ਸੰਗਤਾਂ ਦੀ ਮੰਗ ਨੂੰ ਦੇਖਦਿਆ ਨਵੀਂ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਚਲਾਉਣ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਸੁਲਤਾਨਪੁਰ, 31 ਮਾਰਚ: ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਦਿੰਦਿਆ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵੱਲੋਂ ਹਵਾੜਾ ਤੋਂ ਦੋ ਦਿਨ ਚੱਲਣ ਵਾਲੀ ਰੇਲ ਗੱਡੀ ਨੂੰ ਰੋਜ਼ਾਨਾ ਚਲਾਉਂਣ ਦੀ ਮੰਗ ਕੀਤੀ। ਸੰਤ ਸੀਚੇਵਾਲ ਨੇ ਪਾਰਲੀਮੈਂਟ ਹਾਊਸ ਵਿੱਚ ਰੇਲ ਮੰਤਰੀ ਸ਼੍ਰੀ ਵੈਸ਼ਨਵ ਨਾਲ ਕੀਤੀ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਬੀਤੇ ਦਿਨੀ ਤਖ਼ਤ ਸ਼੍ਰੀ ਪਟਨਾ ਸਾਹਿਬ ਨਤਮਸਤਕ ਹੋਣ ਲਈ ਗਏ ਸਨ ਤੇ ਜਿੱਥੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਸੰਗਤਾਂ ਦੀ ਆਸਥਾ ਨੂੰ ਮੁੱਖ ਰੱਖਦਿਆ ਪਟਨਾ ਸਾਹਿਬ ਤੋਂ ਅਕਾਲ ਤਖ਼ਤ ਐਕਸਪ੍ਰੈਸ ਰੋਜ਼ਾਨਾ ਚਲਾਉਣ ਤੇ ਨਵੀਂ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਚਲਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਲਈ ਮੰਗ ਕੀਤੀ ਗਈ ਸੀ। ਇਸ ਦੌਰਾਨ ਸੰਤ ਸੀਚੇਵਾਲ ਨੇ ਰੇਲਵੇ ਮੰਤਰੀ ਅੱਗੇ ਨਵੀਂ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਚਲਾਉਣ ਦੀ ਮੰਗ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ ਰੇਲਵੇ ਮੰਤਰੀ ਵੱਲੋਂ ਭਰੋਸਾ ਦਿੱਤਾ ਹੈ ਕਿ ਸਿੱਖ ਜਗਤ ਦੇ ਤਖ਼ਤ ਸ਼?ਰੀ ਪਟਨਾ ਸਾਹਿਬ ਤੋਂ ਸ਼ਰਧਾਂਲੂਆਂ ਦੀ ਚਿਰੋਕਣੀ ਮੰਗ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ ਤੇ ਜਲਦੀ ਹੀ ਇਸ ਬਾਰੇ ਕੋਈ ਫੈਸਲਾ ਕੀਤਾ ਜਾਵੇਗਾ ਤਾਂ ਜੋ ਸਿੱਖ ਸ਼ਰਧਾਂਲੂਆਂ ਨੂੰ ਪਟਨਾ ਸਾਹਿਬ ਅਤੇ ਇਸ ਇਲਾਕੇ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ। ਸੰਤ ਸੀਚੇਵਾਲ ਨੇ ਦੱਸਿਆ ਕਿ ਤਖ਼ਤ ਸਾਹਿਬ ਦੀ ਯਾਤਰਾ ਦੌਰਾਨ ਉਥੋਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਵੱਲੋ ਉਨ੍ਹਾਂ ਨੂੰ ਇਹ ਮੰਗ ਪੱਤਰ ਦਿੱਤਾ ਸੀ। ਇਹ ਧਾਰਮਿਕ ਅਸਥਾਨ ਖਾਲਸਾ ਪੰਥ ਦੇ ਬਾਨੀ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਜਨਮ ਅਸਥਾਨ ਹੈ। ਦੁਨੀਆਂ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਸ਼ਰਧਾਲੂ ਇੱਥੇ ਮੱਥਾ ਟੇਕਣ ਅਤੇ ਗੁਰੂਘਰ ਦਾ ਆਸ਼ੀਰਵਾਦ ਲੈਣ ਲਈ ਰੋਜਾਨਾ ਆਉਂਦੇ ਹਨ। ਇਸ ਯਾਤਰਾ ਦੌਰਾਨ ਪੰਜਾਬ ਤੋਂ ਬੰਗਾਲ ਲਈ ਅਕਾਲ ਤਖ਼ਤ ਐਕਸਪ੍ਰੈਸ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਬਹੁਤ ਪਸੰਦੀਦਾ ਅਤੇ ਪ੍ਰਸਿੱਧ ਰੇਲਗੱਡੀ ਹੈ ਪਰ ਸਿਰਫ਼ ਦੋ ਦਿਨ ਇਸ ਰੇਲਗੱਡੀ ਦੇ ਚੱਲਣ ਕਾਰਨ ਸੰਗਤਾਂ ਨੂੰ ਇਸ ਵਿਚ ਸਫਰ ਕਰਨ ਲਈ ਟਿਕਟਾਂ ਲਈ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ। ਇਸੇ ਲਈ ਗੁਰਸੰਗਤਾਂ ਵੱਲੋਂ ਅਕਾਲ ਤਖ਼ਤ ਐਕਸਪ੍ਰੈਸ ਗੱਡੀ ਨੰ. 12317/12318 (ਜੋ ਹਾਵੜਾ ਤੋਂ ਅੰਮ੍ਰਿਤਸਰ ਵਾਇਆ ਪਟਨਾ ਸਾਹਿਬ ਚਲਦੀ ਹੈ) ਨੂੰ ਰੋਜ਼ਾਨਾ ਦੇ ਆਧਾਰ ‘ਤੇ ਚਲਾਉਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਸੰਤ ਸੀਚੇਵਾਲ ਵੱਲੋਂ ਮੁਲਾਕਾਤ ਦੌਰਾਨ ਇੰਨ੍ਹਾਂ ਸਾਰੀਆਂ ਮੰਗਾਂ ਨੂੰ ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ।
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਅਕਾਲ ਤਖ਼ਤ ਐਕਸਪ੍ਰੈਸ ਰੋਜ਼ਾਨਾ ਚਲਾਉਣ ਲਈ ਸੰਤ ਸੀਚੇਵਾਲ ਨੇ ਰੇਲਵੇ ਮੰਤਰੀ ਨੂੰ ਦਿੱਤਾ ਮੰਗ ਪੱਤਰ
ਪਾਵਰਕਾਮ ਦੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਅੱਗੇ ਕਿਸਾਨਾਂ ਦਾ ਧਰਨਾ ਤੀਜ਼ੇ ਦਿਨ ਵੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ : ਪਾਵਰਕਾਮ ਦੀ ਸਬ ਡਵੀਜ਼ਨ ਰਾਮਪੁਰਾ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਕਿਸਾਨਾਂ ਨਾਲ ਕੀਤੇ ਖੇਤੀ ਮੋਟਰ ਕੁਨੈਕਸ਼ਨਾਂ ਦੇ ਘਪਲੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੀਫ ਇੰਜਨੀਅਰ ਪੱਛਮੀ ਜੋਨ ਦੀ ਰਿਹਾਇਸ਼ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ , ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ , ਸੁਖਦੇਵ ਸਿੰਘ ਬਲਾਕ ਪ੍ਰਧਾਨ ਰਾਮਪੁਰਾ ਅਤੇ ਔਰਤ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਜਿੱਥੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਸਬੰਧੀ ਚੁੱਪ ਵੱਟੀ ਹੋਈ ਹੈ ਉੱਥੇ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ 6 ਮਹੀਨਿਆਂ ਤੋਂ ਵੱਖ-ਵੱਖ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਕਿਸਾਨਾਂ ਦੇ ਮਸਲੇ ਹੱਲ ਕਰਨ ਸਬੰਧੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੁਦਰਤੀ ਆਫ਼ਤਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਕਿਸਾਨਾਂ ਨੂੰ ਆਪਣੀ ਮੰਗਾਂ ਮਸਲੇ ਹੱਲ ਕਰਵਾਉਣ ਲਈ ਝੱਖੜ ਅਤੇ ਗੜੇਮਾਰੀ ਦੇ ਮੌਸਮ ਦੌਰਾਨ ਖੁੱਲ੍ਹੇ ਅਸਮਾਨ ਵਿੱਚ ਸਰਕਾਰ ਅਤੇ ਦੋਸ਼ੀ ਸਬੰਧਤ ਅਧਿਕਾਰੀਆਂ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਸੜੇ ਟਰਾਂਸਫਾਰਮਰ ਬਦਲਾਉਣ ਖੇਤੀ ਕਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਇਸ ਧੋਖਾਧੜੀ ਕਰਨ ਵਿੱਚ ਸ਼ਾਮਿਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਜ਼ਿਲ੍ਹਾ ਆਗੂ ਨਛੱਤਰ ਸਿੰਘ ਢੱਡੇ ਅਤੇ ਰਾਮਪੁਰਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਚੌਕੇ ਨੇ ਕਿਹਾ ਕਿ ਲੱਗਭੱਗ ਬਾਰਾਂ ਤੇਰਾਂ ਸਾਲ ਪਹਿਲਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ਲਈ ਓ ਵਾਈ ਟੀ ਸਕੀਮ ਤਹਿਤ ਰਾਮਪੁਰਾ ਦੇ ਦਫ਼ਤਰ ਵਿਚ ਬਣਦੀ ਰਕਮ ਜਮਾਂ ਕਰਵਾਈ ਸੀ। ਬਿਜਲੀ ਬੋਰਡ ਦੇ ਦਫਤਰ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਦਾ ਸਮਾਨ ਦੇ ਕੇ ਕਿਸਾਨਾਂ ਦੇ ਖੇਤਾਂ ਵਿੱਚ ਖੇਤੀ ਮੋਟਰਾਂ ਚਾਲੂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਨੈਕਸ਼ਨਾਂ ਦੀਆਂ ਰਜਿਸਟਰੇਸ਼ਨ ਕਾਪੀਆਂ ਵੀ ਦਿੱਤੀਆਂ ਗਈਆਂ। ਹੁਣ ਜਦੋਂ ਮੋਟਰਾਂ ਦੇ ਟਰਾਂਸਫਾਰਮਰ ਚ ਨੁਕਸ ਪੈ ਗਿਆ ਤਾਂ ਕਿਸਾਨਾਂ ਨੇ ਦਫ਼ਤਰ ਜਾ ਕੇ ਦਰਖਾਸਤ ਦੇਣ ਉਪਰੰਤ ਟਰਾਂਸਫਾਰਮਰ ਬਦਲਣ ਦੀ ਮੰਗ ਕੀਤੀ ਤਾਂ ਉਹ ਹੈਰਾਨ ਰਹਿ ਗਏ ਜਦੋਂ ਸਬੰਧਤ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਰਿਕਾਰਡ ਵਿੱਚ ਤਾਂ ਤੁਹਾਡਾ ਕੋਈ ਕਨੈਕਸ਼ਨ ਚੱਲਦਾ ਹੀ ਨਹੀਂ। ਅੱਜ ਦੇ ਇਕੱਠ ਨੂੰ ਬੂਟਾ ਸਿੰਘ ਬੱਲੋ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਹਰਪ੍ਰੀਤ ਸਿੰਘ ਚੱਠੇਵਾਲਾ ਅਤੇ ਗੁਰਦੀਪ ਸਿੰਘ ਮਾਈਸਰਖਾਨਾ ਨੇ ਵੀ ਸੰਬੋਧਨ ਕੀਤਾ।
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਵਿਰੁਧ ਦੂਸਰੇ ਦੇਸ਼ਾਂ ਨੇ ਵੀ ਕੀਤੀ ਕੇਂਦਰ ਸਰਕਾਰ ਦੀ ਨਿੰਦਾ: ਵਿਜੇ ਇੰਦਰ ਸਿੰਗਲਾ
ਕੇਂਦਰ ਸਰਕਾਰ ਵਿਰੋਧੀ ਧਿਰਾਂ ਦੀ ਹੀ ਦਬਾ ਰਹੇ ਅਵਾਜ਼
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਵਿਰੁਧ ਦੇਸ਼ ਦੇ ਲੋਕਾਂ ’ਚ ਵਧ ਰਿਹਾ ਗੁੱਸਾ
ਕਾਂਗਰਸ ਕਰ ਰਹੀ ਜਾਗਰੂਕ,ਘਰ ਘਰ ਪਹੁੰਚਾਵਾਂਗੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ
ਅੰਮ੍ਰਿਤਪਾਲ ਸਿੰਘ ਦੇ ਮੁੱਦੇ ਨੂੰ ਪੰਜਾਬ ਸਰਕਾਰ ਜਲਦੀ ਕਰੇ ਹੱਲ ਨਹੀਂ ਵਿਗੜ ਸਕਦਾ ਹੈ ਪੰਜਾਬ ਦਾ ਮਾਹੌਲ
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ :-ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦਾ ਮਾਮਲਾ ਕਾਂਗਰਸ ਪਾਰਟੀ ਵੱਲੋਂ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਅੱਜ ਸਰਕਟ ਹਾਊਸ ਵਿਖੇ ਕਾਂਗਰਸ ਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਨਿੰਦਾ ਕਰਦੇ ਹੋਏ ਦੋਸ਼ ਲਗਾਇਆ ਕਿ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋਏ ਧਨਾਢ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸਰਕਾਰ ਵਿਰੋਧੀ ਧਿਰਾਂ ਦੀ ਅਵਾਜ਼ ਬੰਦ ਕਰ ਰਹੀ ਹੈ। ਸ਼੍ਰੀ ਸਿੰਗਲਾ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਕਾਰੋਬਾਰੀ ਅੰਬਾਨੀ-ਅਦਾਨੀ ਵੱਲੋਂ ਕੀਤੀ ਘਪਲੇਬਾਜ਼ੀ ਸਬੰਧੀ ਆਵਾਜ਼ ਉਠਾਈ ਗਈ ਸੀ ਜਿਸ ਕਰਕੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਗਈ, ਜਿਸ ਦੀ ਕਾਂਗਰਸ ਪਾਰਟੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕਾਰਵਾਈ ਦਾ ਅਮਰੀਕਾ-ਜਰਮਨ ਸਮੇਤ ਹੋਰਨਾਂ ਦੇਸ਼ਾਂ ਨੇ ਵੀ ਨਿੰਦਾ ਕੀਤੀ ਹੈ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਲਾਕ ਪੱਧਰ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਲਈ ਆਉਣ ਵਾਲੇ ਦਿਨਾਂ ਵਿੱਚ ਇੱਕ ਮਹੀਨੇ ਦਾ ਪਲਾਨ ਤਿਆਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਹੁਲ ਗਾਂਧੀ ਵੱਲੋਂ ਦੇਸ਼ ਵਿਚ ਕੱਢੀ ਗਈ ਪਦ ਯਾਤਰਾ ਨੂੰ ਲੋਕਾਂ ਦੇ ਮਿਲੇ ਭਰਪੂਰ ਸਹਿਯੋਗ ਤੋਂ ਬੁਖ਼ਲਾਹਟ ਵਿੱਚ ਆ ਕੇ ਕਾਂਗਰਸ ਨੂੰ ਖਤਮ ਕਰਨ ਦੀਆਂ ਸ਼ਾਜਿਸ਼ਾਂ ਕਰ ਰਹੀ ਹੈ ਜੋ ਮਨਸੂਬੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਚੱਲ ਰਹੀ ਕਾਰਵਾਈ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਮਸਲਾ ਜਲਦੀ ਹੱਲ ਕਰ ਲੈਣਾ ਚਾਹੀਦਾ ਹੈ, ਕਿਤੇ ਇਹ ਨਾ ਹੋਵੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਖੁਸ਼ਬਾਜ ਸਿੰਘ ਜਟਾਣਾ ਤੋਂ ਇਲਾਵਾ ਸੀਨੀਅਰ ਆਗੂ ਕੇ ਕੇ ਅੱਗਰਵਾਲ, ਅਰੁਣ ਵਧਾਵਣ, ਅਸ਼ੋਕ ਕੁਮਾਰ, ਅਵਤਾਰ ਸਿੰਘ ਗੋਨਿਆਣਾ, ਬਲਵੰਤ ਰਾਏ ਨਾਥ, ਬਲਰਾਜ ਪੱਕਾ, ਹਰਵਿੰਦਰ ਲੱਡੂ, ਬਲਜਿੰਦਰ ਸਿੰਘ ਠੇਕੇਦਾਰ, ਕਿਰਨਜੀਤ ਸਿੰਘ ਗਹਿਰੀ, ਰਣਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਲੱਖੀ, ਰਣਜੀਤ ਸਿੰਘ ਗਰੇਵਾਲ, ਬਲਜੀਤ ਸਿੰਘ ਯੂਥ ਆਗੂ, ਗੁਰਵਿੰਦਰ ਸਿੰਘ ਚਹਿਲ, ਭਗਵਾਨ ਦਾਸ ਭਾਰਤੀ, ਰੁਪਿੰਦਰ ਬਿੰਦਰਾ,ਗੁਰਪ੍ਰੀਤ ਬੰਟੀ, ਹਰਮੇਸ਼ ਪੱਕਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ।
ਕਰਜ਼ੇ ਤੋਂ ਦੁਖੀ ਬਠਿੰਡਾ ’ਚ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਪਰਵਾਰ ਵਲੋਂ ਸਮੂਹਿਕ ਖੁਦਕਸ਼ੀ ਦੀ ਕੋਸ਼ਿਸ਼
ਸੁਵੱਖਤੇ ਹੀ ਥਰਮਲ ਦੀ ਝੀਲ ’ਚ ਮਾਰੀ ਛਾਲ, ਪਤਨੀ ਤੇ ਪੁੱਤਰ ਦੀ ਹੋਈ ਮੌਤ, ਪਿਊ ਗੰਭੀਰ ਹਾਲਾਤ ’ਚ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਮਾਰਚ: ਸੁੱਕਰਵਾਰ ਸਵੇਰੇ ਦਿਨ ਚੜਦੇ ਹੀ ਬਠਿੰਡਾ ਸ਼ਹਿਰ ਦੇ ਇੱਕ ਪਰਿਵਾਰ ਦੇ 3 ਲੋਕਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਸਥਾਨਕ ਥਰਮਲ ਪਲਾਂਟ ਦੀ ਝੀਲ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਪ੍ਰਵਾਰ ਦਾ ਮੁਖੀ ਬਚ ਗਿਆ, ਜਿਸਦੀ ਹਾਲਾਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਜਦੋਂਕਿ ਉਸਦੀ ਪਤਨੀ ਤੇ ਪੁੱਤਰ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ’ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਕਾਫ਼ੀ ਗੰਭੀਰ ਹਾਲਾਤ ’ਚ ਬਚੇ ਪ੍ਰਵਾਰ ਦੇ ਮੁਖੀ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸਦੀ ਪਹਿਚਾਣ ਸੁਰਿੰਦਰ ਕੁਮਾਰ (67) ਵਾਸੀ ਸ਼ਾਸਤਰੀ ਵਾਲੀ ਗਲੀ ਅਮਰੀਕ ਸਿੰਘ ਰੋਡ ਦੇ ਤੌਰ ’ਤੇ ਹੋਈ ਹੈ। ਜਦੋਂਕਿ ਉਸਦੀ ਮ੍ਰਿਤਕ ਪਤਨੀ ਕੈਲਾਸ਼ ਰਾਣੀ (65 ਸਾਲ) ਅਤੇ ਮ੍ਰਿਤਕ ਪੁੱਤਰ ਦੀ ਪਹਿਚਾਣ ਪਵਨੀਸ਼ (37 ਸਾਲ) ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਸੁਰਿੰਦਰ ਕੁਮਾਰ ਵਲੋਂ ਅਮਰੀਕ ਸਿੰਘ ਰੋਡ ਉਪਰ ਹੀ ਇੱਕ ਪ੍ਰਿੰਟਿੰਗ ਪ੍ਰੈਸ ਚਲਾਈ ਜਾ ਰਹੀ ਸੀ। ਮੁਢਲੀ ਸੂਚਨਾ ਮੁਤਾਬਕ ਪ੍ਰਵਾਰ ਕਰਜ਼ੇ ਤੋਂ ਪ੍ਰੇਸ਼ਾਨ ਦਸਿਆ ਜਾ ਰਿਹਾ ਸੀ, ਜਿਸਦੇ ਚੱਲਦੇ ਉਨ੍ਹਾਂ ਵਲੋਂ ਇਹ ਕਦਮ ਚੁੱਕਿਆ ਗਿਆ। ਇਸ ਘਟਨਾ ਦੀ ਥਾਣਾ ਥਰਮਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਨੇ ਦਸਿਆ ਕਿ ਪ੍ਰਵਾਰ ਵਲੋਂ ਲਿਖਤੀ ਬਿਆਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਧਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਹਾਰਾ ਜਨ ਸੇਵਾ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾ ਦਿੱਤਾ ਹੈ।
ਨੈਸ਼ਨਲ ਯੂਥ ਵਲੰਟੀਅਰ ਦੀ ਭਰਤੀ ਲਈ ਮਿਤੀ ਵਿੱਚ ਕੀਤਾ ਗਿਆ ਵਾਧਾ
3 ਅਪ੍ਰੈਲ ਤੱਕ ਜਮਾਂ ਕਰਵਾਈਆਂ ਜਾ ਸਕਦੀਆਂ ਹਨ ਅਰਜ਼ੀਆਂ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋਂ ਨੈਸ਼ਨਲ ਯੂਥ ਵਲੰਟੀਅਰ ਦੀ ਭਰਤੀ ਲਈ ਬਿਨੈ ਪੱਤਰ ਮੰਗੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਨੇ ਦੱਸਿਆ ਕਿ ਪਹਿਲਾਂ 24 ਮਾਰਚ ਤੱਕ ਨੈਸ਼ਨਲ ਯੂਥ ਵਲੰਟੀਅਰਾਂ ਦੀ ਭਰਤੀ ਦੀ ਆਖ਼ਰੀ ਤਰੀਕ ਸੀ, ਪਰ ਹੁਣ ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਤੋਂ ਪ੍ਰਾਪਤ ਹੁਕਮਾਂ ਅਨੁਸਾਰ ਰਾਸ਼ਟਰੀ ਯੁਵਾ ਵਲੰਟੀਅਰਾਂ ਦੀ ਭਰਤੀ ਲਈ 10 ਦਿਨ ਦਾ ਹੋਰ ਵਾਧਾ ਕੀਤਾ ਗਿਆ ਹੈ, ਜਿਸ ਤਹਿਤ 3 ਅਪ੍ਰੈਲ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਵਿੱਚ, ਭਾਰਤ ਸਰਕਾਰ ਉਨ੍ਹਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਰਾਸ਼ਟਰੀ ਨਿਰਮਾਣ ਗਤੀਵਿਧੀਆਂ ਵਿੱਚ ਮਦਦ ਕਰਨ ਲਈ ਉਨ੍ਹਾਂ ਦੀਆਂ ਊਰਜਾਵਾਂ ਅਤੇ ਸੰਭਾਵਨਾਵਾਂ ਨੂੰ ਚੈਨਲਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨਹਿਰੂ ਯੁਵਾ ਕੇਂਦਰ, ਬੈਕਸਾਈਡ ਗਰੀਨ ਪੈਲੇਸ , ਬੈਂਕ ਕਾਲੋਨੀ, ਬਰਨਾਲਾ ਬਾਈਪਾਸ, ਬਠਿੰਡਾ ਵਿਖੇ ਦਫ਼ਤਰੀ ਕੰਮਕਾਜ ਦੇ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਵਿਭਾਗ ਦੀ ਵੈੱਬਸਾਈਟ nyks.nic.in ਤੋਂ ਵੀ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਕੇਂਦਰੀ ਯੂਨੀਵਰਸਿਟੀ ’ਚ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ
43 ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਆਨਲਾਈਨ ਅਰਜ਼ੀਆਂ 19 ਅਪ੍ਰੈਲ ਤੱਕ ਕੀਤੀਆਂ ਜਾ ਸਕਦੀਆਂ ਹਨ ਜਮਾਂ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਨੈਕ ਤੋਂ ’ ਏ+’ (1+) ਗ੍ਰੇਡ ਨਾਲ ਮਾਨਤਾ ਪ੍ਰਾਪਤ ਅਤੇ ਐਨਆਈਆਰਐਫ ਇੰਡੀਆ 2022 ਰੈਂਕਿੰਗ (ਯੂਨੀਵਰਸਿਟੀ ਸ਼੍ਰੇਣੀ) ਵਿੱਚ 81ਵਾਂ ਸਥਾਨ ਪ੍ਰਾਪਤ ਕਰਨ ਵਾਲੀ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਆਪਣੇ 43 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਕਾਦਮਿਕ ਸੈਸ਼ਨ 2023-24 ਵਿੱਚ ਯੂਨੀਵਰਸਿਟੀ ਨੇ ਪੀਜੀ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ “ਸੀਯੂਈਟੀ (ਪੀਜੀ) – 2023 ਰਾਹੀਂ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਵਿਦਿਆਰਥੀ ਐਨਟੀਏ ਦੀ ਵੈੱਬਸਾਈਟ https://cuet.nta.nic.in/ ’ਤੇ ਔਨਲਾਈਨ ਅਰਜ਼ੀ ਜਮ?ਹਾ ਕਰ ਸਕਦੇ ਹਨ। ਅਰਜੀ ਜਮਾਂ ਕਰਨ ਦੀ ਆਖਰੀ ਮਿਤੀ 19 ਅਪ੍ਰੈਲ, 2023 ਹੈ।ਅਕਾਦਮਿਕ ਸੈਸ਼ਨ 2023-24 ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਦੇਸ਼ ਦੀਆਂ ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ “ਸੀਯੂਈਟੀ (ਪੀਜੀ) – 2023”ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੀਯੂਈਟੀ (ਪੀਜੀ) – 2023 ਵਿਦਿਆਰਥੀਆਂ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਅਪਲਾਈ ਕਰਨ ਦਾ ਮੌਕਾ ਪ੍ਰਦਾਨ ਕਰੇਗੀ।ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਦੇ 27 ਰਾਜਾਂ, 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 14 ਦੇਸ਼ਾਂ ਤੋਂ ਇੱਥੇ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਬੁੱਧੀਜੀਵੀ ਨਾਗਰਿਕ ਬਣਾਉਣ ਲਈ ਵੱਖੋ-ਵੱਖ ਵਿਸ਼ਿਆਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਜਾਂਦੇ ਸਾਰੇ ਪੀਜੀ ਪ੍ਰੋਗਰਾਮ ਅਤੇ ਥੋੜ੍ਹੇ ਸਮੇਂ ਦੇ ਕੋਰਸ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਵਿਕਾਸ ’ਤੇ ਕੇਂਦ੍ਰਿਤ ਹਨ। ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਦੇਸ਼ ਭਰ ਦੇ ਅਤੇ ਖਾਸ ਕਰਕੇ ਪੰਜਾਬ ਰਾਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੀਯੂਈਟੀ (ਪੀ.ਜੀ.) – 2023 ਲਈ ਅਪਲਾਈ ਕਰਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਸਸਤੀਆਂ ਦਰਾਂ ’ਤੇ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਦਾ ਲਾਭ ਉਠਾਉਣ।ਯੂਨੀਵਰਸਿਟੀ ਆਪਣੇ ਮਿਸ਼ਨ ਨੂੰ ਸਾਕਾਰ ਕਰਨ ਲਈ 43 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਦੇ ਨਾਲ ਵੱਖ -ਵੱਖ ਅਕਾਦਮਿਕ ਵਿਸ਼ਿਆਂ ਤੇ ਖੇਤਰਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ ਜਿਸ ਵਿੱਚ ਕੰਪਿਊਟਰ ਸਾਇੰਸ ਅਤੇ ਟੈਕਨਾਲੋਜੀ; ਸਾਈਬਰ ਸਕਿਉਰਟੀ; ਗਣਿਤ; ਅੰਕੜਾ ਵਿਗਿਆਨ; ਭੌਤਿਕ ਵਿਗਿਆਨ; ਰਸਾਇਣ ਵਿਗਿਆਨ; ਅਪਲਾਈਡ ਕੈਮਿਸਟਰੀ; ਥਿਓਰੈਟੀਕਲ ਅਤੇ ਕੰਪਿਊਟੇਸ਼ਨਲ ਕੈਮਿਸਟਰੀ; ਬਾਇਓਇਨਫ਼ਾਰਮੈਟਿਕਸ; ਕੰਪਿਊਟੇਸ਼ਨਲ ਫਿਜਿਕਸ; ਬੌਟਨੀ; ਜ਼ੂਆਲੋਜੀ; ਬਾਇਓਕੈਮਿਸਟਰੀ; ਮਾਈਕਰੋਬਾਇਓਲੋਜੀ; ਜਿਓਲੋਜੀ; ਵਾਤਾਵਰਣ ਵਿਗਿਆਨ ਅਤੇ ਟੈਕਨਾਲੋਜੀ; ਫ਼ੂਡ ਸਾਇੰਸ ਅਤੇ ਟੈਕਨਾਲੋਜੀ; ਮੈਡੀਸਨਲ ਕੈਮਿਸਟਰੀ; ਮੋਲੀਕਿਉਲਰ ਮੈਡੀਸਨ; ਹਿਊਮਨ ਜੈਨੇਟਿਕਸ; ਫਾਰਮਾਸਿਉਟੀਕਲ ਕੈਮਿਸਟਰੀ; ਫਾਰਮਾਕੋਗਨੋਸੀ; ਫਾਰਮਾਕੋਲੋਜੀ; ਇਕਨਾਮਿਕਸ; ਸ਼ੋਸ਼ਿਆਲੋਜੀ; ਹਿਸਟਰੀ; ਸਾਇਕਾਲੋਜੀ; ਅੰਗਰੇਜ਼ੀ; ਹਿੰਦੀ; ਪੰਜਾਬੀ; ਪੋਲੀਟੀਕਲ ਸਾਇੰਸ; ਪੌਲੀਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼; ਐਜੂਕੇਸ਼ਨ; ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ; ਜੌਗਰਾਫ਼ੀ; ਐਗਰੀਬਿਜ਼ਨਸ; ਫ਼ਿਜ਼ੀਕਲ ਐਜੂਕੇਸ਼ਨ; ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ; ਪਰਫਾਰਮਿੰਗ ਆਰਟਸ – ਥੀਏਟਰ; ਮਿਊਜ਼ਿਕ; ਕਾਨੂੰਨ ਅਤੇ ਵਣਜ (ਕਾਮਰਸ) ਵਿਸ਼ੇ ਸ਼ਾਮਲ ਹਨ।ਯੂਨੀਵਰਸਿਟੀ ਦੀ ਦਾਖਲਾ ਸ਼ਾਖਾ ਦੇ ਅਨੁਸਾਰ, ਸੀਯੂਪੀਬੀ ਦੁਆਰਾ ਪੇਸ਼ ਕੀਤੇ ਜਾਂਦੇ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.cup.edu.in ’ਤੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਇੰਡਸਟਰੀ ਲਈ ਬਿਜਲੀ ਦਰਾਂ ਵਧਾ ਕੇ ਇੰਡਸਟਰੀ ਸੈਕਟਰ ਨਾਲ ਧੋਖਾ ਕੀਤਾ: ਸੁਖਬੀਰ ਬਾਦਲ
ਕਿਹਾ ਕਿ ਇਸ ਵਾਧੇ ਨਾਲ ਇੰਡਸਟਰੀ ਹੋਰ ਤੇਜ਼ੀ ਨਾਲ ਹੋਰ ਰਾਜਾਂ ਵਿਚ ਜਾਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ,30 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਲਈ ਬਿਜਲੀ ਦਰਾਂ ਵਧਾ ਕੇ ਇੰਡਸਟਰੀ ਸੈਕਟਰ ਨਾਲ ਧੋਖਾ ਕੀਤਾ ਹੈ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਇੰਡਸਟਰੀ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਪ੍ਰਦਾਨ ਕੀਤੀ ਜਾਵੇਗੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਇੰਡਸਟਰੀ ਲਈ ਬਿਜਲੀ ਦਰ ਵਿਚ 60 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ ਜਿਸ ਨਾਲ ਉਹਨਾਂ ਦੀ ਮੁਕਾਬਲਾ ਕਰਨ ਦੀ ਸਮਰਥਾ ਪ੍ਰਭਾਵਤ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਤੋਂ ਇੰਡਸਟਰੀ ਪਹਿਲਾਂ ਹੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਸ਼ਿਫਟ ਹੋ ਰਹੀਹੈ। ਉਹਨਾਂ ਕਿਹਾ ਕਿ ਹੁਣ ਬਿਜਲੀ ਦਰਾਂ ਵਿਚ ਤਾਜ਼ਾ ਵਾਧੇ ਨਾਲ ਇਹਨਾਂ ਦੇ ਹੋਰ ਰਾਜਾਂ ਵਿਚ ਸ਼ਿਫਟ ਹੋਣ ਦੀ ਰਫਤਾਰ ਵਿਚ ਵਾਧਾ ਹੋਵੇਗਾ ਤੇ ਇਸ ਨਾਲ ਸੂਬੇ ਦੇ ਅਰਥਚਾਰੇ ’ਤੇ ਮਾੜਾ ਪ੍ਰਭਾਵ ਪਵੇਗਾ ਤੇ ਵੱਡੀ ਪੱਧਰ ’ਤੇ ਬੇਰੋਜ਼ਗਾਰੀ ਵਧੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਦੇ ਕੁਪ੍ਰਬੰਧਨ ਦਾ ਖਮਿਆਜ਼ਾ ਇੰਡਸਟਰੀ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜਾ ਨਿਗਮ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਦੇਸ਼ ਵਿਚ ਨੰਬਰ ਇਕ ਹੁੰਦਾ ਸੀ, ਉਹ ਕੰਗਾਲ ਹੋ ਗਿਆ ਹੈ।ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਨੂੰ ਸਬਸਿਡੀ ਦੇ 9020 ਕਰੋੜ ਰੁਪਏ ਅਦਾ ਨਹੀਂ ਕੀਤੇ ਗਏ ਜਦੋਂ ਕਿ ਇਸਦੇ ਨਾਲ ਹੀ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲਾਂ ਦੇ 2548 ਕਰੋੜ ਰੁਪਏ ਵੱਖਰੇ ਤੌਰ ’ਤੇ ਖੜ੍ਹੇ ਹਨ। ਉਹਨਾਂ ਕਿਹਾ ਕਿ ਬਿਜਲੀ ਨਿਗਮ ਦਾ ਵਿੱਤੀ ਭਵਿੱਖ ਕਮਜ਼ੋਰ ਹੈ ਕਿਉਂਕਿ ਆਪ ਸਰਕਾਰ ਜਾਣ ਬੁੱਝ ਕੇ ਸਬਸਿਡੀ ਦੀ ਰਾਸ਼ੀ 7000 ਕਰੋੜ ਰੁਪਏ ਦੱਸ ਰਹੀ ਹੈ ਜਿਸਦਾ ਖੁਲ੍ਹਾਸਾ ਇੰਜੀਨੀਅਰ ਐਸੋਸੀਏਸ਼ਨ ਨੇ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਬਿਜਲੀ ਨਿਗਮ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਤੋਂ ਮਹਿੰਗੀਆਂ ਵਿਆਜ਼ ਦਰਾਂ ’ਤੇ ਕਰਜ਼ੇ ਲੈਣ ਲਈ ਮਜਬੂਰ ਹੈ।ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਉਂਦੇ ਦਿਨਾਂ ਵਿਚ ਹਾਲਾਤ ਹੋਰ ਮਾੜੇ ਹੋਣਗੇ। ਉਹਨਾਂ ਕਿਹਾ ਕਿ ਹਾਲੇ ਗਰਮੀ ਦਾ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਪਰ ਬਿਜਲੀ ਨਿਗਮ ਨੇ ਸ਼ਹਿਰਾਂ ਵਿਚ 8-8 ਘੰਟੇ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਬਿਜਲੀ ਨਿਗਮ ਕੋਲ ਫੰਡਾਂ ਦੀ ਤੋੜ ਹੈ ਤੇ ਉਹ ਗਰਮੀਆਂ ਵਿਚ ਬਿਜਲੀ ਦੀ ਵਧੀ ਹੋਈਮੰਗ ਦੀ ਪੂਰਤੀ ਵਾਸਤੇ ਬਿਜਲੀ ਖਰੀਦਣ ਦੇ ਸਮਰਥ ਨਹੀਂ ਜਿਸ ਕਾਰਨ ਝੋਨੇ ਦੀ ਲੁਆਈ ਪ੍ਰਭਾਵਤ ਹੋ ਸਕਦੀ ਹੈ।ੳਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ 750 ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਵਿਚ ਕਟੌਤੀ ਕਰ ਕੇ ਬਿਜਲੀ ਨਿਗਮ ਕੇ ਬਕਾਇਆ ਫੰਡ ਜਾਰੀ ਕਰਨ ਤੇ ਨਾਲ ਹੀ ਆਬਕਾਰੀ ਨੀਤੀ ਵਿਚ ਭ੍ਰਿਸ਼ਟਾਚਾਰ ’ਤੇ ਨਕੇਲ ਪਾਉਣ। ਉਹਨਾਂ ਕਿਹਾ ਕਿ ਬਿਜਲੀ ਨਿਗਮ ਨੂੰ ਫੰਡਾਂ ਦੀ ਫੌਰੀ ਲੋੜ ਹੈ ਕਿਉਂਕਿ ਉਸ ਕੋਲ ਤਾਂ ਟਰਾਂਸਫਾਰਮਰਾਂ ਤੇ ਗ੍ਰਿਡਾਂ ਦੀ ਮੁਰੰਮਤ ’ਤੇ ਖਰਚਣ ਵਾਸਤੇ ਵੀ ਪੈਸੇ ਨਹੀ? ਹਨ। ਉਹਨਾਂ ਕਿਹਾ ਕਿ ਨਾਲ ਕਿਸਾਨਾਂ ਤੇ ਖੇਤੀ ਅਰਥਚਾਰਾ ਪ੍ਰਭਾਵਤ ਹੋਵੇਗਾ। ਉਹਨਾਂ ਮੰਗ ਕੀਤੀ ਕਿ ਇੰਡਸਟਰੀ ਲਈ ਬਿਜਲੀ ਦਰਾਂ ਵਿਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ ਅਤੇ ਕਿਹਾ ਕਿ ਇੰਡਸਟਰੀ ਸੈਕਟਰ ਲਈ ਸਹੂਲਤਾਂ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੱਧ ਪੈਦਾ ਹੋ ਸਕਣ।
ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾ
ਕਿਸਾਨਾਂ ਨੂੰ ਕਪਾਹ, ਬਾਸਮਤੀ ਤੇ ਮੂੰਗੀ ਵਰਗੀਆਂ ਬਦਲਵੀਆਂ ਫ਼ਸਲਾਂ ਅਪਨਾਉਣ ਦੀ ਅਪੀਲ
ਕਪਾਹ ਉਤਪਾਦਕਾਂ ਲਈ ਪਹਿਲੀ ਅਪਰੈਲ ਤੋਂ ਨਹਿਰੀ ਪਾਣੀ ਮੁਹੱਈਆ ਕਰਨ ਦੀ ਗਰੰਟੀ ਦਿੱਤੀ
ਕਿਸਾਨਾਂ ਨੂੰ ਪੀਏਯੂ ਪ੍ਰਵਾਨਿਤ ਕਪਾਹ ਦੇ ਬੀਜਾਂ ’ਤੇ 33% ਸਬਸਿਡੀ ਮਿਲੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 30 ਮਾਰਚ: ਪੰਜਾਬ ਲਈ ਫ਼ਸਲੀ ਵਿਭਿੰਨਤਾ ਨੂੰ ਅਹਿਮ ਲੋੜ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਕਪਾਹ, ਬਾਸਮਤੀ ਤੇ ਮੂੰਗੀ ਵਰਗੀਆਂ ਬਦਲਵੀਆਂ ਫ਼ਸਲਾਂ ਅਪਣਾ ਕੇ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾ ਦਿੱਤਾ।ਸੂਬੇ ਦੇ ਕਿਸਾਨਾਂ ਨੂੰ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜਰਖ਼ੇਜ਼ ਜ਼ਮੀਨ ਉਤੇ ਕਈ ਫ਼ਸਲਾਂ ਉਗਾਈਆਂ ਜਾਂਦੀਆਂ ਸਨ ਪਰ ਹੌਲੀ-ਹੌਲੀ ਕਿਸਾਨ ਝੋਨੇ ਤੱਕ ਮਹਿਦੂਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸੂਬੇ ਦੀ ਆਰਥਿਕਤਾ ਉਤੇ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਇਸ ਲਈ ਬਿਜਲੀ ਤੇ ਪਾਣੀ ਦੀ ਬੇਹੱਦ ਵੱਧ ਵਰਤੋਂ ਕਰਨੀ ਪੈਂਦੀ ਹੈ, ਜਿਸ ਨਾਲ ਪੰਜਾਬ ਦੇ ਕਈ ਇਲਾਕੇ ਡਾਰਕ ਜ਼ੋਨ ਵਿੱਚ ਆ ਚੁੱਕੇ ਹਨ। ਇਸ ਦੇ ਨਾਲ-ਨਾਲ ਪਰਾਲੀ ਫੂਕਣ ਤੇ ਹੋਰ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਖ਼ਤਰੇ ਨਾਲ ਨਜਿੱਠਣ ਲਈ ਬਦਲਵੀਆਂ ਫ਼ਸਲਾਂ ਅਪਨਾਉਣ ਦੀ ਲੋੜ ਹੈ, ਜਿਸ ਲਈ ਸੂਬੇ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਗਈ ਹੈ, ਜਿਹੜੀ ਬਦਲਵੀਆਂ ਫ਼ਸਲਾਂ ਬਾਰੇ ਸੁਝਾਅ ਦੇਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਸੂਬਾ ਸਰਕਾਰ ਪਹਿਲੀ ਅਪਰੈਲ ਤੋਂ ਕਪਾਹ ਦੀ ਫ਼ਸਲ ਲਈ ਨਹਿਰੀ ਪਾਣੀ ਮੁਹੱਈਆ ਕਰਨ ਦੀ ਗਰੰਟੀ ਦੇਣ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਤੋਂ ਪ੍ਰਵਾਨਤ ਕਪਾਹ ਬੀਜਾਂ ਉਤੇ 33 ਫੀਸਦੀ ਸਬਸਿਡੀ ਦੇਵੇਗੀ। ਇਸ ਦੇ ਨਾਲ-ਨਾਲ ਕਪਾਹ ਦੀ ਫ਼ਸਲ ਉਤੇ ਬੀਮਾ ਅਤੇ ਬਾਸਮਤੀ ਉਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦਿੱਤੀ ਜਾਵੇਗੀ। ਝੋਨੇ ਕਾਰਨ ਦਰਪੇਸ਼ ਕਈ ਸਮੱਸਿਆਵਾਂ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਕਪਾਹ ਤੇ ਨਰਮੇ ਦੀ ਖੇਤੀ ਹੇਠ ਰਕਬਾ ਵਧਾ ਕੇ ਇਸ ਸਮੱਸਿਆ ਦੀ ਜੜ੍ਹ ਨੂੰ ਖ਼ਤਮ ਕੀਤਾ ਜਾ ਸਕਦਾ ਹੈ, ਜਿਸ ਲਈ ਸਰਕਾਰ ਨੇ ਨਰਮੇ ਲਈ ਪਹਿਲੀ ਅਪਰੈਲ ਤੋਂ ਨਹਿਰੀ ਪਾਣੀ ਮੁਹੱਈਆ ਕਰਨ ਦਾ ਫੈਸਲਾ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਤੇ ਸੀਨੀਅਰ ਕਪਤਾਨ ਪੁਲਿਸ ਨੂੰ ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਪੁਲਿਸ ਬਲ ਤਾਇਨਾਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਤਾਂ ਕਿ ਟੇਲਾਂ ਉਤੇ ਪੈਂਦੇ ਕਿਸਾਨਾਂ ਨੂੰ ਲਾਭ ਮਿਲ ਸਕੇ। ਭਗਵੰਤ ਮਾਨ ਨੇ ਕਿਹਾ ਕਿ ਆਪਣੀ ਤਰ੍ਹਾਂ ਦੀ ਪਹਿਲੀ ‘ਕਿਸਾਨ-ਸਰਕਾਰ ਮਿਲਣੀ’ ਦੌਰਾਨ ਪ੍ਰਭਾਵਸ਼ਾਲੀ ਕਿਸਾਨਾਂ ਵੱਲੋਂ ਪਾਣੀ ਚੋਰੀ ਕਰਨ ਦਾ ਮੁੱਦਾ ਉੱਠਿਆ ਸੀ, ਜਿਸ ਲਈ ਸੂਬਾ ਸਰਕਾਰ ਨੇ ਇਸ ਨਾਲ ਸਖ਼ਤੀ ਨਾਲ ਸਿੱਝਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਨਾਲ ਚੰਗੀ ਗੁਣਵਤਾ ਵਾਲਾ ਨਰਮਾ ਪੈਦਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਨਕਲੀ ਬੀਜਾਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ।ਫ਼ਸਲੀ ਵਿਭਿੰਨਤਾ ਲਈ ਚੁੱਕੇ ਹੋਰ ਕਦਮਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਟੀਫਾਈਡ ਕਪਾਹ ਬੀਜਾਂ ਉਤੇ 33 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਤਾਂ ਕਿ ਚੰਗੀ ਪੈਦਾਵਾਰ ਵਾਲੇ ਬੀਜ ਕਿਸਾਨਾਂ ਲਈ ਘੱਟ ਕੀਮਤਾਂ ਉਤੇ ਉਪਲਬਧ ਹੋਣ। ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਟਾਕਰਾ ਕਰਨ ਲਈ ਵੀ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਭਗਵੰਤ ਮਾਨ ਨੇ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਸਮੱਸਿਆਵਾਂ ਦੇ ਖ਼ਾਤਮੇ ਲਈ ਨਵੇਂ ਕੀਟਨਾਸ਼ਕਾਂ ਦੀ ਵਿਆਪਕ ਖੋਜ ਦਾ ਫ਼ੈਸਲਾ ਕੀਤਾ ਗਿਆ ਹੈ।ਸਾਰੀਆਂ ਕੁਦਰਤੀ ਆਫ਼ਤਾਂ ਤੋਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕਪਾਹ ਦੀ ਫ਼ਸਲ ਦੇ ਨੁਕਸਾਨ ਦੀ ਪੂਰਤੀ ਲਈ ਸੂਬਾ ਸਰਕਾਰ ਬੀਮਾ ਸਕੀਮ ਉਤੇ ਵਿਚਾਰ ਕਰ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਬਾਸਮਤੀ ਨੂੰ ਵੀ ਫ਼ਸਲੀ ਵਿਭਿੰਨਤਾ ਲਈ ਬਦਲਵੀਂ ਫ਼ਸਲ ਵਜੋਂ ਉਤਸ਼ਾਹਤ ਕੀਤਾ ਜਾਵੇਗਾ ਅਤੇ ਉਨ੍ਹਾਂ ਬਾਸਮਤੀ ਉਤੇ ਐਮ.ਐਸ.ਪੀ. ਦੇਣ ਦਾ ਵੀ ਭਰੋਸਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਐਮ.ਐਸ.ਪੀ. ਉਤੇ ਬਾਸਮਤੀ ਦੀ ਖ਼ਰੀਦ ਲਈ ਮਾਰਕਫੈੱਡ ਨੋਡਲ ਏਜੰਸੀ ਹੋਵੇਗੀ ਅਤੇ ਕਿਸਾਨਾਂ ਦੇ ਹਿੱਤਾਂ ਦੀ ਹਰ ਕੀਮਤ ਉਤੇ ਰੱਖਿਆ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਬਾਸਮਤੀ ਉਤੇ ਕੀਟਨਾਸ਼ਕਾਂ ਦੇ ਛਿੜਕਾਅ ਦੀ ਮਿਕਦਾਰ ਤੈਅ ਕਰਨ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲੈਬਾਰਟਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਕਿ ਬਾਸਮਤੀ ਦੀ ਫ਼ਸਲ ਕੀਟਨਾਸ਼ਕ ਰਹਿੰਦ-ਖੂੰਹਦ ਸਬੰਧੀ ਯੂਰਪੀ ਮੁਲਕਾਂ ਦੇ ਬਰਾਮਦ ਮਾਪਦੰਡਾਂ ਉਤੇ ਪੂਰੀ ਉਤਰੇ। ਉਨ੍ਹਾਂ ਝੋਨੇ ਦੀ ਪੀ.ਆਰ. 126 ਤੇ ਅਜਿਹੀਆਂ ਹੋਰ ਕਿਸਮਾਂ ਦੀ ਕਾਸ਼ਤ ਦੀ ਸਿਫ਼ਾਰਸ਼ ਕਰਦਿਆਂ ਆਖਿਆ ਕਿ ਪੀ.ਏ.ਯੂ. ਦੀਆਂ ਪ੍ਰਵਾਨਤ ਕਿਸਮਤਾਂ ਨੂੰ ਉਤਸ਼ਾਹਤ ਕਰਨ ਅਤੇ ਪੂਸਾ 44 ਵਰਗੀਆਂ ਪੱਕਣ ਲਈ ਵੱਧ ਸਮਾਂ ਤੇ ਜ਼ਿਆਦਾ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਖੇਤੀ ਤੋਂ ਕਿਸਾਨਾਂ ਨੂੰ ਰੋਕਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੂੰਗੀ ਉਤੇ ਐਮ.ਐਸ.ਪੀ. ਜਾਰੀ ਰਹੇਗੀ ਪਰ ਹਾਲੀਆ ਖੋਜਾਂ ਵਿੱਚ ਪਤਾ ਚੱਲਿਆ ਹੈ ਕਿ ਮੂੰਗੀ ਦੀ ਫ਼ਸਲ ਉਤੇ ਪੈਦਾ ਹੁੰਦੀ ਚਿੱਟੀ ਮੱਖੀ ਨਰਮੇ ਉਤੇ ਤਬਦੀਲ ਹੋ ਜਾਂਦੀ ਹੈ, ਜਿਸ ਕਾਰਨ ਮਾਨਸਾ, ਬਠਿੰਡਾ, ਮੁਕਤਸਰ ਸਾਹਿਬ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਖ਼ਤਰਿਆਂ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ 2500 ਕਿਸਾਨ ਮਿੱਤਰ ਅਤੇ ਪੀ.ਏ.ਯੂ. ਦੇ 100 ਖੇਤੀਬਾੜੀ ਮਾਹਿਰ ਨਿਯੁਕਤ ਕੀਤੇ ਜਾਣਗੇ।
ਮਾਲ ਪਟਵਾਰੀ ਨੂੰ ਸਰਕਾਰ ਵਿਰੁਧ ਸੋਸ਼ਲ ਮੀਡੀਆ ’ਤੇ ਬੋਲਣਾ ਪਿਆ ਮਹਿੰਗਾ
ਜ਼ਿਲ੍ਹਾ ਅਧਿਕਾਰੀਆਂ ਨੇ ਮੰਗਿਆ ਸਪੱਸ਼ਟੀਕਰਨ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਦੇ ਚੱਲਦਿਆਂ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ ਗਿਰਦਾਵਰੀ ਦੇ ਦਿੱਤੇ ਆਦੇਸ਼ਾਂ ਤਂੋ ਬਾਅਦ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਮਾਲ ਪਟਵਾਰੀ ਵਲੋਂ ਇਸ ਕੰਮ ਨੂੰ ਅਮਲੀ ਰੂਪ ’ਚ ਲਾਗੂ ਕਰਨ ਸਬੰਧੀ ਸੋਸਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਇਹ ਟਿੱਪਣੀਆਂ ਸੋਸਲ ਮੀਡੀਆ ’ਤੇ ਵਾਈਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਤ ਪਟਵਾਰੀ ਤੋਂ ਸਪੱਸ਼ਟੀਕਰਨ ਮੰਗ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਇੱਕ ਅਧਿਕਾਰੀ ਨੇ ਦਸਿਆ ਕਿ ‘‘ ਇੱਕ ਸਰਕਾਰੀ ਮੁਲਾਜਮ ਹੋਣ ਦੇ ਚੱਲਦੇ ਕੋਈ ਵੀ ਮੁਲਾਜਮ ਸਰਕਾਰ ਦੇ ਫੈਸਲਿਆਂ ਉਪਰ ਸਵਾਲ ਖ਼ੜੇ ਨਹੀਂ ਕਰ ਸਕਦਾ ਹੈ। ’’ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਮੌਸਮੀ ਬਾਰਸ਼ਾਂ ਕਾਰਨਾਂ ਕਣਕਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ ਤੇ ਇਸ ਦੌਰਾਨ ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾਹ ਵਿਖੇ ਵੀ ਆਏ ਸਨ। ਮੁੱਖ ਮੰਤਰੀ ਨੇ ਦੌਰੇ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਨਾਲ ਹੀ ਉਨ੍ਹਾਂ ਪਟਵਾਰੀਆਂ ਨੂੰ ਵੀ ਜਮੀਨੀ ਪੱਧਰ ’ਤੇ ਜਾ ਕੇ ਗਿਰਦਾਵਰੀਆਂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਉਧਰ ਮੁੱਖ ਮੰਤਰੀ ਦੇ ਇੰਨਾਂ ਹੁਕਮਾਂ ਉਪਰ ਜ਼ਿਲ੍ਹੇ ਦੇ ਇੱਕ ਪਟਵਾਰੀ ਨੇ ਸੋਸਲ ਮੀਡੀਆ ਉਪਰ ਟਿੱਪਣੀ ਕਰ ਦਿੱਤੀ, ਜਿਸ ਵਿਚ ਉਸਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਪਟਵਾਰੀਆਂ ਦੀ ਗਿਣਤੀ ਪਹਿਲਾਂ ਹੀ ੁਬਹੁਤ ਘੱਟ ਹੈ। ਜਿਸਦੇ ਚੱਲਦੇ ਹੇਠਲੇ ਪੱਧਰ ਉਪਰ ਗਿਰਦਾਵਰੀ ਦਾ ਕੰਮ ਸੰਭਵ ਨਹੀਂ ਹੈ। ਪਟਵਾਰੀ ਦੀ ਇਸ ਟਿੱਪਣੀ ਦਾ ਕੁੱਝ ਲੋਕਾਂ ਨੇ ਸ਼ਕਰੀਨ ਸ਼ਾਟ ਲੈ ਕੇ ਇਸਨੂੰ ਅੱਗੇ ਵਾਈਰਲ ਕਰਨਾ ਸ਼ੁਰੂ ਕਰ ਦਿੱਤਾ। ਜਿਸਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਧਿਆਨ ਵਿਚ ਆ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਉਕਤ ਪਟਵਾਰੀ ਨੂੰ ਨੋਟਿਸ ਭੇਜ ਦਿੱਤਾ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਇਹ ਨੋਟਿਸ ਇਸ ਲਈ ਜਾਰੀ ਕੀਤਾ ਗਿਆ ਹੈ ਤੇ ਉਕਤ ਪਟਵਾਰੀ ਨੂੰ ਗਿਰਦਾਵਰੀ ਵਿਚ ਕੀ ਸਮੱਸਿਆ ਆ ਰਹੀ ਸੀ ਤੇ ਜੇਕਰ ਕੋਈ ਸਮੱਸਿਆ ਸੀ ਤਾਂ ਕੀ ਉਸਨੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ, ਨਹੀਂ ਤਾਂ ਇਹ ਬਿਲਕੁਲ ਸਹਿਣ ਨਹੀਂ ਕੀਤਾ ਜਾ ਸਕਦਾ ਹੈ ਕਿ ਇੱਕ ਸਰਕਾਰੀ ਮੁਲਾਜਮ ਹੀ ਇਸ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਲੋਕਾਂ ਵਿਚ ਫੈਲਾਏ। ’’
ਪੀ.ਆਈ.ਟੀ. ਨੰਦਗੜ੍ਹ ਵਿਖੇ ਮਿਸ਼ਨ ਲਾਈਫ ਪ੍ਰੋਗਰਾਮ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਨੰਦਗੜ੍ਹ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ (ਈ.ਈ.ਪੀ.) ਮਿਸ਼ਨ ਲਾਈਫ਼ ਤਹਿਤ ’ਟਿਕਾਊ ਵਾਤਾਵਰਨ ਦੀ ਸਿਰਜਣਾ’ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਸਾਂਝੀ ਪਹਿਲਕਦਮੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਟਿਕਾਊ ਵਾਤਾਵਰਣ ਬਾਰੇ ਜਾਗਰੂਕਤਾ ਮੁਹਿੰਮ ਨਾਲ ਕੀਤੀ ਗਈ, ਜਿਸ ਤਹਿਤ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਇੱਕ ਰੈਲੀ ਕੱਢੀ ਗਈ ਜਿਸ ਨੂੰ ਪੀ.ਆਈ.ਟੀ. ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਪਿੰਡ ਦੇ ਵੱਖ-ਵੱਖ ਹਿਸਿਆਂ ਵਿਚੋਂ ਹੋ ਕੇ ਵਾਪਿਸ ਕਾਲਜ ਕੈਂਪਸ ਵਿਚ ਸਮਾਪਤ ਹੋਈ। ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਮਾਡਲ ਮੇਕਿੰਗ ਅਤੇ ਬੇਸਟ ਆਊਟ ਆਫ ਵੇਸਟ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਪੀ.ਆਈ.ਟੀ. ਨੰਦਗੜ੍ਹ ਦੇ ਡਾਇਰੈਕਟਰ ਪ੍ਰੋ.ਆਰ.ਕੇ.ਬਾਂਸਲ ਨੇ ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਸ਼ੂਗਰਫੈੱਡ ਐਡਵੋਕੇਟ ਨਵਦੀਪ ਜੀਦਾ ਨੇ ਵਾਤਾਵਰਨ ਨੂੰ ਬਚਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਸਹਾਇਕ ਪ੍ਰੋਫੈਸਰ (ਕੈਮਿਸਟਰੀ) ਡਾ. ਮੀਨੂੰ ਵੱਲੋਂ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਵਾਤਾਵਰਣ ’ਤੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ’ਪਲਾਸਟਿਕ ਦੀ ਸਿੰਗਲ ਵਰਤੋਂ’ ਵਿਸ਼ੇ ’ਤੇ ਇੱਕ ਮਾਹਿਰ ਲੈਕਚਰ ਦਿੱਤਾ ਗਿਆ। ਇਸ ਮੌਕੇ ਪੀ.ਆਈ.ਟੀ. ਨੰਦਗੜ੍ਹ ਦਾ ਪਹਿਲਾ ਛਿਮਾਹੀ ਨਿਊਜ਼ਲੈਟਰ, ਪੀ.ਆਈ.ਟੀ.ਐਨ.-ਨਿਊਜ਼ ਐਂਡ ਵਿਊਜ਼ ਵੀ ਜਾਰੀ ਕੀਤਾ ਗਿਆ। ਵੱਖ-ਵੱਖ ਮੁਕਾਬਲਿਆਂ ਅਤੇ ਰੈਲੀ ਵਿਚ ਭਾਗ ਲੈਣ ਵਾਲਿਆਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।





