ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਪੰਜਾਬ ਗ੍ਰਾਮੀਣ ਬੈਂਕ ਬਠਿੰਡਾ ਵੱਲੋਂ ਸਿਵਲ ਹਸਪਤਾਲ ਬਠਿੰਡਾ ਅਤੇ ਰਾਮਾ ਮੰਡੀ ਨੂੰ ਮੈਡੀਕਲ ਉਪਰਕਣ ਉਪਲਬਧ ਕਰਵਾਏ ਹਨ। ਅੱਜ ਇੱਥੇ ਰੱਖੇ ਇੱਕ ਸਾਦੇ ਸਮਾਗਮ ਦੌਰਾਨ ਬੈਂਕ ਰੀਜ਼ਨਲ ਮੈਨੇਜ਼ਰ ਸ਼ਿਵਚਰਨ ਸ਼ਰਮਾਂ, ਕੰਵਲਜੀਤ ਸਿੰਘ ਮੈਨੇਜਰ, ਅਭਿਸ਼ੇਕ ਬਾਂਸਲ ਮੈਨੇਜਰ ਆਦਿ ਦੀ ਅਗਵਾਈ ਹੇਠ ਪੁੱਜੀ ਟੀਮ ਨੇ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਅਤੇ ਹੋਰਨਾਂ ਸਿਹਤ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਨੂੰ 2 ਲੱਖ ਦੀ ਕੀਮਤ ਵਾਲੀ ਫੇਫੜਿਆਂ ਦੀ ਜਾਂਚ ਕਰਨ ਲਈ (ਸਪਾਇਰੋਮੀਟਰੀ ਮਸ਼ੀਨ) ਸਮੇਤ ਕੰਪਿਊਟਰ ਸੈੱਟ ਸਿਵਲ ਹਸਪਤਾਲ ਨੂੰ ਦਾਨ ਦਿੱਤਾ।ਇਸਤੋਂ ਪਹਿਲਾਂ ਸਿਵਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਫੇਫੜਿਆਂ ਦੀ ਪ੍ਰਾਈਵੇਟ ਜਾਂਚ ਕਰਵਾਉਣ ਬਦਲੇ ਲਗਭਗ 700 ਰੁਪਏ ਦੇਣੇ ਪੈਂਦੇ ਸੀ। ਪਰ ਹੁਣ ਇਹ ਜਾਂਚ ਸਿਵਲ ਹਸਪਤਾਲ ਵਿੱਚ 50 ਰੁਪਏ ਦੇ ਕੇ ਹੋ ਜਾਇਆ ਕਰੇਗੀ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੁਫ਼ਤ ਕੈਟੇਗਿਰੀਆਂ ਦਾ ਇਹ ਟੈਸਟ ਮੁਫ਼ਤ ਹੀ ਕੀਤਾ ਜਾਵੇਗਾ। ਇਸਤੋਂ ਇਲਾਵਾ ਬੈਂਕ ਵਲੋੋਂ ਸਿਵਲ ਹਸਪਤਾਲ ਰਾਮਾਂ ਮੰਡੀ ਦੇ ਅਪ੍ਰੇਸ਼ਨ ਥੀਏਟਰ ਨੂੰ ਸਟਰਲਾਈਜ਼ ਅਤੇ ਫੋਗਿੰਗ ਕਰਨ ਲਈ ਫੋਗਿੰਗ ਮਸ਼ੀਨ ਦਿੱਤੀ ਗਈ ਜਿਸ ਦੀ ਕੀਮਤ ਲਗਭਗ 35 ਹਜ਼ਾਰ ਰੁਪਏ ਹੈ। ਇਸ ਮੌਕੇ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ, ਡਾ ਊਸ਼ਾ ਗੋਇਲ ਅਤੇ ਡਾ ਸ਼ਤੀਸ਼ ਗੋਇਲ ਨੇ ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਵਿੱਚ ਦਿੱਤੇ ਯੋਗਦਾਨ ਲਈ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਧੀਰ ਕੁਮਾਰ, ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਵੀ ਹਾਜ਼ਰ ਸਨ।
ਪੰਜਾਬ ਗ੍ਰਾਮੀਣ ਬੈਂਕ ਨੇ ਸਿਵਲ ਹਸਪਤਾਲਾਂ ਲਈ ਮੁਹੱਈਆਂ ਕਰਵਾਏ ਮੈਡੀਕਲ ਉਪਰਕਣ
ਚਾਰ ਫ਼ੌਜੀ ਸਾਥੀਆਂ ਦਾ ਕਤਲ ਕਰਨ ਵਾਲੇ ਫ਼ੌਜੀ ਨੂੰ ਅਦਾਲਤ ਨੇ ਮੁੜ ਭੇਜਿਆ ਪੁਲਿਸ ਰਿਮਾਂਡ ’ਤੇ
25 ਅਪ੍ਰੈਲ ਤੱਕ ਪੁਲਿਸ ਹੋਰ ਕਰੇਗੀ ਪੁਛਗਿਛ, ਫ਼ੌਜੀ ਦਾ ਮੈਡੀਕਲ ਵੀ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ਲੰਘੀ 12 ਅਪ੍ਰੈਲ ਦੀ ਤੜਕਸਾਰ ਬਠਿੰਡਾ ਫ਼ੌਜੀ ਛਾਉਣੀ ’ਚ ਅਪਣੇ ਸੁੱਤੇ ਪਾਏ ਚਾਰ ਸਾਥੀਆਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਫ਼ੌਜੀ ਦੇਸਾਈ ਮੋਹਨ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਪੁਲਿਸ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਦੇਸ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸਦੇ ਚੱਲਦੇ ਕਈ ਹੋਰ ਪਹਿਲੂਆਂ ਤੋਂ ਪੁਛਗਿਛ ਤੇ ਜਾਂਚ ਕਰਨੀ ਬਾਕੀ ਹੈ। ਜਿਸਤੋਂ ਬਾਅਦ ਮੈਡਮ ਦਲਜੀਤ ਕੌਰ ਦੀ ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਫ਼ੌਜੀ ਨੂੰ ਮੁੜ 25 ਅਪ੍ਰੈਲ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਜਿਕਰਯੋਗ ਹੈ ਕਿ ਦੇਸਾਈ ਮੋਹਨ ਨੂੰ 17 ਅਪ੍ਰੈਲ ਨੂੰ ਪੁਲਿਸ ਤੇ ਫ਼ੌਜ ਦੀ ਸਾਂਝੀ ਟੀਮ ਨੇ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੌਰਾਨ ਦੇਸਾਈ ਮੋਹਨ ਨੇ ਖੁਲਾਸਾ ਕਰਦਿਆਂ ਇੰਨ੍ਹਾਂ ਕਤਲਾਂ ਪਿੱਛੇ ਮ੍ਰਿਤਕ ਨੌਜਵਾਨਾਂ ਉਪਰ ਖੁਦ ਨੂੰ ਸਰੀਰਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਪੁਲਿਸ ਸੂਤਰਾਂ ਨੇ ਦਸਿਆ ਕਿ ਇੰਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਉਨ੍ਹਾਂ ਵਲੋਂ ਮੁਜਰਮ ਦਾ ਪਿਛਲੇ ਦਿਨਾਂ ’ਚ ਮੈਡੀਕਲ ਵੀ ਕਰਵਾਇਆ ਗਿਆ ਹੈ, ਜਿਸਦੀ ਰੀਪੋਰਟ ਆਉਣੀ ਬਾਕੀ ਹੈ। ਇਸਤੋਂ ਇਲਾਵਾ ਉਸਦੇ ਕੋਲੋ 2 ਜਿੰਦਾ ਕਾਰਤੂਸਾਂ ਦੀ ਵੀ ਬਰਾਮਦਗੀ ਕਰਵਾ ਲਈ ਗਈ ਹੈ। ਇੱਥੇ ਦਸਣਾ ਬਣਦਾ ਹੈ ਕਿ ਭਾਰਤੀ ਫ਼ੌਜ ਦੇ ਤੋਪਖ਼ਾਨਾ ਦੀ 80 ਮੀਡੀਅਮ ਰੈਜੀਮੈਂਟ ਨਾਲ ਸਬੰਧਤ ਦੇਸਾਈ ਮੋਹਨ ਨੇ ਅਪਣੇ ਚਾਰ ਸਾਥੀ ਜਵਾਨਾਂ ਦਾ ਕਤਲ ਕਰ ਦਿੱਤਾ ਸੀ ਤੇ ਕਤਲ ਤੋਂ ਬਾਅਦ ਖੁਦ ਹੀ ਗਵਾਹ ਬਣ ਗਿਆ ਸੀ। ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਦੋ ਵਿਅਕਤੀ ਚਿੱਟੇ ਕੁੜਤੇ ਪਜਾਮੇ ਵਿਚ ਆਏ ਸਨ, ਜਿੰਨ੍ਹਾਂ ਵਿਚੋਂ ਇੱਕ ਦੇ ਹੱਥ ਵਿਚ ਰਾਈਫ਼ਲ ਤੇ ਇੱਕ ਦੇ ਹੱਥ ਵਿਚ ਕੁਹਾੜੀ ਸੀ। ਇਹ ਦੋਨੋਂ ਜਣੇ ਕਤਲ ਤੋਂ ਬਾਅਦ ਛਾਉਣੀ ਦੇ ਜੰਗਲਾਂ ਵੱਲ ਭੱਜ ਗਏ ਸਨ। ਪੁਲਿਸ ਟੀਮ ਨੇ ਕਾਫ਼ੀ ਤਫ਼ਤੀਸ ਤੋਂ ਬਾਅਦ ਦੇਸਾਈ ਮੋਹਨ ਨੂੰ ਗ੍ਰਿਫਤਾਰ ਕੀਤਾ ਸੀ। ਜਿਸਤੋਂ ਬਾਅਦ ਸਾਫ਼ ਹੋਇਆ ਸੀ ਕਿ ਉਸਨੇ ਇਹ ਕਤਲ ਕਰਨ ਲਈ 9 ਅਪ੍ਰੈਲ ਨੂੰ ਅਪਣੇ ਇੱਕ ਸਾਥੀ ਦੀ ਇਨਸਾਸ ਰਾਈਫ਼ਲ ਤੇ 28 ਕਾਰਤੂਸ ਚੋਰੀ ਕੀਤੇ ਸਨ। ਰਾਈਫ਼ਲ ਨੂੰ12 ਅਪ੍ਰੈਲ ਵਾਲੇ ਦਿਨ ਹੀ ਬਰਾਮਦ ਕਰ ਲਿਆ ਗਿਆ ਸੀ।
ਬਾਬਾ ਫ਼ਰੀਦ ਕਾਲਜ ਨੇ ਕੈਰੀਅਰ ਗਾਈਡੈਂਸ ਬਾਰੇ ਅਲੂਮਨੀ ਗੱਲਬਾਤ ਕਰਵਾਈ
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਬਾਰੇ ਇੱਕ ਅਲੂਮਨੀ ਟਾਕ ਕਰਵਾਈ। ਇਹ ਅਲੂਮਨੀ ਗੱਲਬਾਤ ਕਰਨ ਲਈ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਅਲੂਮਨੀ (ਸਾਬਕਾ ਵਿਦਿਆਰਥੀ)ਗੁਰਮਨਦੀਪ ਸਿੰਘ ਨੇ ਸ਼ਿਰਕਤ ਕੀਤੀ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਹਾਇਕ ਪ੍ਰੋਫੈਸਰ ਹਨ। ਸਫਲ ਕੈਰੀਅਰ ਬਣਾਉਣ ਦੀ ਯੋਜਨਾਬੰਦੀ ਅਤੇ ਲਗਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਉਪਲਬਧ ਵੱਖ-ਵੱਖ ਕੈਰੀਅਰ ਵਿਕਲਪਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਿਸੇ ਦੇ ਹਿਤਾਂ, ਹੁਨਰਾਂ ਅਤੇ ਇੱਛਾਵਾਂ ਦੇ ਆਧਾਰ ’ਤੇ ਸਹੀ ਕੈਰੀਅਰ ਦੇ ਰਸਤੇ ਦੀ ਚੋਣ ਕਰਨ ਬਾਰੇ ਸਲਾਹ ਦਿੱਤੀ। ਕਾਲਜ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਆਪਣੇ ਗਿਆਨ ਅਤੇ ਤਜਰਬਿਆਂ ਨੂੰ ਸਾਂਝੇ ਕਰਨ ਲਈ ਸਮਾਂ ਕੱਢਣ ਲਈ ਗੁਰਮਨਦੀਪ ਸਿੰਘ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਅਜਿਹੀ ਗੱਲਬਾਤ ਜਾਰੀ ਰਹੇਗੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਘਾਟ : ਸ਼ੌਕਤ ਅਹਿਮਦ ਪਰੇ
33 ਫ਼ੀਸਦੀ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਬੀਜ਼
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਕਰਨ ਲਈ ਨਹਿਰੀ ਪਾਣੀ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਖੇਤੀਬਾੜੀ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਹਿਦਾਇਤਾਂ ਦਿੰਦਿਆਂ ਕਿਹਾ ਕਿ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਘੱਟ ਪਾਣੀ ਵਾਲੀਆਂ ਫ਼ਸਲਾਂ ਉਗਾਉਣ ਲਈ ਵੱਧ ਤੋਂ ਵੱਧ ਪਿੰਡਾਂ ਵਿੱਚ ਕੈਂਪ ਲਗਾ ਕੇ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸਾਉਣੀ ਦੀ ਮੁੱਖ ਫ਼ਸਲ ਨਰਮੇ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਕੋਈ ਵੀ ਸਮੱਸਿਆ ਨਾ ਆਉਣ ਦਿੱਤੀ ਜਾਵੇ। ਇਸ ਦੌਰਾਨ ਨਹਿਰੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ 30 ਤੋਂ 40 ਫ਼ੀਸਦੀ ਪਾਣੀ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਨਰਮੇ ਦੀ ਫ਼ਸਲ ਦੀ ਬਿਜਾਈ ਨੂੰ ਮੁੱਖ ਰੱਖਦਿਆਂ ਕੱਲ੍ਹ ਤੋਂ ਨਹਿਰੀ ਪਾਣੀ ਦੀ ਸਪਲਾਈ 100 ਫ਼ਸੀਦੀ ਕਰ ਦਿੱਤੀ ਜਾਵੇਗੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਵੱਧ ਤੋਂ ਵੱਧ ਨਰਮੇ ਦੀ ਕਾਸ਼ਤ ਦੇ ਮੱਦੇਨਜ਼ਰ ਕਿਸਾਨਾਂ ਨੂੰ 33 ਫ਼ੀਸਦੀ ਸਬਸਿਡੀ ਤੇ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨ ਇਹ ਬੀਜ https://agrisubsidy.agrimachinerypb.com/#/seed-registration ਪੋਰਟਲ ਤੇ ਅਪਲਾਈ ਕਰਕੇ ਪ੍ਰਾਪਤ ਕਰ ਸਕਦੇ ਹਨ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਹੀਰ, ਫੀਲਡ ਅਫ਼ਸਰ ਸੁਖਬੀਰ ਸਿੰਘ ਸੋਢੀ, ਕਾਰਜਕਾਰੀ ਇੰਜੀਨੀਅਰ ਗੁਰਸਾਗਰ ਸਿੰਘ ਅਤੇ ਕੋਟਲਾ ਬਰਾਂਚ ਦੇ ਕਾਰਜਕਾਰੀ ਇੰਜੀਨੀਅਰ ਜਗਮੀਤ ਸਿੰਘ ਆਦਿ ਹਾਜ਼ਰ ਸਨ।
ਕੁਦਰਤ ਮੁੜ ਹੋਈ ਕਹਿਰਵਾਨ, ਮੀਂਹ ਤੇ ਗੜ੍ਹੇਮਾਰੀ ਨੇ ਕਣਕਾਂ ਦਾ ਕੀਤਾ ਭਾਰੀ ਨੁਕਸਾਨ
ਮੰਡੀਆਂ ’ਚ ਆਈ ਕਣਕ ਭਿੱਜੀ, ਖੇਤਾਂ ’ਚ ਵਢਾਈ ਦਾ ਕੰਮ ਰੁਕਿਆ
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ‘ਵਰਿਆ ਚੇਤ, ਘਰ ਨਾ ਖੇਤ’ ਦੀ ਕਹਾਵਤ ਨੂੰ ਚਿਤਾਰਥ ਕਰਦਿਆਂ ਕੁਦਰਤ ਨੇ ਇਸ ਵਾਰ ਕਿਸਾਨਾਂ ਲਈ ਵੱਡੀ ਮੁਸ਼ਕਿਲ ਦੀ ਘੜੀ ਪੈਦਾ ਕਰ ਦਿੱਤੀ ਹੈ। ਪਹਿਲਾਂ ਹੀ ਆਰਥਿਕ ਤੌਰ ’ਤੇ ਟੁੱਟ ਚੁੱਕੇ ਕਿਸਾਨਾਂ ਨੂੰ ਹੁਣ ਰੁਕ-ਰੁਕ ਕੇ ਹੋ ਰਹੀ ਬਾਰਸ਼ ਤੇ ਗੜੇਮਾਰੀ ਨੇ ਵੱਡੀ ਚਿੰਤਾ ਵਿਚ ਪਾ ਦਿੱਤਾ ਹੈ। ਮਾਰਚ ਮਹੀਨੇ ਵਿਚ ਹੋਈ ਬੇਮੌਸਮੀ ਬਾਰਸ ਤੇ ਗੜ੍ਹੈਮਾਰੀ ਨੇ ਜਿੱਥੇ ਖੇਤਾਂ ’ਚ ਪੱਕਣ ’ਤੇ ਆਈ ਕਣਕ ਦੀ ਫ਼ਸਲ ਨੂੰ ਰੋਲ ਕੇ ਰੱਖ ਦਿੱਤਾ ਸੀ, ਉਥੇ ਹੁਣ ਕਟਾਈ ਦੇ ਮੌਕੇ ਹਰ ਤੀਜ਼ੇ ਦਿਨ ਆਈ ਰਾ ਰਹੀ ਬਾਰਸ਼ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਮੰਡੀਆਂ ’ਚ ਰੋਲ ਕੇ ਰੱਖ ਦਿੱਤਾ ਹੈ। ਅੱਜ ਦੁਪਿਹਰ ਸਮੇਂ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ‘ਤੇ ਬਾਰਸ਼ ਦੇ ਨਾਲ ਕੁੱਝ ਥਾਵਾਂ ਉਪਰ ਗੜ੍ਹੇਮਾਰੀ ਹੋਈ। ਜਿਸਦੇ ਨਾਲ ਮੰਡੀਆਂ ਵਿਚ ਪਈ ਕਣਕ ਬੁਰੀ ਤਰ੍ਹਾਂ ਭਿੱਜ ਗਈ। ਇਸੇ ਤਰ੍ਹਾਂ ਖੇਤਾਂ ’ਚ ਖੜ੍ਹੀ ਕਣਕ ਵੀ ਗਿੱਲੀ ਹੋ ਗਈ ਤੇ ਉਸਦੀ ਕਟਾਈ ਲੇਟ ਹੋਣ ਦੇ ਨਾਲ-ਨਾਲ ਝਾੜ ਉਪਰ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3,88,930 ਮੀਟਰਕ ਟਨ ਹੋਈ ਕਣਕ ਦੀ ਆਮਦ ਵਿੱਚੋਂ 3,29,897 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ 3 ਲੱਖ 29 ਹਜ਼ਾਰ 897 ਮੀਟ੍ਰਿਕ ਟਨ ਕਣਕ ਵਿੱਚੋਂ ਪਨਗਰੇਨ ਵੱਲੋਂ 97060 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 86913, ਪਨਸਪ ਵੱਲੋਂ 74730, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 57576 ਅਤੇ ਵਪਾਰੀਆਂ ਵੱਲੋਂ 13618 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਵਾਰ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਵਿਭਾਗ ਨੂੰ ਪਿਛਲੇ ਸਾਲ ਹੋਈ 9 ਲੱਖ 34 ਹਜ਼ਾਰ ਮੀਟਰਕ ਟਨ ਆਮਦ ਤੱਕ ਪੁੱਜਣ ਦੀ ਉਮੀਦ ਬਣੀ ਹੋਈ ਹੈ ਪ੍ਰੰਤੂ ਕਰੋਧਵਾਨ ਹੋਈ ਕੁਦਰਤ ਕਿਸਾਨਾਂ ਦਾ ਸਾਥ ਦਿੰਦੀ ਨਜ਼ਰ ਨਹੀਂ ਆ ਰਹੀ ਹੈ। ਮੰਡੀ ’ਚ ਬੈਠੇ ਨਜਦੀਕੀ ਪਿੰਡ ਜੱਸੀ ਦੇ ਕਿਸਾਨ ਕੁਲਵੰਤ ਸਿੰਘ ਤੇ ਗੁਲਾਬ ਸਿੰਘ ਨੇ ਦਸਿਆ ਕਿ ਉਹ ਬੀਤੇ ਕੱਲ ਕਣਕ ਲੈ ਕੇ ਆਏ ਹੋਏ ਸਨ, ਜਿਸਦੀ ਅੱਜ ਸਫ਼ਾਈ ਹੋ ਗਈ ਸੀ ਪ੍ਰੰਤੂ ਤੁਲਾਈ ਨਾ ਹੋਣ ਕਾਰਨ ਗੱਟਿਆਂ ’ਚ ਭਰੀ ਖੁੱਲੇ ਆਸਮਾਨ ਥੱਲੇ ਪਈ ਹੋਈ ਸੀ। ਪਰ ਅੱਜ ਦੁਪਿਹਰ ਸਮੇਂ ਆਈ ਤੇਜ਼ ਬਾਰਸ ਤੇ ਗੜ੍ਹੈਮਾਰੀ ਨੇ ਕਣਕ ਨੂੰ ਪੂਰੀ ਤਰ੍ਹਾਂ ਭਿਊਂ ਦਿੱਤਾ, ਜਿਸਦੇ ਚੱਲਦੇ ਹੁਣ ਏਜੰਸੀਆਂ ਵਲੋਂ ਕੱਟ ਲੱਗਣ ਦੀ ਚਿੰਤਾ ਸਤਾਉਣ ਲੱਗੀ ਹੈ। ਗੌਰਤਲਬ ਹੈ ਕਿ ਕੁੱਝ ਵੱਡੀਆਂ ਮੰਡੀਆਂ ਨੂੰ ਛੱਡ ਬਾਕੀ ਥਾਵਾਂ ’ਤੇ ਸੈੱਡ ਆਦਿ ਦੀ ਸਹੂਲਤ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਪੱਕੇ ਫ਼ੜਾਂ ਉਪਰ ਖੁੱਲੇ ਆਸਮਾਨ ਹੇਠ ਅਪਣੀ ਪੁੱਤਾਂ ਵਾਂਗ ਫ਼ਸਲ ਨੂੰ ਰੱਖਣਾ ਪੈਂਦਾ ਹੈ ਪ੍ਰੰਤੂ ਕੁਦਰਤੀ ਆਫ਼ਤ ਉਸਦਾ ਭਾਰੀ ਨੁਕਸਾਨ ਕਰ ਰਹੀ ਹੈ। ਉਧਰ ਜ਼ਿਲ੍ਹਾ ਮੰਡੀ ਅਫ਼ਸਰ ਗੁਰਵਿੰਦਰ ਸਿੰਘ ਨੈ ਦਾਅਵਾ ਕੀਤਾ ਕਿ ਮੰਡੀਆਂ ’ਚ ਕਣਕ ਲੈ ਕੇ ਆਏ ਕਿਸਾਨਾਂ ਦੀ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਆੜਤੀਆਂ ਨੂੰ ਨਾਲ ਲੈ ਕੇ ਵਿਭਾਗ ਵਲੌਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਮੰਨਿਆਂ ਕਿ ਬਾਰਸ਼ ਕਾਰਨ ਥੋੜਾ ਨੁਕਸਾਨ ਜਰੂਰ ਹੋਇਆ ਹੈ। ਉਧਰ ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਹ ਕੁਦਰਤ ਦੀ ਅਰੋਪੀ ਹੈ ਪ੍ਰੰਤੂ ਇਸ ਔਖੀ ਘੜੀ ਮੌਕੇ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫ਼ੜਣੀ ਚਾਹੀਦੀ ਹੈ ਕਿਉਂਕਿ ਇਸਦੇ ਵਿਚ ਕਿਸਾਨ ਦਾ ਕੋਈ ਦੋਸ਼ ਨਹੀਂ ਹੈ। ਕਿਸਾਨ ਆਗੂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਪਿੱਛੇ ਹਟਦੀ ਨਜ਼ਰ ਆਈ ਤਾਂ ਉਗਰਾਹਾ ਜਥੇਬੰਦੀ ਸੰਘਰਸ਼ ਵਿੱਢੇਗੀ।
ਬਾਕਸ
ਬਠਿੰਡਾ ਦੇ 254 ਕਿਸਾਨਾਂ ਨੂੰ ਕਣਕ ਦੇ ਖ਼ਰਾਬੇ ਵਜੋਂ 47 ਲੱਖ ਦਾ ਮੁਆਵਜ਼ਾ ਦਿੱਤਾ : ਡਿਪਟੀ ਕਮਿਸ਼ਨਰ
ਬਠਿੰਡਾ: ਉਧਰ ਕਿਸਾਨਾਂ ਨਾਲ ਡਟ ਕੇ ਖੜ੍ਹਣ ਦਾ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਵਚਨਵੱਧ ਤੇ ਯਤਨਸ਼ੀਲ ਹੈ। ਉਨ੍ਹਾਂ ਦਸਿਆ ਕਿ ਪਿਛਲੇ ਦਿਨਾਂ ਚ ਬੇਮੌਸਮੀ ਬਰਸਾਤਾਂ ਦੇ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਵਜੋਂ ਜ਼ਿਲ੍ਹੇ ਦੇ 254 ਕਿਸਾਨਾਂ ਨੂੰ ਕਣਕ ਦੇ ਖ਼ਰਾਬੇ ਦੀ ਫ਼ਸਲ ਦਾ ਕਰੀਬ 47 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਜ਼ਿਲ੍ਹਾ ਮਾਲ ਅਫ਼ਸਰ ਬਲਕਰਨ ਸਿੰਘ ਮਾਹਲ ਨੇ ਬਲਾਕ ਵਾਈਜ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ 80 ਕਿਸਾਨਾਂ ਨੂੰ 199.4 ਏਕੜ ਦੇ 12,47,448 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਗਏ। ਇਸੇ ਤਰ੍ਹਾਂ ਸਬ-ਡਵੀਜ਼ਨ ਰਾਮਪੁਰਾ ਵਿਖੇ 124 ਕਿਸਾਨਾਂ ਨੂੰ 124 ਏਕੜ ਦੀ 24,72,644 ਰੁਪਏ ਦੀ ਰਾਸ਼ੀ ਅਤੇ ਸਬ-ਡਵੀਜ਼ਨ ਤਲਵੰਡੀ ਸਾਬੋ ਦੇ 50 ਕਿਸਾਨਾਂ ਨੂੰ 108 ਏਕੜ ਰਕਬੇ ਦੇ 9,49,587 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਕਾਇਆ ਰਾਸ਼ੀ ਵੀ ਜਲਦ ਪ੍ਰਭਾਵਿਤ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
ਪ੍ਰਾਈਵੇਟ ਸਕੂਲ ਦੀ ਕਥਿਤ ਲੁੱਟ ਵਿਰੁਧ ਮਾਪਿਆਂ ਨੇ ਕੀਤਾ ਸਕੂਲ ਅੱਗੇ ਰੋਸ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ : ਅੱਜ ਸਥਾਨਕ ਸ਼ਹਿਰ ਵਿਖੇ ਸਥਿਤ ਸੇਂਟ ਜ਼ੇਵੀਅਰ ਵਰਲਡ ਸਕੂਲ ਦੇ ਵਿਰੁਧ ਮਾਪਿਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਉਪਰ ਪੜ੍ਹਾਈ ਦੇ ਨਾਮ ’ਤੇ ਬੱਚਿਆਂ ਦੇ ਮਾਪਿਆਂ ਦੀ ਕਥਿਤ ਲੁੱਟ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਕੂਲ ਵੱਲੋਂ ਉਹਨਾਂ ਤੋਂ ਅਮਲਗਾਮੇਟਡ ਫੰਡ ਦੇ ਨਾਮ ਤੇ 11470/- ਰੁਪਏ ਵਸੂਲੇ ਗਏ ਸਨ, ਪਰ ਹੁਣ ਸਕੂਲ ਵੱਲੋਂ 15000/- ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਰੋਸ ਕਰ ਰਹੇ ਮਾਪਿਆ ਨੇ ਦਸਿਆ ਕਿ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਫੀਸ ਆਦਿ ਵਿੱਚ 8% ਤੋਂ ਵੱਧ ਵਾਧਾ ਨਹੀਂ ਕੀਤਾ ਜਾ ਸਕਦਾ, ਪਰ ਇਹ ਦਾਵੇ ਸਿਰਫ਼ ਕਾਗਜਾਂ ਤਕ ਹੀ ਸੀਮਤ ਰਹਿ ਗਏ ਹਨ। ਇਸ ਤੋ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਸਕੂਲਾਂ ਵਿੱਚ ਐਨ. ਸੀ. ਆਰ. ਟੀ. ਦੀਆ ਕਿਤਾਬਾ ਲਾਜ਼ਮੀ ਕੀਤੀਆਂ ਗਈਆਂ ਹਨ, ਪਰ ਉਕਤ ਸਕੂਲ ਵੱਲੋਂ ਬੱਚਿਆਂ ਲਈ ਐਕਸੀਡ ਕੰਪਨੀ ਕਿਤਾਬਾਂ ਲਾਜ਼ਮੀ ਕੀਤੀਆਂ ਗਈਆਂ ਹਨ, ਜੋ ਕਿ ਸਿਰਫ਼ ਇੱਕ ਹੀ ਦੁਕਾਨ ਕ੍ਰਿਸ਼ਨਾ ਬੁੱਕ ਡਿੱਪੂ ਤੋਂ ਹੀ ਮਿਲਦੀਆਂ ਹਨ। ਮਾਪਿਆਂ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਮਾਪਿਆਂ ਤੋਂ ਪਹਿਲੀ ਕਲਾਸ ਦੇ ਬੱਚੇ ਦੀਆਂ ਕਿਤਾਬਾਂ ਦੇ 6603/- ਰੁਪਏ ਵਸੂਲ ਕੀਤੇ ਜਾਂਦੇ ਹਨ ਅਤੇ ਕਈ ਕਾਪੀਆਂ ਉੱਪਰ ਐਮ. ਆਰ. ਪੀ. ਵੀ ਨਹੀਂ ਲਿਖਿਆ ਗਿਆ ਹੁੰਦਾ। ਉਨ੍ਹਾਂ ਦੱਸਿਆ ਕਿ ਉਕਤ ਮਾਮਲਿਆਂ ਦੇ ਸੰਬੰਧ ਵਿੱਚ ਸਕੂਲ ਪ੍ਰਿੰਸੀਪਲ ਨਾਲ ਉਹਨਾ ਦੀਆਂ ਸਮੱਸਿਆਂ ਨੂੰ ਹੱਲ ਕਰਨ ਦਾ ਸਮਾਂ ਮੰਗਿਆ ਗਿਆ ਸੀ, ਪਰ ਹੁਣ ਸਕੂਲ ਪ੍ਰਿੰਸੀਪਲ ਵੱਲੋਂ ਉਕਤ ਮਸਲਿਆਂ ਦੇ ਸੰਬੰਧ ਵਿੱਚ ਕਿਸੇ ਪ੍ਰਕਾਰ ਦਾ ਹੱਲ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਹੁਣ ਉਨ੍ਹਾਂ ਨੂੰ ਮਜਬੂਰਨ ਰੋਸ਼ ਕਰਨਾ ਪੈ ਰਿਹਾ ਹੈ। ਮਾਪਿਆਂ ਨੇ ਦਾਅਵਾ ਕੀਤਾ ਕਿ ਉਕਤ ਮਾਮਲਿਆਂ ਦੇ ਸੰਬੰਧ ਵਿੱਚ ਸਿੱਖਿਆ ਮੰਤਰੀ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ ਬਠਿੰਡਾ ਨੂੰ ਵੀ ਈਮੇਲ ਅਤੇ ਲਿਖਤੀ ਰੂਪ ਵਿੱਚ ਸ਼ਿਕਾਇਤਾ ਕੀਤੀਆਂ ਗਈਆਂ ਹਨ। ਇਸ ਮੌਕੇ ਐਡਵਕੇਟ ਰਾਕੇਸ਼ ਮੰਗਲਾ, ਐਡਵੋਕੇਟ ਰਾਮ ਮਨੋਹਰ, ਗੌਰਵ ਗੁਪਤਾ, ਅਸ਼ਵਨੀ ਕਪੂਰ, ਕਰਨ, ਅਮਿਤ ਮਿੱਤਲ, ਮਾਧੂਰੀ, ਰੋਮੀ ਗੋਇਲ, ਵਸੀਮ, ਨੀਰੂ ਗਰਗ, ਰਮਨ, ਰੇਖਾ, ਮੋਨਿਕਾ, ਸੀਮਾ, ਰੂਚੀ ਗੁਪਤਾ, ਸਿਪਰਾ, ਪਾਇਲ ਮੰਗਲਾ, ਸ਼ਿਵਾਨੀ ਕਪੂਰ ਅਤੇ ਫੌਜੀਆ ਤੋਂ ਇਲਾਵਾਂ ਅਨੇਕਾਂ ਮਾਪੇ ਹਾਜ਼ਰ ਸਨ।
ਖੇਤੀ ਮੰਤਰੀ ਵੱਲੋਂ ਕਿਸਾਨੀ ਮਸਲਿਆਂ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਨੁਮਾਇੰਦਿਆਂ ਨਾਲ ਮੀਟਿੰਗ
ਅਧਿਕਾਰੀਆਂ ਨੂੰ ਫਸਲਾਂ ਦੇ ਖਰਾਬੇ ਦੀ ਸਹੀ ਗਿਰਦਾਵਰੀ ਕਰਕੇ ਰਿਪੋਰਟ ਪੇਸ਼ ਕਰਨ ਦੀ ਹਦਾਇਤ
ਕੰਡਿਆਲੀ ਤਾਰ ਦੇ ਆਸ-ਪਾਸ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਪ੍ਰੈਲ: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਦਫਤਰ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਨੁਮਾਇੰਦਿਆਂ ਨਾਲ ਕਿਸਾਨੀ ਮਸਲਿਆਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿਚ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਆਦੇਸ਼ ਦਿੱਤਾ ਕਿ ਜਿਨ੍ਹਾਂ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦਾ ਮੁਆਵਜ਼ਾਂ ਨਹੀਂ ਮਿਲਿਆ ਉਨ੍ਹਾਂ ਦੇ ਵੇਰਵੇ ਡਿਪਟੀ ਕਮਿਸ਼ਨਰਾਂ ਤੋਂ 15 ਮਈ ਤੱਕ ਪ੍ਰਾਪਤ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਜਲਦੀ ਦਿੱਤਾ ਜਾ ਸਕੇ। ਧਾਲੀਵਾਲ ਨੇ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਫਸਲਾਂ ਦੇ ਖਰਾਬੇ ਦੀ ਸਹੀ ਗਿਰਦਾਵਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਕਿਸਾਨ ਨੁਮਾਇੰਦਿਆਂ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਸਾਇਲੋਜ਼ ਮੰਡੀਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੰਡਿਆਲੀ ਤਾਰ ਦੇ ਆਸ-ਪਾਸ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਲਿਖਿਆ ਹੋਇਆ ਹੈ। ਕਿਸਾਨ ਨੁਮਾਇੰਦਿਆਂ ਵੱਲੋਂ ਕਿਹਾ ਗਿਆ ਕਿ ਕੰਡਿਆਲੀ ਤਾਰ ਨੇੜਲੀਆਂ ਜ਼ਮੀਨਾਂ ਜਾਂ ਤਾਂ ਬੀ.ਐਸ.ਐਫ. ਐਕਵਾਇਰ ਕਰ ਲਵੇ ਜਾਂ ਉਨ੍ਹਾਂ ਨੂੰ ਜ਼ਮੀਨਾਂ ਬਦਲੇ ਹੋਰ ਥਾਂ ਜ਼ਮੀਨ ਅਲਾਟ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਕੰਮ ਚਲਦਾ ਰਹੇ। ਖੇਤੀ ਮੰਤਰੀ ਨੇ ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂਆਂ ਦਾ ਮੁਆਵਜ਼ਾ ਦੇਣ ਬਾਰੇ ਕਿਸਾਨ ਨੁਮਾਇੰਦਿਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਸਹਾਇਤਾ ਦੇਣ ਲਈ ਲਿ?ਖਆ ਹੋਇਆ ਹੈ ਅਤੇ ਪਸ਼ੂ ਪਾਲਣ ਵਿਭਾਗ ਨਾਲ ਮੀਟਿੰਗ ਕਰਕੇ ਨੁਕਸਾਨ ਦੇ ਵੇਰਵੇ ਪ੍ਰਾਪਤ ਕਰਨ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਲੈਂਡ ਮਾਰਟਗੇਜ ਬੈਂਕ ਵੱਲੋਂ ਜਾਰੀ ਵਾਰੰਟਾਂ ‘ਤੇ ਹਾਲ ਦੀ ਘੜੀ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਜ਼ਮੀਨ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਲਈ ਜਲਦ ਨਵੀਂ ਨੀਤੀ ਬਣਾਈ ਜਾਵੇਗੀ।ਇਸ ਮੌਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਰਹਿੰਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਸਬੰਧੀ ਧਾਲੀਵਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਸਾਡੇ ਕੋਲ ਕੋਈ ਕੇਸ ਪੈਂਡਿੰਗ ਨਹੀਂ ਹੈ, ਜੇਕਰ ਕੋਈ ਪਰਿਵਾਰ ਮੁਆਵਜ਼ੇ ਤੋਂ ਵਾਂਝਾ ਰਹਿ ਗਿਆ ਹੈ ਤਾਂ ਕਿਸਾਨ ਯੂਨੀਅਨਾਂ ਉਨ੍ਹਾਂ ਦੀ ਸੂਚੀ ਬਣਾ ਕੇ ਭੇਜਣ ਤਾਂ ਜੋ ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਮੁਆਵਜ਼ਾ ਦਿਵਾਇਆ ਜਾ ਸਕੇ।ਮੀਟਿੰਗ ਵਿੱਚ ਕਿਸਾਨ ਯੂਨੀਅਨ ਦੇ ਨੁਮਾਇੰਦੇ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਖੇਤੀ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਕੱਚੇ ਕਾਮਿਆਂ ਨੇ ਪਾਵਰਕੌਮ ਅਤੇ ਟਰਾਸਕੋ ਦੀ ਮੈਨੇਜਮੈਂਟ ਅਤੇ ਸੰਗਤ ਉਪ ਮੰਡਲ ਅਫ਼ਸਰ ਦੇ ਖਿਲਾਫ ਰੋਸ ਰੈਲੀ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਅੱਜ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੁਅਲ ਵਰਕਰ ਯੂਨੀਅਨ ਪੰਜਾਬ ਵਲੋਂ ਸਬ ਡਿਵੀਜ਼ਨ ਸੰਗਤ ਵਿਖੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ ਅਤੇ ਸੰਗਤ ਮੰਡੀ ਵਿਚ ਮਾਰਚ ਕੀਤਾ ਗਿਆ। ਪ੍ਰਧਾਨ ਦਿਨੇਸ਼ ਕੁਮਾਰ ਅਤੇ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਵੇਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਅਧੀਕਾਰੀ ਸਮੂਹ ਆਊਟਸੋਰਸਡ ਮੁਲਾਜ਼ਮਾਂ ਨਾਲ ਇਕਸਾਰ ਕਾਨੂੰਨੀ ਵਿਹਾਰ ਦੇ ਦਾਅਵੇ ਕਰਦੇ ਹਨ ਪਰ ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਆਪ ਬਣਾਏ ਕਾਨੂੰਨ ਨੂੰ ਵੀ ਪੈਰਾਂ ਹੇਠ ਦਰੜਨ ਤੋਂ ਵੀ ਗੁਰੇਜ਼ ਨਹੀਂ ਕਰਦੇ।ਇਸ ਦੀ ਇਕ ਉਦਾਹਰਣ ਪੇਸ਼ ਕਰਦੇਂ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ ਕਾਨੂੰਨ ਮੁਤਾਬਿਕ ਬਿਜਲੀ ਖੇਤਰ ਵਿਚ ਤੈਨਾਤ ਹਰ ਉਹ ਕਰਮਚਾਰੀ ਜਿਹੜਾ ਸੇਵਾ ਦੋਰਾਨ ਫ਼ੀਲਡ ਵਿਚ ਆਪਣੇ ਵਹੀਕਲਜ਼ ਦੀ ਵਰਤੋਂ ਕਰਦਾ ਹੈ, ਉਹ ਵਹੀਕਲ ਅਲਾਉਂਸ ਅਤੇ ਤੇਲ ਭੱਤੇ ਦਾ ਹੱਕਦਾਰ ਹੈ।ਪਰ ਸੱਚ ਇਹ ਹੈ ਕਿ ਆਊਟਸੋਰਸਡ ਮੁਲਾਜ਼ਮਾਂ ਦਾ ਇੱਕ ਹਿੱਸਾ ਜਿਹੜਾ ਇਸ ਕੰਮ ਤੇ ਤੈਨਾਤ ਹੈ ਉਸਨੂੰ ਇਨ੍ਹਾਂ ਭੱਤਿਆਂ ਦੀ ਅਦਾਇਗੀ ਹੋ ਰਹੀ ਹੈ ਜਦਕਿ ਪੈਸਕੋ ਕੰਪਣੀ ਵੱਲੋ ਭਰਤੀ ਮੁਲਾਜ਼ਮਾਂ ਪਾਸੋਂ ਬਰਾਬਰ ਕੰਮ ਲੈਣ ਦੇ ਬਾਵਜੂਦ ਇਨ੍ਹਾਂ ਭੱਤਿਆਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਇਨ੍ਹਾਂ ਨਿਗੁਣੀਆਂ ਤਨਖਾਹਾਂ ਤੇ ਸੇਵਾ ਕਰਦੇ ਇਨ੍ਹਾਂ ਕਾਮਿਆਂ ਦੀ ਨੰਗੇ ਚਿੱਟੇ ਰੂਪ ਵਿਚ ਲੁੱਟ ਜਾਰੀ ਰੱਖੀ ਜਾ ਰਹੀ ਹੈ। ਇਵੇਂ ਹੀ ਟੈਕਨੀਕਲ ਅਲਾਊਂਸ, ਰਿਸਕ ਅਲਾਊਂਸ, ਸ਼ਿਫਟ ਅਲਾਊਂਸ,ਡਿਊਟੀ ਅਲਾਊਂਸ, ਪ੍ਰੋਜੈਕਟ ਅਲਾਊਂਸ, ਆਦਿ ਦੇ ਰੂਪ ਵਿੱਚ ਜਾਰੀ ਹੈ। ਜਿਸ ਦਾ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਵਿਰੋਧ ਕਰਦੇ ਆ ਰਹੇ ਹਨ ਪਰ ਮੈਨੇਜਮੈਂਟ ਨੇ ਝੂਠੇ ਲਾਰਿਆਂ ਨਾਲ ਹੀ ਹਮੇਸ਼ਾ ਡੰਗ ਟਪਾਊ ਰੁਖ਼ ਜਾਰੀ ਰਖਿਆ ਹੈ। ਸਬ ਡਵੀਜ਼ਨ ਵਿਚ ਰੈਲੀਆਂ ਕਰਨ ਉਪਰੰਤ ਉਪ ਮੰਡਲ ਅਫਸਰ ਨੂੰ ਆਪਣੇ ਮੰਗ ਪੱਤਰ ਨੂੰ ਪਾਵਰਕੌਮ ਦੀ ਮੈਨੇਜਮੈਂਟ ਨੂੰ ਭੇਜਣ ਅਤੇ ਭੱਤਿਆਂ ਦੀ ਵਾਜਬੀਅਤ ਲਈ ਸਿਫਾਰਸ਼ ਭੇਜਣ ਦੀ ਅਪੀਲ ਕੀਤੀ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮੈਨੇਜਮੈਂਟ ਨੂੰ ਤਿੱਖਾ ਸੰਘਰਸ਼ ਕਰਨ ਦੀ ਸੁਣਾਉਣੀ ਕੀਤੀ ਗਈ। ਇਸ ਸਮੇਂ ਸੀ.ਐਚ.ਬੀ ਤੋਂ ਹਰਦੀਪ ਸਿੰਘ ਲੱਡੂ, ਗੁਰਪ੍ਰੀਤ ਸਿੰਘ,ਬਲਦੇਵ ਸਿੰਘ ਡਵੀਜ਼ਨ ਪ੍ਰਧਾਨ, ਟੈਕਨੀਕਲ ਸਰਵਿਸ ਯੂਨੀਅਨ ਤੋ ਸਰਕਲ ਪ੍ਰਧਾਨ ਚੰਦਰ ਪ੍ਰਕਾਸ਼, ਵੇਰਕਾ ਮਿਲਕ ਪਲਾਂਟ ਤੋਂ ਜਸਵੀਰ ਸਿੰਘ, ਨੋਜਵਾਨ ਭਾਰਤ ਸਭ ਤੋਂ ਗੋਰਾ ਸਿੰਘ ਹਾਜ਼ਰ ਸਨ
ਸਿਵਲ ਹਸਪਤਾਲ ਬਠਿੰਡਾ ’ਚ ਵਿਸਵ ਲਿਵਰ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਲਿਵਰ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕੀਤਾ ਗਿਆ। ਅੱਜ ਲਿਵਰ ਦਿਵਸ ਦੇ ਸਬੰਧ ਵਿੱਚ ਡਾ ਤੇਜਵੰਤ ਸਿੰਘ ਢਿੱਲੋ ਨੇ ਦੱਸਿਆ ਕਿ ਲਿਵਰ ਦੀਆਂ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਚਣ ਦੇ ਮਕਸਦ ਨਾਲ ਇਹ ਦਿਨ ਹਰੇਕ ਸਾਲ 19 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਸਿਹਤ ਵਿਭਾਗ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਸਕੁੂਲਾਂ, ਜਨਤਕ ਥਾਵਾਂ ਅਤੇ ਸਿਹਤ ਸੰਸਥਾਵਾਂ ਵਿੱਚ ਲਿਵਰ ਸਬੰਧੀ ਬਿਮਾਰੀਆਂ ਅਤੇ ਬਚਾਓ ਸਬੰਧੀ ਜਾਗਰੂਕ ਕਰ ਰਿਹਾ ਹੈ। ਇਸ ਸਾਲ ਦਾ ਥੀਮ ਹੈ”ਸੁਚੇਤ ਰਹੋ, ਨਿਯਮਤ ਲਿਵਰ ਚੈਕਅੱਪ ਕਰੋ, ਫੈਟੀ ਲਿਵਰ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।”ਉਹਨਾਂ ਦੱਸਿਆ ਕਿ ਭਾਰਤ ਵਿੱਚ ਜਿਗਰ ਨਾਲ ਸਬੰਧਿਤ ਬਿਮਾਰੀਆਂ ਤੇਜੀ ਨਾਲ ਵੱਧ ਰਹੀਆਂ ਹਨ, ਜਿਸ ਦਾ ਕਾਰਣ ਫਾਸਟ ਫੂਡ, ਨਸ਼ੇ ਦੀ ਵਰਤੋਂ, ਮਾੜੀ ਜੀਵਨ ਸ਼ੈਲੀ, ਮੋਟਾਪਾ ਅਤੇ ਮਸਾਲੇਦਾਰ ਭੋਜਨ ਖਾਣਾ ਹੈ। ਇਸ ਸਮੇਂ ਡਾ ਜਗਰੂਪ ਸਿੰਘ ਨੇ ਦੱਸਿਆ ਕਿ ਜਿਗਰ ਸਾਡੇ ਖੂਨ ਵਿੱਚ ਪੈਦਾ ਹੋਣ ਵਾਲੇ ਜ਼ਹਿਰੀਲੇ ਪਦਾਰਥਾਂ ਅਤੇ ਹੋਰ ਫਾਲਤੂ ਉਤਪਾਦਾਂ ਨੂੰ ਫਿਲਟਰ ਕਰਨ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਉਂਦਾ ਹੈ, ਚਰਬੀ ਨੂੰ ਹਜ਼ਮ ਕਰਨ ਵਿੱਚ ਮੱਦਦ ਕਰਨ ਲਈ ਗਲੂਕੋਜ਼ ਨੂੰ ਸਟੋਰ ਕਰਦਾ ਹੈ। ਉਹਨਾਂ ਦੱਸਿਆ ਕਿ ਜਿਗਰ ਦੀ ਜ਼ਿਆਦਾਤਰ ਲਾਗਾਂ ਹੈਪਾਟਾਈਟਸ ਏ, ਬੀ, ਸੀ, ਅਤੇ ਈ ਕਾਰਨ ਹੁੰਦੀ ਹੈ। ਹੈਪਾਟਾਈਟਸ ਏ ਅਤੇ ਈ ਮਿਲਾਵਟੀ ਭੋਜਨ, ਦੂਸ਼ਿਤ ਪਾਣੀ ਪੀਣ ਅਤੇ ਵਿਅਕਤੀ ਵਿਸ਼ੇਸ਼ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ। ਹੈਪਾਟਾਈਟਸ ਬੀ ਅਤੇ ਸੀ ਅਸੁਰੱਖਿਅਤ ਜਿਨਸੀ ਸੰਪਰਕ, ਜਨਮ ਸਮੇਂ ਮਾਂ ਤੋਂ ਬੱਚੇ ਨੂੰ, ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਵਿਅਕਤੀ ਦੀਆਂ ਸਰਿੰਜਾਂ ਦੀ ਦੁਬਾਰਾ ਵਰਤੋਂ ਕਰਨ ਨਾਲ ਅਤੇ ਟੈਟੂ ਬਨਾਉਣ ਸਮੇਂ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਥਕਾਵਟ, ਭੁੱਖ ਨਾ ਲੱਗਣਾ, ਖੁਜਲੀ, ਪਿਸ਼ਾਬ ਦੇ ਰੰਗ ਵਿੱਚ ਬਦਲਾਅ, ਗਲੇ ਵਿੱਚ ਜਲਣ, ਪੇਟ ਜਾਂ ਪੈਰਾਂ ਵਿੱਚ ਸ਼ੋਜ਼ ਲੱਛਣ ਦਿਸਣ ਤਾਂ ਮਾਹਿਰ ਡਾਕਟਰ ਦੀ ਸਲਾਹ ਲਵੋ। ਸਾਲ ਵਿੱਚ ਇੱਕ ਵਾਰ ਆਪਣੇ ਲਿਵਰ ਦੇ ਟੈਸਟ ਜਰੂਰ ਕਰਵਾਓ। ਉਹਨਾਂ ਦੱਸਿਆ ਕਿ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨਾ ਕਰੋ, ਫਾਸਟ ਫੂਡ ਦੀ ਵਰਤੋਂ ਨਾ ਕਰੋ, ਜ਼ਿਆਦਾ ਮਸਾਲੇ ਵਾਲੀਆਂ ਚੀਜਾਂ ਤੋਂ ਪ੍ਰਹੇਜ਼ ਕਰੌ, ਭਾਰ ਨੂੰ ਕੰਟਰੋਲ ਵਿੱਚ ਰੱਖੋ, ਹਰ ਰੋਜ਼ ਸੈਰ ਅਤੇ ਕਸਰਤ ਕਰੋ, ਹੈਪਾਟਾਈਟਸ ਏ ਅਤੇ ਬੀ ਦਾ ਟੀਕਾਕਰਣ ਕਰਵਾਓ, ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਨਾ ਲਵੋ, ਚਰਬੀ ਵਾਲੇ ਭੋਜਨ ਘੱਟ ਖਾਓ, ਸਿਹਤਮੰਦ ਆਦਤਾਂ ਅਪਨਾਓ, ਸੰਤੁਲਿਤ ਅਤੇ ਸਮੇਂ ਸਿਰ ਭੋਜਨ ਖਾ ਕੇ ਅਤੇ ਲੋਕਾਂ ਵਿੱਚ ਜਾਗਰੂਕਤਾ ਕਰਕੇ ਜਿਗਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਸਮੇਂ ਡਾ ਗੁਰਿੰਦਰ ਕੌਰ, ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਗਗਨਦੀਪ ਸਿੰਘ ਭੁੱਲਰ ਅਤੇ ਸਾਹਿਰ ਪੁਰੀ ਬੀ8ਈ8ਈ8 ਅਤੇ ਬਲਦੇਵ ਸਿੰਘ ਹਾਜ਼ਰ ਸਨ।
ਐਚ.ਪੀ.ਸੀ.ਐਲ ਨੇ ਮਹਿਲਾ ਤੇ ਜੱਚਾ-ਬੱਚਾ ਹਸਪਤਾਲ ਨੂੰ ਮੈਡੀਕਲ ਉਪਕਰਣ ਕੀਤੇ ਦਾਨ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵਲੋਂ ਸਥਾਨਕ ਸਿਵਲ ਹਸਪਾਤਲ ਵਿਖੇ ਮਹਿਲਾ ਤੇ ਜੱਚਾ-ਬੱਚਾ ਹਸਪਤਾਲ ਵਿਖੇ ਆਟੋਮੇਟਿਡ ਹੈਮਾਟੋਲੋਜੀ ਐਨਾਲਾਈਜ਼ਰ, ਐਨਸਥੀਸੀਆ ਮਸ਼ੀਨ, ਮਲਟੀ-ਪੈਰਾਮੋਨੀਟਰ ਮਾਡਿਊਲਰ ਟੀ.ਐਫ.ਟੀ ਕਰੀਬ 11.93 ਲੱਖ ਰੁਪਏ ਦੀ ਲਾਗਤ ਵਾਲੇ ਲੋੜੀਂਦੇ ਉਪਕਰਨ ਸੌਂਪੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਐਚ.ਪੀ.ਸੀ.ਐਲ ਦੇ ਚੀਫ਼ ਸਟੇਸ਼ਨ ਮੈਨੇਜਰ ਸ੍ਰੀ ਸੁਧੀਰ ਗੁਪਤਾ ਨੇ ਦੱਸਿਆ ਕਿ ਇਹ ਮੈਡੀਕਲ ਉਪਕਰਨ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨੀਤੀ ਤਹਿਤ ਮੁਹੱਈਆ ਕਰਵਾਏ ਗਏ ਹਨ। ਐਚ.ਪੀ.ਸੀ.ਐਲ ਪਿੰਡ ਵਾਸੀਆਂ ਦੀਆਂ ਸਿਹਤ ਸੇਵਾਵਾਂ ਨੂੰ ਵਧਾਉਣ ਲਈ ਲਗਾਤਾਰ ਤਤਪਰ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ ਆਸ-ਪਾਸ ਦੇ ਪਿੰਡ ਵਾਸੀ ਵੀ ਇਨ੍ਹਾਂ ਉਪਕਰਨਾਂ ਦਾ ਲਾਭ ਲੈ ਸਕਣਗੇ। ਇਸ ਦੌਰਾਨ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਐਚਪੀਸੀਐਲ ਵੱਲੋਂ ਬਠਿੰਡਾ ਖੇਤਰ ਦੇ ਵਾਸੀਆਂ ਲਈ ਕੀਤੇ ਜਾ ਰਹੇ ਨਿਰੰਤਰ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਧੰਨਵਾਦ ਪ੍ਰਗਟ ਕਰਦਿਆਂ ਭਵਿੱਖ ਵਿੱਚ ਵੀ ਜ਼ਿਲ੍ਹਾ ਬਠਿੰਡਾ ਵਿੱਚ ਇਸੇ ਤਰ੍ਹਾਂ ਮੈਡੀਕਲ ਸੇਵਾਵਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਐਚਪੀਸੀਐਲ ਤੋਂ ਡਿਪਟੀ ਜਨਰਲ ਮੈਨੇਜਰ ਸ਼੍ਰੀ ਦੁਰਗਾ ਨਰਾਇਣ ਮੀਨਾ, ਸ਼੍ਰੀ ਅਖਲਾਕ ਅਹਿਮਦ, ਸ਼੍ਰੀ ਸੁਖਵੰਤ ਸਿੰਘ ਕਾਹਲੋਂ, ਸਹਾਇਕ ਮਨੈਜਰ ਸ਼੍ਰੀ ਸੁਸ਼ੀਲ ਭਾਰਦਵਾਜ ਤੋਂ ਇਲਾਵਾ ਸਿਹਤ ਵਿਭਾਗ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਜਿੰਦਲ, ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰਪਾਲ ਸਿੰਘ, ਨਰਸਿੰਗ ਸਟਾਫ਼ ਤੇ ਪੈਰਾਮੈਡੀਕਲ ਸਟਾਫ਼ ਆਦਿ ਹਾਜ਼ਰ ਸੀ।



