾ ਨਜ਼ਰ ਨਹੀਂ ਆ ਰਿਹਾ ਸੀ। ਕਰੀਬ ਸਵਾ 12 ਵਜੇਂ ਸ: ਬਾਦਲ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜ਼ਾਈ ਇੱਕ ਵਿਸੇਸ ਟਰੈਕਟਰ-ਅਰਾਲੀ ਵਿਚ ਸਵਾਰ ਕਰਕੇ ਬਾਦਲ-ਲੰਬੀ ਰੋਡ ਉਪਰ ਸਥਿਤ ਬਣਾਏ ਵਿਸ਼ੇਸ ਸਮਸ਼ਾਨਘਰ ਵੱਲ ਲਿਜਾਇਆ ਗਿਆ। ਟਰਾਲੀ ਵਿਚ ਸੁਖਬੀਰ ਸਿੰਘ ਬਾਦਲ ਤੇ ਸਮੂਹ ਪ੍ਰਵਾਰਕ ਮੈਂਬਰ ਵੀ ਸਵਾਰ ਸਨ ਤੇ ਰਾਸਤੇ ਵਿਚ ਥਾਂ-ਥਾਂ ਅਕਾਲੀ ਵਰਕਰਾਂ ਤੇ ਪਿੰਡ ਬਾਦਲ ’ਚ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਫੁੱਲਾਂ ਦੀ ਵਰਖ਼ਾ ਕੀਤੀ ਗਈ। ਇਸ ਦੌਰਾਨ ਪ੍ਰਕਾਸ ਸਿੰਘ ਬਾਦਲ ਅਮਰ ਰਹੇ ਦੇ ਨਾਅਰੇ ਵੀ ਗੁੰਜਦੇ ਰਹੇ। ਅੰਤਿਮ ਵਿਦਾਈ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਵਲੋਂ ਅੰਤਿਮ ਅਰਦਾਸ ਕੀਤੀ ਗਈ।


ਬਾਕਸ
ਵਿਸੇਸ ਤੌਰ ’ਤੇ ਤਿਆਰ ਕੀਤੀ ਗਈ ਸੀ ਅੰਤਿਮ ਸੰਸਕਾਰ ਵਾਲੀ ਜਗ੍ਹਾਂ
ਬਾਦਲ: ਪ੍ਰਵਾਰ ਵਲੋਂ ਅਪਣੇ ਮੁਖੀ ਪ੍ਰਕਾਸ ਸਿੰਘ ਬਾਦਲ ਦੀ ਅੰਤਿਮ ਯਾਤਰਾ ਲਈ ਅਪਣੇ ਜੱਦੀ ਖੇਤ ’ਚ ਕਿੰਨੂਆਂ ਦੇ ਦੋ ਏਕੜ ਬਾਗ ਨੂੰ ਉਖਾੜ ਕੇ ਅੰਤਿਮ ਸੰਸਕਾਰ ਲਈ ਵਿਸੇਸ ਤੌਰ ’ਤੇ ਜਗ੍ਹਾਂ ਤਿਆਰ ਕੀਤੀ ਗਈ ਸੀ। ਇਸਤੋਂ ਇਲਾਵਾ ਚਿਖ਼ਾ ਲਈ 50 ਗੁਣਾ 30 ਫੁੱਟ ਦਾ ਇੱਕ ਪੰਜ ਫੁੱਟ ਉੱਚਾ ਥੜਾ ਬਣਾਇਆ ਗਿਆ, ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਵਾਰ ਦੇ ਮੈਂਬਰਾਂ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਇੱਥੇ ਮਹਰੂਮ ਆਗੂ ਦੀ ਯਾਦਗਾਰ ਬਣਾਈ ਜਾਣੀ ਹੈ ਤੇ ਇਹ ਜਗ੍ਹਾਂ ਮੁੱਖ ਸੜਕ ਉਪਰ ਹੈ।
ਬਾਕਸ
ਕਈ ਸੂਬਿਆਂ ਦੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਤੇ ਕੌਮੀ ਆਗੂਆਂ ਦੀ ਹਾਜ਼ਰੀ ’ਚ ਦਿੱਤੀ ਅੰਤਿਮ ਵਿਦਾਈ
ਬਾਦਲ: ਪ੍ਰਕਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਕਈਆਂ ਸੂਬਿਆਂ ਦੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਤੇ ਕੌਮੀ ਆਗੂ ਪੁੱਜੇ ਹੋਏ ਸਨ। ਜਿੰਨ੍ਹਾਂ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਭਗਵੰਤ ਮਾਨ, ਰਾਜਸਥਾਨ ਦੇ ਮੁੱਖ ਅਸੋਕ ਗਹਿਲੋਤ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸਿਅੰਤ ਚੋਟਾਲਾ, ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਉਮਰ ਅਬਦੁੱਲਾ, ਮਹਾਰਾਸਟਰ ਦੇ ਸਾਬਕਾ ਮੁੱਖ ਸਰਦ ਪਵਾਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੰਸਦ ਮੈਂਬਰ ਦੁਪਿੰਦਰ ਹੁੱਡਾ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ, ਕੇਂਦਰੀ ਮੰਤਰੀ ਹਰਦੀਪ ਪੁਰੀ, ਸੋਮ ਪ੍ਰਕਾਸ਼, ਵਿਜੇ ਸਾਂਪਲਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ ਬਲਜੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਹਰਿਆਣਾ ਦੇ ਕੈਬਨਿਟ ਮੰਤਰੀ ਰਣਜੀਤ ਸਿੰਘ ਚੌਟਾਲਾ, ਕਾਂਗਰਸੀ ਆਗੂ ਗੁਰਜੀਤ ਸਿੰਘ ਰਾਣਾ, ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੋਂ ਇਲਾਵਾ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਵੀ ਇਸ ਮੌਕੇ ਹਾਜ਼ਰ ਰਹੀ।

ਬਾਦਲ ਦੇ ਅੰਤਮ ਸੰਸਕਾਰ ਲਈ ਬਠਿੰਡਾ ਤੇ ਲੰਬੀ ਤੋਂ ਆਹਲੂਵਾਲੀਆਂ ਕੰਪਨੀ ਦੀਆਂ ਬੱਸਾਂ ਚੱਲਣਗੀਆਂ ਮੁਫ਼ਤ

0
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਅਪ੍ਰੈਲ: ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਉਪਰ ਜਿੱਥੇ ਦੇਸ਼-ਵਿਦੇਸ਼ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਸ਼ੋਕ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਨਾਲ ਸੰਬੰਧਤ ਇਕ ਉੱਘੀ ਟਰਾਂਸਪੋਰਟ ਕੰਪਨੀ ਵੱਲੋਂ ਮਹਰੂਮ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਬਠਿੰਡਾ ਅਤੇ ਲੰਬੀ ਤੋਂ ਮੁਫਤ ਬੱਸ ਸੇਵਾ ਦੇਣ ਦਾ ਐਲਾਨ ਕੀਤਾ ਹੈ। ਪ੍ਰਬੰਧਕਾਂ ਮੁਤਾਬਕ ਕੰਪਨੀ ਦੀਆਂ ਬੱਸਾਂ ਬਠਿੰਡਾ ਤੋਂ ਬਾਦਲ ਅਤੇ ਲੰਬੀ ਤੋਂ ਬਾਦਲ ਪਿੰਡ ਲਈ ਵਿਸ਼ੇਸ਼ ਤੌਰ ‘ਤੇ ਚਲਾਈਆਂ ਜਾਣਗੀਆਂ ਜਿਨ੍ਹਾਂ ਰਾਹੀ ਸਰਦਾਰ ਬਾਦਲ ਦੇ ਅੰਤਮ ਸੰਸਕਾਰ ਲਈ ਜਾਣ ਵਾਲੇ ਲੋਕਾਂ ਨੂੰ ਲੈ ਕੇ ਜਾਇਆ ਜਾਵੇਗਾ ਪ੍ਰੰਤੂ ਉਨ੍ਹਾਂ ਤੋਂ ਇਸ ਸਫਰ ਬਦਲੇ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਅਤੇ ਇਹ ਬੱਸਾਂ ਸਾਰਾਂ ਦਿਨ ਇਸ ਰੂਟ ਤੇ ਚੱਲਦੀਆਂ ਰਹਿਣਗੀਆਂ।ਇਸ ਤੋਂ ਇਲਾਵਾ ਆਹਲੂਵਾਲੀਆ ਬੱਸ ਕੰਪਨੀ ਦੀਆਂ ਬਠਿੰਡਾ ਤੋਂ ਅਬੋਹਰ, ਲੰਬੀ ਆਦਿ ਰੂਟਾਂ ਨੂੰ ਪਿੰਡ ਬਾਦਲ ਰਾਹੀਂ ਜਾਣ ਵਾਲੀਆਂ ਬੱਸਾਂ ਵਿਚ ਵੀ ਪਿੰਡ ਬਾਦਲ ਵਿਖੇ ਸਰਦਾਰ ਬਾਦਲ ਦੇ ਅੰਤਿਮ ਸੰਸਕਾਰ ਲਈ ਜਾਣ ਵਾਲੇ ਲੋਕਾਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਆਹਲੂਵਾਲੀਆ ਕੰਪਨੀ ਦੇ ਪ੍ਰਬੰਧਕਾਂ ਰਛਪਾਲ ਸਿੰਘ ਵਾਲੀਆ ਅਤੇ ਜਗਤਾਰ ਸਿੰਘ ਵਾਲੀਆ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਸਿਰਫ ਇਕ ਪਾਰਟੀ ਜਾਂ ਪਰਿਵਾਰ ਦੇ ਮੁਖੀ ਨਹੀਂ ਸਨ ਬਲਕਿ ਪੰਜਾਬ ਅਤੇ ਪੰਜਾਬੀਅਤ ਦੀ ਦਹਾਕਿਆਂ ਤੱਕ ਨੁਮਾਇੰਦਗੀ ਕਰਨ ਵਾਲੀ ਇਕ ਸੰਸਥਾ ਸਨ, ਜਿੰਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰਦਾਰ ਬਾਦਲ ਦੀ ਸ਼ਖਸੀਅਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਹ ਉਕਤ ਛੋਟਾ ਜਿਹਾ ਉਪਰਾਲਾ ਕਰ ਕੇ ਨਿਮਾਣਾ ਜਿਹਾ ਯਤਨ ਕਰ ਰਹੇ ਹਨ। ਆਹਲੂਵਾਲੀਆ ਪਰਿਵਾਰ ਨੇ ਦੱਸਿਆ ਕਿ ਜਦ ਉਹ 1984 ਦੇ ਸਿੱਖ ਦੰਗਿਆਂ ਤੋਂ ਬਾਅਦ ਕਲਕੱਤੇ ਤੋਂ ਉਜੜ ਕੇ ਪੰਜਾਬ ਆਏ ਸਨ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਹੀ ਉਨਾਂ ਸਹਿਤ ਕਈ ਹੋਰਨਾਂ ਪਰਵਾਰਾਂ ਦੀ ਬਾਂਹ ਫੜੀ ਸੀ। ਉਨ੍ਹਾਂ ਦਸਿਆ ਕਿ ਕਲਕੱਤੇ ਵਿਚ ਦੰਗਾਈਆਂ ਨੇ ਉਨ੍ਹਾਂ ਦੀ ਟਰਾਂਸਪੋਰਟ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਇਸ ਦੌਰਾਨ ਔਖੇ ਸਮੇਂ ਪ੍ਰਕਾਸ਼ ਸਿੰਘ ਬਾਦਲ ਅਜਿਹੇ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਏ ਸਨ।

ਬਠਿੰਡਾ ’ਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹਜ਼ਾਰਾਂ ਲੋਕਾਂ ਨੇ ਬਾਦਲ ਦੀ ਮ੍ਰਿਤਕ ਦੇਹ ਨੂੰ ਭੇਂਟ ਕੀਤੀ ਸ਼ਰਧਾਂਜਲੀ

0

ਬੀਬੀਵਾਲਾ ਚੌਕ ’ਚ ਪ੍ਰਕਾਸ ਸਿੰਘ ਬਾਦਲ ਅਮਰ ਰਹੇ ਦੇ ਲਗਾਏ ਨਾਅਰੇ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ : ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਜਿੰਨ੍ਹਾਂ ਦਾ ਬੀਤੇ ਕੱਲ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਅੱਜ ਚੰਡੀਗੜ੍ਹ ਤੋਂ ਇੱਕ ਵਿਸੇਸ ਕਾਫ਼ਲੇ ਰਾਹੀਂ ਪਿੰਡ ਬਾਦਲ ਲਿਜਾਈ ਗਈ। ਇਸ ਦੌਰਾਨ ਬਠਿੰਡਾ ਸ਼ਹਿਰ ਦੇ ਬੀਬੀਵਾਲਾ ਚੌਕ ’ਚ ਹਜ਼ਾਰਾਂ ਦੀ ਤਾਦਾਦ ਵਿਚ ਲੋਕਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸ: ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਾਜ਼ਰ ਲੋਕਾਂ ਵਿਚ ਜਿੱਥੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ, ਉਥੇ ਭਾਜਪਾ ਦੇ ਆਗੂ ਤੇ ਵਰਕਰਾਂ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਮੌਕੇ ਇਸ ਵੱਡੇ ਕੱਦ ਦੇ ਸਿਆਸੀ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਨਜ਼ਰ ਆਏ। ਤੈਅਸੁਦਾ ਸਮੇਂ ਤੋਂ ਕਰੀਬ ਦੋ ਘੰਟੇ ਨਾਲ ਬਠਿੰਡਾ ਪੁੱਜੇ ਮ੍ਰਿਤਕ ਦੇਹ ਦੇ ਕਾਫ਼ਲੇ ਦਾ ਇਹ ਲੋਕ ਇੱਥੇ ਇੰਤਜਾਰ ਕਰਦੇ ਰਹੇ। ਇਸ ਦੌਰਾਨ ਜਦ ਕਰੀਬ ਸਾਢੇ ਸੱਤ ਵਜੇਂ ਇਹ ਕਾਫ਼ਲਾ ਸ਼ਹਿਰ ਵਿਚ ਦਾਖ਼ਲਾ ਹੋਇਆ ਤਾਂ ਇੱਥੇ ਮੌਜੂਦ ਲੋਕਾਂ ਨੇ ਮ੍ਰਿਤਕ ਦੇਹ ਉਪਰ ਫੁੱਲਾਂ ਦੀ ਵਰਖ਼ਾ ਕਰਦਿਆਂ ਪ੍ਰਕਾਸ ਸਿੰਘ ਬਾਦਲ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਮੌਕੇ ’ਤੇ ਵੱਡੀ ਗਿਣਤੀ ਵਿਚ ਮੌਜੂਦ ਬੀਬੀਆਂ ਨੇ ਵੀ ਸਿਮਰਨ ਕੀਤਾ। ਕਾਫ਼ਲੇ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਵਲੋ ਵੱਡੀ ਗਿਣਤੀ ਵਿਚ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸਤੋਂ ਪਹਿਲਾਂ ਰਾਮਪੁਰਾ ਅਤੇ ਭੁੱਚੋਂ ਚੌਕ ਵਿਖੇ ਵੀ ਰੋਕ ਕੇ ਹਾਜ਼ਰ ਲੋਕਾਂ ਨੇ ਮ੍ਰਿਤਕ ਦੇਹ ਨੂੰ ਨਮਨ ਕੀਤਾ। ਕਾਫ਼ਲੇ ਵਿਚ ਸਾਬਕਾ ਮੁੱਖ ਮੰਤਰੀ ਦੀ ਮ੍ਰਿਤਕ ਦੇਹ ਲੈ ਕੇ ਚੱਲ ਰਹੀ ਐਂਬੂਲੇਂਸ ਨੂੰ ਸਾਬਕਾ ਮੰਤਰੀ ਤੇ ਬਾਦਲ ਪ੍ਰਵਾਰ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠਿਆ ਚਲਾ ਰਹੇ ਸਨ ਜਦੋਂਕਿ ਉਨ੍ਹਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਸਨ। ਸ: ਬਾਦਲ ਨੇ ਅਪਣੇ ਮਹਰੂਮ ਪਿਤਾ ਪ੍ਰਤੀ ਲੋਕਾਂ ਦੇ ਉਮੜੇ ਪ੍ਰਵਾਰ ਨੂੰ ਦੇਖਦਿਆਂ ਕਈ ਵਾਰ ਅੱਖਾਂ ਭਰੀਆਂ ਤੇ ਲੋਕਾਂ ਦਾ ਹੱਥ ਜੋੜ ਕੇ ਧੰਨਵਾਦ ਵੀ ਕੀਤਾ। ਕਾਫ਼ਲੇ ਦੇ ਨਾਲ ਬਾਦਲ ਪ੍ਰਵਾਰ ਦੇ ਹੋਰ ਮੈਂਬਰ ਅਤੇ ਨਜਦੀਕੀ ਵੀ ਗੱਡੀਆਂ ਵਿਚ ਚੱਲ ਰਹੇ ਸਨ। ਇਸ ਦੌਰਾਨ ਅਕਾਲੀ ਆਗੂਆਂ ਨੇ ਦਸਿਆ ਕਿ ਬਠਿੰਡਾ ਦੇ ਬੀਬੀਵਾਲਾ ਚੌਕ ਤੋਂ ਕਾਫ਼ਲਾ ਰਿੰਗ ਰੋਡ ਹੁੰਦਾ ਹੋਇਆ ਪਿੰਡ ਬਾਦਲ ਵਿਖੇ ਪੁੱਜੇਗਾ, ਜਿੱਥੇ ਭਲਕੇ ਮ੍ਰਿਤਕ ਦੇਹ ਨੂੰ ਅੰਤਿਮ ਦਰਸਨਾਂ ਵਾਸਤੇ ਘਰ ਵਿਚ ਰੱਖਿਆ ਜਾਵੇਗਾ, ਜਿਸਤੋਂ ਬਾਅਦ ਕਰੀਬ ਇੱਕ ਵਜੇਂ ਪ੍ਰਕਾਸ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।