ਜ਼ਿਲਾ ਆਗੂਆਂ ਵਲੋਂ ਪਾਰਟੀ ਵਰਕਰਾਂ ਦਾ ਕੀਤਾ ਗਿਆ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਕਾਂਗਰਸ ਪਾਰਟੀ ਵਲੋਂ ਸਥਾਨਕ ਕਾਂਗਰਸ ਭਵਨ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਫੁੱਲ ਭੇਂਟ ਕੀਤੇ ਗਏ। ਇਸਤੋਂ ਇਲਾਵਾ ਪਾਰਟੀ ਲਈ ਮਿਹਨਤ ਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਵਰਕਰਾਂ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ ’ਤੇ ਪਹਿਰਾ ਦੇਣ ਦੀ ਜ਼ਰੂਰਤ ਹੈ, ਜਿਸਦੇ ਲਈ ਕਾਂਗਰਸ ਪਾਰਟੀ ਵੱਲੋਂ ਹਮੇਸ਼ਾਂ ਹੀ ਵੱਡੇ ਯਤਨ ਕੀਤੇ ਗਏ ਅਤੇ ਦੇਸ਼ ਨੂੰ ਮਜਬੂਤ ਬਣਾਉਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ। ਸਾਬਕਾ ਚੇਅਰਮੈਨ ਕੇ ਕੇ ਅੱਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ ਆਦਿ ਨੇ ਅਪਣੇ ਭਾਸਣ ਵਿਚ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦੇਸ਼ ਦੀ ਮਜ਼ਬੂਤੀ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਅਤੇ ਅੱਜ ਵੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਵਿਰੁਧ ਆਵਾਜ ਉਠਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਦੀ ਮਿਸਾਲ ਕਾਇਮ ਕੀਤੀ ਗਈ ਉਸੇ ਸਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੇਸ ਹਿੱਤ ਵਿੱਚ ਕੰਮ ਕਰ ਰਹੀ ਹੈ ਜਦੋਂ ਕਿ ਮੌਜੂਦਾ ਸਰਕਾਰਾਂ ਉਸੇ ਸਵਿਧਾਨ ਨੂੰ ਤੋੜ ਮਰੋੜ ਰਹੀਆਂ ਹਨ। ਇਸ ਮੌਕੇ ਸੀਨੀਅਰ ਆਗੂ ਤੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਰੁਪਿੰਦਰ ਬਿੰਦਰਾ ਨੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਯਾਦ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਕ ਕੁਰੀਤੀਆਂ ਦਾ ਖਾਤਮਾ ਕਰਨ ਲਈ ਅੱਗੇ ਆਉਣ। ਇਸ ਮੌਕੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।
ਕਾਂਗਰਸ ਭਵਨ ’ਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ
ਕੇਂਦਰ ਸਿੱਖਾਂ ’ਤੇ ਜੁਲਮ ਕਰਨ ਦੀ ਬਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰੇ: ਸਿਮਰਨਜੀਤ ਸਿੰਘ ਮਾਨ
ਤਲਵੰਡੀ ਸਾਬੋ ’ਚ ਵਿਸਾਖੀ ਦਿਹਾੜੇ ਮੌਕੇ ਕੀਤੀ ਸਿਆਸੀ ਕਾਨਫਰੰਸ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕੇਂਦਰ ਨੂੰ ਸਿੱਖਾਂ ’ਤੇ ਜੁਲਮ ਬੰਦ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ‘‘ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਫ਼ਿਰ ਸਿੱਖ ਵੀ ਅੱਗੇ ਹੱਥ ਵਧਾਉਣ ਲਈ ਤਿਆਰ ਹਨ। ’’ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤੀ ਸਿਆਸੀ ਕਾਨਫਰੰਸ ’ਚ ਪਾਰਟੀ ਆਗੂਆਂ ਨੇ ਕੇਂਦਰ ਤੇ ਪੰਜਾਬ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਜਲੰਧਰ ਉਪ ਚੋਣ ’ਚ ਪਾਰਟੀ ਨੂੰ ੰਸੰਗਰੂਰ ਦੀ ਤਰ੍ਹਾਂ ਫ਼ਤਵਾਂ ਦੇਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਇਸਦੇ ਨਾਲ 2027 ਵਿਚ ਪੰਜਾਬ ’ਚ ਪੰਥਕ ਸਰਕਾਰ ਬਣਨ ਦਾ ਮੁਢ ਬੱਝੇਗਾ। ਹਰ ਵਾਰ ਦੀ ਤਰ੍ਹਾਂ ਸਿਆਸੀ ਕਾਨਫਰੰਸ ’ਚ ਖ਼ਾਲਿਸਤਾਨ ਦਾ ਮੁੱਦਾ ਚੁਕਦਿਆਂ ਸ: ਮਾਨ ਨੇ ਕਿਹਾ ਕਿ ਸਿੱਖਾਂ ਉਪਰ ਪਿਛਲੇ ਸਮਿਆਂ ਤੋਂ ਲੈ ਕੇ ਸਰਕਾਰਾਂ ਜ਼ਬਰ ਜ਼ੁਲਮ ਕਰਦੀਆਂ ਆਈਆਂ ਹਨ ਪਰ ਸਿੱਖ ਕੌਮ ਇਸ ਦਾ ਮੁਕਾਬਲਾ ਕਰਦੀ ਆਈ ਹੈ। ਉਨ੍ਹਾਂ ਮੁੜ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਯਾਦ ਰੱਖਣਾ ਕਿ ਸਿੱਖ ਮਰ ਸਕਦਾ ਹੈ ਪਰ ਆਤਮ ਸਮਰਪਣ ਨਹੀਂ ਕਰ ਸਕਦਾ। ਉਨ੍ਹਾਂ ਪੰਜਾਬ ਵਿਚ ਭਾਰੀ ਗਿਣਤੀ ’ਚ ਕੇਂਦਰੀ ਬਲ ਤੇ ਪੰਜਾਬ ਪੁਲਿਸ ਨੂੰ ਤੈਨਾਤ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ‘‘ ਇਸ ਸਮੇਂ ਨਾ ਪੰਜਾਬ ਵਿੱਚ ਕੋਈ ਗੋਲੀ ਚੱਲੀ ਹੈ ਤੇ ਨਾ ਕੋਈ ਫਿਰਕੂ ਘਟਨਾ ਵਾਪਰੀ।ਫਿਰ ਵੀ ਪੰਜਾਬ ਅੰਦਰ ਵੱਡੀ ਫੋਰਸ ਲਗਾਈ ਗਈ ਅਤੇ ਸਿੱਖ ਨੌਜਵਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਰਹੀ ਹੈ। ਉਨ੍ਹਾਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਡਿਬਰੂਗੜ ਵਰਗੀਆਂ ਜ਼ੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ’’ ਉਨਾਂ ਕਿਹਾ ਕਿ ਪਹਿਲਾਂ ਲੋਕ ਉਸ ਉਪਰ ਉਂਗਲ ਚੁੱਕਦੇ ਸਨ ਕਿ ਸਿਮਰਨਜੀਤ ਸਿੰਘ ਮਾਨ ਨੇ ਚਿੱਠੀਆਂ ਦੇ ਕੇ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਭੇਜ ਦਿੱਤਾ ਪਰ ਅੱਜ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਅਜਿਹਾ ਕਰਕੇ ਪੂਰੀ ਦੁਨੀਆਂ ਸਿੱਖਾਂ ਦੀ ਸਕਤੀ ਇਕੱਠੀ ਕੀਤੀ ਹੈ ਤੇ ਅੱਜ ਪੰਜਾਬ ਵਿਚ ਰਹਿੰਦਾ ਸਿੱਖ ਇਕੱਲਾ ਨਹੀਂ, ਬਲਕਿ ਦੁਨੀਆਂ ਦੇ ਹਰ ਕੋਨੇ ਵਿਚ ਵਸਿਆ ਸਿੱਖ ਉਨ੍ਹਾਂ ਦੇ ਨਾਲ ਖੜ੍ਹਾ ਹੈ। ਸੰਗਰੂਰ ਤੋਂ ਲੋਕ ਸਭਾ ਮੈਂਬਰ ਸ: ਮਾਨ ਕੇਂਦਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਦੇਸ਼ ਦੇ ਲੋਕਾਂ ਨੂੰ ਆਪਣੇ ਵਿਰੁੱਧ ਕਰ ਲਿਆ ਤਾਂ ਬਾਹਰਲੀਆਂ ਦੁਸ਼ਮਣ ਸ਼ਕਤੀਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇਗਾ। ਇਸ ਕਾਨਫਰੰਸ ਨੂੰ ਕਰਨੈਲ ਸਿੰਘ ਪੰਜੌਲੀ, ਲੱਖਾ ਸੁਧਾਣਾ, ਜਲੰਧਰ ਸੀਟ ਦੇ ਉਮੀਦਵਾਰ ਗੁਰਜੰਟ ਸਿੰਘ ਕੁੱਟੂ, ਪ੍ਰੋਫੈਸਰ ਮੁਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨਗੜ੍ਹ, ਗੁਰਸੇਵਕ ਸਿੰਘ ਜਵਾਹਰਕੇ, ਪਰਵਿੰਦਰ ਸਿੰਘ ਬਾਲਿਆਵਾਲੀ, ਮਨਦੀਪ ਕੌਰ ਸੰਧੂ,ਗੁਰਚਰਨ ਸਿੰਘ ਭੁੱਲਰ ਆਦਿ ਨੇ ਵੀ ਸਬੋਧਨ ਕੀਤਾ।
ਬਾਕਸ
ਮਾਨ ਦਲ ਦੀ ਕਾਨਫਰੰਸ ’ਚ ਵੱਡੀ ਗਿਣਤੀ ਵਿਚ ਪੁਲਿਸ ਰਹੀ ਮੌਜੂਦ
ਦਮਦਮਾ ਸਾਹਿਬ: ਭਾਈ ਅੰਮ੍ਰਿਤਪਾਲ ਸਿੰਘ ਦੇ ਵਿਸਾਖੀ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕੀਤੀ ਜਾਣ ਵਾਲੀ ਦਮਦਮਾ ਸਾਹਿਬ ਦੀ ਸਿਆਸੀ ਕਾਨਫਰੰਸ ਵਿਚ ਪੁੱਜਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕੀਤੀ ਹੋਈ ਸੀ। ਐਸ.ਐਸ.ਪੀ ਰੈਂਕ ਦੇ ਦੋ ਅਧਿਕਾਰੀਆਂ ਹੇਠ ਜਿੱਥੇ ਸੈਕੜਿਆਂ ਦੀ ਤਾਦਾਦ ਪੁਲਿਸ ਵਰਦੀ ਵਿਚ ਮੌਜੂਦ ਸੀ ਅਤੇ ਕਾਨਫਰੰਸ ਨੂੰ ਚਾਰ-ਚੁਫ਼ੇਰਿਓ ਘੇਰਿਆਂ ਹੋਇਆ ਸੀ, ਉਥੇ ਸਿਵਲ ਵਰਦੀ ਤੇ ਖ਼ਾਸਕਰ ਦੇਸੀ ਪਹਿਰਾਵੇਂ ਵਿਚ ਸੈਕੜਿਆਂ ਦੀ ਤਾਦਾਦ ਵਿਚ ਕਾਨਫਰੰਸ ਦੇ ਪੰਡਾਲ ਹਾਲ ’ਚ ਪੁਲਿਸ ਮੁਲਾਜਮਾਂ ਨੂੰ ਬਿਠਾਇਆ ਹੋਇਆ ਸੀ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਸਟੇਜ਼ ਦੇ ਹੇਠਾਂ ਵੀ ਪੁਲਿਸ ਮੁਲਾਜਮ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਲ ’ਚ ਗੁੱਪ-ਚੁੱਪ ਤਰੀਕੇ ਨਾਲ ਬੈਠੇ ਹੋਏ ਸਨ।
ਵਿਸਾਖੀ ਦੇ ਦਿਹਾੜੇ ਉਪਰ ਦਿਖ਼ਾਈ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਵਿਵਾਦ ਦਾ ਪ੍ਰਛਾਵਾਂ, ਸੰਗਤਾਂ ਦੀ ਗਿਣਤੀ ਫਿੱਕੀ ਰਹੀ
ਪੁਲਿਸ ਦੀਆਂ ਥਾਂ-ਥਾਂ ਦਿਖ਼ਾਈ ਦਿੱਤੀਆਂ ਭਾਰੀ ਰੋਕਾਂ, ਸੰਗਤਾਂ ਦੇ ਮਨਾਂ ’ਚ ਦੇਖਣ ਨੂੰ ਮਿਲਿਆ ਖੌਫ਼ ਦਾ ਪ੍ਰਛਾਵਾਂ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖ਼ਾਲਸਾ ਸਾਜ਼ਨਾ ਦਿਵਸ ਦੇ 324ਵੇਂ ਦਿਹਾੜੇ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮਨਾਏ ਵਿਸਾਖੀ ਦੇ ਜੋੜ ਮੇਲੇ ਉਪਰ ਅੱਜ ਪੁਲਿਸ ਦੀ ਸਖ਼ਤੀ ਦਾ ਪ੍ਰਛਾਵਾਂ ਦੇਖਣ ਨੂੰ ਮਿਲਿਆ। ਇਸ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਤਹਿਤ ਅੱਜ ਤਖ਼ਤ ਸਾਹਿਬ ਉਪਰ ਧਾਰਮਿਕ ਦੀਵਾਨ ਸਜ਼ਾਏ ਗਏ ਅਤੇ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਪ੍ਰੰਤੂ ਪਿਛਲੇ ਵਿਸਾਖੀ ਜੋੜ ਮੇਲਿਆਂ ਦੇ ਮੁਕਾਬਲੇ ਇਸ ਵਾਰ ਨਾਂ ਹੀ ਸਰਧਾਲੂਆਂ ਦੀ ਭੀੜ ਦਿਸੀ ਅਤੇ ਨਾਂ ਹੀ ਲੰਗਰਾਂ ਵਿਚ ਰੌਲਾ-ਰੱਪਾਂ ਸੁਣਾਈ ਦਿੱਤਾ। ਕਈ ਇਲਾਕਿਆਂ ਵਿਚ ਸਰਧਾਲੂਆਂ ਦੇ ਮੁਕਾਬਲੇ ਪੁਲਿਸ ਮੁਲਾਜਮਾਂ ਦੀ ਗਿਣਤੀ ਜਿਆਦਾ ਵਿਖਾਈ ਦਿੱਤੀ। ਹਾਲਾਂਕਿ ਸਵੇਰ ਸਮੇਂ ਸਰਧਾਲੂਆਂ ਦੀ ਆਮਦ ਮੱਠੀ ਰਹੀ ਜੋਕਿ ਦੁਪਿਹਰ ਤੱਕ ਜਰੂਰ ਵਧਦੀ ਦਿਖ਼ਾਈ ਦਿੱਤੀ ਪ੍ਰੰਤੂ ਪਿਛਲੇ ਕੁੱਝ ਦਿਨਾਂ ਤੋਂ ਤਲਵੰਡੀ ਸਾਬੋ ਵਿਖੇ ਭਾਰੀ ਗਿਣਤੀ ’ਚ ਪੁਲਿਸ ਬਲ ਤੈਨਾਤ ਹੋਣ ਅਤੇ ਵਿਸਾਖ਼ੀ ਮੌਕੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵਲੋਂ ਆਤਮ ਸਮਰਪਣ ਦੀਆਂ ਅਫ਼ਵਾਹਾਂ ਨੇ ਸਰਧਾਲੂਆਂ ਦੇ ਮਨਾਂ ਉਪਰ ਵੱਡਾ ਅਸਰ ਪਾਇਆ। ਜਿਸਦੇ ਚੱਲਦੇ ਇੱਥੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਵਿਸਾਖੀ ਮੌਕੇ ਦੁਕਾਨਾਂ ਤੇ ਸਟਾਲਾਂ ਸਜਾਉਣ ਵਾਲਿਆਂ ਦੇ ਚਿਹਰੇ ਵੀ ਮਰਝਾਏ ਰਹੇ। ਇਸਤੋਂ ਇਲਾਵਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਹੁਜਨ ਸਮਾਜ ਪਾਰਟੀ ਨੂੰ ਛੱਡ ਕਿਸੇ ਵੀ ਸਿਆਸੀ ਧਿਰ ਵਲੋਂ ਤਖ਼ਤ ਸਾਹਿਬ ਉਪਰ ਵਿਸ਼ਾਖੀ ਕਾਨਫਰੰਸ ਨਹੀਂ ਕੀਤੀ ਗਈ ਸੀ, ਜਿਸਦੇ ਕਾਰਨ ਵੀ ਰੈਲੀਆਂ ’ਚ ਪੁੱਜਣ ਵਾਲੇ ਸਿਆਸੀ ਕਾਰਕੁੰਨ ਵੀ ਘਟ ਹੀ ਦਿਖ਼ਾਈ ਦਿੱਤੇ। ਉਂਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੋਈ ਵੱਡਾ ਸਿਆਸੀ ਆਗੂ ਵੀ ਇੱਥੇ ਨਜ਼ਰ ਨਹੀਂ ਆਇਆ। ਦੂਜੇ ਪਾਸੇ ਏਡੀਜੀਪੀ ਦੀ ਅਗਵਾਈ ਹੇਠ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ਦੇ ਐਸਐਸਪੀਜ਼ ਸਹਿਤ ਹਜ਼ਾਰਾਂ ਦੀ ਤਾਦਾਦ ਵਿਚ ਛੋਟੇ-ਵੱਡੇ ਅਫ਼ਸਰ ਵਰਦੀ ਤੇ ਸਿਵਲ ਕੱਪੜਿਆਂ ’ਚ ਤਖ਼ਤ ਸਾਹਿਬ ਅਤੇ ਤਲਵੰਡੀ ਸਾਬੋ ਇਲਾਕੇ ਦੇ ਚੱਪੇ-ਚੱਪੇ ਉਪਰ ਤੈਨਾਤ ਸਨ, ਜਿੰਨ੍ਹਾਂ ਵਲੋਂ ਹਰ ਆਉਣ-ਜਾਣ ਵਾਲੇ ਸਰਧਾਲੂ ਉਪਰ ਬਾਜ਼ ਅੱਖ ਰੱਖੀ ਹੋਈ ਸੀ। ਗੌਰਤਲਬ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਦੀ ਦਿੱਤੀ ਸਲਾਹ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਉਹ ਵਿਸਾਖੀ ਮੌਕੇ ਦਮਦਮਾ ਸਾਹਿਬ ਦੀ ਧਰਤੀ ’ਤੇ ਪੁੱਜ ਸਕਦੇ ਹਨ। ਜਿਸਤੋਂ ਬਾਅਦ ਇੱਥੇ ਭਾਰੀ ਗਿਣਤੀ ਵਿਚ ਪੁਲਿਸ ਤੈਨਾਤ ਕਰਨ ਦੇ ਇਲਾਵਾ ਖੁਦ ਦੋ ਦਫ਼ਾ ਡੀਜੀਪੀ ਗੌਰਵ ਯਾਦਵ ਵਲੋਂ ਵੀ ਦੌਰਾ ਕੀਤਾ ਜਾ ਚੁੱਕਿਆ ਹੈ। ਉਧਰ ਤਖ਼ਤ ਸਾਹਿਬ ਉਪਰ ਅੱਜ ਸਭ ਤੋਂ ਪਹਿਲਾਂ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ, ਜਿਸਤੋਂ ਬਾਅਦ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਗਤਾਂ ਨੂੰ ਵਿਸਾਖੀ ਮੌਕੇ ਸੰਦੇਸ਼ ਦਿੱਤਾ ਗਿਆ। ਇਸਤੋਂ ਬਾਅਦ ਸਾਰਾ ਦਿਨ ਦਰਬਾਰ ਸਾਹਿਬ ਅੰਦਰ ਕੀਰਤਨ ਪ੍ਰਵਾਹ ਚੱਲਦਾ ਰਿਹਾ ਤੇ ਨਾਲ ਹੀ ਅੰਮ੍ਰਿਤ ਸੰਚਾਰ ਦੀ ਮੁਹਿੰਮ ਵੀ ਚਲਾਈ ਗਈ, ਜਿੱਥੇ ਸੈਂਕੜੇ ਵਿਅਕਤੀਆਂ ਨੇ ਅੰਮ੍ਰਿਤ ਛਕਿਆ। ਇਸਤੋਂ ਇਲਾਵਾ ਬੀਤੀ ਰਾਤ ਦੀਵਾਨ ਹਾਲ ’ਚ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ। ਭਲਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਵਲੋਂ ਮੁਹੱਲਾ ਕੱਢਣ ਤੋਂ ਬਾਅਦ ਇਹ ਵਿਸਾਖ਼ੀ ਜੋੜ ਮੇਲਾ ਸਮਾਪਤ ਹੋ ਜਾਵੇਗਾ।
ਸਿੱਖ ਨੌਜਵਾਨਾਂ ਦੇ ਕੇਸਾਂ ’ਚ ਸ਼੍ਰੋਮਣੀ ਕਮੇਟੀ ਹਰ ਕਾਨੂੰਨੀ ਮੱਦਦ ਕਰੇਗੀ: ਪ੍ਰਧਾਨ ਧਾਮੀ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖਾਲਸਾ ਸਾਜਨਾ ਦਿਵਸ ਮੌਕੇ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸਾਹਿਬਾਨਾਂ ਉਪਰ ਭਾਰੀ ਪੁਲਿਸ ਸੁਰੱਖਿਆ ਬਲ ਤੈਨਾਤ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ਸਿੱਖ ਦੀ ਗੁਰੂ ਨਾਲ ਪ੍ਰੀਤ ਹੈ ਤੇ ਜਿਸਦੇ ਚੱਲਦੇ ਉਹ ਲੱਖ ਔਕੜਾਂ ਦੇ ਬਾਵਜੂਦ ਅਪਣੇ ਗੁਰੂ ਕੋਲ ਪੁੱਜ ਜਾਂਦਾ ਹੈ। ’’ ਉਨ੍ਹਾਂ ਇਸਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਨੂੰ ਅਜਾਦ ਕਰਵਾਉਣ ਵਿਚ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਹੁਣ ਅਜਾਦ ਭਾਰਤ ਵਿਚ ਇਹ ਰੋਕਾਂ ਲਗਾਉਣੀਆਂ ਠੀਕ ਨਹੀਂ ਹੈ। ਉਨ੍ਹਾਂ ਸਰਕਾਰਾਂ ਨੂੰ ਅਜਿਹਾ ਕਰਨ ਤੋਂ ਸੰਕੋਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 1984 ਤੋਂ ਬਾਅਦ ਪਹਿਲੀ ਵਾਰ ਇੰਨੀਆਂ ਸਖ਼ਤ ਪਾਬੰਦੀਆਂ ਲਗਾਈਆਂ ਹਨ। ਪ੍ਰਧਾਨ ਸ: ਧਾਮੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਕੁੱਝ ਸਿਆਸੀ ਧਿਰਾਂ ਆਗਾਮੀ ਜਲੰਧਰ ਲੋਕ ਸਭਾ ਉਪ ਚੋਣ ਵਿਚ ਸਿਆਸੀ ਫ਼ਾਈਦਾ ਖੱਟਣ ਦੇ ਲਈ ਕਰ ਰਹੀਆਂ ਹਨ ਪ੍ਰੰਤੂ ਇਸਦੇ ਨਾਲ ਪੰਜਾਬ ਦਾ ਦੇਸ ਭਰ ਵਿਚ ਅਕਸ ਧੁੰਦਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਸਾਖੀ ਜੋੜ ਮੇਲੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ’ਚ ਸ਼ਿਰਕਤ ਕਰਨ ਆਏ ਸਰਧਾਲੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ’ਚ ਵਿਚ ਕੋਈ ਗੜਬੜੀ ਜਾਂ ਅਸ਼ਾਂਤੀ ਵਾਲਾ ਮਸਲਾ ਨਹੀ ਹੈ ਪਰੰਤੁ ਜਾਣਬੁੱਝ ਕੇ ਇਸਨੂੰ ਬਦਨਾਮ ਕਰਨ ਦੀ ਕੋਝੀ ਸਿਆਸਤ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਤੇ ਕੁੱਝ ਇੱਕ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜਣ ਦੇ ਮਸਲੇ ਉਪਰ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਵਲੋਂ ਟੀਮਾਂ ਬਣਾਈਆਂ ਜਾ ਚੁੱਕੀਆਂ ਹਨ ਤੇ ਇੱਕ ਟੀਮ ਡਿਬਰੂਗੜ੍ਹ ਜੇਲ੍ਹ ’ਚ ਬੰਦ ਸਿੱਖ ਨੌਜਵਾਨਾਂ ਨਾਲ ਵੀ ਮੁਲਾਕਾਤ ਵੀ ਕਰ ਚੁੱਕੀ ਹੈ। ਉਨ੍ਹਾਂ ਭਰੋਸਾ ਦਿਵਾਇਆ ਸੰਸਥਾ ਵਲੋਂ ਸਾਰੇ ਸਿੱਖ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ, ਗੁਰਪ੍ਰੀਤ ਸਿੰਘ ਝੱਬਰ ਤੋਂ ਇਲਾਵਾ ਕਮੇਟੀ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੇਂਦਰ ਸਰਕਾਰ ਫ਼ਿਰਕੂ ਆਧਾਰ ’ਤੇ ਦੇਸ ਦਾ ਧਰੁਵੀਕਰਨ ਨਾ ਕਰੇ: ਸੁਖਬੀਰ ਬਾਦਲ
ਗੁਨਾਹਗਾਰਾਂ ਨੂੰ ਸਜ਼ਾ ਮਿਲੇ, ਪਰ ਪ੍ਰਵਾਰਾਂ ਨੂੰ ਪੁਲਿਸ ਤੰਗ ਕਰਨਾ ਬੰਦ ਕਰੇ: ਪ੍ਰਧਾਨ ਅਕਾਲੀ ਦਲ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘‘ਕੇਂਦਰ ਸਰਕਾਰ ਉਪਰ ਵੱਡਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਸਿਆਸੀ ਲਾਹਾ ਖੱਟਣ ਲਈ ਫ਼ਿਰਕੂ ਆਧਾਰ ’ਤੇ ਦੇਸ਼ ਦਾ ਧਰੁਵੀਕਰਨ ਨਾ ਕਰੇ। ’’ ਅੱਜ ਤਖ਼ਤ ਸਾਹਿਬ ਉਪਰ ਆਪਣੀ ਪਤਨੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਣ ਆਏ ਸ: ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸੀਬੀਐਸਈ ਦੀਆਂ ਕਿਤਾਬਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਦੱਸ ਕੇ ਦੇਸ਼ ਭਗਤ ਸਿੱਖ ਭਾਈਚਾਰੇ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਤਾਬਾਂ ਨੂੰ ਤੁਰੰਤ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ ਗਿਆ ਹੈ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਭਾਰਤ ਕਿਸੇ ਇੱਕ ਭਾਈਚਾਰੇ ਦਾ ਦੇਸ਼ ਨਹੀਂ, ਸਾਰਿਆਂ ਦਾ ਸਾਂਝਾ ਹੈ ਅਤੇ ਅਨੇਕਤਾ ਵਿੱਚ ਏਕਤਾ ਇਸਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਰਕਾਰੀਆ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਬਾਅਦ ਦੇਸ਼ ਦੀ ਸੰਸਦ ਦੁਆਰਾ ਸੰਘੀ ਢਾਂਚੇ ਦੀ ਮੰਗ ਵਜੋਂ ਅਤੇ ਫਿਰ ਭਾਰਤ ਸਰਕਾਰ ਵੱਲੋਂ ਵੀ ਪ੍ਰਵਾਨ ਕੀਤਾ ਗਿਆ ਸੀ ਤੇ ਫ਼ਿਰ ਕੀ ਇਹ ਕਿਹਾ ਜਾ ਸਕਦਾ ਹੈ ਕਿ ਐਨਸੀਈਆਰਟੀ “ ਦੇਸ਼ ਦੀ ਸੰਸਦ ਅਤੇ ਭਾਰਤ ਸਰਕਾਰ ਤੋਂ ਵੀ ਉੱਪਰ ਹੈ?’’ ਇਸ ਦੌਰਾਨ ਉਨ੍ਹਾਂ ਸੂਬੇ ’ਚ ਪੁਲਿਸ ਵਲੋਂ ਫ਼ੜੋ-ਫ਼ੜਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਕੋਈ ਗੁਨਾਹਗਾਰ ਹੈ ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਪ੍ਰੰਤੂ ਉਨ੍ਹਾਂ ਦੇ ਪ੍ਰਵਾਰਾਂ ਅਤੇ ਬੇਗੁਨਾਹਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਇਹ ਬਿਲਕੁੱਲ ਧੱਕੇਸ਼ਾਹੀ ਹੈ ਕਿ ਜੇਕਰ ਕਿਸੇ ਸਿੱਖ ਨੌਜਵਾਨ ਨੇ ਗਲਤੀ ਕੀਤੀ ਤਾਂ ਪੁਲਿਸ ਉਸਦੀਆਂ ਮਾਵਾਂ ਤੇ ਭੈਣਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ, ਜਿਸਦੇ ਨਾਲ ਪੰਜਾਬ ਵਿਚ ਮੁੜ 80 ਦੇ ਦਹਾਕੇ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵਿਸਾਖ਼ੀ ਦੇ ਪਵਿੱਤਰ ਦਿਹਾੜੇ ਮੌਕੇ ਪੁਲਿਸ ਦੀ ਵੱਡੀ ਪੱਧਰ ’ਤੇ ਨਾਕੇਬੰਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਿੱਖ ਸੰਗਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਦੀ ਉਹ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਵਿਸਾਖੀ ਮੇਲਾ ਇੱਥੇ ਲੱਗਦਾ ਹੈ ਪਰ ਇਸ ਵਾਰ ਤਲਵੰਡੀ ਸਾਬੋ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਹੈ ਅਤੇ ਥਾਂ-ਥਾਂ ਨਾਕੇਬੰਦੀ ਕਰਕੇ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸਦੇ ਲਈ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੰਮੇਵਾਰ ਠਹਿਰਾਇਆ। ਇਸਤੋਂ ਬਾਅਦ ਉਨ੍ਹਾਂ ਬਠਿੰਡਾ ਵਿਚ ਜ਼ਿਲ੍ਹਾ ਕੰਪਲੈਕਸ਼ ਦੇ ਸਾਹਮਣੇ ਸ਼੍ਰੀ ਅੰਬੇਦਕਰ ਜੀ ਦੀ ਮੂਰਤੀ ’ਤੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਆਦਿ ਹਾਜ਼ਰ ਸਨ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਵਲੋਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਸੱਦਾ
ਵਿਸਾਖੀ ਮੌਕੇ ਕਿਹਾ ਕਿ ਪੰਜਾਬ ਨੂੰ ਜਾਣਬੁੱਝ ਕੇ ਗੜਬੜੀ ਵਾਲਾ ਸੂਬਾ ਕਰਾਰ ਦਿੱਤਾ ਜਾ ਰਿਹਾ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਵਿਚ ਸ਼ਾਸਤਰਾਂ ਦੀ ਮਹੱਤਤਾ ਦਾ ਖ਼ੁਲਾਸਾ ਕਰਦਿਆਂ ਕੌਮ ਨੂੰ ਸ਼ਸਤਰਧਾਰੀ ਹੋਣ ਦੀ ਅਪੀਲ ਕੀਤੀ। ਅੱਜ ਵਿਸਾਖ਼ੀ ਮੌਕੇ ਤਖ਼ਤ ਸਾਹਿਬ ਉਪਰੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕੌਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਹ ਸਾਸਤਰ ਸਿੱਖਾਂ ਨੂੰ ਹੱਕ ਸੱਚ ਦੀ ਰਾਖੀ ਲਈ ਦਿੱਤੇ ਸਨ। ਉਨ੍ਹਾਂ ਅਸਿੱਧੇ ਢੰਗ ਨਾਲ ਸਰਕਾਰਾਂ ’ਤੇ ਹਮਲੇ ਕਰਦਿਆਂ ਕਿਹਾ ਕਿ ‘‘ ਅੱਜ ਸਿੱਖ ਉਪਰਾਂ ਸ਼੍ਰੀ ਸਾਹਿਬ ਰੱਖਣ ’ਤੇ ਪਰਚੇ ਦਰਜ਼ ਕੀਤੇ ਜਾ ਰਹੇ ਹਨ। ’’ ਉਨ੍ਹਾਂ ਸ਼੍ਰੀ ਸਾਹਿਬ ਅਤੇ ਸ਼ਾਸਤਰਾਂ ਨੂੰ ਸਿੱਖੀ ਦੀ ਮਹਾਨ ਪਰੰਪਰਾ ਦਸਦਿਆਂ ਕਿਹਾ ਕਿ ਅੱਜ ਜਿਸ ਕੌਮ ਕੋਲ ਸਭ ਤੋਂ ਵੱਧ ਸ਼ਾਸਤਰ ਤੇ ਤਾਕਤਵਰ ਫ਼ੌਜ ਹੈ, ਉਹ ਹੀ ਕਾਮਯਾਬ ਹੈ। ਉਨ੍ਹਾਂ ਪੁਰਾਤਨ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕਿਰਪਾਨ ਦਾ ਹੀ ‘ਬਲ’ ਸੀ ਕਿ ਦੇਸ ਦੇ ਧਨ-ਦੌਲਤ ਤੇ ਇੱਜਤਾਂ ਨੂੰ ਲੱੂਟਣ ਆਏ ਬਾਹਰਲੇ ਹਮਲਾਵਾਰਾਂ ਨੂੰ ਵਾਪਸ ਮੋੜਿਆ ਸੀ। ਇਸਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਨੇ ਵਿਸਾਖੀ ਦੇ ਪਵਿੱਤਰ ਤਿਊਹਾਰ ਮੌਕੇ ਤਖ਼ਤ ਸਾਹਿਬ ਦੇ ਆਸਪਾਸ ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਤੇ ਕੇਂਦਰੀ ਬਲ ਤੈਨਾਤ ਕਰਨ ਦੀ ਨਿੰਦਿਆਂ ਕਰਦਿਆਂ ਕਿਹਾ ਕਿ ‘‘ ਅੱਜ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤੇ ਅਜਿਹਾ ਦਰਸਾਇਆ ਜਾ ਰਿਹਾ ਹੈ ਕਿ ਪੰਜਾਬ ਸਭ ਤੋਂ ਵੱਡੀ ਗੜਬੜੀ ਵਾਲਾ ਸੂਬਾ ਹੈ ਜਦੋਂਕਿ ਇੱਥੇ ਹਰ ਕੋਈ ਅਮਨ ਤੇ ਸ਼ਾਂਤੀ ਨਾਲ ਰਹਿ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਨਾਂ ਪਾਬੰਦੀਆਂ ਦੇ ਬਾਵਜੂਦ ਵੱਡੀ ਗਿਣਤੀ ਵਿਚ ਸਿੱਖ ਕੌਮ ਇੱਥੇ ਪੁੱਜੀ ਹੈ, ਜਿਸਦਾ ਉਹ ਧੰਨਵਾਦ ਕਰਦੇ ਹਨ।
ਕਾਇਆ ਕਲਪ ਮੁੰਹਿਮ ਅਧੀਨ ਅਰਬਨ ਪੀ ਐਚ ਸੀ ਲਾਲ ਸਿੰਘ ਬਸਤੀ ਨੂੰ ਪੰਜਾਬ ਵਿੱਚੋ ਪਹਿਲਾ ਸਥਾਨ
ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਸ਼ੁਰੂ ਕੀਤੀ ਕਾਇਆ ਕਲਪ ਮੁੰਹਿਮ ਅਧੀਨ ਅਰਬਨ ਪੀ ਐਚ ਸੀ ਲਾਲ ਸਿੰਘ ਬਸਤੀ ਨੂੰ ਪੰਜਾਬ ਵਿੱਚੋ ਪਹਿਲਾ ਸਥਾਨ ਹਾਸਲ ਹੋਇਆ ਹੈ ਜਦੋਂਕਿ ਪੀ ਐਚ ਸੀ ਬੱਲੂਆਣਾ ਅਤੇ ਹੈਲਥ ਵੈਲਨੈਸ ਸੈਟਰ ਗਿੱਲ ਪੱਤੀ ਨੂੰ ਜਿਲ੍ਹੇ ਵਿੱਚੋ ਪਹਿਲਾ ਸਥਾਨ ਮਿਲਿਆ ਹੈ। ਉਕਤ ਹਸਪਤਾਲਾਂ ਨੂੰ ਸਰਕਾਰੀ ਰਜਿੰਦਰਾ ਕਾਲਜ ਪਟਿਆਲਾ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਮਾਗਮ ਵਿੱਚ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਨੂੰ ਬਠਿੰਡਾ ਜਿਲ੍ਹੇ ਅਧੀਨ ਵਧੀਆ ਸਿਹਤ ਸੇਵਾਵਾ ਦੇਣ ਬਦਲੇ ਐਨ ਕਿਊ ਏ ਐਸ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਇਸ ਸਾਲ ਜਿਲ੍ਹਾ ਬਠਿੰਡਾ ਕਾਇਆ ਕਲਪ ਮੁਹਿੰਮ 2022-23 ਤਹਿਤ ਜਿਲ੍ਹਾ ਸਿਵਲ ਹਸਪਤਾਲ ਨੇ ਕਾਇਆ ਕਲਮ ਦੇ ਸਾਰੇ ਮਾਪਦੰਡਾ ਨੂੰ ਪੂਰਾ ਕਰਕੇ ਕੁਆਲੀਫਾਈ ਕੀਤਾ ਅਤੇ ਪੰਜਾਬ ਵਿਚੋ ਗਿਆਰਵੀ ਪੁਜੀਸ਼ਨ ਹਾਸਿਲ ਕੀਤੀ । ਇਸ ਦੇ ਨਾਲ ਹੀ ਯੂ ਪੀ ਐਚ ਸੀ ਜਨਤਾ ਨਗਰ, ਪੀ ਐਚ ਸੀ ਵਿਰਕ ਕਲ੍ਹਾ, ਕੋਟਸਮੀਰ, ਹੈਲਥ ਵੈਲਨੈਸ ਸੈਟਰ ਪਿਥੋ, ਬੱਲੋ ਅਤੇ ਬੁਰਜ ਮਹਿਮਾ ਨੂੰ ਵੀ ਕੁਆਲੀਫਾਈ ਕਰਨ ’ਤੇ ਕਾਇਆ ਕਲਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੌਰਤਲਬ ਹੈ ਕਿ ਹਰ ਸਾਲ ਵਧੀਆਂ ਕਾਰਗੁਜ਼ਾਰੀ ਵਾਲੇ ਹਸਪਤਾਲਾਂ ਜਿਵੇ ਐਚ ਡਬਲਯੂ ਸੀ, ਯੂ ਪੀ ਐਚ ਸੀ, ਪੀ ਐਚ ਸੀ, ਸੀ ਐਚ ਸੀ, ਡੀ ਐਚ ਹਸਪਤਾਲਾਂ ਨੂੰ ਸਨਮਾਨਿਤ ਕੀਤਾ ਜਾਦਾ ਹੈ।ਕ ਾਇਆ ਕਲਪ ਮੁੰਹਿਮ ਅਧੀਨ 15 ਤਰ੍ਹਾਂ ਦੀਆਂ ਸੇਵਾਵਾਂ, ਜਿਸ ਵਿੱਚ ਪ੍ਰਮੁੱਖ ਤੌਰ ਸਾਫ ਸਫਾਈ ਅਤੇ ਹਰ ਤਰ੍ਹਾ ਦੇ ਪ੍ਰਬੰਧਾਂ ਦੀ ਜਾਚ ਕਰਨ ਉਪਰੰਤ ਹੀ ਇਸ ਵਿੱਚ ਕੁਆਲੀਫਾਈ ਕੀਤਾ ਜਾਦਾ ਹੈ ਜਿਸ ਲਈ ਘੱਟੋ ਘੱਟ 70 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਜਰੂਰੀ ਹੁੰਦੇ ਹਨ। ਐਵਾਰਡ ਪ੍ਰਾਪਤ ਕਰਨ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਸਿੰਗਲਾ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ ਮਨਿੰਦਰ ਪਾਲ, ਅਸਿਸਟੈਟ ਹਸਪਤਾਲ ਐਡਮਨਿਸਟੇਰਟਰ ਡਾ ਸੀਨੂ ਗੋਇਲ ਹਾਜ਼ਰ ਸਨ। ਇਸ ਦੌਰਾਨ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੁਆਰਾ ਆਪਣੇ ਦਫਤਰ ਵਿੱਚ ਵੱਖ ਵੱਖ ਸੰਸਥਾਵਾਂ ਦੇ ਮੁੱਖੀਆ ਨੂੰ ਐਵਾਰਡ ਚਿੰਨ ਦੇ ਕੇ ਹੌਸ਼ਲਾ ਅਫਜਾਈ ਕੀਤੀ ਗਈ ਅਤੇ ਬਾਕੀ ਜਿਲ੍ਹੇ ਅਧੀਨ ਚੱਲ ਰਹੀਆ ਸਿਹਤ ਸੰਸਥਾਵਾ ਦੇ ਮੁੱਖੀਆ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਸੰਸਥਾ ਨੂੰ ਕਾਇਆ ਕਲਪ ਵਿੱਚ ਸਾਮਿਲ ਕਰਵਾਉਣ ਲਈ ਯਤਨ ਕਰਨ।
6 ਸਾਲ ਪਹਿਲਾਂ ਆਰਕੇਸਟਰਾ ਵਾਲੀ ਲੜਕੀ ਦਾ ਕਤਲ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਸਜਾ
ਅੱਠ ਸਾਲ ਦੀ ਕੈਦ ਤੇ ਪੰਜ ਹਜ਼ਾਰ ਕੀਤਾ ਜੁਰਮਾਨਾ, ਦੂਜੇ ਮੁਜਰਮ ਨੂੰ ਕੀਤਾ ਬਰੀ
ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਕਰੀਬ ਸਾਢੇ 6 ਸਾਲ ਪਹਿਲਾਂ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ਵਿਖੇ ਇੱਕ ਵਿਆਹ ਸਮਾਗਮ ’ਚ ਗੋਲੀ ਚੱਲਣ ਕਾਰਨ ਸਟੇਜ਼ ’ਤੇ ਨੱਚਣ ਵਾਲੀ ਡਾਂਸਰ ਲੜਕੀ ਦੀ ਮੌਤ ਦੇ ਮਾਮਲੇ ਵਿਚ ਅੱਜ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਦੋਸ਼ੀ ਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਦੋਂਕਿ ਉਸਦੇ ਇੱਕ ਸਾਥੀ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਥਾਣਾ ਮੋੜ ਦੀ ਪੁਲਿਸ ਨੇ ਦੋ ਵਿਅਕਤੀਆਂ ਵਿਰੁਧ ਧਾਰਾ 304 ਬੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕੀਤਾ ਸੀ। ਦਰਜ਼ ਕਹਾਣੀ ਮੁਤਾਬਕ ਮੌੜ ਮੰਡੀ ਵਿਚ ਰਾਤ ਸਮੇਂ ਇੱਕ ਸਮਾਗਮ ਦੌਰਾਨ ਮ੍ਰਿਤਕ ਲੜਕੀ ਕੁਲਵਿੰਦਰ ਕੌਰ ਸਟੇਜ਼ ਉਪਰ ਡਾਂਸ ਕਰ ਰਹੀ ਸੀ, ਇਸ ਮੌਕੇ ਦੋਸ਼ੀ ਲੱਕੀ ਕੁਮਾਰ ਬੰਦੂਕ ਲੈ ਕੇ ਨੱਚ ਰਿਹਾ ਸੀ। ਪ੍ਰੰਤੂ ਇਸ ਦੌਰਾਨ ਬੰਦੂਕ ਵਿਚੋਂ ਗੋਲੀ ਚੱਲ ਗਈ ਜੋ ਡਾਂਸ ਕਰ ਰਹੀ ਲੜਕੀ ਕੁਲਵਿੰਦਰ ਕੌਰ ਉਰਫ਼ ਜਾਨੂੰ ਦੇ ਲੱਗ ਗਈ, ਜਿਸਦੇ ਚੱਲਦੇ ਉਹ ਅਚਾਨਕ ਸਟੇਜ਼ ਉਪਰ ਡਿੱਗ ਪਈ। ਇਸ ਘਟਨਾ ਦੀ ਇਕ ਵੀਡੀਓ ਵੀ ਵਾਈਰਲ ਹੋਈ ਸੀ। ਪੁਲਿਸ ਨੇ ਮ੍ਰਿਤਕ ਆਰਕੈਸਟਰਾ ਵਾਲੀ ਲੜਕੀ ਦੇ ਪਰਿਵਾਰ ਦੇ ਬਿਆਨਾਂ ਉਪਰ ਬਰਾਤੀ ਲੱਕੀ ਕੁਮਾਰ ਅਤੇ ਉਸ ਦੇ ਸਾਥੀ ਸੰਜੇ ਕੁਮਾਰ ਵਿਰੁਧ ਮੁਕੱਦਮਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ ਵਿਚ ਇਹ ਮਾਮਲਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਿਚ ਚੱਲਿਆ। ਜਿੱਥੇ ਅਦਾਲਤ ਨੇ ਲੱਕੀ ਕੁਮਾਰ ਧਾਰਾ 304 ਪਾਰਟ-2 ਤਹਿਤ 8 ਸਾਲ ਦੀ ਸਜਾ ਅਤੇ 5 ਹਜ਼ਾਰ ਜੁਰਮਾਨਾ ਕਰ ਕੀਤਾ ਅਤੇ ਨਾਲ ਹੀ ਆਰਮਜ਼ ਐਕਟ ਅਧੀਨ 3 ਸਾਲ ਦੀ ਸਜਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਮਾਲ ਰੋਡ ਨੂੰ ‘ਨੋ-ਪਾਰਕਿੰਗ ਜੋਨ’ ਬਣਾਉਣ ਲਈ ਵਿਰੋਧੀ ਪਾਰਟੀਆਂ ਸਿਆਸਤ ਨਾ ਕਰਨ: ਵਿਧਾਇਕ ਜਗਰੂਪ ਗਿੱਲ
ਕਿਹਾ ਕਿ ਪਹਿਲਾਂ ਨਿਗਮ ’ਚ ਖੁਦ ਮਤਾ ਪਾਸ ਕੀਤਾ, ਮੁੜ ਦੁਕਾਨਦਾਰਾਂ ਦੇ ਧਰਨੇ ’ਚ ਬੈਠੇ
ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਪਾਸ਼ ਵਪਾਰਕ ਰੋਡ ਮੰਨੀ ਜਾਂਦੀ ਮਾਲ ਰੋਡ ਉਪਰ ਬਣੀਆਂ ਦੁਕਾਨਾਂ ਤੇ ਸ਼ੋਅਰੂਮਾਂ ਦੇ ਸਾਹਮਣੇ ਨਜਾਇਜ਼ ਥੜੀਆਂ ਨੂੰ ਢਾਹੁਣ ਦੇ ਮਾਮਲੇ ਵਿਚ ਚੱਲ ਰਹੇ ਵਿਵਾਦ ’ਚ ਵਿਰੋਧੀ ਧਿਰਾਂ ਨੂੰ ਘੇਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ‘‘ ਪਹਿਲਾਂ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਇਸ ਪ੍ਰਸਤਾਵ ਨੂੰ ਪਾਸ ਕਰਨ ਵਾਲੇ ਹੁਣ ਧਰਨਿਆਂ ’ਚ ਜਾ ਕੇ ਸਿਆਸਤ ਕਰਨ ਲੱਗੇ ਹੋਏ ਹਨ। ’’ ਵੀਰਵਾਰ ਨੂੰ ਇਸ ਮਾਮਲੇ ਵਿਚ ਅਪਣੇ ਦਫ਼ਤਰ ’ਚ ਸੱਦੀ ਇੱਕ ਪ੍ਰੈਸ ਕਾਨਫਰੰਸ ਵਿਚ ਵਿਧਇਕ ਸ: ਗਿੱਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਮਾਮਲੇ ਵਿਚ ਦੁਕਾਨਦਾਰਾਂ ਨੂੰ ਗੁੰਮਰਾਹ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ, ਕਿਉਂਕਿ ਭਾਜਪਾ ਤੇ ਕਾਂਗਰਸ ਤੇ ਅਕਾਲੀ ਕੋਂਸਲਰਾਂ ਦੀ ਹਾਜ਼ਰੀ ਵਿਚ 20 ਮਾਰਚ ਨੂੰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਮਤਾ ਨੰਬਰ 151 ਪਾਸ ਕਰਕੇ ਇਸ ਯੋਜਨਾ ਨੂੰ ਮੰਨਜੂਰੀ ਦਿੱਤੀ ਗਈ ਸੀ ਅਤੇ ਬਾਅਦ ਵਿਚ ਨਿਗਮ ਅਧਿਕਾਰੀਆਂ ਵਲੋਂ ਵੀ ਇਸ ਮਾਮਲੇ ਵਿਚ ਦੁਕਾਨਦਾਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਸ: ਗਿੱਲ ਨੇ ਅੱਗੇ ਕਿਹਾ ਕਿ ਉਸਦੇ ਕੋਲ ਦੁਕਾਨਦਾਰ ਜਰੂਰ ਪੁੱਜੇ ਸਨ, ਜਿੰਨ੍ਹਾਂ ਪੱਖਪਾਤ ਹੋਣ ਦਾ ਖ਼ਦਸ ਪ੍ਰਗਟਾਇਆ ਸੀ, ਜਿਸਨੂੰ ਦੂਰ ਕਰਨ ਲਈ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਪਹਿਲਾਂ ਦੁਕਾਨਾਂ ਅੱਗੇ ਲਾਈਨ ਮਾਰਨ ਲਈ ਕਿਹਾ ਸੀ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਰਹੇ। ਸ਼ਹਿਰੀ ਹਲਕੇ ਦੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਸੋਸਲ ਮੀਡੀਆ ’ਤੇ ਦੇਖਿਆ ਹੈ ਕਿ ਅਕਾਲੀਆਂ ਸਹਿਤ ਕਾਂਗਰਸ ਦੇ ਕੋਂਸਲਰ ਸੀਨੀਅਰ ਡਿਪਟੀ ਮੇਅਰ ਦੀ ਪ੍ਰਧਾਨਗੀ ਅਤੇ ਮੇਅਰ ’ਤੇ ਹੱਕ ਜਤਾਉਣ ਵਾਲੇ ਭਾਜਪਾ ਆਗੂ ਇਸ ਧਰਨੇ ਵਿਚ ਪੁੱਜੇ ਹੋਏ ਸਨ, ਜਿੰਨ੍ਹਾਂ ਨੇ ਇਸ ਮਤੇ ਨੂੰ ਵਾਪਸ ਲੈਣ ਦਾ ਵੀ ਦਮ ਭਰਿਆ ਸੀ ਪ੍ਰੰਤੂ ਹਾਲੇ ਤੱਕ ਇਸ ਪ੍ਰਸ਼ਤਾਵ ਨੂੰ ਵਾਪਸ ਲੈਣ ਲਈ ਕੋਈ ਮੀਟਿੰਗ ਨਹੀਂ ਬੁਲਾਈ ਹੈ, ਜਿਸਤੋਂ ਉਨ੍ਹਾਂ ਦੀ ਨੀਅਤ ਸਪੱਸਟ ਤੌਰ ’ਤੇ ਸਿਆਸਤ ਕਰਨ ਦੀ ਝਲਕਦੀ ਹੈ। ਸ: ਗਿੱਲ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਵਿਚ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪ੍ਰੰਤੂ ਵਿਰੋਧੀ ਧਿਰਾਂ ਅਜਿਹਾ ਕਰਕੇ ਰੋੜੇ ਅਟਕਾ ਰਹੀਆਂ ਹਨ। ਇਸਦੇ ਇਲਾਵਾ ਉਨ੍ਹਾਂ ਪਬਲਿਕ ਲਾਇਬਰੇਰੀ ਨੂੰ ਨਿਗਮ ਵਲੋਂ ਨੋਟਿਸ ਕੱਢਣ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੀ ਅਮਾਨਤ ਹੈ, ਜਿਸਦੇ ਚੱਲਦੇ ਇਹ ਮਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਉਨ੍ਹਾਂ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਨਿਗਮ ’ਤੇ ਕਾਬਜ਼ ਧਿਰਾਂ ਉਪਰ ਸ਼ੁਹਿਰਦ ਨਾ ਹੋਣ ਦਾ ਦੋਸ਼ ਲਗਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਆਮਦ ਮੌਕੇ ਸ਼ਹਿਰ ਵਿੱਚ ਕੀਤਾ ਰੋਸ਼ ਪ੍ਰਦਰਸ਼ਨ
ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਆਪ ਸਰਕਾਰ:-ਮੋਰਚਾ ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਅਬੋਹਰ,13 ਅਪ੍ਰੈਲ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਆਮਦ ਮੌਕੇ ਦਾਣਾ ਮੰਡੀ ਦੇ ਦੋ ਨੰਬਰ ਗੇਟ ਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਣ ਉਪਰੰਤ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਸਮੇਂ ਹਾਜ਼ਿਰ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਜਗਸੀਰ ਸਿੰਘ ਭੰਗੂ,ਖ਼ੁਸਦੀਪ ਸਿੰਘ,ਜਸਵੀਰ ਸਿੰਘ ਜੱਸੀ ਆਦਿ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਇੱਕ ਪਾਸੇ ਸਰਕਾਰੀ ਥਰਮਲ ਪਲਾਂਟਾਂ,ਜਲ ਸਪਲਾਈ ਅਤੇ ਸੈਨੀਟੇਸ਼ਨ,ਸਮੁੱਚੇ ਪਾਵਰਕਾਮ ਅਤੇ ਟਰਾਂਸਕੋ,ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ,ਸਿਹਤ ਵਿਭਾਗ,ਪੀ.ਡਬਲਯੂ.ਡੀ.ਇਲੈੱਕਟਰੀਕਲ ਵਿੰਗ ਆਦਿ ਸਮੇਤ ਸਮੂਹ ਸਰਕਾਰੀ ਅਦਾਰਿਆਂ ਵਿੱਚ ਆਊਟਸੋਰਸ਼ਡ ਠੇਕਾ ਪ੍ਰਣਾਲੀ ਤਹਿਤ ਵੱਡੀ ਗਿਣਤੀ ਵਿੱਚ ਠੇਕਾ ਮੁਲਾਜ਼ਮ ਪਿਛਲੇ 15-20 ਸਾਲਾਂ ਦੇ ਲੰਬੇ ਅਰਸੇ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ-ਆਪਣੇ ਵਿਭਾਗਾਂ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈਕੇ ਮੋਰਚੇ ਦੇ ਬੈਨਰ ਹੇਠ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ,ਪਰ ਪੰਜਾਬ ਦੀ ਆਪ ਸਰਕਾਰ ਉਕਤ ਸਮੂਹ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਪਾਵਰਕਾਮ ਸਮੇਤ ਸਮੂਹ ਸਰਕਾਰੀ ਵਿਭਾਗਾਂ ਬਾਹਰੋਂ ਨਵੀਂ ਸਿੱਧੀ ਭਰਤੀ ਕਰ ਰਹੀ ਹੈ। ਇਸ ਸਮੇਂ ਹਾਜ਼ਿਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਸਿੱਧੀ ਭਰਤੀ ਕਰਨ ਤੋਂ ਪਹਿਲਾਂ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ,ਅੱਜ ਦੀ ਮਹਿੰਗਾਈ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 25 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਵਿਭਾਗਾਂ ਵਿੱਚੋਂ ਬਾਹਰ ਕੀਤਾ ਜਾਵੇ,ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਨਹੀਂ ਕੀਤਾ ਜਾਂਦਾ ਤਦ ਤੱਕ ਸਮੁੱਚੇ ਪੰਜਾਬ ਵਿੱਚ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ਼ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।





