ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ :ਭਾਸ਼ਾ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਰੱਖੇ ਗਏ ਸਮਾਗਮ ਵਿੱਚ ਰਾਮ ਦਿਆਲ ਸੇਖੋਂ ਦਾ ਲਿਖਿਆ ਪਲੇਠਾ ਨਾਵਲ ’ਵਾਇਆ ਨਾਭਾ’ ਸਥਾਨਕ ਮਗਸੀਪਾ ਮੀਟਿੰਗ ਹਾਲ ਵਿਖੇ ਲੋਕ ਅਰਪਣ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ । ਮੁੱਖ ਮਹਿਮਾਨ ਦੇ ਤੌਰ ’ਤੇ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸਤਨਾਮ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਸ਼ਵਨੀ ਕੁਮਾਰ ਗਰਗ ਐਮ.ਡੀ. ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜਿਜ਼ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਆਪਣੇ ਸਵਾਗਤੀ ਭਾਸ਼ਣ ਵਿੱਚ ਬੋਲਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾ ਹੀ ਵੱਖ-ਵੱਖ ਸਾਹਿਤਕ ਵੰਨਗੀਆਂ ਨੂੰ ਹੁਲਾਰਾ ਦੇਣ ਲਈ ਤਿਆਰ ਰਹਿੰਦਾ ਹੈ, ਜਿਹੜੀਆਂ ਮਾਂ-ਬੋਲੀ ਦੇ ਫੈਲਾਅ ਨੂੰ ਹੋਰ ਵਧਾਉਂਦੀਆਂ ਹਨ । ਇਸ ਤੋਂ ਬਾਅਦ ਪ੍ਰੋ ਤਰਸੇਮ ਨਰੂਲਾ, ਪ੍ਰੋ. ਕੁਲਬੀਰ ਮਲਿਕ ਅਤੇ ਪ੍ਰਿੰ: ਜਗਮੇਲ ਸਿੰਘ ਜਠੌਲ ਨੇ ਨਾਵਲ ਦੇ ਵੱਖ-ਵੱਖ ਪੱਖਾਂ ’ਤੇ ਆਲੋਚਨਾਤਮਕ ਨਜ਼ਰੀਏ ਨਾਲ ਚਾਨਣਾ ਪਾਇਆ ਅਤੇ ਇਸ ਨੂੰ ਸਫ਼ਲ ਕਰਾਰ ਦਿੱਤਾ ।ਮੁੱਖ ਮਹਿਮਾਨ ਸਤਨਾਮ ਸਿੰਘ ਨੇ ਜਿੱਥੇ ਭਾਸ਼ਾ ਵਿਭਾਗ ਦੇ ਸਾਹਿਤਕ ਉਪਰਾਲਿਆਂ ਦੀ ਗੱਲ ਕੀਤੀ ਉੱਥੇ ਰਾਮਦਿਆਲ ਸੇਖੋਂ ਨੂੰ ਇੱਕ ਸੰਜੀਦਾ ਸਾਹਿਤਕਾਰ ਦੱਸਿਆ।ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼੍ਰੋਮਣੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਾਵਲ ਨਾਲ ਜੁੜੀਆਂ ਹੋਰ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਅਤੇ ਸੇਖੋਂ ਨੂੰ ਇਸ ਦੀ ਲੋਕ ਪ੍ਰਵਾਨਗੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।ਸਮਾਗਮ ਵਿੱਚ ਸ਼੍ਰੀ ਸੇਖੋਂ ਦਾ ਪੂਰਾ ਪਰਿਵਾਰ, ਭਾਸ਼ਾ ਵਿਭਾਗ ਮੁੱਖ ਦਫ਼ਤਰ ਤੋਂ ਸਤਪਾਲ ਸਿੰਘ ਖੋਜ ਅਫ਼ਸਰ, ਮਨਜਿੰਦਰ ਸਿੰਘ ਖੋਜ ਅਫ਼ਸਰ, ਭਗਵਾਨ ਸਿੰਘ, ਮਨਦੀਪ ਸਿੰਘ, ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਤੇ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵਿੱਚੋਂ ਸੁਰਿੰਦਰਪ੍ਰੀਤ ਘਣੀਆ, ਅਸ਼ੋਕ ਚਟਾਨੀ, ਪਰਵਿੰਦਰ ਪਵੀ, ਡਾਪਰਮਜੀਤ ਰੋਮਾਣਾ, ਰਣਬੀਰ ਰਾਣਾ, ਅਮਰਜੀਤ ਪੇਂਟਰ, ਸੁਦਰਸ਼ਨ ਗਰਗ, ਗ਼ਜ਼ਲ ਗਾਇਕ ਹਰੀਕ੍ਰਿਸ਼ਨ ਆਦਿ ਮੌਜੂਦ ਸਨ ।
ਭਾਸ਼ਾ ਵਿਭਾਗ ਵੱਲੋਂ ਸੇਖੋਂ ਦਾ ਨਾਵਲ ’ਵਾਇਆ ਨਾਭਾ’ ਲੋਕ ਅਰਪਣ
ਕਿਸਾਨ ਉਤਪਾਦਕ ਸੰਗਠਨ ਬਣਾ ਕੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕੀਤਾ ਜਾ ਸਕਦਾ ਹੈ ਮਜ਼ਬੂਤ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ :ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਨਾਬਾਰਡ ਦੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਸਮੂਹ 9 ਬਲਾਕਾਂ ਲਈ ਕਲਸਟਰ ਬੈਸਿਡ ਬਿਜਨਿਸ ਆਰਗੈਨਾਈਜੇਸ਼ਨ (ਸੀ.ਬੀ.ਬੀ.ਓ.) ਤਹਿਤ ਕੰਮ ਕਰ ਰਹੀਆਂ ਵੱਖ-ਵੱਖ ਏਜੰਸੀਆਂ ਤੇ ਕਿਸਾਨਾਂ ਨੂੰ ਉਤਪਾਦਕ ਸੰਗਠਨ ਨਾਲ ਜੋੜਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜ ਕੇ ਇਸ ਸਕੀਮ ਦੇ ਵੱਧ ਤੋਂ ਵੱਧ ਲਾਭ ਉਨ੍ਹਾਂ ਤੱਕ ਪਹੁੰਚ ਸਕਣ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਝੋਨੇ ਦੀ ਫ਼ਸਲ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਹੋਰ ਫ਼ਸਲਾਂ ਜਾਂ ਖਾਦ ਪਦਾਰਥਾਂ ਦੀ ਖਰੀਦੋ-ਫਰੋਖ਼ਤ ਲਈ ਬਲਾਕ ਪੱਧਰ ਤੇ ਕਿਸਾਨ ਉਤਪਾਦਕ ਸੰਗਠਨ ਬਣਾ ਕੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਜਾਰੀ ਕੀਤੀ ਕਿ ਜ਼ਿਲ੍ਹੇ ਦੇ ਹਰੇਕ ਬਲਾਕ ਪੱਧਰ ਤੇ ਕਿਸਾਨ ਉਤਪਾਦਕ ਸੰਗਠਨ(ਐੱਫ.ਪੀ.ਓ) ਨਾਲ ਜੋੜਨ ਲਈ ਕਿਸਾਨਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਐੱਫ.ਪੀ.ਓ. ਸਕੀਮ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਚ ਵਾਧਾ ਹੋਵੇਗਾ, ਓਥੇ ਕਿਸਾਨਾਂ ਨੂੰ ਵਾਜ਼ਬ ਰੇਟਾਂ ਤੇ ਖੇਤੀਬਾੜੀ ਦੇ ਇਨਪੁਟਸ ਮਿਲ ਸਕਣਗੇ।ਇਸ ਮੌਕੇ ਨਬਾਰਡ ਦੇ ਸਹਾਇਕ ਜਨਰਲ ਮੈਨੇਜਰ (ਡੀ.ਡੀ.) ਅਮਿਤ ਗਰਗ ਨੇ ਦੱਸਿਆ ਕਿ ਇਸ ਸਕੀਮ ਅਧੀਨ ਇਕ ਬਲਾਕ ਵਿੱਚ ਘੱਟੋ-ਘੱਟ 300 ਕਿਸਾਨਾਂ ਨੂੰ ਇਸ ਸੰਗਠਨ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜੁੜ ਕੇ ਕਿਸਾਨਾਂ ਨੂੰ ਵਧੀਆ ਮੁੱਲ ਤੇ ਮਾਲ ਵੇਚਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰ ਕੇ ਇੱਕ ਬਲਾਕ ਵਿੱਚ ਇੱਕ ਕਿਸਾਨ ਉਤਪਾਦਕ ਸੰਗਠਨ ਜ਼ਰੂਰ ਤਿਆਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਏ.ਆਈ.ਐੱਫ. (ਐਗਰੀਕਲਚਰ ਇਨਫਰਾਸਟਰਚਰ ਫੰਡ) ਖੇਤੀਬਾੜੀ ਦੇ ਬੁਨਿਆਦੀ ਢਾਂਚੇ ਸਬੰਧੀ ਸਕੀਮ ਦੇ ਅਧੀਨ ਯੋਗ ਕਰਜ਼ਿਆਂ ਤੇ 2 ਕਰੋੜ ਦੇ ਕਰਜ਼ੇ ਤੱਕ 3 ਫੀਸਦੀ ਵਿਆਜ਼ ਰਿਆਇਤ 7 ਸਾਲਾਂ ਲਈ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਸਬੰਧੀ ਜ਼ਿਲ੍ਹੇ ਦੇ ਯੋਗ ਅਤੇ ਉਦਮੀ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚਾਈ ਜਾਵੇ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਮੈਡਮ ਮੰਜੂ ਮਲਹੋਤਰਾ ਤੋਂ ਇਲਾਵਾ ਖੇਤੀਬਾੜੀ ਵਿਭਾਗ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ, ਸਹਿਕਾਰੀ ਸਭਾਵਾਂ ਅਤੇ ਵੱਖ-ਵੱਖ ਬਲਾਕਾਂ ਨਾਲ ਸਬੰਧਤ ਕੇ.ਵੀ.ਕੇ, ਇੰਟਰਨੈਸ਼ਨਲ ਕੰਪੀਟੈਂਸ ਸੈਂਟਰ ਫਾਰ ਆਰਗੈਨਿਕ ਐਗਰੀਕਲਚਰ, ਪੰਚਮੁਖੀ ਗਲੋਬਲ ਐਗਰੋ ਕੇਅਰ ਅਤੇ ਸਟੋਨ ਫਰੂਟ ਗਰੋਵਰਜ਼ ਐਸੋਸੀਏਸ਼ਨ ਆਫ਼ ਇੰਡੀਆ ਆਦਿ ਦੇ ਨੁਮਾਇੰਦੇ ਹਾਜ਼ਰ ਸਨ।
ਡੀਜੀਪੀ ਪੰਜਾਬ ਨੇ ਖੰਨਾ ਦੇ “ਸੁਪਰ ਕਾਪ” ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ‘ਤੇ ਕੀਤਾ ਪਦਉੱਨਤ
ਇੰਸਪੈਕਟਰ ਜਗਜੀਵਨ ਰਾਮ ਨੇ 145 ਐਫਆਈਆਰਜ਼ ਦਰਜ ਕਰਵਾ ਕੇ 6.8 ਕਿਲੋ ਹੈਰੋਇਨ, 77.5 ਕਿਲੋ ਅਫੀਮ, 50 ਪਿਸਤੌਲ, 4.74 ਕਰੋੜ ਰੁਪਏ, 4 ਕਿਲੋ ਸੋਨਾ ਅਤੇ 213 ਕਿਲੋ ਚਾਂਦੀ ਕੀਤੇ ਬਰਾਮਦ
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਨਵ ਪਦਉਨਤ ਇੰਸਪੈਕਟਰ ਨੂੰ 80000 ਤੋਂ ਵੱਧ ਮਜ਼ਬੂਤ ਪੁਲਿਸ ਬਲ ਲਈ ਰੋਲ ਮਾਡਲ ਦੱਸਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ/ਖੰਨਾ, 17 ਅਪ੍ਰੈਲ:ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਜਗਜੀਵਨ ਰਾਮ ਨੇ ਸਿਰਫ਼ ਇੱਕ ਸਾਲ ਵਿੱਚ 145 ਐਫ.ਆਈ.ਆਰਜ਼, ਜਿਹਨਾਂ ਵਿੱਚ ਜਿਆਦਾਤਰ ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਸ਼ਾਮਲ ਹਨ, ਦਰਜ ਕੀਤੀਆਂ ਹਨ, ਦੀ ਮੁਹਾਰਤ, ਤਜ਼ਰਬੇ ਅਤੇ ਚੌਕਸੀ ਸਦਕਾ ਉਨ੍ਹਾਂ ਦੀ ਅਗਵਾਈ ਹੇਠ ਲਗਾਏ ਗਏ ਨਾਕਿਆਂ ਤੋਂ ਨਸ਼ਾ ਤਸਕਰਾਂ ਸਮੇਤ ਕੋਈ ਵੀ ਸਮਾਜ ਵਿਰੋਧੀ ਅਨਸਰ ਭੱਜ ਨਹੀਂ ਸਕਿਆ।ਇਨ੍ਹਾਂ ਐਫ.ਆਈ.ਆਰਜ਼. ਨਾਲ 6.8 ਕਿਲੋਗ੍ਰਾਮ ਹੈਰੋਇਨ, 77.5 ਕਿਲੋ ਅਫੀਮ, 8 ਕੁਇੰਟਲ ਭੁੱਕੀ, 1.8 ਕਿਲੋ ਆਈ.ਸੀ.ਈ., 5.8 ਕਿਲੋ ਚਰਸ, 79 ਕਿਲੋ ਗਾਂਜਾ, 2.39 ਲੱਖ ਨਸ਼ੀਲੀਆਂ ਗੋਲੀਆਂ, 50 ਪਿਸਤੌਲ, 1 ਰਾਈਫਲ, 4 ਕਰੋੜ 74 ਲੱਖ ਰੁਪਏ ਦੀ ਭਾਰਤੀ ਕਰੰਸੀ, 1.39 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ, 4 ਕਿਲੋ ਸੋਨਾ ਅਤੇ 213 ਕਿਲੋ ਚਾਂਦੀ ਦੀ ਬਰਾਮਦਗੀ ਹੋਈ। ਇਸ ਦੇ ਨਾਲ ਹੀ ਖੰਨਾ ਦੇ ਪਿੰਡ ਬਾਹੋ ਮਾਜਰਾ ਵਿੱਚ ਰਾਈਸ ਸ਼ੈਲਰ ਦੀ ਇਮਾਰਤ ਵਿੱਚ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਭੱਠੀ ਦਾ ਪਰਦਾਫਾਸ਼ ਇੰਸਪੈਕਟਰ ਜਗਜੀਵਨ ਵੱਲੋਂ ਕੀਤਾ ਗਿਆ ਸੀ।ਸ੍ਰੀ ਜਗਜੀਵਨ ਦੀ ਆਪਣੀ ਡਿਊਟੀ ਪ੍ਰਤੀ ਅਸਾਧਾਰਨ ਸਮਰਪਣ ਨੂੰ ਮਾਨਤਾ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸਬ-ਇੰਸਪੈਕਟਰ ਜਗਜੀਵਨ ਰਾਮ ਨੂੰ ਇੰਸਪੈਕਟਰ ਦੇ ਸਥਾਨਕ ਰੈਂਕ ‘ਤੇ ਪਦਉੱਨਤ ਕੀਤਾ। ਡੀਜੀਪੀ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਖੰਨਾ ਅਮਨੀਤ ਕੋਂਡਲ ਵੀ ਮੌਜੂਦ ਸਨ।ਡੀਜੀਪੀ ਗੌਰਵ ਯਾਦਵ ਨੇ ਜਗਜੀਵਨ ਰਾਮ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨਵੇਂ ਤਰੱਕੀ ਪ੍ਰਾਪਤ ਇੰਸਪੈਕਟਰ ਨੂੰ ਹੋਰ ਸਖ਼ਤ ਮਿਹਨਤ ਕਰਨ ਅਤੇ ਸਮਰਪਣ, ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ ‘ਤੇ ਲਗਾਇਆ ਇਹ ਸਟਾਰ ਹੋਰ ਵੱਡੀ ਜ਼ਿੰਮੇਵਾਰੀ ਦਰਸਾਉਂਦਾ ਹੈ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਇੰਸਪੈਕਟਰ ਜਗਜੀਵਨ ਰਾਮ ਨੂੰ 80000 ਵਾਲੀ ਮਜ਼ਬੂਤ ਪੁਲਿਸ ਬਲ ਦਾ ਰੋਲ ਮਾਡਲ ਦੱਸਦਿਆਂ ਬਾਕੀ ਸਾਰੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਇਆ ਜਾ ਸਕੇ।ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਜਗਜੀਵਨ ਰਾਮ ਦੀ ਇਹ ਖੂਬੀ ਹੈ ਕਿ ਉਹ ਡਿਊਟੀ ਲਈ ਹਮੇਸ਼ਾ ਹਾਜਰ ਅਤੇ ਮੁਸਤੈਦ ਰਹਿੰਦੇ ਹਨ ਅਤੇ ਉਹਨਾਂ ਨੂੰ ਵਿਸ਼ੇਸ਼ ਨਾਕੇ ਲਗਾਉਣ ਲਈ ਕਿਸੇ ਨਿਸ਼ਚਿਤ ਸਮੇਂ ਦੀ ਲੋੜ ਨਹੀਂ ਹੁੰਦੀ। ਉਹਨਾਂ ਕਿਹਾ ਕਿ ਜਗਜੀਵਨ ਨੇ ਦੇਰ-ਸਵੇਰ ਵੀ ਪ੍ਰਵਾਹ ਕੀਤੇ ਬਿਨਾਂ ਨਾਕੇ ਲਗਾਉਂਦੇ ਹਨ ਅਤੇ ਉਹ ਸਮਾਜ ਵਿਰੋਧੀ ਤੱਤਾਂ ਨੂੰ ਉਹਨਾਂ ਦੀਆਂ ਹਰਕਤਾਂ, ਚਿਹਰੇ ਦੇ ਹਾਵ-ਭਾਵ ਅਤੇ ਸਰੀਰਕ ਗਤੀਵਿਧੀਆਂ ਤੋਂ ਭਾਂਪ ਲੈਂਦੇ ਹਨ।ਇੰਸਪੈਕਟਰ ਜਗਜੀਵਨ ਰਾਮ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਡੀਜੀਪੀ ਪੰਜਾਬ ਅਤੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਦੇਸ਼ ਦੀ ਸੇਵਾ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਜਗਜੀਵਨ 1991 ਵਿੱਚ ਪੁਲਿਸ ਬਲ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ 2013 ਵਿੱਚ ਏ.ਐਸ.ਆਈ. ਵਜੋਂ ਤਰੱਕੀ ਪ੍ਰਾਪਤ ਕੀਤੀ ਅਤੇ 2021 ਵਿੱਚ ਐਸ.ਆਈ. ਵਜੋਂ ਪਦਉਨੱਤ ਹੋਏ।
ਪੰਜਾਬ ਦੇ ਭਵਿੱਖ ਨੂੰ ਨਸ਼ੇ ਦੇ ਦਲਦਲ ‘ਚ ਡੋਬਣ ਵਾਲਿਆਂ ਖਿਲਾਫ਼ ਮੁੱਖ ਮੰਤਰੀ ਦੀ ਮਿਸਾਲੀ ਕਾਰਵਾਈ
ਪੀ.ਪੀ.ਐਸ. ਰਾਜਜੀਤ ਸਿੰਘ ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰ ਕੇ ਨੌਕਰੀ ਤੋਂ ਤੁਰਤ ਕੀਤਾ ਬਰਖਾਸਤ
ਵਿਜੀਲੈੰਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਪਤੀ ਦੀ ਜਾਂਚ ਕਰਨ ਦੇ ਵੀ ਦਿੱਤੇ ਹੁਕਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਪ੍ਰੈਲ-ਨਸ਼ਾ ਤਸਕਰੀ ਦੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਲੋਕਾਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਉਤੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪੀ.ਪੀ.ਐਸ. ਅਧਿਕਾਰੀ ਰਾਜਜੀਤ ਸਿੰਘ ਦੀ ਮਨੁੱਖਤਾ ਵਿਰੁੱਧ ਇਸ ਘਿਨਾਉਣੇ ਅਪਰਾਧ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਉਸ ਦੀਆਂ ਸੇਵਾਵਾਂ ਨੂੰ ਬਰਖਾਸਤ ਕਰ ਦਿੱਤਾ ਹੈ।ਹੋਰ ਵੇਰਵਿਆਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਤ ਰਿਪੋਰਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਰਾਜਜੀਤ ਦੀ ਇਸ ਗੰਭੀਰ ਜੁਰਮ ਵਿੱਚ ਸ਼ਮੂਲੀਅਤ ਦਾ ਪਤਾ ਲੱਗਿਆ ਹੈ, ਇਸ ਲਈ ਉਸ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਗਈਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਹੋਰ ਵੇਰਵੇ ਬਹੁਤ ਜਲਦੀ ਸਾਂਝਾ ਕੀਤੇ ਜਾਣਗੇ ਅਤੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਸੂਬੇ ਅਤੇ ਨੌਜਵਾਨਾਂ ਵਿਰੁੱਧ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਧੇ ਨਸ਼ਿਆਂ ਨੇ ਸੂਬੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਧਨਾਢ ਆਗੂਆਂ ਨੇ ਨੌਕਰਸ਼ਾਹਾਂ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਨਾਲ ਇਸ ਗੈਰ-ਕਾਨੂੰਨੀ ਧੰਦੇ ਦੀ ਸਰਪ੍ਰਸਤੀ ਕੀਤੀ ਤਾਂ ਜੋ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕੀਤਾ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਜਾਂਚ ਰਿਪੋਰਟ ਲੰਬੇ ਸਮੇਂ ਤੋਂ ਠੰਢੇ ਬਸਤੇ ਵਿੱਚ ਸੀ ਕਿਉਂਕਿ ਪਿਛਲੀ ਸਰਕਾਰ ਵਿੱਚੋਂ ਕੋਈ ਵੀ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਨ ਵਾਲੀਆਂ ਤਾਕਤਾਂ ਵਿਰੁੱਧ ਕਾਰਵਾਈ ਕਰਨ ਲਈ ਸੁਹਿਰਦ ਨਹੀਂ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੂੰ ਹਾਈ ਕੋਰਟ ਤੋਂ ਤਿੰਨ ਪੈਕਟਾਂ ਵਿੱਚ ਰਿਪੋਰਟ ਪ੍ਰਾਪਤ ਹੋ ਗਈ ਹੈ ਤਾਂ ਸੂਬੇ ਅਤੇ ਇਸ ਦੇ ਨੌਜਵਾਨਾਂ ਦੀਆਂ ਵਿਰੋਧੀ ਤਾਕਤਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਲੋਕਾਂ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਦੇ ਹੱਥ ਨਸ਼ੇ ਦਾ ਸ਼ਿਕਾਰ ਹੋਏ ਅਣਗਿਣਤ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ।ਜ਼ਿਕਰਯੋਗ ਹੈ ਕਿ ਇਹ ਰਿਪੋਰਟਾਂ ਪੰਜ ਸਾਲਾਂ ਤੋਂ ਲਟਕ ਰਹੀਆਂ ਸਨ ਅਤੇ ਪਿਛਲੀ ਕਾਂਗਰਸ ਸਰਕਾਰ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਨੇ 15 ਫਰਵਰੀ ਨੂੰ ਹਾਈ ਕੋਰਟ ‘ਚ ਸਹਿਮਤੀ ਦੇ ਦਿੱਤੀ ਸੀ। ਭਗਵੰਤ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀਆਂ ਸਾਰੀਆਂ ਸੀਲਬੰਦ ਰਿਪੋਰਟਾਂ ਜੋ ਪੁਲਿਸ ਅਧਿਕਾਰੀਆਂ ਅਤੇ ਨਸ਼ਾ ਤਸਕਰਾਂ ਵਿਚਕਾਰ ਗਠਜੋੜ ਦਾ ਪਰਦਾਫਾਸ਼ ਕਰਦੀਆਂ ਹਨ, ਨੂੰ ਜਨਤਕ ਕਰਨ ਦੀ ਸਹਿਮਤੀ ਦਿੱਤੀ ਸੀ। ਇਹ ਰਿਪੋਰਟਾਂ ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਕੀਤੀਆਂ ਗਈਆਂ ਸਨ, ਜਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਸੀ। ਇਸ ਕਾਰਵਾਈ ਨੇ ਅਫਸਰਾਂ-ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਦੇ ਗਠਜੋੜ ਖਿਲਾਫ਼ ਸਖ਼ਤ ਕਾਰਵਾਈ ਦਾ ਰਾਹ ਪੱਧਰਾ ਕਰ ਦਿੱਤਾ ਹੈ, ਜੋ ਲੰਬੇ ਸਮੇਂ ਤੋਂ ਇਸ ਧੰਦੇ ਵਿਚ ਸ਼ਾਮਲ ਹਨ।
ਬਠਿੰਡਾ ਛਾਉਣੀ ਕਤਲ ਕਾਂਡ: ਸਾਥੀ ਫ਼ੌਜੀ ਨੇ ਹੀ ਨਿੱਜੀ ਕਾਰਨਾਂ ਤੋਂ ਦੁਖੀ ਹੋ ਕੀਤਾ ਸੀ ਕਤਲ
ਪੁਲਿਸ ਨੇ ਦੇਸਾਈ ਮੋਹਨ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਹਾਸਲ ਕੀਤਾ ਚਾਰ ਰੋਜ਼ਾ ਪੁਲਿਸ ਰਿਮਾਂਡ
ਪੁਲਿਸ ਵਲੋਂ ਸਖ਼ਤੀ ਨਾਲ ਕੀਤੀ ਪੁਛਗਿਛ ’ਚ ਹੋਇਆ ਅਹਿਮ ਖੁਲਾਸਾ
ਅਹਿਮ ਗੱਲ ਇਹ ਵੀ ਸਾਹਮਣੇ ਆਈ ਕਿ ਕਤਲ ਤੋਂ ਬਾਅਦ ‘ਕਾਤਲ’ ਕੇਸ ਵਿਚ ਬਣ ਗਿਆ ਸੀ ਮੁੱਖ ‘ਗਵਾਹ’
ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ : ਲੰਘੀ 12 ਅਪ੍ਰੈਲ ਦੀ ਤੜਕਸਾਰ ਭਾਰਤ ਦੀ ਸਭ ਤੋਂ ਵੱਡੀ ਬਠਿੰਡਾ ਫ਼ੌਜੀ ਛਾਉਣੀ ’ਚ ਚਾਰ ਫੌਜੀ ਨੌਜਵਾਨਾਂ ਦੇ ਹੋਏ ਅੰਨੇ ਕਤਲ ਦੀ ਕਹਾਣੀ ਦਾ ਪਰਦਾਫਾਸ ਹੋ ਗਿਆ ਹੈ। ਕਥਿਤ ਕਾਤਲ ਮ੍ਰਿਤਕ ਫ਼ੌਜੀਆਂ ਦਾ ਹੀ ਸਾਥੀ ਦੇਸਾਈ ਮੋਹਨ ਸੀ, ਜਿਸਨੇ ਮ੍ਰਿਤਕ ਫ਼ੌਜੀਆਂ ਵਲੋਂ ਕਥਿਤ ਤੌਰ ’ਤੇ ਉਸਨੂੰ ਸਰੀਰਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਕਾਂਡ ’ਚ ਤੋਪਖ਼ਾਨਾ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨ ਸਾਗਰ ਬੰਨੇ, ਕਮਲੇਸ ਆਰ.,ਯੋਗੇਸ਼ ਕੁਮਾਰ ਅਤੇ ਨਾਗਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਸੋਮਵਾਰ ਨੂੰ ਸਾਂਝੇ ਤੌਰ ’ਤੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਅਤੇ ਕਰਨਲ ਅਨੀਮੇਸ਼ ਸ਼ਰਨ ਨੇ ਦਸਿਆ ਕਿ ਘਟਨਾ ਤੋਂ ਬਾਅਦ ਫ਼ੌਜ ਦੇ ਮੇਜਰ ਆਸੂਤੋਸ਼ ਸੁਕਲਾ ਦੇ ਬਿਆਨਾਂ ਉਪਰ ਥਾਣਾ ਕੈਂਟ ‘ਚ ਮੁਕੱਦਮਾ ਨੰਬਰ 42 ਅਧੀਨ ਧਾਰਾ 302 ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰਨ ਤੋਂ ਬਾਅਦ ਐਸ.ਪੀ ਅਜੈ ਗਾਂਧੀ, ਡੀਐਸਪੀ ਸਿਟੀ ਗੁਰਪ੍ਰੀਤ ਸਿੰਘ, ਡੀਐਸਪੀ ਦਵਿੰਦਰ ਸਿੰਘ ਗਿੱਲ, ਥਾਣਾ ਕੈਂਟ ਅਤੇ ਸੀਆਈਏ ਸਟਾਫ਼ ਦੀ ਇੱਕ ਸਾਂਝੀ ਟੀਮ ਬਣਾਈ ਗਈ ਸੀ, ਜਿਸਨੇ ਜਾਂਚ ਤੋਂ ਬਾਅਦ ਅਰੋਪੀ ਦੇਸਾਈ ਮੋਹਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਡੂੰਘਾਈ ਨਾਲ ਪੁਛਗਿਛ ਕਰਨ ਲਈ ਉਸਨੂੰ ਅਦਾਲਤ ਵਿਚ ਪੇਸ਼ ਕਰਕੇ 20 ਅਪ੍ਰੈਲ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਅਰੋਪੀ ਨੇ ਕਤਲ ਤੋਂ ਬਾਅਦ ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਕਾਤਲਾਂ ਬਾਰੇ ਮਨਘੜਤ ਕਹਾਣੀ ਘੜੀ ਸੀ। ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਕਾਤਲ ਦੋ ਜਣੇ ਸਨ, ਜਿੰਨ੍ਹਾਂ ਨੇ ਚਿੱਟੇ ਕੁੜਤੇ-ਪਜਾਮੇ ਪਹਿਨੇ ਹੋਏ ਸਨ ਅਤੇ ਉਨ੍ਹਾਂ ਵਿਚੋਂ ਇੱਕ ਕੋਲ ਇਨਸਾਸ ਰਾਈਫ਼ਲ ਅਤੇ ਇੱਕ ਕੋਲ ਕੁਹਾੜੀ ਸੀ। ਵੱਡੀ ਗੱਲ ਇਹ ਵੀ ਹੈ ਕਿ ‘ਕਾਤਲ’ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਹੀ ਇਸ ਕੇਸ ’ਚ ‘ਗਵਾਹ’ ਬਣ ਗਿਆ ਸੀ। ਐਸਐਸਪੀ ਸ਼੍ਰੀ ਖੁਰਾਣਾ ਨੇ ਅੱਗੇ ਦਸਿਆ ਕਿ ਅਰੋਪੀ ਨੇ ਚਾਰ ਫ਼ੌਜੀਆਂ ਨੂੰ ਕਤਲ ਕਰਨ ਲਈ ਬਕਾਇਦਾ 9 ਅਪ੍ਰੈਲ ਨੂੰ ਯੋਜਨਾਵਧ ਤਰੀਕੇ ਨਾਲ ਇੱਕ ਅਤਿਆਧੁਨਿਕ ਰਾਈਫ਼ਲ ‘ਇਨਸਾਸ’ ਚੋਰੀ ਕੀਤੀ ਗਈ। ਇਸਤੋਂ ਇਲਾਵਾ ਇਨਸਾਸ ਅਤੇ ਐਲ.ਐਮ.ਜੀ ਦੇ 28 ਕਾਰਤੂਸ ਵੀ ਚੋਰੀ ਕੀਤੇ। ਘਟਨਾ ਮੌਕੇ 19 ਖੋਲ ਮਿਲੇ ਸਨ ਜਦੋਂਕਿ 7 ਕਾਰਤੂਸ਼ ਅਰੋਪੀ ਦੀ ਸਿਨਾਖ਼ਤ ’ਤੇ ਹੋਰ ਬਰਾਮਦ ਕੀਤੇ ਗਏ ਹਨ। ਇਸਤੋਂ ਇਲਾਵਾ 2 ਕਾਰਤੂਸ ਹਾਲੇ ਬਰਾਮਦ ਕਰਨੇ ਬਾਕੀ ਹਨ। ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਘਟਨਾ ਤੋਂ ਬਾਅਦ ਅਰੋਪੀ ਨੇ ਚੋਰੀ ਕੀਤੀ ਰਾਈਫ਼ਲ ਇੱਕ ਸੀਵਰੇਜ਼ ਦੇ ਗਟਰ ਵਿਚ ਸੁੱਟ ਦਿੱਤੀ ਸੀ ਜੋ ਘਟਨਾ ਵਾਲੇ ਦਿਨ ਸ਼ਾਮ ਨੂੰ ਹੀ ਬਰਾਮਦ ਕਰ ਲਈ ਸੀ। ਐਸ.ਐਸ.ਪੀ ਨੇ ਦਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਬੀਤੇ ਕੱਲ 10 ਫ਼ੌਜੀ ਜਵਾਨਾਂ ਨੂੰ ਨੋਟਿਸ ਜਾਰੀ ਕਰਕੇ ਪੁਛਗਿਛ ਕੀਤੀ ਸੀ। ਇਸ ਪੁਛਗਿਛ ਦੌਰਾਨ ਦੇਸਾਈ ਮੋਹਨ ਨੇ ਅਪਣੇ ਜੁਰਮ ਨੂੰ ਕਬੂਲ ਕਰ ਲਿਆ ਸੀ, ਜਿਸਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ ਦਸਣਾ ਬਣਦਾ ਹੈ ਕਿ ਇਹ ਘਟਨਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਬਣ ਗਈ ਸੀ ਤੇ ਪਹਿਲਾਂ ਇਸਨੂੰ ਅੱਤਵਾਦ ਦੀ ਘਟਨਾ ਨਾਲ ਵੀ ਜੋੜਿਆ ਜਾਣ ਲੱਗਾ ਸੀ ਹਾਲਾਂਕਿ ਪੁਲਿਸ ਤੇ ਫ਼ੌਜ ਅਧਿਕਾਰੀਆਂ ਨੇ ਮੁਢਲੀ ਪੜਤਾਲ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਕਿਸੇ ਅੰਦਰੂਨੀ ਵਿਅਕਤੀ ਵਲੋਂ ਵੀ ਕੀਤੀ ਗਈ ਹੈ। ਜਿਸਤੋਂ ਬਾਅਦ ਪੁਲਿਸ ਹਰ ਛੋਟੇ-ਛੋਟੇ ਪੁਆਇੰਟ ਉਪਰ ਫ਼ੌਜ ਦੇ ਅਧਿਕਾਰੀਆਂ ਨਾਲ ਮਿਲਕੇ ਕੰਮ ਕਰਦੀ ਰਹੀ ਤੇ ਅਖ਼ੀਰ ਅਰੋਪੀ ਨੂੰ ਦਬੋਚ ਲਿਆ ਗਿਆ। ਇੱਥੇ ਦਸਣਾ ਬਣਦਾ ਹੈ ਕਿ ਇਸ ਕਤਲ ਕਾਂਡ ਤੋਂ ਬਾਅਦ ਫ਼ੌਜ ਦੇ ਉਚ ਅਧਿਕਾਰੀਆਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲਾ ਦੇਸਾਈ ਮੋਹਨ ਹੀ ਸੀ ਤੇ ਉਸਨੇ ਹੀ ਅਧਿਕਾਰੀਆਂ ਕੋਲ ਇਹ ਕਹਾਣੀ ਦੱਸੀ ਸੀ ਕਿ ਕਾਤਲ ਦੋ ਜਦੇ ਸਨ ਤੇ ਜਿੰਨ੍ਹਾਂ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ। ਜਿੰਨ੍ਹਾਂ ਵਿਚੋਂ ਇੱਕ ਦੇ ਕੋਲ ਇਨਸਾਸ ਰਾਈਫ਼ਲ ਅਤੇ ਇੱਕ ਕੋਲ ਕੁਲਾਹੜੀ ਸੀ। ਹਾਲਾਂਕਿ ਪੋਸਟਮਾਰਟਮ ਦੀ ਰੀਪੋਰਟ ਵਿਚ ਸਪੱਸਟ ਹੋ ਗਿਆ ਸੀ ਕਿ ਮ੍ਰਿਤਕ ਫ਼ੌਜੀ ਜਵਾਨਾਂ ਦੀ ਮੌਤ ਗੋਲੀਆਂ ਲੱਗਣ ਕਾਰਨ ਹੀ ਹੋਈ ਹੈ। ਜਿਕਰ ਕਰਨਾ ਬਣਦਾ ਹੈ ਕਿ ਇਹ ਘਟਨਾ ਫ਼ੌਜ ਦੀ ਆਫ਼ੀਸਰਜ਼ ਮੈਸ ਦੇ ਨਜਦੀਕ ਬਣੀ ਹੋਈ ਬੈਰਕ ਵਿਚ ਹੋਈ ਸੀ। ਜਿੱਥੇ ਡਿਊਟੀ ਤੋਂ ਬਾਅਦ ਗਾਰਦ ਜਵਾਨ ਅਰਾਮ ਕਰਦੇ ਹਨ। ਅਰੋਪੀ ਦੇਸਾਈ ਮੋਹਨ ਆਂਧਰਾ ਪ੍ਰਦੇਸ਼ ਅਤੇ ਮ੍ਰਿਤਕ ਫੌਜੀਆਂ ਵਿਚੋਂ ਦੋ ਜਵਾਨ ਕਰਨਾਟਕ ਅਤੇ ਦੋ ਤਾਮਿਲਨਾਡੂ ਨਾਲ ਸਬੰਧਤ ਸਨ ਤੇ ਸਾਰੇ ਹੀ ਅਣਵਿਆਹੇ ਸਨ।
ਬਾਕਸ
ਰਾਈਫ਼ਲ ਚੋਰੀ ਦੇ ਮਾਮਲੇ ਨੂੰ ‘ਹਲਕੇ’ ਚ ਲੈਣਾ ਹੀ ਮਹਿੰਗਾ ਪੈ ਗਿਆ !
ਬਠਿੰਡਾ: ਉਧਰ ਅੱਜ ਸਾਰੀ ਘਟਨਾ ਦਾ ਖ਼ੁਲਾਸਾ ਹੋਣ ਤੋਂ ਬਾਅਦ ਇਹ ਵੀ ਚਰਚਾ ਚੱਲਦੀ ਰਹੀ ਕਿ ਫ਼ੌਜ ਦੀ ਅਤਿ-ਆਧੁਨਿਕ ਰਾਈਫ਼ਲ ਚੋਰੀ ਹੋਣ ਦੀ ਘਟਨਾ ਨੂੰ ਉਚ ਅਧਿਕਾਰੀਆਂ ਵਲੋਂ ਹਲਕੇ ’ਚ ਲਿਆ ਗਿਆ, ਜਿਸ ਕਾਰਨ ਇਹ ਘਟਨਾ ਵਾਪਰ ਗਈ। ਦਸਣਾ ਬਣਦਾ ਹੈ ਕਿ 8 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਐਲ.ਐਮ.ਜੀ ਦੇ 8 ਕਾਰਤੂਸ ਚੋਰੀ ਹੋਏ ਸਨ, ਜਿਸਤੋਂ ਦੂਜੇ ਦਿਨ ਬਾਅਦ ਭਾਵ 9 ਅਪ੍ਰੈਲ ਨੂੰ ਇਨਸਾਸ ਰਾਈਫ਼ਲ ਦੇ 20 ਕਾਰਤੂਸ ਚੋਰੀ ਹੋ ਗਏ। ਪ੍ਰੰਤੂ ਫ਼ੌਜ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਇਸਦੀ ਸੂਚਨਾ 10 ਅਪ੍ਰੈਲ ਨੂੰ ਮਿਲੀ, ਜਿਸਦੇ ਬਾਰੇ 11 ਅਪ੍ਰੈਲ ਨੂੰ ਥਾਣਾ ਕੈਂਟ ਕੋਲ ਡੀਡੀਆਰ ਦਰਜ਼ ਕਰਵਾਈ ਗਈ। ਹਾਲਾਂਕਿ ਪ੍ਰੈਸ ਕਾਨਫਰੰਸ ਵਿਚ ਮੌਜੂਦ ਕਰਨਲ ਅਨੀਮੇਸ਼ ਸ਼ਰਨ ਨੇ ਦਾਅਵਾ ਕੀਤਾ ਕਿ ‘‘ ਰਾਈਫ਼ਲ ਚੋਰੀ ਹੋਣ ਦੀ ਘਟਨਾ ਤੋਂ ਤੁਰੰਤ ਬਾਅਦ ਫ਼ੌਜ ਵਲੋਂ ਅਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਪ੍ਰੰਤੂ ਇਸ ਦੌਰਾਨ ਇਹ ਦੁਖਦਾਈ ਘਟਨਾ ਵਾਪਰ ਗਈ।
ਬਾਕਸ
ਐਸਐਫ਼ਜੇ ਤੇ ਖਾਲਿਸਤਾਨ ਟਾਈਗਰ ਫੌਰਸ ਨੇ ਘਟਨਾ ਦੀ ਜਿੰਮੇਵਾਰੀ ਲੈਣ ਦਾ ਕੀਤਾ ਸੀ ਦਾਅਵਾ
ਬਠਿੰਡਾ: ਉਧਰ ਚਰਚਿਤ ਵਿਦੇਸ਼ੀ ਵੱਖਵਾਦੀ ਆਗੂ ਤੇ ਸਿੱਖਜ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਉਸਦੇ ਬੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸੇ ਤਰ੍ਹਾਂ ਖਾਲਿਸਤਾਨ ਟਾਈਗਰ ਫ਼ੌਰਸ ਨਾਂ ਦੀ ਇੱਕ ਜਥੈਬੰਦੀ ਨੇ ਵੀ ਵਾਹ-ਵਾਹ ਖੱਟਣ ਲਈ ਇਸ ਘਟਨਾ ਦੀ ਜਿੰਮੇਵਾਰੀ ਲਈ ਸੀ। ਪ੍ਰੰਤੂ ਪਹਿਲੇ ਹੀ ਦਿਨ ਫ਼ੌਜ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਹ ਅੱਤਵਾਦੀ ਜਾਂ ਬਾਹਰਲੇ ਵਿਅਕਤੀਆਂ ਵਲੋਂ ਕੀਤੀ ਗਈ ਘਟਨਾ ਨਹੀਂ ਹੈ, ਬਲਕਿ ਇਸ ਵਿਚ ਫ਼ੌਜ ਦਾ ਹੀ ਕੋਈ ਬੰਦਾ ਸ਼ਾਮਲ ਹੈ, ਜਿਸਨੇ ਕਿਸੇ ਨਿੱਜੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸਦੇ ਚੱਲਦੇ ਪੁਲਿਸ ਤੇ ਫ਼ੌਜ ਦੇ ਅਧਿਕਾਰੀ ਇਸ ਐਂਗਲ ਤੋਂ ਹੀ ਕੇਸ ਦੀ ਜਾਂਚ ਕਰ ਰਹੇ ਸਨ ਤੇ ਅਖ਼ੀਰ ਵਿਚ ਇਹ ਕਹਾਣੀ ਹੀ ਸਾਹਮਣੇ ਆਈ।

ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਇੱਕੋ ਦਿਨ ਅੰਦਰ 500 ਕਰੋੜ ਤੋਂ ਵੱਧ ਰੁਪਏ ਕੀਤੇ ਜਾਰੀ: ਲਾਲ ਚੰਦ ਕਟਾਰੂਚਕ
ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਅਪ੍ਰੈਲ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਹਾੜ੍ਹੀ ਦੇ ਚੱਲ ਰਹੇ ਮੰਡੀਕਰਨ ਸੀਜ਼ਨ (ਆਰ.ਐਮ.ਐਸ.) ਦੌਰਾਨ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੇ ਸਬੂਤ ਦੇ ਤੌਰ ‘ਤੇ 19642 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2125 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ‘ਤੇ 502.93 ਕਰੋੜ ਦੀ ਪੂਰੀ ਰਾਸ਼ੀ ਇੱਕੋ ਦਿਨ ਅੰਦਰ ਜਾਰੀ ਕਰ ਦਿੱਤੀ ਗਈ ਹੈ।ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਅਦਾਇਗੀਆਂ ਕਰਨ ਵੇਲੇ ਕੀਮਤ ‘ਤੇ ਕੋਈ ਕੱਟ ਨਹੀਂ ਲਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ 14 ਅਪ੍ਰੈਲ ਤੱਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ 8 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।ਸ੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨ ਭਾਈਚਾਰੇ ਵੱਲੋਂ ਸਖਤ ਮਿਹਨਤ ਤਿਆਰ ਕੀਤੀ ਫ਼ਸਲ ਦੇ ਦਾਣੇ-ਦਾਣੇ ਦੀ ਖਰੀਦ ਦੇ ਨਿਰਦੇਸ਼ ਦਿੱਤੇ ਗਏ ਹਨ ।
ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ
ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 14 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।ਮੁੱਖ ਮੰਤਰੀ ਨੇ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਅਤੇ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਲੋਕਾਂ ਨੂੰ ਇਸ ਦਿਨ ਦੇ ਅਮੀਰ ਗੌਰਵਮਈ ਅਤੇ ਸੱਭਿਆਚਾਰਕ ਵਿਰਸੇ ਬਾਰੇ ਯਾਦ ਦਿਵਾਉਂਦਿਆਂ ਕਿਹਾ ਕਿ ਇਸ ਪਵਿੱਤਰ ਦਿਹਾੜੇ ’ਤੇ 1699 ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਖੇਤਰਾਂ ਤੇ ਧਰਮਾਂ ਨਾਲ ਸਬੰਧਤ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ’ਖਾਲਸਾ ਪੰਥ’ ਦੀ ਸਾਜਨਾ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਦਸਮੇਸ਼ ਪਿਤਾ ਨੇ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਕੀਤੀ ਅਤੇ ਮਨੁੱਖਤਾ ਲਈ ਪਿਆਰ ਤੇ ਹਮਦਰਦੀ, ਸਰਬ-ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਚਾਰ ਕੀਤਾ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਤਿਉਹਾਰ ਵਾਢੀ ਦੀ ਸ਼ੁਰੂਆਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪੱਕਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਸੂਬੇ ਦੇ ਕਿਸਾਨਾਂ ਦੀ ਮਿਹਨਤ ਦਾ ਫਲ ਇਕੱਤਰ ਕਰਨ ਦਾ ਵੇਲਾ ਹੈ। ਭਗਵੰਤ ਮਾਨ ਨੇ ਅਫਸੋਸ ਜ਼ਾਹਰ ਕੀਤਾ ਕਿ ਇਸ ਸਾਲ ਸਥਿਤੀ ਵੱਖਰੀ ਹੈ ਕਿਉਂਕਿ ਲਗਾਤਾਰ ਮੀਂਹ ਕਾਰਨ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਸ ਸਥਿਤੀ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਵੱਡੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਨੁਕਸਾਨ ਦਾ ਪਤਾ ਲਾਉਣ ਲਈ ਗਿਰਦਾਵਰੀ ਲਈ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਗਈ ਹੈ।ਲੋਕਾਂ ਨੂੰ ਇਸ ਖ਼ੁਸ਼ੀ ਦੇ ਤਿਉਹਾਰ ਨੂੰ ਰਵਾਇਤੀ ਧੂਮ-ਧਾਮ ਨਾਲ ਮਨਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਧਰਮ ਨਿਰਪੱਖ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ??ਕਰਨ ਵਿੱਚ ਸਹਾਈ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਮਹਾਨ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਦੇਸ਼ ਦੇ ਸਭ ਤੋਂ ਸ਼ਾਂਤ ਰਾਜਾਂ ਵਿੱਚੋਂ ਇੱਕ ਹੈ, ਜਿਸ ਕਾਰਨ ਦੇਸ਼ ਦੇ ਵੱਡੇ ਉਦਯੋਗਪਤੀ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਲੋਕਾਂ ਨੂੰ ਕੁਝ ਅਨਸਰਾਂ ਵੱਲੋਂ ਸੂਬੇ ਦੀ ਸਖ਼ਤ ਘਾਲਣਾ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਲਈ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਡਾ. ਬਲਬੀਰ ਸਿੰਘ ਅਤੇ ਹੋਰ ਹਾਜ਼ਰ ਸਨ।
ਮਾਲ ਰੋਡ ਵਿਵਾਦ: ਕਾਂਗਰਸੀ ਤੇ ਅਕਾਲੀ ਕੋਂਸਲਰਾਂ ਵਲੋਂ ਸਕੀਮ ਰੱਦ ਕਰਨ ਦੇ ਐਲਾਨ ਤੋਂ ਬਾਅਦ ਦੁਕਾਨਦਾਰਾਂ ਨੇ ਚੁੱਕਿਆ ਧਰਨਾ
ਵਿਧਾਇਕ ਗਿੱਲ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਲਗਾਇਆ ਸੀ ਵਿਰੋਧੀ ਧਿਰਾਂ ’ਤੇ ਦੁਕਾਨਦਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਪਾਸ਼ ਵਪਾਰਕ ਇਲਾਕੇ ਮੰਨੇ ਜਾਂਦੇ ਮਾਲ ਰੋਡ ’ਤੇ ਬਣੀਆਂ ਦੁਕਾਨਾਂ ਅਤੇ ਸ਼ੋਅਰੂਮਾਂ ਦੇ ਅੱਗਿਓ ਨਗਰ ਨਿਗਮ ਵਲੋਂ ਥੜ੍ਹੀਆਂ ਤੋੜੇ ਜਾਣ ਦੇ ਮਾਮਲੇ ’ਚ ਹੁਣ ਕਾਂਗਰਸੀ ਤੇ ਅਕਾਲੀ ਕੋਂਸਲਰਾਂ ਨੇ ਧਰਨੇ ਵਿਚ ਪੁੱਜ ਕੇ ਇਸ ਸਬੰਧ ਵਿਚ ਪਾਸ ਕੀਤੇ ਮਤੇ ਨੂੰ ਰੱਦ ਕਰਨ ਦੇ ਭਰੋਸੇ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਦੁਕਾਨਦਾਰਾਂ ਨੇ ਅੱਜ ਅਪਣੇ ਧਰਨੇ ਨੂੰ ਸਮਾਪਤ ਕਰ ਦਿੱਤਾ ਹੈ। ਇਸ ਮਸਲੇ ਵਿਚ ਵਿਰੋਧੀ ਧਿਰਾਂ ਵਲੋਂ ਸਰਕਾਰ ਨੂੰ ਘੇਰੇ ਜਾਣ ’ਤੇ ਬੀਤੇ ਕੱਲ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਨਗਰ ਨਿਗਮ ’ਤੇ ਕਾਬਜ਼ ਧਿਰਾਂ ਉਪਰ ਦੁਕਾਨਦਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਅੰਕੜੇ ਰੱਖਦਿਆਂ ਦਾਅਵਾ ਕੀਤਾ ਸੀ ਕਿ 20 ਮਾਰਚ ਨੂੰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਇਸ ਪ੍ਰਸਤਾਵ ਨੂੰ ਪਾਸ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਉਪਰ ਚਿੱਕੜ ਸੁੱਟਿਆ ਜਾ ਰਿਹਾ ਹੈ। ਵਿਧਾਇਕ ਦੀ ਕਾਨਫਰੰਸ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿਚ ਕੋਂਸਲਰ ਤੇ ਹੋਰ ਆਗੂ ਮਾਲ ਰੋਡ ਉਪਰ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਲਗਾਏ ਜਾ ਰਹੇ ਧਰਨੇ ਵਿਚ ਪੁੱਜੇ ਹੋਏ ਸਨ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਨੇ ਕਮਿਸ਼ਨਰ ਰਾਹੁਲ ਸਿੰਧੂ ਨੂੰ ਘੇਰਦਿਆਂ ਦਾਅਵਾ ਕੀਤਾ ਕਿ ਉਕਤ ਪ੍ਰਸਾਤਵ ਨੂੰ ਨਿਗਮ ਅਧਿਕਾਰੀਆਂ ਨੇ ਕੋਂਸਲਰਾਂ ਨੂੰ ਧੋਖੇ ਵਿਚ ਰੱਖ ਕੇ ਪਾਸ ਕਰਵਾਇਆ ਹੈ, ਜਿਸਨੂੰ ਹੁਣ ਐਫਐਡਸੀਸੀ ਦੀ ਮੀਟਿੰਗ ਸੱਦ ਕੇ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਮਸਲੇ ਵਿਚ ਕਮਿਸ਼ਨਰ ਦੇ ਨਾਲ-ਨਾਲ ਮੇਅਰ ਰਮਨ ਗੋਇਲ ਨੂੰ ਵੀ ਨਿਸ਼ਾਨੇ ’ਤੇ ਲਿਆ, ਜਿੰਨ੍ਹਾਂ ਨੂੰ ਪਿਛਲੇ ਦਿਨੀਂ ਕਾਂਗਰਸ ਪਾਰਟੀ ਵਲੋਂ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਬਾਹਰ ਕੱਢ ਦਿੱਤਾ ਸੀ। ਦੋਨਾਂ ਮੇਅਰਾਂ ਨੇ ਦਾਅਵਾ ਕੀਤਾ ਕਿ ਕਿਸੇ ਵੀ ਪ੍ਰਸਾਤਵ ਨੂੰ ਮੀਟਿੰਗ ਵਿਚ ਲਿਆਉਣ ਦੀ ਜਿੰਮੇਵਾਰੀ ਕਮਿਸ਼ਨਰ ਅਤੇ ਮੇਅਰ ਦੀ ਹੁੰਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਮਿਸ਼ਨਰ ਵੱਲੋਂ ਜਦੋਂ ਕੋਈ ਪ੍ਰਸਤਾਵ ਲਿਆਂਦਾ ਜਾਂਦਾ ਹੈ ਤਾਂ ਇਸਦੇ ਲਈ ਬਕਾਇਦਾ ਸੱਤਾਧਾਰੀ ਧਿਰ ਦੇ ਸਥਾਨਕ ਵਿਧਾਇਕ ਨੂੰ ਵਿਸਵਾਸ ਵਿਚ ਲਿਆ ਜਾਂਦਾ ਹੈ, ਜਿਸਦੇ ਚੱਲਦੇ ਇਹ ਸੰਭਵ ਨਹੀਂ ਕਿ ਮੌਜੂਦਾ ਵਿਧਾਇਕ ਨੂੰ ਇਸ ਪ੍ਰਸਤਾਵ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਧਰ ਇਸ ਮਤੇ ਦੀ ਹਿਮਾਇਤ ਕਰਨ ਵਾਲੇ ਅਕਾਲੀ ਦਲ ਦੇ ਨਿਗਮ ’ਚ ਆਗੂ ਕੌਂਸਲਰ ਹਰਪਾਲ ਢਿੱਲੋਂ ਨੇ ਵੀ ਅਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਦਾਅਵਾ ਕੀਤਾ ਕਿ ਹੁਣ ਉਹ ਇਸ ਗਲਤੀ ਨੂੰ ਸੁਧਾਰਨ ਲਈ ਮਤੇ ਨੂੰ ਰੱਦ ਕਰਨ ਲਈ ਯਤਨ ਕਰਨਗੇ। ਉਧਰ ਇਸ ਮੌਕੇ ਮਾਲ ਰੋਡ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਨੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ, ਜਿਸਦੇ ਚੱਲਦੇ ਇਸ ਮਸਲੇ ਦਾ ਤੁਰੰਤ ਹੱਲ ਕਰਵਾਇਆ ਜਾਵੇ। ਇਸ ਮੌਕੇ ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ ਤੋਂ ਇਲਾਵਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਸਹਿਤ ਸਾਬਕਾ ਮੇਅਰ ਬਲਵੰਤ ਰਾਏ ਨਾਥ ਅਤੇ ਦਰਜ਼ਨਾਂ ਹੋਰ ਆਗੂ ਤੇ ਕੋਂਸਲਰ ਵੀ ਪੁੱਜੇ ਹੋਏ ਸਨ।
ਵਿਸਾਖੀ ਮੌਕੇ ਬਾਬਾ ਫ਼ਰੀਦ ਕਾਲਜ ਵੱਲੋਂ ’ਰੰਗ ਪੰਜਾਬ ਦੇ’ ਸਮਾਗਮ ਆਯੋਜਿਤ
’ਪੰਜਾਬ ਦੇ ਲੋਕ ਨਾਚ’, ’ਪਰਾਂਦਾ ਵਾਕ’ ਅਤੇ ’ਪੰਜਾਬੀ ਬੋਲੀਆਂ/ਟੱਪੇ’ ਵਿੱਚ ਪੰਜਾਬੀ ਵਿਰਸੇ ਦੀ ਕੀਤੀ ਪੇਸ਼ਕਾਰੀ
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਬਾਬਾ ਫ਼ਰੀਦ ਕਾਲਜ ਦੇ ਮੈਨੇਜਮੈਂਟ ਵਿਭਾਗ ਨੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਲਈ ’ਰੰਗ ਪੰਜਾਬ ਦੇ’ ਸਮਾਗਮ ਦਾ ਆਯੋਜਨ ਕਰ ਕੇ ਵਿਸਾਖੀ ਦਾ ਜਸ਼ਨ ਮਨਾਇਆ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ । ਇਸ ਸਮਾਗਮ ਵਿੱਚ ਅਨਿਲ ਠਾਕੁਰ ਚੇਅਰਮੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਪ੍ਰਮੁੱਖ ਤਿੰਨ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ’ਪੰਜਾਬ ਦੇ ਲੋਕ ਨਾਚ’, ’ਪਰਾਂਦਾ ਵਾਕ’ ਅਤੇ ’ਪੰਜਾਬੀ ਬੋਲੀਆਂ/ਟੱਪੇ’ ਆਦਿ ਸ਼ਾਮਲ ਸਨ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ, ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ ਅਤੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਸਮਾਗਮ ਦੌਰਾਨ ਹੋਏ ’ਪੰਜਾਬ ਦੇ ਲੋਕ ਨਾਚ’ ਮੁਕਾਬਲੇ ਵਿੱਚ ਬੀ.ਐਸ.ਸੀ.(ਆਨਰਜ਼) ਐਗਰੀਕਲਚਰ ਦੇ ਵਿਦਿਆਰਥੀ ਸੰਤੋਖ ਪਾਲ ਸਿੰਘ ਅਤੇ ਰਜਤ ਵਰਮਾ ਜੇਤੂ ਐਲਾਨੇ ਗਏ ਜਦੋਂ ਕਿ ’ਪਰਾਂਦਾ ਵਾਕ’ ਵਿੱਚ ਬੀ.ਬੀ.ਏ ਦੀ ਵਿਦਿਆਰਥਣ ਦਿਲਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ’ਪੰਜਾਬੀ ਬੋਲੀਆਂ/ਟੱਪੇ’ ਗਤੀਵਿਧੀ ਵਿੱਚ ਬੀ.ਐੱਡ ਦੀ ਵਿਦਿਆਰਥਣ ਜੋਤੀ ਅਤੇ ਉਸ ਦੇ ਗਰੁੱਪ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਸਮਾਗਮ ਦੇ ਅੰਤ ਵਿੱਚ ਮੈਨੇਜਮੈਂਟ ਵਿਭਾਗ ਦੀ ਮੁਖੀ ਪਵਨੀਤ ਕੌਰ ਨੇ ਸਮੂਹ ਮਹਿਮਾਨਾਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਕਿਸਾਨਾਂ ਨੇ ਕੇਂਦਰ ਦੀ ਫ਼ਸਲ ਖਰੀਦ ’ਚ ਕਟੌਤੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਪਿਛਲੇ ਦਿਨੀਂ ਹੋਈਆਂ ਬੇਮੌਮਸੀ ਬਾਰਸਾਂ ਤੇ ਗੜੇਮਾਰੀ ਦੇ ਚੱਲਦਿਆਂ ਹੋਏ ਕਣਕ ਦੇ ਭਾਰੀ ਨੁਕਸਾਨ ਕਾਰਨ ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਮੁੱਲ ਵਿਚ ਕਟੌਤੀ ਕਰਨ ਦੇ ਫੈਸਲੇ ਵਿਰੁਧ ਕਿਸਾਨਾਂ ਦਾ ਗੁੱਸਾ ਹੁਣ ਸੜਕਾਂ ’ਤੇ ਆਉਣਾ ਸ਼ੁਰੂ ਹੋ ਗਿਆ ਹੈ। ਅੱਜ ਇਸ ਫੈਸਲੇ ਵਿਰੁਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਇਸ ਮੌਕੇ ਜ਼ਿਲ੍ਹਾ ਪ੍ਰਸਾਸਨ ਰਾਹੀਂ ਕੇਂਦਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਦਾਗੀ ਜਾਂ ਪਿਚਕੇ ਦਾਣਿਆਂ ਲਈ ਕਿਸਾਨ ਦੋਸ਼ੀ ਨਹੀਂ, ਬਲਕਿ ਕੁਦਰਤੀ ਆਫ਼ਤਾਂ ਹਨ। ਜਿਸਦੇ ਚੱਲਦੇ ਕਿਸਾਨਾਂ ਸਿਰ ਇਸਦਾ ਦੋਸ਼ ਮੜ੍ਹ ਕੇ ਕਣਕ ਦੇ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਨਾਲ ਹੀ ਭਾਰੀ ਮੀਂਹ ,ਤੂਫ਼ਾਨ ਅਤੇ ਗੜੇਮਾਰੀ ਨੂੰ ਕੌਮੀ ਆਫ਼ਤ ਮੰਨ ਕੇ ਇਸ ਨਾਲ ਹੋਏ ਫ਼ਸਲੀ ਨੁਕਸਾਨ ਅਤੇ ਹੋਰ ਜਾਇਦਾਦ ਮਕਾਨਾਂ ਆਦਿ ਦੇ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਦੀ ਅਦਾਇਗੀ ਕਾਸ਼ਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤੁਰੰਤ ਕੀਤੀ ਜਾਵੇ, ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਮੁਤਾਬਕ ਕਟੌਤੀ ਤੋਂ ਬਿਨਾਂ ਪੂਰੀ ਦੀ ਪੂਰੀ ਕਣਕ ਅਤੇ ਦੂਜੀਆਂ ਫ਼ਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਇਸ ਵਾਰ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਬਰਬਾਦ ਹੋ ਗਈ ਜਿਸ ਕਾਰਨ ਪਹਿਲਾਂ ਤੋਂ ਹੀ ਕਰਜੇ ਵਿੱਚ ਡੁੱਬੀ ਕਿਸਾਨੀ ਦਾ ਆਰਥਿਕ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਬਜਾਏ ਕਣਕ ਦੇ ਖਰੀਦ ਮੁੱਲ ਵਿੱਚ ਕੱਟ ਲਾ ਕੇ ਹੋਰ ਬੋਝ ਪਾ ਦਿੱਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਕੁਦਰਤੀ ਮੌਸਮ ਦੀ ਮਾਰ ਕਾਰਨ ਕਣਕ ਦੇ ਦਾਣੇ ਸੂੰਗੜ ਗਏ ਹਨ ,ਟੁੱਟ ਗਏ ਹਨ ਅਤੇ ਜਿਆਦਾ ਮੀਂਹ ਨਾਲ ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਰਕੇ ਬਦਰੰਗ ਹੋ ਗਏ ਹਨ ਅਤੇ ਬੱਲੀਆਂ ਵਿੱਚ ਪੁੰਗਰ ਗਏ ਹਨ। ਬਿਪਤਾ ਵੇਲੇ ਬਾਂਹ ਫੜਨ ਦੀ ਬਜਾਏ ਕੇਂਦਰ ਸਰਕਾਰ ਨੇ ਇਹਨਾਂ ਸੁੰਗੜੇ ਅਤੇ ਟੁੱਟੇ ਹੋਏ ਦਾਣਿਆਂ 18% ਹੋਣ ਤੇ 31.87 ਰੁਪਏ ਅਤੇ ਦਾਣੇ ਬਦਰੰਗ ਹੋਣ ਤੇ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲਾਇਆ ਹੈ ਜੋ ਕਿ ਕੁੱਲ 37 ਰੁਪਏ 18 ਪੈਸੇ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਘਾਟਾ ਪਵੇਗਾ ਜਦੋਂ ਕਿ ਕਿਸਾਨਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ। ਜਗਦੇਵ ਸਿੰਘ ਜੋਗੇਵਾਲਾ,ਮਾਲਣ ਕੌਰ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫ਼ਸਲਾਂ ਦੀ ਖ਼ਰੀਦ ਤੇ ਸ਼ਰਤਾਂ ਲਾਉਣ ਦਾ ਮਕਸਦ ਸਰਕਾਰੀ ਮੰਡੀਆਂ ਬੰਦ ਕਰ ਕੇ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣਾ ਹੈ ਅਤੇ ਕਿਸਾਨਾਂ ਦੀ ਫਸਲ ਨੂੰ ਵਪਾਰੀਆਂ ਦੇ ਰਹਿਮੋ ਕਰਮ ਤੇ ਛੱਡਣਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਸਾਥ ਦੇ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਦੀਆਂ ਸ਼ਰਤਾਂ ਦਾ ਵਿਰੋਧ ਕਰਨ ਦੀ ਬਜਾਏ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਦਿਆਂ ਪੰਜਾਬ ਦੀਆਂ ਕੁਝ ਮੰਡੀਆਂ ਵਿੱਚ ਪ੍ਰਾਈਵੇਟ ਵਪਾਰੀਆਂ ਨੂੰ ਖਰੀਦ ਕਰ ਦੀ ਖੁੱਲ੍ਹ ਦਿੱਤੀ ਹੈ ਅਤੇ ਨਵੇਂ ਸੀਲੋ ਗੁਦਾਮ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੇ ਧਰਨੇ ਨੂੰ ਨਛੱਤਰ ਸਿੰਘ ਢੱਡੇ, ਬਲਦੇਵ ਸਿੰਘ ਚੌਕੇ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਜਸਪਾਲ ਸਿੰਘ ਕੋਠਾਗੁਰੂ, ਹਰਪ੍ਰੀਤ ਸਿੰਘ ਚੱਠੇਵਾਲਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਗੁਰਪਾਲ ਸਿੰਘ ਦਿਓਣ ਨੇ ਵੀ ਸੰਬੋਧਨ ਕੀਤਾ। ਹਰਬੰਸ ਸਿੰਘ ਘਣੀਆਂ ਅਤੇ ਨਿਰਮਲ ਸਿੰਘ ਸਿਵੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।




