ਹੁਕਮਨਾਮਾ ਨੰ: 319/ਏਟੀ/00 ਮਿਤੀ 29.3.2000 ਤੁਰੰਤ ਲਾਗੂ ਕੀਤਾ ਜਾਵੇ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਮਾਰਚ : ਬਠਿੰਡਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ 110 ਨੁਮਾਇੰਦਿਆਂ ਦੇ ਦਸਖ਼ਤਾਂ ਵਾਲਾ ਮੈਮੋਰੰਡਮ ਈ-ਮੇਲ ਰਾਹੀਂ ਭੇਜ ਕੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇੱਥੋਂ ਜਾਰੀ ਹੁੰਦੇ ਹੁਕਨਾਮੇ, ਸੰਦੇਸ਼ ਅਤੇ ਬਿਆਨਾਂ ਦਾ ਪਹਿਲਾਂ ਵਾਲਾ ਮਾਣ ਸਤਿਕਾਰ ਬਹਾਲ ਕੀਤਾ ਜਾਵੇ। ਮੈਮੋਰੰਡਮ ’ਚ ਕਿਹਾ ਗਿਆ ਕਿ ਜਿਸ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਅਤੇ ਜਥੇਦਾਰ ਦੇ ਬਿਆਨਾਂ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਸੀ, ਅੱਜ ਹਾਲਾਤ ਐਸੇ ਬਣ ਗਏ ਹਨ ਕਿ ਇਸ ਦੇ ਸਤਿਕਾਰਯੋਗ ਜਥੇਦਾਰ ਵੱਲੋਂ ਦਿੱਤੇ ਜਾ ਰਹੇ ਹਰ ਬਿਆਨ ਅਤੇ ਅਕਾਲ ਤਖ਼ਤ ਸਾਹਿਬ ਦਾ ਨਾਮ ਵਰਤ ਕੇ ਜਾਰੀ ਹੁੰਦੇ ਹੁਕਮਨਾਮਿਆਂ ਦਾ ਮਜ਼ਾਕ ਉੱਡਾਇਆ ਜਾਂਦਾ ਹੈ। ਉਤਪੰਨ ਹੋਈ ਇਸ ਗੰਭੀਰ ਸਥਿਤੀ ਦਾ ਮੁੱਖ ਕਾਰਨ ਬਾਦਲ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਦੁਰਵਰਤੋਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਣਾਂ ਲੈ ਕੇ ਪੰਥਕ ਭਾਵਨਾਵਾਂ ਮੁਤਾਬਕ ਨਾ ਹੋ ਕੇ ਇੱਕ ਸਿਆਸੀ ਧੜੇ ਦੇ ਹਿੱਤ ਪੂਰਨ ਲਈ ਕਾਬਜ਼ ਧੜੇ ਦੇ ਦਬਾਅ ਹੇਠ ਜਾਰੀ ਕੀਤੇ ਜਾਣਾ ਹੈ। ਇਹੋ ਕਾਰਨ ਹੈ ਕਿ ਜਿਹੜੇ ਹੁਕਮਨਾਮੇ ਗੁਰਮਤਿ ਅਤੇ ਪੰਥ ਦੀ ਭਾਵਨਾਂ ਅਨੁਸਾਰ ਜਾਰੀ ਹੋਏ ਹਨ, ਉਨ੍ਹਾਂ ਨੂੰ ਹੁਕਮਨਾਮੇ ਲਾਗੂ ਕਰਵਾਉਣ ਲਈ ਜਿੰਮੇਵਾਰ ਸ੍ਰੋਮਣੀ ਕਮੇਟੀ ਖ਼ੁਦ ਹੀ ਲਾਗੂ ਨਹੀਂ ਕਰਦੀ ਅਤੇ ਜਿਹੜੇ ਗੁਰੂ ਦੀ ਗੋਲਕ ’ਚੋਂ 92 ਲੱਖ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੇ ਲਾਗੂ ਕਰਵਾਉਣਾ ਚਾਹੁੰਦੀ ਹੈ ਉਨ੍ਹਾਂ ਨੂੰ ਸਿੱਖ ਪੰਥ ਨਹੀਂ ਮੰਨਦਾ। ਮਿਸਾਲ ਵਜੋਂ ਦੋਵਾਂ ਤਰ੍ਹਾਂ ਦੇ ਕੁਝ ਚੋਣਵੇਂ 6 ਹੁਕਮਨਾਮਿਆਂ ਦੀਆਂ ਕਾਪੀਆਂ ਮੈਮੋਰੰਡਮ ਨਾਲ ਨੱਥੀ ਕਰਕੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਕਿ ਮਿਤੀ 29.3.2000 ਨੂੰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਹੁਕਮਨਾਮਾ ਨੰ: 319/ਏਟੀ/00 ਜਾਰੀ ਹੋਇਆ ਜਿਸ ਦੇ ਪਹਿਲੇ ਹਿੱਸੇ ’ਚ ਗਿਆਨੀ ਪੂਰਨ ਸਿੰਘ ਵੱਲੋਂ ਮਿਤੀ 25.1.2000 ਤੋਂ 29.3.2000 ਤੱਕ ਜਾਰੀ ਕੀਤੇ ਸਾਰੇ ਹੁਕਮਨਾਮੇ ਰੱਦ ਕੀਤੇ ਗਏ ਅਤੇ ਦੂਸਰੇ ਹਿੱਸੇ ’ਚ ਸ੍ਰੋਮਣੀ ਕਮੇਟੀ ਨੂੰ ਹਿਦਾਇਤ ਕੀਤੀ ਗਈ ਕਿ ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਦੇ ਸੇਵਾ ਨਿਯਮ, ਜਿਵੇਂ ਕਿ ਨਿਯੁਕਤੀ ਲਈ ਯੋਗਤਾ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ ਜਿੰਮੇਵਾਰੀਆਂ ਅਤੇ ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ। ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਅਕਾਲ ਤਖ਼ਤ ਸਾਹਿਬ ਦੀ ਨਿਜੀ ਹਿੱਤਾਂ ਲਈ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੀ ਨਾ ਰਹੇ ਤਾ ਕਿ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ। ਇਸ ਤੋਂ ਇਲਾਵਾ ਗੁਰਦੁਆਰਾ ਐਕਟ ਵਿੱਚ ਪੰਥਕ ਹਿੱਤਾਂ ਮੁਤਾਬਕ ਸੋਧ ਲਈ ਉਪਰਾਲਾ ਕਰਨ ਅਤੇ ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਿਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਏ ਜਾਣ ਦੀ ਤਾਕੀਦ ਵੀ ਕੀਤੀ ਗਈ ਸੀ।ਸ੍ਰੋਮਣੀ ਕਮੇਟੀ ਨੇ ਇਸ ਹੁਕਮਨਾਮੇ ਦਾ ਪਹਿਲਾ ਭਾਗ ਜਿਸ ਵਿੱਚ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਸ੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਅਤੇ ਹੋਰਨਾਂ ਨੂੰ ਪੰਥ ’ਚੋਂ ਛੇਕਣ ਵਾਲੇ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਰੱਦ ਕੀਤਾ ਗਿਆ ਸੀ ਉਹ ਤਾਂ ਝੱਟ ਮੰਨ ਲਏ ਪਰ ਦੂਸਰਾ ਹਿੱਸਾ 23 ਸਾਲ ਦਾ ਸਮਾਂ ਲੰਘ ਜਾਣ ਪਿੱਛੋਂ ਵੀ ਨਹੀਂ ਮੰਨਿਆ ਕਿਉਂਕਿ ਇਨ੍ਹਾਂ ਨੇ ਤਾਂ ਹਮੇਸ਼ਾਂ ਕਾਰਜਕਾਰੀ ਜਥੇਦਾਰਾਂ ਰਾਹੀਂ ਆਪਣੇ ਸਿਆਸੀ ਹਿੱਤ ਪੂਰਨ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਹੀ ਕਰਨੀ ਹੁੰਦੀ ਹੈ।ਬਠਿੰਡਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਨੰ: 319/ਏਟੀ/00 29.3.2000 ਹੂ-ਬਹੂ ਸ੍ਰੋਮਣੀ ਕਮੇਟੀ ਤੋਂ ਤੁਰੰਤ ਲਾਗੂ ਕਰਵਾਇਆ ਜਾਵੇ। ਜੇ ਸ੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਨ ਤੋਂ ਪਾਸਾ ਵੱਟੇ ਤਾਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੇ ਕਾਲ ਪਿੱਛੋਂ ਜਾਰੀ ਹੋਏ ਸਾਰੇ ਹੁਕਮਨਾਮੇ ਤੁਰੰਤ ਰੱਦ ਕੀਤੇ ਜਾਣ ਕਿਉਂਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨਾਂ ਨੇ ਉਕਤ ਹੁਕਮਨਾਮੇ ’ਚ ਖ਼ੁਦ ਮੰਨਿਆ ਹੈ ਕਿ ਇਥੋਂ ਜਾਰੀ ਹੋਏ ਹੁਕਮਨਾਮੇ ਕਿਸੇ ਵਿਧੀ ਵਿਧਾਨ ਮੁਤਾਬਕ ਨਹੀਂ ਬਲਕਿ ਕਿਸੇ ਖਾਸ ਮਨੁੱਖ ਦੇ ਹਿੱਤ ਪੂਰਨ ਲਈ ਜਾਰੀ ਕੀਤੇ ਜਾਂਦੇ ਹਨ।
ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਨਾਮੇ/ਸੰਦੇਸ਼ਾਂ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਦੀ ਮੰਗ ਉੱਠੀ
ਭਗਵੰਤ ਮਾਨ ਸਰਕਾਰ ਸੂਬੇ ਵਿੱਚ ਝੀਂਗਾ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ: ਲਾਲਜੀਤ ਸਿੰਘ ਭੁੱਲਰ
ਮੱਛੀ ਪਾਲਣ ਵਿਭਾਗ ਵੱਲੋਂ ਫਾਈਨ ਆਰਟ ਦੀ ਵਿਦਿਆਰਥਣ ਤੋਂ ਤਿਆਰ ਕਰਵਾਇਆ ਪੋਸਟਰ ਕੀਤਾ ਜਾਰੀ
ਵਿਦਿਆਰਥਣ ਪ੍ਰਨੀਤ ਕੌਰ 10,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਮਾਰਚ: ਪੰਜਾਬ ਵਿੱਚ ਝੀਂਗਾ ਪਾਲਣਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਇਸ ਕਿੱਤੇ ਦੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਮੱਛੀ ਪਾਲਣ ਵਿਭਾਗ ਵੱਲੋਂ ਫਾਈਨ ਆਰਟ ਦੀ ਵਿਦਿਆਰਥਣ ਤੋਂ ਤਿਆਰ ਕਰਵਾਇਆ ਪੋਸਟਰ ਮੱਛੀ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਜਾਰੀ ਕੀਤਾ।ਮੱਛੀ ਪਾਲਣ ਵਿਭਾਗ ਵੱਲੋਂ ਪੋਸਟਰ ਬਣਵਾਉਣ ਲਈ ਸਰਕਾਰੀ ਫ਼ਾਈਨ ਆਰਟ ਕਾਲਜ, ਸੈਕਟਰ-10, ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥਣ ਮਿਸ ਪ੍ਰਨੀਤ ਕੌਰ ਦੇ ਪੋਸਟਰ ਦੀ ਚੋਣ ਕੀਤੀ ਗਈ। ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਇਸ ਵਿਦਿਆਰਥਣ ਨੂੰ 10,000 ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ।ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਝੀਂਗਾ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਦੱਖਣੀ-ਪੱਛਮੀ ਪੰਜ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਫ਼ਾਜ਼ਿਲਕਾ ਦੀਆਂ ਜ਼ਮੀਨਾਂ ਸੇਮ ਅਤੇ ਖਾਰੇਪਣ ਦੀ ਮਾਰ ਹੇਠ ਹਨ ਅਤੇ ਖੇਤੀ ਤੋਂ ਵਾਂਝੀਆਂ ਪਈਆਂ ਹਨ, ਜਿਨ੍ਹਾਂ ਵਿੱਚ ਝੀਂਗਾ ਪਾਲਣ ਬਹੁਤ ਲਾਭਕਾਰੀ ਸਿੱਧ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਰਾਜ ਵਿੱਚ 1212 ਏਕੜ ਰਕਬਾ ਝੀਂਗਾ ਪਾਲਣ ਅਧੀਨ ਹੈ ਅਤੇ 360 ਤੋਂ ਵੱਧ ਕਿਸਾਨ ਇਸ ਕਿੱਤੇ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਕਿਸਾਨ ਝੀਂਗਾ ਪਾਲਣ ਨਾਲ ਬੰਜਰ ਜ਼ਮੀਨਾਂ ਤੋਂ 3 ਤੋਂ 4 ਲੱਖ ਪ੍ਰਤੀ ਏਕੜ ਦਾ ਮੁਨਾਫ਼ਾ ਪ੍ਰਾਪਤ ਕਰ ਰਹੇ ਹਨ। ਸਾਲ 2022-23 ਦੌਰਾਨ ਸੂਬੇ ਵਿੱਚ 2400 ਟਨ ਤੋਂ ਵੱਧ ਝੀਂਗੇ ਦਾ ਉਤਪਾਦਨ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਦੌਰਾਨ ਝੀਂਗਾ ਕਿੱਤੇ ਨੂੰ 5,000 ਏਕੜ ਰਕਬੇ ਵਿੱਚ ਪ੍ਰਫੁੱਲਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਝੀਂਗਾ ਪਾਲਣ ਨੂੰ ਪ੍ਰਫੁੱਲਿਤ ਕਰਨ ਲਈ ਮੱਛੀ ਪਾਲਣ ਵਿਭਾਗ ਦਾ ਇੱਕ ਟ?ਰੇਨਿੰਗ ਸੈਂਟਰ, ਪਿੰਡ ਈਨਾ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਸੈਂਟਰ ਤੋਂ ਕਿਸਾਨ ਝੀਂਗਾ ਪਾਲਣ ਦੀ ਮੁਫ਼ਤ ਟ?ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਮਿੱਟੀ ਪਾਣੀ ਦੇ ਨਮੂਨਿਆਂ ਦੀ ਪਰਖ ਸਹੂਲਤ ਵੀ ਇਸ ਸੈਂਟਰ ’ਤੇ ਪ੍ਰਦਾਨ ਕੀਤੀ ਜਾਂਦੀ ਹੈ। ਝੀਂਗਾ ਪਾਲਣ 120 ਦਿਨਾਂ ਦੀ ਗਰਮੀ ਦੀ ਰੁੱਤ ਦੀ ਫ਼ਸਲ ਹੈ। ਪੰਜਾਬ ਵਿੱਚ ਝੀਂਗੇ ਦੇ ਪੂੰਗ ਦੀ ਸਟਾਕਿੰਗ ਅਪ੍ਰੈਲ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਦੀ ਫ਼ਸਲ ਅਗਸਤ ਮਹੀਨੇ ਵਿੱਚ ਪ੍ਰਾਪਤ ਕਰ ਲਈ ਜਾਂਦੀ ਹੈ। ਮੱਛੀ ਪਾਲਣ ਮੰਤਰੀ ਨੇ ਦੱਸਿਆ ਕਿ ਝੀਂਗਾ ਪਾਲਣ ਦਾ ਸੂਬੇ ਵਿੱਚ ਪਸਾਰ ਕਰਨ ਲਈ ਸਰਕਾਰ ਵੱਲੋਂ 40 ਤੋਂ 60 ਫ਼ੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਰਾਜ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਦੇ ਕਿਸਾਨ ਇਸ ਸਹੂਲਤ ਦਾ ਲਾਹਾ ਲੈ ਕੇ ਇਸ ਕਿੱਤੇ ਦੀ ਸ਼ੁਰੂਆਤ ਕਰ ਸਕਦੇ ਹਨ ਅਤੇ ਵੱਧ ਮੁਨਾਫ਼ਾ ਕਮਾ ਸਕਦੇ ਹਨ।ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਸੰਯੁਕਤ ਸਕੱਤਰ ਸ੍ਰੀ ਸਕੱਤਰ ਸਿੰਘ ਬੱਲ, ਡਾਇਰੈਕਟਰ ਪਸ਼ੂ ਪਾਲਣ ਡਾ. ਰਾਮ ਪਾਲ ਮਿੱਤਲ, ਡਾਇਰੈਕਟਰ ਮੱਛੀ ਪਾਲਣ ਸ੍ਰੀ ਜਸਬੀਰ ਸਿੰਘ ਅਤੇ ਸਹਾਇਕ ਡਾਇਰੈਕਟਰ ਸ੍ਰੀਮਤੀ ਸਤਿੰਦਰ ਕੌਰ ਤੇ ਸ੍ਰੀ ਜਸਵਿੰਦਰ ਸਿੰਘ ਹਾਜ਼ਰ ਸਨ।
ਬਠਿੰਡਾ ਦੀ ਟਰੈਫਿਕ ਪੁਲਿਸ ਨੇ ਪੰਜ ਸਾਲਾਂ ’ਚ ਗੈਰ-ਪਾਰਕਿੰਗ ਤੋਂ ਚੁੱਕੇ ਵਾਹਨਾਂ ਤੋਂ 84 ਹਜ਼ਾਰ ਰੁਪਏ ਵਸੂਲਿਆ ਜੁਰਮਾਨਾ
ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਤੋਂ ਹੋਇਆ ਖੁਲਾਸਾ
ਸੁਖਜਿੰਦਰ ਮਾਨ
ਬਠਿੰਡਾ, 5 ਮਾਰਚ : ਬਠਿੰਡਾ ਦੀ ਸਿਟੀ ਟਰੈਫਿਕ ਪੁਲਿਸ ਨੇ ਸ਼ਹਿਰ ’ਚ ਗਲਤ ਤਰੀਕੇ ਨਾਲ ਪਾਰਕਿੰਗ ਕੀਤੇ ਵਾਹਨਾਂ ਨੂੰ ਚੁੱਕਣ ਦੇ ਬਦਲੇ ਪਿਛਲੇ ਪੰਜ ਸਾਲਾਂ ’ਚ 84 ਹਜ਼ਾਰ ਰੁਪਏ ਦੇ ਕਰੀਬ ਤੋਂ ਵੱਧ ਕਮਾਈ ਕੀਤੀ ਹੈ। ਆਰਟੀਆਈ ਕਾਰਕੁਨ ਸੰਜੀਵ ਗੋਇਲ ਵਲੋਂ ਮੰਗੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਵਲੋਂ ਦਿੱਤੇ ਪੰਜ ਸਾਲ ਦੇ ਅੰਕੜਿਆਂ ਮੁਤਾਬਕ ਸਾਲ 2018 ਤੋਂ ਹੁਣ ਤੱਕ ਟੋ ਕੀਤੇ ਵਾਹਨਾਂ ਤੋਂ 84,02,500/- ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ। ਟਰੈਫਿਕ ਪੁਲਿਸ ਵਲੋਂ ਪੀਲੀ ਲਾਈਨ ਦੇ ਬਾਹਰ ਮੁੱਖ ਬਜ਼ਾਰਾਂ ਦੀਆਂ ਸੜਕਾਂ ’ਤੇ ਪਾਰਕਿੰਗ ਕੀਤੀਆਂ ਕਾਰਾਂ ਤੇ ਜੀਪਾਂ ਨੂੰ ਟੋ ਵਾਹਨ ਦੀ ਮੱਦਦ ਨਾਲ ਚੂੱਕ ਕੇ ਥਾਣੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸਨੂੰ ਛੱਡਣ ਬਦਲੇ ਪ੍ਰਤੀ ਵਾਹਨ 2000 ਰੁਪਏ ਜੁਰਮਾਨਾ ਵਸੂਲਿਆ ਜਾਂਦਾ ਹੈ। ਅੰਕੜਿਆਂ ਮੁਤਾਬਕ ਟੋ ਕੀਤੇ ਵਾਹਨਾਂ ਨੂੰ ਛੱਡਣ ਬਦਲੇ ਪੁਲਿਸ ਵਲੋਂ ਸਭ ਤੋਂ ਵੱਧ ਸਾਲ 2020 ਵਿਚ ਜੁਰਮਾਨਾ ਵਸੂਲਿਆ ਗਿਆ, ਜਿਸ ਦੀ ਰਕਮ 27,87,100/- ਰੁਪਏ ਬਣਦੀ ਹੈ। ਇਸੇ ਤਰ੍ਹਾਂ ਸਾਲ 2021 ਵਿੱਚ ਵੀ 17,17,400/- ਜੁਰਮਾਨਾ ਵਸੂਲਿਆ ਗਿਆ ਹੈ। ਪਰ 2022 ਵਿਚ ਸਿਰਫ਼ 7,72,500/- ਰੁਪਏ ਹੀ ਜੁਰਮਾਨੇ ਤੋਂ ਪੁਲਿਸ ਨੂੰ ਆਮਦਨ ਹੋਈ ਹੈ। ਅੰਕੜਿਆਂ ਮੁਤਾਬਕ ਸਾਲ 2018 ਵਿੱਚ 15,68,400/-ਰੁਪਏ ਅਤੇ ਸਾਲ 2019 ਵਿੱਚ 15,57,100/- ਰੁਪਏ ਵਸੂਲੇ ਗਏ। ਦਸਣਾ ਬਣਦਾ ਹੈ ਕਿ ਟਰੈਫ਼ਿਕ ਪੁਲਿਸ ਵਲੋਂ ਗੈਰ-ਪਾਰਕਿੰਗ ਵਿਚ ਖੜੇ ਵਾਹਨਾਂ ਦੇ ਮਾਲਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਉਨ੍ਹਾਂ ਦੇ ਵਾਹਨਾਂ ਨੂੰ ਟੋ ਵੈਨਾਂ ਦੀ ਮੱਦਦ ਨਾਲ ਚੁੱਕ ਲਿਆ ਜਾਂਦਾ ਹੈ ਤੇ ਨੇੜੇ ਦੇ ਥਾਣੇ ਜਾਂ ਫ਼ਿਰ ਪੁਲਿਸ ਲਾਈਨ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਜਿੱਥੇ ਜੁਰਮਾਨਾ ਵਸੂਲ ਕੇ ਵਾਹਨ ਨੂੰ ਛੱਡਿਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸਦਾ ਮਕਸਦ ਗੈਰ-ਪਾਰਕਿੰਗ ’ਚ ਵਾਹਨ ਖੜੇ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਹੁੰਦਾ ਹੈ ਤਾਂ ਕਿ ਉਹ ਅੱਗੇ ਤੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨਾ ਕਰਨ। ਇੱਥੇ ਦਸਣਾ ਬਣਦਾ ਹੈ ਕਿ ਪੁਲਿਸ ਵਲੋਂ ਟਰੈਫ਼ਿਕ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸ਼ਹਿਰ ਦੇ ਪ੍ਰਮੁੱਖ ਸੜਕਾਂ ਉਪਰ ਪੀਲੀ ਲਾਈਨ ਵਾਹੀ ਗਈ ਹੈ, ਜਿਸਦੇ ਅੰਦਰ ਹੀ ਵਹੀਕਲ ਖੜ੍ਹੇ ਕਰਨੇ ਹੁੰਦੇ ਹਨ। ਪ੍ਰੰਤੂ ਇਸਦੇ ਬਾਵਜੂਦ ਆਮ ਤੌਰ ’ਤੇ ਲੋਕ ਇੰਨ੍ਹਾਂ ਲਾਈਨਾਂ ਦੇ ਬਾਹਰ ਅਪਣੀਆਂ ਗੱਡੀਆਂ ਨੂੰ ਪਾਰਕ ਕਰ ਦਿੰਦੇ ਹਨ, ਜਿਸਦੇ ਨਾਲ ਟਰੈਫ਼ਿਕ ਵਿਚ ਵਿਘਨ ਪੈਂਦਾ ਹੈ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਸ਼ਹਿਰ ਦੇ ਮਾਲ ਰੋਡ, ਧੋਬੀ ਬਜ਼ਾਰ, ਬੈਂਕ ਬਜ਼ਾਰ, ਹਸਪਤਾਲ ਬਜ਼ਾਰ, ਸਿਰਕੀ ਬਜ਼ਾਰ, ਗੋਲਡਿਗੀ ਮਾਰਕੀਟ, ਅਮਰੀਕ ਸਿੰਘ ਰੋਡ, ਅਜੀਤ ਰੋਡ, 100 ਫੁੱਟੀ ਰੋਡ ਅਤੇ ਸਟੇਸ਼ਨ ਵਾਲੇ ਆਦਿ ਖੇਤਰਾਂ ਵਿਚ ਜਿਆਦਾ ਭੀੜ-ਭੜੱਕਾ ਰਹਿਣ ਕਾਰਨ ਟਰੈਫ਼ਿਕ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਹਾਲਾਂਕਿ ਸ਼ਹਿਰ ਵਿਚ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵਲੋਂ ਮਾਲ ਰੋਡ ’ਤੇ ਸਥਿਤ ਸਰਕਾਰੀ ਗਰਲ਼ਜ ਸਕੂਲ ਦੇ ਸਾਹਮਣੇ ਸੈਕੜੇ ਵਾਹਨਾਂ ਨੂੰ ਪਾਰਕਿੰਗ ਕਰਨ ਲਈ ਇੱਕ ਮਲਟੀਸਟੋਰੀ ਪਾਰਕਿੰਗ ਵੀ ਬਣਾਈ ਜਾ ਰਹੀ ਹੈ, ਜਿਸਦੇ ਨਾਲ ਇਸ ਖੇਤਰ ਵਿਚ ਟਰੈਫ਼ਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਬਾਕਸ
ਟਰੈਫ਼ਿਕ ਸਮੱਸਿਆ ਦੇ ਹੱਲ ਲਈ ਪੁਲਿਸ ਯਤਨਸ਼ੀਲ: ਟਰੈਫ਼ਿਕ ਇੰਚਾਰਜ਼
ਬਠਿੰਡਾ: ਉਧਰ ਸਿਟੀ ਟਰੈਫ਼ਿਕ ਪੁਲਿਸ ਦੇ ਇੰਚਾਰਜ਼ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਸੰਪਰਕ ਕਰਨ ’ਤੇ ਦਸਿਆ ਕਿ ਪੁਲਿਸ ਦਾ ਮਕਸਦ ਸ਼ਹਿਰ ’ਚ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਚਲਾਉਣਾ ਹੈ ਤਾਂ ਕਿ ਇੱਥੋਂ ਗੁਜਰਨ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦਸਿਆ ਕਿ ਸਿਟੀ ਟਰੈਫ਼ਿਕ ਪੁਲਿਸ ਕੋਲ ਪਹਿਲਾਂ ਸ਼ਹਿਰ ਵਿਚ ਦੋ ਟੋ ਵੈਨਾਂ ਸਨ ਪ੍ਰੰਤੂ ਹੁਣ ਉਹ ਕੁੱਝ ਕਾਰਨਾਂ ਕਰਕੇ ਬੰਦ ਹਨ ਤੇ ਜਲਦੀ ਹੀ ਇੰਨ੍ਹਾਂ ਨੂੰ ਮੁੜ ਚਲਾਇਆ ਜਾ ਰਿਹਾ ਹੈ। ਟਰੈਫ਼ਿਕ ਇੰਚਾਰਜ਼ ਨੇ ਲੋਕਾਂ ਵੀ ਅਪੀਲ ਕੀਤੀ ਕਿ ਉਹ ਟਰੈਫ਼ਿਕ ਵਿਵਸਥਾ ਨੂੰ ਚਲਾਉਣ ਵਿਚ ਪੁਲਿਸ ਦੀ ਮੱਦਦ ਕਰਨ।
ਕਲਿਆਣ ਮਾਇਨਰ ਦੇ ਨਵ-ਨਿਰਮਾਣ ਦਾ ਰੱਖਿਆ ਨੀਂਹ ਪੱਥਰ
5 ਸਾਲਾਂ ਬਾਅਦ ਵੋਟਰ ਖੁਦ ਕਰਨਗੇ ਵੋਟ ਪਾਉਣ ਦਾ ਫੈਸਲਾ- ਵਿਧਾਇਕ ਜਗਸੀਰ ਸਿੰਘ
ਰਾਮ ਸਿੰਘ ਕਲਿਆਣ
ਨਥਾਣਾ, 5 ਮਾਰਚ: ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸਥਾਨਕ ਬਲਾਕ ਦੇ ਪਿੰਡ ਕਲਿਆਣ ਸੁੱਖਾ , ਕਲਿਆਣ ਮੱਲਕਾ ਅਤੇ ਪਿੰਡ ਗਿੱਦੜ ਆਦਿ ਦੇ ਖੇਤਾ ਵਿੱਚ ਪੂਰਾ ਨਹਿਰੀ ਪਾਣੀ ਪਹੁੰਚਾਉਣ ਦੇ ਮੰਤਵ ਨਾਲ ਭਦੌੜ ਰਜਵਾਹੇ ਦੇ ਕਲਿਆਣ ਮਾਈਨਰ ਦੇ ਨਵ-ਨਿਰਮਾਣ ਦਾ ਨੀਂਹ ਪੱਥਰ ਪਿੰਡ ਕਲਿਆਣ ਮੱਲਕਾ ਵਿਖੇ ਰੱਖਿਆ। ਉਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾ ਅਨੁਸਾਰ ਜਲ ਸਰੋਤ ਵਿਭਾਗ ਪੰਜਾਬ ਵੱਲੋ ਕਲਿਆਣ ਮਾਇਨਰ (ਬੁਰਜੀ 0-17000 ਆਫ ਟੇਕਿੰਗ ਐਡ ਆਰ.ਡੀ . 109000 / ਖੱਬਾ ਭਦੌੜ ਰਜਵਾਹਾ) ਦੇ ਨਵ-ਨਿਰਮਾਣ ਕੰਮ ਆਰੰਭ ਕਰ ਦਿੱਤਾ ਹੈ। ਇਸ ਮਾਇਨਰ ਦੇ ਨਵ-ਨਿਰਮਾਣ ਸਮੇ ਇਸ ਨੂੰ ਹੋਰ ਉੱਚਾ ਕਰਕੇ ਬਣਾਇਆ ਜਾ ਰਿਹਾ ਹੈ , ਜਿਸ ਨਾਲ ਪਿੰਡ ਕਲਿਆਣ ਸੁੱਖਾ, ਕਲਿਆਣ ਮੱਲਕਾ ਅਤੇ ਗਿੱਦੜ ਆਦਿ ਪਿੰਡਾ ਦੇ ਰਕਬੇ ਨੂੰ ਵੱਧ ਪਾਣੀ ਮਿਲੇਗਾ। ਇਸ ਮੌਕੇ ਬੋਲਦਿਆਂ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਆਪ ਦੀ ਸਰਕਾਰ ਨੂੰ ਨਜਾਇਜ਼ ਤੌਰ ਤੇ ਭੰਡਿਆ ਜਾ ਰਿਹਾ ਹੈ। ਹਾਲੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ 5 ਸਾਲ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਪਤਾ ਲੱਗੇਗਾ ਤੇ ਵੋਟਰ ਆਪਣੀ ਵੋਟ ਪਾਉਣ ਦਾ ਫੈਸਲਾ ਖੁਦ ਕਰਨਗੇ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ ਤੇ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਮਰਦੀਪ ਸਿੰਘ ਰਾਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੂਸਰੀਆਂ ਪਾਰਟੀਆਂ ਨੇ ਪੰਜਾਬ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਸਰਕਾਰ ਵੱਲੋਂ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਜ਼ਮੀਨਦੋਜ਼ ਪਾਈਪ ਪਾਏ ਜਾਣਗੇ। ਇਸ ਮਾਇਨਰ ਦੇ ਨਵ-ਨਿਰਮਾਣ ਉੱਪਰ ਲਗਭਗ 325.62 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਮਾਇਨਰ ਦਾ ਨਵ-ਨਿਰਮਾਣ ਕੰਕਰੀਟ ਮਿਕਸਡ ਨਾਲ ਕੀਤਾ ਜਾਵੇਗਾ। ਪੰਚਾਇਤ ਮੈਂਬਰ ਦਰਸ਼ਨ ਸਿੰਘ ਕਲਿਆਣ ਨੇ ਐਮ ਐਲ ਏ , ਅਧਿਕਾਰੀਆਂ, ਪਾਰਟੀ ਆਗੂਆ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਆਮ ਆਦਮੀ ਪਾਰਟੀ ਦੇ ਔਰਤ ਵਿੰਗ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਬੀਬੀ ਬਲਜਿੰਦਰ ਕੌਰ , ਜਲ ਸਰੋਤ ਵਿਭਾਗ ਦੇ ਸੀਨੀਅਰ ਅਧਿਕਾਰੀ , ਸਰਪੰਚ ਬਲਜਿੰਦਰ ਸਿੰਘ, ਪਚਾਇਤ ਮੈਬਰ ਅਤੇ ਕਿਸਾਨ ਵੀਰ ਆਦਿ ਹਾਜ਼ਰ ਸਨ।
ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਬਠਿੰਡਾ ’ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
ਸੁਖਜਿੰਦਰ ਮਾਨ
ਬਠਿੰਡਾ, 5 ਮਾਰਚ :ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਵਿੱਚ ਭਾਈ ਬਲਵੀਰ ਸਿੰਘ ਹੈਡ ਗ੍ਰੰਥੀ ਅਤੇ ਰਾਗੀ ਗੁਰਦੁਆਰਾ ਸਾਹਿਬ ਪੁਲਿਸ ਲਾਇਨ ਬਠਿੰਡਾ ਜੀ ਨੇ ਰਸ ਭਿੰਨਾ ਕੀਰਤਨ ਕਰਕੇ ਸਮੂਹ ਸੰਗਤਾ ਨੂੰ ਨਿਹਾਲ ਕੀਤਾ। ਭੋਗ ਤੋਂ ਬਾਅਦ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਉੱਚ ਅਧਿਕਾਰੀਆਂ ਤੇ ਵਿਸੇਸ ਨਾਮਣਾ ਖੱਟਣ ਵਾਲੀਆਂ ਸਖ਼ਸੀਅਤਾਂ ਨੂੰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਤੂਰ ਸਾਬਕਾ ਡੀ.ਐਸ.ਪੀ.ਨੇ ਕਿਹਾ ਕਿ ਸੰਸਥਾ ਸਰਬੱਤ ਦੇ ਭਲੇ ਤੇ ਪੁਲਿਸ ਪ੍ਰਵਾਰਾਂ ਦੀ ਤੰਦਰੁਸਤੀ ਲਈ ਇਹ ਉਪਰਾਲਾ ਹਰ ਸਾਲ ਕਰਦੀ ਹੈ। ਜਿਸ ਵਿੱਚ ਸੰਗਤ ਰੂਪ ਵਿੱਚ ਸਸੰਥਾ ਦੇ ਸਾਰੇ ਮੈਂਬਰ ਸਾਹਿਬਾਨ ਤੇ ਮੌਜੂਦਾ ਪੁਲਿਸ ਅਫਸਰ ਸਾਹਿਬਾਨ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵੀ ਸ਼ਾਮਲ ਹੋਏ। ਜਿਹਨਾਂ ਵਿੱਚ ਏ.ਡੀ.ਜੀ.ਪੀ. ਬਠਿੰਡਾ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ, ਡੀ.ਆਈ.ਜੀ. ਐਸ.ਟੀ.ਐਫ. ਬਠਿੰਡਾ ਸ੍ਰੀ ਅਜੈ ਮਲੂਜਾ , ਐਸ.ਪੀ. ਗੁਰਵਿੰਦਰ ਸਿੰਘ ਸੰਘਾ, ਡੀਐਸਪੀ ਰਛਪਾਲ ਸਿੰਘ ੋ,ਸ: ਥਾਣਾ ਸਿੰਘ ਡੀ.ਐਸ.ਪੀ.ਵਾਇਰਲੈਸ, ਡੀ.ਐਸ.ਪੀ. ਤਲਵੰਡੀ ਸਾਬੋ ਬੂਟਾ ਸਿੰਘ , ਡੀ.ਐਸ.ਪੀ. ਵਿਜੀਲੈਂਸ ਸੰਦੀਪ ਸਿੰਘ ਚਾਹਲ ਆਦਿ ਸੰਗਤ ਰੂਪ ਵਿੱਚ ਹਾਜਰ ਹੋਏ।ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਰਣਜੀਤ ਸਿੰਘ ਤੂਰ ਰਿਟਾਇਰਡ ਡੀ.ਐਸ.ਪੀ.ਨੇ ਸਾਰੇ ਪੈਨਸ਼ਰਜ ਵੱਲੋ ਅਫਸਰ ਸਾਹਿਬਾਨ ਦਾ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਸੰਸਥਾ ਦੇ ਸਮੂਹ ਮੈਂਬਰ ਸਾਹਿਬਾਨ ਦਾ ਅਤੇ ਸਮੂਹ ਸਾਧ ਸੰਗਤ ਆਦਿ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਕੀਤਾ।
ਸਿਹਤ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ ਦਾ ਆਯੋਜਨ
ਸਾਈਕਲ ਰੈਲੀ ਰਾਹੀਂ ਮਹਿਲਾਵਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸੁਨੇਹਾ ਦਿੱਤਾ: ਸਿਵਲ ਸਰਜਨ
ਸੁਖਜਿੰਦਰ ਮਾਨ
ਬਠਿੰਡਾ, 5 ਮਾਰਚ : ਸਿਹਤ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ‘ਸਿਹਤਮੰਦ ਔਰਤ ਸਿਹਤਮੰਦ ਭਾਰਤ’ ਥੀਮ ਹੇਠ ਗੈਰ ਸੰਚਾਰੀ ਰੋਗਾਂ ਤੋਂ ਜਾਗਰੂਕਤਾ ਲਈ ਬਠਿੰਡਾ ਸਾਇਕਲਿੰਗ ਗਰੁੱਪ ਦੇ ਸਹਿਯੋਗ ਨਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜੀ.ਐਨ.ਐਮ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਸਾਈਕਲ ਰੈਲੀ ਵਿਚ ਭਾਗ ਲਿਆ।ਇਹ ਰੈਲੀ ਬੱਸ ਸਟੈਂਡ, ਹਨੂਮਾਨ ਚੌਂਕ ਤੋਂ ਜੋਗਰ ਪਾਰਕ ਹੁੰਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚੀ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਾਈਕਲ ਰੈਲੀ ਰਾਹੀਂ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾਵਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸੁਨੇਹਾ ਦਿੱਤਾ ਗਿਆ ਕਿਉਂਕਿ ਤੰਦਰੁਸਤ ਔਰਤ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੀ ਹੈ।ਗੈਰ ਸੰਚਾਰੀ ਰੋਗਾਂ ਦੀ ਸਮੇਂ ਸਿਰ ਪਹਿਚਾਣ ਜਾਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਗੈਰ ਸੰਚਾਰੀ ਬਿਮਾਰੀਆਂ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ, ਦਿਲ/ਦਿਮਾਗ ਦਾ ਦੌਰਾ ਆਦਿ ਤੋਂ ਬਚਿਆ ਜਾ ਸਕੇ। ਇਸ ਲਈ 30 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਇਕ ਵਾਰ ਸਰੀਰਕ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਸਕੇ। ਸਿਵਲ ਸਰਜਨ ਵਲੋਂ ਇਸ ਮੌਕੇ ‘ਤੰਦਰੁਸ਼ਤ ਮਹਿਲਾ ਤੰਦਰੁਸਤ ਭਾਰਤ’ ਦੇ ਸਲੋਗਨ ਵਾਲੀਆਂ ਟੀ-ਸ਼ਰਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਬਠਿੰਡਾ ਸਾਇਕਲਿੰਗ ਗਰੁੱਪ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਸੁਖਜਿੰਦਰ ਸਿੰਘ ਗਿੱਲ, ਡਾ.ਜੀ.ਐਸ. ਨਾਗਪਾਲ ਚੇਅਰਮੈਨ ਸਾਇਕਲਿੰਗ ਗਰੁੱਪ, ਕੇਵਲ ਕ੍ਰਿਸ਼ਨ ਸੈਕਟਰੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਜ਼ਿਲ੍ਹਾ ਬੀਸੀਸੀ ਕੁਆਰਡੀਨੇਟਰ ਨਰਿੰਦਰ ਕੁਮਾਰ, ਐਫ.ਐਲ.ਓ ਸਚਿਨ ਕੁਮਾਰ, ਸੁਖਵਿੰਦਰ ਸਿੰਘ, ਕਰਨ ਅਤੇ ਬਲਦੇਵ ਸਿੰਘ ਹਾਜ਼ਰ ਸਨ।
ਐਸ.ਟੀ.ਐਫ਼ ਵਲੋਂ ਪੰਜ ਕਿਲੋ ਅਫ਼ੀਮ ਸਹਿਤ ਦੋ ਸਕੇ ਭਰਾ ਕਾਬੂ, ਝਾਰਖੰਡ ਤੋਂ ਲੈ ਕੇ ਆਏ ਸਨ ਅਫ਼ੀਮ
ਇੱਕ ਲਗਾਉਂਦਾ ਹੈ ਸਬਜੀ ਦੀ ਰੇਹੜੀ ਤੇ ਦੂਜਾ ਕਰਦਾ ਹੈ ਢਾਬੇ ’ਤੇ ਕੰਮ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਪੰਜਾਬ ਸਰਕਾਰ ਵਲੋਂ ਨਸ਼ਿਆਂ ’ਤੇ ਕਾਬੂ ਪਾਉਣ ਲਈ ਗਠਿਤ ਕੀਤੀ ਸਪੈਸ਼ਲ ਟਾਸਕ ਫ਼ੋਰਸ(ਐਸ.ਟੀ.ਐਫ਼) ਦੀ ਬਠਿੰਡਾ ਰੇਂਜ ਵਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਸਕੇ ਭਰਾਵਾਂ ਨੂੰ ਪੰਜ ਕਿਲੋਂ ਅਫ਼ੀਮ ਸਹਿਤ ਕਾਬੂ ਕੀਤਾ ਹੈ। ਇਸ ਸਬੰਧ ਵਿਚ ਅੱਜ ਸਥਾਨਕ ਕਾਨਫਰੰਸ ਹਾਲ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਬਠਿੰਡਾ ਰੇਂਜ ਦੇ ਡੀਆਈਜੀ ਸ਼੍ਰੀ ਅਜੈ ਮਲੂਜਾ ਨੇ ਦਸਿਆ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਡੀਐਸਪੀ ਸੰਪੂਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਪਸ਼ੂ ਹਸਪਤਾਲ ਦਾਣਾ ਮੰਡੀ ਕਿੱਲਿਆਵਾਲੀ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਕੂਟੀ ’ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸੀ ਲਈ ਤੇ ਤਲਾਸੀ ਦੌਰਾਨ ਸਕੂਟੀ ’ਤੇ ਰੱਖੀ ਹੋਈ ਕੈਨੀ ਵਿਚੋਂ ਇਹ ਪੰਜ ਕਿਲੋ ਅਫ਼ੀਮ ਬਰਾਮਦ ਹੋਈ। ਡੀਆਈਜੀ ਸ਼੍ਰੀ ਮਲੂਜਾ ਨੇ ਅੱਗੇ ਦਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਰਵਿੰਦਰ ਪਾਸਵਾਨ ਅਤੇ ਬਾਬੂ ਕੁਮਾਰ (ਦੋਵੇਂ ਸਕੇ ਭਰਾ) ਵਾਸੀ ਪਿੰਡ ਨੇਭੀ, ਥਾਣਾ ਪ੍ਰਤਾਪਪੁਰ ਜਿਲਾ ਚਤਰਾ (ਝਾਰਖੰਡ) ਹਾਲ ਆਬਾਦ ਨਰਸਿੰਗ ਕਲੋਨੀ ਡੂੰਮਵਾਲੀ ਜਿਲਾ ਬਠਿੰਡਾ ਦੇ ਤੌਰ ’ਤੇ ਹੋਈ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਰਵਿੰਦਰ ਪਾਸਵਾਨ ਉਪਰ ਪਹਿਲਾਂ ਵੀ ਭੁੱਕੀ ਤਸਕਰੀ ਦਾ ਪਰਚਾ ਦਰਜ਼ ਹੈ ਅਤੇ ਉਹ ਪਿਛਲੇ 10 ਸਾਲਾਂ ਤੋ ਡੱਬਵਾਲੀ ਵਿਖੇ ਸਬਜੀ ਦੀ ਰੇਹੜੀ ਲਗਾਉਦਾ ਸੀ। ਜਦੋਂਕਿ ਬਾਬੂ ਕੁਮਾਰ ਪਿਛਲੇ 2 ਮਹੀਨਿਆਂ ਤੋ ਜੱਸੀ ਬਾਗਵਾਲੀ ਵਿਖੇ ਇੱਕ ਢਾਬਾ ’ਤੇ ਕੰਮ ਕਰਦਾ ਹੈ। ਸੂਚਨਾ ਮੁਤਾਬਕ ਬਾਬੂ ਕੁਮਾਰ ਝਾਰਖੰਡ ਤੋ ਇਹ ਅਫੀਮ 80 ਹਜਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਝਾਰਖੰਡ ਤੋ ਲੈ ਕੇ ਆਇਆ ਸੀ। ਜਿਸਨੂੰ ਅੱਗੇ ਇੰਨ੍ਹਾਂ ਅਪਣੇ ਪੱਕੇ ਗ੍ਰਾਹਕਾਂ ਕੋਲ 1 ਲੱਖ 50 ਹਜਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕਰਨੀ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋੋ 2 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।ਜਿਹਨਾਂ ਦੀ ਫਰਾਸਿਕ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੰਨਾਂ-ਕਿੰਨਾਂ ਦੇ ਸੰਪਰਕ ਵਿਚ ਸਨ। ਦੋਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਐਸਟੀਐਫ਼ ਦੀ ਅਪੀਲ ’ਤੇ ਅਦਾਲਤ ਨੇ ਦੋਨਾਂ ਨੂੰ ਪੁਲਿਸ ਰਿਮਾਡ ’ਤੇ ਭੇਜ ਦਿੱਤਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਨਾਲ ਸੰਯੁਕਤ ਅਰਬ ਅਮੀਰਾਤ ਦੇ ਵਫਦ ਨਾਲ ਕੀਤੀ ਮੁਲਾਕਾਤ
ੲੰਡੋ-ਅਰਬ ਬਿਜਨੈਸ ਸਬੰਧਾਂ ਮਜਬੂਤੀ ਦੇਣ ਸਮੇਤ ਹਰਿਆਂਣਾ ਵਿਚ ਨਿਵੇਸ਼ ਕਰਨ ’ਤੇ ਹੋਈ ਚਰਚ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਅੱਜ ਉਨ੍ਹਾਂ ਦੇ ਨਿਵਾਸ ਸੰਤ ਕਬੀਰ ਕੁਟਿਰ ’ਤੇ ਮੈਜੇਸਟਿਕ ਇੰਵੇਸਟਮੈਂਟ ਦੇ ਸੀਈਓ ਤੇ ਸ਼ੇਖ ਮਜੀਦ ਅਲ ਮੁਅੱਲਾਗਰੁੱਪ ਆਫ ਕੰਪਨੀਜ ਦੇ ਫਾਊਂਡਰ ਸ਼ੇਖ ਮਜੀਦ ਰਸ਼ੀਦ ਅਲ ਮੁਅਲਾ ਅਤੇ ਕੰਪਨੀ ਤੇ ਸੀਓਓ ਡਾ. ਕਬੀਰ ਨੇ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਹਰਿਆਣਾ ਵਿਚ ਨਿਵੇਸ਼ ਕਰਨ ਦੀ ਸੰਭਾਵਨਾਵਾਂ ਤਲਾਸ਼ਨ ਅਤੇ ਵੱਖ-ਵੱਖ ਖੇਤਰਾਂ ਵਿਚ ਆਪਸੀ ਸਹਿਯੋਗ ਦੇ ਸਬੰਧ ਵਿਚ ਚਰਚਾ ਕੀਤੀ। ਮੀਟਿੰਗ ਵਿਚ ਇੱਡੋ-ਅਰਬ ਬਿਜਨੈਸ ਸਬੰਧਾਂ ਨੂੰ ਮਜਬੂਤੀ ਦੇਣ ਲਈ ਵੀ ਵਿਸਤਾਰ ਨਾਲ ਚਰਚਾ ਹੋਈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਉਦਯੋਗ ਅਨੁਕੂਲ ਮਾਹੌਲ ਹੈ ਅਤੇ ਅੱਜ ਸਰਕਾਰ ਨਵੇਂ ਉਦਮਿਆਂ ਨੂੰ ਪ੍ਰੋਤਸਾਹਿਤ ਕਰਨ ਲਈ ਅਨੇਕ ਰਿਆਇਤਾਂ ਦੇ ਨਾਲ ਵੱਖ-ਵੱਖ ਯੋਜਨਾਵਾਂ ਲਾਗੂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਵਿਸ਼ਵ ਪੱਧਰ ’ਤੇ ਨਿਵੇਸ਼ਕਾਂ ਦੇ ਲਈ ਪਹਿਲੀ ਪਸੰਦ ਬਣ ਕੇ ਉਭਰਿਆ ਹੈ। ਇੰਡੋ-ਅਰਬ ਬਿਜਨੈਸ ਸਬੰਧਾਂ ਨੂੰ ਮਜਬੂਤੀ ਮਿਲਣ ਨਾਲ ਹਰਿਆਣਾ ਨੂੰ ਵੀ ਲਾਭ ਹੋਵੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬੀ2ਬੀ, ਜੀ2ਜੀ, ਬੀ2ਜੀ ਆਦਿ ਕਾਰੋਬਾਰਾਂ ਦੇ ਵੱਖ-ਵੱਖ ਮਾਡਲਾਂ ਵਿੱਚੋਂ ਰਾਜ ਸਰਕਾਰ ਐਚ2ਐਚ ਯਾਨੀ ਹਾਰਟ ਟੂ ਹਾਰਟ ਮਾਡਲ ਤੋਂ ਕੰਮ ਕਰਨ ਵਿਚ ਭਰੋਸਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹਰਿਆਣਾ ਵਿਚ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਗਿਆ ਹੈ, ਜੋ ਵਿਦੇਸ਼ੀ ਕੰਪਨੀਆਂ ਤੇ ਵੱਖ-ਵੱਖ ਸੰਗਠਨਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਹਰਿਆਣਾ ਵਿਚ ਨਿਵੇਸ਼ ਕਰਨ ਤੇ ਵਪਾਰ ਵਧਾਉਣ ਦੇ ਲਈ ਲਗਾਤਾਰ ਕਾਰਜ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਪੁਗਾਇਆ ਆਪਣਾ ਵਾਅਦਾ
ਪੱਲੇਦਾਰੀ ਕਰਨ ਨੂੰ ਮਜਬੂਰ ਕੌਮੀ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਦਿੱਤੀ ਕੋਚ ਦੀ ਨੌਕਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਕੁਮਾਰ ਨੂੰ ਆਪ ਦਿੱਤਾ ਨਿਯੁਕਤੀ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਣਾ ਮੰਡੀ ਵਿੱਚ ਪੱਲੇਦਾਰ ਵਜੋਂ ਕੰਮ ਕਰਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਖੇਡ ਵਿਭਾਗ ਵਿੱਚ ਕੋਚ ਵਜੋਂ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ।ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਪਰਮਜੀਤ ਨੂੰ ਸੋਮਵਾਰ 6 ਮਾਰਚ ਨੂੰ ਬਠਿੰਡਾ ਵਿਖੇ ਕੋਚ ਵਜੋਂ ਜੁਆਇਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪਰਮਜੀਤ ਨੇ ਪਿਛਲੇ ਸਮੇਂ ਵਿੱਚ ਕਈ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਸੂਬੇ ਦੀ ਨੁਮਾਇੰਦਗੀ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਬਦਕਿਸਮਤੀ ਨਾਲ ਪਰਮਜੀਤ ਕੁਮਾਰ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਮੈਦਾਨ ਛੱਡਣਾ ਪਿਆ ਸੀ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਇਸ ਹੋਣਹਾਰ ਹਾਕੀ ਖਿਡਾਰੀ ਨੂੰ ਅਨਾਜ ਮੰਡੀ ਵਿੱਚ ਪੱਲੇਦਾਰ ਵਜੋਂ ਕੰਮ ਕਰਨਾ ਪੈ ਰਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੀਡੀਆ ਰਾਹੀਂ ਇਸ ਹਾਕੀ ਖਿਡਾਰੀ ਦੀ ਦੁਰਦਸ਼ਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਬੁਲਾ ਕੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਪਰਮਜੀਤ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਗਿਆ ਹੈ ਅਤੇ ਉਹ ਸੋਮਵਾਰ ਨੂੰ ਬਠਿੰਡਾ ਵਿਖੇ ਜੁਆਇਨ ਕਰ ਲਵੇਗਾ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਪਰਮਜੀਤ ਆਪਣੇ ਹੁਨਰ ਅਤੇ ਮੁਹਾਰਤ ਸਦਕਾ ਕਈ ਹੋਰ ਖਿਡਾਰੀ ਪੈਦਾ ਕਰੇਗਾ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਰਮਜੀਤ ਸਮੇਂ ਸਿਰ ਹੋਰ ਸਿੱਖਿਆ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਨਿਯਮਾਂ ਅਨੁਸਾਰ ਤਰੱਕੀਆਂ ਵੀ ਮਿਲਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਸ ਖਿਡਾਰੀ ਵੱਲੋਂ ਸੂਬੇ ਲਈ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਲਈ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਹੈ।ਇਸ ਦੌਰਾਨ ਪਰਮਜੀਤ ਕੁਮਾਰ ਨੇ ਮੁੱਖ ਮੰਤਰੀ ਦਾ ਇਸ ਕਦਮ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੀ ਬਹੁਤ ਘੱਟ ਮਿਸਾਲ ਮਿਲਦੀ ਹੈ ਕਿ ਕਿਸੇ ਮੁੱਖ ਮੰਤਰੀ ਨੇ ਅਜਿਹਾ ਇਤਿਹਾਸਕ ਫੈਸਲਾ ਲਿਆ ਹੈ। ਉਸ ਨੇ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਬੁਲੰਦੀਆਂ ਛੂਹੇਗਾ। ਉਸ ਨੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਨ ਲਈ ਪੂਰੀ ਵਾਹ ਲਾਉਣਗੇ।
ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਏ.ਵੈਨੂੰ ਪ੍ਰਸਾਦ ਨੂੰ ਸਦਮਾ, ਮਾਤਾ ਦਾ ਦੇਹਾਂਤ
ਮੁੱਖ ਮੰਤਰੀ ਨੇ ਮਾਤਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ ਦੀ ਮਾਤਾ ਸ੍ਰੀਮਤੀ ਏ. ਮੰਗੰਮਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਆਪਣੀ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਹੈਦਰਾਬਾਦ ਵਿਖੇ ਆਖਰੀ ਸਾਹ ਲਿਆ। ਉਹ 83 ਵਰਿ੍ਹਆਂ ਦੇ ਸਨ ਅਤੇ ਆਪਣੇ ਪਿੱਛੇ ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।
ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀਮਤੀ ਏ ਮੰਗੰਮਾ ਦੀ ਮੌਤ ਸਮੁੱਚੇ ਪਰਿਵਾਰ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਸ਼੍ਰੀਮਤੀ ਏ ਮੰਗੰਮਾ ਨੂੰ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਿਤ ਪਵਿੱਤਰ ਰੂਹ ਦੱਸਿਆ। ਭਗਵੰਤ ਮਾਨ ਨੇ ਕਿਹਾ ਕਿ ਸ਼੍ਰੀਮਤੀ ਏ ਮੰਗੰਮਾ ਦੁਆਰਾ ਦਰਸਾਏ ਮਾਰਗ ਨੇ ਪੂਰੇ ਪਰਿਵਾਰ ਨੂੰ ਜੀਵਨ ਦੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਅਤੇ ਉਤਸ਼ਾਹ ਤੇ ਲਗਨ ਨਾਲ ਦੇਸ਼ ਦੀ ਸੇਵਾ ਕਰਨ ਦੇ ਕਾਬਲ ਬਣਾਇਆ।ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਸ਼੍ਰੀਮਤੀ ਏ ਮੰਗੰਮਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4:30 ਵਜੇ ਹੈਦਰਾਬਾਦ ਵਿੱਚ ਕੀਤਾ ਜਾਵੇਗਾ।




