Saturday, May 23, 2026
Home Blog Page 2160

ਅੱਜ ਹਰ ਭਾਰਤੀ ਦੀ ਆਵਾਜ਼ ‘ਮੋਦੀ ਹਟਾਓ, ਦੇਸ਼ ਬਚਾਓ’: ਹਰਭਜਨ ਸਿੰਘ ਈਟੀਓ

0

ਤਾਨਾਸ਼ਾਹੀ ’ਚ ਮੋਦੀ ਸਰਕਾਰ ਨੇ ਅੰਗਰੇਜ਼ਾਂ ਦੇ ਰਾਜ ਨੂੰ ਵੀ ਪਿੱਛੇ ਛੱਡ ਦਿੱਤਾ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 30 ਮਾਰਚ: ਆਮ ਆਦਮੀ ਪਾਰਟੀ (ਆਪ) ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਹਰ ਭਾਰਤੀ ਦੀ ਆਵਾਜ਼ ਹੈ ‘ਮੋਦੀ ਹਟਾਓ, ਦੇਸ਼ ਬਚਾਓ’। ਭਾਜਪਾ ਸਰਕਾਰ ਨੇ ਸਾਡੇ ਦੇਸ਼, ਸੰਵਿਧਾਨ ਅਤੇ ਲੋਕਾਂ ਨੂੰ ਹਰ ਪੱਖੋਂ ’ਤੇ ਫੇਲ ਕੀਤਾ ਹੈ ਤਾਂ ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਸੱਤਾ ਤੋਂ ਹਟਾਉਣਾ ਹੀ ਪਵੇਗਾ। ਵੀਰਵਾਰ ਨੂੰ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਦੇਸ਼ ਨੂੰ ਸਿਰਫ਼ ਅੰਗਰੇਜ਼ਾਂ ਤੋਂ ਹੀ ਨਹੀਂ ਬਲਕਿ ਅਨਪੜ੍ਹਤਾ, ਸਮਾਜਿਕ ਵੰਡ ਅਤੇ ਬੇਇਨਸਾਫ਼ੀ ਤੋਂ ਵੀ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਬੀ ਕੇ ਦੱਤ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜੋ ਸਾਡੇ ਦੇਸ਼ ਦੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ, ਬਰਾਬਰੀ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਮਿਲ ਸਕੇ। ਇਸ ਪ੍ਰੈਸ ਕਾਨਫਰੰਸ ਦੌਰਾਨ ਜਲੰਧਰ ਦੇ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਅਤੇ ਪੰਜਾਬ ਦੇ ਸੰਯੁਕਤ ਸਕੱਤਰ ਆਤਮ ਪ੍ਰਕਾਸ਼ ਬਬਲੂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਭਾਜਪਾ ਦੀ ਤਾਨਾਸ਼ਾਹ ਸਰਕਾਰ ਨੇ ਅੰਗਰੇਜ਼ਾਂ ਦੇ ਰਾਜ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਸਿਰਫ਼ ਕੁਝ ਪੋਸਟਰ ਲਗਾਉਣ ਕਰਕੇ 138 ਐਫਆਈਆਰਜ਼ ਦਰਜ ਕਰ ਦਿੱਤੀਆਂ। ਇਹ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹੈ। ਵਿਦਿਆਰਥੀ, ਨੌਜਵਾਨ, ਕਿਸਾਨ, ਵਪਾਰੀ, ਔਰਤਾਂ, ਕੋਈ ਵੀ ਵਰਗ ਮੋਦੀ ਸਰਕਾਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਨੂੰ ਭਾਜਪਾ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਬੇਰੋਜ਼ਗਾਰੀ ਦਰ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਲਈ ਅਜਿਹੀ ਸਰਕਾਰ ਨੂੰ ਦੇਸ਼ ਵਿਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।’ਆਪ’ ਮੰਤਰੀ ਨੇ ਕਿਹਾ ਕਿ ਮੋਦੀ ਦੇ ਰਾਜ ’ਚ ਸਿਰਫ ਪੂੰਜੀਪਤੀ ਹੀ ਵਧ-ਫੁੱਲ ਰਹੇ ਹਨ। ਉਨ੍ਹਾਂ ਨੇ ਪੀਐਮ ਮੋਦੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਉਹ ਆਪਣੇ ਦੋਸਤ ਅਡਾਨੀ ਦੇ ਘੁਟਾਲਿਆਂ ਦੀ ਜਾਂਚ ਕਰਨਗੇ? ਵਿਰੋਧੀ ਧਿਰ ਦੇ ਨੇਤਾਵਾਂ ਦੀ ਆਵਾਜ਼ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਸੀਬੀਆਈ ਅਤੇ ਈਡੀ ਦੀਆਂ ਧਮਕੀਆਂ ਦੇਣ ਲਈ ਭਾਜਪਾ ਸਰਕਾਰ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵੀ ਚੁਣੇ ਹੋਏ ਨੁਮਾਇੰਦੇ ਹਨ ਜਿਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਨ ਵਾਲਾ ਮਨੀਸ਼ ਸਿਸੋਦੀਆ ਵਰਗਾ ਆਗੂ ਅੱਜ ਜੇਲ੍ਹ ਵਿੱਚ ਹੈ ਪਰ ਭਾਜਪਾ ਦੇ ਕਈ ਭ੍ਰਿਸ਼ਟ ਆਗੂ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਬੱਚੇ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਚੰਗੀ ਸਿੱਖਿਆ ਲਈ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾ ਰਹੇ ਹਨ, ਕਿਉਂਕਿ ਪਿਛਲੇ 75 ਸਾਲਾਂ ਵਿੱਚ ਪਿਛਲੀਆਂ ਸਰਕਾਰਾਂ ਨੇ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਤੋੜਨ ਤੋਂ ਇਲਾਵਾ ਕੁਝ ਨਹੀਂ ਕੀਤਾ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡਾ ਸੰਵਿਧਾਨ ‘ਅਸੀਂ ਭਾਰਤ ਦੇ ਲੋਕ…’ ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਇਹ ਦੇਸ਼ ਇੱਥੋਂ ਦੇ ਲੋਕਾਂ ਦਾ ਹੈ। ਧਾਰਾ 32 ਦੇ ਸਬੰਧ ਵਿੱਚ ਡਾ: ਬੀ.ਆਰ. ਅੰਬੇਡਕਰ ਨੇ ਕਿਹਾ ਕਿ ਇਹ ਸਾਡੇ ਸੰਵਿਧਾਨ ਦੀ ਆਤਮਾ ਹੈ ਅਤੇ ਹਰ ਨਾਗਰਿਕ ਨੂੰ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਅਸੀਂ ਕਿਸੇ ਵੀ ਕੀਮਤ ’ਤੇ ਭਾਜਪਾ ਨੂੰ ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾਉਣ ਦੇਵਾਂਗੇ। ਅੱਜ ਅਸੀਂ ਦੇਸ਼ ਦੇ ਕੋਨੇ-ਕੋਨੇ ’ਚ ’ਮੋਦੀ ਹਟਾਓ ਦੇਸ਼ ਬਚਾਓ’ ਦੇ ਪੋਸਟਰ ਲਗਾਵਾਂਗੇ। ਉਹ ਜਿੰਨੀਆਂ ਮਰਜ਼ੀ ਐਫਆਈਆਰ ਦਰਜ ਕਰਵਾ ਲੈਣ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਉਨ੍ਹਾਂ ਦੀਆਂ ਏਜੰਸੀਆਂ ਜਾਂ ਐਫਆਈਆਰਜ਼ ਤੋਂ ਡਰਦੇ ਨਹੀਂ।

ਕ੍ਰਿਸ਼ਨਾ ਥਰੈਪੀ ਸੈਂਟਰ ਖੁੱਲ੍ਹਣ ਨਾਲ ਮੌੜ ਇਲਾਕੇ ਦੇ ਲੋਕਾਂ ਨੂੰ ਅੰਗਰੇਜ਼ੀ ਦਵਾਈਆਂ ਤੋਂ ਮਿਲੇਗੀ ਰਾਹਤ

0

ਕੁਦਰਤੀ ਤਰੀਕਿਆਂ ਨਾਲ ਇਲਾਜ ਹੀ ਵਰਤਮਾਨ ਸਮੇਂ ਦੀ ਵੱਡੀ ਲੋੜ-ਦਿਆਲ ਸੋਢੀ
ਪੰਜਾਬੀ ਖ਼ਬਰਸਾਰ ਬਿਉਰੋ
ਮੌੜ 30 ਮਾਰਚ: ਕ੍ਰਿਸ਼ਨਾ ਥਰੈਪੀ ਸੈਂਟਰ ਖੁੱਲ੍ਹਣ ਨਾਲ ਮੌੜ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਜੋਧਪੁਰ ਕੈਂਚੀਆਂ ਮੌੜ ਵਿਖੇ ਇਸ ਥਰੈਪੀ ਸੈਂਟਰ ਦਾ ਉਦਘਾਟਨ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਿਆਲ ਸੋਢੀ ਨੇ ਕਿਹਾ ਕਿ ਕੁਦਰਤੀ ਇਲਾਜ ਹੀ ਵਰਤਮਾਨ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ,ਲੋਕ ਅੰਗਰੇਜ਼ੀ ਅਤੇ ਦੇਸੀ ਦਵਾਈਆਂ ਖਾਕੇ ਅੱਕ ਥੱਕ ਚੁੱਕੇ ਨੇ।ਇਸ ਲਈ ਮੈਗਿਨਟ ਥਰੈਪੀ ਨਾਲ ਇਲਾਜ ਨਾਲ ਜਿਥੇ ਦਵਾਈਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਇਹ ਇਲਾਜ ਸਸਤਾ ਵੀ ਹੈ। ਭਾਜਪਾ ਆਗੂ ਨੇ ਕਿਹਾ ਕਿ ਅੱਜ ਜਦੋਂ ਸਾਡਾ ਰਹਿਣ ਸਹਿਣ ਅਤੇ ਖਾਣ-ਪੀਣ ਸ਼ੁੱਧ ਨਹੀਂ ਰਿਹਾ, ਤਾਂ ਸਾਨੂੰ ਸਰੀਰਕ ਤੰਦਰੁਸਤੀ ਲਈ ਅੰਗਰੇਜ਼ੀ ਦਵਾਈਆਂ ਦੇ ਮਹਿੰਗੇ ਅਤੇ ਹੋਰ ਗਲਤ ਪ੍ਰਭਾਵ ਤੋਂ ਬਚਣ ਲਈ ਕੁਦਰਤੀ ਇਲਾਜ ਨੂੰ ਹੀ ਪਹਿਲੀ ਤਰਜੀਹ ਦੇਣੀ ਪਵੇਗੀ,ਫਿਰ ਹੀ ਅਸੀਂ ਲੰਮੀ ਉਮਰ ਜੀਉ ਸਕਦੇ ਹਾਂ।ਕ੍ਰਿਸ਼ਨਾ ਥਰੈਪੀ ਸੈਂਟਰ ਮੌੜ ਦੇ ਸੰਚਾਲਕ ਡਾ ਕੁਲਦੀਪ ਕੌਰ ਘੰਡ ਨੇ ਦੱਸਿਆ ਉਹਨਾਂ ਦਾ ਸੈਂਟਰ ਖੋਲਣ ਦਾ ਮੰਤਵ ਲੋਕਾਂ ਨੂੰ ਕੁਦਰਤੀ ਇਲਾਜ ਨਾਲ ਤੰਦਰੁਸਤ ਕਰਨਾ ਹੀ ਪਹਿਲੀ ਤਰਜੀਹ ਹੋਵੇਗੀ।ਉਨ੍ਹਾਂ ਦੱਸਿਆ ਕਿ ਇਥੇ ਕੋਰੀਆ ਦੀਆਂ ਆਧੁਨਿਕ ਮਸ਼ੀਨਾਂ ਨਾਲ ਗੋਡਿਆਂ ਦਾ ਦਰਦ,ਜੌੜਾ ਦਾ ਦਰਦ,ਕਮਰ ਦਾ ਦਰਦ, ਡਿਸਕ,ਬਵਾਸੀਰ, ਸ਼ੂਗਰ, ਮਣਕਿਆਂ ਦੀ ਦਿੱਕਤ,ਬੀ ਪੀ,ਮੋਟਾਪਾ, ਗੁਰਦੇ,ਅਧਰੰਗ, ਜਿਗਰ, ਕਬਜ,ਨੀਂਦ ਨਾ ਆਉਣਾ ਅਤੇ ਔਰਤਾਂ ਦੀਆਂ ਹੋਰਨਾਂ ਬਿਮਾਰੀਆਂ ਦਾ ਬਿਨਾਂ ਕਿਸੇ ਦਵਾਈਆਂ ਤੋਂ ਪੱਕਾ ਇਲਾਜ ਹੋਵੇਗਾ। ਉਹਨਾ ਇਹ ਵੀ ਕਿਹਾ ਕਿ ਸੈਟਰ ਖੋਲਣ ਦਾ ਮੰਤਵ ਕਮਾਈ ਕਰਨਾ ਨਹੀ ਬਲਿਕ ਇਹ ਸੈਟਰ ਨੋ ਪਰੋਫਟ ਨੋ ਲੋਸ ਨਾਲ ਇਲਾਜ ਕਰਨਾ ਹੈ। ਹਰਵ ਹੈਲਥ ਸੈਂਟਰ ਦੇ ਮਾਹਿਰ ਡਾ ਵਿਜੈ ਅਰੋੜਾ ਨੇ ਕਿਹਾ ਕਿ ਡਾਕਟਰੀ ਖੇਤਰ ਨਾਲ ਜੁੜੇ ਮਾਹਿਰਾਂ ਦਾ ਦਾਅਵਾ ਕਿ ਪਿਛਲੇ ਵਰ੍ਹ?ਆਂ ਤੋਂ ਲੋਕਾਂ ਦਾ ਰੁਝਾਨ ਅੰਗਰੇਜ਼ੀ ਇਲਾਜ ਦੀ ਥਾਂ ਕੁਦਰਤੀ ਤਰੀਕਿਆਂ ਨਾਲ ਇਲਾਜ ਕਰਵਾਉਣ ਦੀ ਤਕਨੀਕ ਵੱਲ ਵਧਿਆ ਹੈ।ਜਿਸ ਕਾਰਣ ਅਜ ਛੋਟੇ ਛੋਟੇ ਸ਼ਹਿਰਾਂ ਵਿੱਚ ਵੀ ਥਰੈਪੀ ਸੈਂਟਰ ਚਲ ਰਹੇ ਹਨ। ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਬੀਜੇਪੀ ਮੋੜ ਮੰਡੀ ਦੇ ਮੰਡਲ ਪ੍ਰਧਾਨ ਜੀਵਨ ਗੁਪਤਾ,ਚੰਦਰ ਮੋਹਨ ਯੂਥ ਆਗੂ ਬੀਜੇਪੀ,ਬਲਬੀਰ ਚੰਦ ,ਮਾਸਟਰ ਸਤਪਾਲ,ਰਾਜਪਾਲ ਸ਼ਰਮਾਂ ਡਾ ਜਗਰੂਪ ਸਿੰਘ ਨੇ ਵੀ ਇਸ ਮੋਕੇ ਬੋਲਦਿਆਂ ਲੋਕਾਂ ਨੁੰ ਥਰੈਪੀ ਨਾਲ ਜੁੜਨ ਦੀ ਅਪੀਲ ਕੀਤੀ।ਕ੍ਰਿਸ਼ਨਾ ਥਰੈਪੀ ਸੈਂਟਰ ਦੇ ਮੁੱਖ ਪ੍ਰਬੰਧਕ ਡਾ ਸੰਦੀਪ ਘੰਡ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਲੋੜਵੰਦ ਵਿਅਕਤੀ ਦਾ ਇਲਾਜ ਬਿਲਕੁਲ ਵਾਜਬ ਰੇਟ ਤੇ ਕੀਤਾ ਜਾਵੇਗਾ ਅਤੇ ਪੈਸਿਆਂ ਦੀ ਘਾਟ ਕਾਰਨ ਉਹਨਾਂ ਨੁੰ ਥਰੈਪੀ ਲਈ ਮੋੜਿਆ ਨਹੀ ਜਾਵੇਗਾ।ਇਸ ਮੋਕੇ ਹੋਰਨਾਂ ਤੇ ਇਲਾਵਾ ਯੂਥ ਆਗੂ ਮਨੋਜ ਕੁਮਾਰ ਛਾਪਿਆਂਵਾਲੀ,ਕਰਮਜੀਤ ਰਾਠੀ,ਡਾ ਕੁਲਵਿੰਦਰ ਸਿੰਘ,ਡਾ ਸ਼ਕਤੀ ਅਤੇ ਕੁਲਦੀਪ ਸਿੰਘ ਨੇ ਵੀ ਸ਼ਮੂਲੀਅਤ ਕਰਦਿਆਂ ਥਰੈਪੀ ਨਾਲ ਇਲਾਜ ਨੁੰ ਸਲਾਹਿਆ ਅਤੇ ਸੈਟਰ ਖੋਲਣ ਲਈ ਘੰਡ ਪ੍ਰੀਵਾਰ ਦਾ ਧੰਨਵਾਦ ਕੀਤਾ।

ਬੇਮੌਸਮੀ ਬਾਰਸ਼ ਤੇ ਗੜੇਮਾਰੀ ਜਾਰੀ, ਪੱਕਣ ’ਤੇ ਆਈ ਫ਼ਸਲ ਹੋਰ ਖ਼ਰਾਬ ਹੋਣ ਦੀ ਸੰਭਾਵਨਾ

ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਤੇ ਗੜੇਮਾਰੀ ਹਾਲੇ ਖ਼ਤਮ ਹੁੰਦੀ ਦਿਖ਼ਾਈ ਨਹੀਂ ਦੇ ਰਹੀ। ਅੱਜ ਬਾਅਦ ਦੁਪਿਹਰ ਵੀ ਬਠਿੰਡਾ ਪੱਟੀ ਦੇ ਕਈ ਇਲਾਕਿਆਂ ਵਿਚ ਇੱਕ ਵਾਰ ਫੇਰ ਬਾਰਸ਼ ਹੋਈ ਤੇ ਕਈ ਥਾਂ ਹਲਕੀ ਗੜੇਮਾਰੀ ਵੀ ਦੇਖਣ ਨੂੰ ਮਿਲੀ। ਬੇਈਮਾਨ ਹੋਏ ਮੌਸਮ ਕਾਰਨ ਕਿਸਾਨਾਂ ਦੀ ਜਾਨ ਲਗਾਤਾਰ ਮੁੱਠੀ ਵਿਚ ਆਈ ਹੋਈ ਹੈ। ਪੱਕਣ ’ਤੇ ਪੁੱਜੀ ਫ਼ਸਲ ਪਹਿਲਾਂ ਹੀ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਤੇ ਗੜ੍ਹੇਮਾਰੀ ਕਾਰਨ ਨੁਕਸਾਨੀ ਗਈ ਹੈ ਤੇ ਹੁਣ ਮੌਸਮ ਵਿਭਾਗ ਵਲੋਂ ਲਗਾਤਾਰ ਦੋ ਤਿੰਨ ਦਿਨ ਬਾਰਸ਼ ਆਉਣ ਦੇ ਦੱਸੇ ਅਨੁਮਾਨ ਕਾਰਨ ਕਿਸਾਨਾਂ ਨੂੰ ਵੱਡੀ ਚਿੰਤਾ ਸਤਾਉਣ ਲੱਗੀ ਹੈ। ਪਤਾ ਲੱਗਿਆ ਹੈ ਕਿ ਅੱਜ ਹੋਈ ਬਾਰਸ਼ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਆਈ ਪ੍ਰੰਤੂ ਗੋਨਿਆਣਾ ਖੇਤਰ ਦੇ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ ਦਿਉਣ, ਵਿਰਕ ਕਲਾਂ ਆਦਿ ਪਿੰਡਾਂ ਵਿਚ ਮੀਂਹ ਦੇ ਨਾਲ ਨਾਲ ਹਲਕੀ ਗੜੇਮਾਰੀ ਵੀ ਹੋਈ। ਜਿਸ ਕਰਨ ਪਹਿਲਾਂ ਤੋਂ ਹੀ ਡਿੱਗੀ ਹੋਈ ਕਣਕ ਦਾ ਹੋਰ ਨੁਕਸਾਨ ਹੋ ਗਿਆ ਹੈ। ਜਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਵਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਹੁਣ ਤੱਕ 93 ਫ਼ੀਸਦੀ ਦੇ ਕਰੀਬ ਕਣਕ ਦੀ ਫ਼ਸਲ ਖ਼ਰਾਬ ਹੋਈ ਹੈ। ਜਦੋਂਕਿ ਹੁਣ ਮੌਸਮ ਵਿਭਾਗ ਵੱਲੋਂ 31 ਮਾਰਚ ਅਤੇ 1 ਅਪ੍ਰੈਲ ਤੱਕ ਮੀਂਹ ਦੀ ਪੇਸ਼ਗਨੋਈ ਕੀਤੀ ਹੋਈ ਹੈ। ਕਿਸਾਨਾਂ ਨੇ ਦੁੱਖੀ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਇਸ ਵਾਰ ਕਣਕ ਦੀ ਭਰਵੀਂ ਫ਼ਸਲ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਪਿਛਲੇ ਮਹੀਨਿਆਂ ਦੌਰਾਨ ਮੌਸਮ ਫ਼ਸਲ ਦੇ ਕਾਫ਼ੀ ਅਨੁਕੁਲ ਰਿਹਾ ਸੀ। ਪ੍ਰੰਤੂ ਹੁਣ ਲਗਾਤਾਰ ਹੋ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਬੀ. ਕੇ ਯੂ ਉਗਰਾਹਾਂ ਦੇ ਸੂਬਾ ਸਕੱਤਰ ਸੰਗਾਰਾ ਸਿੰਘ ਮਾਨ ਅਤੇ ਲੱਖੋਵਾਲ ਟਿਕੈਤ ਦੇ ਆਗੂ ਸਰੂਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਬੇਸ਼ੱਕ ਇਹ ਕੁਦਰਤ ਦਾ ਕਹਿਰ ਹੈ ਪ੍ਰੰਤੂ ਇਸ ਔਖੀ ਘੜੀ ਦੌਰਾਨ ਸੂਬੇ ਦੀ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫ਼ੜਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਬਠਿੰਡਾ ’ਚ ਅੱਧੀ ਦਰਜ਼ਨ ਥਾਣਾ ਮੁਖੀਆਂ ਦੇ ਕੀਤੇ ਤਬਾਦਲੇ

0

ਨਵੇਂ ਐਸ.ਐਸ.ਪੀ ਆਉਣ ਤੋਂ ਬਾਅਦ ਹੋਈਆਂ ਪਹਿਲੀਆਂ ਬਦਲੀਆਂ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਬਠਿੰਡਾ ਜ਼ਿਲ੍ਹੇ ’ਚ ਅੱਜ ਅੱਧੀ ਦਰਜ਼ਨ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ। ਜ਼ਿਲ੍ਹੇ ’ਚ ਪਿਛਲੇ ਦਿਨੀਂ ਬਦਲ ਕੇ ਆਏ ਨਵੇਂ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਦੀ ਅਗਵਾਈ ਹੇਠ ਥਾਣਾ ਮੁਖੀਆਂ ਦੀਆਂ ਹੋਈਆਂ ਇਹ ਪਹਿਲੀਆਂ ਬਦਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਥਾਣਾ ਕੈਂਟ ਦੇ ਮੁਖੀ ਸਬ ਇੰਸਪੈਕਟਰ ਪਰਮਪਾਰਸ ਸਿੰਘ ਚਹਿਲ ਨੂੰ ਬਦਲ ਕੇ ਥਾਣ ਕੈਂਟ ਤਬਦੀਲ ਕਰ ਦਿੱਤਾ ਗਿਆ ਹੈ। ਜਦਂੋਂਕਿ ਉਨ੍ਹਾਂ ਦੀ ਥਾਂ ਪੁਲਿਸ ਲਾਈਨ ਵਿਚ ਤੈਨਾਤ ਇੰਸਪੈਕਟਰ ਗੁਰਦੀਪ ਸਿੰਘ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੂੰ ਹੁਣ ਇੰਚਾਰਜ਼ ਐਂਟੀ ਨਾਰੋਕੇਟਿਸ ਸੈਲ ਬਠਿੰਡਾ ਲਗਾਇਆ ਗਿਆ ਹੈ ਜਦੋਂਕਿ ਉਨ੍ਹਾਂ ਦੀ ਜਗ੍ਹਾਂ ਐਂਟੀ ਨਾਰੋਕੇਟਿਸ ਸੈਲ ਦੇ ਇੰਚਾਰਜ਼ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਥਾਣਾ ਸੰਗਤ ਦੇ ਨਵੇਂ ਮੁਖੀ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੂੰ ਇੰਚਾਰਜ਼ ਸਪੈਸ਼ਲ ਸਟਾਫ਼ ਅਤੇ ਇੰਸਪੈਕਟਰ ਸੰਦੀਪ ਸਿੰਘ ਨੂੰ ਪੁਲਿਸ ਲਾਈਨ ਤੋਂ ਬਦਲ ਕੇ ਥਾਣਾ ਸਦਰ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਐਸ.ਆਈ. ਦਲਜੀਤ ਸਿੰਘ ਬਰਾੜ ਨੂੰ ਇੰਚਾਰਜ਼ ਸਪੈਸ਼ਲ ਸਟਾਫ਼ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ।

ਗੁਰਬਚਨ ਸਿੰਘ ਮੰਦਰਾਂ ਲਗਾਤਾਰ ਤੀਸਰੀ ਵਾਰ ਬਣੇ ਟੀਚਰਜ਼ ਹੋਮ ਟਰਸਟ ਦੇ ਪ੍ਰਧਾਨ

ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਮੁਲਾਜ਼ਮ ਸੰਘਰਸ਼ਾਂ ਦੇ ਸਿਰਕੱਢ ਆਗੂ ਤੇ ਸੇਵਾ ਮੁਕਤ ਅਧਿਆਪਕ ਮਾਸਟਰ ਗੁਰਬਚਨ ਸਿੰਘ ਮੰਦਰਾਂ ਲਗਾਤਾਰ ਤੀਸਰੀ ਵਾਰ ਟੀਚਰਜ਼ ਹੋਮ ਟਰਸਟ ਬਠਿੰਡਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ। ਟਰੱਸਟ ਦੇ ਚੇਅਰਮੈਨ ਬੀਰਬਲ ਦਾਸ ਨੇ ਦੱਸਿਆ ਕਿ ਅਹੁਦੇਦਾਰਾਂ ਦੀ ਚੋਣ ਅੱਜ ਟੀਚਰਜ਼ ਹੋਮ ਵਿਖੇ ਜਨਰਲ ਬਾਡੀ ਦੀ ਅਹਿਮ ਬੈਠਕ ਦੌਰਾਨ ਕੀਤੀ ਗਈ। ਇਸ ਮੌਕੇ ਪ੍ਰਧਾਨ ਤੋਂ ਇਲਾਵਾ ਗੁਰਨਾਮ ਸਿੰਘ ਦਾਤੇਵਾਸ ਨੂੰ ਮੁੱਖ ਸਲਾਹਕਾਰ, ਖੁਸ਼ਵੀਰ ਸਾਬਕਾ ਸੀਈਓ ਸਲਾਹਕਾਰ, ਰਘਵੀਰ ਚੰਦ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨ ਜੋਗਾ ਮੀਤ ਪ੍ਰਧਾਨ, ਲਛਮਣ ਸਿੰਘ ਮਲੂਕਾ ਸਕੱਤਰ, ਹਰਮੋਹਿੰਦਰ ਸਿੰਘ ਮੋਖਾ ਸੰਯੁਕਤ ਸਕੱਤਰ, ਪਰਮਜੀਤ ਸਿੰਘ ਰੋਮਾਣਾ ਖਜਾਨਚੀ, ਜਰਨੈਲ ਸਿੰਘ ਜੱਝਲ ਸਹਾਇਕ ਖਜ਼ਾਨਚੀ, ਮੇਹਰ ਬਾਹੀਆ ਤੇ ਖਰੁਸ਼ਚੇਵ ਸ਼ਰਮਾ ਐਡੀਟਰ ਚੁਣੇ ਗਏ। ਇਸ ਮੌਕੇ ਟਰੱਸਟ ਦੇ ਨਿਯਮਾਂ ਅਨੁਸਾਰ 10 ਅਸਥਾਈ ਮੈਂਬਰ ਚੁਣੇ ਗਏ ਜਿਨ੍ਹਾਂ ‘ਚ ਸ੍ਰੀਮਤੀ ਜਰਨੈਲ ਕੌਰ, ਬਿੰਦਰ ਕੌਰ, ਅਮਨਦੀਪ ਸਿੰਘ, ਚਮਕੌਰ ਸਿੰਘ, ਲਾਭ ਸਿੰਘ, ਨਵਨੀਤ ਸਿੰਘ, ਓਮ ਪ੍ਰਕਾਸ਼, ਹਰਭਜਨ ਸਿੰਘ, ਰਾਮ ਨਿਵਾਸ ਤੇ ਖੁਸ਼ਵੀਰ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਤਿੰਨ ਨਵੇਂ ਮੈਂਬਰ ਜਗਤਾਰ ਸਿੰਘ ਬਾਠ, ਅਮਰ ਸਿੰਘ ਸੇਲਬਰਾਹ ਤੇ ਨਛੱਤਰ ਸਿੰਘ ਧੰਮੂ ਭਾਈ ਰੂਪਾ ਨਾਮਜ਼ਦ ਕੀਤੇ ਗਏ। ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਮੰਚ ਸੰਚਾਲਨ ਲਛਮਣ ਸਿੰਘ ਮਲੂਕਾ ਨੇ ਨਿਭਾਇਆ। ਟਰਸਟ ਦੇ ਮੈਂਬਰਾਂ ਅਵਤਾਰ ਸਿੰਘ ਬੁਢਲਾਡਾ, ਤੀਰਥ ਮਿੱਤਲ, ਬਲਵੀਰ ਸਿੰਘ, ਜਸਪਾਲ ਕੌਲ, ਰਘੂ ਨਾਥ ਸਿੰਗਲਾ, ਦੇਵ ਰਾਜ ਸ਼ਰਮਾ, ਰਵਿੰਦਰ ਕੁਮਾਰ, ਪ੍ਰਕਾਸ਼ ਚੰਦ, ਨਛੱਤਰ ਸਿੰਘ ਨੇ ਨਵੀਂ ਟੀਮ ਦੀ ਚੋਣ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਪ੍ਰਧਾਨ ਮਾ. ਗੁਰਬਚਨ ਸਿੰਘ ਮੰਦਰਾਂ ਨੇ ਕਿਹਾ ਹੈ ਕਿ ਉਹ ਪਹਿਲਾ ਦੀ ਤਰ੍ਹਾਂ ਹੀ ਸਮੁੱਚੀ ਟੀਮ ਨੂੰ ਨਾਲ ਮਿਲਕੇ ਟੀਚਰਜ਼ ਹੋਮ ਦੀ ਬਿਹਤਰੀ ਲਈ ਕਾਰਜਸ਼ੀਲ ਰਹਿਣਗੇ ਅਤੇ ਇਸ ਮਾਣਮੱਤੀ ਸੰਸਥਾ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ।

ਜਸਪਾਲ ਮਾਨਖੇੜਾ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਸਲਾਹਕਾਰ ਬੋਰਡ ਦੇ ਬਣੇ ਮੈਂਬਰ

ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਕਹਾਣੀਕਾਰ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਨੂੰ ਦੇਸ਼ ਦੀ ਵੱਡ ਆਕਾਰੀ ਅਤੇ ਵਕਾਰੀ ਸੰਸਥਾ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਸਲਾਹਕਾਰ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਗਵਰਨਇੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ, ਡਾ ਮਨਜਿੰਦਰ ਸਿੰਘ ਅਤੇ ਕਨਵੀਨਰ ਡਾ.ਰਵੇਲ ਸਿੰਘ ਵੱਲੋਂ ਜਸਪਾਲ ਮਾਨਖੇੜਾ ਸਮੇਤ ਸਲਾਹਕਾਰ ਬੋਰਡ ਦੇ ਸੱਤ ਮੈਂਬਰ ਨਾਮਜ਼ਦ ਕੀਤੇ ਗਏ ਹਨ। ਪਿਛਲੇ ਚਾਲੀ ਸਾਲਾਂ ਤੋਂ ਸਾਹਿਤ ਸਿਰਜਣਾ ਅਤੇ ਜਥੇਬੰਦਕ ਕਾਰਜਾਂ ਵਿੱਚ ਸਰਗਰਮ ਮਾਨਖੇੜਾ ਦੇ ਤਿੰਨ ਕਹਾਣੀ ਸੰਗ੍ਰਹਿ,ਦੋ ਵਾਰਤਕ ਪੁਸਤਕਾਂ ਅਤੇ ਇੱਕ ਨਾਵਲ ਛਪ ਚੁਕਿਆ ਹੈ। ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪ੍ਰਗਤੀਸ਼ੀਲ ਲੇਖਕ ਸੰਘ,ਪੰਜਾਬ ਕਲਾ ਪ੍ਰੀਸ਼ਦ ਦੇ ਅਦਾਰੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਆਹੁਦੇਦਾਰ ਦੇ ਤੌਰ ਤੇ ਕੰਮ ਕੀਤਾ ਹੈ। ਅੱਜ ਕੱਲ੍ਹ ਉਹ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਪ੍ਰਧਾਨ ਹਨ । ਮਾਨਖੇੜਾ ਨੂੰ ਇਹ ਜ਼ਿੰਮੇਵਾਰੀ ਮਿਲਣ ਤੇ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਅਤੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਮੁਬਾਰਕਾਂ ਦਿੰਦਿਆਂ ਕਿਹਾ ਕਿ ਮਾਨਖੇੜਾ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਵਿੱਚ ਆਪਣਾ ਹੋਰ ਯੋਗਦਾਨ ਪਾਉਣਗੇ।

ਸਿਵਲ ਡਿਫੈਸ ਵਿਭਾਗ ਵੱਲੋਂ 3 ਦਿਨਾਂ ਟਰੇਨਿੰਗ ਪ੍ਰੋਗਰਾਮ ਆਯੋਜਿਤ

0

ਪ੍ਰੋਗਰਾਮ ਦੌਰਾਨ 200 ਵਿਦਿਆਰਥੀਆਂ ਨੇ ਪ੍ਰਾਪਤ ਕੀਤੀ ਟਰੇਨਿੰਗ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਪੰਜਾਬ ਹੋਮ ਗਾਰਡਜ਼ ਵਿਭਾਗ ਸਿਵਲ ਡਿਫੈਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਸੰਜੀਵ ਕਾਲੜਾ ਦੀ ਅਗਵਾਈ ਹੇਠ ਸਿਵਲ ਡਿਫੈਂਸ ਟਾਊਨਾਂ ਵਿੱਚ ਰਿਵੈਮਪਿੰਗ ਆਫ ਸਿਵਲ ਡਿਫੈਸ ਅਧੀਨ ਟਰੇਨਿੰਗ ਕਰਵਾਉਣ ਸਬੰਧੀ ਉਲੀਕੇ ਪ੍ਰੋਗ੍ਰਾਮ ਤਹਿਤ 3 ਦਿਨਾਂ ਪ੍ਰੋਗਰਾਮ ਸਥਾਨਕ ਸਿਵਲ ਡਿਫੈਸ ਟਾਊਨ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਚਰਨਜੀਤ ਸਿੰਘ ਵੱਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਸਥਾਨਕ ਸਰਕਾਰੀ ਪੋਲਟੈਕਨੀਕਲ ਕਾਲਜ ਦੇ ਵਿਦਿਆਰਥੀਆ ਨੂੰ ਰਿਵੈਮਪਿੰਗ ਆਫ ਸਿਵਲ ਡਿਫੈਂਸ ਅਧੀਨ ਟਰੇਨਿੰਗ ਕਰਵਾਈ ਗਈ। ਇਸ ਟਰੇਨਿੰਗ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਮਹੱਤਤਾ, ਇਸ ਦੇ ਕੰਮ-ਕਾਜ ਅਤੇ ਹੋਰਨਾਂ ਜ਼ਰੂਰੀ ਮੁੱਦਿਆ ਤੇ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਇਸ ਦੌਰਾਨ ਪੰਜਾਬ ਹੋਮ ਗਾਰਡਜ਼ ਵਿਭਾਗ ਅਤੇ ਸਿਵਲ ਡਿਫੈਂਸ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਕੁਦਰਤੀ/ਗੈਰ ਕੁਦਰਤੀ ਆਫ਼ਤਾ ਸਮੇਂ ਆਫ਼ਤਾ ਨਾਲ ਨਜਿੱਠਣ ਲਈ ਤੌਰ ਤਰੀਕੇ ਆਦਿ ਵੀ ਦੱਸੇ ਗਏ। ਇਸੇ ਤਰ੍ਹਾਂ ਹੀ ਇਸ ਟਰੇਨਿੰਗ ਵਿੱਚ ਵੱਖ-ਵੱਖ ਗੈਸਟ ਫੈਕਲਟੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਵਿਦਿਆਰਥੀਆਂ ਨੂੰ ਲੈਕਚਰ ਦਿੱਤੇ ਗਏ ਜੋ ਕਿ ਵਿਦਿਆਰਥੀਆਂ ਵੱਲੋਂ ਡਿਸਪਲਿਨ ਵਿੱਚ ਰਹਿ ਕੇ ਟਰੇਨਿੰਗ ਪ੍ਰਾਪਤ ਕੀਤੀ ਗਈ। ਟਰੇਨਿੰਗ ਪ੍ਰਾਪਤ ਕਰਨ ਵਾਲੇ 200 ਵਿਦਿਆਰਥੀਆਂ ਨੂੰ ਸੂਬਾਈ ਮੁੱਖ ਦਫ਼ਤਰ ਪੰਜਾਬ ਹੋਮ ਗਾਰਡਜ਼ ਚੰਡੀਗੜ ਵੱਲੋਂ ਜਾਰੀ ਹਦਾਇਤਾਂ ਅਤੇ ਕਮਾਂਡੈਂਟ ਸੀ.ਟੀ.ਆਈ ਸੁਢੰਰਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ 3 ਦਿਨਾਂ ਇਸ ਟਰੇਨਿੰਗ ਪ੍ਰੋਗਰਾਮ ਦਾ ਪ੍ਰਤੀ ਵਿਦਿਆਰਥੀ 900 ਰੁਪਏ ਅਲਾਊਂਸ ਵੀ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਕਮਲਪ੍ਰੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਵਜੋਂ ਕੰਪਨੀ ਕਮਾਂਡਰ ਸੁਖਦੀਪ ਸਿੰਘ ਜੀਦਾ, ਜੂਨੀਅਰ ਸਹਾਇਕ ਨਰਿੰਦਰ ਕੁਮਾਰ ਅਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ।

ਕਿਸਾਨ ਜਥੇਬੰਦੀ ਵਲੋਂ ਟਿਊਬਵੈਲ ਕੁਨੈਕਸ਼ਨ ਘਪਲੇ ਨੂੰ ਲੈ ਕੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਦਾ ਘਿਰਾਓ ਜਾਰੀ

ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਰਾਮਪੁਰਾ ਸਬ ਡਿਵੀਜ਼ਨ ’ਚ ਪਾਵਰਕੌਮ ਦੇ ਕੁੱਝ ਅਧਿਕਾਰੀਆਂ ਵਲੋਂ ਖੇਤੀ ਮੋਟਰ ਕੁਨੈਕਸ਼ਨਾਂ ਦੇ ਕਥਿਤ ਘਪਲੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੀਤੇ ਕੱਲ ਪੱਛਮੀ ਜੋਨ ਦੇ ਮੁੱਖ ਇੰਜਨੀਅਰ ਦੀ ਰਿਹਾਇਸ਼ ਅੱਗੇ ਚੱਲ ਰਿਹਾ ਲਗਾਤਾਰ ਦਿਨ – ਰਾਤ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਹਾਲਾਂਕਿ ਇਸ ਮਸਲੇ ਦੇ ਹੱਲ ਲਈ ਅੱਜ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਪਰੰਤੁੂ ਖ਼ਬਰ ਲਿਖੇ ਜਾਣ ਤੱਕ ਦੋਨਾਂ ਧਿਰਾਂ ਵਿਚਕਾਰ ਕੋਈ ਸਹਿਮਤੀ ਨਹੀਂ ਹੋ ਸਕੀ ਸੀ। ਉਧਰ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ , ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ , ਜਗਦੇਵ ਸਿੰਘ ਜੋਗੇਵਾਲਾ , ਜਗਸੀਰ ਸਿੰਘ ਝੁੰਬਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਸੜੇ ਟਰਾਂਸਫਾਰਮਰ ਬਦਲਾਉਣ, ਖੇਤੀ ਕਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਇਸ ਧੋਖਾਧੜੀ ਕਰਨ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਨਛੱਤਰ ਸਿੰਘ ਢੱਡੇ, ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਜਰਨਲ ਸਕੱਤਰ ਬਲਦੇਵ ਸਿੰਘ ਚੌਕੇ ਨੇ ਕਿਹਾ ਕਿ ਲੱਗਭੱਗ ਬਾਰਾਂ ਤੇਰਾਂ ਸਾਲ ਪਹਿਲਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ਲਈ ਓ ਵਾਈ ਟੀ ਸਕੀਮ ਤਹਿਤ ਰਾਮਪੁਰਾ ਦੇ ਦਫ਼ਤਰ ਵਿਚ ਬਣਦੀ ਰਕਮ ਜਮਾਂ ਕਰਵਾਈ ਸੀ । ਬਿਜਲੀ ਬੋਰਡ ਦੇ ਦਫਤਰ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਦਾ ਸਮਾਨ ਦੇ ਕੇ ਕਿਸਾਨਾਂ ਦੇ ਖੇਤਾਂ ਵਿੱਚ ਖੇਤੀ ਮੋਟਰਾਂ ਚਾਲੂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਨੈਕਸ਼ਨਾਂ ਦੀਆਂ ਰਜਿਸਟਰੇਸ਼ਨ ਕਾਪੀਆਂ ਵੀ ਦਿੱਤੀਆਂ ਗਈਆਂ । ਹੁਣ ਜਦੋਂ ਮੋਟਰਾਂ ਦੇ ਟਰਾਂਸਫਾਰਮਰ ’ਚ ਨੁਕਸ ਪੈ ਗਿਆ ਤਾਂ ਕਿਸਾਨਾਂ ਨੇ ਦਫ਼ਤਰ ਜਾ ਕੇ ਦਰਖਾਸਤ ਦੇਣ ਉਪਰੰਤ ਟਰਾਂਸਫਾਰਮਰ ਬਦਲਣ ਦੀ ਮੰਗ ਕੀਤੀ ਤਾਂ ਉਹ ਹੈਰਾਨ ਰਹਿ ਗਏ ਜਦੋਂ ਸਬੰਧਤ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਰਿਕਾਰਡ ਵਿੱਚ ਤਾਂ ਕੋਈ ਕਨੈਕਸ਼ਨ ਚੱਲਦਾ ਹੀ ਨਹੀਂ । ਬਾਅਦ ਵਿਚ ਪਤਾ ਚੱਲਿਆ ਹੈ ਕਿ ਅਜਿਹੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਖੇਤੀ ਮੋਟਰਾ ਦੇ ਕੁਨੈਕਸ਼ਨ ਚਲਦੇ ਹਨ ਪਰ ਰਿਕਾਰਡ ਵਿੱਚ ਦਰਜ ਨਹੀਂ । ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਲੱਗਭੱਗ ਦੋ ਮਹੀਨਿਆਂ ਤੋਂ ਰਾਮਪੁਰਾ ਦੇ ਬਿਜਲੀ ਦਫਤਰ ਅੱਗੇ ਸੰਘਰਸ਼ ਚੱਲਿਆ। ਬੁਲਾਰਿਆਂ ਨੇ ਕਿਹਾ ਕਿ ਮਹਿਕਮੇ ਦੇ ਅਧਿਕਾਰੀਆਂ ਦੀ ਗਲਤੀ ਦੀ ਸਜਾ ਭੁਗਤਣੀ ਪੈ ਰਹੀ ਹੈ ਕਿਉਂ ਕਿ ਕਿਸਾਨਾਂ ਦੀਆਂ ਖੇਤੀ ਮੋਟਰਾ ਛੇ ਮਹੀਨੇ ਤੋਂ ਬੰਦ ਪਈਆਂ ਹਨ ਅਤੇ ਆਉਣ ਵਾਲੇ ਭਵਿੱਖ ਵਿੱਚ ਵੀ ਅਧਿਕਾਰੀ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕਰ ਰਹੇ। ਅੱਜ ਦੇ ਇਕੱਠ ਨੂੰ ਬੂਟਾ ਸਿੰਘ ਬੱਲੋ, ਗੁਰਪਾਲ ਸਿੰਘ ਦਿਓਣ, ਕੁਲਵੰਤ ਸਰਮਾ ਰਾਇਕੇ ਕਲਾਂ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਗੁਰਤੇਜ ਸਿੰਘ ਗੁਰੂਸਰ,ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਅਤੇ ਲਖਵੀਰ ਸਿੰਘ ਨੇ ਵੀ ਸੰਬੋਧਨ ਕੀਤਾ।

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੀ ਹੋਈ ਸ਼ੁਰੂਆਤ

0

ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ:- ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ “ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂ ਉਤਸਵ” ਅਧੀਨ “ਸਵੱਛ ਭਾਰਤ ਸਵੱਸਥ ਭਾਰਤ” ਮਿਸ਼ਨ ਤਹਿਤ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦਾ ਉਦਘਾਟਨ ਪਹਿਲਾ ਸੈਸ਼ਨ ਵਿੱਚ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ, ਜਨਰਲ ਸਕੱਤਰ ਸ਼੍ਰੀ ਸਤੀਸ਼ ਅਰੋੜਾ ਤੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਕੇਕ ਕੱਟ ਕੇ ਕੀਤਾ ਗਿਆ । ਇਸ ਸਮੇਂ ਐਨ. ਐਸ. ਐਸ. ਵਲੰਟੀਅਰਾਂ ਵੱਲੋਂ ਸਮਾਜ ਵਿੱਚ ਚੰਗੇ ਕਾਰਜ ਕਰਨ ਦੀ ਸਹੁੰ ਵੀ ਚੁੱਕੀ ਗਈ । ਕਾਲਜ ਪ੍ਰਿੰਸੀਪਲ ਨੇ ਕੌਮੀ ਸੇਵਾ ਯੋਜਨਾ ਦੇ ਕੈਂਪਾਂ ਦੀ ਅਹਿਮੀਅਤ ਬਾਰੇ ਦੱਸਿਆ ਕਿ ਵਲੰਟੀਅਰਾਂ ਅੰਦਰ ਮਿਹਨਤ ਕਰਨ, ਜਿੰਮੇਵਾਰੀ ਦੀ ਭਾਵਨਾ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਲਈ ਵਲੰਟੀਅਰਾਂ ਨੂੰ ਤਿਆਰ ਕਰਨ ਵਿੱਚ ਅਜਿਹੇ ਕੈਂਪ ਵੱਡੀ ਭੂਮਿਕਾ ਨਿਭਾਉਂਦੇ ਹਨ । ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਐਨ ਐਸ ਐਸ ਗਤੀਵਿਧੀਆਂ ਵਿੱਚ ਹਮੇਸ਼ਾ ਬੁਲੰਦੀਆਂ ਛੂੰਹਦਾ ਰਿਹਾ ਹੈ ਤੇ ਵਲੰਟੀਅਰਾਂ ਨੂੰ ਚੰਗੇ ਸੰਸਕਾਰ ਦਿੰਦਾ ਰਿਹਾ ਹੈ । ਇਸ ਸਮਾਰੋਹ ਦੇ ਦੂਜੇ ਸੈਸ਼ਨ ਦੇ ਰਿਸੋਰਸ ਪਰਸਨ ਵਜੋਂ ਡਾ. ਊਸ਼ਾ ਸ਼ਰਮਾ ਨੇ ਸ਼ਿਰਕਤ ਕੀਤੀ । ਜਿੰਨ੍ਹਾਂ ਨੇ ਆਪਣੇ 33 ਸਾਲਾਂ ਦੇ ਐਨ ਐਸ ਐਸ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਐਨ ਐਸ ਐਸ ਦੀ ਮਹੱਤਤਾ, ਵਲੰਟੀਅਰਾਂ ਦੀ ਭੂਮਿਕਾ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਲਈ ਵਲੰਟੀਅਰਾਂ ਨੂੰ ਪ੍ਰੇਰਿਆ । ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਚਾਨਣਾ ਮੈਡਮ ਗੁਰਮਿੰਦਰ ਜੀਤ ਕੌਰ ਵੱਲੋਂ ਪਾਇਆ ਗਿਆ ।ਇਸ ਸਮਾਰੋਹ ਦੇ ਤੀਜੇ ਸੈਸ਼ਨ ਵਿੱਚ ਕਰਨਲ ਯਾਦਵ ਵੱਲੋਂ ਸਹਿਜ-ਯੋਗਾ ਕਰਵਾਉਂਦੇ ਹੋਏ ਵਲੰਟੀਅਰਾਂ ਨੂੰ ਅੰਦਰੂਨੀ ਸ਼ਕਤੀ ਜਗਾ ਕੇ ਮਾਈਗ੍ਰੇਨ ਵਰਗੀਆਂ ਬੀਮਾਰੀਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਅਤੇ ਧਿਆਨ ਯੋਗ ਰਾਹੀਂ ਮਨ ਦੀ ਸ਼ਾਂਤੀ ਬਰਕਰਾਰ ਰੱਖਣ ਬਾਰੇ ਦੱਸਿਆ । ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ 70 ਵਲੰਟੀਅਰਾਂ ਅਤੇ 10 ਅਧਿਆਪਕਾਂ ਨੇ ਹਿੱਸਾ ਲਿਆ । ਇਸ ਸਮੇਂ ਐਨ ਐਸ ਐਸ ਵਲੰਟੀਅਰ ਰੁਪਿੰਦਰਜੀਤ ਨੇ ‘ਧੀਆਂ’ ਗੀਤ ਅਤੇ ਭੂਮਿਕਾ ਨੇ ਨਸ਼ਿਆ ਤੇ ਕਵਿਤਾ ਪੇਸ਼ ਕੀਤੀ । ਮੰਚ ਦਾ ਸੰਚਾਲਨ ਕਰਦੇ ਹੋਏ ਡਾ. ਸਿਮਰਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਮਿਸ਼ਨ ਲਾਈਫ ਤਹਿਤ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਕੰਸਲਟੈਂਸੀ ਸੈੱਲ ਵੱਲੋਂ “ਊਰਜਾ ਆਡਿਟ ਅਤੇ ਗ੍ਰੀਨ ਪ੍ਰੈਕਟਿਸ”ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜੋ ਅੱਜ ਇਥੇ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਸਮਾਪਤ ਹੋਈ। ਇਹ ਵਰਕਸ਼ਾਪ ਮਿਸ਼ਨ ਲਾਈਫ ਤਹਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ (ਪੀ.ਐਸ.ਸੀ.ਐਸ.ਟੀ.) ਵੱਲੋਂ ਸਪਾਂਸਰ ਕੀਤੀ ਗਈ ਸੀ। ਇਸ ਵਰਕਸ਼ਾਪ ਵਿੱਚ ਬਠਿੰਡਾ ਖੇਤਰ ਦੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਐਸ.ਐਸ.ਡੀ. ਗਰਲਜ਼ ਕਾਲਜ, ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਯੂਨੀਵਰਸਿਟੀ ਮੇਨ ਕੈਂਪਸ ਅਤੇ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 80 ਤੋਂ ਵੱਧ ਪ੍ਰਤੀਭਾਗੀਆਂ ਨੇ ਭਾਗ ਲਿਆ।ਇਸ ਵਰਕਸ਼ਾਪ ਦਾ ਉਦੇਸ਼ ਲਾਗੂ ਨਿਯਮਾਂ, ਨੀਤੀਆਂ ਅਤੇ ਮਾਪਦੰਡਾਂ ਦੀ ਪਾਲਣਾ ਵਿੱਚ ਵਾਤਾਵਰਣ ਸਥਿਰਤਾ ਦੇ ਢਾਂਚੇ ਦੀ ਪਛਾਣ ਕਰਨਾ, ਮਾਤਰਾ ਨਿਰਧਾਰਤ ਕਰਨਾ, ਵਰਣਨ ਕਰਨਾ ਅਤੇ ਤਰਜੀਹ ਦੇਣਾ ਸੀ। ਵਰਕਸ਼ਾਪ ਊਰਜਾ ਆਡਿਟਿੰਗ, ਊਰਜਾ ਪ੍ਰਬੰਧਨ ਅਤੇ ਹਰੇ ਅਭਿਆਸਾਂ ਦੇ ਸਬੰਧ ਵਿੱਚ ਵੱਖ-ਵੱਖ ਹਿੱਸੇਦਾਰਾਂ ਜਿਵੇਂ ਕਿ ਵਿਦਿਆਰਥੀਆਂ, ਖੋਜ ਵਿਦਵਾਨਾਂ, ਫੈਕਲਟੀ, ਉਦਯੋਗ ਦੇ ਪ੍ਰਤੀਨਿਧਾਂ, ਊਰਜਾ ਅਤੇ ਬਿਲਡਿੰਗ ਸਲਾਹਕਾਰਾਂ ਅਤੇ ਡੋਮੇਨ ਮਾਹਿਰਾਂ ਨੂੰ ਉਤਸ਼ਾਹਿਤ ਕਰਨ ਅਤੇ ਗਿਆਨ ਦੀ ਵੰਡ ’ਤੇ ਕੇਂਦਰਿਤ ਸੀ।ਇਸ ਮੌਕੇ ਸ੍ਰੀ ਕੋਟਰਪੁਰਮ, ਚੇਨਈ (ਤਾਮਿਲਨਾਡੂ) ਤੋਂ ਸੇਂਥਿਲ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ‘ਊਰਜਾ ਆਡਿਟ ਅਤੇ ਗ੍ਰੀਨ ਪ੍ਰੈਕਟਿਸਜ਼’ ’ਤੇ ਆਪਣੀ ਕੇਸ ਸਟੱਡੀ ਪੇਸ਼ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਡਾ. ਆਸ਼ੀਸ਼ ਬਾਲਦੀ ਨੇ ਦੱਸਿਆ ਕਿ ਐਮ.ਆਰ.ਐਸ.ਪੀ.ਟੀ.ਯੂ. ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਮਿਸ਼ਨ ਲਾਈਫ ਵਿੱਚ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਤਹਿਤ ਪਛਾਣੇ ਗਏ ਵੱਖ-ਵੱਖ ਵਿਸ਼ਿਆਂ ’ਤੇ ਜਾਗਰੂਕਤਾ ਮੁਹਿੰਮ, ਵਰਕਸ਼ਾਪਾਂ, ਮੁਕਾਬਲਿਆਂ ਅਤੇ ਪ੍ਰਦਰਸ਼ਨੀ ਦੀ ਸ਼੍ਰੇਣੀ ਵਿੱਚ ਲਗਭਗ 25 ਸਮਾਗਮਾਂ ਦਾ ਆਯੋਜਨ ਕਰ ਰਹੀ ਹੈ। ਵਰਕਸ਼ਾਪ ਦੌਰਾਨ ਸ੍ਰੀ ਰਾਕੇਸ਼ ਨਈਅਰ ਸੀਨੀਅਰ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਅਤੇ ਉਨ੍ਹਾਂ ਦੇ ਸੰਭਾਵੀ ਹੱਲਾਂ ਬਾਰੇ ਆਪਣੇ ਭਾਸ਼ਣ ਦਿੱਤੇ। ਉਨ੍ਹਾਂ ਵਾਤਾਵਰਨ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ, ਠੋਸ ਰਹਿੰਦ-ਖੂੰਹਦ ਅਤੇ ਇਸ ਦੇ ਪ੍ਰਬੰਧਨ ਨਾਲ ਸਬੰਧਤ ਵਿਸ਼ਿਆਂ ਨੂੰ ਕਵਰ ਕੀਤਾ।ਇਸ ਮੌਕੇ ਸ੍ਰੀ ਅਸ਼ਵਨੀ ਗੋਇਲ, ਡਾ: ਰਜਨੀਸ਼ ਕੁਮਾਰ ਅਤੇ ਸ੍ਰੀ ਸਲਿਲ ਬਾਂਸਲ ਨੇ ਊਰਜਾ ਆਡਿਟ ਅਤੇ ਗ੍ਰੀਨ ਅਭਿਆਸਾਂ ਦੇ ਖੇਤਰ ਵਿੱਚ ਆਪਣੇ ਮਾਹਿਰ ਭਾਸ਼ਣ ਦਿੱਤੇ। ਡਾ. ਮੀਨੂ ਅਸਿਸਟੈਂਟ ਪ੍ਰੋਫੈਸਰ (ਕੈਮਿਸਟਰੀ) ਨੇ ‘ਪ੍ਰਮਾਣਤਾ ਫਰੇਮਵਰਕ ਅਨੁਸਾਰ ਹਰੀ ਅਭਿਆਸ’ ਵਿਸ਼ੇ ’ਤੇ ਆਪਣਾ ਮਾਹਿਰ ਭਾਸ਼ਣ ਦਿੱਤਾ। ਕੈਂਪਸ ਡਾਇਰੈਕਟਰ, ਪ੍ਰੋ.(ਡਾ.) ਸੰਜੀਵ ਕੁਮਾਰ ਅਗਰਵਾਲ ਨੇ ਅਸਲ ਜੀਵਨ ਵਿੱਚ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਸਮਾਪਤੀ ਸਮਾਰੋਹ ਦੌਰਾਨ ਵੱਖ-ਵੱਖ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇੰਜ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਈਸੀਈ) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਪਤੀ ਸਮਾਰੋਹ ਦੌਰਾਨ ਡੀਨਜ਼, ਡਾਇਰੈਕਟਰਜ਼, ਵਿਭਾਗੀ ਮੁਖੀ ਅਤੇ ਫੈਕਲਟੀ/ਸਟਾਫ਼ ਮੈਂਬਰ ਵੀ ਹਾਜ਼ਰ ਸਨ। ਪ੍ਰੋ: ਬੂਟਾ ਸਿੰਘ ਸਿੱਧੂ ਵਾਈਸ-ਚਾਂਸਲਰ ਅਤੇ ਡਾ. ਜਤਿੰਦਰ ਕੌਰ ਅਰੋੜਾ ਕਾਰਜਕਾਰੀ ਡਾਇਰੈਕਟਰ ਪੀ.ਐਸ.ਸੀ.ਐਸ.ਟੀ.-ਚੰਡੀਗੜ੍ਹ ਇਸ ਵਰਕਸ਼ਾਪ ਦੇ ਸਰਪ੍ਰਸਤ ਸਨ। ਇਸ ਵਿਸ਼ੇਸ਼ ਵਰਕਸ਼ਾਪ ਲਈ ਪ੍ਰੋ. ਮਨਜੀਤ ਬਾਂਸਲ, ਡੀਨ (ਕਸਲਟੈਂਸੀ ਐਂਡ ਇੰਡਸਟਰੀ ਲਿੰਕੇਜ) ਅਤੇ ਇੰਜ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਈ.ਸੀ.ਈ.), ਨੇ ਕ੍ਰਮਵਾਰ ਕਨਵੀਨਰ ਅਤੇ ਕੋ-ਕਨਵੀਨਰ ਦੀ ਮੁੱਖ ਭੂਮਿਕਾ ਨਿਭਾਈ।

Our Visitor

1911637