Sunday, May 24, 2026
Home Blog Page 2139

ਜ਼ਿਲ੍ਹਾ ਪ੍ਰਸ਼ਾਸਨ ਨੇ ਕੱਚਾ ਧੋਬੀਆਣਾ ਬਸਤੀ ਦੇ ਲੋਕਾਂ ਦੇ ਮੁੜ ਵਸੇਬੇ ਲਈ ਕੀਤੀ ਯੋਜਨਾ ਤਿਆਰ

0

ਬਸਤੀ ਦੇ ਲੋਕਾਂ ਨਾਲ ਮੀਟਿੰਗ ਕਰਕੇ ਲਏ ਸੁਝਾਅ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਸਥਾਨਕ ਕੱਚਾ ਧੋਬੀਆਣਾ ਬਸਤੀ ’ਚ ਰਹਿ ਰਹੇ ਲੋਕਾਂ ਦੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਕ ਵਿਸੇਸ ਯੋਜਨਾ ਤਿਆਰ ਕੀਤੀ ਗਈ ਹੈ। ਇਸ ਸਬੰਧ ਵਿਚ ਅੱਜ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਕੱਚਾ ਧੋਬੀਆਣਾ ਵਸਨੀਕਾਂ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਮੁੜ ਵਸੇਬੇ ਲਈ ਵਿਚਾਰ-ਵਟਾਂਦਰਾ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੇ ਰਹਿਣ ਲਈ ਬੇਹਤਰ ਪਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਵਲੋਂ ਬਸਤੀ ਵਾਸੀਆਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ ਗਏ। ਮੀਟਿੰਗ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਸੁਝਾਵਾਂ ਦੇ ਅਨੁਸਾਰ ਹੀ ਪਰਪੋਜ਼ਲ ਤਿਆਰ ਕੀਤੀ ਜਾਵੇਗੀ ਤਾਂ ਜੋ ਉਹ ਆਪਣੀ ਬੇਹਤਰ ਜਿੰਦਗੀ ਜੀਅ ਸਕਣ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਲਦ ਹੀ ਇਸ ਜਗਾਂ ਦਾ ਸਰਵੇ ਕਰਵਾਇਆ ਜਾਵੇਗਾ ਤੇ ਟੀਮ ਵਲੋਂ ਆਮ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ ਜਾਣਗੇ। ਇਸ ਦੌਰਾਨ ਕੱਚਾ ਧੋਬੀਆਣਾ ਦੇ ਮੌਜੂਦ ਬਸਤੀ ਵਾਸੀਆਂ ਵਲੋਂ ਆਪੋ-ਆਪਣੀ ਸਹਿਮਤੀ ਵੀ ਪ੍ਰਗਟਾਈ ਗਈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਰਾਹੁਲ, ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰੁਪਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕੱਚਾ ਧੋਬੀਆਣਾ ਬਸਤੀ ਦੇ ਆਮ ਲੋਕ ਮੌਜੂਦ ਸਨ।

ਨਵੇਂ ਉਦਯੋਗ ਸਥਾਪਤ ਕਰਕੇ ਰਾਜ ਦੀ ਖੁਸ਼ਹਾਲੀ ਵਿੱਚ ਪਾਇਆ ਜਾਵੇ ਵਡਮੁੱਲਾ ਯੋਗਦਾਨ : ਸ਼ੌਕਤ ਅਹਿਮਦ ਪਰੇ

0

ਕਿਹਾ, ਸੂਬਾ ਸਰਕਾਰ ਵਲੋਂ ਬਣਾਈ ਗਈ ਉਦਯੋਗਿਕ ਨੀਤੀ ਦਾ ਉਠਾਇਆ ਜਾਵੇ ਲਾਭ
ਨਵੀਂ ਉਦਯੋਗਿਕ ਪਾਲਿਸੀ ਦੇ ਮੱਦੇਨਜ਼ਰ ਜਾਗਰੂਕਤਾ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਸੂਬਾ ਸਰਕਾਰ ਵਲੋਂ ਬਣਾਈ ਗਈ ਉਦਯੋਗਿਕ ਨੀਤੀ 2022 ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤੇ ਨਵੇਂ ਉਦਯੋਗ ਸਥਾਪਤ ਕਰਕੇ ਰਾਜ ਦੀ ਖੁਸ਼ਹਾਲੀ ਵਿੱਚ ਵੱਧ ਤੋਂ ਵੱਧ ਵਡਮੁੱਲਾ ਯੋਗਦਾਨ ਪਾਇਆ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਉਦਯੋਗ ਤੇ ਕਮਰਸ ਵਿਭਾਗ ਵਲੋਂ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ।ਇਸ ਸੈਮੀਨਾਰ ਸਬੰਧੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਉਦਯੋਗਿਕ ਪਾਲਿਸੀ 2022 ਤੋਂ ਇਲਾਵਾ ਭਾਰਤ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਸੀਜੀਟੀਐਸਐਮਈ, ਟਰੈਡ, ਜੈਡ ਕਲਸਟਰ ਡਿਵੈਲਪਮੈਂਟ ਸਕੀਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੁੱਖ ਦਫ਼ਤਰ ਤੋਂ ਆਏ ਕੇਪੀਐਮਜੀ ਤੇ ਸਿਡਬੀ ਦੇ ਉੱਚ ਅਧਿਕਾਰੀਆਂ ਵਲੋਂ ਵੀ ਆਪੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਸੈਮੀਨਾਰ ਚ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ ਮਾਨਸਾ ਦੇ ਉਦਯੋਗਪਤੀਆਂ, ਉਦਯੋਗਿਕ ਐਸੋਸ਼ੀਏਸ਼ਨਾਂ ਦੇ ਅਹੁਦੇਦਾਰਾਂ, ਚਾਰਟਡ ਅਕਾਊਂਟੈਂਟਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਵਲੋਂ ਚਲਾਏ ਜਾਂਦੇ ਇਨਵੈਸਟ ਪੰਜਾਬ ਬਿਜਨਸ ਫਰਸਟ ਪੋਰਟਲ ਦੇ ਲਾਭਪਾਤਰੀਆਂ ਨੇ ਹਿੱਸਾ ਲਿਆ। ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਨੀਰਜ ਸੇਤੀਆ, ਚੈਂਬਰ ਆਫ਼ ਕਮਰਸ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਵਰਿੰਦਰ ਮੋਹਨ,ਮੁਕੇਸ਼ ਕੁਮਾਰ, ਰਜਿੰਦਰ ਪਾਲ ਤੇ ਰਾਜੂ ਕੁਮਾਰ ਆਦਿ ਹਾਜ਼ਰ ਸਨ।

ਰਾਤ ਨੂੰ ਆਏ ਝੱਖੜ-ਝੋਲੇ ਤੇ ਹਲਕੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤੇ

ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜੀ 2,71,178 ਮੀਟਰਕ ਟਨ ਕਣਕ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਪਿਛਲੇ ਸਮੇਂ ਦੌਰਾਨ ਹੋਈਆਂ ਬੇਮੌਸਮੀ ਬਾਰਸ਼ਾਂ ਅਤੇ ਗੜ੍ਹੇਮਾਰੀ ਕਾਰਨ ਕਣਕ ਸਹਿਤ ਹੋਰਨਾਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਕਾਰਨ ਆਰਥਿਕ ਤੌਰ ’ਤੇ ਝੰਬੇ ਕਿਸਾਨਾਂ ਦੇ ਹੁਣ ਬੀਤੀ ਦੇਰ ਰਾਤ ਆਏ ਭਾਰੀ ਝੱਖੜ ਝੋਲੇ ਅਤੇ ਹਲਕੀ ਬਾਰਸ਼ ਨੇ ਸਾਹ ਸੂਤ ਦਿੱਤੇ ਹਨ। ਪਿਛਲੇ ਕੁੱਝ ਦਿਨਾਂ ਤੋਂ ਮੌਸਮ ਵਿਚ ਗਰਮਾਹਟ ਆਉਣ ਕਾਰਨ ਕਣਕ ਦੀ ਵਾਢੀ ਦਾ ਕੰਮ ਜੋਰਾਂ ’ਤੇ ਚੱਲ ਰਿਹਾ ਹੈ ਤੇ ਲਗਾਤਾਰ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਪ੍ਰੰਤੂ ਹੁਣ ਨਿਤ ਦਿਨ ਬਦਲਦੇ ਮੌਸਮ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ। ਦੂਜੇ ਪਾਸੇ ਆੜਤੀ ਤੇ ਮੰਡੀਕਰਨ ਬੋਰਡ ਦੇ ਅਧਿਕਾਰੀ ਵੀ ਕਿਸਾਨਾਂ ਦੀਆਂ ਦਿੱਕਤਾਂ ਦੂਰ ਕਰਨ ਲੱਗੇ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਕਾਫ਼ੀ ਤੇਜ ਹਨੇਰੀ ਆਉਣ ਤੋਂ ਬਾਅਦ ਬਠਿੰਡਾ ਪੱਟੀ ਦੇ ਕਈ ਥਾਵਾਂ ’ਚ ਹਲਕੀ ਬਾਰਸ਼ ਵੀ ਆਈ। ਜਿਸ ਕਾਰਨ ਜਿੱਥੇ ਖੇਤਾਂ ’ਚ ਖੜੀਆਂ ਕਣਕਾਂ ਦੀ ਫ਼ਸਲ ਦੇ ਮੁੜ ਖਰਾਬ ਹੋਣ ਦੀ ਸੰਭਾਵਨਾ ਬਣ ਗਈ, ਉਥੇ ਮੰਡੀਆਂ ਵਿਚ ਪੁੱਜੀ ਕਣਕ ਦੇ ਭਿੱਜਣ ਦਾ ਖ਼ਤਰਾ ਬਣ ਗਿਆ ਸੀ। ਅੱਜ ਸਥਾਨਕ ਬਠਿੰਡਾ ਮੰਡੀ ਦਾ ਦੌਰਾ ਕਰਨ ’ਤੇ ਕਿਸਾਨਾਂ ਨੇ ਦਸਿਆ ਕਿ ਆੜਤੀਆਂ ਦੇ ਪੱਲੇਦਾਰਾਂ ਦੀ ਮੱਦਦ ਨਾਲ ਸੈਡ ਤੋਂ ਬਾਹਰ ਪਈ ਕਣਕ ਉਪਰ ਤਰਪਾਲਾਂ ਪਾਈਆਂ ਗਈਆਂ,ਜਿਸ ਵਿਚੋਂ ਕਾਫ਼ੀ ਸਾਰੀਆਂ ਇਸ ਤੇਜ ਹਨੇਰੀ ਵਿਚ ਉਡ ਗਈਆਂ। ਮੰਡੀ ’ਚ ਮੌਜੂਦ ਜੈ ਸਿੰਘ ਵਾਲਾ ਦੇ ਕਿਸਾਨ ਗੁਰਚਰਨ ਸਿੰਘ ਨੇ ਦਸਿਆ ਕਿ ਸਾਰੀ ਰਾਤ ਹੀ ਉਨ੍ਹਾਂ ਨੂੰ ਜਾਗ ਕੇ ਕੱਟਣੀ ਪਈ। ਜਦੋਂਕਿ ਮਾਰਕੀਟ ਕਮੇਟੀ ਬਠਿੰਡਾ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਰੱਖਦਿਆਂ ਵਿਭਾਗ ਵਲੋਂ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 2,71,178 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 2 ਲੱਖ 10 ਹਜ਼ਾਰ 88 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇੰਨ੍ਹਾਂ ਵਿਚੋਂ ਪਨਗਰੇਨ ਵੱਲੋਂ 61814 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 56847, ਪਨਸਪ ਵੱਲੋਂ 47820, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 37557 ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 6050 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਖਰੀਦ ਕੀਤੀ ਗਈ ਫਸਲ ਦੀ ਸਮੇਂ-ਸਿਰ ਲਿਫਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਕੋਈ ਕਮੀ ਨਹੀਂ ਰਹਿਣੀ ਚਾਹੀਦੀ।

ਸਿਵਲ ਸਰਜਨ ਨੇ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੀਤੀ ਮੀਟਿੰਗ

0

ਹਾਈ ਰਿਸਕ ਗਰਭਵਤੀ ਔਰਤਾਂ ਨੂੰ ਸੰਸਥਾਗਤ ਜਣੇਪਾ ਕਰਨ ਲਈ ਪ੍ਰੇਰਿਤ ਕੀਤਾ ਜਾਵੇੇ: ਡਾ ਤੇਜਵੰਤ ਸਿੰਘ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਸਥਾਨਕ ਸਿਵਲ ਸਰਜ਼ਨ ਦਫ਼ਤਰ ਵਿਖੇ ਵੱਖ ਵੱਖ ਨੈਸ਼ਨਲ ਪ੍ਰੋਗਰਾਮਾਂ ਅਤੇ ਮਾਤਰੀ ਮੌਤਾਂ ਦੀ ਸਮੀਖਿਆ ਕਰਨ ਲਈ ਸਮੂਹ ਪ੍ਰੋਗ੍ਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ, ਅਰਬਨ ਮੈਡੀਕਲ ਅਫ਼ਸਰ ਨਾਲ ਰੀਵਿਊ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਨੈਸ਼ਨਲ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਸਬੰਧੀ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਸਮੂਹ ਅਫਸਰ ਸਾਹਿਬਾਨਾਂ ਨੂੰ ਕਿਹਾ ਗਿਆ ਕਿ ਸਿਹਤ ਵਿਭਾਗ ਦੁੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਨਾਇਆ ਜਾਵੇ।
ਇਸ ਮੌਕੇ ਜ਼ਿਲ੍ਹੇ ਵਿਚ ਪਿਛਲੇ ਸਮੇਂ ਦੌਰਾਨ ਹੋਈਆਂ ਮਾਤਰੀ ਮੌਤਾਂ ਦੀ ਸਮੀਖਿਆ ਵੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਤੇਜਵੰਤ ਸਿੰਘ ਢਿੱਲੋਂ ਨੇ ਉਕਤ ਮੌਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਂਦਿਆਂ ਭਵਿੱਖ ਵਿੱਚ ਅਜਿਹੇ ਕਾਰਨਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਨ ਦੇ ਨਿਰਦੇਸ਼ ਦਿੱਤੇੇ। ਉਹਨਾਂ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਲਈ ਐਕਸ਼ਨ ਪਲਾਨ ਬਣਾ ਕੇ ਉਸ ਦਾ 100 ਪ੍ਰਤੀਸ਼ਤ ਫਾਲੋਅੱਪ ਕੀਤਾ ਜਾਵੇ। ਡਾ ਢਿੱਲੋਂ ਨੇ ਕਿਹਾ ਕਿ ਏਐਨਐਮਜ਼ ਅਤੇ ਆਸ਼ਾ ਵਰਕਰਜ਼ ਵੱਲੋਂ ਹੋਮ ਵਿਜ਼ਟ ਕਰਕੇ ਹਰ ਗਰਭਵਤੀ ਔਰਤ ਦਾ ਐਂਟੀਨੇਟਲ ਚੈੱਕਅੱਪ ਅਤੇ ਜ਼ਰੂਰੀ ਟੈਸਟ ਕਰਵਾਉਣਾ 100 ਪ੍ਰਤੀਸ਼ਤ ਯਕੀਨੀ ਬਨਾਇਆ ਜਾਵੇ ਅਤੇ ਜੇਕਰ ਕੋਈ ਗਰਭਵਤੀ ਔਰਤ ਹਾਈ ਰਿਸਕ ਹੈ ਤਾਂ ਉਸ ਸਬੰਧੀ ਇੱਕ ਲਿਸਟ ਸੀਨੀਅਰ ਮੈਡੀਕਲ ਅਫ਼ਸਰ ਕੋਲ ਜਰੂਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਣੇਪੇ ਤੋਂ ਬਾਅਦ ਸਿਜ਼ੇਰੀਅਨ ਕੇਸਾਂ ਨੂੰ 5 ਤੋਂ 7 ਦਿਨ ਅਤੇ ਲਾਰਮਲ ਡਿਲਵਰੀ ਵਾਲੇ ਕੇਸਾਂ ਨੂੰ 3 ਦਿਨ ਤੱਕ ਹਸਪਤਾਲ ਵਿੱਚ ਦਾਖਲ ਜਰੂਰ ਰੱਖਿਆ ਜਾਵੈ ਤਾਂ ਕਿ ਉਹ ਮੈਡੀਕਲ ਸਟਾਫ਼ ਦੀ ਨਿਗਰਾਨੀ ਵਿੱਚ ਰਹੇ। ਉਹਨਾਂ ਕਿਹਾ ਕਿ ਗਰਭਵਤੀ ਮਾਵਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੰਸਥਾਗਤ ਜਣੇਪਾ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜ਼ੋ ਮਾਤਰੀ ਮੌਤਾਂ ਤੇ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਹਦਾਇਤ ਕੀਤੀ ਕਿ ਕੋਰੋਨਾ ਦੀ ਬਿਮਾਰੀ ਸਬੰਧੀ ਜਨਤਕ ਥਾਵਾਂ, ਸਿਹਤ ਸੰਸਥਾਵਾਂ ਅਤੇ ਸਕੂਲਾਂ ਵਿੱਚ ਜਾਗਰੂਕ ਕੀਤਾ ਜਾਵੇ ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਵਰਕਸ਼ਾਪ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਸਕੂਲ ਆਫ ਐਗਰੀਕਲਚਰ ਸਾਇੰਸਜ਼ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਕੈਂਪਸ ਵਿੱਚ “ਬਾਇਓ ਕੰਪੋਸਟ ਅਤੇ ਵਰਮੀ ਕੰਪੋਸਟ”ਵਿਸ਼ੇ ‘ਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਮਿਸ਼ਨ ਲਾਈਫ ਪ੍ਰੋਗਰਾਮ ਤਹਿਤ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਸਪਾਂਸਰ ਕੀਤਾ ਗਿਆ ਸੀ।ਵਰਕਸ਼ਾਪ ਵਿੱਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਅਤੇ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ-ਐਮ.ਆਰ.ਐਸ.ਪੀ.ਟੀ.ਯੂ. ਦੇ ਨਾਲ-ਨਾਲ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਰਗੀਆਂ ਹੋਰ ਸੰਸਥਾਵਾਂ ਤੋਂ 200 ਤੋਂ ਵੱਧ ਪ੍ਰਤੀਭਾਗੀਆਂ ਨੇ ਭਾਗ ਲਿਆ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਬਾਇਓ- ਅਤੇ ਵਰਮੀ ਕੰਪੋਸਟਿੰਗ ਦੇ ਵਿਸ਼ੇ ’ਤੇ ਕੇਂਦਰਿਤ ਚਰਚਾ ਦੁਆਰਾ ਟਿਕਾਊ ਖੇਤੀਬਾੜੀ ਅਭਿਆਸਾਂ ਬਾਰੇ ਗਿਆਨ ਦਾ ਪ੍ਰਸਾਰ ਕਰਨਾ ਸੀ।ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਮਾਹਿਰ ਡਾ: ਪ੍ਰਿਤਪਾਲ ਸਿੰਘ ਨੇ ਖਾਦ ਬਣਾਉਣ ਦੇ ਸਿਧਾਂਤਾਂ ਅਤੇ ਖੇਤੀਬਾੜੀ ਪ੍ਰਣਾਲੀ ਵਿੱਚ ਇਸਦੀ ਮਹੱਤਤਾ ਬਾਰੇ ਆਪਣੀ ਮੁਹਾਰਤ ਅਤੇ ਕੀਮਤੀ ਵਿਚਾਰ ਸਾਂਝੇ ਕੀਤੇ।ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਐਂਡ ਟੈਕਨਾਲੋਜੀ ਦੇ ਮੁਖੀ ਡਾ.ਕਵਲਜੀਤ ਸਿੰਘ ਸੰਧੂ ਨੇ ਮੌਜੂਦਾ ਖੇਤੀ ਪ੍ਰਣਾਲੀ ਵਿੱਚ ਬਾਇਓ ਕੰਪੋਸਟਿੰਗ ਅਤੇ ਵਰਮੀ ਕੰਪੋਸਟਿੰਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਵੀ ਉਪਰੋਕਤ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

ਨਰਮੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵਲੋਂ ਬਠਿੰਡਾ ’ਚ ਨਕਲੀ ਦਵਾਈਆਂ ਦਾ ਜਖੀਰਾ ਬਰਾਮਦ

0

ਚੰਡੀਗੜ੍ਹ ਤੋਂ ਆਈ ਟੀਮ ਨੇ ਗੋਦਾਮ ’ਚ ਭਰੇ ਸੈਂਪਲ, ਪੁਲਿਸ ਵਲੋਂ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ : ਪਿਛਲੇ ਸਾਲਾਂ ’ਚ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ‘ਝੰਬੇ’ ਕਿਸਾਨਾਂ ਨੂੰ ਮੁੜ ਨਰਮੇ ਦੀ ਫ਼ਸਲ ਵੱਲ ਮੋੜਣ ਲਈ ਪੰਜਾਬ ਸਰਕਾਰ ਦੁਆਰਾ ਵਿੱਢੀ ਮੁਹਿੰਮ ਤਹਿਤ ਅੱਜ ਚੰਡੀਗੜ੍ਹ ਤੋਂ ਆਈਆਂ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਬਠਿੰਡਾ ’ਚ ਡੇਢ ਦਰਜਨ ਦੇ ਕਰੀਬ ਗੋਦਾਮਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਈ ਗੋਦਾਮਾਂ ’ਚ ਅਣਧਿਕਰਾਤ ਤੌਰ ’ਤੇ ਨਕਲੀ ਦਵਾਈਆਂ ਦਾ ਜਖੀਰਾਂ ਬਰਾਮਦ ਹੋਣ ਦੀ ਸੂਚਨਾ ਹੈ। ਸੂਚਨਾ ਮੁਤਾਬਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ ਰਾਜ ਕੁਮਾਰ ਦੀ ਅਗਵਾਈ ਹੇਠ ਸਰਕਾਰ ਵਲੋਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿੰਨ੍ਹਾਂ ਦੀ ਅਗਵਾਈ ’ਚ ਅੱਜ ਬਠਿੰਡਾ ਸ਼ਹਿਰ ਦੇ ਆਸਪਾਸ ਕੀਟਨਾਸ਼ਕ ਦਵਾਈਆਂ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ। ਪਤਾ ਲੱਗਿਆ ਹੈ ਕਿ ਇਸ ਚੈਕਿੰਗ ਦੌਰਾਨ ਸਥਾਨਕ ਸਿਵੀਆ ਰੋਡ ’ਤੇ ਸਥਿਤ ਕੇ.ਸੀ ਕੰਪਲੈਕਸ ’ਚ ਦੱਖਣੀ ਭਾਰਤ ਦੀ ਇੱਕ ਕੰਪਨੀ ਟੀ-ਸਟੇਟ ਕੰਪਨੀ ਲਿਮਟਿਡ ਦੇ ਗੋਦਾਮ ਵਿਚੋਂ ਵੱਡੀ ਮਾਤਰਾ ’ਚ ਦਵਾਈਆਂ ਤੇ ਖਾਦਾਂ ਦਾ ਜਖੀਰਾਂ ਮਿਲਿਆ ਹੈ। ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ ਰਾਜ ਕੁਮਾਰ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕੰਪਨੀ ਦੇ ਪ੍ਰਬੰਧਕਾਂ ਵਲੋਂ ਇੰਨ੍ਹਾਂ ਦਵਾਈਆਂ ਦਾ ਕੋਈ ਬਿਲ ਜਾਂ ਸਟਾਕ ਰਜਿਸਟਰਾਰ ਆਦਿ ਕੋਈ ਰਿਕਾਰਡ ਨਹੀਂ ਦਿੱਤਾ ਗਿਆ। ਜਿਸਦੇ ਚੱਲਦੇ ਇਹ ਦਵਾਈਆਂ ਨਕਲੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਗੋਦਾਮਾਂ ਤੋਂ ਅੱਗੇ ਦੁਕਾਨਾਂ ਤੱਕ ਦਵਾਈਆਂ ਦੀ ਸਪਲਾਈ ਹੋਣੀ ਹੈ, ਜਿਸਦੇ ਚੱਲਦੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਵਿਭਾਗ ਵਲੋਂ ਇੰਨ੍ਹਾਂ ਗੋਦਾਮਾਂ ’ਤੇ ਹੀ ਚੈਕਿੰਗ ਸ਼ੁਰੂ ਕਰਕੇ ਨਕਲੀਆਂ ਦਵਾਈਆਂ ਨੂੰ ਫ਼ੜਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡਾ ਰਾਜ ਕੁਮਾਰ ਨੇ ਅੱਗੇ ਦਸਿਆ ਕਿ ਉਕਤ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਇਨਸੇਕਟੀਏਟ ਐਕਟ 1968 ਤਹਿਤ ਪਰਚਾ ਦਰਜ਼ ਕਰਵਾਉਣ ਲਈ ਥਾਣਾ ਥਰਮਲ ਵਿਚ ਲਿਖਤ ਸਿਕਾਇਤ ਦਿੱਤੀ ਜਾ ਚੁੱਕੀ ਹੈ। ਇਸਤੋਂ ਇਲਾਵਾ ਦਵਾਈਆਂ ਦੇ ਸੈਂਪਲ ਲਏ ਜਾ ਰਹੇ ਹਨ, ਜਿਸਤੋਂ ਬਾਅਦ ਗੋਦਾਮ ਨੂੰ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।

ਚੇਤਨ ਸਿੰਘ ਜੌੜਾਮਾਜਰਾ ਨੇ ਲੋਕ ਸੰਪਰਕ ਅਧਿਕਾਰੀਆਂ ਨੂੰ ਮਾਨ ਸਰਕਾਰ ਦੀਆਂ ਨਵੀਆਂ ਲੋਕ ਪੱਖੀ ਪਹਿਲਕਦਮੀਆਂ ਨੂੰ ਦ੍ਰਿੜਤਾ ਨਾਲ ਪ੍ਰਚਾਰਨ ਲਈ ਕਿਹਾ

0

ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਕੀਤੀ ਪ੍ਰਧਾਨਗੀ, ਪ੍ਰਚਾਰ ਮੁਹਿੰਮਾਂ ਲਈ ਮਿੱਥੇ ਟੀਚੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 19 ਅਪ੍ਰੈਲ: ਮਹਿਜ਼ ਇੱਕ ਸਾਲ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਮ ਆਦਮੀ ਦੀ ਭਲਾਈ ਦੇ ਉਦੇਸ਼ ਨਾਲ ਕਈ ਨਵੀਆਂ ਪਹਿਲਕਦਮੀਆਂ ਨੂੰ ਲਾਗੂ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਇੱਕ ਵੱਡੀ ਪ੍ਰਗਤੀਸ਼ੀਲ ਤਬਦੀਲੀ ਦਾ ਮੁੱਢ ਬੰਨਿਆ ਹੈ , ਜਿਸ ਤਹਿਤ 23 ਜ਼ਿਲਿਆਂ ਵਿੱਚ 117 ਸਕੂਲ ਆਫ ਐਮੀਨੈਂਸ, 500 ਆਮ ਆਦਮੀ ਕਲੀਨਿਕ, ਹਰੇਕ ਪਰਿਵਾਰ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਵਰਗੇ ਨਵੇਕਲੇ ਉਪਰਾਲਿਆਂ ਨੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣੇ ਸ਼ੁਰੂ ਕਰ ਦਿੱਤੇ ਹਨ, ਇਸ ਨੂੰ ਜ਼ਮੀਨੀ ਪੱਧਰ ‘ਤੇ ਵੀ ਦੇਖਣ ਦੀ ਲੋੜ ਹੈ।ਚੇਤਨ ਸਿੰਘ ਜੌੜਾਮਾਜਰਾ ਨੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਖਾਸ ਤੌਰ ‘ਤੇ ਜ਼ਮੀਨੀ ਪੱਧਰ ਤੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਰਾਜ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਤੱਕ ਵੀ ਸੂਚਨਾ ਦਾ ਪ੍ਰਸਾਰ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ। ਵਿਭਾਗ ਨੂੰ ਹੋਰ ਵੀ ਜੋਸ਼ ਤੇ ਸਰਗਰਮੀ ਨਾਲ ਕੰਮ ਕਰਨ ਦੀ ਤਾਕੀਦ ਕਰਦੇ ਹੋਏ ਮੰਤਰੀ ਨੇ ਅਧਿਕਾਰੀਆਂ ਨੂੰ ਕਣਕ ਦੇ ਚੱਲ ਰਹੇ ਸੀਜ਼ਨ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਉਪਲਬਧ ਕਰਾਏ ਕਿਸਾਨ ਪੱਖੀ ਬੁਨਿਆਦੀ ਢਾਂਚੇ ਤੋਂ ਇਲਾਵਾ ਕੁਝ ਹੋਰ ਅਹਿਮ ਪਹਿਲੂਆਂ ‘ਤੇ ਕੇਂਦਿ?ਰਤ ਇੱਕ ਸਕਾਰਾਤਮਕ ਪ੍ਰਚਾਰ ਮੁਹਿੰਮ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਵਿੱਚ ਕੀਤੇ ਗਏ ਟੈਸਟਾਂ ਦੀ ਗਿਣਤੀ, ਬਾਗਬਾਨੀ ਅਤੇ ਸਾਬਕਾ ਸੈਨਿਕ ਭਲਾਈ ਦੇ ਖੇਤਰਾਂ ਵਿੱਚ ਹੋਰ ਭਲਾਈ ਸਕੀਮਾਂ ਦਾ ਪ੍ਰਚਾਰ ਪਸਾਰ ਵੀ ਸ਼ਾਮਲ ਹੈ ।ਉਨਾਂ ਨੇ ਲੋਕ ਸੰਪਰਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਸੋਸ਼ਲ ਮੀਡੀਆ ਹੈਂਡਲਜ ਦੀ ਇੱਕ ਮਜ਼ਬੂਤ ਸਾਧਨ ਵਜੋਂ ਵਰਤੋਂ ਕਰਨ ਅਤੇ ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਸੂਬਾ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਹੋਰ ਵਿਕਾਸ ਕਾਰਜਾਂ ਬਾਰੇ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਜਾਣਕਾਰੀ ਪ੍ਰਸਾਰਿਤ ਕਰਨ ਨੂੰ ਯਕੀਨੀ ਬਣਾਉਣ। ਇਸ ਤੋਂ ਪਹਿਲਾਂ ਵਿਭਾਗ ਦੇ ਸਕੱਤਰ ਸ: ਮਾਲਵਿੰਦਰ ਸਿੰਘ ਜੱਗੀ ਨੇ ਵਿਭਾਗ ਦੇ ਪ੍ਰੈੱਸ ਸੈਕਸ਼ਨ, ਸੋਸ਼ਲ ਮੀਡੀਆ, ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਆ ਆਦਿ ਦੇ ਕੰਮਕਾਜ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਮੰਤਰੀ ਵੱਲੋਂ ਦਿੱਤੇ ਦਿਸ਼ਾਂ ਨਿਰਦੇਸ਼ਾਂ ਦੀ ਪੂਰੀ ਇਮਾਨਦਾਰੀ ਨਾਲ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ੍ਰੀ ਸੰਦੀਪ ਸਿੰਘ ਗੜਾ, ਵੱਖ-ਵੱਖ ਸ਼ਾਖਾਵਾਂ ਦੇ ਮੀਡੀਆ ਮੁਖੀ ਅਤੇ ਮੁੱਖ ਦਫਤਰ ਦੇ ਲੋਕ ਸੰਪਰਕ ਅਧਿਕਾਰੀ/ਸਹਾਇਕ ਲੋਕ ਸੰਪਰਕ ਅਧਿਕਾਰੀ ਅਤੇ ਜਿਲਿਆਂ ਦੇ ਲੋਕ ਸੰਪਰਕ ਅਧਿਕਾਰੀ/ਸਹਾਇਕ ਲੋਕ ਸੰਪਰਕ ਅਧਿਕਾਰੀ ਵੀ ਹਾਜ਼ਰ ਸਨ।

ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਮਾਮਲੇ ’ਚ ਫ਼ਸੇ ਬਠਿੰਡਾ ਦੇ ਚਰਚਿਤ ‘ਇੰਸਪੈਕਟਰ’ ਦੀ ਜਮਾਨਤ ਅਰਜੀ ਰੱਦ

0

ਮੁੜ ਹੋਇਆ ਫ਼ਰਾਰ, 30 ਅਪ੍ਰੈਲ ਨੂੰ ਹੋਣਾ ਹੈ ਰਿਟਾਇਰਮੈਂਟ
ਪੁਲਿਸ ਵਿਭਾਗ ਦੇ ਕਈ ਵੱਡੇ ਅਧਿਕਾਰੀਆਂ ਨਾਲ ਡੂੰਘੇ ‘ਯਾਰਾਨਿਆਂ’ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਕਰੀਬ ਡੇਢ ਸਾਲ ਪਹਿਲਾਂ ਦੋ ਨਸ਼ਾ ਤਸਕਰਾਂ ਨੂੰ ਲੱਖਾਂ ਰੁਪਏ ਲੈ ਕੇ ਛੱਡਣ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਦੇ ਬਠਿੰਡਾ ਦੇ ਚਰਚਿਤ ਇੰਸਪੈਕਟਰ ਰਜਿੰਦਰ ਕੁਮਾਰ ਦੀ ਜਮਾਨਤ ਅਰਜੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ। ਲੰਘੇ ਦਿਨੀਂ ਹਾਈਕੋਰਟ ਦੇ ਜਸਟਿਸ ਗੁਰਵਿੰਦਰ ਸਿੰਘ ਗਿੱਲ ਵਲੋਂ ਸੁਣਾਏ ਇਤਿਹਾਸਕ ਫੈਸਲੇ ’ਚ ਉਕਤ ਇੰਸਪੈਕਟਰ ਦੇ ਪੁਰਾਣੇ ਕਾਰਨਾਮਿਆਂ ਨੂੰ ਦੇਖਦਿਆਂ ਇਸਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਪੁਛਗਿਛ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਦੇ ਫੈਸਲੇ ਤੋਂ ਬਾਅਦ ਇੰਸਪੈਕਟਰ ਰਜਿੰਦਰ ਕੁਮਾਰ ‌‌‌‌ ‘ਗਾਇਬ’ ਹੋ ਗਏ ਹਨ। ਪਤਾ ਲੱਗਿਆ ਹੈ ਕਿ ਇਸ ਅਧਿਕਾਰੀ ਦੀ ਸੇਵਾ ਮੁਕਤੀ ਵੀ ਇਸੇ 30 ਅਪ੍ਰੈਲ ਨੂੰ ਹੋਣੀ ਹੈ। ਇਸਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਕੀਤੀ ਹੈ। ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਇੰਸਪੈਕਟਰ ਰਜਿੰਦਰ ਕੁਮਾਰ ਪੁਲਿਸ ਲਾਈਨ ਵਿਚ ਤੈਨਾਤ ਸੀ ਪ੍ਰੰਤੂ ਜਮਾਨਤ ਦੀ ਅਰਜੀ ਰੱਦ ਹੋਣ ਤੋਂ ਬਾਅਦ ਡਿਊਟੀ ਤੋਂ ਗੈਰ-ਹਾਜ਼ਰ ਚੱਲਿਆ ਆ ਰਿਹਾ ਹੈ। ਉਧਰ ਪੁਲਿਸ ਸੂਤਰਾਂ ਨੇ ਖੁੂਲਾਸਾ ਕੀਤਾ ਹੈ ਕਿ ਵਿਭਾਗ ਦੇ ਵੱਡੇ ਅਧਿਕਾਰੀ ਇਸ ਚਰਚਿਤ ਅਧਿਕਾਰੀ ਪ੍ਰਤੀ ਨਰਮ ਗੋਸ਼ਾ ਰੱਖ ਰਹੇ ਹਨ, ਜਿਸਦੇ ਚੱਲਦੇ ਪਹਿਲਾਂ ਵੀ ਪਰਚਾ ਦਰਜ਼ ਹੋਣ ਤੋਂ ਬਾਅਦ ਕਈ ਮਹੀਨੇ ਦੀ ਫ਼ਰਾਰੀ ਦੌਰਾਨ ਇਸਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਜਦੋਂਕਿ ਮੁਅੱਤਲ ਕਰਨ ਤੋਂ ਬਾਅਦ ਮੁੜ ਇਸ ਗੰਭੀਰ ਕੇਸ ਵਿਚ ਬਹਾਲ ਕਰ ਦਿੱਤਾ ਗਿਆ। ਚਰਚਾ ਇਹ ਵੀ ਹੈ ਕਿ ਜੇਕਰ ਉਕਤ ਇੰਸਪੈਕਟਰ ਨੂੰ ਹਿਰਾਸਤ ਵਿਚ ਲੈ ਕੇ ਨਿਰਪੱਖ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਪੰਜਾਬ ਪੁਲਿਸ ਦਾ ਦੂਜਾ ‘ਇੰਦਰਜੀਤ ’ ਸਾਬਤ ਹੋ ਸਕਦਾ ਹੈ, ਜਿਸਦੇ ਨਾਲ ਪੁਲਿਸ ਵਿਭਾਗ ਦੇ ਕਈ ‘ਭੱਦਰਪੁਰਸ਼’ ਅਧਿਕਾਰੀ ਰਾਜਜੀਤ ਸਿੰਘ ਹੁੰਦਲ ਵਾਂਗ ਫ਼ਸ ਸਕਦੇ ਹਨ। ਗੌਰਤਲਬ ਹੈ ਕਿ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਜਨਤਕ ਕੀਤੀਆਂ ਸਿੱਟ ਰੀਪੋਰਟਾਂ ਨੂੰ ਖੋਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਜ਼ਿਲ੍ਹਿਆਂ ਦੇ ਐਸ.ਐਸ.ਪੀ ਰਹਿ ਚੁੱਕੇ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਚਰਚਾ ਮੁਤਾਬਕ ਫ਼ਰਾਰ ਚੱਲ ਰਹੇ ਇੰਸਪੈਕਟਰ ਰਜਿੰਦਰ ਕੁਮਾਰ ਦਾ ਵੀ ਪਿਛਲੇ ਸਮਿਆਂ ਦੌਰਾਨ ਕਈ ਐਸ.ਐਸ.ਪੀ ਰਹੇ ਅਤੇ ਕੁੱਝ ਹੋਰਨਾਂ ਅਧਿਕਾਰੀਆਂ ਨਾਲ ‘ਨਹੂੰ-ਮਾਸ’ ਦਾ ਰਿਸ਼ਤਾ ਰਿਹਾ ਹੈ। ਗੌਰਤਲਬ ਹੈ ਕਿ ਪਹਿਲਾਂ ਵੀ ਕਈ ਮੁਕੱਦਮਿਆਂ ਦਾ ਸਾਹਮਣਾ ਕਰਨ ਵਾਲੇ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਉਸਦੇ ਇੱਕ ਸਹਿਯੋਗੀ ਥਾਣੇਦਾਰ ਜਰਨੈਲ ਸਿੰਘ ਵਿਰੁਧ ਮੋਹਾਲੀ ਵਿਖੇ ਸਥਿਤ ਐਸਟੀਐਫ਼ ਥਾਣੇ ’ਚ 14 ਅਕਤਬੂਰ 2021 ਨੂੰ ਮੁਕੱਦਮਾ ਨੰਬਰ 184 ਅਧੀਨ ਧਾਰਾ ਅੰਡਰ ਸੈਕਸ਼ਨ 29,59 ਆਫ਼ ਦਾ ਨਾਰਕੋਟਿਸ ਡਰੱਗਜ਼ ਐਕਟ 1985, ਸੈਕਸ਼ਨ 7,13(2) ਭ੍ਰਿਸਟਾਚਾਰ ਰੋਕੂੁ ਐਕਟ 1988 ਅਤੇ ਸੈਕਸ਼ਨ 213,214,384 ਤੇ 120 ਬੀ ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪੁਲਿਸ ਦੀ ਆਪਣੀ ਕਹਾਣੀ ਮੁਤਾਬਕ ਇੰਸਪੈਕਟਰ ਰਜਿੰਦਰ ਕੁਮਾਰ ਜਦ ਸਪੈਸ਼ਲ ਸਟਾਫ ਬਠਿੰਡਾ ਦਾ ਇੰਚਾਰਜ਼ ਸੀ ਤਦ 7 ਅਕਤੂਬਰ 2021 ਨੂੰ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਹਿਰ ’ਚ ਸਥਿਤ ਹੋਟਲ ਅੰਬੈਸੀ ਦੇ ਰੂਮ ਨੰਬਰ 203 ਵਿਚ ਛਾਪੇਮਾਰੀ ਕਰਕੇ ਦੋ ਨਸ਼ਾ ਤਸਕਰਾਂ ਜੋਰਾ ਸਿੰਘ ਅਤੇ ਪ੍ਰਦੀਪ ਕੁਮਾਰ ਨੂੰ 100 ਗ੍ਰਾਂਮ ਹੈਰੋਇਨ ਸਹਿਤ ਗ੍ਰਿਫਤਾਰ ਕੀਤਾ ਸੀ। ਐਸਟੀਐਫ਼ ਦੇ ਤਤਕਾਲੀ ਡੀਐਸਪੀ ਦਵਿੰਦਰ ਸਿੰਘ ਵਲੋਂ ਉਚ ਅਧਿਕਾਰੀਆਂ ਨੂੰ ਭੇਜੀ ਗਈ ਰੀਪੋਰਟ ਮੁਤਾਬੁਕ ਹੈਰੋਇਨ ਬਰਾਮਦਗੀ ਤੋਂ ਬਾਅਦ ਦੋਨਾਂ ਤਸਕਰਾਂ ਨੂੰ ਥਾਣਾ ਥਰਮਲ ਵਿਚ ਸਥਿਤ ਐਸਟੀਐਫ਼ ਦੇ ਦਫ਼ਤਰ ’ਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ਵਿਰੁਧ ਕੋਈ ਪਰਚਾ ਦਰਜ਼ ਕਰਨ ਦੀ ਬਜਾਏ ਕਥਿਤ ਤੌਰ ’ਤੇ ਤਿੰਨ ਲੱਖ ਰੁਪਏ ਲੈ ਕੇ ਛੱਡ ਦਿੱਤਾ ਗਿਆ। ਮੌਕੇ ’ਤੇ ਜੋਰਾ ਸਿੰਘ ਦੇ ਦੋਸਤ ਵਿਜੇ ਕੁਮਾਰ ਵਲੋਂ 50 ਹਜ਼ਾਰ ਰੁਪਏ ਦਾ ਪ੍ਰਬੰਧ ਕਰਕੇ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਦਿੱਤਾ ਗਿਆ ਤੇ 40 ਹਜ਼ਾਰ ਰੁਪਏ ਪ੍ਰਦੀਪ ਕੁਮਾਰ ਨੇ ਥਾਣੇਦਾਰ ਜਰਨੈਲ ਸਿੰਘ ਨੂੰ ਦਿੱਤੇ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੀ ਇਹ ਕਹਾਣੀ ਐਸ.ਟੀ.ਐਫ਼ ਹੈਡਕੁਆਟਰ ਨੂੰ ਉਸ ਸਮੇਂ ਲੱਗੀ ਜਦ ਉਕਤ ਦੋਨੋਂ ਤਸਕਰ ਕੁੱਝ ਦਿਨਾਂ ਬਾਅਦ ਮੁੜ ਉਨ੍ਹਾਂ ਦੇ ਅੜਿੱਕੇ ਚੜ੍ਹ ਗਏ ਸਨ ਤੇ ਸਖ਼ਤੀ ਨਾਲ ਕੀਤੀ ਗਈ ਪੁਛਗਿਛ ਦੌਰਾਨ ਉਨ੍ਹਾਂ ਬਠਿੰਡਾ ’ਚ ਪੈਸੇ ਦੇ ਕੇ ਛੁੱਟਣ ਦੀ ‘ਕਹਾਣੀ’ ਬਿਆਨ ਕਰ ਦਿੱਤੀ। ਜਿਸਤੋਂ ਬਾਅਦ ਉਚ ਅਧਿਕਾਰੀਆਂ ਵਲੋਂ ਹੋਟਲ ਦੇ ਆਸਪਾਸ ਅਤੇ ਥਾਣਾ ਥਰਮਲ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਢਾਉਣ ਤੋਂ ਇਲਾਵਾ ਇੰਨ੍ਹਾਂ ਦਾਗੀ ਪੁਲਿਸ ਅਫ਼ਸਰਾਂ ਤੇ ਨਸ਼ਾ ਤਸਕਰਾਂ ਦੀ ਕਾਲ ਡਿਟੇਲ ਵੀ ਕਢਵਾਈ ਗਈ। ਸੂਤਰਾਂ ਅਨੁਸਾਰ ਜਾਂਚ ਤੋਂ ਬਾਅਦ ਇਹ ਕਹਾਣੀ ਸੱਚ ਸਾਬਤ ਹੋ ਗਈ ਤੇ ਦੋਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ। ਹਾਲਾਂਕਿ ਵੱਡੇ ਪੁਲਿਸ ਅਧਿਕਾਰੀਆਂ ਦੀ ‘ਮਿਹਰਨਬਾਨੀ’ ਨਾਲ ਇੰਸਪੈਕਟਰ ਰਜਿੰਦਰ ਕੁਮਾਰ ‘ਫ਼ਰਾਰੀ’ ਕੱਟਣ ਵਿਚ ਕਾਮਯਾਬ ਰਿਹਾ ਪਰ ਥਾਣੇਦਾਰ ਜਰਨੈਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿਸਦੀ ਬਾਅਦ ਵਿਚ ਜਮਾਨਤ ਹੋ ਗਈ ਸੀ। ਮੌਜੂਦਾ ਸਮੇਂ ਜਰਨੈਲ ਸਿੰਘ ਬਹਾਲ ਹੋ ਕੇ ਬਠਿੰਡਾ ਦੇ ਚਰਚਿਤ ਸੀਆਈਏ ਸਟਾਫ ਵਿੱਚ ਤੈਨਾਤ ਦਸਿਆ ਜਾ ਰਿਹਾ ਜਦੋਂਕਿ ਹਾਈਕੋਰਟ ਨੇ ਕਾਫ਼ੀ ਲੰਮੇ ਸਮੇਂ ਬਾਅਦ ਇੰਸਪੈਕਟਰ ਨੂੰ ਥੋੜੀ ਰਾਹਤ ਦਿੰਦਿਆਂ ਸ਼ਾਮਲ ਤਫ਼ਤੀਸ ਹੋਣ ਦੇ ਹੁਕਮ ਦਿੱਤੇ ਸਨ। ਸੂਤਰਾਂ ਅਨੁਸਾਰ ਜਦ ਉਕਤ ਅਧਿਕਾਰੀ ਸ਼ਾਮਲ ਤਫ਼ਤੀਸ਼ ਹੋਇਆ ਤਾਂ ਜਾਂਚ ਅਧਿਕਾਰੀਆਂ ਨੇ ਦੋਸ਼ ਲਗਾਏ ਸਨ ਕਿ ਉਸਨੇ ਸਹਿਯੋਗ ਨਹੀਂ ਕੀਤਾ। ਜਿਸਦੇ ਚੱਲਦੇ ਹੁਣ ਜਦ ਰਜਿੰਦਰ ਕੁਮਾਰ ਵਲੋਂ ਜਦ ਦੁਬਾਰਾ ਜਮਾਨਤ ਦੀ ਅਰਜੀ ਲਗਾਈ ਤਾਂ ਉਸਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।
ਬਾਕਸ
ਦੋ ਵਾਰ ਮੁਅੱਤਲ ਤੇ ਪੰਜ ਦਫ਼ਾ ਜਬਤ ਕੀਤੀ ਗਈ ਹੈ ਨੌਕਰੀ
ਬਠਿੰਡਾ: ਸੂਚਨਾ ਮੁਤਾਬਕ ਹੁਣ ਤੱਕ ਨੌਕਰੀ ਦੌਰਾਨ ਸਿਪਾਹੀ ਭਰਤੀ ਹੋਏ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਦੋ ਵਾਰ ਮੁਅੱਤਲ ਕੀਤਾ ਜਾ ਚੁੱਕਾ ਹੈ ਤੇ ਪੰਜ ਦਫ਼ਾ ਇਸਦੀ ਨੌਕਰੀ ਜਬਤ ਕੀਤੀ ਗਈ ਹੈ। ਇਸਤੋਂ ਇਲਾਵਾ ਕੈਨਾਲੀ ਚੌਕੀ ’ਚ ਤੈਨਾਤੀ ਦੌਰਾਨ ਇੱਕ ਵਿਅਕਤੀ ਦੀ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ਵਿਚ ਇਸਦੇ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ, ਜਿਹੜਾ ਬਾਅਦ ਵਿਚ ਰਾਜੀਨਾਮਾ ਹੋਣ ਦੇ ਚੱਲਦੇ ਖ਼ਤਮ ਹੋਇਆ। ਇਸਤੋਂ ਇਲਾਵਾ ਇੰਦਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਵਲੋਂ ਇੰਸਪੈਕਟਰ ਰਜਿੰਦਰ ਦੇ ਵਿਰੁਧ ਮਾਨਸਾ ਦੇ ਵਧੀਕ ਸੈਸਨ ਜੱਜ ਦੀ ਅਦਾਲਤ ਵਿਚ ਫ਼ੌਜਦਾਰੀ ਕੰਪਲੈਂਟ ਵੀ ਚੱਲ ਰਹੀ ਹੈ।

ਬਠਿੰਡਾ ਦੇ ਪਾਸ਼ ਇਲਾਕੇ ਵਿੱਚ ਚਲਿਆ ਬੀਡੀਏ ਦਾ ਪੀਲਾ ਪੰਜਾ

0

ਮਹਿਲਾ ਵਰਗੀਆਂ ਕੋਠੀਆਂ ਦੇ ਅੱਗੇ ਕਬਜ਼ਾ ਕਰਕੇ ਬਣਾਏ ਗਏ ਪਾਰਕਾਂ ਅਤੇ ਗੈਰਿਜਾਂ ਨੂੰ ਕੀਤਾ ਮਲੀਆਮੇਟ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਬਠਿੰਡਾ ਡਿਵੇਲਪਮੈਂਟ ਅਥਾਰਟੀ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਉੂਨ ਦੇ ਫ਼ੇਜ 2 ਵਿਚ ਨਜਾਇਜ਼ ਕਬਜ਼ੇ ਕਰਕੇ ਘਰਾਂ ਅੱਗੇ ਬਣੇ ਨਜਾਇਜ਼ ਢਾਂਚੇ ਨੂੰ ਢਾਹ ਦਿੱਤਾ ਗਿਆ। ਬੀਡੀਏ ਦੇ ਏਸੀਏ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ ਚਲਾਈ ਇਸ ਮੁਹਿੰਮ ਵਿਚ ਦਰਜ਼ਨਾਂ ਮਹਿਲਾ ਵਰਗੀਆਂ ਕੋਠੀਆਂ ਦੇ ਅੱਗੇ ਸਰਕਾਰੀ ਥਾਂ ’ਤੇ ਕਬਜ਼ਾ ਕਰਕੇ ਬਣਾਏ ਗਏ ਪਾਰਕਾਂ ਅਤੇ ਗੈਰਿਜਾਂ ਨੂੰ ਜੇਸੀਬੀ ਮਸ਼ੀਨਾਂ ਦੀ ਮੱਦਦ ਨਾਲ ਮਲੀਆ-ਮੇਟ ਕਰ ਦਿੱਤਾ। ਹਾਲਾਂਕਿ ਇਸ ਮੌਕੇ ਕੁੱਝ ਘਰਾਂ ਵਿਚੋਂ ਵਿਰੋਧ ਵੀ ਕੀਤਾ ਗਿਆ ਪ੍ਰੰਤੂ ਹਾਈਕੋਰਟ ਦੇ ਹੁਕਮਾਂ ’ਤੇ ਹੋਈ ਇਸ ਕਾਰਵਾਈ ਨੂੰ ਜਾਰੀ ਰੱਖਿਆ ਗਿਆ। ਇਸ ਮੌਕੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਵੀ ਮੌਜੂਦ ਰਹੇ। ਇਸਤੋਂ ਇਲਾਵਾ ਡਿਊਟੀ ਮੈਜਿਸਟਰੇਟ ਵਜੋਂ ਨਾਇਬ ਤਹਿਸੀਲਦਾਰ ਸੁਖਜੀਤ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ। ਇੱਥੇ ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਮਾਡਲ ਟਾਊਨ ਅਤੇ ਹੋਰਨਾਂ ਪਾਸ਼ ਇਲਾਕਿਆਂ ਵਿਚ ਸੜਕਾਂ ਦੇ ਨਾਲ ਨਾਲ ਫੁੱਟਪਾਥ ਅਤੇ ਪਾਰਕਿੰਗ ਲਈ ਛੱਡੀ ਕਈ-ਕਈ ਫੁੱਟ ਸਰਕਾਰੀ ਜਗ੍ਹਾ ਨੂੰ ਇੰਨ੍ਹਾਂ ਕੋਠੀਆਂ ਦੇ ਮਾਲਕਾਂ ਵੱਲੋਂ ਆਪਣੇ ਨਿੱਜੀ ਉਪਯੋਗ ਲਈ ਗਰਿੱਲਾਂ ਲਗਾ ਕੇ ਵਰਤਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਾਰਨ ਸੜਕਾਂ ਦੇ ਨਾਲ ਛੱਡੀ ਇਹ ਸਰਕਾਰੀ ਜਗ੍ਹਾ ਲਗਭਗ ਖਤਮ ਹੋ ਗਈ ਸੀ ਤੇ ਆਮ ਲੋਕਾਂ ਨੂੰ ਦਿੱਕਤਾਂ ਆਉਣ ਲੱਗੀਆਂ ਸਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਮਹੀਨੇ ਪਹਿਲਾਂ ਬੀਡੀਏ ਵੱਲੋ ਮਾਡਲ ਟਾਉਨ ਫੇਜ਼ 1 ਇਲਾਕੇ ਦੇ ਵਿਚ ਵੀ ਇਹ ਮੁਹਿੰਮ ਚਲਾਈ ਗਈ ਸੀ ਪ੍ਰੰਤੂ ਉਸ ਸਮੇਂ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਇਹ ਮਾਮਲਾ ਹਾਈ ਕੋਰਟ ਵਿਚ ਵੀ ਚਲਿਆ ਗਿਆ ਸੀ। ਬੀਡੀਏ ਦੇ ਏਸੀਏ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਉਧਰ ਸਥਾਨਕ ਲੋਕਾਂ ਨੇ ਇਸ ਮੁਹਿੰਮ ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਕਿ ਬੀਡੀਏ ਵਲੋਂ ਜਾਣਬੁੱਝ ਕੇ ਇਹ ਮੁਹਿੰਮ ਅਪਣੀ ਮਨਮਰਜ਼ੀ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਉਂਗਲ ਖ਼ੜੀ ਕਰਦਿਆਂ ਕਿਹਾ ਫ਼ੇਜ ਇੱਕ ਵਿਚ ਬੀਡੀਏ ਦਫ਼ਤਰ ਦੇ ਸਾਹਮਣੇ ਇਸਤੋਂ ਵੱਡੇ ਨਜਾਇਜ਼ ਕਬਜ਼ੇ ਹੋਏ ਹਨ ਪ੍ਰੰਤੂ ਉਧਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸਤੋਂ ਇਲਾਵਾ ਕਈ ਲੋਕਾਂ ਨੇ ਬੀਡੀਏ ਦੀ ਕਾਰਵਾਈ ਕਾਰਨ ਹੋ ਰਹੇ ਜਿਆਦਾ ਨੁਕਸਾਨ ਨੂੰ ਦੇਖਦਿਆਂ ਇਹ ਜਗ੍ਹਾਂ ਖੁਦ ਖ਼ਾਲੀ ਕਰਨ ਲਈ ਕੁੱਝ ਸਮਾਂ ਦੇਣ ਦੀ ਅਪੀਲ ਕੀਤੀ, ਜਿਸਦੇ ਚੱਲਦੇ ਉਨ੍ਹਾਂ ਨੂੰ ਬੀਡੀਏ ਨੇ ਵੀ ਸਮਾਂ ਦੇ ਦਿੱਤਾ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਆਉਣ ਵਾਲੇ ਦਿਨਾਂ ’ਚ ਬੀਡੀੲੈ ਵਲੋਂ ਅਜਿਹੀ ਹੀ ਕਾਰਵਾੲਂੀ ਮਾਡਲ ਟਾਊਨ ਫੇਜ਼ 3 ਵਿਚ ਵੀ ਕਰਨ ਦੀ ਕੰਨਸੋਅ ਮਿਲਦਿਆਂ ਇਸ ਖੇਤਰ ਦੇ ਲੋਕਾਂ ਨੇ ਵੀ ਇਕਜੁਟ ਹੋਣਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਲੋਕਾਂ ਨੇ ਇਸ ਮੌਕੇ ਦਸਿਆ ਕਿ ਪਲਾਟ ਕੱਟਣ ਸਮੇਂ ਇੱਥੇ ਪੂਰੀ ਸੁਰੱਖਿਆ ਮੁਹੱਈਆਂ ਕਰਵਾਉਣ ਦਾ ਵੀ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਪੁੱਡਾ ਵਲੋਂ ਕੋਈ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਤੇ ਨਾ ਹੀ ਇੱਥੇ ਹਰ ਵਕਤ ਤੁਰਨ ਵਾਲੇ ਅਵਾਰਾ ਪਸ਼ੂਆਂ ਦੀ ਸਮੱਸਿਅ ਦਾ ਕੋਈ ਹੱਨ ਕੀਤਾ ਗਿਆ ਹੈ।

ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਨੇ ਵਿਭਾਗ ਵੱਲੋਂ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ

0

ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ :ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ.ਅਰਵਿੰਦ ਦੀ ਰਹਿਨੁਮਾਈ ਹੇਠ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਨੇ ਵਿਭਾਗ ਵੱਲੋਂ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ। ਪੰਜਾਬ ਸਰਕਾਰ ਦੀਆਂ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਨੇ 2022-23 ਅਕਾਦਮਿਕ ਸੈਸ਼ਨ ਤੋਂ ਆਪਣੇ ਵਿਦਿਆਰਥੀਆਂ ਲਈ ਇਹ ਮੁਫਤ ਕੋਚਿੰਗ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਮੌਕੇ ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਰਿਜਨਲ ਕੇਂਦਰ ਬਠਿੰਡਾ ਨੇ ਪ੍ਰਧਾਨਗੀ ਕੀਤੀ। ਡਾ. ਹੁੰਦਲ ਨੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਪ੍ਰੋਗਰਾਮ ਸ਼ੁਰੂ ਕਰਨ ਲਈ ਵਿਭਾਗ ਦੀ ਸ਼ਲਾਘਾ ਕੀਤੀ | ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਦੇਣਾ ਹੀ ਨਹੀਂ ਹੁੰਦਾ ਬਲਕਿ ਚੰਗੀਆਂ ਸੰਸਥਾਵਾਂ ਆਪਣੇ ਵਿਦਿਆਰਥੀਆਂ ਨੂੰ ਚੰਗੇ ਮਨੁੱਖ ਬਣਾਉਂਦਿਆਂ ਹੋਇਆ ਉਹਨਾਂ ਨੂੰ ਰੁਜ਼ਗਾਰ ਯਾਫਤਾ ਬਣਨ ਦੇ ਭਰਪੂਰ ਮੌਕੇ ਵੀ ਪ੍ਰਦਾਨ ਕਰਦੀਆਂ ਹਨ। ਇਸ ਤਰ੍ਹਾਂ ਕਾਮਯਾਬ ਵਿਦਿਆਰਥੀ ਸੰਸਥਾ ਦੇ ਬ੍ਰਾਂਡ ਅੰਬੈਸਡਰ ਬਣਦੇ ਹਨ। ਵਿਭਾਗ ਦੇ ਮੁਖੀ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਐਮ.ਏ.ਪੰਜਾਬੀ, ਅੰਗਰੇਜ਼ੀ ਅਤੇ ਇਕਨਾਮਿਕਸ ਦੇ ਵਿਦਿਆਰਥੀ ਮੁਫਤ ਕੋਚਿੰਗ ਕਲਾਸਾਂ ਲੈ ਰਹੇ ਹਨ। ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਨੋਟਸ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੁਣ ਉਹਨਾਂ ਲਈ ਟੈਸਟ ਸੈਸ਼ਨ ਵੀ ਸ਼ੁਰੂ ਹੋ ਗਏ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਵਿਸਵਾਸ਼ ਦਵਾਇਆ ਕਿ ਵਿਭਾਗ ਉਹਨਾਂ ਦੀ ਹਰ ਪੱਖੋਂ ਸੰਭਵ ਮਦਦ ਕਰੇਗਾ। ਉਹਨਾਂ ਨੇ ਵਿਦਿਆਰਥੀਆਂ ਨੂੰ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।ਅੰਤ ਵਿੱਚ ਵਿਦਿਆਰਥੀਆਂ ਨੇ ਮੁਫ਼ਤ ਕੋਚਿੰਗ ਅਤੇ ਕਿਤਾਬਾਂ ਦੇਣ ਲਈ ਪੋਸਟ ਗ੍ਰੈਜੂਏਟ ਅਧਿਐਨ ਵਿਭਾਗ ਦਾ ਧੰਨਵਾਦ ਵੀ ਕੀਤਾ।

Our Visitor

1911894