ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੋਂ ਇਲਾਵਾ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖੇਡਾਂ ਚ ਬਾਜ਼ੀਆਂ ਮਾਰਨ ਵਾਲੇ ਖਿਡਾਰੀਆਂ ਨੂੰ ਹੋਰ ਅੱਗੇ ਲਿਜਾਣ ਲਈ ਵਿਸ਼ੇਸ਼ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ।ਉਪਰੋਕਤ ਜਾਣਕਾਰੀ ਦਿੰਦਿਆਂ ਪੁਲਿਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਨੇ ਦੱਸਿਆ ਕਿ ਇਸੇ ਤਹਿਤ ਪੁਲਿਸ ਪਬਲਿਕ ਸਕੂਲ ਚ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਹੇ 11ਵੀਂ ਜਮਾਤ ਦੇ ਵਿਦਿਆਰਥੀ ਹਰਸਿਮਰਨ ਸਿੰਘ ਬਰਾੜ ਨੇ 43ਵੀਂ ਜ਼ਿਲ੍ਹਾ ਪੱਧਰ ਜੂਡੋ ਪ੍ਰਤਿਯੋਗਤਾ ਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਨ ਸਿੰਘ 90 ਕਿਲੋਗ੍ਰਾਮ ਦੀ ਸ਼ਰੇਣੀ ਦਾ ਖਿਡਾਰੀ ਹੈ।ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੈਡਮ ਮੋਨਿਕਾ ਨੇ ਦੱਸਿਆ ਕਿ ਖਿਡਾਰੀ ਹਰਸਿਮਰਨ ਸਿੰਘ ਬਰਾੜ ਦੇ ਕੋਚ ਸ਼੍ਰੀ ਤਰਸੇਮ ਲਾਲ ਬਾਵਾ ਜੋ ਕਿ ਇੱਕ ਪੁਲਿਸ ਮੁਲਾਜ਼ਮ ਹਨ। ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਭਵਿੱਖ ਚ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ।
ਪੁਲਿਸ ਪਬਲਿਕ ਸਕੂਲ ਦੇ ਹਰਸਿਮਰਨ ਨੇ ਜਿੱਤਿਆ ਚਾਂਦੀ ਦਾ ਤਮਗਾ
ਸੂਰਿਯਾ ਕਿਰਨ ਐਰੋਬੈਟਿਕ ਸਮੇਤ ਹੋਰ ਵੱਖ-ਵੱਖ ਟੀਮਾਂ ਵਲੋਂ ਦਿਖਾਏ ਜਾਣਗੇ ਹਵਾਈ ਕਰਤੱਵ : ਡਿਪਟੀ ਕਮਿਸ਼ਨਰ
ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਸੂਰਿਯਾ ਕਿਰਨ ਸ਼ੋਅ 6 ਤੇ 7 ਮਾਰਚ ਨੂੰ,ਸਵੇਰੇ 10:30 ਤੋਂ ਦੁਪਿਹਰ 12:30 ਵਜੇ ਤੱਕ ਚੱਲੇਗਾ ਸ਼ੋਅ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਸੂਰਿਯਾ ਕਿਰਨ ਸ਼ੋਅ 6 ਅਤੇ 7 ਮਾਰਚ ਨੂੰ ਹੋਵੇਗਾ। ਇਸ ਸ਼ੋਅ ਦੌਰਾਨ ਸੂਰਿਯਾ ਕਿਰਨ ਐਰੋਬੈਟਿਕ ਤੋਂ ਇਲਾਵਾਂ ਹੋਰ ਟੀਮਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਹਵਾਈ ਕਰਤੱਵ ਦਿਖਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਪੱਤਰਕਾਰਾਂ ਨਾਲ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰੇ ਨੇ ਕਿਹਾ ਕਿ ਸ਼ੋਅ ਨੂੰ ਸਫ਼ਲਤਾਪੂਰਵਕ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਪੁਖਤਾ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸ਼ੋਅ ਸਵੇਰੇ 10:30 ਤੋਂ ਦੁਪਿਹਰ 12:30 ਵਜੇ ਤੱਕ ਚੱਲੇਗਾ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਣ ਵਾਲੇ ਇਸ ਸ਼ੋਅ ਚ 10 ਵਜੇ ਤੋਂ ਪਹਿਲਾ ਪਹੁੰਚਣ ਤਾਂ ਜੋ ਪੂਰੇ ਸ਼ੋਅ ਦਾ ਆਨੰਦ ਮਾਣ ਸਕਣ।ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਠਿੰਡਾ ਵਿਖੇ ਇਸ ਤਰ੍ਹਾਂ ਦਾ ਸ਼ੋਅ ਕਰੀਬ ਡੇਢ ਦਹਾਕੇ ਪਹਿਲੇ ਸਾਲ 2007 ਚ ਹੋਇਆ ਸੀ, ਉਸ ਉਪਰੰਤ ਦੂਸਰੀ ਵਾਰ ਇਹ ਸ਼ੋਅ ਇੱਥੇ ਇੰਡੀਅਨ ਏਅਰ ਫੋਰਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਸੂਰਿਯਾ ਕਿਰਨ ਐਰੋਬੈਟਿਕ ਤੇ ਹੋਰ ਟੀਮਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਹਵਾਈ ਕਰਤੱਵ ਦਿਖਾਏ ਜਾਣਗੇ। ਉਨ੍ਹਾਂ ਸਵਾਲ ਦੇ ਜਵਾਬ ਚ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਆਉਣ ਲਈ ਸਪੈਸ਼ਲ ਬੱਸਾਂ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਏਅਰ ਫੋਰਸ ਬੈਂਡ ਜੋ ਕਿ 26 ਜਨਵਰੀ ਵਾਲੇ ਦਿਨ ਦਿੱਲੀ ਵਿਖੇ ਆਪਣੀ ਪੇਸ਼ਕਾਰੀ ਕਰਦਾ ਹੈ ਉਹ ਵੀ ਇਸ ਸ਼ੋਅ ਦਾ ਹਿੱਸਾ ਬਣੇਗਾ ਅਤੇ ਆਪਣੇ ਕਰਤੱਵ ਦਿਖਾਵੇਗਾ। ਇਸ ਤੋਂ ਇਲਾਵਾ ਆਕਾਸ਼ ਗੰਗਾ ਸਕਾਈ ਟੀਮ ਵਲੋਂ ਵੀ ਆਪਣੇ ਕਰਤੱਵ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਭਰ ਚ ਜਾਣੀ ਜਾਂਦੀ ਸੂਰਿਯਾ ਕਿਰਨ ਐਰੋਬੈਟਿਕ ਟੀਮ ਵਲੋਂ ਵੀ ਆਪੋਂ-ਆਪਣੇ ਕਰਤੱਵ ਦਿਖਾਏ ਜਾਣਗੇ, ਜਿਸ ਨੇ ਪਹਿਲਾ ਲਗਭਗ 100-150 ਦੇਸ਼ਾਂ ਚ ਆਪਣੇ ਕਰਤੱਵਾਂ ਦੀ ਪੇਸ਼ਕਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਹੋਰ ਸਵਾਲ ਦੇ ਜਵਾਬ ਚ ਕਿਹਾ ਕਿ ਸ਼ੋਅ ਤੱਕ ਜਾਣ ਵਾਲੇ ਰਸਤੇ ਤੇ ਚੂਨਾ ਮਾਰਕਿੰਗ ਕੀਤੀ ਹੋਵੇਗੀ, ਪੁਲਿਸ ਦੇ ਨੁਮਾਇੰਦੇ ਤਾਇਨਾਤ ਹੋਣਗੇ ਤੇ ਬਕਾਇਦਾ ਸਾਇਨ ਬੋਰਡ ਲੱਗੇ ਹੋਣਗੇ ਤਾਂ ਜੋ ਆਮ ਲੋਕਾਂ ਨੂੰ ਸਮਾਗਮ ਵਾਲੀ ਥਾਂ ਤੇ ਪਹੁੰਚਣ ਲਈ ਕੋਈ ਸਮੱਸਿਆ ਦਰਪੇਸ਼ ਨਾ ਆਵੇ।ਇਸ ਦੌਰਾਨ ਉਨ੍ਹਾਂ ਸੂਰਿਯਾ ਕਿਰਨ ਐਰੋਬੈਟਿਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਮੁਫ਼ਤ ਸ਼ੋਅ ਚ ਵੱਧ ਤੋਂ ਵੱਧ ਆਮ ਜਨਤਾ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੱਲਵੀ ਚੌਧਰੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਪੰਕਜ, ਐਸ.ਪੀ. ਜੀ ਐਸ ਸੰਘਾ ਆਦਿ ਹਾਜ਼ਰ ਸਨ।
ਬਠਿੰਡਾ ’ਚ ਕਾਂਗਰਸ ਪਾਰਟੀ ਵਲੋਂ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਦਾ ਹੋਇਆ ਅਗਾਜ
ਕਾਂਗਰਸ ਦੀ ਅਗਵਾਈ ਵਿੱਚ ਦੇਸ਼ ਨੇ ਕੀਤੀ ਤਰੱਕੀ, ਵਪਾਰਕ ਸਥਿਤੀ ਵਿੱਚ ਅੱਗੇ ਵਧਿਆ ਹਿੰਦੋਸਤਾਨ: ਅਮ੍ਰਿਤਾ ਵੜਿੰਗ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਰਾਹੁਲ ਗਾਂਧੀ ਵੱਲੋਂ ਦੇਸ਼ ਵਿੱਚ ਕੀਤੀ ਗਈ ਭਾਰਤ ਜੋੜੋ ਯਾਤਰਾ ਤੋਂ ਬਾਅਦ ਦੇਸ਼ ਦੇ ਹਰ ਪਰਿਵਾਰ ਨੂੰ ਜਾਗਰੂਕ ਕਰਨ ਲਈ ਹੁਣ ਹੱਥ ਨਾਲ ਹੱਥ ਜੋੜੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਬਠਿੰਡਾ ’ਚ ਇਸ ਮੁਹਿੰਮ ਦਾ ਆਗਾਜ਼ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਸਮੂਹ ਲੀਡਰਸ਼ਿਪ ਦੀ ਅਗਵਾਈ ਵਿਚ ਸਥਾਨਕ ਕਾਂਗਰਸ ਭਵਨ ਤੋਂ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਇਸ ਮੁਹਿੰਮ ਤਹਿਤ ਵਪਾਰੀਆਂ ਨਾਲ ਮੁਲਾਕਾਤ ਕਰਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਰਾਹੁਲ ਗਾਂਧੀ ਦੁਆਰਾ ਦੇਸ਼ ਵਾਸੀਆਂ ਦੇ ਨਾਂ ਜਾਰੀ ਕੀਤੀ ਚਿੱਠੀ ਅਤੇ ਪੰਫ਼ਲਿਟ ਵੀ ਵੰਡੇ ਗਏ। ਜਿੱਥੇ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਵਪਾਰੀਆਂ ਤੇ ਆਮ ਲੋਕਾਂ ਵੱਲੋ ਕਾਂਗਰਸ ਦੀ ਇਸ ਮੁਹਿੰਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਅਮ੍ਰਿੰਤਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਿੱਚ ਦੇਸ਼ ਨੇ ਤਰੱਕੀ ਕੀਤੀ ਅਤੇ ਵਪਾਰਕ ਸਥਿਤੀ ਵਿੱਚ ਹਿੰਦੋਸਤਾਨ ਮਜ਼ਬੂਤ ਹੋਇਆ ਹੈ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਖਾਸ ਕਰਕੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਜਾਰੀ ਪਫ਼ਲੈਟ ਨੂੰ ਧਿਆਨ ਨਾਲ ਪੜ੍ਹਨ ਅਤੇ ਆਉਂਦਿਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਲਈ ਸਹਿਯੋਗ ਦੇਣ। ਇਸ ਮੌਕੇ ਉਨਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਅਖਵਾਉਣ ਵਾਲੇ ਇੱਕ ਸਾਲ ਵਿੱਚ ਹੀ ਖਾਸ ਬਣ ਗਏ ਅਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਾਂਗਰਸ ਨੂੰ ਅੱਗੇ ਲਿਆਉਣ ਦੀ ਤਾਂ ਜੋ ਦੇਸ਼ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਆਗੂ ਕੇ ਕੇ ਅੱਗਰਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਣ, ਹਲਕਾ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਵਿੱਕੀ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਹਰਮੰਦਰ ਸਿੰਘ, ਹੈਪੀ ਖੇੜਾ, ਅਵਤਾਰ ਸਿੰਘ ਗੋਨਿਆਣਾ, ਡਾਇਰੈਕਟਰ ਟਹਿਲ ਸਿੰਘ ਸੰਧੂ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਬਲਰਾਜ ਪੱਕਾ, ਹਰਵਿੰਦਰ ਲੱਡੂ, ਕਿਰਨਜੀਤ ਗਹਿਰੀ, ਰੁਪਿੰਦਰ ਬਿੰਦਰਾ, ਗੁਰਭਗਤ ਸਿੰਘ, ਕੋਂਸਲਰ ਮਲਕੀਤ ਗਿੱਲ, ਜਸਵੀਰ ਜੱਸਾ, ਟਹਿਲ ਬੁੱਟਰ, ਸਾਧੂ ਸਿੰਘ,ਗੁਰਪ੍ਰੀਤ ਬੰਟੀ, ਉਮੇਸ਼ ਗੋਗੀ, ਚਰਨਜੀਤ ਸਿੰਘ ਭੋਲਾ, ਵਿਪਨ ਮਿੱਤੂ, ਗੁਰਵਿੰਦਰ ਸਿੰਘ ਚਾਹਲ, ਸੁਰਜੀਤ ਮੋਖਾ, ਪ੍ਰੀਤਮ ਸਿੰਘ ਬਰਾੜ, ਗੰਡਾ ਸਿੰਘ ਜਗਰਾਜ ਸਿੰਘ, ਬਲਜੀਤ ਯੂਥ ਆਗੂ, ਯਾਦਵਿੰਦਰ ਸਿੰਘ,ਅਸੀਸ ਕਪੂਰ, ਡਾ ਰਣਬੀਰ ਕੌਰ ਮੀਆਂ, ਕਿਰਨਦੀਪ ਕੌਰ ਵਿਰਕ, ਮਮਤਾ ਰਾਣੀ,ਸਰੋਜ ਰਾਣੀ, ਪਰਵੀਨ ਗਰਗ, ਕਰਮਜੀਤ ਕੌਰ, ਕਮਲੇਸ਼ ਮਹਿਰਾ, ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
ਬੀ.ਐਫ.ਜੀ.ਆਈ. ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ’ਆਈ.ਸੀ.ਸੀ.ਸੀ.ਐਸ.-23 ਸਫਲਤਾਪੂਰਵਕ ਸੰਪੰਨ
’ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ’ ਦੇ ਖੇਤਰ ਵਿੱਚ ਰੋਜ਼ਗਾਰ ਦੀਆਂ ਭਰਪੂਰ ਸੰਭਾਵਨਾਵਾਂ ਬਾਰੇ ਹੋਈ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਵੱਲੋਂ ਵਿਸ਼ਵ ਪ੍ਰਸਿੱਧ ਪਬਲਿਸ਼ਿੰਗ ਕੰਪਨੀ ’ਸਪਰਿੰਗਰ’ ਦੇ ਤਕਨੀਕੀ ਸਹਿਯੋਗ ਨਾਲ ਆਯੋਜਿਤ ’ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ’ ਬਾਰੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ । ਇਸ ਕਾਨਫ਼ਰੰਸ ਵਿਚ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 65 ਤੋਂ ਵਧੇਰੇ ਡੈਲੀਗੇਟਾਂ, ਖੋਜਾਰਥੀਆਂ ਅਤੇ ਰਿਸਰਚ ਸਕਾਲਰਾਂ ਨੇ ਭਾਗ ਲਿਆ ਅਤੇ ਵੱਖ-ਵੱਖ ਸੈਸ਼ਨਾਂ ਵਿੱਚ ਆਪਣੇ ਖੋਜ ਪੱਤਰ ਪੇਸ਼ ਕੀਤੇ। ਇਸ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਐਸ.ਡੀ. ਸੁਦਰਸ਼ਨ, ਕਾਰਜਕਾਰੀ ਡਾਇਰੈਕਟਰ ਸੀ-ਡੈਕ ਬੰਗਲੌਰ ਸਨ ਜਦੋਂ ਕਿ ਇਨਫੋਸਿਸ ਚੰਡੀਗੜ੍ਹ ਦੇ ਵਾਈਸ ਪ੍ਰੈਜੀਡੈਂਟ ਅਤੇ ਸੈਂਟਰ ਹੈੱਡ ਸ੍ਰੀ ਅਭਿਸ਼ੇਕ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਗਰੁੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਪਲੇਸਮੈਂਟ, ਰਿਸਰਚ , ਵਰਲਡ ਸਕਿੱਲ, ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਖੇਤਰ ਵਿੱਚ ਬੀ.ਐਫ.ਜੀ.ਆਈ. ਦੀਆਂ ਅਹਿਮ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਐਮ.ਆਰ.ਐਸ. ਪੀ.ਟੀ.ਯੂ. ਵੱਲੋਂ ਬੈੱਸਟ ਪਲੇਸਮੈਂਟ ਅਤੇ ਬੈੱਸਟ ਅਕਾਦਮਿਕ ਨਤੀਜਿਆਂ ਦੀ ਸ਼ਰੇਣੀ ਵਿੱਚ ਆਪਣੇ ਸਾਰੇ ਕਾਲਜਾਂ ਵਿੱਚੋਂ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੂੰ ਸਰਵੋਤਮ ਕਾਲਜ ਵਜੋਂ ਚੁਣਿਆ ਹੈ।ਮੁੱਖ ਮਹਿਮਾਨ ਡਾ. ਐਸ.ਡੀ. ਸੁਦਰਸ਼ਨ ਕਾਰਜਕਾਰੀ ਡਾਇਰੈਕਟਰ ਸੀ-ਡੈਕ ਬੰਗਲੌਰ ਨੇ ਆਪਣੇ ਸੰਬੋਧਨ ਦੌਰਾਨ ਕਾਨਫ਼ਰੰਸ ਦੇ ਥੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੰਪਿਊਟਿੰਗ, ਕਮਿਊਨੀਕੇਸ਼ਨ ਅਤੇ ਸੁਰੱਖਿਆ ਦੇ ਪਹਿਲੂਆਂ ਵਿੱਚੋਂ ਸੁਰੱਖਿਆ ਦਾ ਪਹਿਲੂ ਜ਼ਿਆਦਾ ਮਹੱਤਵਪੂਰਨ ਹੈ । ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਕਮਿਊਨੀਕੇਸ਼ਨ ਸਕਿੱਲ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨ ਸ੍ਰੀ ਅਭਿਸ਼ੇਕ ਗੋਇਲ, ਵਾਈਸ ਪ੍ਰੈਜ਼ੀਡੈਂਟ ਅਤੇ ਸੈਂਟਰ ਹੈੱਡ ਇਨਫੋਸਿਸ (ਚੰਡੀਗੜ੍ਹ) ਨੇ ਭਵਿੱਖ ਦੀਆਂ ਟੈਕਨਾਲੋਜੀਆਂ ਬਾਰੇ ਸ਼ਾਨਦਾਰ ਵਿਚਾਰ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਹੁਨਰ ਪ੍ਰਾਪਤ ਕਰਨ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਕਾਨਫ਼ਰੰਸ ਦੇ ਕਨਵੀਨਰ ਡਾ. ਤੇਜਿੰਦਰਪਾਲ ਸਿੰਘ ਸਰਾਓ ਨੇ ਕਾਨਫ਼ਰੰਸ ਦੀ ਰਿਪੋਰਟ ਪੜ੍ਹੀ । ਇਸ ਕਾਨਫ਼ਰੰਸ ਲਈ ਭਾਰਤ ਅਤੇ ਵਿਦੇਸ਼ਾਂ ਵਿੱਚੋਂ 200 ਤੋਂ ਵਧੇਰੇ ਖੋਜ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਚੁਣੇ ਗਏ ਖੋਜ ਪੱਤਰ ਸਪਰਿੰਗਰ ਵੱਲੋਂ ਪਬਲਿਸ਼ ਕੀਤੇ ਜਾਣਗੇ। ਇਸ 2 ਦਿਨਾਂ ਕਾਨਫ਼ਰੰਸ ਵਿੱਚ 6 ਤਕਨੀਕੀ ਸੈਸ਼ਨ ਹੋਏ ਅਤੇ ਇਸ ਤੋਂ ਇਲਾਵਾ ਇੱਕ ਟੈਕਨੀਕਲ ਵਰਕਸ਼ਾਪ ਸ੍ਰੀ .ਵੀ. ਕੇ ਆਰੀਆ (ਰਿਟਾ. ਡਿਪਟੀ ਡਾਇਰੈਕਟਰ ਜਨਰਲ, ਸੂਚਨਾ ਮੰਤਰਾਲਾ, ਭਾਰਤ ਸਰਕਾਰ) ਦੁਆਰਾ ਲਈ ਗਈ।ਇਸ ਮੌਕੇ ਬੀ.ਐਫ.ਜੀ.ਆਈ. ਵੱਲੋਂ ਆਈ.ਟੀ. ਖੇਤਰ ਦੀ ਦਿੱਗਜ਼ ਕੰਪਨੀ ਇਨਫੋਸਿਸ ਨਾਲ ਐਮ.ਓ.ਯੂ. ਵੀ ਸਾਈਨ ਕੀਤਾ ਗਿਆ।ਅੰਤ ਵਿੱਚ ਬੀ.ਐਫ.ਜੀ.ਆਈ. ਦੀ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਮਜਦੂਰਾਂ ਦੇ ਸੰਘਰਸ਼ ਦੀ ਹੋਈ ਜਿੱਤ: ਲੋਕ ਗਾਇਕ ਦਾ ਜਮੀਨੀ ਮਸਲਾ ਹੋਇਆ ਹੱਲ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ: ਪਿੰਡ ਜੀਦਾ ਦੇ ਇਨਕਲਾਬੀ ਗਾਇਕ ਤੇ ਗੀਤਕਾਰ ਜਗਸੀਰ ਸਿੰਘ ਜੀਦਾ ਵੱਲੋਂ ਖਰੀਦੀ ਜਮੀਨ ਨੂੰ ਜਾਂਦੇ ਰਾਹ ਅਤੇ ਪਾਣੀ ਦੀ ਕੀਤੀ ਨਜਾਇਜ਼ ਬੰਦੀ ਨੂੰ ਖੁਲਵਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਵਿੱਢੇ ਸੰਘਰਸ਼ ਨੂੰ ਆਖ਼ਰਕਾਰ ਬੂਰ ਪਿਆ ਹੈ। ਲੰਮੇ ਸੰਘਰਸ਼ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਪੰਚਾਇਤੀ ਸਮਝੋਤਾ ਹੋ ਗਿਆ, ਜਿਸਦੇ ਚੱਲਦੇ ਹੁਣ ਜਗਸੀਰ ਸਿੰਘ ਜੀਦਾ ਦੇ ਖੇਤਾਂ ਨੂੰ ਰਾਹ ਵੀ ਮਿਲੇਗਾ ਤੇ ਪਾਣੀ ਵੀ ਲੱਗੇਗਾ। ਗੌਰਤਲਬ ਹੈ ਕਿ ਕਿਸਾਨਾਂ ਤੇ ਮਜਦੂਰਾਂ ਦੇ ਸੰਘਰਸ਼ਾਂ ’ਚ ਮੋਹਰੀ ਹੋ ਕੇ ਭੂਮਿਕਾ ਨਿਭਾਉਣ ਵਾਲੇ ਜਗਸੀਰ ਸਿੰਘ ਜੀਦਾ ਨੇ ਕਰੀਬ ਇੱਕ ਸਾਲ ਪਹਿਲਾਂ ਪਿੰਡ ’ਚ ਹੀ ਜਮੀਨ ਖ਼ਰੀਦੀ ਸੀ ਪ੍ਰੰਤੂ ਬਾਅਦ ਵਿਚ ਉਸਨੂੰ ਜਾਂਦੇ ਰਾਹ ਤੇ ਖੇਤ ਨੂੰ ਲੱਗਣ ਵਾਲੇ ਪਾਣੀ ਦੀ ਵਾਰੀ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਿਸ ਕਾਰਨ ਜਮੀਨ ਬੰਜਰ ਹੀ ਪਈ ਸੀ। ਬਾਅਦ ਵਿਚ ਇਸ ਮਸਲੇ ਨੂੰ ਅਪਣੇ ਹੱਥ ਵਿਚ ਲੈਂਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਸਥਾਨਕ ਜਿਲਾ ਕੰਪਲੈਕਸ ਅੱਗੇ ਅਣਮਿਥੇ ਸਮੇਂ ਲਈ ਧਰਨਾ ਸੁਰੂ ਕੀਤਾ ਸੀ ਤੇ ਨਾਲ ਹੀ ਐਸ.ਐਸ.ਪੀ ਦੇ ਦਫ਼ਤਰ ਦਾ ਘਿਰਾਓ ਵੀ ਕੀਤਾ ਸੀ। ਉਧਰ ਅੱਜ ਪਿੰਡ ’ਚ ਸਥਿਤ ਮਜ਼ਦੂਰਾਂ ਦੀ ਧਰਮਸ਼ਾਲਾ ਵਿੱਚ ਜੇਤੂ ਰੈਲੀ ਕੀਤੀ ਗਈ ਸੀ। ਜਿਸਨੂੰ ਤੀਰਥ ਸਿੰਘ ਕੋਠਾ ਗੁਰੂ ਤੇ ਕਾਕਾ ਸਿੰਘ ਜੀਦਾ ਨੇ ਸਬੋਧਨ ਕੀਤਾ । ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦਸਿਆ ਕਿ ਭਾਵੇਂ ਪਾਣੀ ਤੇ ਰਾਹ ਦੀ ਬੰਦੀ ਖੁਲਵਾਉਣ ਲਈ ਪਿੰਡ ਦੇ ਕਿਸਾਨਾਂ ਮਜ਼ਦੂਰਾਂ ਤੇ ਮੋਹਤਬਰ ਵਿਅਕਤੀਆਂ ਵੱਲੋਂ ਸੁਹਿਰਦ ਯਤਨ ਕੀਤੇ ਗਏ । ਪਰੰਤੂ ਮਸਲੇ ਦਾ ਹੱਲ ਨਾ ਨਿਕਲਣ ਦੇ ਚੱਲਦੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ ਸੀ। ਜਿਸਦੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਰੈਲੀ ਵਿੱਚ ਪਹੁੰਚੇ ਲੋਕ ਗਾਇਕ ਜਗਸੀਰ ਸਿੰਘ ਜੀਦਾ ਨੇ ਸੰਘਰਸ਼ ਕਰਨ ਵਾਲੇ ਮਜ਼ਦੂਰਾਂ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।
ਆਲੂਆਂ ਨੂੰ ਕੋਹਰੇ ਦੀ ਮਾਰ, ਨਾਂ ਝਾੜ ਤੇ ਨਾ ਹੀ ਮਿਲ ਰਿਹਾ ਹੈ ਕੋਈ ਖਰੀਦਦਾਰ
ਰਾਮ ਸਿੰਘ ਕਲਿਆਣ
ਬਠਿੰਡਾ, 4 ਮਾਰਚ : ਮਹਿੰਗੀ ਖੇਤੀ ਵਜੋਂ ਜਾਣੀ ਜਾਂਦੀ ਆਲੂਆਂ ਦੀ ਫਸਲ ’ਤੇ ਪੱਕਣ ਸਮੇਂ ਪਈ ਕੋਹਰੇ ਦੀ ਮਾਰ ਆਲੂ ਉਤਪਾਦਕ ਕਿਸਾਨਾਂ ਲਈ ਦੋਹਰੀ ਮੁਸੀਬਤ ਬਣ ਗਏ ਹਨ। ਕੋਹਰੇ ਕਾਰਨ ਜਿੱਥੇ ਇਸ ਵਾਰ ਆਲੂਆਂ ਦਾ ਸਾਇਜ ਬਹੁਤ ਛੋਟਾ ਰਹਿ ਗਿਆ ਹੈ, ਉਥੇ ਕੋਈ ਖਰੀਦਦਾਰ ਵੀ ਨਹੀ ਮਿਲ ਰਿਹਾ ਅਤੇ ਵਪਾਰੀ ਰੇਟ ਵੀ ਬਹੁਤ ਘੱਟ ਬਹੁਤ ਲਗਾ ਰਹੇ ਹਨ। ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਦੇ ਆਲੂ ਉਤਪਾਦਕ ਬਲਵਿੰਦਰ ਸਿੰਘ ਕਾਲਾ, ਹਰਭਜਨ ਸਿੰਘ ਤੇ ਗੁਰਨੈਬ ਸਿੰਘ ਸਿੱਧੂ ਨੇ ਦੱਸਿਆ ਕਿ ਜਦ ਫਸਲ ਪੱਕਣ ’ਤੇ ਸੀ ਤਾਂ ਭਾਰੀ ਠੰਢ ਦੇ ਚੱਲਦੇ ਪਏ ਕੋਹਰੇ ਕਾਰਨ ਆਲੂਆਂ ਦੀ ਫ਼ਸਲ ਦੇ ਪੱਤੇ ਸੁੱਕ ਗਏ ਸਨ, ਜਿਸ ਕਰਕੇ ਦੀ ਆਲੂਆਂ ਦਾ ਵਿਕਾਸ ਅਧੂਰਾ ਰਹਿ ਗਿਆ ਅਤੇ ਹੁਣ ਜਦ ਫ਼ਸਲ ਪੱਟੀ ਜਾ ਰਹੀ ਹੈ ਤਾਂ ਆਲੂਆਂ ਦਾ ਸਾਇਜ਼ ਬਹੁਤ ਛੋਟਾ ਨਿਕਲ ਰਿਹਾ ਹੈ। ਉਨ੍ਹਾਂ ਦਸਿਆ ਕਿ ਆਲੂਆਂ ਦੀ ਇਹ ਹਾਲਤ ਦੇਖ ਕੇ ਕੋਈ ਵੀ ਵਪਾਰੀ ਖਰੀਦਣ ਲਈ ਤਿਆਰ ਨਹੀਂ।ਕਿਸਾਨਾਂ ਨੈ ਅੱਗੇ ਦੱਸਿਆ ਕਿ ਪਿਛਲੇ ਸਾਲ 350 ਗੱਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਜ ਹੋਈ ਸੀ , ਪਰ ਇਸ ਵਾਰ ਸਿਰਫ਼ 200 ਗੱਟਾ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਜਦੋਂਕਿ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਆਲੂਆ ਦੀ ਕੀਮਤ ਕਰੀਬ 600 ਰੁਪਏ ਪ੍ਰਤੀ ਗੱਟਾ (50 ਕਿਲੋਗ੍ਰਾਮ)ਸੀ ਅਤੇ ਇਸ ਵਾਰ ਆਲੂ ਦੀ ਡਾਇਮੰਡ ਕਿਸਮ ਦਾ ਰੇਟ ਕਰੀਬ 255 ਰੁਪਏ , ਕੁਫ਼ਰੀ ਤੇ ਹੋਰ ਕਿਸਮਾਂ ਦੀ ਕੀਮਤ ਸਿਰਫ 200 ਰੁਪਏ ਪ੍ਰਤੀ ਗੱਟਾ ਹੈ। ਆਲੂ ਉਤਪਾਦਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਉਸ ਨੇ 5 ਏਕੜ ਆਲੂ ਕਾਸ਼ਤ ਕੀਤੇ ਹਨ ਤੇ ਹੁਣ ਮੰਦੀ ਦੇ ਦੌਰ ਵਿੱਚ ਉਹ ਆਪਣੇ ਪੱਲਿਓਂ 32 ਰੁਪਏ ਦਾ ਗੱਟਾ ਅਤੇ 36 ਰੁਪਏ ਪ੍ਰਤੀ ਗੱਟਾ ਲੇਬਰ ਖਰਚ ਕਰਕੇ ਆਲੂਆਂ ਨੂੰ ਸਟੋਰ ਕਰਨ ਲਈ ਮਜਬੂਰ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਅੰਗਰੇਜ਼ ਸਿੰਘ ਕਲਿਆਣ, ਜਵਾਹਰ ਸਿੰਘ ਡੀਸੀ, ਰਾਜਵਿੰਦਰ ਸਿੰਘ ਰਾਜਾ ਗੁਰਲਾਲ ਸਿੰਘ ਲਾਲੀ ਤੇ ਫਤਹਿ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਸੀਬਤ ਦੀ ਘੜੀ ਵਿੱਚ ਸਰਕਾਰ ਵੱਲੋ ਆਲੂ ਉਤਪਾਦਕਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਅਗਲੇ ਸਾਲ ਵੀ ਕਿਸਾਨ ਆਲੂਆਂ ਦੀ ਕਾਸ਼ਤ ਕਰਨ ਲਈ ਉਤਸ਼ਾਹਤ ਹੋ ਸਕਣ।
ਰਿਸ਼ਵਤ ਦਾ ਆਦੀ ਥਾਣੇਦਾਰ ਦੂਜੀ ਵਾਰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਪਹਿਲਾਂ ਵੀ ਭੁਗਤ ਰਿਹਾ ਹੈ ਇੱਕ ਹੋਰ ਰਿਸ਼ਵਤਖੋਰੀ ਦਾ ਕੇਸ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਵਿਜੀਲੈਂਸ ਬਿਊਰੋ ਨੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ਰਿਸ਼ਵਤ ਦੇ ‘ਆਦੀ’ ਮੰਨੇ ਜਾਂਦੇ ਇੱਕ ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਨੂੰ ਮੁੜ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਕੋਲ ਜਨਕ ਰਾਜ ਵਾਸੀ ਮੇਨ ਬਜ਼ਾਰ ਤਲਵੰਡੀ ਸਾਬੋ ਵਲੋਂ ਸ਼ਿਕਾਇਤ ਦਿੱਤੀ ਸੀ। ਜਦੋਂਕਿ ਉਕਤ ਪੁਲਿਸ ਮੁਲਾਜ਼ਮ ਖਿਲਾਫ ਕੈਨਾਲ ਕਲੋਨੀ ਥਾਣਾ ਬਠਿੰਡਾ ਵਿਖੇ ਤਾਇਨਾਤੀ ਦੌਰਾਨ ਪਹਿਲਾਂ ਵੀ ਸਾਲ 2020 ਵਿੱਚ 43,000 ਰੁਪਏ ਰਿਸ਼ਵਤ ਲੈਣ ਸਬੰਧੀ ਪ੍ਰਾਪਤ ਇੱਕ ਆਨਲਾਈਨ ਸ਼ਿਕਾਇਤ ਦੇ ਅਧਾਰ ਉਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਹੋਇਆ ਹੈ ਜੋ ਕਿ ਵਧੀਕ ਸੈਸ਼ਨਜ ਜੱਜ ਬਠਿੰਡਾ ਦੀ ਅਦਾਲਤ ਵਿੱਚ ਜੇਰੇ ਸਮਾਇਤ ਹੈ। ਤਾਜ਼ਾ ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਅਧਿਕਾਰੀਆਂ ਨੇ ਦਸਿਆ ਕਿ ਸ਼ਿਕਾਇਤਕਰਤਾ ਮੁਤਾਬਕ ਉਕਤ ਪੁਲਿਸ ਮੁਲਾਜ਼ਮ ਨੇ ਉਸ ਦੇ ਭਰਾ ਵੱਲੋਂ ਉਕਤ ਥਾਣੇ ਵਿੱਚ ਵਿਰੋਧੀ ਧਿਰ ਵਿਰੁੱਧ ਦਰਜ ਕਰਵਾਏ ਇੱਕ ਪੁਲਿਸ ਕੇਸ ਵਿੱਚ ਉਸਦੀ ਮੱਦਦ ਕਰਨ ਲਈ 20,000 ਰੁਪਏ ਬਤੌਰ ਰਿਸ਼ਵਤ ਮੰਗੀ ਸੀ। ਇਸ ਮਾਮਲੇ ’ਚ ਉਕਤ ਏ.ਐਸ.ਆਈ. ਪਹਿਲਾਂ ਹੀ ਉਨਾਂ ਤੋਂ 5000 ਰੁਪਏ ਲੈ ਚੁੱਕਾ ਸੀ ਅਤੇ ਬਾਕੀ ਪੈਸੇ ਦੇਣ ਦੀ ਮੰਗ ਕਰ ਰਿਹਾ ਹੈ। ਸਿਕਾਇਤ ਮਿਲਣ ਤੋਂ ਬਾਅਦ ਬਠਿੰਡਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ ਹੈ। ਇਸ ਸਬੰਧੀ ਉਕਤ ਮੁਲਜ਼ਮ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ ਨੂੰ ਫ਼ਿਰਕੂ ਅੱਗ ਦੀ ਭੱਠੀ ਵਿੱਚ ਝੋਕ ਕੇ ਸਿਆਸੀ ਰੋਟੀਆਂ ਸੇਕਣ ਦਾ ਵਿਰੋਧੀਆਂ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ-ਮੁੱਖ ਮੰਤਰੀ
ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦੇ ਆਪਸੀ ਭਾਈਚਾਰੇ ਵੱਲ ਬੁਰੀ ਨਜ਼ਰ ਨਾਲ ਦੇਖੇ-ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਰੋਧੀ ਪਾਰਟੀਆਂ ’ਤੇ ਫੁੱਟ ਪਾਊ ਸਿਆਸਤ ਕਰਨ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਫਿਰਕੂ ਭਾਵਨਾਵਾਂ ਭੜਕਾ ਕੇ ਸਿਆਸੀ ਰੋਟੀਆਂ ਸੇਕਣ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ। ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਲ-ਪਲ ਦੀ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਉਹ ਸੂਬੇ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ’ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸੂਬਾ ਸਰਕਾਰ ਵਿਰੁੱਧ ਕੋਈ ਮੁੱਦਾ ਨਾ ਹੋਣ ਕਰਕੇ ਇਹ ਸਿਆਸੀ ਪਾਰਟੀਆਂ ਨੀਵੇਂ ਪੱਧਰ ਉੱਤੇ ਆ ਕੇ ਘਟੀਆ ਹਥਕੰਡੇ ਅਪਣਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸਿਆਸੀ ਲਾਹਾ ਖੱਟਣ ਲਈ ਵਿਰੋਧੀ ਧਿਰਾਂ ਫਿਰਕਾਪ੍ਰਸਤੀ ਨੂੰ ਤੂਲ ਦੇ ਕੇ ਅੱਗ ਨਾਲ ਖੇਡ ਰਹੀਆਂ ਹਨ। ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਨਾਪਾਕ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਸਾਨੂੰ ਭਾਈਚਾਰਕ ਸਾਂਝ, ਸ਼ਾਂਤੀ ਅਤੇ ਭਾਈਚਾਰੇ ਦਾ ਮਾਰਗ ਦਿਖਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਹੀ ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਿਚ ਵਿਸ਼ਵਾਸ ਪ੍ਰਗਟਾਇਆ ਹੈ।ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਖ਼ਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਨੇ ਤਿੰਨ ਕਰੋੜ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ’ਤੇ ਕਿਸੇ ਨੂੰ ਵੀ ਮਾੜੀ ਅੱਖ ਨਹੀਂ ਰੱਖਣ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਸੂਬਾ ਸਰਕਾਰ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਨੂੰ ਵੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਦਫ਼ਤਰ ’ਚ ਸ਼੍ਰੀ ਅਖੰਠ ਪਾਠ ਸਾਹਿਬ ਆਰੰਭ
ਸੁਖਜਿੰਦਰ ਮਾਨ
ਬਠਿੰਡਾ, 3 ਮਾਰਚ : ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਅੱਜ ਅਪਣੇ ਦਫ਼ਤਰ ’ਚ ਐਸੋਸੀਏਸ਼ਨ ਦੇ ਮੈਂਬਰਾਂ ਵੱਲੋ ਮਿਲਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ। ਜਿਨਾਂ ਦੇ ਭੋਗ 5/3/23 ਨੂੰ ਪਾਏ ਜਾਣਗੇ। ਇਸ ਦੌਰਾਨ ਦਫ਼ਤਰ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਮਾਨ ਮੌਕੇ ਜਿੱਥੇ ਐਸੋਸੀਏਸ਼ਨ ਵੱਲੋ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ, ਉਥੇ ਐਸ ਆਈ ਨਰਦੇਵ ਸਿੰਘ ਦੀ ਅਗਵਾਈ ’ਚ ਪੁਲਿਸ ਟੁਕੜੀ ਵੱਲੋ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਤੂਰ ਰਿਟਾਇਰ ਡੀ ਐਸ ਪੀ ਨੇ ਦੱਸਿਆ ਕਿ ਸੰਸਥਾ ਦੇ ਮੈਬਰਾਂ ਵੱਲੋ ਹਰ ਸਾਲ ਸਮੂਹ ਨਗਰ ਖੇੜੇ ਦੇ ਭਲੇ ਲਈ ਅੱਜ ਦੇ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਹਨ 5 ਮਾਰਚ ਨੂੰ ਭੋਗ ਪਾਏ ਜਾਂਦੇ ਹਨ। ਇਸ ਦੌਰਾਨ ਕੀਰਤਨ ਵੀ ਕੀਤੇ ਜਾਂਦੇ ਹਨ। ਇਸ ਵਿਚ ਸਾਰੇ ਮੈਂਬਰ ਅਤੇ ਮਜੂਦਾ ਹਰ ਰੈਕ ਦੇ ਅਫਸਰ ਅਤੇ ਇਲਾਕਾ ਨਿਵਾਸੀ ਵੀ ਸ਼ਾਮਲ ਹੁੰਦੇ ਹਨ। ਉਨ੍ਹਾਂ ਸੰਗਤਾਂ ਨੂੰ 5 ਮਾਰਚ ਵਾਲੇ ਦਿਨ ਪੁੱਜਣ ਦੀ ਅਪੀਲ ਵੀ ਕੀਤੀ।
ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਨੇ ਸਲਾਨਾ ਖੇਡ ਸਮਾਗਮ ਕਰਵਾਇਆ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ.ਅਰਵਿੰਦ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਅੰਗਰੇਜ਼ ਸਿੰਘ ਵਿੱਕੀ
ਬਠਿੰਡਾ, 3 ਮਾਰਚ: ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ.ਅਰਵਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਡਾ.ਮੁਕੇਸ਼ ਠੱਕਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਦੀ ਪ੍ਰਿੰਸੀਪਲ ਡਾ.ਕਿਰਨਦੀਪ ਕੌਰ ਵੱਲੋਂ ਮੁੱਖ ਮਹਿਮਾਨ ਤੇ ਹੋਰਨਾਂ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ। ਰਸਮੀ ਸਵਾਗਤ ਤੋਂ ਬਾਅਦ ਐਨ.ਸੀ.ਸੀ ਕੈਡਿਟ ਦੇ ਵਿਦਿਆਰਥੀਆਂ ਵੱਲੋਂ ਫਲੈਗ ਮਾਰਚ, ਯੂਨੀਵਰਸਿਟੀ ਫਲੈਗ, ਐਨ.ਸੀ.ਸੀ ਫਲੈਗ ਅਤੇ ਸਟੈਂਡਿੰਗ ਸੈਲਿਊਟ ਦੀ ਰਸਮ ਨਿਭਾਈ ਗਈ। ਇਸ ਤੋਂ ਤੁਰੰਤ ਬਾਅਦ ਵਾਈਸ-ਚਾਂਸਲਰ ਪ੍ਰੋ. ਅਰਵਿੰਦ, ਵਿਸ਼ੇਸ਼ ਮਹਿਮਾਨ ਡਾ. ਮੁਕੇਸ਼ ਠੱਕਰ, ਕਾਲਜ ਪ੍ਰਿੰਸੀਪਲ ਡਾ.ਕਿਰਨਦੀਪ ਕੌਰ, ਡਾ. ਜਸਪਾਲ ਸਿੰਘ, ਡਾ.ਸੁਮਿਤ ਗਰਗ ਆਦਿ ਕਾਲਜ ਫੈਕਲਟੀ ਨੇ ‘ਝੰਡਾ ਲਹਿਰਾਉਣ’ ਦੀ ਰਸਮ ਨਿਭਾਈ। ਇਸੇ ਦੌਰਾਨ ਡਾ.ਸੁਮਿਤ ਗਰਗ ਨੇ ‘ਸਾਲਾਨਾ ਰਿਪੋਰਟ’ ਪੜ੍ਹੀ, ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਖੇਡਾਂ ਵਿੱਚ ਕੀਤੀ ਸ਼ਮੂਲੀਅਤ ਅਤੇ ਪ੍ਰਾਪਤੀਆਂ ਬਾਰੇ ਦੱਸਿਆ। ਐਥਲੈਟਿਕ ਮੀਟ ਦਾ ਆਰੰਭ ਕਰਦਿਆਂ ਸਭ ਤੋਂ ਪਹਿਲਾਂ ਐਨ.ਸੀ.ਸੀ.ਵਿਭਾਗ ਦੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਈਵੈਂਟ ਕੀਤੇ ਗਏ। ਮੁੱਖ ਮਹਿਮਾਨ ਵਾਈਸ-ਚਾਂਸਲਰ ਪ੍ਰੋ.ਅਰਵਿੰਦ ਨੇ ਸੰਬੋਧਨੀ ਸ਼ਬਦ ਕਹਿੰਦਿਆਂ ਐਥਲੈਟਿਕ ਮੀਟ ਲਈ ਸਮੂਹ ਕਾਲਜ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਪੱਛੜੇ ਇਲਾਕੇ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਮਸਲੇ ਵਿਚ ਯੂਨੀਵਰਸਿਟੀਆਂ ਦੀ ਰੈਂਕਿੰਗ ਕਰਨੀ ਹੋਵੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਨ੍ਹਾਂ ਵਿਚੋਂ ਮੋਹਰੀ ਹੋਵੇਗੀ।ਐਥਲੈਟਿਕ ਮੀਟ ਵਿਚ ਖੇਡਾਂ ਦੀਆਂ ਵੱਖ-ਵੱਖ ਕੈਟੇਗਰੀਆਂ ਕਰਵਾਈਆਂ ਗਈਆਂ। ਇਸ ਵਿਚ 100 ਮੀਟਰ ਰੇਸ, 200 ਮੀਟਰ ਰੇਸ, 400 ਮੀਟਰ ਰੇਸ, 1500 ਮੀਟਰ ਰੇਸ, ਰਿਲੇ ਰੇਸ, ਲੰਬੀ ਛਾਲ, ਗੋਲਾ ਸੁੱਟਣਾ, ਰੱਸਾਕੱਸੀ ਈਵੈਂਟ ਕਰਵਾਏ ਗਏ। ਇਨ੍ਹਾਂ ਈਵੈਂਟ ਵਿਚ ਕਾਲਜ ਦੇ ਆਰਟਸ, ਕਾਮਰਸ ਅਤੇ ਸਾਇੰਸ ਵਿਭਾਗ ਦੇ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਈਵੈਂਟ ਵਿਚੋਂ 100 ਮੀਟਰ ਰੇਸ (ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਜਗਜੋਤ ਸਿੰਘ ਦੂਜਾ ਸਥਾਨ ਗੁਰਜਿੰਦਰ ਸਿੰਘ ਅਤੇ ਤੀਜਾ ਸਥਾਨ ਅਕਾਸ਼ਦੀਪ ਸਿੰਘ ਨੇ ਹਾਸਲ ਕੀਤਾ। 100 ਮੀਟਰ (ਨਾਨ-ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਰਮਨਦੀਪ ਸਿੰਘ, ਦੂਜਾ ਸਥਾਨ ਮਾਨਵ ਬਾਵਾ ਅਤੇ ਤੀਜਾ ਸਥਾਨ ਪਿੰਟੂ ਕੁਮਾਰ ਨੇ ਹਾਸਲ ਕੀਤਾ। 100 ਮੀਟਰ (ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਜਸਪ੍ਰੀਤ ਕੌਰ, ਦੂਜਾ ਸਥਾਨ ਅੰਮ੍ਰਿਤਪਾਲ ਕੌਰ ਅਤੇ ਤੀਜਾ ਸਥਾਨ ਜਸਪ੍ਰੀਤ ਕੌਰ ਨੇ ਹਾਸਲ ਕੀਤਾ। 100 ਮੀਟਰ ਵਿਚੋਂ ਪਹਿਲਾ ਸਥਾਨ ਅੰਤਰਪ੍ਰੀਤ ਕੌਰ, ਦੂਜਾ ਸਥਾਨ ਅਮਨਦੀਪ ਕੌਰ ਅਤੇ ਤੀਜਾ ਸਥਾਨ ਯਸ਼ਿਕਾ ਨੇ ਹਾਸਲ ਕੀਤਾ। ਇਸੇ ਤਰ੍ਹਾਂ 200 ਮੀਟਰ ਰੇਸ (ਆਰਟਸ ਮੁੰਡੇ) ਪਹਿਲਾ ਸਥਾਨ ਗੁਰਜਿੰਦਰ ਸਿੰਘ, ਦੂਜਾ ਸਥਾਨ ਜਗਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਹਾਸਲ ਕੀਤਾ। 200 ਮੀਟਰ (ਨਾਨ-ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਪਿੰਟੂ ਕੁਮਾਰ, ਦੂਜਾ ਸਥਾਨ ਮਾਨਵ ਬਾਵਾ ਅਤੇ ਤੀਜਾ ਸਥਾਨ ਰਮਨਦੀਪ ਸਿੰਘ ਨੇ ਹਾਸਲ ਕੀਤਾ। 200 ਮੀਟਰ (ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਜਸਪ੍ਰੀਤ ਕੌਰ, ਦੂਜਾ ਸਥਾਨ ਗਗਨਦੀਪ ਕੌਰ ਅਤੇ ਤੀਜਾ ਸਥਾਨ ਅੰਮ੍ਰਿਤਪਾਲ ਕੌਰ ਨੇ ਹਾਸਲ ਕੀਤਾ। 200 ਮੀਟਰ (ਨਾਨ-ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਰੇਸ਼ਮਾ ਕੌਰ, ਦੂਜਾ ਸਥਾਨ ਅਮਨਦੀਪ ਕੌਰ ਅਤੇ ਤੀਜਾ ਸਥਾਨ ਗੁਰਿੰਦਰਜੀਤ ਕੌਰ ਨੇ ਹਾਸਲ ਕੀਤਾ। 400 ਮੀਟਰ (ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਮਨਪ੍ਰੀਤ ਸਿੰਘ, ਦੂਜਾ ਸਥਾਨ ਗੁਰਜਿੰਦਰ ਸਿੰਘ ਅਤੇ ਤੀਜਾ ਸਥਾਨ ਗਗਨਜੋਤ ਸਿੰਘ ਨੇ ਹਾਸਲ ਕੀਤਾ। 400 ਮੀਟਰ (ਨਾਨ-ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਰਮਨਦੀਪ ਸਿੰਘ, ਦੂਜਾ ਸਥਾਨ ਮਾਨਵ ਬਾਵਾ ਅਤੇ ਤੀਜਾ ਸਥਾਨ ਪਿੰਟੂ ਕੁਮਾਰ ਨੇ ਹਾਸਲ ਕੀਤਾ। 400 ਮੀਟਰ (ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਜਸਪ੍ਰੀਤ ਕੌਰ, ਦੂਜਾ ਸਥਾਨ ਅੰਮ੍ਰਿਤਪਾਲ ਕੌਰ ਅਤੇ ਤੀਜਾ ਸਥਾਨ ਕਮਲਦੀਪ ਕੌਰ ਨੇ ਹਾਸਲ ਕੀਤਾ। 400 ਮੀਟਰ (ਨਾਨ-ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਰੇਸ਼ਮਾ ਕੌਰ, ਦੂਜਾ ਸਥਾਨ ਯਸ਼ਿਕਾ ਅਤੇ ਤੀਜਾ ਸਥਾਨ ਵੀਰਪਾਲ ਕੌਰ ਨੇ ਹਾਸਲ ਕੀਤਾ। 1500 ਮੀਟਰ (ਆਰਟਸ ਅਤੇ ਨਾਨ-ਆਰਟਸ ਲੜਕੇ) ਵਿਚੋਂ ਸਥਾਨ ਕਰਨ ਕੁਮਾਰ, ਦੂਜਾ ਸਥਾਨ ਮਨਪ੍ਰੀਤ ਸਿੰਘ ਤੇ ਕੁਲਦੀਪ ਸਿੰਘ ਅਤੇ ਤੀਜਾ ਸਥਾਨ ਗਗਨਦੀਪ ਸਿੰਘ ਨੇ ਹਾਸਲ ਕੀਤਾ। 1500 ਮੀਟਰ (ਨਾਨ-ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਸੁਖਪਿੰਦਰ ਕੌਰ, ਦੂਜਾ ਸਥਾਨ ਵੀਰਪਾਲ ਕੌਰ ਅਤੇ ਤੀਜਾ ਸਥਾਨ ਜਸ਼ਨਪ੍ਰੀਤ ਕੌਰ ਨੇ ਹਾਸਲ ਕੀਤਾ। ਰਿਲੇ ਰੇਸ (ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਜਗਜੋਤ ਸਿੰਘ ਟੀਮ, ਦੂਜਾ ਸਥਾਨ ਗਗਨਦੀਪ ਸਿੰਘ ਟੀਮ ਅਤੇ ਤੀਜਾ ਸਥਾਨ ਰੋਹਿਤ ਕੁਮਾਰ ਦੀ ਟੀਮ ਨੇ ਹਾਸਲ ਕੀਤਾ। ਰਿਲੇ ਰੇਸ (ਨਾਨ-ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਮਾਨਵ ਬਾਵਾ ਟੀਮ, ਦੂਜਾ ਸਥਾਨ ਰਮਨਦੀਪ ਸਿੰਘ ਟੀਮ ਅਤੇ ਤੀਜਾ ਸਥਾਨ ਬੋਹੜ ਸਿੰਘ ਦੀ ਟੀਮ ਨੇ ਹਾਸਲ ਕੀਤਾ। ਰਿਲੇ ਰੇਸ (ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਗੁਰਵੀਰ ਕੌਰ ਟੀਮ, ਦੂਜਾ ਸਥਾਨ ਸੋਮਾ ਕੌਰ ਟੀਮ ਅਤੇ ਤੀਜਾ ਸਥਾਨ ਸੁਮਨਪ੍ਰੀਤ ਕੌਰ ਦੀ ਟੀਮ ਨੇ ਹਾਸਲ ਕੀਤਾ। ਰਿਲੇ ਰੇਸ (ਨਾਨ-ਆਰਟਸ ਲੜਕੀਆਂ) ਵਿਚੋਂ ਪਹਿਲਾ ਸਥਾਨ ਨਵਜੋਤ ਕੌਰ ਟੀਮ, ਦੂਜਾ ਸਥਾਨ ਸੁਖਪਿੰਦਰ ਕੌਰ ਟੀਮ ਅਤੇ ਤੀਜਾ ਸਥਾਨ ਜਸਪ੍ਰੀਤ ਕੌਰ ਦੀ ਟੀਮ ਨੇ ਹਾਸਲ ਕੀਤਾ। ਗੋਲਾ ਸੁੱਟਣ ਵਿਚ (ਆਰਟਸ ਲੜਕੇ)ਵਿਚੋਂ ਪਹਿਲਾ ਸਥਾਨ ਵਿਸ਼ਵਜੀਤ ਸਿੰਘ, ਦੂਜਾ ਸਥਾਨ ਹਰਸ਼ਪ੍ਰੀਤ ਸਿੰਘ ਅਤੇ ਤੀਜਾ ਸਥਾਨ ਅਮਨਦੀਪ ਸਿੰਘ ਨੇ ਹਾਸਲ ਕੀਤਾ। ਨਾਨ-ਆਰਟਸ ਲੜਕਿਆਂ ਵਿਚੋਂ ਪਹਿਲਾਂ ਸਥਾਨ ਤਨਿਸ਼ਕ ਧੀਮਾਨ, ਦੂਜਾ ਸਥਾਨ ਮਾਨਵ ਬਾਵਾ ਅਤੇ ਤੀਜਾ ਸਥਾਨ ਡਿੰਪਲ ਕੁਮਾਰ ਨੇ ਹਾਸਲ ਕੀਤਾ। ਆਰਟਸ ਲੜਕੀਆਂ ਵਿਚੋਂ ਪਹਿਲਾ ਸਥਾਨ ਅੰਮ੍ਰਿਤਪਾਲ ਕੌਰ, ਦੂਜਾ ਸਥਾਨ ਕਿਰਨਦੀਪ ਕੌਰ ਅਤੇ ਤੀਜਾ ਸਥਾਨ ਚੰਦਨਪ੍ਰੀਤ ਕੌਰ ਨੇ ਹਾਸਲ ਕੀਤਾ। ਨਾਨ-ਆਰਟਸ ਲੜਕੀਆਂ ਵਿਚੋਂ ਪਹਿਲਾ ਸਥਾਨ ਜਸ਼ਨਪ੍ਰੀਤ ਕੌਰ, ਦੂਜਾ ਸਥਾਨ ਪ੍ਰਤਿਮਾ ਅਤੇ ਤੀਜਾ ਸਥਾਨ ਅੰਤਰਪ੍ਰੀਤ ਕੌਰ ਨੇ ਹਾਸਲ ਕੀਤਾ। ਉੱਚੀ ਛਾਲ ਮੁਕਾਬਲੇ (ਆਰਟਸ ਲੜਕੇ) ਵਿਚੋਂ ਪਹਿਲਾ ਸਥਾਨ ਮਨਪ੍ਰੀਤ ਸਿੰਘ, ਦੂਜਾ ਸਥਾਨ ਜਗਜੋਤ ਸਿੰਘ ਅਤੇ ਤੀਜਾ ਸਥਾਨ ਪ੍ਰਕਾਸ਼ ਸਿੰਘ ਨੇ ਹਾਸਲ ਕੀਤਾ। ਨਾਨ-ਆਰਟਸ ਲੜਕਿਆਂ ਵਿਚੋਂ ਪਹਿਲਾ ਸਥਾਨ ਬੋਹੜ ਸਿੰਘ, ਦੂਜਾ ਸਥਾਨ ਪੁਸ਼ਪਿੰਦਰ ਸਿੰਘ ਅਤੇ ਤੀਜਾ ਸਥਾਨ ਨਵੀਨ ਸਿੰਘ ਨੇ ਹਾਸਲ ਕੀਤਾ। ਆਰਟਸ ਲੜਕੀਆਂ ਵਿਚੋਂ ਪਹਿਲਾ ਸਥਾਨ ਅੰਮ੍ਰਿਤਪਾਲ ਕੌਰ, ਦੂਜਾ ਸਥਾਨ ਗਗਨਦੀਪ ਕੌਰ ਅਤੇ ਤੀਜਾ ਸਥਾਨ ਰਜਨੀ ਦੇਵੀ ਨੇ ਹਾਸਲ ਕੀਤਾ। ਨਾਨ-ਆਰਟਸ ਲੜਕੀਆਂ ਵਿਚੋਂ ਅੰਤਰਪ੍ਰੀਤ ਕੌਰ, ਦੂਜਾ ਸਥਾਨ ਵੀਰਪਾਲ ਕੌਰ ਅਤੇ ਤੀਜਾ ਸਥਾਨ ਰੇਸ਼ਮਾ ਕੌਰ ਨੇ ਹਾਸਲ ਕੀਤਾ। ਰੱਸਾਕੱਸੀ ਮੁਕਾਬਲੇ ਲੜਕਿਆਂ ਵਿਚੋਂ ਪਹਿਲਾ ਸਥਾਨ ਬੀ.ਏ ਭਾਗ ਦੂਜਾ ਅਤੇ ਦੂਜਾ ਸਥਾਨ ਬੀ.ਕਾਮ ਨੇ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚੋਂ ਪਹਿਲਾ ਸਥਾਨ ਬੀ.ਏ ਭਾਗ ਤੀਜਾ ਅਤੇ ਦੂਜਾ ਸਥਾਨ ਬੀ.ਏ ਭਾਗ ਦੂਜਾ ਨੇ ਹਾਸਲ ਕੀਤਾ। ਇਸ ਐਥਲੈਟਿਕ ਮੀਟ ਵਿਚੋਂ ਬੈਸਟ ਐਥਲੀਟ ਆਰਟਸ ਮੁੰਡਿਆਂ ਵਿਚੋਂ ਗੁਰਜਿੰਦਰ ਸਿੰਘ ਅਤੇ ਆਰਟਸ ਕੁੜੀਆਂ ਵਿਚੋਂ ਅੰਮ੍ਰਿਤਪਾਲ ਕੌਰ ਨੂੰ ਚੁਣਿਆ ਗਿਆ। ਨਾਨ-ਆਰਟਸ ਮੁੰਡਿਆਂ ਵਿਚੋਂ ਬੈਸਟ ਐਥਲੀਟ ਰਮਨਦੀਪ ਸਿੰਘ ਅਤੇ ਕੁੜੀਆਂ ਵਿਚੋਂ ਰੇਸ਼ਮਾ ਕੌਰ ਨੂੰ ਚੁਣਿਆ ਗਿਆ। ਇਨ੍ਹਾਂ ਖੇਡਾਂ ਵਿਚੋਂ ਆਰਟਸ ਵਿਚੋਂ ਓਵਰ ਆਲ ਟਰਾਫੀ ਬੀ.ਏ ਭਾਗ ਦੂਜਾ ਨੇ ਜਿੱਤੀ ਅਤੇ ਨਾਨ-ਆਰਟਸ ਵਿਚੋਂ ਬੀ.ਸੀ.ਏ ਅਤੇ ਪੀਜੀਡੀਸੀਏ ਨੇ ਹਾਸਲ ਕੀਤੀ। ਬਾਅਦ ਦੁਪਹਿਰ ਇਨਾਮ ਵੰਡ ਸਮਾਰੋਹ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਜਿਲਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਸ੍ਰੀਮਤੀ ਮੀਨਾ ਭਾਰਤੀ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਐਥਲੈਟਿਕ ਮੀਟ ਦੇ ਮੁਕੰਮਲ ਹੋਣ ਤੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ. ਜਸਵੀਰ ਕੌਰ, ਪ੍ਰੋ. ਹਰਦੀਪ ਸਿੰਘ ਅਤੇ ਪ੍ਰੋ. ਸਰਮੁਖ ਸਿੰਘ, ਪ੍ਰੋ. ਅਮਨਦੀਪ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਾਲਜ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਭ ਦਾ ਧੰਨਵਾਦ ਕੀਤਾ।




