Home Blog Page 2131

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਖੋਜ ਵਿਧੀ ਅਤੇ ਅਕਾਦਮਿਕ ਰਾਈਟਿੰਗ ਉੱਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ:ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਕੂਲ ਆਫ਼ ਮੈਨੇਜਮੈਂਟ ਵੱਲੋਂ ਸੋਮਵਾਰ ਨੂੰ “ਸਮਾਜਿਕ ਵਿਗਿਆਨ ਵਿੱਚ ਖੋਜ ਵਿਧੀ ਅਤੇ ਅਕਾਦਮਿਕ ਰਾਈਟਿੰਗ’’ ਵਿਸ਼ੇ ਤੇ ਦੋ ਹਫਤਿਆਂ ਦੇ ਆਈਸੀਐੱਸਐੱਸਆਰ ਪ੍ਰਾਯੋਜਿਤ ਫੈਕਲਟੀ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਹ ਪ੍ਰੋਗਰਾਮ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਸਰਪ੍ਰਸਤੀ ਹੇਠ 24 ਅਪ੍ਰੈਲ 2023 ਤੋਂ 6 ਮਈ 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਉਦਘਾਟਨੀ ਸਮਾਰੋਹ ਵਿੱਚ ਹਰਿਆਣਾ ਕੇਂਦਰੀ ਯੂਨੀਵਰਸਿਟੀ ਦੇ ਪ੍ਰੋ ਵਾਈਸ-ਚਾਂਸਲਰ ਪ੍ਰੋ. ਸੁਸ਼ਮਾ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਵਿੱਚ ਸਕੂਲ ਆਫ਼ ਮੈਨੇਜਮੈਂਟ ਦੇ ਡੀਨ ਡਾ. ਆਨੰਦ ਠਾਕੁਰ ਨੇ ਸਭ ਦਾ ਸਵਾਗਤ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਉੱਚ ਸਿੱਖਿਆ ਸੰਸਥਾਵਾਂ ਤੋਂ ਲਗਭਗ 480 ਫੈਕਲਟੀ ਮੈਂਬਰਾਂ ਨੇ ਰਜਿਸਟਰ ਕੀਤਾ ਸੀ, ਜਿਸ ਵਿੱਚੋਂ ਸਿਰਫ 30 ਫੈਕਲਟੀ ਮੈਂਬਰਾਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਡਾ. ਠਾਕੁਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ ਭਾਗੀਦਾਰਾਂ ਨੂੰ ਖੋਜ ਪ੍ਰਕਿਰਿਆ ਦੇ ਸਾਰੇ ਪੜਾਵਾਂ ਦੀ ਪੂਰੀ ਸਮਝ ਪ੍ਰਦਾਨ ਕਰੇਗਾ ਅਤੇ ਸਿਖਿਆਰਥੀਆਂ ਨੂੰ ਉਭਰ ਰਹੇ ਆਰਥਿਕ ਅਤੇ ਸਮਾਜਿਕ ਮੁੱਦਿਆਂ ’ਤੇ ਇਨ੍ਹਾਂ ਤਰੀਕਿਆਂ ਨੂੰ ਲਾਗੂ ਕਰਨ ਦੇ ਯੋਗ ਬਣਾਏਗਾ।ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਪ੍ਰੋ. ਸੁਸ਼ਮਾ ਯਾਦਵ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ, ਜੀ-20, ਅਤੇ ਰਾਸ਼ਟਰੀ ਸਿੱਖਿਆ ਨੀਤੀ, 2020 ਰਾਹੀਂ ਉਭਰ ਰਹੇ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਵੱਖ-ਵੱਖ ਸਮਾਜਿਕ ਵਿਗਿਆਨ ਵਿਸ਼ਿਆਂ ਤੇ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਖੋਜ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਖੋਜਕਰਤਾਵਾਂ ਨੂੰ ਗੁਣਾਤਮਕ ਖੋਜ ਕਰਦੇ ਸਮੇਂ ਠੋਸ ਅਨੁਮਾਨ ਪ੍ਰਾਪਤ ਕਰਨ ਲਈ ਭਾਰਤੀ ਗਿਆਨ ਪ੍ਰਣਾਲੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨ ਅਧਿਆਪਕਾਂ ਨੂੰ ਉੱਚ ਇਮਪੈਟ ਫੈਕਟਰ ਵਾਲੇ ਖੋਜ ਰਸਾਲਿਆਂ ਵਿੱਚ ਖੋਜ ਪੱਤਰ ਪ੍ਰਕਾਸ਼ਿਤ ਕਰਨ ਅਤੇ ਰੇਸ਼ਰਚ ਫੰਡਿੰਗ ਦੇ ਮੌਕਿਆਂ ਦਾ ਲਾਭ ਲੈਣ ਵਿੱਚ ਯੋਗ ਬਣਾਏਗਾ।ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ: ਬੀ.ਪੀ. ਗਰਗ ਨੇ ਭਾਗੀਦਾਰਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਉਦਘਾਟਨੀ ਸਮਾਰੋਹ ਦੇ ਅੰਤ ਵਿੱਚ, ਡਾ: ਬਾਵਾ ਸਿੰਘ, ਡੀਨ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਨੇ ਸਭ ਦਾ ਧੰਨਵਾਦ ਕੀਤਾ। ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ, ਰਿਸਰਚ ਸਕਾਲਰ ਅਤੇ ਵਿਦਿਆਰਥੀ ਸ਼ਾਮਲ ਹੋਏ।ਪਹਿਲੇ ਦਿਨ ਦੇ ਮਹਿਮਾਨ ਬੁਲਾਰੇ ਪ੍ਰੋ. ਭਗਤ ਓਨਮ, ਚੇਅਰਪਰਸਨ, ਸਕੂਲ ਆਫ ਸੋਸ਼ਲ ਸਾਇੰਸਿਜ਼, ਜੇਐਨਯੂ, ਨਵੀਂ ਦਿੱਲੀ, ਨੇ ‘‘ਸਮਾਜਿਕ ਵਿਗਿਆਨ ਖੋਜ ਅਤੇ ਦਾਰਸ਼ਨਿਕ ਪਿਛੋਕੜ ਦੀ ਪ੍ਰਕਿਰਤੀ’’ ’ਤੇ ਭਾਸ਼ਣ ਦਿੱਤਾ ਅਤੇ “ਸਿਧਾਂਤਾਂ ਦੇ ਇਤਿਹਾਸ” ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਇਸ ਦੋ ਹਫ਼ਤਿਆਂ ਦੀ ਵਰਕਸ਼ਾਪ ਦੌਰਾਨ ਭਾਗ ਲੈਣ ਵਾਲੇ ਅਧਿਆਪਕਾਂ ਨੂੰ 10 ਵੱਖ-ਵੱਖ ਮਾਡਿਊਲਾਂ ਬਾਰੇ ਸਿਖਲਾਈ ਪ੍ਰਾਪਤ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਲਗਭਗ 18 ਉੱਘੇ ਬੁਲਾਰੇ ਰਿਸਰਚ ਕਿਸਮਾਂ, ਖੋਜ ਡਿਜ਼ਾਈਨ, ਡੇਟਾ ਇਕੱਠਾ ਕਰਨ ਦੇ ਢੰਗਾਂ, ਹਾਈਪੋਥੀਸਿਸ ਟੈਸਟਿੰਗ, ਮਲਟੀਵੈਰੀਏਟ ਡੇਟਾ ਵਿਸ਼ਲੇਸ਼ਣ, ਅਕਾਦਮਿਕ ਲੇਖਣ, ਖੋਜ ਪ੍ਰਸਤਾਵ ਲਿਖਤ ਅਤੇ ਹੋਰ ਵਿਸ਼ਿਆਂ ’ਤੇ ਜਾਣਕਾਰੀ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ, ਭਾਗੀਦਾਰਾਂ ਨੂੰ ਲੋੜ ਅਨੁਸਾਰ ਐੱਸਪੀਐੱਸਐੱਸ, ਏਐਮਓਐਸ, ਆਰ ਅਤੇ ਹੋਰ ਨਵੀਨਤਮ ਸਾਫਟਵੇਅਰਾਂ ਦੀ ਵਰਤੋਂ ਕਰਕੇ ਸਿਖਲਾਈ ਦਿੱਤੀ ਜਾਵੇਗੀ। ਇਸ ਵਰਕਸ਼ਾਪ ਦਾ ਸਮਾਪਤੀ ਸੈਸ਼ਨ 6 ਮਈ, 2023 ਨੂੰ ਆਯੋਜਿਤ ਕੀਤਾ ਜਾਵੇਗਾ।

ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਮੈਜਿਕ ਸ਼ੋਅ ਕਰਵਾਇਆ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼ਿਵਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਜਾਦੂਗਰ ਐਨ ਐਸ ਸਮਰਾਟ ਵੱਲੋਂ ਇੱਕ ਮੈਜਿਕ ਸ਼ੋਅ (ਜਾਦੂ ਦਾ ਖੇਲ) ਕਰਵਾਇਆ ਗਿਆ। ਇਸ ਮੈਜਿਕ ਸ਼ੋਅ ਵਿੱਚ ਜਾਦੂਗਰ ਨੇ ਅਲੱਗ-ਅਲੱਗ ਤਰ੍ਹਾਂ ਦੇ ਜਾਦੂ ਦਿਖਾ ਦੇ ਬੱਚਿਆ ਦਾ ਮਨੋਰੰਜਨ ਕੀਤਾ ਅਤੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਵੀ ਦਿੱਤੀ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਸਾਂਝੀ ਕਰਦਿਆਂ ਦਸਿਆ ਕਿ ਪਾਣੀ ਦੀ ਬਰਬਾਦੀ, ਭਰੂਣ ਹੱਤਿਆ ਅਤੇ ਨਸ਼ਿਆਂ ਦੀ ਵਰਤੋਂ ਵਰਗੀਆਂ ਕੁਰੀਤੀਆਂ ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪਾਣੀ ਦੀ ਸੰਭਾਲ ਬਾਰੇ ਦੱਸਦਿਆਂ ਕਿਹਾ ਕਿ ਸਭ ਨੂੰ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਸਾਰਿਆਂ ਦਾ ਆਦਰ ਕਰਨਾ ਚਾਹੀਦਾ ਹੈ।ਇਸ ਜਾਦੂਈ ਖੇਲ ਦਾ ਸਾਰੇ ਬੱਚਿਆਂ ਨੇ ਖੂਬ ਆਨੰਦ ਮਾਣਿਆ। ਫਿਰ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਜਾਦੂਗਰ ਐਨ.ਐਸ. ਸਮਰਾਟ , ਵਿਦਿਆਰਥੀਆਂ ਅਤੇ ਸਾਰੇ ਸਟਾਫ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਦੀ ਖੁਸ਼ੀ ਦੇਖਦਿਆਂ ਪ੍ਰਿੰਸੀਪਲ ਮੈਡਮ ਨੇ ਅੱਗੇ ਤੋਂ ਅਜਿਹੇ ਹੋਰ ਪ੍ਰੋਗਰਾਮ ਕਰਾਉਣ ਦਾ ਵਾਅਦਾ ਕੀਤਾ।

ਐਮ.ਆਰ.ਐਸ.ਪੀ.ਟੀ.ਯੂ. ਵਿਖੇ ਮਿਸ਼ਨ ਲਾਈਫ ਤਹਿਤ ‘ਜੀਵਨ ਨੂੰ ਹਾਂ ਕਹੋ’ ਸਮਾਗਮ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਅਤੇ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਇੱਕ ਰੋਜ਼ਾ ਸਮਾਗਮ “ਜੀਵਨ ਨੂੰ ਹਾਂ ਕਹੋ”ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਵੱਲੋਂ ਮਿਸ਼ਨ ਲਾਈਫ ਪ੍ਰੋਗਰਾਮ ਤਹਿਤ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਸਪਾਂਸਰ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 35 ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੋਗਰਾਮ ਤਹਿਤ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਅਤੇ ਗਰੁੱਪ ਡਿਸਕਸ਼ਨ ਅਧੀਨ ਦੋ ਸ਼੍ਰੇਣੀਆਂ ਬਣਾਈਆਂ ਗਈਆਂ ਸਨ।ਸਮਾਗਮ ਦੀ ਸ਼ੁਰੂਆਤ ਪੇਸ਼ਕਾਰੀਆਂ ਨਾਲ ਹੋਈ ਜਿੱਥੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਵਰਗੇ ਵਿਸ਼ਿਆਂ ’ਤੇ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ। ਇਸ ਸਮਾਗਮ ਦੇ ਜੱਜ ਡਾ: ਮੀਨੂੰ ਚੌਧਰੀ ਅਤੇ ਡਾ: ਰਮਨਦੀਪ ਕੌਰ ਸਨ। ਦੋ-ਦੋ ਦੀਆਂ ਲਗਭਗ 7 ਟੀਮਾਂ ਨੇ ਮੁਕਾਬਲੇ ਵਿਚ ਭਾਗ ਲਿਆ। ਸਾਹਿਲ ਅਤੇ ਗਰਵਿਤਾ ਨੇ ਪਹਿਲਾ ਸਥਾਨ, ਤਰੁਨਪ੍ਰੀਤ ਸਿੰਘ ਅਤੇ ਸਲੀਮ ਨੇ ਦੂਜਾ ਅਤੇ ਸ਼ਰੇਸ਼ਾ ਜੈਨ ਅਤੇ ਕਪਿਲ ਨੇ ਕ੍ਰਮਵਾਰ ਤੀਜਾ ਸਥਾਨ ਹਾਸਿਲ ਕੀਤਾ। ਗਲੋਬਲ ਵਾਰਮਿੰਗ, ਜੈਵ ਵਿਭਿੰਨਤਾ ਅਤੇ ਵਾਤਾਵਰਣ ’ਤੇ ਡਿਜੀਟਲ ਇੰਡੀਆ ਦਾ ਪ੍ਰਭਾਵ ਵਿਸ਼ਿਆਂ ਤੇ ਗਰੁੱਪ ਚਰਚਾ ਦੌਰਾਨ ਦਾ ਆਯੋਜਨ ਕੀਤਾ ਗਿਆ । ਇਸ ਈਵੈਂਟ ਦੇ ਜੇਤੂ ਹਰਲੀਨ ਕੌਰ ਪਹਿਲੇ ਸਥਾਨ ’ਤੇ, ਸਮ੍ਰਿਤੀ ਬਾਂਸਲ ਅਤੇ ਅਨੰਨਿਆ ਪ੍ਰਭਾ ਦੂਜੇ ਸਥਾਨ ’ਤੇ ਅਤੇ ਵਸ਼ਿਸ਼ਟ ਅਤੇ ਪ੍ਰਦੀਪ ਕੁਮਾਰ ਤੀਜੇ ਸਥਾਨ ’ਤੇ ਰਹੇ। ਇਸ ਸਮਾਗਮ ਦੇ ਜੱਜ ਡਾ. ਸ਼ਵੇਤਾ ਰਾਣੀ ਸਨ। ਪ੍ਰੋਗਰਾਮ ਕੋਆਰਡੀਨੇਟਰ ਅਤੇ ਯੂਨੀਵਰਸਿਟੀ ਦੇ ਡੀਨ ਖੋਜ ਅਤੇ ਵਿਕਾਸ ਡਾ. ਆਸ਼ੀਸ਼ ਬਾਲਦੀ ਨੇ ਦੱਸਿਆ ਕਿ ਇਹ ਸਮਾਗਮ ਮਿਸ਼ਨ ਲਾਈਫ ਦੀ ਅਗਵਾਈ ਹੇਠ ਕਰਵਾਏ ਜਾਂਦੇ ਹਨ, ਜੋ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਲਈ ਗਲੋਬਲ ਮਿਸ਼ਨ ਵਜੋਂ ਸ਼ੁਰੂ ਕੀਤੇ ਗਏ ਹਨ ।

ਜਲ ਸਰੋਤ ਵਿਭਾਗ ਦੇ ਪੁਨਰਗਠਨ ਖਿਲਾਫ ਭੜਕੇ ਫੀਲਡ ਕਾਮੇ

ਮੰਡਲ ਇੰਜੀਨੀਅਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਪੁਨਰਗਠਨ ਦੇ ਨਾਮ ਹੇਠ ਜਲ ਸਰੋਤ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਤਮ ਕਰਨ ਮਹਿਕਮੇ ਦੇ ਪ੍ਰਾਈਵੇਟਕਰਨ ਖਿਲਾਫ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਚਿਲਡਰਨ ਪਾਰਕ ਵਿਖੇ ਵੱਡੀ ਗਿਣਤੀ ਵਿੱਚ ਫੀਲਡ ਮੁਲਾਜ਼ਮਾਂ ਵੱਲੋਂ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਬਠਿੰਡਾ ਦੇ ਪ੍ਰਧਾਨ ਕਿਸ਼ੋਰ ਚੰਦ ਗਾਜ਼ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ । ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੰਗ ਪੱਤਰ ਮੰਡਲ ਇੰਜੀਨੀਅਰ ਨਹਿਰੀ ਮੰਡਲ ਬਠਿੰਡਾ ਰਾਂਹੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਖਾਲਸਾ,ਮੱਖਣ ਸਿੰਘ ਖਣਗਵਾਲ,ਸੁਖਚੈਨ ਸਿੰਘ,ਕਿਸ਼ੋਰ ਚੰਦ ਗਾਜ਼ ਕੁਲਵੰਤ ਸਿੰਘ ਦਰਸ਼ਨ ਸ਼ਰਮਾਂ,ਧਰਮਰਾਜ ਸਿੰਘ ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਨਾਦਰਸ਼ਾਹੀ ਫ਼ਰਮਾਨਾ ਨਾਲ ਵਿਭਾਗ ਵਿੱਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਆਸਾਮੀਆਂ ਖ਼ਤਮ ਕਰ ਦਿੱਤੀਆਂ ਹਨ ਜਿਸ ਕਾਰਨ ਮੌਜੂਦਾ ਮੁਲਾਜ਼ਮ ਸਰਪਲਸ ਹੋ ਜਾਣਗੇ ਜਿਸ ਕਾਰਨ ਉਨ੍ਹਾਂ ਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ ਜਿਸ ਨਾਲ ਮੁਲਾਜਮਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਹਜ਼ਾਰਾਂ ਅਸਾਮੀਆਂ ਖਤਮ ਕਰਕੇ ਵਿਭਾਗ ਦੇ ਨਿੱਜੀਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਵਿਭਾਗ ਦੇ ਨਿੱਜੀਕਰਨ ਨਾਲ ਕੁਦਰਤੀ ਸਰੋਤ ਬਹੁਮੁੱਲਾ ਪਾਣੀ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਚਲਾ ਜਾਵੇਗਾ ਜਿਸ ਨਾਲ ਉਹ ਕਿਸਾਨਾਂ ਅਤੇ ਆਮ ਲੋਕਾਂ ਤੋਂ ਪਾਣੀ ਦੇ ਮਨ-ਮਰਜ਼ੀ ਦੇ ਰੇਟ ਵਸੂਲ ਕਰਨਗੇ। ਵਿਭਾਗ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਹੋਣ ਨਾਲ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਨੌਜਵਾਨਾਂ ਦੀ ਰੁਜ਼ਗਾਰ ਮਿਲਣ ਦੀ ਆਸ ਵੀ ਖਤਮ ਹੋ ਰਹੀ ਹੈ। ਇੱਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਉਨ੍ਹਾਂ ਵਲੋਂ ਹਜ਼ਾਰਾਂ ਅਸਾਮੀਆਂ ਖਤਮ ਕਰਨ ਨਾਲ ਨੌਜਵਾਨਾਂ ਨੂੰ ਰੁਜਗਾਰ ਮਿਲਣਾ ਅਸੰਭਵ ਹੋ ਗਿਆ ਹੈ । ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪੂਰਨ ਸਿੰਘ,ਜਨਕ ਸਿੰਘ ਫਤਹਿਪੁਰ, ਜੇ.ਪੀ.ਐਮ.ਓ ਆਗੂ ਪਰਕਾਸ਼ ਸਿੰਘ ਨੰਦਗੜ੍ਹ, ਸੰਪੂਰਨ ਸਿੰਘ, ਜੀਤ ਰਾਮ ਦੋਦੜਾ,ਮਲਕੀਤ ਸਿੰਘ, ਕਸ਼ਮੀਰ ਸਿੰਘ, ਸਨੀਲ ਕੁਮਾਰ,ਆਸਾ ਰਾਮ ਸਹਿਣਾ,ਜੱਗਾ ਸਿੰਘ ਦੱਦਾਹੂਰ,ਅਮਨਦੀਪ ਸਿੰਘ, ਨੇ ਕਿਹਾ ਕਿ ਸਰਕਾਰ ਦੀ ਇਹ ਮੁਲਾਜ਼ਮ ਮਾਰੂ ਨੀਤੀ ਅਤੇ ਵਿਭਾਗ ਦੇ ਨਿਘਾਰ ਨੂੰ ਰੋਕਣ ਲਈ ਹਰ ਹੀਲੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਪੁੱਠਾ ਗੇੜਾ ਦੇਣ ਲਈ ਤਿੱਖੇ ਸੰਘਰਸ਼ ਕੀਤੇ ਜਾਣਗੇ ਜਥੇਬੰਦੀ ਆਗੂਆਂ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ਼ ਪੰਜਾਬ ਯੂ-ਟੀ ਮੁਲਾਜ਼ਮ ਤੇ ਪੈਨਸ਼ਨਰਜ ਸਾਝਾ ਫਰੰਟ ਦੇ ਸੱਦੇ ਤੇ ਜਲੰਧਰ ਲੋਕ ਸਭਾ ਚੋਣ ਵਿੱਚ ਹਲਕੇ ਅੰਦਰ ਝੰਡਾ ਮਾਰਚ ਕੀਤੇ ਕੀਤੇ ਜਾਣੇ ਹਨ ਉਹਨਾਂ ਵਿੱਚ ਫੀਲਡ ਕਾਮੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਤਾਂ ਜੋ ਇਸ ਲੋਕ ਵਿਰੋਧੀ ਫ਼ੈਸਲਿਆਂ ਨੂੰ ਮੋੜਾ ਦਿੱਤਾ ਜਾ ਸਕੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਮੁਨਕਰ ਹੋ ਰਹੀ ਸਰਕਾਰ ਨੂੰ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਯਾਦ ਕਰਵਾਏ ਜਾਣ ।

ਲਿਫ਼ਟਿੰਗ ਦੀ ਸਮੱਸਿਆ: ਐਫ਼.ਸੀ.ਆਈ ਨੇ ‘ਖੁੱਲੇ ਗੋਦਾਮਾਂ ’ ਵਿਚ ਕਣਕ ਲਗਾਉਣ ਦੀ ਦਿੱਤੀ ਖੁੱਲ

ਮੰਡੀਆਂ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਨੂੰ ਦੇਖਦਿਆਂ ਕੇਂਦਰੀ ਖ਼ਰੀਦ ਏਜੰਸੀ ਨੇ ਨਿਯਮਾਂ ’ਚ ਢਿੱਲ ਦਿੰਦਿਆਂ ਹੁਣ ਖੁੱਲੇ ਗੋਦਾਮਾਂ ’ਚ ਵੀ ਕਣਕ ਲਗਾਉਣ ਦੀ ਖੁੱਲ ਦਿੱਤੀ ਹੈ। ਹਾਲਾਂਕਿ ਕਣਕ ਦੀ ਇਹ ਸਟੋਰੇਜ਼ ਸਿਰਫ਼ ਐਫ਼.ਸੀ.ਆਈ ਕੋਲ ਪਹਿਲਾਂ ਤੋਂ ਹੀ ਮੌਜੂਦ ਖੁੱਲੇ ਗੋਦਾਮਾਂ ‘ਚ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ਚ ਲਿਫ਼ਟਿੰਗ ਦੀ ਗੰਭੀਰ ਸਮੱਸਿਆ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਥੋੜੇ ਸਮੇਂ ਲਈ ਕਣਕ ਨੂੰ ਸੂਬਾਈ ਏਜੰਸੀਆਂ ਦੇ ਗੋਦਾਮਾਂ ’ਚ ਵੀ ਲਗਾਉਣ ਦੀ ਇਜ਼ਾਜਤ ਦਿੱਤੀ ਹੈ, ਜਿਸਦੇ ਨਾਲ ਆਉਣ ਵਾਲੇ ਦਿਨਾਂ ‘ਚ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨੂੰ ਲੈ ਕੇ ਬਣੀ ਦਿੱਕਤ ਦੂਰ ਹੋਣ ਦੀ ਸੰਭਾਵਨਾ ਦਿਖ਼ਾਈ ਦੇਣ ਲੱਗੀ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਦਿਨਾਂ ‘ਚ ਮੰਡੀਆਂ ਵਿਚ ਕਣਕ ਦੀ ਆਮਦ ਇਕਦਮ ਹੋ ਗਈ ਹੈ। ਹਾਲਾਂਕਿ ਕਣਕ ਦੀ ਵੱਡੀ ਪੱਧਰ ’ਤੇ ਆਮਦ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਖ਼ਰੀਦ ਦਾ ਕੰਮ ਜੋਰਾਂ-ਸੋਰਾਂ ਨਾਲ ਚੱਲ ਰਿਹਾ ਹੈ ਪ੍ਰੰਤੂ ਲਿਫ਼ਟਿੰਗ ਦੀ ਵੱਡੀ ਦਿੱਕਤ ਬਰਕਰਾਰ ਹੈ। ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਂਡੂ ਖੇਤਰਾਂ ’ਚ ਤਾਂ ਕਿਸਾਨ ਕੱਚੇ ਵਿਚ ਅਪਣੀ ਕਣਕ ਰੱਖਣ ਲਈ ਮਜਬੂਰ ਹਨ। ਖਰੀਦ ਏਜੰਸੀਆਂ ਲਾਲ ਜੁੜੇ ਸੂਤਰਾਂ ਮੁਤਾਬਕ ਇਸਦੇ ਪਿੱਛੇ ਮੁੱਖ ਕਾਰਨ ਐਫ.ਸੀ.ਆਈ ਵਲੋਂ ਜਾਰੀ ਕੀਤੀਆਂ ਨਵੀਆਂ ਹਿਦਾਇਤਾਂ ਹਨ। ਇੰਨ੍ਹਾਂ ਹਿਦਾਇਤਾਂ ਵਿਚ ਪਹਿਲਾਂ ਤਾਂ ਪੰਜਾਬ ਦੀਆਂ ਮੰਡੀਆਂ ਵਿਚੋਂ ਸਿੱਧਾ ਰੇਲ ਗੱਡੀਆਂ ਰਾਹੀਂ ਕਣਕ ਦੂਜੇ ਸੂਬਿਆਂ ’ਚ ਲਿਜਾਣ ਅਤੇ ਖਰੀਦੀ ਕਣਕ ਸਿਰਫ਼ ਐਫ.ਸੀ.ਆਈ ਦੇ ਕਵਰਡ ਗੋਦਾਮਾਂ ’ਚ ਰੱਖਣ ਲਈ ਕਿਹਾ ਗਿਆ ਸੀ। ਸੂਚਨਾ ਮੁਤਾਬਕ ਜ਼ਿਲ੍ਹੇ ਵਿਚ ਐਫ.ਸੀ.ਆਈ ਨਾਲ ਸਬੰਧਤ 20 ਕਵਰਡ ਗੋਦਾਮਾਂ ਵਿਚ ਚਾਰ ਲੱਖ ਚਾਰ ਹਜ਼ਾਰ ਦੇ ਕਰੀਬ ਅਨਾਜ਼ ਸਟੋਰ ਕਰਨ ਦੀ ਸਮਰੱਥਾ ਹੈ। ਇਸੇ ਤਰ੍ਹਾਂ ਸਾਲ 2019 ਵਿਚ ਬਣੇ ਖੁੱਲੇ ਗੋਦਾਮਾਂ ਦੀ ਸਮਰੱਥਾ ਸਿਰਫ਼ 50 ਹਜ਼ਾਰ ਮੀਟਰਕ ਟਨ ਦੱਸੀ ਜਾ ਰਹੀ ਹੈ। ਜਦੋਂਕਿ ਮੰਡੀਆਂ ਵਿਚ ਇਸ ਵਾਰ ਸਾਢੇ 9 ਲੱਖ ਮੀਟਰਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਸਪੈਸ਼ਲਾਂ ਦੀ ਘਾਟ ਅਤੇ ਐਫ..ਸੀ.ਆਈ ਦੀ ਕਵਰਡ ਗੋਦਾਮਾਂ ’ਚ ਅਣਲੋਡਿੰਗ ਦੀ ਸਮੱਸਿਆ ਆਉਣ ਕਾਰਨ ਕਣਕ ਮੰਡੀਆਂ ’ਚ ਹੀ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਤੇ ਇਹ ਸਮੱਸਿਆ ਸ਼ੁਰੂ ਹੋਈ। ਅੰਕੜਿਆਂ ਮੁਤਾਬਕ ਅੱਜ ਸ਼ਾਮ ਤੱਕ ਇਕੱਲੇ ਬਠਿੰਡਾ ਜ਼ਿਲ੍ਹਾ ਦੀਆਂ ਮੰਡੀਆਂ ਵਿਚੋਂ ਪੌਣੇ 6 ਲੱਖ ਮੀਟਰਕ ਟਨ ਦੇ ਕਰੀਬ ਕਣਕ ਦੀ ਖ਼ਰੀਦ ਹੋਈ ਹੈ, ਜਿਸ ਵਿਚੋਂ ਸਿਰਫ਼ ਸਵਾ ਦੋ ਲੱਖ ਮੀਟਰਕ ਟਨ ਦੀ ਚੁਕਾਈ ਹੋ ਸਕੀ ਹੈ। ਜਦੋਂਕਿ ਸਾਢੇ ਤਿੰਨ ਲੱਖ ਮੀਟਰਕ ਕਣਕ ਹਾਲੇ ਤੱਕ ਮੰਡੀਆਂ ਵਿਚ ਪਈ ਹੋਈ ਹੈ। ਜਿਸ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਕਣਕ ਦੀਆਂ ਬੋਰੀਆਂ ਨਾਲ ਭਰ ਗਈਆਂ ਹਨ। ਪੇਂਡੂ ਖੇਤਰਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਜਿਸਦੇ ਕਾਰਨ ਸਰਕਾਰ ਨੇ ਹੁਣ ਸੂਬਾਈ ਏਜੰਸੀਆਂ ਨਾਲ ਜੁੜੇ ਖੁੱਲੇ ਗੋਦਾਮਾਂ ’ਚ ਟ੍ਰਾਂਜਿਟ ਤੌਰ ’ਤੇ ਕਣਕ ਸਟੋਰ ਕਰਨ ਦੇ ਆਦੇਸ਼ ਦਿੱਤੇ ਹਨ। ਇਸਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦਸਿਆ ਕਿ ‘‘ ਸਰਕਾਰ ਦੀਆਂ ਹਿਦਾਇਤਾਂ ਤੋਂ ਬਾਅਦ ਕਣਕ ਦੀ ਲਿਫ਼ਟਿੰਗ ਵਿਚ ਸੁਧਾਰ ਆਉਣ ਦੀ ਉਮੀਦ ਹੈ।’’ ਉਨ੍ਹਾਂ ਦਸਿਆ ਕਿ ਹਾਲੇ ਵੀ ਤਰਜੀਹ ਐਫ.ਸੀ.ਆਈ ਦੇ ਗੋਦਾਮਾਂ ‘ਚ ਅਨਾਜ਼ ਲਗਾਉਣ ਦੀ ਹੈ ਪ੍ਰੰਤੂ ਜ਼ਿਲ੍ਹੇ ਵਿਚ ਇੰਨ੍ਹਾਂ ਗੋਦਾਮਾਂ ਦੀ ਸਮਰੱਥਾ ਤੇ ਕਣਕ ਦੀ ਆਮਦ ਦੀ ਸੰਭਾਵਨਾ ਦੇ ਮੱਦੇਨਜ਼ਰ ਬਚਦੀ ਕਣਕ ਨੂੰ 30 ਜੂਨ ਤੱਕ ਖੁੱਲੇ ਗੋਦਾਮਾਂ ਵਿਚ ਲਗਾਇਆ ਜਾਵੇਗਾ।

ਵਿਕਟੋਰੀਆ ਕਰਾਸ ਜੇਤੂ ਸ਼ਹੀਦ ਨੰਦ ਸਿੰਘ ਦੇ ਬੁੱਤ ਦੀ ਸੋਭਾ ਵਧਾਉਣ ਲੱਗੀਆਂ ਫ਼ੈਂਸੀ ਲਾਈਟਾਂ ਹੋਈ ਗੁੱਲ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਅਣਵੰਡੇ ਬਠਿੰਡਾ ਜ਼ਿਲ੍ਹੇ ਦੇ ਵਾਸੀ ਤੇ ਅੰਗਰੇਜ਼ਾਂ ਦੇ ਸਰਵਉੱਚ ਫ਼ੌਜੀ ਸਨਮਾਨ ਵਿਕਟੋਰੀਆ ਕਰਾਸ ਮੈਡਲ ਦੇ ਜੇਤੂ ਸ਼ਹੀਦ ਜਮਾਂਦਾਰ ਨੰਦ ਸਿੰਘ ਦੇ ਬੁੱਤ ਕੋਲ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚੱਲਦਿਆਂ ਪਿਛਲੇ ਲੰਮੇ ਸਮੇਂ ਤੋਂ ਹਨੇਰਾ ਪਸਰਿਆਂ ਹੋਇਆ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਫ਼ੌਜ ਦੇ ਉਪ ਮੁੱਖੀ ਵਲੋਂ ਕੁੱਝ ਸਮਾਂ ਪਹਿਲਾਂ ਦੁਬਾਰਾ ਸਜ਼ਾਵਟ ਕਰਕੇ ਸੁਸੋਭਿਤ ਕੀਤੇ ਬੁੱਤ ਕੋਲ ਲਗਾਈਆਂ ਫ਼ੈਂਸੀ ਲਾਈਟਾਂ ਸੋਅਪੀਸ਼ ਬਣ ਕੇ ਰਹਿ ਗਈਆਂ ਹਨ। ਇਸ ਸਬੰਧ ਵਿਚ ਸ਼ਹਿਰ ਦੇ ਇੱਕ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ‘ਬੁੱਤ ਕੋਲ ਲਾਈਟਾਂ ਲਗਾਉਣ ਸਬੰਧੀ ਉਸਦੇ ਵਲੋਂ ਦਰਜ਼ਨਾਂ ਵਾਰ ਨਗਰ ਨਿਗਮ ਤੋਂ ਲੈ ਕੇ ਬੀਡੀਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਕਿਸੇ ਵੀ ਅਧਿਕਾਰੀ ਕੋਲ ਸ਼ਹੀਦ ਦੇ ਬੁੱਤ ਵੱਲ ਧਿਆਨ ਦੇਣ ਦਾ ਸਮਾਂ ਨਹੀਂ ਹੈ। ’ ਦਸਦਾ ਬਣਦਾ ਹੈ ਕਿ ਸਹੀਦ ਨੰਦ ਸਿੰਘ ਚੌਕ ਨੂੰ ਪੁਰਾਣੇ ਬੱਸ ਅੱਡੇ ਦੇ ਤੌਰ ’ਤੇ ਵੀ ਜਾਣਿਆਂ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਇੱਥੇ ਸ਼ਹੀਦ ਦੇ ਬੁੱਤ ਵਾਲੀ ਜਗ੍ਹਾਂ ਬਣੇ ਗੋਲ ਚੌਕ ਨੂੰ ਟਰੈਫ਼ਿਕ ਸਮੱਸਿਆ ਦੇ ਚੱਲਦੇ ਛੋਟਾ ਕੀਤਾ ਗਿਆ ਸੀ ਤੇ ਨਾਲ ਹੀ ਬੁੱਤ ਦੇ ਸੁੰਦਰੀਕਰਨ ਲਈ ਇੱਥੇ ਤੋਪਾਂ ਵੀ ਸਜਾਈਆਂ ਗਈਆਂ ਸਨ। ਇਸੇ ਤਰ੍ਹਾਂ ਇੱਥੇ ਰਾਤ ਨੂੰ ਬੁੱਤ ਦੀ ਸੋਭਾ ਵਧਾਉਣ ਲਈ ਫ਼ੈਂਸੀ ਲਾਈਟਾਂ ਵੀ ਲਗਾਈਆਂ ਗਈਆਂ ਸਨ ਪ੍ਰੰਤੂ ਹੁਣ ਇਹ ਲਾਈਟਾਂ ਬੰਦ ਪਈਆਂ ਹੋਈਆਂ ਹਨ। ਸੰਜੀਵ ਗੋਇਲ ਨੇ ਅੱਗੇ ਦਸਿਆ ਕਿ ਉਸਦੇ ਵਲੋਂ ਨਗਰ ਨਿਗਮ ਨੂੰ ਇੱਥੇ ਸ਼ਹੀਦ ਦੇ ਬੁੱਤ ਵਾਲੇ ਚੌਕ ਵਿਚ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਇਕ ਲਾਈਟ ਟਾਵਰ ਲਗਾਉਣ ਦੀ ਅਪੀਲ ਕੀਤੀ ਗਈ ਸੀ ਪ੍ਰੰਤੂ ਉਹ ਵੀ ਲਗਾਇਆ ਨਹੀਂ ਗਿਆ ਹੈ। ਇਹੀਂ ਨਹੀਂ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਪੀਜੀਆਰਐਸ ਪੋਰਟਲ ਉਪਰ ਵੀ ਸ਼ਹੀਦ ਨੰਦ ਸਿੰਘ ਚੌਂਕ ਵਿਖੇ ਲਾਈਟ ਟਾਵਰ ਲਗਾਉਣ ਸਬੰਧੀ ਕਈ ਵਾਰ ਲਿਖਿਆ ਜਾ ਚੁੱਕਾ ਹੈ, ਪਰ ਅਜੇ ਤਕ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਹੈ।

ਬੀ.ਐਫ.ਸੀ.ਐਮ.ਟੀ. ਨੇ ’ਖੋਜ ਪੱਤਰ ਲਿਖਣ ਅਤੇ ਪ੍ਰਕਾਸ਼ਨ’ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਕੀਤਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ’ਖੋਜ ਪੱਤਰ ਲਿਖਣ ਅਤੇ ਪ੍ਰਕਾਸ਼ਨ’ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦੇ ਸਰੋਤ ਵਿਅਕਤੀ ਡਾ. ਭਾਰਤੀ ਅਤੇ ਸ੍ਰੀ ਸੋਹੇਲ ਵਰਮਾ ਸਨ। ਇਹ ਵਰਕਸ਼ਾਪ ਆਮ ਤੌਰ ’ਤੇ ਐਮ.ਬੀ.ਏ.ਦੇ ਵਿਦਿਆਰਥੀਆਂ ਲਈ ਕਰਵਾਈ ਗਈ ਸੀ ਜੋ ਖੋਜ ਪੱਤਰ ਲਿਖਣ ਅਤੇ ਪ੍ਰਕਾਸ਼ਿਤ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਇਸ ਵਰਕਸ਼ਾਪ ਵਿੱਚ ਕਈ ਤਰ੍ਹਾਂ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਜਿਵੇਂ ਕਿ ਸੰਕਲਪਿਕ ਖੋਜ ਪੱਤਰ ਲਿਖਣਾ, ਡਾਟਾ ਸੰਗ੍ਰਹਿ, ਸੂਚਕਾਂਕ, ਜਰਨਲ ਪ੍ਰਭਾਵ ਫੈਕਟਰ ਆਦਿ। ਪਹਿਲੇ ਦਿਨ ਡਾ. ਭਾਰਤੀ ਨੇ ਚਰਚਾ ਕੀਤੀ ਕਿ ਇੱਕ ਸ਼ੁਰੂਆਤੀ ਵਜੋਂ ਖੋਜ ਪੱਤਰ ਕਿਵੇਂ ਲਿਖਣਾ ਹੈ । ਉਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੱਕ ਖੋਜ ਪੱਤਰ ਨੂੰ ਇੱਕ ਖ਼ਾਸ ਪ੍ਰਕਿਰਿਆ ਦੀ ਪਾਲਨਾ ਕਰਨੀ ਚਾਹੀਦੀ ਹੈ ਜਿਸ ਵਿੱਚ ਡਾਟਾ ਇਕੱਠਾ ਕਰਨ, ਵਿਸ਼ਲੇਸ਼ਣ ਅਤੇ ਬਿਬਲਿਓਗ੍ਰਾਫੀ ਸ਼ਾਮਲ ਹੁੰਦੀ ਹੈ। ਦੂਜੇ ਦਿਨ ਸ੍ਰੀ ਸੋਹੇਲ ਨੇ ਦੱਸਿਆ ਕਿ ਪੇਪਰਾਂ ਲਈ ਸਹੀ ਜਰਨਲ ਕਿਵੇਂ ਲੱਭਿਆ ਜਾਵੇ ਅਤੇ ਕਿਵੇਂ ਪਹੁੰਚਿਆ ਜਾਵੇ। ਉਸ ਨੇ ਇਹ ਵੀ ਦੱਸਿਆ ਕਿ ਸਾਹਿੱਤਕ ਚੋਰੀ (ਪਲੇਗਰਿਜ਼ਮ), ਜਰਨਲ ਇਫੈਕਟ ਫੈਕਟਰ ਅਤੇ ਜਰਨਲ ਇੰਡੈਕਸਿੰਗ ਨੂੰ ਕਿਵੇਂ ਚੈੱਕ ਕਰਨਾ ਹੈ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਵੀ ਸਰਗਰਮੀ ਨਾਲ ਭਾਗ ਲਿਆ। ਅੰਤ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਸ਼੍ਰੀਮਤੀ ਭਾਵਨਾ ਖੰਨਾ ਨੇ ਮਹਿਮਾਨ ਬੁਲਾਰੇ ਦੀ ਸ਼ਲਾਘਾ ਕੀਤੀ ਅਤੇ ਇਹ ਵਰਕਸ਼ਾਪ ਦੇਣ ਲਈ ਧੰਨਵਾਦ ਕੀਤਾ। ਬੀ.ਐਫ.ਸੀ.ਐਮ.ਟੀ. ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਅਤੇ ਡੀਨ ਅਕਾਦਮਿਕ ਮਾਮਲੇ ਸ਼੍ਰੀਮਤੀ ਨੀਤੂ ਸਿੰਘ ਨੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਸੈਸ਼ਨ ਆਯੋਜਿਤ ਕਰਨ ਦੀ ਸ਼ਲਾਘਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮਹੀਨਾਵਾਰ ਸਮੀਖਿਆ ਬੈਠਕ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਕੋਲੋਂ ਜਿੱਥੇ ਮਹੀਨੇ ਦੌਰਾਨ ਕੀਤੇ ਗਏ ਕਾਰਜਾਂ ਨੂੰ ਵਾਚਿਆ ਉੱਥੇ ਹੀ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਐਸਡੀਐਮਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ ਤੇ ਪੁਰਾਣੇ ਚੱਲ ਰਹੇ ਕੇਸਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ 2 ਸਾਲ ਤੋਂ ਪਹਿਲਾਂ ਵਾਲੇ ਕੇਸਾਂ ਦੀ 30 ਜੂਨ ਤੱਕ ਰਿਕਵਰੀ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਇੰਤਕਾਲ ਪੈਡਿੰਗ ਨਾ ਰਹਿਣ ਦਿੱਤਾ ਜਾਵੇ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਕਾਇਆ ਨਿਸ਼ਾਨਦੇਹੀਆਂ ਦੇ ਕੰਮ ਨੂੰ ਜਲਦ ਨੇਪਰੇ ਚਾੜਨਾਂ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਮੇਰਾ ਘਰ ਮੇਰਾ ਨਾਮ ਸਬੰਧੀ ਵੀ ਚਰਚਾ ਕੀਤੀ। ਇਸ ਉਪਰੰਤ ਡਿਪਟੀ ਕਮਿਸ਼ਨਰ ਸ਼?ਰੀ ਸ਼ੌਕਤ ਅਹਿਮਦ ਪਰੇ ਨੇ ਸਿੱਖਿਆ ਵਿਕਾਸ ਕਮੇਟੀ ਅਤੇ ਰੋਡ ਸੇਫ਼ਟੀ ਸਬੰਧੀ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਸਕੂਲਾਂ ਦੀ ਮੌਜੂਦਾ ਸਥਿਤੀ, ਮਿਡ ਡੇ ਮੀਲ, ਬੱਚਿਆਂ ਦੀ ਵਰਦੀਆਂ ਆਦਿ ਦੇ ਮੱਦੇਨਜ਼ਰ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਟਰੈਫ਼ਿਕ ਪੁਲਿਸ ਅਤੇ ਨੈਸ਼ਨਲ ਹਾਈਵੇ (ਐਨਐਚਆਈ) ਦੇ ਅਧਿਕਾਰੀਆਂ ਨੂੰ ਸਾਂਝੇ ਤੌਰ ਤੇ ਰੋਡ ਐਕਸੀਡੈਂਟ ਦਾ ਕਾਰਨ ਬਨਣ ਵਾਲੇ ਸਥਾਨਾਂ ਦਾ ਸਰਵੇ ਕਰਕੇ ਐਕਸੀਡੈਂਟਾਂ ਨੂੰ ਰੋਕਣ ਲਈ ਯੋਗ ਯਤਨ ਆਰੰਭੇ ਜਾਣ। ਇਸ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ, ਸਿਖਲਾਈ ਅਧੀਨ ਆਈਏਐਸ ਮੈਡਮ ਮਾਨਸੀ, ਆਰਟੀਏ ਰਾਜਦੀਪ ਸਿੰਘ ਬਰਾੜ, ਐਸਡੀਐਮ ਬਠਿੰਡਾ ਵਰਿੰਦਰ ਸਿੰਘ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਰਾਮਪੁਰਾ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਜਨਰਲ ਪੰਕਜ, ਜ਼ਿਲ੍ਹਾ ਮਾਲ ਅਫ਼ਸਰ ਬਲਕਰਨ ਸਿੰਘ ਮਾਹਲ, ਤਹਿਸੀਲਦਾਰ ਬਠਿੰਡਾ ਬੇਅੰਤ ਸਿੰਘ, ਜ਼ਿਲ੍ਹਾ ਟਰੈਫ਼ਿਕ ਇੰਚਾਰਜ ਅਮਰੀਕ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਨਾ ਆਉਣ ਦਿੱਤੀ ਜਾਵੇ ਕੋਈ ਵੀ ਸਮੱਸਿਆ : ਡਿਪਟੀ ਕਮਿਸ਼ਨਰ

0

ਸੂਬਾ ਸਰਕਾਰ ਦੇ ਦਿੱਤੇ ਟੀਚੇ ਪੂਰੇ ਕਰਨ ਦੀ ਕੀਤੀ ਹਦਾਇਤ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਉਣ ਦਿੱਤੀ ਜਾਵੇ ਅਤੇ ਲੋਕਾਂ ਨੂੰ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਦੇਣਾ ਯਕੀਨੀ ਬਣਾਇਆ ਜਾਵੇ। ਇਹ ਹਿਦਾਇਤਾਂ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਸਿਹਤ ਵਿਭਾਗ ਦੇ ਮਾਰਚ ਮਹੀਨੇ ਦੌਰਾਨ ਸਿਹਤ ਪ੍ਰੋਗਰਾਮਾਂ ਤੇ ਰਿਪੋਰਟਾਂ ਸਬੰਧੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੇ ਦਿੱਤੇ ਹੋਏ ਟੀਚਾ ਪੂਰੇ ਕਰਨ ਦੀ ਹਦਾਇਤ ਕੀਤੀ ਅਤੇ ਨਾਲ ਹੀ ਟੀਕਾਕਰਣ, ਪਰਿਵਾਰ ਨਿਯੋਜਨ, ਆਈਡੀਐਸਪੀ, ਐਨਵੀਬੀਡੀਸੀਪੀ, ਟੀਬੀ, ਨਸ਼ਾ ਛੁਡਾਊ ਕੇਂਦਰ, ਤੰਬਾਕੂ ਕੰਟਰੋਲ, ਫੂਡ ਸੈਂਪਲਿੰਗ, ਕੋਰੋਨਾ, ਡਰੱਗ ਬ੍ਰਾਂਚ ਅਤੇ ਹੋਰ ਪ੍ਰੋਗਰਾਮਾਂ ਤੋਂ ਇਲਾਵਾ ਵਿਸ਼ਵ ਮਲੇਰੀਆ ਦਿਵਸ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਵੀ ਵਿਚਾਰ-ਵਿਟਾਂਦਰਾ ਕਰਦਿਆਂ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੌਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ, ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਡਾ ਰੋਜ਼ੀ ਅਗਰਵਾਲ, ਡਾ. ਮਯੰਕਜੋਤ ਸਿੰਘ, ਡਾ ਰੂਪਾਲੀ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਐਨਐਚਐਮ ਸਟਾਫ਼ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਵਿਜੀਲੈਂਸ ਵਲੋਂ ਤਹਿਸੀਲਦਾਰ ਦਾ ਬਿੱਲ ਕਲਰਕ ਰਿਸ਼ਵਤ ਲੈਂਦਾ ਗ੍ਰਿਫਤਾਰ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਵਿਜੀਲੈਂਸ ਬਿਊਰੋ ਵੱਲੋ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਤਹਿਤ ਮੰਗਲਵਾਰ ਨੂੰ ਤਹਿਸੀਲਦਾਰ ਦਫਤਰ ਤਲਵੰਡੀ ਸਾਬੋ ਦੇ ਬਿੱਲ ਕਲਰਕ ਹਰਜੀਤ ਸਿੰਘ ਨੂੰ 4500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਗੁਰਸੇਵਕ ਸਿੰਘ ਵਾਸੀ ਜਗਾ ਰਾਮ ਤੀਰਥ ਵੱਲੋਂ ਕੀਤੀ ਗਈ ਸਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਗੁਰਸੇਵਕ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਬਿੱਲ ਕਲਰਕ ਹਰਜੀਤ ਸਿੰਘ ਨੇ ਉਸਦੇ ਵਿਆਹ ਦਾ ਸਰਟੀਫਿਕੇਟ ਬਣਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰੰਤੂ ਉਸ ਵੱਲੋਂ ਮਿੰਨਤ ਤਰਲਾ ਕਰਨ ਤੇ ਉਹ 6000 ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਅਤੇ 1500 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਬਾਕੀ ਰਹਿੰਦੀ ਰਿਸ਼ਵਤ ਦੀ ਰਕਮ ਲੈਣ ਲਈ ਮੰਗ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਜਾਲ ਵਿਛਾਇਆ ਤੇ ਉਕਤ ਮੁਲਜਮ ਨੂੰ ਸ਼ਿਕਾਇਤਕਰਤਾ ਕੋਲੋਂ ਦੂਜੀ ਕਿਸ਼ਤ ਵਜੋਂ 4500 ਰੁਪਏ ਦੀ ਰਿਸ਼ਵਤ ਹਾਸਲ ਕਰਦਿਆ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।