ਸੀਨੀਆਰਤਾ ਦੇ ਅਧਾਰ ’ਤੇ ਹੋਈਆਂ ਨਿਯੁਕਤੀਆਂ ਦਾ ਭਰਵਾਂ ਸਵਾਗਤ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 10 ਫਰਵਰੀ: ਸਿੱਖਿਆ ਵਿਭਾਗ ਵੱਲ੍ਹੋਂ ਨਵੀਂ ਸਪੋਰਟਸ ਨੀਤੀ ਤਹਿਤ ਸੀਨੀਆਰਤਾ ਦੇ ਅਧਾਰ ’ਤੇ ਪੰਜਾਬ ਭਰ ਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀਆਂ ਨਿਯੁਕਤੀਆਂ ਤਹਿਤ ਮਾਨਸਾ ਜ਼ਿਲ੍ਹੇ ਚ ਫਿਜੀਕਲ ਲੈਕਚਰਾਰ ਅੰਮ੍ਰਿਤਪਾਲ ਸਿੰਘ ਨੇ ਇਸ ਅਹੁਦੇ ’ਤੇ ਆਪਣਾ ਕਾਰਜਭਾਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ ਦੀ ਅਗਵਾਈ ਚ ਸੰਭਾਲਦਿਆਂ ਦਾਅਵਾ ਕੀਤਾ ਕਿ ਜ਼ਿਲ੍ਹੇ ਅੰਦਰ ਸਕੂਲੀ ਖੇਡਾਂ ਦੀ ਪ੍ਰਫੱਲਤਾ ਲਈ ਸਾਰਥਿਕ ਉਪਰਾਲੇ ਕੀਤੇ ਜਾਣਗੇ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਅਧਿਆਪਕ ਬਹੁਤ ਮਿਹਨਤੀ ਨੇ ਜੋ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀਆਂ ਸਾਹਿਤਕ, ਸਭਿਆਚਾਰ, ਖੇਡ ਸਰਗਰਮੀਆਂ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਹੋਈ ਨਿਯੁਕਤੀ ਨਾਲ ਸਕੂਲੀ ਖੇਡਾਂ ਨੂੰ ਹੋਰ ਵੱਡਾ ਹੁੰਗਾਰਾ ਮਿਲੇਗਾ। ਭੁੱਲਰ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਚ ਕਮਾਲ ਦਾ ਟੇਲੈਂਟ ਹੈ,ਪਰ ਉਨ੍ਹਾਂ ਨੂੰ ਸੁਚੱਜੀ ਅਗਵਾਈ ਦੀ ਜ਼ਰੂਰਤ ਹੈ।ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ ਵਿਜੈ ਕੁਮਾਰ ਮਿੱਢਾ,ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ ਨੇ ਹੋਰਨਾਂ ਜ਼ਿਲ੍ਹਿਆਂ ਵਾਂਗ ਸੀਨੀਆਰਤਾ ’ਤੇ ਅਧਾਰ ਉਪਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਹੋਈ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਖੇਡ ਕਲਾਂ ਚ ਹੋਰ ਨਿਖਾਰ ਆਵੇਗਾ ਅਤੇ ਉਹ ਸਟੇਟ,ਨੈਸ਼ਨਲ ਅਤੇ ਹੋਰ ਵੱਡੀਆਂ ਉਪਲਬੱਧੀਆਂ ਦੇ ਯੋਗ ਬਣਨਗੇ।ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੀਗਲ ਸੈੱਲ ਦੇ ਇੰਚਾਰਜ਼ ਰਮਨਦੀਪ ਸ਼ਰਮਾਂ,ਜ਼ਿਲ੍ਹਾ ਗਾਈਡੈਂਸ ਕੌਸਲਰ ਦਿਪਾਂਕਰ ਡੈਵੀ,ਆਲ ਉਵਰ ਇੰਚਾਰਜ਼ ਖੇਡਾਂ ਵਿਨੋਦ ਕੁਮਾਰ, ਗੁਰਦੀਪ ਸਿੰਘ,ਰਾਹੁਲ ਮੋਦਗਿਲ,ਗੁਰਕੀਰਤ ਸਿੰਘ, ਨਿਰਮਲ ਸਿੰਘ,ਰਾਜ ਖਾਨ,ਸਮਰਜੀਤ ਸਿੰਘ ਬੱਬੀ,ਜਸਵੰਤ ਸਿੰਘ,ਸੁਰਜੀਤ ਸਿੰਘ, ਮੱਖਣ ਸਿੰਘ,ਹਰਪ੍ਰੀਤ ਸਿੰਘ, ਬੂਟਾ ਸਿੰਘ,ਰਾਜੀਵ ਮਸੀਹ, ਪਾਲਾ ਸਿੰਘ,ਸੁਖਵਿੰਦਰ ਸਿੰਘ,ਰਮਨਦੀਪ ਸਿੰਘ,ਮਾਨਤ ਬਲਵੀਰ ਸਿੰਘ ਹਾਜ਼ਰ ਸਨ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਸੰਭਾਲਿਆ ਕਾਰਜਭਾਰ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਡਿਪਟੀ ਸੈਕਟਰੀ ਵਰਿੰਦਰ ਸਿੰਘ ਨੇ ਰੱਖਿਆ ਕੱਲ੍ਹੋਂ ਵਿਖੇ ਉਪਨ ਏਅਰ ਥੀਏਟਰ ਦਾ ਨੀਂਹ ਪੱਥਰ
ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਵਿਖੇ ਬਣੇਗਾ ਆਧੁਨਿਕ ਸਾਹੂਲਤਾਂ ਵਾਲਾ ਉਪਨ ਏਅਰ ਥੀਏਟਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 11 ਫਰਵਰੀ:ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਡਿਪਟੀ ਸੈਕਟਰੀ ਵਰਿੰਦਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੱਲ੍ਹੋ ਵਿਖੇ ਆਧੁਨਿਕ ਸਹੂਲਤਾਂ ਵਾਲੇ ਪ੍ਰੋ ਅਜਮੇਰ ਔਲਖ ਯਾਦਗਾਰੀ ਉਪਨ ਏਅਰ ਥੀਏਟਰ ਦਾ ਨੀਂਹ ਪੱਥਰ ਰੱਖਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਇਹ ਮੰਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵੱਡਾ ਚਾਨਣ ਮੁਨਾਰਾ ਹੋਵੇਗਾ। ਡਿਪਟੀ ਸੈਕਟਰੀ ਵਰਿੰਦਰ ਸਿੰਘ ਨੇ ਕਿਹਾ ਨਹਿਰੂ ਯੁਵਾ ਕੇਂਦਰ ਸੰਗਠਨ ਦੇਸ਼ ਦੀ ਨੌਜਵਾਨ ਸ਼ਕਤੀ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ,ਜਿਥੇ ਨੌਜਵਾਨ ਯੂਥ ਕਲੱਬਾਂ ਦੀ ਅਗਵਾਈ ਚ ਅਪਣੇ ਸੁਨਹਿਰੀ ਭਵਿੱਖ ਦੀ ਸਿਰਜਣਾ ਦੇ ਨਾਲ ਨਾਲ ਹੋਰਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ।ਉਨ੍ਹਾਂ ਮਾਨਸਾ ਜ਼ਿਲ੍ਹੇ ਚ ਨਹਿਰੂ ਯੁਵਾ ਕੇਂਦਰ ਅਤੇ ਕਲੱਬਾਂ ਵੱਲ੍ਹੋਂ ਕੀਤੇ ਜਾ ਰਹੇ ਕ੍ਰਾਂਤੀਕਾਰੀ ਕਾਰਜਾਂ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਥੋਂ ਦੇ ਵਿਦਿਆਰਥੀਆਂ, ਨੌਜਵਾਨਾਂ ਚ ਅਥਾਹ ਟੇਲੈਂਟ ਹੈ। ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ, ਲੇਖਾ ਤੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਇਸ ਉਪਨ ਏਅਰ ਥੀਏਟਰ ਦੀ ਸ਼ੁਰੂਆਤ ਤਿੰਨ ਦਿਨਾਂ ਸ਼ਰਮਦਾਨ ਕੈਂਪ ਦੋਰਾਨ ਕੀਤੀ ਜਾ ਰਹੀ ਹੈ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਨੁੰ ਨੇਪਰੇ ਚਾੜਿਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ,ਡਿਪਟੀ ਡੀਈਓ ਗੁਰਲਾਭ ਸਿੰਘ,ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ,ਪ੍ਰੋਜੈਕਟ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਕੱਲ੍ਹੋ ਵਿਖੇ ਬਣਨ ਵਾਲਾ ਉਪਨ ਏਅਰ ਥੀਏਟਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਬਣਨ ਵਾਲਾ ਪਹਿਲਾ ਆਧੁਨਿਕ ਉਪਨ ਏਅਰ ਥੀਏਟਰ ਹੋਵੇਗਾ,ਜਿਸ ’ਤੇ ਦੋ ਲੱਖ ਤੋਂ ਵੱਧ ਦੇ ਖਰਚੇ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਉਪਨ ਏਅਰ ਥੀਏਟਰ ਦੀ ਸਥਾਪਨਾ ਨਾਲ ਇਲਾਕੇ ਭਰ ਦੀਆਂ ਸਾਹਿਤਕ, ਸਭਿਆਚਾਰ ਸਰਗਰਮੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਪਿੰਡ ਦੇ ਸਰਪੰਚ ਸ੍ਰੀਮਤੀ ਰੀਮਾ ਰਾਣੀ, ਸਾਬਕਾ ਸਰਪੰਚ ਹਰਨੇਕ ਸਿੰਘ, ਨੌਜਵਾਨ ਸਪੋਰਟਸ ਕਲੱਬ ਕੱਲ੍ਹੋ ਦੇ ਪ੍ਰਧਾਨ ਰਾਜਵਿੰਦਰ ਸਿੰਘ,ਜੀਵਨ ਸਿੰਘ, ਗੁਰਪਾਲ ਸਿੰਘ ਨੇ ਕੱਲ੍ਹੋ ਸਕੂਲ ਵਿਖੇ ਬਣ ਰਹੇ ਵਿਲੱਖਣ ਪ੍ਰੋਜੈਕਟ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਚ ਪੜ੍ਹਾਈ ਦੇ ਮਿਆਰ ਦੇ ਨਾਲ ਨਾਲ ਵਿਦਿਆਰਥੀਆਂ ਚ ਮੁੱਢਲੇ ਪੜ੍ਹਾਅ ਤੋਂ ਹੀ ਸਾਹਿਤਕ, ਸਭਿਆਚਾਰ,ਰੰਗਮੰਚ ਸਰਗਰਮੀਆਂ ਪ੍ਰਤੀ ਉਤਸ਼ਾਹ ਵਧੇਗਾ। ਪਿੰਡ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੀ ਅਗਵਾਈ ਚ ਪਹਿਲਾ ਵੀ ਪਿੰਡ ਕੱਲ੍ਹੋ ਵਿਖੇ ਸ਼ਹੀਦ ਅਮਨਦੀਪ ਸਿੰਘ ਦੀ ਯਾਦ ਵਿੱਚ ਪਾਰਕ ਅਤੇ ਲਾਇਬਰੇਰੀ ਦੀ ਸਥਾਪਨਾ ਕੀਤੀ ਗਈ ਸੀ।ਹੁਣ ਉਨ੍ਹਾਂ ਦੇ ਯਤਨਾਂ ਸਦਕਾ ਉਪਨ ਏਅਰ ਥੀਏਟਰ ਬਣਾਉਣ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ। ਪ੍ਰਸਿੱਧ ਰੰਗਕਰਮੀ ਸ੍ਰੀਮਤੀ ਮਨਜੀਤ ਕੌਰ ਔਲਖ,ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਖੋਜ ਅਫਸਰ ਸ਼ਾਇਰ ਗੁਰਪ੍ਰੀਤ ਅਤੇ ਲੋਕ ਕਲਾ ਮੰਚ ਮਾਨਸਾ ਦੇ ਪ੍ਰਧਾਨ ਬਿੱਟੂ ਮਾਨਸਾ ਨੇ ਪ੍ਰੋ ਅਜਮੇਰ ਔਲਖ ਦੀ ਯਾਦ ਚ ਬਣਾਏ ਜਾ ਰਹੇ ਉਪਨ ਏਅਰ ਥੀਏਟਰ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋਂ ਡਾ ਸੰਦੀਪ ਘੰਡ,ਹਰਦੀਪ ਸਿੱਧੂ ਦੀ ਅਗਵਾਈ ਚ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਅੰਦਰ ਪ੍ਰੋ ਅਜਮੇਰ ਔਲਖ ਦੀ ਯਾਦ ਚ ਵੱਡੇ ਪੱਧਰ ’ਤੇ ਸਕੂਲ ਲਾਇਬਰੇਰੀਆਂ ਖੋਲ੍ਹਣ ਦੀ ਮਹਿੰਮ ਸਫਲਤਾ ਪੂਰਵਕ ਚਲਾਈ ਗਈ ਸੀ,ਹੁਣ ਉਨ੍ਹਾਂ ਦੀ ਯਾਦ ਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਚ ਪੰਜਾਬ ਦਾ ਬਣ ਰਿਹਾ ਪਹਿਲਾ ਆਧੁਨਿਕ ਉਪਨ ਏਅਰ ਥੀਏਟਰ ਵੀ ਵਿਲੱਖਣ ਪ੍ਰੋਜੈਕਟ ਹੋਵੇਗਾ।
ਐਸ ਐਸ ਪੀ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਦੀ ਸਫਲਤਾ ਲਈ ਮਜ਼ਦੂਰਾਂ ਨੇ ਕੀਤੀ ਮੀਟਿੰਗ
ਪਰਿਵਾਰਾਂ ਸਮੇਤ ਧਰਨੇ ਵਿੱਚ ਸਾਮਲ ਹੋਣ ਦਾ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 13 ਫਰਵਰੀ ਨੂੰ ਐਸ ਐਸ ਪੀ ਦੇ ਦਫਤਰ ਅੱਗੇ ਕਥਿਤ ਦੋਸ਼ੀ ਵਿਅਕਤੀਆਂ ਉਪਰ ਐਸੀ / ਐਸਟੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਵਾਉਣ ਲਈ ਲਗਾਏ ਜਾ ਰਹੇ ਧਰਨੇ ਵਿੱਚ ਮਜ਼ਦੂਰਾਂ ਨੂੰ ਲਿਜਾਣ ਵਾਸਤੇ ਪਿੰਡ ਜੀਦਾ ਵਿੱਚ ਮੀਟਿੰਗ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਇਕਬਾਲ ਸਿੰਘ ਨੇ ਕੀਤੀ । ਮੀਟਿੰਗ ਨੂੰ ਸਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਪਿੰਡ ਜੀਦਾ ਵਿੱਚ ਲੋਕ ਪੱਖੀ ਗਾਇਕ ਜਗਸੀਰ ਸਿੰਘ ਜੀਦਾ ਦਾ ਜਾਤੀ ਰੰਜਸ ਕਾਰਨ ਖੇਤ ਦਾ ਰਾਹ ਤੇ ਪਾਣੀ ਰੋਕਣ ਵਾਲੇ ਵਿਅਕਤੀਆਂ ਵਲੋਂ ਧੱਕੇਸ਼ਾਹੀ ਕਰਦਿਆਂ ਮਜ਼ਦੂਰ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਪ੍ਰੰਤੂ ਹਾਲੇ ਤੱਕ ਉਨ੍ਹਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਜਿਸਦੇ ਚੱਲਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਬੇਇਨਸਾਫ਼ੀ ਵਿਰੁੱਧ ਜੱਥੇਬੰਦੀ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਇਸ ਮੌਕੇ ਕਾਲਾ ਸਿੰਘ , ਸੀਰਾ ਸਿੰਘ , ਗੋਲਾ ਸਿੰਘ ਤੇ ਮੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਕਿਰਤੀ ਕਿਸਾਨ ਯੂਨੀਅਨ ਦੀ ਪੂਹਲੀ ਕਮੇਟੀ ਦੀ ਚੋਣ ਹੋਈ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ: ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਪਿੰਡ ਪੂਹਲੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਦਸਿਆ ਕਿ ਨਵੀਂ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ, ਜਸਵੰਤ ਸਿੰਘ ਜ਼ੈਲਦਾਰ ਨੂੰ ਮੀਤ ਪ੍ਰਧਾਨ, ਪਰਮਿੰਦਰ ਨੂੰ ਸੀਨੀਅਰ ਮੀਤ ਪ੍ਰਧਾਨ, ਦਵਿੰਦਰਾ ਹੈਪੀ ਨੂੰ ਜਰਨਲ ਸਕੱਤਰ, ਸਵਰਨ ਸਿੰਘ ਨੂੰ ਖਜਾਨਚੀ, ਗੁਰਦੀਪ ਸਿੰਘ ਬੱਬੂ ਨੂੰ ਸਕੱਤਰ, ਹਰਦੇਵ ਸਿੰਘ ਚੱਠਾ ਨੂੰ ਪ੍ਰੈੱਸ ਸਕੱਤਰ ਅਤੇ ਗੂਰਟੇਕ ਸਿੰਘ ਤੇ ਗਿਆਨ ਸਿੰਘ ਨੂੰ ਸਲਾਹਕਾਰ ਚੁਣਿਆਂ ਗਿਆ। ਇਸ ਮੌਕੇ ਅਮਰਜੀਤ ਹਨੀ ਨੇ ਕਿਹਾ ਅੱਜ ਮੁੱਖ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਨੂੰ ਜਥੇਬੰਦ ਕੀਤਾ ਜਾਵੇ, ਕਿਉਂਕਿ ਕਿਸਾਨੀ ਅਤੇ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਸੰਘਰਸ਼ਾਂ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਲਗਾਤਾਰ ਕਿਸਾਨੀ ’ਤੇ ਹਮਲੇ ਕਰ ਰਹੀ ਹੈ, ਜਿਸਦਾ ਸੰਘਰਸ਼ ਦੇ ਜ਼ੋਰ ਨਾਲ ਹੀ ਮੂੰਹ ਤੋੜ ਜਵਾਬ ਦਿੱਤਾ ਜਾ ਸਕਦਾ ਹੈ।
ਐਸ.ਐਸ.ਡੀ ਗਰਲ਼ਜ ਕਾਲਜ਼ ਵਲੋਂ ਪੌਸ਼ਟਿਕ ਆਹਾਰ ਵਿਸ਼ੇ ’ਤੇ ਲੈਕਚਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ: ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐੱਨ ਐਸ ਐਸ ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਅਤੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਜੀਤ ਕੌਰ ਵਲੋਂ ਭਾਰਤ ਦੀ ਅਜ਼ਾਦੀ ਲਹਿਰ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਸੰਤੁਲਿਤ ਪੋਸ਼ਣ ਵਿਸ਼ੇ ਉੱਪਰ ਗਿਆਨਵਰਧਕ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਲਗਭਗ 70 ਵਲੰਟੀਅਰ ਅਤੇ ਅਧਿਆਪਕ ਸ਼ਾਮਲ ਰਹੇ। ਇਸ ਸਮੇਂ ਮੁੱਖ ਬੁਲਾਰੇ ਦੇ ਤੌਰ ਤੇ ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਬਠਿੰਡਾ ਤੋਂ ਆਹਾਰ ਵਿਗਿਆਨੀ ਰੇਨੂੰਕਾ ਮਧੋਕ ਉਚੇਚੇ ਤੌਰ ਤੇ ਵਲੰਟੀਅਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ । ਉਹਨਾਂ ਵਲੰਟੀਅਰਾਂ ਨੂੰ ਸੰਤੁਲਿਤ ਪੋਸ਼ਣ ਪ੍ਰਤੀ ਜਾਗਰੂਕ ਕਰਦੇ ਹੋਏ ਚੰਗੇ ਖਾਣ-ਪੀਣ ਦੇ ਚਾਰ ਪ੍ਰਮੁੱਖ ਥੰਮ ਕੀ ਖਾਣਾ, ਕਦੋਂ ਖਾਣਾ, ਕਿਵੇਂ ਖਾਣਾ ਅਤੇ ਕਿੰਨਾ ਖਾਣਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸੰਜੈ ਗੋਇਲ ਅਤੇ ਕਾਰਜਕਾਰੀ ਮੈਂਬਰ ਅਤੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਐਨ.ਐਸ.ਐਸ.ਯੂਨਿਟਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਤੇ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਜੀਤ ਕੌਰ ਨੂੰ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਵਧਾਈ ਦਿੱਤੀ।
ਬੀ.ਐਫ.ਜੀ.ਆਈ. ਵਿਖੇੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ
ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ’ਕੁਆਂਟਮ ਕੰਪਿਊਟਿੰਗ ਐਂਡ ਕਮਿਊਨੀਕੇਸ਼ਨ’ ਬਾਰੇ ਆਯੋਜਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ’ਕਿਊ.ਸੀ.ਸੀ.-23’ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਅੰਤਰਰਾਸ਼ਟਰੀ ਕਾਨਫ਼ਰੰਸ ’ਕਿਊ.ਸੀ.ਸੀ.-23’ ਨੂੰ ਬਾਇਉਟੈਕਨਾਲੋਜੀ ਵਿਭਾਗ, ਭਾਰਤ ਸਰਕਾਰ, ਸਰਬ ਇੰਡੀਆ, ਡੀ.ਆਰ.ਡੀ.ਓ., ਭਾਰਤ ਸਰਕਾਰ, ਸਟਾਰਟਅੱਪ ਪੰਜਾਬ ਅਤੇ ਮੈਥ ਟੈੱਕ ਥਿੰਕਿੰਗ ਫਾਊਂਡੇਸ਼ਨ (ਇੰਡੀਆ) ਦੁਆਰਾ ਸਪਾਂਸਰ ਕੀਤਾ ਗਿਆ ਸੀ ਜਦੋਂ ਕਿ ਆਈ-ਹੱਬ ਕੁਆਂਟਮ ਟੈਕਨਾਲੋਜੀ ਫਾਊਂਡੇਸ਼ਨ, ਡਿਜ਼ੀਟਲ ਇੰਡੀਆ, ਇਨੋਵੇਸ਼ਨ ਮਿਸ਼ਨ ਪੰਜਾਬ ਅਤੇ ਸਕੂਲ ਆਫ਼ ਇੰਟਪ੍ਰੀਨਿਓਰਸ਼ਿਪ, ਬੀ.ਐਫ.ਜੀ.ਆਈ. ਵੱਲੋਂ ਵੀ ਸਹਿਯੋਗ ਦਿੱਤਾ ਗਿਆ ਸੀ। ਇਸ ਕਾਨਫ਼ਰੰਸ ਲਈ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 70 ਤੋਂ ਵਧੇਰੇ ਡੈਲੀਗੇਟਾਂ, ਖੋਜਾਰਥੀਆਂ ਅਤੇ ਰਿਸਰਚ ਸਕਾਲਰਾਂ ਨੇ ਭਾਗ ਲਿਆ ਅਤੇ ਵੱਖ-ਵੱਖ ਸੈਸ਼ਨਾਂ ਵਿੱਚ ਆਪਣੇ ਖੋਜ ਪੱਤਰ ਪੇਸ਼ ਕੀਤੇ। ਅੱਜ ਇਸ ਕਾਨਫ਼ਰੰਸ ਦੇ ਅੰਤਰਗਤ ਕਰਵਾਏ ਗਏ ’ਕਿਊ-ਪ੍ਰੀਨਿਓਰ ਸਮਿਟ’ ਦੌਰਾਨ ਕੁਆਂਟਮ ਸਟਾਰਟਅੱਪ ਦੇ ਭਵਿੱਖ ਦੀ ਦਿਸ਼ਾ ਅਤੇ ਸਟਾਰਟਅੱਪ ਲਈ ਇਨਕੁਬੇਸ਼ਨ ਸਮਰਥਨ ਬਾਰੇ ਵਿਸ਼ਾ ਮਾਹਿਰਾਂ ਵਜੋਂ ਕੁਆਂਟਮ ਈਕੋਸਿਸਟਮ ਐਂਡ ਟੈਕਨਾਲੋਜੀ ਕੌਂਸਲ ਆਫ਼ ਇੰਡੀਆ ਦੀ ਚੇਅਰਪਰਸਨ ਆਫ਼ ਬੋਰਡ ਅਤੇ ਸੀ.ਈ.ਓ. ਮਿਸ ਰੀਨਾ ਦਿਆਲ ਅਤੇ ਆਈ-ਹੱਬ ਕੁਆਂਟਮ ਟੈਕਨਾਲੋਜੀ ਫਾਊਂਡੇਸ਼ਨ (ਇੰਡੀਆ) ਦੀ ਸੀ.ਈ.ਓ. ਡਾ. ਸੰਗੀਤਾ ਮੈਣੀ ਦੁਆਰਾ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ ਪ੍ਰੋ. ਐਲ ਵੈਂਕਟਾ ਸੁਬਰਾਮਨੀਅਮ (ਮਾਸਟਰ ਇਨਵੈਨਟਰ, ਆਈ.ਬੀ.ਐਮ.) ਅਤੇ ਮਨਨ ਨਾਰੰਗ (ਸੰਸਥਾਪਕ ਅਤੇ ਸੀ.ਈ.ਓ. ਸਿਲੀਕੋਫੈਲਰ ਕੁਆਂਟਮ) ਨੇ ਵੀ ਬਤੌਰ ਪੈਨਲਿਸਟ ਹਿੱਸਾ ਲਿਆ ਜਦੋਂ ਕਿ ਸੰਚਾਲਕ ਦੀ ਭੂਮਿਕਾ ਪ੍ਰੋ. ਮਨੀਸ਼ ਕੁਮਾਰ ਗੁਪਤਾ ਨੇ ਬਾਖ਼ੂਬੀ ਨਿਭਾਈ। ਕਾਨਫ਼ਰੰਸ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ ਪ੍ਰਸ਼ਾਂਤਾ ਕੇ.ਪਾਨੀਗਰਾਹੀ (ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਕੋਲਕਾਤਾ) ਸਨ। ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਕਾਨਫ਼ਰੰਸ ਦੇ ਸਫਲ ਆਯੋਜਨ ’ਤੇ ਵਧਾਈ ਦਿੱਤੀ। ਇਸ ਮੌਕੇ ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ ਨੇ ਕਾਨਫ਼ਰੰਸ ਬਾਰੇ ਰਿਪੋਰਟ ਪੜ੍ਹੀ ।
ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਵਿਸ਼ੇਸ਼ ਕੈਂਪ 12 ਫਰਵਰੀ ਨੂੰ: ਡੀਸੀ
ਸੁਖਜਿੰਦਰ ਮਾਨ
ਬਠਿੰਡਾ,11 ਫਰਵਰੀ : ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਜ਼ਿਲ੍ਹੇ ਵਿਖੇ ਵਿਸ਼ੇਸ਼ ਕੈਂਪ 12 ਫਰਵਰੀ ਨੂੰ ਲਾਏ ਜਾ ਰਹੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵੋਟਰਾਂ ਨੂੰ ਆਪਣੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਸਪੈਸ਼ਲ ਕੈਂਪ 12 ਫਰਵਰੀ 2023 ਨੂੰ ਸਮੂਹ ਪੋਲਿੰਗ ਸਟੇਸ਼ਨਾਂ ਤੇ ਲਗਾਏ ਜਾਣਗੇ। ਸਪੈਸ਼ਲ ਕੈਂਪ ਵਾਲੇ ਦਿਨ ਬੀ.ਐਲ.ਓ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਮੌਜੂਦ ਰਹਿ ਕੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ 6 ਬੀ ਇਕੱਠੇ ਕਰਨਗੇ। ਉਨ੍ਹਾਂ ਦੱਸਿਆ ਕਿ ਵੋਟਰ ਆਪ ਵੀ ਆਪਣਾ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ.6 nvsp.in ਜਾਂ Voterhelpline 1pp ਤੇ ਭਰ ਸਕਦੇ ਹਨ। ਇਸ ਤੋਂ ਇਲਾਵਾ ਆਧਾਰ ਪ੍ਰਾਪਤ ਕਰਨ ਦਾ ਉਦੇਸ਼ ਵੋਟਰਾਂ ਨੂੰ ਭਵਿੱਖ ਵਿਚ ਬੇਹਤਰ ਚੋਣ ਸੇਵਾਵਾਂ ਪ੍ਰਦਾਨ ਕਰਨਾ ਹੈ। ਵਧੇਰੇ ਜਾਣਕਾਰੀ ਲਈ 1950 ਟੋਲ ਫ?ਰੀ ਨੰਬਰ ਤੇ ਸਪੰਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਪੱਧਰੀ ਯੂਵਕ ਦਿਵਸ ਮੌਕੇ ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਸੁਖਜਿੰਦਰ ਮਾਨ
ਬਠਿੰਡਾ, 11 ਫ਼ਰਵਰੀ: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਹੇਠ ਮਨਾਏ ਗਏ ਜ਼ਿਲ੍ਹਾ ਪੱਧਰੀ ਯੁਵਕ ਦਿਵਸ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਦੌਰਾਨ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਸਥਾਨਕ ਆਰਬੀ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ । ਜਾਣਕਾਰੀ ਦਿੰਦੇ ਹੋਏ ਸਕੂਲ ਦੇ ਐਨਐਸਐਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ ਵਿੱਚੋ ਭੂਮਿਕਾ ਨੇ ਪਹਿਲਾ ਸਥਾਨ, ਰੂਪਾਂਸ਼ੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਸਲੋਗਨ ਰਾਈਟਿੰਗ ਵਿੱਚੋ ਸਹਿਜਪ੍ਰੀਤ ਕੌਰ ਨੇ ਤੀਸਰਾ ਸਥਾਨ, ਭਾਸ਼ਣ ਪ੍ਰਤੀਯੋਗਿਤਾ ਵਿੱਚੋ ਮੰਨਤ ਪਰਮਾਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਡਾ ਅਨੁਰਾਧਾ ਭਾਟੀਆ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਇਹਨਾਂ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਫਾਈਨ ਆਰਟਸ ਦੇ ਸੁਪਨਦੀਪ ਕੌਰ , ਹਿੰਦੀ ਦੇ ਹੀਨਾਂ ਸੇਤੀਆ ਅਤੇ ਸਹਿਯੋਗ ਦੇਣ ਵਾਲੇ ਪਾਇਲ ਹਾਂਡਾ ਤੇ ਸੁਚਿਤਾ ਸ਼ਰਮਾ ਦੀ ਪ੍ਰਸੰਸਾ ਕੀਤੀ।
ਭਾਜਪਾ ਦੇ ਮੋੜ ਮੰਡਲ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ
ਬੇਅਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ ਦਾ ਇਨਸਾਫ਼ ਦਿਵਾਉਣ ਲਈ ਸਾਡੀ ਸਰਕਾਰ ਵਚਨਬੱਧ: ਮੁੱਖ ਮੰਤਰੀ
ਸਿੱਖ ਸੰਗਤ ਨੂੰ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਤੋਂ ਜਾਮ ਖੋਲ੍ਹਣ ਦੀ ਕੀਤੀ ਅਪੀਲ
ਨੈਸ਼ਨਲ ਹਾਈਵੇਅ ’ਤੇ ਜਾਮ ਕਰਕੇ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ: ਭਗਵੰਤ ਮਾਨ
ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇ ਕੇ ਜਲਦ ਨਿਆਂ ਦੇਣ ਦੀ ਵਚਨਬੱਧਤਾ ਦੁਹਰਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਫਰਵਰੀ: ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਤੇ ਕੋਟਕਪੁਰਾ ਦੀਆਂ ਘਟਨਾਵਾਂ ਵਿੱਚ ਇਨਸਾਫ਼ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੋਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੰਗਤ ਨੂੰ ਰਾਹਗੀਰਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਬਹਿਬਲ ਕਲਾਂ ਵਿੱਚ ਸੜਕ ਤੋਂ ਜਾਮ ਹਟਾਉਣ ਦੀ ਅਪੀਲ ਕੀਤੀ। ਲੋਕਾਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਅਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਹਰੇਕ ਮਨੁੱਖ ਦੀ ਮਾਨਸਿਕਤਾ ਉਤੇ ਡੂੰਘੇ ਜ਼ਖ਼ਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਘਟਨਾਵਾਂ ਦਾ ਇਨਸਾਫ਼ ਮਿਲੇਗਾ ਅਤੇ ਇਨ੍ਹਾਂ ਘਿਨਾਉਣੇ ਜੁਰਮਾਂ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਨਸਾਫ਼ ਦਿਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਇਨ੍ਹਾਂ ਜੁਰਮਾਂ ਵਿੱਚ ਜਿਹੜੇ ਵੀ ਲੋਕ ਸ਼ਾਮਲ ਹਨ, ਉਹ ਜਲਦੀ ਹੀ ਸਲਾਖ਼ਾਂ ਪਿੱਛੇ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਬਹਿਬਲ ਕਲਾਂ ਵਿੱਚ ਨੈਸ਼ਨਲ ਹਾਈਵੇਅ ਉਤੇ ਜਾਮ ਕਾਰਨ ਆਮ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਬਚਾਇਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਉਹ ਸੰਗਤ ਨੂੰ ਵਡੇਰੇ ਲੋਕ ਹਿੱਤ ਵਿੱਚ ਸੜਕ ਤੋਂ ਧਰਨਾ ਹਟਾਉਣ ਦੀ ਅਪੀਲ ਕਰਦੇ ਹਨ। ਅਕਾਲੀਆਂ ਤੇ ਕਾਂਗਰਸੀਆਂ ਉਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਗੰਢ-ਤੁੱਪ ਕੀਤੀ ਹੋਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਦੋਸ਼ੇ ਧਰਨਾਕਾਰੀਆਂ ਉਤੇ ਗੋਲੀਬਾਰੀ ਦੀਆਂ ਘਟਨਾਵਾਂ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਪਰ ਕਾਂਗਰਸ ਨੇ ਬਰਗਾੜੀ ਬੇਅਦਬੀ ਤੇ ਹੋਰ ਸਬੰਧਤ ਘਟਨਾਵਾਂ ਦੀ ਬਾਰੀਕੀ ਨਾਲ ਪੜਤਾਲ ਨਾ ਕਰਵਾ ਕੇ ਦੋਸ਼ੀਆਂ ਨੂੰ ਬਚਾਉਣ ਲਈ ਸਰਗਰਮ ਭੂਮਿਕਾ ਨਿਭਾਈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਦੋਸ਼ੀਆਂ ਨੂੰ ਬਚਾਉਣ ਵਾਲਾ ਅਕਾਲੀ-ਕਾਂਗਰਸ ਗਠਜੋੜ ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਟੁੱਟਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਪੰਜਾਬ ਸਰਕਾਰ ਸ਼ਿੱਦਤ ਨਾਲ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਇਨਸਾਫ਼ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।






