Home Blog Page 2130

ਬਾਦਲ ਪ੍ਰਵਾਰ ਦੇ ਜੱਦੀ ਖੇਤ ’ਚ ਕੀਤਾ ਜਾਵੇਗਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ

0

ਦੋ ਏਕੜ ਕਿੰਨੂਆਂ ਦੇ ਬਾਗ ਵਾਲੀ ਜਗ੍ਹਾਂ ਨੂੰ ਸਾਫ਼ ਕਰਕੇ ਬਣਾਇਆ ਥੜਾ
ਸੁਖਜਿੰਦਰ ਮਾਨ
ਬਾਦਲ(ਬਠਿੰਡਾ), 26 ਅਪ੍ਰੈਲ : ਕਿਸਾਨਾਂ ਦੇ ਮਸੀਹਾਂ ਤੇ ਖੇਤਾਂ ਦੇ ਪੁੱਤ ਆਦਿ ਤਖੱਲਸ ਨਾਲ ਬੁਲਾਏ ਜਾਂਦੇ ਰਹੇ ਮਹਰੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਆਖ਼ਰੀ ਸਮੇਂ ਉਨ੍ਹਾਂ ਦੇ ਜੱਦੀ ਖੇਤਾਂ ’ਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਪੂਰੇ ਬਾਦਲ ਪ੍ਰਵਾਰ ਦੇ ਹਰ ਮੈਂਬਰ ਦਾ ਅੰਤਿਮ ਸੰਸਕਾਰ ਪਿੰਡ ਦੀ ਅਨਾਜ਼ ਮੰਡੀ ਨਜਦੀਕ ਬਣੇ ਸ਼ਮਸਾਨਘਾਟ ਵਿਚ ਕਰਦੇ ਰਹੇ ਬਾਦਲ ਪ੍ਰਵਾਰ ਨੇ ਹੁਣ ਸ: ਬਾਦਲ ਦਾ ਅੰਤਿਮ ਸੰਸਕਾਰ ਅਪਣੇ ਖੇਤਾਂ ’ਚ ਕਰਨ ਦਾ ਫੈਸਲਾ ਲਿਆ ਹੈ। ਇਸਦੇ ਲਈ ਬਾਦਲ-ਲੰਬੀ ਰੋਡ ਉਪਰ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਥੋੜਾ ਅੱਗੇ ਪ੍ਰਵਾਰ ਦੇ ਸੜਕ ਉਪਰ ਸਥਿਤ ਖੇਤ ਨੂੰ ਚੁਣਿਆ ਗਿਆ ਹੈ। ਇਸਦੇ ਲਈ ਅੱਜ ਸਵੇਰ ਤੋਂ ਜੇ.ਸੀ.ਬੀ ਮਸੀਨਾਂ ਤੇ ਟਰੈਕਟਰਾਂ ਦੀ ਮੱਦਦ ਦੇ ਨਾਲ ਦੋ ਏਕੜ ਕਿੰਨੂਆਂ ਦੇ ਬਾਗ ਨੂੰ ਸਾਫ਼ ਕਰਕੇ ਇੱਥੇ ਇੱਟਾਂ ਦਾ ਇੱਕ 50 ਗੁਣਾ 30 ਫੁੱਟ ਦਾ ਕਰੀਬ ਪੰਜ ਫੁੱਟ ਉੱਚਾ ਥੜਾ ਬਣਾਇਆ ਜਾ ਰਿਹਾ ਸੀ। ਪ੍ਰਵਰਾਕ ਮੈਂਬਰਾਂ ਮੁਤਾਬਕ ਮਹਰੂਮ ਆਗੂ ਦਾ ਇੱਥੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਵਾਰ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਇੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਪ੍ਰਵਾਰਕ ਮੈਂਬਰ ਬੌਬੀ ਬਾਦਲ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦਸਿਆ ਕਿ ‘‘ ਪ੍ਰਵਾਰ ਵਲੋਂ ਸ: ਬਾਦਲ ਦਾ ਅੰਤਿਮ ਸੰਸਕਾਰ ਅਪਣੇ ਖੇਤ ਵਿਚ ਕਰਨ ਦਾ ਫੈਸਲਾ ਲਿਆ ਸੀ, ਜਿਸਦੇ ਲਈ ਕਿੰਨੂ ਦੇ ਬਾਗ ਨੂੰ ਵੀ ਹਟਾਇਆ ਗਿਆ ਤੇ ਇੱਥੇ ਸੰਸਕਾਰ ਲਈ ਵੱਡਾ ਥੜਾ ਵੀ ਬਣਾਇਆ ਜਾ ਰਿਹਾ। ’’ ਜਿਕਰ ਕਰਨਾ ਬਣਦਾ ਹੈ ਕਿ 11 ਦਫ਼ਾ ਵਿਧਾਇਕ, ਪੰਜ ਵਾਰ ਮੁੱਖ ਮੰਤਰੀ ਤੇ ਇੱਕ ਦਫ਼ਾ ਕੇਂਦਰੀ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਖੇਤਾਂ ਤੇ ਖੇਤੀ ਨਾਲ ਕਾਫ਼ੀ ਮੋਹ ਰਿਹਾ ਹੈ, ਜਿਸਦੇ ਕਾਰਨ ਵੀ ਪ੍ਰਵਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ। ਉਧਰ ਭਲਕੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡ ਬਾਦਲ ਵਿਖੇ ਮੌਜੂਦ ਪ੍ਰਵਾਰ ਦੇ ਰਿਸ਼ਤੇਦਾਰਾਂ ਅਤੇ ਨਜਦੀਕੀਆਂ ਵਲੋਂ ਸਾਰਾ ਦਿਨ ਇੰਤਜਾਮ ਕੀਤੇ ਜਾਂਦੇ ਰਹੇ। ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਤੇ ਐਸ.ਐਸ.ਪੀ ਸਹਿਤ ਵੱਡੇ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਰਹੇ। ਅਧਿਕਾਰੀਆਂ ਮੁਤਾਬਕ ਸ: ਬਾਦਲ ਦੀ ਅੰਤਿਮ ਵਿਦਾਈ ਮੌਕੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਤੇ ਵੀਵੀਆਈਪੀ ਦੀ ਆਮਦ ਵੀ ਦੇਸ਼ ਭਰ ਤੋਂ ਹੋਣੀ ਹੈ, ਜਿਸਦੇ ਚੱਲਦੇ ਸੁਰੱਖਿਆ ਤੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਚੱਲਦਾ ਰੱਖਣ ਲਈ ਅੱਜ ਤਿਆਰੀਆਂ ਕੀਤੀਆਂ ਗਈਆਂ ਹਨ।

ਬਾਕਸ
ਭਗਵੰਤ ਮਾਨ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਜਣ ਦੀ ਸੰਭਾਵਨਾ
ਕੇਂਦਰ ਵਿਚੋਂ ਵੀ ਕਈ ਮੰਤਰੀ ਅੰਤਿਮ ਸੰਸਕਾਰ ਮੌਕੇ ਰਹਿਣਗੇ ਹਾਜ਼ਰ
ਬਾਦਲ: ਦੇਰ ਸ਼ਾਮ ਮਿਲੀ ਸੂਚਨਾ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਕਈ ਸੂਬਿਆਂ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਰਾਜਪਾਲ ਅਤੇ ਕੇਂਦਰ ਵਿਚੋਂ ਕਈ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਆਉਣਗੇ। ਇਸਦੇ ਲਈ ਪ੍ਰਸ਼ਾਸਨ ਵਲੋਂ ਬਕਾਇਦਾ ਤਿਆਰੀਆਂ ਕੀਤੀਆਂ ਜਾ ਰਹੀ ਹਨ। ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰਨਾਂ ਵੀਵੀਆਈਪੀ ਦੇ ਹੈਲੀਕਾਪਟਰਾਂ ਲਈ ਪਿੰਡ ਬਾਦਲ ਦੇ ਵੱਖ ਵੱਖ ਸਕੂਲਾਂ ਵਿਚ ਹੈਲੀਪੇਡ ਬਣਾਏ ਗਏ ਹਨ।

ਬਾਦਲ ਪਿੰਡ ਦੇ ਲੋਕਾਂ ਨੇ ਕਿਹਾ, ਹਮੇਸ਼ਾ ਦਿਲਾਂ ’ਚ ਧੜਕਦਾ ਰਹੇਗਾ ਪ੍ਰਕਾਸ਼ ਸਿੰਘ ਬਾਦਲ

0

ਪਿੰਡ ’ਚ ਬਾਦਲ ਪ੍ਰਵਾਰ ਦੇ ਜੱਦੀ ਖੇਤਾਂ ’ਚ ਅੱਜ ਕੀਤਾ ਜਾਵੇਗਾ ਅੰਤਿਮ ਸੰਸਕਾਰ
ਸੁਖਜਿੰਦਰ ਮਾਨ
ਬਾਦਲ(ਬਠਿੰਡਾ), 26 ਅਪ੍ਰੈਲ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਵਿਚੋਂ ਚਲੇ ਜਾਣ ਦੇ ਬਾਵਜੂਦ ਅਪਣੇ ਜੱਦੀ ਪਿੰਡ ਦੇ ਲੋਕਾਂ ਦੇ ਦਿਲਾਂ ’ਚ ਧੜਕਦੇ ਦਿਖ਼ਾਈ ਦਿੱਤੇ। ਬੇਸ਼ੱਕ ਉਨ੍ਹਾਂ ਦੀ ਮ੍ਰਿਤਕ ਦੇਹ ਦੇਰ ਸ਼ਾਮ ਪਿੰਡ ਵਿਚ ਪੁੱਜੀ ਪਰ ਸਵੇਰ ਤੋਂ ਹੀ ਸੋਗ ਦੀ ਲਹਿਰ ਸੀ। ਉਨ੍ਹਾਂ ਨੂੰ ਚਾਹੁਣ ਵਾਲੇ ਤੇ ਇੱਥੋਂ ਤੱਕ ਦੂਜੀਆਂ ਪਾਰਟੀਆਂ ਦੇ ਹਿਮਾਇਤੀ ਵਰਕਰ ਵੀ ਅਪਣੇ ਪਿੰਡ ਦਾ ਨਾਂ ਪੂਰੀ ਦੁਨੀਆਂ ’ਚ ਰੋਸ਼ਨ ਕਰਨ ਵਾਲੇ ਮਹਰੂਮ ਆਗੂ ਨੂੰ ਯਾਦ ਕਰਦੇ ਦਿਖ਼ਾਈ ਦਿੱਤੇ। ਬਠਿੰਡਾ ਨਾਲ ਲੱਗਦੀ ਹੱਦ ’ਤੇ ਵਸੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਸ ਆਖ਼ਰੀ ਪਿੰਡ ਦੀ ਕਈ ਦਹਾਕਿਆਂ ਤੱਕ ਪੂਰੀ ਸਿਆਸੀ ਚਮਕ-ਦਮਕ ਕਾਇਮ ਰਹੀ ਹੈ। ਪਿੰਡ ਦੇ ਵਿਚ ਕੋਈ ਅਜਿਹੀ ਚੀਜ਼ ਨਹੀਂ, ਜੋ ਕਿਸੇ ਵੱਡੇ ਸ਼ਹਿਰ ਵਿਚ ਉਪਲਬਧ ਹੋਵੇ। 1950 ਵਿਚ ਇਸੇ ਪਿੰਡ ਦੀ ਸਰਪੰਚੀ ਤੋਂ ਅਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸ: ਬਾਦਲ ਨੂੰ ਵਾਰ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਵੀ ਅਪਣੇ ਪਿੰਡ ਦੇ ਲੋਕਾਂ ਨਾਲ ਅੰਤਾਂ ਦਾ ਮੋਹ ਸੀ, ਜਿਹੜਾ ਅੱਜ ਇਸ ਪਿੰਡ ਦੇ ਲੋਕਾਂ ਦੇ ਉਦਾਸ ਚੇਹਰਿਆਂ ਤੋਂ ਸਾਫ਼ ਪੜਿਆ ਜਾ ਰਿਹਾ ਸੀ। ਕਿਸਾਨਾਂ ਤੇ ਮਸੀਹਾਂ ਅਤੇ ਖੇਤਾਂ ਦੇ ਪੁੱਤ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਜੱਦੀ ਖੇਤਾਂ ’ਚ ਅਰਥੀ ਤਿਆਰ ਕਰਵਾ ਰਹੇ ਪਿੰਡ ਦੇ ਪੰਚਾਇਤ ਮੈਂਬਰ ਨਛੱਤਰ ਸਿੰਘ ਨੇ ਅੱਖਾਂ ਭਰਦਿਆਂ ਕਿਹਾ ਕਿ ‘‘ ਅੱਜ ਪਿੰਡ ਦੇ ਲੋਕ ਖੁਦ ਲਾਵਾਰਿਸ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅੱਜ ਉਨ੍ਹਾਂ ਦਾ ਖੁਦਾ ਨਹੀਂ ਰਿਹਾ। ’’ ਨਛੱਤਰ ਸਿੰਘ ਨੇ ਅੱਗੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਬਾਦਲ ਸਾਹਿਬ ਉਪਰ ਐਨਾ ਮਾਣ ਸੀ ਕਿ ਉਹਨ੍ਹਾਂ ਦੇ ਬਿਨ੍ਹਾਂ ਕਹਿਣ ਤੋਂ ਹੀ ਪਿੰਡ ’ਚ ਹਰ ਸਹੂਲਤ ਉਪਲਬਧ ਹੋ ਜਾਂਦੀ ਸੀ। ਉਨ੍ਹਾਂ ਦਸਿਆ ਕਿ ਸ: ਬਾਦਲ ਨੂੰ ਪਿੰਡ ਅਤੇ ਇੱਥੋਂ ਦੇ ਲੋਕਾਂ ਨਾਲ ਇੰਨ੍ਹਾਂ ਪਿਆਰ ਸੀ ਕਿ ਇੱਥੇ ਕੋਈ ਅਜਿਹੀ ਸ਼ੈਅ ਨਹੀਂ ਸੀ ਜੋ ਉਨ੍ਹਾਂ ਨਾਂ ਲਿਆਂਦੀ ਹੋਵੇ। ਮਹਰੂਮ ਬਾਦਲ ਦੇ ਭਤੀਜ਼ੇ ਜੋਗਿੰਦਰ ਸਿੰਘ ਨੇ ਸਪੋਕਸਮੈਨ ਨੂੰ ਦਸਿਆ ਕਿ ‘‘ ਠਰੰਮੇ ਤੇ ਸਬਰ ਇੰਨ੍ਹਾਂ ਜਿਆਦਾ ਸੀ ਕਿ 45 ਸਾਲ ਪ੍ਰਕਾਸ਼ ਸਿੰਘ ਬਾਦਲ ਦੇ ਨਜਦੀਕ ਵਿਚਰਨ ਦੇ ਬਾਵਜੂਦ ਅਖ਼ੀਰ ਤੱਕ ਕਦੇ ਉਨ੍ਹਾਂ ਦੇ ਮੁੱਖ ਤੋਂ ਗੁੱਸਾ ਨਹੀਂ ਝਲਕਿਆ ਸੀ। ਉਨ੍ਹਾਂ ਇਹ ਵੀ ਗਿਲਾ ਜ਼ਾਹਰ ਕੀਤਾ ਕਿ ਹਰ ਇੱਕ ਦੀ ਸੁੱਖ ਭਾਲਣ ਵਾਲੇ ਸ: ਬਾਦਲ ਦੀ ਸਖ਼ਸੀਅਤ ਨੂੰ ਕੁੱਝ ਲੋਕਾਂ ਨੇ ਧੱਬਾ ਲਗਾਉਣ ਦਾ ਯਤਨ ਕੀਤਾ। ਬਾਦਲ ਪ੍ਰਵਾਰ ਦੀ ਹਵੇਲੀ ਅੱਗੇ ਅੱਖਾਂ ਵਿਚੋਂ ਹੰਝੂ ਵਹਾ ਰਹੇ ਉਨ੍ਹਾਂ ਦੇ ਨਾਨਕੇ ਪਿੰਡ ਲਾਲਬਾਈ ਦੇ ਸੁਖਵਿੰਦਰ ਸਿੰਘ ਮਾਨ ਨੇ ਦਸਿਆ ਕਿ ‘‘ ਪੰਥ ਤੇ ਦੇਸ ਨਾਲ ਸ: ਬਾਦਲ ਨੂੰ ਪਹਿਲਾਂ ਤੋਂ ਹੀ ਪਿਆਰ ਸੀ। ’’ ਉਨ੍ਹਾਂ ਮਹਰੂਮ ਆਗੂ ਦੇ ਕਾਲਜ਼ ਦਿਨਾਂ ਦੀ ਇੱਕ ਘਟਨਾ ਦਸਦਿਆਂ ਕਿਹਾ ਕਿ ‘‘ ਜਦ ਪ੍ਰਕਾਸ਼ ਸਿੰਘ ਬਾਦਲ ਲਾਹੌਰ ਦੇ ਫ਼ੌਰਮੇਨ ਕਾਲਜ਼ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੇਤਾ ਸਿੰਘ ਫ਼ੀਸ ਲੈ ਕੇ ਲਾਹੌਰ ਗਏ ਪਰ ਉਸ ਦੌਰਾਨ ਦੇਸ਼ ਦੀ ਅਜਾਦੀ ਦੀ ਜੰਗ ਆਖ਼ਰੀ ਦੌਰ ਵਿਚ ਚੱਲ ਰਹੀ ਸੀ। ਇਸ ਦੌਰਾਨ ਉੱਘੇ ਪੰਥਕ ਆਗੂ ਗਿਆਨੀ ਕਰਤਾਰ ਸਿੰਘ ਨਾਲ ਨੌਜਵਾਨ ਪ੍ਰਕਾਸ਼ ਸਿੰਘ ਦਾ ਤਾਲਮੇਲ ਬਣਿਆ ਹੋਇਆ ਸੀ, ਜਿੰਨ੍ਹਾਂ ਦਸਿਆ ਸੀ ਕਿ ਪਾਰਟੀ ਲਈ ਪੈਸਿਆਂ ਦੀ ਜਰੂਰਤ ਹੈ ਤੇ ਜਦ ਪ੍ਰਕਾਸ਼ ਸਿੰਘ ਕੋਲ ਫ਼ੀਸ ਪੁੱਜੀ ਤਾਂ ਉਨ੍ਹਾਂ ਉਹ ਸਾਰੀ ਫ਼ੀਸ ਗਿਆਨੀ ਕਰਤਾਰ ਸਿੰਘ ਨੂੰ ਦੇ ਦਿੱਤੀ ਤੇ ਨਾਲ ਹੀ ਉਨ੍ਹਾਂ ਦੇ ਪਿਤਾ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਇਹ ਗੱਲ ਉਸਦੇ ਪਿਤਾ ਸ: ਰਘੂਰਾਜ ਸਿੰਘ ਨੂੰ ਨਾ ਦੱਸਣ, ਬਲਕਿ ਉਸਦੀ ਮਾਤਾ ਜੀ ਨੂੰ ਮਿਲ ਕੇ ਦੁਬਾਰਾ ਫ਼ੀਸ ਲਿਆਉਣ ਲਈ ਕਿਹਾ। ਇਸੇ ਤਰ੍ਹਾਂ ਬਾਦਲ ਪ੍ਰਵਾਰ ਦੇ ਨਾਲ ਦਹਾਕਿਆਂ ਤੋਂ ਪੀੜੀ ਦਰ ਪੀੜੀ ਵਰਤਣ ਵਾਲੇ ਅਕਾਲੀ ਵਰਕਰ ਰਣਯੋਧ ਸਿੰਘ ਲੰਬੀ ਨੇ ਵੀ ਸ: ਬਾਦਲ ਦੀ ਮੌਤ ਨੂੰ ਹਲਕਾ ਲੰਬੀ ਦੇ ਵਰਕਰਾਂ ਲਈ ਇੱਕ ਵੱਡਾ ਸਦਮਾ ਕਰਾਰ ਦਿੰਦਿਆਂ ਕਿਹਾ ਕਿ ‘‘ ਪ੍ਰਕਾਸ਼ ਸਿੰਘ ਬਾਦਲ ਲਈ ਇਕੱਲਾ ਬਾਦਲ ਪ੍ਰਵਾਰ ਨਹੀਂ, ਬਲਕਿ ਪੂਰਾ ਹਲਕਾ ਹੀ ਪਰਿਵਾਰ ਦੀ ਤਰ੍ਹਾਂ ਸੀ ਤੇ ਹਲਕੇ ਦੇ ਲੋਕ ਜਦ ਚਾਹੁੰਣ ਉਨ੍ਹਾਂ ਕੋਲ ਪਹੁੰਚ ਜਾਂਦੇ ਸਨ ਤੇ ਬੇਝਿਜਕ ਹੋ ਕੇ ਕੰਮ ਕਰਵਾ ਲੈਂਦੇ ਸਨ। ’’ ਪਿੰਡ ਬਾਦਲ ਦੇ ਅਵਤਾਰ ਸਿੰਘ ਨੇ ਵੀ ਸ: ਬਾਦਲ ਵਲੋਂ ਪਿੰਡ ’ਚ ਕਰਵਾਏ ਵਿਕਾਸ ਕੰਮਾਂ ਨੂੰ ਯਾਦ ਕਰਦਿਆਂ ਦਸਿਆ ਕਿ ਉਨ੍ਹਾਂ ਦੀ ਖੁਦ ਤਮੰਨਾ ਹੁੰਦੀ ਸੀ ਕਿ ਮੇਰੇ ਪਿੰਡ ’ਚ ਹਰ ਸੁੱਖ ਸਹੂਲਤ ਹੋਵੇ, ਜਿਸਦੇ ਚੱਲਦੇ ਜਦ ਵੀ ਉਹ ਮੁੱਖ ਮੰਤਰੀ ਬਣਦੇ, ਪਿੰਡ ਦੇ ਲਈ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਸਨ।

ਮੁੱਖ ਮੰਤਰੀ ਨੇ ਸ਼ਹੀਦ ਸਿਪਾਹੀ ਸੇਵਕ ਸਿੰਘ ਦੇ ਪਰਿਵਾਰ ਨੂੰ ਵਿੱਤੀ ਮਦਦ ਵਜੋਂ ਇਕ ਕਰੋੜ ਰੁਪਏ ਦਾ ਸੌਂਪਿਆ ਚੈੱਕ

0

ਸ਼ਹੀਦ ਦੇ ਮਹਾਨ ਬਲੀਦਾਨ ਸਾਹਮਣੇ ਇਸ ਮਾਲੀ ਮਦਦ ਨੂੰ ਸੂਬਾ ਸਰਕਾਰ ਦੀ ਇਕ ਨਿਮਾਣੀ ਜਿਹੀ ਪਹਿਲਕਦਮੀ ਦੱਸਿਆ
ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਸੇਵਕ ਸਿੰਘ ਦੇ ਨਾਮ ਤੇ ਰੱਖਣ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ , 26 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ-ਕਸ਼ਮੀਰ ਦੇ ਪੁਣਛ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਸਿਪਾਹੀ ਸੇਵਕ ਸਿੰਘ ਦੇ ਪਰਿਵਾਰ ਨੂੰ ਵਿੱਤੀ ਮਦਦ ਤਹਿਤ ਬੁੱਧਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹੀਦ ਸੇਵਕ ਸਿੰਘ ਦੀ ਤਸਵੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਲਿਊਟ ਵੀ ਕੀਤਾ। ਸ਼ਹੀਦ ਦੇ ਜੱਦੀ ਪਿੰਡ ਵਿਖੇ ਉਸ ਦੇ ਘਰ ਪੁੱਜੇ ਮੁੱਖ ਮੰਤਰੀ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੇ ਪਰਿਵਾਰ ਨੂੰ ਸਤਿਕਾਰ ਵਜੋਂ ਇਕ ਕਰੋੜ ਰੁਪਏ ਦੀ ਮਾਲੀ ਮਦਦ ਦਾ ਚੈੱਕ ਸੌਂਪਿਆ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਸ਼ਹੀਦ ਸਿਪਾਹੀ ਸੇਵਕ ਸਿੰਘ ਦਾ ਕਰਜ਼ਦਾਰ ਹੈ, ਜਿਨ੍ਹਾਂ ਦੇਸ਼ ਤੇ ਲੋਕਾਂ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਮੁਲਕ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਕਰਨ ਲਈ ਧਰਤੀ ਮਾਂ ਦੇ ਇਸ ਸੱਚੇ ਸਪੂਤ ਵੱਲੋਂ ਦਿੱਤੇ ਮਹਾਨ ਬਲੀਦਾਨ ਨੂੰ ਸਤਿਕਾਰ ਭੇਟ ਕਰਨ ਲਈ ਸੂਬਾ ਸਰਕਾਰ ਇਹ ਨਿਮਾਣੀ ਜਿਹੀ ਪਹਿਲਕਦਮੀ ਹੈ।ਮੁਲਕ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਇਸੇ ਵਚਨਬੱਧਤਾ ਤਹਿਤ ਸ਼ਹੀਦ ਸਿਪਾਹੀ ਸੇਵਕ ਸਿੰਘ ਦੇ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਸ਼ਰਿਤ ਨੂੰ ਨੌਕਰੀ ਦੇਣ ਦੀ ਨੀਤੀ ਦੇ ਆਧਾਰ ਉਤੇ ਹਥਿਆਰਬੰਦ ਦਸਤਿਆਂ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਵੱਲੋਂ ਕੀਤੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨਾਲ ਜਿੱਥੇ ਇਕ ਪਾਸੇ ਪਰਿਵਾਰ ਦਾ ਦੁੱਖ ਵੰਡਿਆ ਜਾਵੇਗਾ, ਉੱਥੇ ਦੂਜੇ ਪਾਸੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਨੌਜਵਾਨ ਹਥਿਆਰਬੰਦ ਦਸਤਿਆਂ ਵਿੱਚ ਸ਼ਾਮਲ ਹੋ ਕੇ ਭਾਰਤ ਮਾਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਣਗੇ। ਸ. ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇਕ ਸਪੂਤ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਲਈ ਲਾਮਿਸਾਲ ਬਹਾਦਰੀ ਦਾ ਸਬੂਤ ਦਿੰਦਿਆਂ ਆਪਣੀ ਡਿਊਟੀ ਪੂਰੇ ਸਮਰਪਣ ਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਬਰਤਾਨਵੀ ਸਾਮਰਾਜ ਦੀ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਮੋਹਰੀ ਭੂਮਿਕਾ ਨਿਭਾਈ। ਇਸੇ ਤਰ੍ਹਾਂ ਹੁਣ ਪੰਜਾਬੀ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਲਈ ਸਰਹੱਦਾਂ ਉਤੇ ਵੱਡੀ ਭੂਮਿਕਾ ਨਿਭਾ ਰਹੇ ਹਨ। ਸ. ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਸਿਪਾਹੀ ਸੇਵਕ ਸਿੰਘ ਦੇ ਨਾਮ ਉਤੇ ਕੀਤਾ ਜਾਵੇਗਾ ਅਤੇ ਪਿੰਡ ਵਿੱਚ ਮੌਜੂਦ ਸਟੇਡੀਅਮ ਨੂੰ ਨਵਾਂ ਮੁਹਾਂਦਰਾ ਦਿੱਤਾ ਜਾਵੇਗਾ ਅਤੇ ਇਸ ਵਿੱਚ ਸ਼ਹੀਦ ਦਾ ਬੁੱਤ ਸਥਾਪਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਇਸ ਦੌਰਾਨ ਵਿਧਾਇਕ ਤਲਵੰਡੀ ਸਾਬੋ ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ, ਏ.ਡੀ.ਜੀ.ਪੀ. ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ ਤੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਬਰਗੇਡੀਅਰ ਭੁਪਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।

ਬਾਬਾ ਫ਼ਰੀਦ ਕਾਲਜ ਵਿਖੇ ਸੰਚਾਰ ਅਤੇ ਰੁਜ਼ਗਾਰ ਯੋਗਤਾ ਵਿਸ਼ੇ ’ਤੇ ਪੰਜ-ਰੋਜ਼ਾ ਵਰਕਸ਼ਾਪ ਦਾ ਕੀਤਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ , 26 ਅਪ੍ਰੈਲ : ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਡਿਪਾਰਟਮੈਂਟ ਆਫ਼ ਸਕਿੱਲ ਡਿਵੈਲਪਮੈਂਟ ਨੇ ਰੂਬੀਕਾਨ ਕੰਪਨੀ ਦੇ ਸਹਿਯੋਗ ਨਾਲ ਹਾਲ ਹੀ ਵਿੱਚ ਵਿਦਿਆਰਥੀਆਂ ਲਈ ’ਸੰਚਾਰ ਅਤੇ ਰੁਜ਼ਗਾਰ ਯੋਗਤਾ’ ਵਿਸ਼ੇ ’ਤੇ ਪੰਜ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦਾ ਸੰਚਾਲਨ ਰੂਬੀਕਾਨ ਕੰਪਨੀ ਦੇ ਸਾਫ਼ਟ ਸਕਿੱਲ ਟਰੇਨਰ ਸਮੀਰ ਸ਼ਰਮਾ ਅਤੇ ਸ਼ਰੂਤੀ ਨੇ ਕੀਤਾ। ਉਨ੍ਹਾਂ ਦੀ ਸੰਚਾਰ ਹੁਨਰ ਅਤੇ ਸ਼ਖ਼ਸੀਅਤ ਵਿਕਾਸ ਦੀ ਸਿਖਲਾਈ ਵਿੱਚ ਬਹੁਤ ਚੰਗੀ ਮੁਹਾਰਤ ਹੈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਦੇ ਸੰਚਾਰ ਹੁਨਰ ਅਤੇ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਸੀ। ਇਸ ਵਰਕਸ਼ਾਪ ਵਿੱਚ 180 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਪਹਿਲੂਆਂ ਜਿਵੇਂ ਕਿ ਇੰਟਰਵਿਊ ਸੈਸ਼ਨ, ਸ਼ਖ਼ਸੀਅਤ ਵਿਕਾਸ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਸਿੱਖੇ ਗਏ ਸਾਫ਼ਟ ਸਕਿੱਲਜ਼ ਨੂੰ ਕਵਰ ਕੀਤਾ ਗਿਆ। ਟਰੇਨਰਾਂ ਨੇ ਵਿਦਿਆਰਥੀਆਂ ਦੇ ਸੰਚਾਰ ਹੁਨਰ, ਸਮਾਂ ਪ੍ਰਬੰਧਨ, ਟੀਮ ਵਰਕ ਅਤੇ ਲੀਡਰਸ਼ਿਪ ਯੋਗਤਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਇੰਟਰੈਕਟਿਵ ਸੈਸ਼ਨ ਅਤੇ ਗਰੁੱਪ ਗਤੀਵਿਧੀਆਂ ਦਾ ਆਯੋਜਨ ਕੀਤਾ। ਵਰਕਸ਼ਾਪ ਦਾ ਅੰਤਿਮ ਦਿਨ ਇੰਟਰਵਿਊ ਸੈਸ਼ਨ ਨੂੰ ਸਮਰਪਿਤ ਸੀ, ਜਿੱਥੇ ਵਿਦਿਆਰਥੀਆਂ ਨੇ ਟਰੇਨਰਾਂ ਤੋਂ ਆਪਣੇ ਪ੍ਰਦਰਸ਼ਨ ’ਤੇ ਵਿਅਕਤੀਗਤ ਫੀਡ ਬੈਕ ਪ੍ਰਾਪਤ ਕੀਤਾ। ਵਰਕਸ਼ਾਪ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਸੀ ਅਤੇ ਡਿਪਾਰਟਮੈਂਟ ਆਫ਼ ਸਕਿੱਲ ਡਿਵੈਲਪਮੈਂਟ ਅਤੇ ਰੂਬੀਕਾਨ ਕੰਪਨੀ ਭਵਿੱਖ ਵਿੱਚ ਵੀ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇਵਰ ਕੈਰੀਅਰ ਵਿੱਚ ਕਾਮਯਾਬ ਹੋਣ ਵਿੱਚ ਮਦਦ ਕੀਤੀ ਜਾ ਸਕੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬੀ.ਐਫ.ਸੀ.ਈ.ਟੀ. ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨੇ ਡਿਪਾਰਟਮੈਂਟ ਆਫ਼ ਸਕਿੱਲ ਡਿਵੈਲਪਮੈਂਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਰੂਬੀਕਾਨ ਕੰਪਨੀ ਦੇ ਸਾਫ਼ਟ ਸਕਿੱਲ ਟਰੇਨਰਾਂ ਦਾ ਧੰਨਵਾਦ ਕੀਤਾ।

ਪੰਜਾਬ ਦੇ ‘ਸਭ ਤੋਂ ਛੋਟੀ ਤੇ ਵੱਡੀ ਉਮਰ’ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ

0

ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਵੀ ਮਹਰੂਮ ਆਗੂ ਦੇ ਹਿੱਸੇ ਆਇਆ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਸੂਬੇ ਦੇ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅੱਜ ਨਹੀਂ ਰਹੇ। ਪੰਜਾਬ ਦੀ ਹੀ ਨਹੀਂ, ਦੇਸ ਦੀ ਸਿਆਸਤ ’ਚ ਸਭ ਤੋਂ ਵੱਡੇ ਦਿਸਹਿੱਦੇ ਕਾਇਮ ਕਰਨ ਵਾਲੇ ਸ: ਬਾਦਲ ਦੇ ਜੇਕਰ ਪੰਜਾਬ ਵਿਚ ਰਿਕਾਰਡ ਕਾਇਮ ਕਰਨ ਦੀ ਗੱਲ ਕੀਤੀ ਜਾਵੇ ਤਾਂ ਉਹ ਸੂਬੇ ਦੇ ਸਭ ਤੋਂ ਛੋਟੀ ਉਮਰ ਦੇ ਪਹਿਲੇ ਮੁੱਖ ਮੰਤਰੀ ਸਨ। 1970 ਤੋਂ ਲੈ ਕੇ 2017 ਤੱਕ ਵੱਖ ਵੱਖ ਸਮਿਆਂ ’ਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ: ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਰਿਹਾ ਹੈ। 1927 ਵਿਚ ਜਨਮੇ ਸ: ਬਾਦਲ ਸਿਰਫ਼ 43 ਸਾਲ ਦੀ ਉਮਰ ਵਿਚ ਪਹਿਲੀ ਵਾਰ 1970 ’ਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ, ਜਿੱਥੇ ਉਹ ਇਸ ਅਹੁੱਦੇ ਉਪਰ ਸਿਰਫ਼ ਇੱਕ ਸਾਲ ਹੀ ਰਹੇ। ਦੂਜੀ ਵਾਰ 1977 ਤੋਂ 1980 ਤੱਕ ਪ੍ਰਕਾਸ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਵੱਡੀ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਠਰੰਮੇ ਤੇ ਸਬਰ ਸੰਤੋਖ਼ ਨਾਲ ਭਰੇ ਸ: ਬਾਦਲ ਨੇ ਕਦੇ ਵੀ ਸਿਆਸਤ ਵਿਚ ਧੀਰਜ਼ ਨਹੀਂ ਛੱਡਿਆ, ਜਿਸਦੇ ਚੱਲਦੇ ਕਦੇ ਪੰਜਾਬ ਵਿਚ ਗਰਮ ਖਿਆਲੀ ਹਵਾ ਚੱਲਣ ਦੇ ਕਰਨ ਸਿਆਸੀ ਤੌਰ ’ਤੇ ਹਾਸੀਏ ਉਪਰ ਜਾਣ ਦੇ ਬਾਵਜੂਦ ਅਪਣੀ ਚਾਲ ਚੱਲਣ ਵਾਲੇ ਪ੍ਰਕਾਸ਼ ਸਿੰਘ ਬਾਦਲ 20 ਸਾਲਾਂ ਬਾਅਦ 1997 ਵਿਚ ਤੀਜ਼ੀ ਵਾਰ ਮੁੱਖ ਮੰਤਰੀ ਬਣੇ। ਇਸਤੋਂ ਪੰਜ ਸਾਲਾਂ ਬਾਅਦ ਉਹ ਲਗਾਤਾਰ ਦਸ ਸਾਲ ਮੁੱਖ ਮੰਤਰੀ ਰਹੇ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਉਹ ਕੇਂਦਰ ਵਿਚ ਖੇਤੀਬਾੜੀ ਮੰਤਰੀ ਵੀ ਰਹੇ। ਪ੍ਰਵਾਰਕ ਮੈਂਬਰਾਂ ਮੁਤਾਬਕ 1927 ਵਿਚ ਜਨਮੇ ਪ੍ਰਕਾਸ਼ ਸਿੰਘ ਬਾਦਲ ਲਾਹੌਰ ਦੇ ਕਾਲਜ਼ ਤੋਂ ਗਰੇਜੂਏਸ਼ਨ ਕਰਨ ਤੋਂ ਬਾਅਦ ਮਾਲ ਵਿਭਾਗ ਵਿਚ ਤਹਿਸੀਲਦਾਰ ਭਰਤੀ ਹੋਣ ਦੇ ਚਾਹਵਾਨ ਸਨ ਪ੍ਰੰਤੂ ਉਨ੍ਹਾਂ ਦੇ ਚਾਚਾ ਮਹਰੂਮ ਤੇਜਾ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਿਆਸਤ ਦੀ ਅਜਿਹੀ ਚੇਟਕ ਲਗਾਈ ਕਿ ਪਿੰਡ ਦੀ ਸਰਪੰਚੀ ਤੋਂ ਲੈਕੇ ਉਹ ਪੰਜਾਬ ਦੇ ਸਭ ਤੋਂ ਵੱਧ ਮੁੱਖ ਮੰਤਰੀ ਰਹੇ। ਜੇਕਰ ਉਹ ਅਪਣੀ ਆਖ਼ਰੀ ਚੋਣ 2022 ਵਿਚ ਨਾ ਹਾਰਦੇ ਤਾਂ ਸਾਰੀ ਉਮਰ ਹਰ ਚੋਣ ਜਿੱਤਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੀ ਹੋਣਾ ਸੀ। ਅਪਣੀ ਹਲੀਮੀ ਤੇ ਸਬਦਾਵਾਲੀ ਦੇ ਕਾਰਨ ਵਿਰੋਧੀਆਂ ਨੂੰ ਵੀ ਮੋਹ ਲੈਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਕੱਲੇ ਪੰਜਾਬ ਦੇ ਹੀ ਨਹੀਂ, ਬਲਕਿ ਕੌਮੀ ਪੱਧਰ ਦੇ ਲੀਡਰ ਸਨ ਤੇ ਵਿਰੋਧੀ ਧਿਰਾਂ ਵਿਚ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਸੀ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਕਈ ਅਕਾਲੀ ਆਗੂ ਉਨ੍ਹਾਂ ਦੇ ਨਾਲ ਵਖਰੇਵਿਆਂ ਦੇ ਕਾਰਨ ਅਲੱਗ ਹੋ ਗਏ ਸਨ।

ਲੋਕਾਂ ਦੇ ਰੋਹ ਅੱਗੇ ਝੁਕਿਆਂ ਪ੍ਰਸ਼ਾਸਨ, ਗੋਨਿਆਣਾ ਮੰਡੀ ਦੀ ਰਿਹਾਇਸ਼ੀ ਆਬਾਦੀ ਵਿਚੋਂ ਚੁੱਕਿਆ ‘ਠੇਕਾ’

0

ਠੇਕਾ ਨਾ ਚੁੱਕਣ ਦੇ ਵਿਰੋਧ ਵਿਚ ਲੋਕਾਂ ਨੇ ਵਿਧਾਇਕ ਵਿਰੁਧ ਕੀਤੀ ਸੀ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਅੱਗੇ ਝੁੁਕਦਿਆਂ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਗੋਨਿਆਣਾ ਮੰਡੀ ਦੀ ਸੰਘਣੀ ਆਬਾਦੀ ’ਚ ਚੱਲ ਰਹੇ ਸਰਾਬ ਦੇ ਠੇਕੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਹਲਕਾ ਭੁੱਚੋਂ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਉਥੇ ਦੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਠੇਕਾ ਚੁੱਕਣ ਨੂੰ ਲੈ ਕੇ ਸਥਾਨਕ ਲੋਕਾਂ ਵਲੋਂ ਭਾਈ ਘਨੱਈਆ ਸੇਵਾ ਮਿਸ਼ਨ ਦੇ ਝੰਡੇ ਹੇਠ ਧਰਨਾ ਵੀ ਚੱਲ ਰਿਹਾ ਸੀ। ਦਸਣਾ ਬਣਦਾ ਹੈ ਕਿ ਗੋਨਿਆਣਾ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਅਤੇ ਲੜਕਿਆਂ ਦੇ ਸਰਕਾਰੀ ਸਕੂਲ ਨਜਦੀਕ ਇੱਕ ਸਰਾਬ ਦਾ ਅਧਿਕਾਰਤ ਠੇਕਾ ਚੱਲ ਰਿਹਾ ਸੀ, ਜਿਸਨੂੰ ਲੋਕਾਂ ਵਲੋਂ ਇੱਥੇ ਸੰਘਣੀ ਰਿਹਾਇਸ਼ੀ ਅਬਾਦੀ ਹੋਣ ਕਾਰਨ ਇੱਥੋਂ ਤਬਦੀਲ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਲੋਕਾਂ ਦੇ ਮੁਤਾਬਕ ਮਾਰਚ ਮਹੀਨੇ ਵਿਚ ਲਗਾਏ ਧਰਨੇ ਤੋਂ ਬਾਅਦ ਵਿਧਾਇਕ ਦੇ ਨਜਦੀਕੀ ਨਗਰ ਕੋਂਸਲ ਦੇ ਪ੍ਰਧਾਨ ਕਸ਼ਮੀਰੀ ਲਾਲ ਤੇ ਆਪ ਆਗੂਆਂ ਨੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ’ਚ ਇਹ ਕਹਿ ਕੇ ਧਰਨਾ ਚੁਕਵਾ ਦਿੱਤਾ ਸੀ ਕਿ 31 ਮਾਰਚ ਤੋਂ ਬਾਅਦ ਇੱਥੇ ਠੇਕਾ ਨਹੀਂ ਚੱਲੇਗਾ ਪ੍ਰੰਤੂ ਅਪ੍ਰੈਲ ਦਾ ਵੀ ਪੌਣਾ ਮਹੀਨਾ ਬੀਤ ਜਾਣ ਦੇ ਬਾਵਜੂਦ ਇਹ ਠੇਕਾ ਹਾਲੇ ਵੀ ਇੱਥੇ ਚੱਲ ਰਿਹਾ ਸੀ। ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਸਮੱਸਿਆ ਆ ਰਹੀ ਸੀ। ਉਧਰ ਇਸ ਠੇਕੇ ਨੂੰ ਬੰਦ ਕਰਨ ਦੀ ਪੁਸ਼ਟੀ ਕਰਦਿਆਂ ਐਕਸ਼ਾਈਜ਼ ਵਿਭਾਗ ਦੇ ਈ.ਟੀ.ਓ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਹੁਣ ਇਹ ਠੇਕਾ ਗੋਨਿਆਣਾ ਦੇ ਲਾਈਨੋਪਾਰ ਇਲਾਕੇ ਵਿਚ ਖੋਲਿਆ ਜਾ ਰਿਹਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਜਦ ਵਿਧਾਇਕ ਜਗਸੀਰ ਸਿੰਘ ਗੋਨਿਆਣਾ ਮੰਡੀ ਦੀ ਪੰਚਾਇਤੀ ਧਰਮਸ਼ਾਲਾ ’ਚ ਲੱਗੇ ਇੱਕ ਖੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸਨ ਤਾਂ ਭਾਈ ਘਨੱਈਆ ਸੇਵਾ ਮਿਸ਼ਨ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਅੱਗੇ ਇਹ ਮੁੱਦਾ ਰੱਖਿਆ ਸੀ ਪ੍ਰੰਤੂ ਵਿਧਾਇਕ ਵਲੋਂ ਕੋਈ ਸੰਤੁਸ਼ਟੀਜਨਕ ਜਵਾਬ ਨਾ ਦੇਣ ਦੇ ਚੱਲਦੇ ਲੋਕਾਂ ਨੇ ਉਨ੍ਹਾਂ ਵਿਰੁਧ ਨਾਅਰੇਬਾਜ਼ੀ ਕਰ ਦਿੱਤੀ ਸੀ। ਇਸਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਵੀ ਗੁੱਸਾ ਕੱਢਿਆ।

ਸਿਹਤ ਵਿਭਾਗ ਨੇ ਵਿਸ਼ਵ ਮਲੇਰੀਆ ਦਿਵਸ ਮਨਾਇਆ, ਕੱਢੀ ਜਾਗਰੂਕਤਾ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਜਿਲ੍ਹਾ ਸਿਹਤ ਵਿਭਾਗ ਵਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮਲੇਰੀਆ ਅਫ਼ਸਰ ਡਾ ਮਯੰਕਜੋਤ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਪੱਧਰ ਤੇ ਸਕੂਲਾਂ ਵਿੱਚ ਚਾਰਟ ਮੇਕਿੰਗ ਮੁਕਾਬਲੇ, ਜੀ.ਐਨ.ਐਮ ਅਤੇ ਏ.ਐਨ.ਐਮ ਸਕੂਲ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ, ਚਾਰਟ ਰਲੀਜ਼ ਅਤੇ ਹੋਰ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਡਾ ਤੇਜਵੰਤ ਸਿੰਘ ਢਿੱਲੋਂ ਵਲੋਂ ਦਫ਼ਤਰ ਸਿਵਲ ਸਰਜਨ ਤੋਂ ਜਾਗਰੂਕਤਾ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਜ਼ੋ ਵੱਖ ਵੱਖ ਬਾਜਾਰਾਂ ਵਿੱਚੋਂ ਹੰੁਦੀ ਹੋਈ Çਂੲੱਥੇ ਹੀ ਸਮਾਪਤ ਹੋਈ। ਇਸ ਮੌਕੇ ਡਾ ਤੇਜਵੰਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਲੇਰੀਆ ਐਨੋਫਲੀਸ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮਲੇਰੀਆ ਬੁਖਾਰ ਹੋਣ ਦੀ ਸੂਰਤ ਵਿੱਚ ਤੇਜ਼ ਬੁਖਾਰ, ਕਾਂਬਾ, ਉਲਟੀਆਂ, ਸਿਰ ਦਰਦ, ਕਮਜੋਰੀ ਵਰਗੀਆਂ ਅਲਾਮਤਾਂ ਆ ਜਾਂਦੀਆਂ ਹਨ। ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਨਾਲ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਲਈ ਮਲੇਰੀਆਂ ਲੱਛਣ ਹੋਣ ਦੀ ਸੂਰਤ ਵਿੱਚ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ ਤਾਂ ਜੇ ਸਮੇਂ ਸਿਰ ਇਲਾਜ ਹੋ ਸਕੇ। ਉਹਨਾਂ ਕਿਹਾ ਜਿਲ੍ਹੇ ਦੀ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਬਿਮਾਰੀ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਮਲੇਰੀਆ ਬੁਖਾਰ ਫੈਲਾਉਣ ਵਾਲਾ ਮੱਛਰ ਗਲੀਆਂ ਨਾਲੀਆਂ ਵਿੱਚ ਇੱਕਠੇ ਹੋਏ ਸਾਫ ਪਾਣੀ ਅਤੇ ਹੋਰ ਥਾਵਾਂ ਤੇ ਖੜ੍ਹੇ ਪਾਣੀ ਉੱਪਰ ਪੈਦਾ ਹੁੰਦਾ ਹੈ। ਇਸ ਲਈ ਮੱਛਰਾਂ ਦੇ ਖਾਤਮੇ ਲਈ ਕਿਤੇ ਵੀ ਫਾਲਤੂ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਵੱਖ ਵੱਖ ਵਿਭਾਗਾਂ ਅਤੇ ਮੀਡੀਆ ਤੋਂ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ ਮਯੰਕਜੋਤ ਸਿੰਘ ਨੇ ਮਲੇਰੀਆ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ੇਕਰ ਅਸੀਂ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦਾ ਜੀਵਨ ਚੱਕਰ ਨਸ਼ਟ ਕਰ ਦੇਈਏ ਤਾਂ ਅਸੀਂ ਉਸ ਦਾ ਖਾਤਮਾ ਕਰ ਸਕਦੇ ਹਾਂ। ਉਹਨਾਂ ਦੱਸਿਆ ਕਿ ਮਲੇਰੀਆ ਫੈਲਾਉਣ ਵਾਲਾ ਮੱਛਰ 8 ਤੋਂ 10 ਦਿਨਾਂ ਵਿੱਚ ਤਿਆਰ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡਰਾਈਡੇ ਘੋਸ਼ਿਤ ਕੀਤਾ ਹੋਇਆ ਹੈ। ਇਸ ਲਈ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਆਪਣੇ ਘਰਾਂ ਵਿੱਚ ਪਾਣੀ ਦੇ ਖੜਣ ਵਾਲੇ ਸੋਮੇ ਜਿਵੇ ਫਰਿਜ ਦੀ ਟਰੇਅ, ਕੂਲਰ, ਗਮਲੇ, ਟਾਇਰ ਜਾਂ ਛੱਤਾਂ ਤੇ ਪਏ ਹੋਏ ਵਾਧੁ ਸਮਾਨ ਨੂੰ ਹਫ਼ਤੇ ਵਿੱਚ ਇੱਕ ਦਿਨ ਖਾਲੀ ਕਰੋ। ਕੱਪੜੇ ਪੂਰੀਆਂ ਬਾਹਾਂ ਵਾਲੇ ਪਹਿਣੇ, ਮੱਛਰ ਭਜਾਊ ਤੇਲ, ਕਰੀਮਾਂ ਅਤੇ ਮੱਛਰਦਾਨੀਆਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਵੇਰਕਾ ਪਲਾਂਟ ਬਠਿੰਡਾ ਵੱਲੋਂ ਬੱਚਿਆਂ ਨੂੰ ਠੰਢੀ ਲੱਸੀ ਦੀ ਰੀਫਰੈਸ਼ਮੈਂਟ ਦਿੱਤੀ ਗਈ।ਇਸ ਮੌਕੇ ਡਾ ਅਨੂਪਮਾ ਸਹਾਇਕ ਸਿਵਲ ਸਰਜਨ, ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਨਰਿੰਦਰ ਕੁਮਾਰ ਜਿਲ੍ਹਾ ਬੀਸੀਸੀ8, ਗਗਨਦੀਪ ਸਿੰਘ ਅਤੇ ਸਾਹਿਲ ਪੁਰੀ, ਪ੍ਰਮਿੰਦਰ ਕੌਰ ਟਿਊਟਰ, ਨਿਰਦੇਵ ਸਿੰਘ, ਰਮੇਸ਼ ਕੁਮਾਰ, ਸੁਖਦੇਵ ਸਿੰਘ, ਬੂਟਾ ਸਿੰਘ ਅਤੇ ਮਲੇਰੀਆ ਵਿੰਗ ਦਾ ਸਾਰਾ ਸਟਾਫ਼, ਸਕੂਲੀ ਬੱਚਿਆਂ ਨੇ ਰੈਲੀ ਵਿੱਚ ਭਾਗ ਲਿਆ।

ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ: ਮੁੱਖ ਮੰਤਰੀ

0

ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਸੂਬੇ ਵਿੱਚ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ।ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਇਕ ਪੇਸ਼ੇਵਰ ਫੋਰਸ ਹੈ, ਜੋ ਸੂਬੇ ਵਿੱਚ ਕਿਸੇ ਵੀ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਸਮੇਂ ਵਿੱਚ ਅਤਿਵਾਦ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਹੈ, ਜੋ ਫੋਰਸ ਦੀ ਪੇਸ਼ੇਵਰ ਸਮਰੱਥਾ ਦਾ ਸਬੂਤ ਹੈ ਅਤੇ ਭਵਿੱਖ ਵਿੱਚ ਵੀ ਇਹ ਫੋਰਸ ਇਸ ਵਿਰਾਸਤ ਨੂੰ ਅੱਗੇ ਵਧਾਏਗੀ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਪੰਜਾਬ ਪੁਲਿਸ ਆਪਣੀ ਡਿਊਟੀ ਪੂਰੀ ਲਗਨ ਅਤੇ ਪੇਸ਼ੇਵਰ ਇਮਾਨਦਾਰੀ ਨਾਲ ਨਿਭਾਉਣ ਦੀ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖੇਗੀ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਨੇ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਇਸ ਦੇ ਨਾਲ-ਨਾਲ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ??ਕਰਨ ਲਈ ਆਪਣਾ ਫ਼ਰਜ਼ ਨਿਭਾਉਂਦੇ ਹੋਏ ਲਾਸਾਨੀ ਕੁਰਬਾਨੀਆਂ ਦੇਣ ਦੀ ਰਵਾਇਤ ਨੂੰ ਹਮੇਸ਼ਾ ਕਾਇਮ ਰੱਖਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮਹਾਨ ਨਾਇਕਾਂ ਨੇ ਸੂਬਾ ਪੁਲਿਸ ਫੋਰਸ ਦੀ ਅਮੀਰ ਵਿਰਾਸਤ ਅਤੇ ਨੈਤਿਕਤਾ ਨੂੰ ਕਾਇਮ ਰੱਖਣ ਲਈ ਮਿਸਾਲੀ ਸੇਵਾਵਾਂ ਦਿੱਤੀਆਂ ਹਨ।ਇਕ ਹੋਰ ਏਜੰਡੇ ’ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਪੁਲਿਸ ਦੇ ਵਿਗਿਆਨਕ ਲੀਹਾਂ ’ਤੇ ਆਧੁਨਿਕੀਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੇ ਆਪਣੇ ਮੁੱਖ ਫ਼ਰਜ਼ ਨੂੰ ਨਿਭਾਉਣ ਦੇ ਨਾਲ-ਨਾਲ ਹਮੇਸ਼ਾ ਹੀ ਦੇਸ਼ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਦਲਦੇ ਹਾਲਾਤ ਵਿੱਚ ਫੋਰਸ ਲਈ ਚੁਣੌਤੀਆਂ ਕਈ ਗੁਣਾ ਵੱਧ ਗਈਆਂ ਹਨ, ਜਿਸ ਕਾਰਨ ਇਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਆਧੁਨਿਕੀਕਰਨ ਸਮੇਂ ਦੀ ਲੋੜ ਹੈ।ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਅਤੇ ਹੋਰ ਵੀ ਮੌਜੂਦ ਸਨ।

ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਨੂੰ ਦਰਸਾਉਂਦੀ ਕਿਤਾਬ ’ਪਹੁੰਚ’ ਜਾਰੀ

0

ਹੋਰ ਡਿਪਟੀ ਕਮਿਸ਼ਨਰਾਂ ਨੂੰ ਵੀ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਅਜਿਹਾ ਵਿਲੱਖਣ ਉਪਰਾਲਾ ਕਰਨ ਲਈ ਆਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਲੋਕ ਪੱਖੀ ਪਹਿਲਕਦਮੀਆਂ ਨੂੰ ਦਰਸਾਉਂਦੀ ਕਿਤਾਬ ‘ਪਹੁੰਚ’ ਨੂੰ ਜਾਰੀ ਕੀਤਾ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਯਤਨਾਂ ਸਦਕਾ ਤਿਆਰ ਕੀਤੀ ਗਈ ਇਸ ਪੁਸਤਕ ਨੂੰ ਰਿਲੀਜ਼ ਕਰਦਿਆਂ ਮੁੱਖ ਮੰਤਰੀ ਨੇ ਇਸ ਕਿਤਾਬ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ ਦੱਸਦਿਆਂ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਸਤਕ ‘ਪਹੁੰਚ’ ਲੋਕਾਂ ਨੂੰ ਸੂਬਾ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਤੇ ਉਪਰਾਲਿਆਂ ਤੋਂ ਜਾਣੂੰ ਕਰਵਾਉਣ ਵਿਚ ਕਾਫੀ ਸਹਾਈ ਸਿੱਧ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਪੁਸਤਕ ਪੰਜਾਬ ਸਰਕਾਰ ਦੇ 44 ਵਿਭਾਗਾਂ ਦੀਆਂ 285 ਸਕੀਮਾਂ ਉਚੇ ਚਾਨਣਾ ਪਾਉਂਦੀ ਹੈ, ਜਿਨ੍ਹਾਂ ਦਾ ਆਮ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਪੁਸਤਕ ਸੇਵਾ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲੀਆਂ 400 ਸਕੀਮਾਂ ਬਾਰੇ ਵੀ ਜਾਣੂੰ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਕਿਤਾਬਾਂ ਮੁਫ਼ਤ ਵੰਡੀਆਂ ਜਾਣਗੀਆਂ। ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਵੀ ਅਜਿਹੀ ਵਿਲੱਖਣ ਪਹਿਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਕਦਮ ਸੂਬਾ ਸਰਕਾਰ ਦੀਆਂ ਨਾਗਰਿਕ ਕੇਂਦਰਿਤ ਤੇ ਵਿਕਾਸ ਮੁਖੀ ਨੀਤੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੇ ਕੰਮਕਾਜ ਵਿੱਚ ਸਰਗਰਮ ਹਿੱਸੇਦਾਰ ਬਣਾਉਣ ਲਈ ਅਜਿਹੇ ਉਪਰਾਲੇ ਕਰਨਾ ਸਮੇਂ ਦੀ ਲੋੜ ਹੈ।ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਸਮੇਤ ਹੋਰ ਵੀ ਹਾਜ਼ਰ ਸਨ।

ਐਸ.ਐਸ.ਡੀ ਗਰਲਜ਼ ਕਾਲਜ ਵਿਚ ਵਿਸ਼ਵ ਕਿਤਾਬ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿੱਚ ਪ੍ਰਿੰਸੀਪਲ ਡਾ.ਨੀਰੂ ਗਰਗ ਦੇ ਦਿਸ਼ਾ ਨਿਰਦੇਸ਼ ਵਿੱਚ ਅਤੇ ਲਾਇਬਰੇਰੀਅਨ ਪਰਵੀਨ ਕੌਰ ਦੀ ਅਗਵਾਈ ਵਿੱਚ ਲਾਇਬਰੇਰੀ ਵਿਭਾਗ ਵੱਲੋਂ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ । ਇਸ ਮੌਕੇ ਮੈਡਮ ਪਰਵੀਨ ਨੇ ਕਿਤਾਬਾਂ ਦਾ ਮਹੱਤਵ ਦੱਸਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹਨ ਉੱਪਰ ਜੋਰ ਦਿੱਤਾ । ਉਨ੍ਹਾਂ ਕਿਹਾ ਕਿ ਇਸ ਇੰਟਰਨੈੱਟ ਦੇ ਦੌਰ ਵਿੱਚ ਵੀ ਉਹਨਾਂ ਨੇ ਵੇਖਿਆ ਕਿ ਲਾਇਬਰੇਰੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਕਾਫੀ ਵਧੀਆ ਹੈ । ਉਹ ਇੱਕ ਹਫਤੇ ਵਿੱਚ ਚਾਰ ਤੋਂ ਪੰਜ ਕਿਤਾਬਾਂ ਪੜ੍ਹ ਕੇ ਵਾਪਸ ਕਰ ਜਾਂਦੇ ਹਨ । ਅਤੇ ਹੋਰ ਕਿਤਾਬਾਂ ਦੀ ਮੰਗ ਵੀ ਕਰਦੇ ਹਨ । ਕਾਲਜ ਵਿਦਿਆਰਥਣਾਂ ਅਨਮੋਲਪ੍ਰੀਤ ਅਤੇ ਅਲੀਸ਼ਾ ਨੇ ਇੱਕ ਕਵਿਤਾ ਦੇ ਜਰੀਏ ਕਿਤਾਬਾਂ ਪੜ੍ਹਨ ਦੇ ਮਹੱਤਵ ਬਾਰੇ ਦੱਸਿਆ । ਇਸੇ ਤਰ੍ਹਾਂ ਬੀ.ਕਾਮ-1 ਦੀ ਵਿਦਿਆਰਥਣ ਜਸਪ੍ਰੀਤ ਨੇ ਲਾਇਬਰੇਰੀ ਬਾਰੇ ਆਪਣੇ ਤਜਰਬਿਆਂ ਨੂੰ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨਾਲ ਸਾਂਝਾ ਕੀਤਾ। ਕਾਲਜ ਪ੍ਰਿੰਸੀਪਲ ਡਾ.ਨੀਰੂ ਗਰਗ ਨੇ ਆਪਣੀ ਕਿਤਾਬਾਂ ਪੜ੍ਹਨ ਦੀ ਰੁਚੀ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਰੋਜ਼ਾਨਾ ਅਖਬਾਰ ਪੜ੍ਹਨ ਲਈ ਵੀ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀਆਂ ਦੀ ਮੰਗ ਅਨੁਸਾਰ ਕਿਤਾਬਾਂ ਖਰੀਦਣ ਲਈ ਵੀ ਕਿਹਾ ਗਿਆ । ਅੰਤ ਵਿੱਚ ਮੈਡਮ ਜੁਗਨਪ੍ਰੀਤ ਨੇ ਸਮਾਗਮ ਵਿੱਚ ਆਏ ਹੋਏ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।