Saturday, May 23, 2026
Home Blog Page 2155

ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਤੀਜੇ ਦਿਨ ਵਲੰਟੀਅਰਾਂ ਨੇ ਕੀਤਾ ਬਿਰਧ ਆਸ਼ਰਮ ਦਾ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 3 ਅਪ੍ਰੈਲ : ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਵਿਚ “ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂ ਉਤਸਵ”ਮੁਹਿੰਮ ਅਧੀਨ “ਸਵੱਛ ਭਾਰਤ ਸਵੱਸਥ ਭਾਰਤ”ਮਿਸ਼ਨ ਤਹਿਤ ਚੱਲ ਰਹੇ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਅੱਜ ਤੀਜੇ ਦਿਨ ਦੇ ਪਹਿਲੇ ਸੈਸ਼ਨ ਦੇ ਰਿਸੋਰਸ ਪਰਸਨ ਸ਼੍ਰੀਮਤੀ ਲਤਾ ਸ਼੍ਰੀਵਾਸਤਵ ਰਹੇ। ਉਨ੍ਹਾਂ ਕਿਹਾ ਕਿ ਸਮਾਜਿਕ ਕਦਰਾਂ ਕੀਮਤਾਂ ਸਾਡੇ ਘਰ ਤੋਂ ਹੀ ਸ਼ੁਰੂ ਹੁੰਦੀਆਂ ਹਨ, ਜਿਨ੍ਹਾਂ ਦੁਆਰਾ ਇੱਕ ਸੱਭਿਆਚਾਰ ਜਿਉਂਦਾ ਹੈ। ਕੈਂਪ ਦੇ ਤੀਜੇ ਦਿਨ ਦੇ ਦੂਜੇ ਸੈਸ਼ਨ ਵਿੱਚ ਵਲੰਟੀਅਰਾਂ ਨੂੰ ਬਿਰਧ ਆਸ਼ਰਮ ਲਿਜਾਇਆ ਗਿਆ ਜਿੱਥੇ ਵਲੰਟੀਅਰਾਂ ਨੇ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ ਉੱਥੇ ਉਹਨਾਂ ਨੇ ਬਜੁਰਗਾਂ ਦੇ ਨਹੁੰ ਕੱਟੇ ਅਤੇ ਵਾਲ ਵੀ ਸਵਾਰੇ । ਬਜੁਰਗਾਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਗੀਤਾਂ ਅਤੇ ਬੋਲੀਆਂ ਰਾਹੀਂ ਵਿਅਕਤ ਕੀਤਾ । ਵਲੰਟੀਅਰਾਂ ਵੱਲੋਂ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ । ਕੈਂਪ ਦੇ ਤੀਜੇ ਦਿਨ ਦੇ ਤੀਜੇ ਸੈਸ਼ਨ ਵਿੱਚ ਵਲੰਟੀਅਰਾਂ ਦੁਆਰਾ ਕਾਲਜ ਕੈਂਪਸ ਵਿੱਚ ਸਵੱਛਤਾ ਅਭਿਆਨ ਚਲਾਇਆ ਗਿਆ ਜਿਸ ਦੇ ਅੰਤਰਗਤ ਉਹਨਾਂ ਨੇ ਗਰਾਉਂਡ, ਆਡੀਟੋਰੀਅਮ ਅਤੇ ਕੈਫੇਟੇਰੀਆ ਦੀ ਸਫਾਈ ਕੀਤੀ । ਇਸ ਮੌਕੇ ਕਾਲਜ਼ ਦੇ ਸਕੱਤਰ ਵਿਕਾਸ ਗਰਗ, ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ, ਐਨ. ਐਸ. ਐਸ. ਪ੍ਰੋਗਰਾਮ ਅਫਸਰਾਂ ਅਤੇ ਵਲੰਟੀਅਰਾਂ ਵੱਲੋਂ ਆਏ ਹੋਏ ਸਰੋਤ ਵਿਅਕਤੀ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ । ਐਨ. ਐਸ. ਐਸ. ਵਲੰਟੀਅਰ ਸੋਨਾਲੀ ਪਰਧਾਨ ਨੇ ਕੈਂਪ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕੀਤੀ । ਦੂਜੇ ਸੈਸ਼ਨ ਦੀ ਪ੍ਰਧਾਨਗੀ ਨਵਰੀਤ ਅਤੇ ਤੀਜੇ ਸੈਸ਼ਨ ਬਾਰੇ ਜਾਣਕਾਰੀ ਮੁਸਕਾਨ ਨੇ ਸਾਂਝੀ ਕੀਤੀ । ਪਿਛਲੇ ਦਿਨ ਦੀ ਨਿਰੀਖਣ ਰਿਪੋਰਟ ਮਹਿਬਿਸ਼ ਨੇ ਪੜ੍ਹੀ ।

‘ਕਿਸਾਨ ਮਿੱਤਰ’ ਕਿਸਾਨਾਂ ਨੂੰ ਨਰਮਾ ਅਤੇ ਬਾਸਮਤੀ ਉਗਾਉਣ ਲਈ ਉਤਸ਼ਾਹਿਤ ਕਰਨ: ਧਾਲੀਵਾਲ

ਖੇਤੀਬਾੜੀ ਮੰਤਰੀ ਵੱਲੋਂ ‘ਕਿਸਾਨ ਮਿੱਤਰਾਂ’ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਪਲੇਠੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਅਪ੍ਰੈਲ: ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨ ਮਿੱਤਰਾਂ ਨੂੰ ਸੰਬੋਧਿਤ ਕੀਤਾ। ਕਿਸਾਨ ਮਿੱਤਰਾਂ ਦੀ ਨਿਯੁਕਤੀ ਤੋਂ ਬਾਅਦ ਧਾਲੀਵਾਲ ਦੀ ਇਹ ਪਹਿਲੀ ਮੀਟਿੰਗ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਭਰਪੂਰ ਯਤਨ ਕਰ ਰਹੀ ਹੈ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਖੇਤੀਬਾੜੀ ਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖੇਤੀਬਾੜੀ ਨੂੰ ਖੁਸ਼ਹਾਲ ਬਣਾਉਣ ਲਈ ਇਸ ਵਿੱਚ ਬਦਲਵੀਆਂ ਫਸਲਾਂ ਹੇਠ ਰਕਬਾ ਵਧਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਸਾਨ ਮਿੱਤਰਾਂ ਨੂੰ ਪ੍ਰੇਰਿਤ ਕੀਤਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਝੋਨੇ ਦੀ ਬਜਾਏ ਫਸਲੀ ਵਿ?ਭੰਨਤਾ ਵਾਲੀਆਂ ਫ਼ਸਲਾਂ ਜਿਵੇਂ ਕਿ ਨਰਮਾ ਅਤੇ ਬਾਸਮਤੀ ਉਗਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਧਾਲੀਵਾਲ ਨੇ ਕਿਹਾ ਕਿ ਨਰਮੇ ਦੀ ਫਸਲ ਨੂੰ ਜ਼ਿਆਦਾ ਤੋਂ ਜ਼ਿਆਦਾ ਰਕਬੇ ਵਿਚ ਬੀਜਣ ਲਈ ਕਿਸਾਨ ਮਿੱਤਰ ਆਪਣਾ ਅਹਿਮ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ‘ਚੋਂ ਕੱਢਣ ਲਈ ਫਸਲੀ ਵਿ?ਭੰਨਤਾ ਵੱਲ ਲੈ ਕੇ ਜਾਣਾ ਕਿਸਾਨ ਮਿੱਤਰਾਂ ਦੀ ਮੁੱਖ ਡਿਊਟੀ ਹੈ। ਇਸ ਮੌਕੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋ ਰਹੇ ਪੱਧਰ ‘ਤੇ ਵੀ ਖੇਤੀਬਾੜੀ ਮੰਤਰੀ ਨੇ ਚਿੰਤਾ ਪ੍ਰਗਟਾਈ। ਧਾਲੀਵਾਲ ਨੇ ਕਿਹਾ ਕਿ ਕਿਸਾਨ ਮਿੱਤਰ ਝੋਨੇ ਦੀ ਥਾਂ ਨਰਮੇ ਅਤੇ ਬਾਸਮਤੀ ਜਿਹੀਆਂ ਬਦਲਵੀਆਂ ਫਸਲਾਂ ਬੀਜਣ ਬਾਰੇ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਕਿਸਾਨਾਂ ਨੂੰ ਲਗਾਤਾਰ ਜਾਣਕਾਰੀ ਦੇ ਕੇ ਸਿੱਖਿਅਤ ਕਰਦੇ ਰਹਿਣ। ਉਨ੍ਹਾਂ ਕਿਸਾਨ ਮਿੱਤਰਾਂ ਨੂੰ ਭਰੋਸਾ ਦਿੱਤਾ ਕਿ ਸਮੇਂ ਸਮੇਂ ‘ਤੇ ਨਿਯਮਤ ਸਿਖਲਾਈ ਪ੍ਰੋਗਰਾਮਾਂ ਅਤੇ ਕੈਂਪਾਂ ਦਾ ਪ੍ਰਬੰਧ ਕਰਨ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਉਨ੍ਹਾਂ ਦੀ ਮਦਦ ਕਰਦੇ ਰਹਿਣਗੇ। ਇਸ ਤੋਂ ਪਹਿਲਾਂ ਕਿਸਾਨ ਮਿੱਤਰਾਂ ਨੂੰ ਢੁਕਵੀਂ ਸਿਖਲਾਈ ਵੀ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਮਿੱਤਰਾਂ ਨਾਲ ਉੱਚ ਅਧਿਕਾਰੀ ਹਰ ਸੋਮਵਾਰ ਮੀਟਿੰਗ ਕਰਿਆ ਕਰਨਗੇ ਅਤੇ ਇਸ ਮੀਟਿੰਗ ਵਿਚ ਬਲਾਕ ਪੱਧਰ ਦੇ ਅਤੇ ਜ਼ਿਲ੍ਹਾ ਵਿਕਾਸ ਖੇਤੀ ਅਫਸਰ ਵੀ ਹਾਜ਼ਰ ਰਹਿਣਗੇ। ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨ ਮਿੱਤਰ ਖੇਤੀ ਸਮੱਗਰੀ ਜਿਵੇਂ ਕਿ ਕੀਟਨਾਸ਼ਕਾਂ, ਖਾਦਾਂ ਆਦਿ ਦੀ ਵਰਤੋਂ ਦੇ ਸਬੰਧ ਵਿੱਚ ਸਹੀ ਫੈਸਲੇ ਲੈਣ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ। ਇਸ ਤੋਂ ਇਲਾਵਾ ਨਰਮਾ ਪੱਟੀ ਵਿੱਚ ਸੱਠੀ ਮੂੰਗੀ ਬੀਜਣ ਤੋਂ ਰੋਕਣ ਲਈ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਨਰਮੇ ਦੇ ਆਲੇ-ਦੁਆਲੇ ਖੇਤਾਂ ਵਿੱਚ ਮੂੰਗੀ ਬੀਜਣ ਨਾਲ ਚਿੱਟੀ ਮੱਖੀ ਦਾ ਵਾਧਾ ਹੁੰਦਾ ਹੈ। ਚਿੱਟੀ ਮੱਖੀ ਦੇ ਹਮਲੇ ਕਾਰਣ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ। ਕਾਬਿਲੇਗੌਰ ਹੈ ਕਿ ਕਿਸਾਨ ਮਿੱਤਰਾਂ ਦੀ ਪ੍ਰਗਤੀ ਰਿਪੋਰਟ ਵਾਚਣ ਲਈ ਇਕ ਐਪ ਬਣਾਇਆ ਗਿਆ ਹੈ ਜਿਸ ਵਿਚ ਕਿਸਾਨ ਮਿੱਤਰ ਰੋਜ਼ਾਨਾ ਡਾਟਾ ਭਰਕੇ ਕੀਤੇ ਗਏ ਕੰਮਾਂ ਦੀ ਪ੍ਰਗਤੀ ਦੇਣਗੇ। ਉਨ੍ਹਾਂ ਦੇ ਕੰਮ ਦੀ ਹਰ ਹਫਤੇ ਸਮੀਖਿਆ ਹੋਇਆ ਕਰੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵਲੋਂ ਕਿਸਾਨ ਮਿੱਤਰਾਂ ਨੂੰ 5000 ਰੁਪਏ ਮਾਣਭੱਤਾ ਦਿੱਤਾ ਜਾਵੇਗਾ। ਧਾਲੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਉਹ ਖੁਦ ਦੌਰਾ ਕਰਕੇ ਕਿਸਾਨ ਮਿੱਤਰਾਂ ਨੂੰ ਨਿੱਜੀ ਰੂਪ ਵਿਚ ਮਿਲਣਗੇ ਅਤੇ ਵਧੀਆ ਕੰਮ ਕਰਨ ਵਾਲੇ ਕਿਸਾਨ ਮਿੱਤਰਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਰਲਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ।

ਸੂਗਰਫੈਡ ਦੇ ਚੇਅਰਮੈਨ ਨੇ 4-5 ਸਾਲਾਂ ਤੋਂ ਮੁਲਾਜਮਾਂ ਦੀਆਂ ਰੁਕੀਆਂ ਤਨਖ਼ਾਹਾਂ ਦੇ ਚੈਕ ਵੰਡੇ

0

ਪੰਜਾਬੀ ਖ਼ਬਰਸਾਰ ਬਿਉਰੋ
ਫਾਜਲਿਕਾ, 3 ਅਪ੍ਰੈਲ : ਪਿਛਲੇ 4-5 ਸਾਲਾਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਦੁਖੀ ਚੱਲ ਰਹੇ ਸੂਗਰ ਮਿੱਲ ਫਾਜ਼ਿਲਕਾ ਦੇ ਕਰਮਚਾਰੀ ਨੂੰ ਵੱਡੀ ਰਾਹਤ ਦਿੰਦਿਆਂ ਸੁਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਅੱਜ ਕਰੋੜਾਂ ਰੁਪਏ ਦੇ ਚੈੱਕ ਵੰਡੇ ਗਏ, ਜਿਸਦੇ ਨਾਲ ਮੁਲਾਜਮਾਂ ਵਿਚ ਖ਼ੁਸੀ ਦੇਖੀ ਗਈ। ਸੂਗਰਫ਼ੈਡ ਦੇ ਬੁਲਾਰੇ ਨੇ ਦਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਫਾਜ਼ਿਲਕਾ ਸੂਗਰ ਮਿੱਲ ਦੇ ਕਰਮਚਾਰੀਆਂ ਦੀਆਂ ਕਰੀਬ 10 ਕਰੋੜ ਤੋਂ ਬਾਅਦ ਰਾਸ਼ੀ ਦੀਆਂ ਤਨਖ਼ਾਹਾਂ ਰੁਕੀਆਂ ਹੋਈਆਂ ਸਨ। ਇਹ ਮਾਮਲਾ ਚੇਅਰਮੈਨ ਜੀਦਾ ਦੇ ਧਿਆਨ ਵਿਚ ਆਉਂਦਿਆਂ ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਵਾਇਆ ਤੇ ਅੰਜ ਇੰਨ੍ਹਾਂ ਮੁਲਾਜਮਾਂ ਨੂੰ ਬਕਾਇਆ ਤਨਖਾਹਾਂ ਵਜੋਂ 10 ਕਰੋੜ 17 ਲੱਖ ਦੇ ਚੈੱਕ ਵੰਡੇ ਗਏ। ਇਸ ਦੌਰਾਨ ਸੂਗਰਫੈਡ ਚੇਅਰਮੈਨ ਨਵਦੀਪ ਸਿੰਘ ਜੀਦਾ ਨਾਲ ਹਲਕਾ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਅਤੇ ਸੂਗਰਫੈਡ ਦੇ ਐਮ.ਡੀ ਅਰਵਿੰਦਰਪਾਲ ਸਿੰਘ ਵੀ ਮੌਜੂਦ ਰਹੇ।

ਬਠਿੰਡਾ ’ਚ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਲੱਗੇ ਸਵਾਗਤੀ ਪੋਸਟਰ ਨਿਗਮ ਅਧਿਕਾਰੀਆਂ ਨੇ ਉਤਾਰੇ

0

ਸੁਖਜਿੰਦਰ ਮਾਨ
ਬਠਿੰਡਾ, 3 ਅਪ੍ਰੈਲ : ਦੋ ਦਿਨ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਬਾਹਰ ਆਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਬਠਿੰਡਾ ਸ਼ਹਿਰ ਵਿਚ ਉਨ੍ਹਾਂ ਦੇ ਸਮਰਥਕਾਂ ਵਲੋਂ ਪੋਸਟਰ ਅਤੇ ਬੈਨਰ ਲਗਾਏ ਸਨ। ਪ੍ਰੰਤੁੂ ਅੱਜ ਨਗਰ ਨਿਗਮ ਅਧਿਕਾਰੀਆਂ ਦੀ ਅਗਵਾਈ ਹੇਠ ਤੈਅ ਬਜ਼ਾਰੀ ਦੀ ਇੱਕ ਟੀਮ ਵਲੋਂ ਸ਼ਹਿਰ ’ਚ ਸਿੱਧੂ ਦੇ ਲੱਗੇ ਸਵਾਗਤੀ ਬੋਰਡਾਂ ਨੂੰ ਉਤਾਰ ਦਿੱਤਾ ਗਿਆ, ਜਿਸਦੇ ਚੱਲਦੇ ਸਿੱਧੂ ਸਮਰਥਕ ਮੰਨੇ ਜਾਂਦੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਇਸ ਮਸਲੇ ’ਤੇ ਆਪ ਸਰਕਾਰ ਅਤੇ ਨਿਗਮ ਦੇ ਮੇਅਰ ’ਤੇ ਉਪਰ ਹਲਕੀ ਪੱੱਧਰ ਦੀ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਜਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਸ਼੍ਰੀ ਲਾਡੀ ਨੂੰ ਨਵਜੋਤ ਸਿੱਧੂ ਦਾ ਸਭ ਤੋਂ ਵੱਡਾ ਸਮਰਥਕ ਮੰਨਿਆ ਜਾਂਦਾ ਹੈ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨਾਲ ਡਟੇ ਹੋਏ ਹਨ। ਨਿਗਮ ਦੀ ਮੁਹਿੰਮ ਤੋਂ ਖ਼ਫ਼ਾ ਹੋਏ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਪ ਸਰਕਾਰ ਨੂੰ ਘੇਰਿਆ ਹੈ। ਪੋਸਟਰ ਲਾਹੇ ਜਾਣ ਤੇ ਇੱਕ ਵੀਡੀਓ ਜਾਰੀ ਕਰਕੇ ਜਿੱਥੇ ਲਾਡੀ ਨੇ ਪੰਜਾਬ ਦੀ ਆਪ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ, ਉੱਥੇ ਨਗਰ ਨਿਗਮ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ਨਗਰ ਨਿਗਮ ਉਪਰ ਕਾਂਗਰਸ ਪਾਰਟੀ ਦਾ ਬਹੁਮਤ ਹੈ। ਹਾਲਾਂਕਿ ਪਿਛਲੇ ਦਿਨਾਂ ਦੌਰਾਨ ਮੇਅਰ ਰਮਨ ਗੋਇਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕੁੱਝ ਕੋਂਸਲਰਾਂ ਸਹਿਤ ਕਾਂਗਰਸ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਮੇਅਰ ਰਮਨ ਗੋਇਲ ਮਨਪ੍ਰੀਤ ਸਿੰਘ ਬਾਦਲ ਦੇ ਖ਼ੈਮੇ ਦੇ ਮੰਨੇ ਜਾਂਦੇ ਹਨ, ਜਿਹੜੇ ਪਿਛਲੇ ਦਿਨਾਂ ‘ਚ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਮਾਨਸਾ ’ਚ ਮਹਰੂੁਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨਾਂਲ ਦੁੱਖ ਪ੍ਰਗਟ ਕਰਨ ਪੁੱਜੇ ਹੋਏ ਸਨ, ਜਿੱਥੇ ਹਰਵਿੰਦਰ ਸਿੰਘ ਲਾਡੀ ਅਤੇ ਹੋਰ ਸਮਰਥਕ ਵੀ ਪੁੱਜੇ ਹੋਏ ਸਨ।

ਲੋਕ ਭਲਾਈ ਸਕੀਮਾਂ ਸਬੰਧੀ ਲਗਾਏ ਜਾਣ ਵੱਧ ਤੋਂ ਵੱਧ ਜਾਗਰੂਕਤਾ ਕੈਂਪ : ਅੰਮ੍ਰਿਤ ਲਾਲ ਅਗਰਵਾਲ

0

ਸੁਖਜਿੰਦਰ ਮਾਨ
ਬਠਿੰਡਾ, 3 ਅਪ੍ਰੈਲ : ਚੈਅਰਮੇਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤ ਲਾਲ ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਚੈਅਰਮੇਨ ਸ੍ਰੀ ਅਗਰਵਾਲ ਵੱਲੋਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਸ੍ਰੀ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਣ ਲਈ ਉਪਰਾਲੇ ਆਰੰਭੇ ਗਏ ਹਨ। ਇਸ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਬਠਿੰਡਾ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਅੰਦਰ ਬਿਜਲੀ ਦੀ ਸਪਲਾਈ ਸਹੀ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ 8-10 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਸਮਾਰਟ ਮੀਟਰ ਲਗਾਉ ਦਾ ਕੰਮ ਪ੍ਰਗਤੀ ਅਧੀਨ ਹੈ।ਇਸ ਦੌਰਾਨ ਦਫ਼ਤਰ ਪੰਚਾਇਤੀ ਰਾਜ ਬਠਿੰਡਾ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਪ੍ਰੋਜੈਕਟ ਸਮੇਂ ਅਨੁਸਾਰ ਚੱਲ ਰਹੇ ਹਨ ਅਤੇ ਸਾਲ 2022-23 ਦੋਰਾਨ ਜਿੰਨ੍ਹਾਂ ਕੰਮਾਂ ਲਈ ਪਲਾਨ ਫੰਡ ਪ੍ਰਾਪਤ ਹੋਏ ਸਨ, ਉਨ੍ਹਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ ਕੰਮ ਜਲਦ ਹੀ ਸ਼ੁਰੂ ਕਰ ਦਿੱਤੇ ਜਾਣਗੇ। ਅਗਲੇ 4-5 ਮਹੀਨਿਆਂ ਵਿੱਚ ਕੰਮ ਮੁਕੰਮਲ ਹੋ ਜਾਣਗੇ। ਸਮੂਹ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ/ਨਗਰ ਪੰਚਾਇਤ ਜ਼ਿਲ੍ਹਾ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਅਰਬਨ ਮਿਸ਼ਨ ਫੇਜ-1,2,3 ਦੇ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਛੱਪੜਾਂ ਦੇ ਟੈਂਡਰ ਵੀ ਹੋ ਚੁੱਕੇ ਹਨ ਅਤੇ ਇੰਨ੍ਹਾਂ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਮੀਟਿੰਗ ਮੌਕੇ ਸਹਾਇਕ ਖੋਜ਼ ਅਫ਼ਸਰ ਦਫ਼ਤਰ ਉਪ ਅਰਥ ਅੰਕੜਾ ਤੇ ਸਲਾਹਕਾਰ ਸ੍ਰੀ ਰਣਜੀਤ ਸਿੰਘ, ਇੰਜੀਨੀਅਰ ਸੰਦੀਪ ਕੁਮਾਰ ਗਰਗ ਅਤੇ ਐਸ.ਡੀ.ਓ. ਪੀਯੂਸ਼ ਗਰਗ ਅਤੇ ਵੱਖ-ਵੱਖ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ/ਨਗਰ ਪੰਚਾਇਤ ਬਠਿੰਡਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

ਪੰਜਾਬ ‘ਚ ਬਣੇ ਮਾਹੌਲ ਨੂੰ ਲੈ ਕੇ ਕਿਸਾਨ ਜਥੇਬੰਦੀ ਮੈਦਾਨ ਵਿੱਚ ਆਈ

ਸੂਬੇ ਵਿਚੋਂ ਕੇਂਦਰੀ ਸੁਰੱਖਿਆ ਬਲ ਵਾਪਸ ਭੇਜਣ ਅਤੇ ਨੌਜਵਾਨਾਂ ਵਿਰੁੱਧ ਐਨ ਐਸ ਏ ਵਾਪਸ ਲੈਣ ਦੀ ਵੀ ਕੀਤੀ ਮੰਗ 
ਸੁਖਜਿੰਦਰ ਮਾਨ 
ਬਠਿੰਡਾ, 3 ਅਪ੍ਰੈਲ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ  ਜ਼ਿਲ੍ਹਾ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ  ਧਰਨਾ ਦੇ ਕੇ ਮੰਗ ਪੱਤਰ ਦੇਣ ਤੋਂ ਬਾਅਦ ਗੋਲ ਡਿੱਗੀ ਤੱਕ ਸ਼ਹਿਰ ਵਿਚ ਮੁਜ਼ਾਹਰਾ ਕੀਤਾ। ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਿਰਕਾ‌ਪ੍ਰਸਤੀ ਨਾਲ ਨਜਿੱਠਣ ਦੇ ਨਾਂ ਹੇਠ ਨੋਜਵਾਨਾਂ ਤੇ ਲਾਇਆ NSA ਵਾਪਸ ਲਿਆ ਜਾਵੇ ਅਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ,ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਤੁਰੰਤ ਵਾਪਸ ਲਿਆ ਜਾਵੇ,NIA ਅਤੇ ED ਵਰਗੀਆਂ ਏਜ਼ੰਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੀਤਾ ਜਾਵੇ,ਪੰਜਾਬ ਅੰਦਰ ਖ਼ਾਲਸਤਾਨੀ ਲਹਿਰ ਦੇ ਵੱਡੇ ਉਭਾਰ ਦਾ ਝੂਠਾ ਵਿਰਤਾਂਤ ਸਿਰਜਣ ਵਾਲੀ ਮੁਹਿੰਮ ਤੁਰੰਤ ਬੰਦ ਕੀਤੀ ਜਾਵੇ,ਫਿਰਕੂ ਅਤੇ ਗੈਰਕਾਨੂੰਨੀ ਕਾਰਵਾਈਆਂ ਕਰਨ ਵਾਲੇ ਫਿਰਕੂ ਅਨਸਰਾਂ ਨੂੰ ਨੱਥ ਪਾਈ ਜਾਵੇ,ਫਿਰਕੂ ਪ੍ਰਚਾਰ ਰਾਹੀਂ ਭੜਕਾਹਟ ਚ ਆਏ ਨੋਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਫਿਰਕੂ ਤਾਕਤਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਅਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਸਰਕਾਰਾਂ ਸਰਮਾਏਦਾਰੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਫਿਰਕਾਪ੍ਰਸਤੀ ਦਾ ਮਹੌਲ ਸਿਰਜਦੀਆਂ ਹਨ। ਉਹਨਾਂ ਕਿਹਾ ਕਿ ਸਰਮਾਏਦਾਰਾਂ  ਦੀ ਲੁੱਟ ਨੂੰ ਹੋਰ ਤੇਜ਼ ਕਰਨ ਵਾਲੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਖੇਤੀ ਕਨੂੰਨ ਲੋਕਾਂ ਨੇ ਆਪਣੀ ਤਾਕਤ ਦੇ ਜ਼ੋਰ ਵਾਪਸ ਮੋੜੇ ਹਨ। ਸਰਕਾਰਾਂ ਨੂੰ  ਸਰਮਾਏਦਾਰਾਂ , ਜਗੀਰਦਾਰਾਂ ਅਤੇ ਸੂਦਖੋਰਾਂ ਦੀ ਲੁੱਟ ਖ਼ਿਲਾਫ਼ ਖੜ੍ਹੀ ਹੋ ਰਹੀ ਲੋਕ ਤਾਕਤ ਬਰਦਾਸ਼ਤ ਨਹੀਂ ਹੋ ਰਹੀ। ਇਸ ਲਈ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕੀ ਸੰਘਰਸ਼ ਤੇ ਟੇਕ ਰੱਖਣ ਅਤੇ ਆਪਣੀਆਂ ਜਥੇਬੰਦੀਆਂ ਨੂੰ ਹੋਰ ਮਜ਼ਬੂਤ ਕਰਨ । ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਮੋਰਚੇ ਦੌਰਾਨ ਸੰਘਰਸੀ ਲੋਕਾਂ ਨੇ ਅਜਿਹੀਆਂ ਫੁੱਟ ਪਾਊ ਫਿਰਕਾਪ੍ਰਸਤ ਤਾਕਤਾਂ ਤੋਂ ਸੁਚੇਤ ਹੋ ਕੇ ਮੋਰਚਾ  ਜਿੱਤਿਆ ਹੈ ਹੁਣ ਅਜਿਹੀਆਂ  ਤਾਕਤਾਂ ਜੋ ਸਦਾ ਇਹ ਫਿਰਕਾਪ੍ਰਸਤੀ ਦਾ ਮਾਹੌਲ ਬਣਾਉਣ ਲਈ ਯਤਨਸ਼ੀਲ ਰਹਿੰਦੀਆਂ ਹਨ ਤੋਂ ਹੋਰ ਚੌਕਸ ਹੋਣ ਦੀ ਲੋੜ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ  ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਪੰਜਾਬ ਚ ਇੰਨਟਨੈੱਟ ਸੇਵਾਵਾਂ ਬੰਦ ਕਰਕੇ,ਐਨ.ਆਈ.ਏ ਨੂੰ ਪੰਜਾਬ ਵਿੱਚ ਭੇਜ ਕੇ,ਐਨ.ਐਸ.ਏ  ਵਰਗੇ ਕਾਨੂੰਨ ਮੜ੍ਹ ਕੇ,ਕੇਂਦਰੀ ਸੁਰੱਖਿਆ ਬਲ ਸੱਦਣ ਤੇ ਉਹਨਾਂ ਦੇ ਫਲੈਗ ਮਾਰਚਾਂ ਰਾਹੀ ਦਹਿਸ਼ਤ ਦਾ ਮਾਹੌਲ  ਪੈਦਾ ਕੀਤਾ ਜਾ ਰਿਹਾ ਹੈ।ਜਗਦੇਵ ਸਿੰਘ ਜੋਗੇਵਾਲਾ ਅਤੇ ਕਰਮਜੀਤ ਕੌਰ ਲਹਿਰਾ ਖਾਨਾ  ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਸਰਕਾਰਾਂ ਦੀ ਸ਼ਾਜਿਸ ਤਹਿਤ ਸਿਰਜੀ ਹੋਈ ਧਾਰਮਿਕ ਫਿਰਕਾਪ੍ਰਸਤੀ ਦੀ ਅੱਗ ਦਾ ਸੇਕ ਝੱਲ ਚੁੱਕੇ ਹਨ। ਹਜ਼ਾਰਾਂ ਨੌਜਵਾਨ ਫਿਰਕਾਪ੍ਰਸਤੀ ਦੇ ਦੌਰ ਦੌਰਾਨ ਜਾਂ ਤਾਂ ਪੁਲੀਸ ਦੀਆਂ ਗੋਲੀਆਂ ਦੀ ਭੇਟ ਚੜ੍ਹ ਕੇ ਜਾਂ ਉਸ ਦੌਰਾਨ ਭਾਵੁਕ ਹੋ ਕੇ ਚੁੱਕੀਆਂ ਨੌਜਵਾਨਾਂ ਦੇ ਹਥਿਆਰਾਂ ਦੀਆਂ ਗੋਲੀਆਂ ਨਾਲ ਮੌਤ ਦੇ ਮੂੰਹ ਵਿਚ ਚਲੇ ਗਏ। ਹਜ਼ਾਰਾਂ ਪਰਿਵਾਰਾਂ ਨੇ ਇਸ ਦੌਰ ਦਾ ਸੰਤਾਪ ਝੱਲਿਆ।ਅੱਜ ਦੀ ਸਟੇਜ ਤੋਂ  ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ  ਕਿ ਤੂਫ਼ਾਨ/ਗੜੇਮਾਰੀ ਨਾਲ ਹੋਏ ਭਾਰੀ ਫ਼ਸਲੀ ਨੁਕਸਾਨ ਅਤੇ ਰਿਹਾਇਸ਼ੀ ਮਕਾਨਾਂ ਜਾਂ ਹੋਰ ਜਾਇਦਾਦ ਦੇ ਨੁਕਸਾਨ ਦੀ ਪੂਰੀ ਪੂਰੀ ਭਰਪਾਈ ਵਾਲਾ ਮੁਆਵਜ਼ਾ ਲੈਣ ਅਤੇ ਇਹਦੇ ਲਈ ਫੌਰੀ ਗਿਰਦਾਵਰੀ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ 5 ਅਪ੍ਰੈਲ ਨੂੰ ਮੁੜ ਡੀ ਸੀ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਲਾਏ ਜਾਣਗੇ ਅਤੇ ਮੰਗ ਪੱਤਰ ਦਿੱਤੇ ਜਾਣਗੇ।ਅੱਜ ਦੇ ਧਰਨੇ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਸੁਖਦੇਵ ਸਿੰਘ ਰਾਮਪੁਰਾ ,ਬੂਟਾ ਸਿੰਘ ਬੱਲੋ, ਹੁਸ਼ਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ ,ਸੁਖਜੀਤ ਕੌਰ ਚੱਕ ਫਤਹਿ ਸਿੰਘ ਵਾਲਾ ,ਅਮਰੀਕ ਸਿੰਘ ਸਿਵੀਆ, ਗੁਰਪਾਲ ਸਿੰਘ ਦਿਓਣ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਅਜੈਪਾਲ ਸਿੰਘ ਘੁੱਦਾ , ਹਰਪ੍ਰੀਤ ਸਿੰਘ ਚੱਠੇਵਾਲਾ ਅਤੇ ਰਾਜਵਿੰਦਰ ਸਿੰਘ ਰਾਜੂ ਰਾਮਨਗਰ ਵੀ ਸ਼ਾਮਲ ਸਨ।

ਭੁਪਿੰਦਰ ਸਿੰਘ ਮੱਕੜ ਬਣੇ ਭਾਰਤ ਨਗਰ ਵੈਲਫੇਅਰ ਸੁਸਾਇਟੀ ਦੇ ਸਰਵਸੰਮਤੀ ਨਾਲ ਪ੍ਰਧਾਨ 

0
ਸੁਖਜਿੰਦਰ ਮਾਨ 
ਬਠਿੰਡਾ, 3 ਅਪ੍ਰੈਲ: ਅੱਜ ਇੱਥੇ ਭਾਰਤ ਨਗਰ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਸਾਲ 2023-24 ਦੀ 11 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਇਹ ਚੋਣ ਕਨਵੀਨਰ ਧਰਮਪਾਲ ਬਾਂਸਲ, ਸ਼ੁਸ਼ੀਲ ਗੋਇਲ ਅਤੇ ਹੇਮਰਾਜ ਸਿੰਗਲਾ ਦੀ ਦੇਖਰੇਖ ਹੇਠ ਬੜੀ ਪਾਰਦਰਸ਼ਤਾ ਨਾਲ ਹੋਈ। ਮੀਟਿੰਗ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਭੁਪਿੰਦਰ ਸਿੰਘ ਮੱਕੜ ਨੂੰ ਪ੍ਰਧਾਨ, ਪ੍ਰਵੀਨ ਕੁਮਾਰ ਗਰਗ ਨੂੰ ਉਪ ਪ੍ਰਧਾਨ, ਸ਼੍ਰੀਮਤੀ ਨੀਲਮ ਪਾਲ ਨੂੰ ਜਨਰਲ ਸਕੱਤਰ, ਰਾਕੇਸ਼ ਕਾਂਸ਼ਲ ਨੂੰ ਖ਼ਜਾਨਚੀ, ਅਰਵਿੰਦ ਜਿੰਦਲ ਪ੍ਰਵੀਨ ਕੁਮਾਰ ਗਰਗ ਨੇ ਸਹਾਇਕ ਸਕੱਤਰ ਅਤੇ ਵੀ ਕੇ ਕਾਮਰਾ, ਰਾਜਿੰਦਰ ਕੁਮਾਰ, ਅਮਰਜੀਤ ਸਿੰਘ, ਸ੍ਰੀਮਤੀ ਗੁਨਮਾਲਾ ਸਿੰਗਲਾ, ਸ੍ਰੀਮਤੀ ਕਮਲੇਸ਼ ਗੋਇਲ ਨੂੰ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣਿਆ। ਭਾਰਤ ਨਗਰ ਕਾਲੋਨੀ ਵਾਸੀਆ ਨੇ ਨਵੀਂ ਬਣੀ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਉਹ ਮੁਹੱਲੇ ਦੀ ਭਲਾਈ ਲਈ ਕੰਮ ਕਰਗੇ। ਇਸ ਮੌਕੇ ਸੋਸਾਇਟੀ ਦੇ ਉਪ ਪ੍ਰਧਾਨ ਪ੍ਰਵੀਨ ਕੁਮਾਰ ਗਰਗ ਨੇ ਕਾਲੋਨੀ ਵਾਸੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਪੂਰੀ ਲਗਨ ਅਤੇ ਦ੍ਰਿੜ੍ਹਤਾ ਨਾਲ ਸੋਸਾਇਟੀ ਦੇ ਕੰਮਾਂ ਨੂੰ ਪੂਰਾ ਕਰੇਗੀ ਅਤੇ ਸਮਾਜਿਕ ਕੰਮਾਂ ਦੇ ਨਾਲ ਨਾਲ ਸਮੇਂ ਸਮੇਂ ਸਿਰ ਜਰੂਰਤ ਮੰਦ ਲੋਕਾਂ ਦੀ ਸਹਾਇਤਾ ਵੀ ਕਰਨਗੇ।

ਹੁਣ ਪੰਜਾਬ ‘ਚ ਸ਼ੁਰੂ ਹੋ ਰਹੀ ਹੈ ‘ਸੀ.ਐਮ. ਦੀ ਯੋਗਸ਼ਾਲਾ’

0
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਵੱਡਾ ਐਲਾਨ
ਪਾਇਲਟ ਪ੍ਰਾਜੈਕਟ ਵਜੋਂ ਅੰਮ੍ਰਿਤਸਰ, ਫਗਵਾੜਾ, ਪਟਿਆਲਾ ਤੇ ਲੁਧਿਆਣਾ ਵਿਚ ਹੋਵੇਗੀ ਸ਼ੁਰੂਆਤ
ਜਨਤਕ ਥਾਵਾਂ ਉਤੇ ਲੋਕਾਂ ਨੂੰ ਯੋਗਾ ਦੀ ਸਿਖਲਾਈ ਦੇਣਗੇ ਯੋਗਾ ਇੰਸਟ੍ਰਕਟਰ
ਪੰਜਾਬੀ ਖ਼ਬਰਸਾਰ ਬਿਉਰੋ 
ਚੰਡੀਗੜ੍ਹ, 3 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਜਨਤਕ ਮੁਹਿੰਮ ਪੈਦਾ ਕਰਨ ਦੇ ਉਦੇਸ਼ ਨਾਲ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।ਇਕ ਵੀਡੀਓ ਸੰਦੇਸ਼ ਵਿਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਦੀਆਂ ਸ਼ਾਨਦਾਰ ਪ੍ਰਾਚੀਨ ਰਵਾਇਤਾਂ ਦੇ ਸੁਮੇਲ ਨਾਲ ਇਹ ਯੋਗਸ਼ਾਲਾਵਾਂ ਸਰੀਰਕ ਤੇ ਮਾਨਿਸਕ ਤੌਰ ਉਤੇ ਪੰਜਾਬੀਆਂ ਨੂੰ ਸਿਹਤਮੰਦ ਬਣਾਉਣ ਵਿਚ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਇਸ ਦੀ ਸ਼ੁਰੂਆਤ ਅੰਮ੍ਰਿਤਸਰ, ਫਗਵਾੜਾ, ਪਟਿਆਲਾ ਅਤੇ ਲੁਧਿਆਣਾ ਦੇ ਸ਼ਹਿਰਾਂ ਤੋਂ ਕੀਤੀ ਜਾਵੇਗੀ ਜਿੱਥੇ ਸਿਖਲਾਈਯਾਫਤਾ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਵਿਚ ਲੋਕਾਂ ਨੂੰ ਮੁਫ਼ਤ ਯੋਗਾ ਸਿਖਲਾਈ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਿਹਤਮੰਦ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਲੋਕਾਂ ਦੀ ਵੱਧ ਤੋਂ ਵੱਧ ਭਾਈਵਾਲੀ ਰਾਹੀਂ ਜਨਤਕ ਮੁਹਿੰਮ ਨੂੰ ਯਕੀਨੀ ਬਣਾਉਣਾ ਹੈ।ਯੋਗ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਮਜ਼ਬੂਤ ਰੱਖਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਰੋਜ਼ਾਨਾ ਸਵੇਰੇ ਯੋਗਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਤਨ-ਮਨ ਦੀ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਜਿੰਦਗੀ ਵਿਚ ਹਿੱਸਾ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਲੋਕਾਂ ਨੂੰ ਯੋਗਾ ਰਾਹੀਂ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।  ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਉਤੇ ਨਾ ਸਿਰਫ ਚੰਗੀ ਸਿਹਤ ਸਗੋਂ ਲੋਕਾਂ ਨੂੰ ਤਣਾਅ ਮੁਕਤ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂ ਜੋ ਰੋਜ਼ਾਨਾ ਜੀਵਨ ਵਿਚ ਅਨੇਕਾਂ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਉਤੇ ਵਧ ਰਿਹਾ ਤਣਾਅ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਯੋਗਾ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਚੰਗਾ ਜੀਵਨ ਬਤੀਤ ਕਰਨ ਲਈ ਮਾਨਸਿਕ ਤੇ ਸਰੀਰਕ ਤੌਰ ਉਤੇ ਸੰਤੁਲਨ ਕਾਇਮ ਰੱਖਣਾ ਮਹੱਤਵਪੂਰਨ ਹੈ ਅਤੇ ਜੀਵਨ ਜਾਚ ਵਿਚ ਕੁਝ ਤਬਦੀਲੀਆਂ ਲਿਆਉਣ ਅਤੇ ਯੋਗਾ ਰਾਹੀਂ ਇਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ‘ਸੀ.ਐਮ. ਯੋਗਸ਼ਾਲਾ’ ਮੁਹਿੰਮ ਹਰੇਕ ਪੰਜਾਬੀ ਲਈ ਤੰਦਰੁਸਤ ਤੇ ਮਿਆਰੀ ਜੀਵਨ ਨੂੰ ਯਕੀਨੀ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਯੋਗਸ਼ਾਲਾਵਾਂ ਸਿਹਤਮੰਦ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਵਿਚ ਕਾਰਗਰ ਰੋਲ ਅਦਾ ਕਰਨਗੀਆਂ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਯੋਗਸ਼ਾਲਾਵਾਂ ਪੰਜਾਬੀਆਂ ਦੇ ਬਿਹਤਰ ਜੀਵਨ ਨੂੰ ਯਕੀਨੀ ਬਣਾਉਣ ਲਈ ਸਹਾਈ ਸਿੱਧ ਹੋਣਗੀਆਂ।

ਫੂਡ ਸਪਲਾਈ ਵਿਭਾਗ ਦੀ ਇੰਸਪੈਕਟਰ ਰਜਨੀਤ ਕੌਰ ਨੇ ਜਿੱਤਿਆ ਮਿਸ ਚੰਡੀਗੜ੍ਹ ਬਾਡੀ ਬਿਲਡਿੰਗ ਖਿਤਾਬ

0
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਅਪ੍ਰੈਲ: ਮੋਹਾਲੀ ਨਿਵਾਸੀ ਰਜਨੀਤ ਕੌਰ ਨੇ ਮਿਸ ਚੰਡੀਗੜ੍ਹ 2023 ਬਾਡੀ ਬਿਲਡਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ।ਚੰਡੀਗੜ੍ਹ ਬਾਡੀ ਬਿਲਡਿੰਗ ਐਂਡ ਫਿਜ਼ਿਕ ਸਪੋਰਟਸ ਐਸੋਸੀਏਸ਼ਨ ਦੇ ਨਾਲ ਲੀਗ ਵਿੱਚ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਇੰਡੀਅਨ ਬਾਡੀ ਬਿਲਡਰਜ਼ ਐਸੋਸੀਏਸ਼ਨ ਵਲੋਂ  ਅੱਜ ਸੈਕਟਰ 32 ਸਥਿਤ ਐਸ.ਡੀ.ਕਾਲਜ ਵਿਖੇ ਇਹ ਸਮਾਗਮ ਕਰਵਾਇਆ ਗਿਆ। ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਿੱਚ ਸੈਕਟਰ 39 ਸਥਿਤ ਅਨਾਜ ਭਵਨ ਵਿਖੇ  ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਰਜਨੀਤ ਕੌਰ ਨੇ ਇਸ ਮੁਕਾਬਲੇ ਵਿਚ ਪਹਿਲੀ ਵਾਰ ਭਾਗ ਲਿਆ ਸੀ ਤੇ ਪਹਿਲੇ ਹੀ ਹੱਲੇ ਵਿੱਚ ਇਹ ਗੋਲਡ ਮੈਡਲ ਜਿੱਤਣ’ਚ ਸਫ਼ਲ ਰਹੀ ਹੈ।

ਨਵਜੋਤ ਸਿੱਧੂ ਸੋਮਵਾਰ ਨੂੰ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪੁੱਜਣਗੇ

0

ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 2 ਅਪ੍ਰੈਲ : ਬੀਤੇ ਕੱਲ ਕਂੇਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋ ਕੇ ਆਏ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਉਸਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਆਉਣਗੇ। ਇਸ ਮੌਕੇ ਉਨ੍ਹਾਂ ਵਲੋਂ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ, ਜਿੱਥੇ ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਦੇ ਮੁੱਦੇ ’ਤੇ ਅਪਣੇ ਵਿਚਾਰ ਰੱਖਣਗੇ। ਇਸਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਉਪਰ ਦਿੱਤੀ ਹੈ।ਇਹ ਸਿੱਧੂ ਦੀ ਗਾਇਕ ਦੇ ਘਰ ਪਹਿਲੀ ਫ਼ੇਰੀ ਹੋਵੇਗੀ, ਕਿਉਂਕਿ ਗਾਇਕ ਸਿੱਧੂ ਮੁੂਸੇਵਾਲਾ ਦਾ ਕਤਲ 29 ਮਈ 2022 ਨੂੰ ਕੀਤਾ ਗਿਆ ਸੀ ਜਦੋਂਕਿ ਨਵਜੋਤ ਸਿੱਧੂ 20 ਮਈ 2022 ਨੂੰ ਪਟਿਆਲਾ ਜੇਲ੍ਹ ਵਿਚ ਸਜ਼ਾ ਭੁਗਤਣ ਚਲੇ ਗਏ ਸਨ। ਇਸ ਦੌਰਾਨ ਉਨ੍ਹਾਂ ਰਿਹਾਈ ਤੱਕ ਇੱਕ ਵੀ ਛੁੱਟੀ ਨਹੀਂ ਲਈ। ਹਾਲਾਂਕਿ ਕੁੱਝ ਦਿਨ ਪਹਿਲਾਂ ਨਵਜੋਤ ਸਿੱਧੂ ਸਮਰਥਕ ਵਿਧਾਇਕਾਂ ਦਾ ਇੱਕ ਵਫ਼ਦ ਜਰੂਰ ਸਿੱਧੂ ਮੂਸੇਵਾਲਾ ਦੇ ਘਰ ਉਸਦੇ ਮਾਪਿਆਂ ਕੋਲ ਅਪਣੇ ਆਗੂ ਦਾ ਸੁਨੇਹਾ ਲੈ ਕੇ ਪੁੱਜੇ ਸਨ। ਉਧਰ ਮਹਰੂਮ ਗਾਇਕ ਦੇ ਪ੍ਰਵਾਰਕ ਮੈਂਬਰਾਂ ਨੂੰ ਵੀ ਨਵਜੋਤ ਸਿੱਧੂ ਤੋਂ ਕਾਫ਼ੀ ਉਮੀਦਾਂ ਦੱਸੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਖੁੱਲ ਕੇ ਬੋਲਣ ਵਾਲੇ ਸਿੱਧੂ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਅਵਾਜ਼ ਚੁੱਕੇਗਾ। ਇੱਥੇ ਦਸਣਾ ਬਣਦਾ ਹੈ ਕਿ ਅਪਣੇ ਪੁੱਤਰ ਦੇ ਕਾਤਲਾਂ ਅਤੇ ਉਸਦੇ ਕਤਲ ਦੀ ਸਾਜ਼ਸ ਰਚਣ ਵਾਲਿਆਂ ਨੂੰ ਫ਼ੜਾਉਣ ਦੀ ਮੰਗ ਨੂੰ ਲੈ ਕੇ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਵਿਧਾਨ ਸਭਾ ਅੱਗੇ ਵੀ ਧਰਨਾ ਲਗਾ ਚੁੱਕੇ ਹਨ। ਇਸਤੋਂ ਇਲਾਵਾ ਪਿਛਲੇ ਦਿਨੀਂ ਹੀ ਸਿੱਧੂ ਮੂੁਸੇਵਾਲਾ ਦੀ ਪਹਿਲੀ ਬਰਸੀ ਵੀ ਮਨਾਈ ਗਈ ਹੈ, ਜਿੱਥੇ ਪ੍ਰਵਾਰ ਵਾਲਿਆਂ ਨੇ ਪੰਜਾਬ ਸਰਕਾਰ ਉੱਪਰ ਲੋਕਾਂ ਨੂੰ ਪੁੱਜਣ ਤੋਂ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਫ਼ੜੋ-ਫ਼ੜਾਈ ਦਾ ਸਾਜਸ਼ ਤਹਿਤ ਸਿਲਸਿਲਾ ਸ਼ੁਰੂ ਕਰਨ ਦਾ ਦੋਸ਼ ਲਗਾਇਆ ਸੀ ਤਾਂ ਕਿ ਬਰਸੀ ਸਮਾਗਮ ਮੌਕੇ ਲੋਕਾਂ ਦਾ ਇਕੱਠ ਨਾ ਹੋ ਸਕੇ। ਹੁਣ ਸਿੱਧੂ ਦੇ ਬਾਹਰ ਆਉਣ ਕਾਰਨ ਇਸ ਮੁੱਦੇ ’ਤੇ ਉਹ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕਰਨਗੇ। ਉਧਰ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਮੰਨੇ ਜਾਂਦੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਵੀ ਇਸ ਮੌਕੇ ਹਾਜ਼ਰ ਰਹਿਣਗੇ।

Our Visitor

1911721