ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ : ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਦੁਆਰਾ ਆਰਟ ਆਫ਼ ਲਿਵਿੰਗ ਦੇ ਅਧਿਆਪਕ ਦੁਆਰਾ ਤਣਾਅ-ਮੁਕਤ ਪ੍ਰੀਖਿਆ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਹੋਣ ਵਾਲੇ ਤਣਾਅ ਦਾ ਮੁਕਾਬਲਾ ਕਰਨ ਵਿੱਚ ਮਦਦ ਕੀਤੀ ਜਾ ਸਕੇ।ਇਮਤਿਹਾਨ ਨਾਲ ਸਬੰਧਤ ਡਰ, ਚਿੰਤਾ ਅਤੇ ਦਬਾਅ ਵਿਦਿਆਰਥੀਆਂ ਦੇ ਤਣਾਅ ਦਾ ਇੱਕ ਪ੍ਰਮੁੱਖ ਕਾਰਨ ਹੈ। ਵਿਦਿਆਰਥੀ ਪ੍ਰੀਖਿਆ ਸੰਬੰਧੀ ਬਹੁਤ ਜ਼ਿਆਦਾ ਤਣਾਅ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਹੁੰਦੇ ਹਨ ਜੋ ਉਹ ਆਪਣੇ ਆਪ ’ਤੇ ਪਾਉਂਦੇ ਹਨ ਜਾਂ ਸਮਾਜਕ ਉਮੀਦਾਂ ਦੇ ਨਤੀਜੇ ਵਜੋਂ ਮਹਿਸੂਸ ਕਰਦੇ ਹਨ ਅਤੇ ਉਹ ਗੈਰ-ਸਿਹਤਮੰਦ ਜੀਵਨ ਦੀਆਂ ਆਦਤਾਂ ਵਿੱਚ ਫਸ ਜਾਂਦੇ ਹਨ। ਗੈਰ-ਸਿਹਤਮੰਦ ਆਦਤਾਂ ਦਾ ਉਹਨਾਂ ’ਤੇ ਮਾੜਾ ਅਤੇ ਲੰਬੇ ਸਮੇਂ ਲਈ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਹ ਉਹਨਾਂ ਦੇ ਤਣਾਅ ਦੇ ਪੱਧਰ ਨੂੰ ਹੋਰ ਵਧਾ ਸਕਦਾ ਹੈ।ਵਰਕਸ਼ਾਪ ਵਿੱਚ ਸਧਾਰਨ ਪਰ ਸ਼ਕਤੀਸ਼ਾਲੀ, ਸਾਹ ਲੈਣ ਦੀਆਂ ਤਕਨੀਕਾਂ, ਵਿਹਾਰਕ ਗਿਆਨ ਅਤੇ ਨੌਜਵਾਨਾਂ ਦੇ ਅਨੁਕੂਲ ਧਿਆਨ ਦੇ ਕੁਝ ਮਿੰਟਾਂ ਦਾ ਸੁਮੇਲ ਸ਼ਾਮਲ ਸੀ। ਸੈਸ਼ਨ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਤਣਾਅ ਨੂੰ ਦੂਰ ਕਰਨ, ਇਕਾਗਰਤਾ ਅਤੇ ਯਾਦਦਾਸ਼ਤ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਸ਼ਾਂਤ ਅਤੇ ਸਾਫ਼ ਮਨ ਨਾਲ ਪ੍ਰੀਖਿਆਵਾਂ ਦਾ ਸਾਹਮਣਾ ਕਰਨ ਲਈ ਆਸਾਨ ਅਤੇ ਪ੍ਰਭਾਵਸ਼ਾਲੀ ਸਾਧਨਾਂ ਨਾਲ ਭਰਪੂਰ ਕੀਤਾ ਗਿਆ ਸੀ। ਆਰਟ ਆਫ ਲਿਵਿੰਗ ਦੇ ਸੀਨੀਅਰ ਫੈਕਲਟੀ ਮੈਂਬਰਾਂ ਸੁਸ੍ਰੀ ਇਸ਼ਿਤਾ ਅਤੇ ਸ੍ਰੀ ਸੁਮੀਤ ਨੇ ਦੱਸਿਆ ਕਿ ਸਿਖਾਈਆਂ ਗਈਆਂ ਤਕਨੀਕਾਂ ਦੀ ਵਰਤੋਂ ਪ੍ਰੀਖਿਆ ਦੌਰਾਨ, ਆਖਰੀ ਪਲਾਂ ਦੀਆਂ ਚਿੰਤਾਵਾਂ ਅਤੇ ਨਤੀਜੇ ਆਉਣ ਤੋਂ ਪਹਿਲਾਂ ਚਿੰਤਾਜਨਕ ਉਡੀਕ ਦੇ ਸਮੇਂ ਨਜਿੱਠਣ ਲਈ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਇਸ ਮਹੱਤਵਪੂਰਨ ਪੜਾਅ ਦੌਰਾਨ ਸਿਹਤਮੰਦ, ਖੁਸ਼ ਅਤੇ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਜ਼ਿੰਦਗੀ ਦੀਆਂ ਦੁਵਿਧਾਵਾਂ ਦਾ ਸਾਹਮਣਾ ਕਰਨ ਵਿੱਚ ਸਾਡੀ ਮਦਦ ਕਰਨ ਦੇ ਨਾਲ-ਨਾਲ ਭਾਰੀ ਭਾਵਨਾਵਾਂ ਨੂੰ ਬਿਆਨ ਕਰਨ ਵਿੱਚ ਸਾਡੀ ਮਦਦ ਕਰ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਦਿਖਾਉਣ ਲਈ ਇੱਕ ਪਲੇਟਫਾਰਮ ਦੇਣ ਲਈ ਸਕੂਲ ਦੇ ਵਿਹੜੇ ਵਿੱਚ ਇੱਕ ਆਰਟ ਵਰਕਸ਼ਾਪ ਵੀ ਲਗਾਈ ਗਈ। ਵਰਕਸ਼ਾਪ ਵਿੱਚ ਆਰਟ ਟੀਚਰਾਂ ਸ੍ਰੀਮਤੀ ਰੇਖਾ, ਸ੍ਰੀ ਸੰਦੀਪ ਸਿੰਘ ਅਤੇ ਚਮਨਪ੍ਰੀਤ ਕੌਰ ਦੁਆਰਾ ਮਯੂਰਲ ਆਰਟ, ਕਲੇ ਮਾਡਲਿੰਗ ਅਤੇ ਟੈਸਲੇਸ਼ਨ ਆਰਟ, ਜਿਓਮੈਟ੍ਰਿਕ ਡਿਜ਼ਾਈਨ, ਟਾਈ ਐਂਡ ਡਾਈ ਆਦਿ ਗਤੀਵਿਧੀਆਂ ਸ਼ਾਮਲ ਸਨ। ਉਪਰੋਕਤ ਗਤੀਵਿਧੀਆਂ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਪ੍ਰਿੰਸੀਪਲ ਸ੍ਰੀ ਮਤੀ ਨੀਤੂ ਅਰੋੜਾ ਨੇ ਕਿਹਾ ਕਿ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਭਿੰਨ-ਭਿੰਨ ਕਲਾਵਾਂ ਵਿੱਚ ਹਿੱਸੇਦਾਰੀ ਸਾਡੀ ਰਚਨਾਤਮਕ ਸੋਚ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਵਿੱਚ ਵੀ ਮਦਦ ਕਰ ਸਕਦੀ ਹੈ। ਇਹ ਸਾਨੂੰ ਕਈ ਦ੍ਰਿਸ਼ਟੀਕੋਣਾਂ ’ਤੇ ਕੰਮ ਕਰਨਾ ਵੀ ਸਿਖਾਉਂਦਾ ਹੈ।
ਸਿਲਵਰ ਓਕਸ ਸਕੂਲ ਦੁਆਰਾ ਦੁਆਰਾ ‘ਤਣਾਅ-ਮੁਕਤ ਪ੍ਰੀਖਿਆ ਵਰਕਸ਼ਾਪ’ ਦਾ ਆਯੋਜਨ
ਲਗਾਤਾਰ ਚੋਰੀਆਂ ਤੋਂ ਅੱਕੇ ਵਪਾਰੀਆਂ ਨੇ ਸ਼ਹਿਰ ਵਿਚ ਕੱਢਿਆ ਰੋਸ਼ ਮਾਰਚ
ਐਸ ਪੀ ਨੂੰ ਦਿੱਤਾ ਵਪਾਰੀਆਂ ਦੀ ਕੰਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਲਗਾਤਾਰ ਚੋਰੀਆਂ ਤੋਂ ਅੱਕੇ ਸ਼ਹਿਰ ਦੇ ਵਪਾਰੀਆਂ ਨੇ ਅੱਜ ਰੋਸ਼ ਮਾਰਚ ਕੱਢਿਆ। ਇਸ ਮੌਕੇ ਉਨ੍ਹਾਂ ਐਸਐਸਪੀ ਨੂੰ ਵਪਾਰੀਆਂ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ। ਮਾਮਲੇ ਦੀ ਨਜਾਕਤ ਨੂੰ ਦੇਖਦਿਆਂ ਪੁਲਿਸ ਅਧਿਕਾਰੀਆਂ ਨੇ ਵੀ ਦੋਸ਼ੀਆਂ ਨੂੰ ਜਲਦ ਫੜਣ ਦਾ ਭਰੋਸਾ ਦਿਵਾਇਆ। ਦੱਸਣਾ ਬਣਦਾ ਹੈ ਕਿ ਭਾਗੂ ਰੋਡ ਦੀ ਗਲੀ ਨੰਬਰ 2 ਵਿੱਚ ਸਥਿਤ ਇਕ ਦੁਕਾਨਦਾਰ ਮਹਿੰਦਰ ਜਲਾਣਾ ਦੀ ਦੁਕਾਨ ਵਿਚ 25-26 ਜਨਵਰੀ ਦੀ ਰਾਤ ਨੂੰ ਚੋਰੀ ਹੋ ਗਈ ਸੀ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਸੀ। ਉਕਤ ਰਾਤ ਗਣਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਬਠਿੰਡਾ ਵਿੱਚ ਠਹਿਰੇ ਹੋਏ ਸਨ। ਹਾਲਾਂਕਿ ਪੁਲਸ ਨੇ ਇਸ ਚੋਰੀ ਦੇ ਮਾਮਲੇ ਵਿਚ ਪਰਚਾ ਦਰਜ ਕਰ ਲਿਆ ਸੀ ਪਰ ਤਿੰਨ ਦਿਨਾਂ ਬਾਅਦ ਉਕਤ ਦੁਕਾਨ ਵਿਚ ਚੋਰਾਂ ਨੇ ਮੁੜ ਪਾੜ ਲਾ ਲਿਆ ਤੇ ਵੱਡੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੂਜੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਈ ਨਵੇਂ ਚੋਰ ਨਹੀਂ ਸਨ, ਬਲਕਿ ਉਹ ਪੁਰਾਣੇ ਹੀ ਸਨ ਜਿਨ੍ਹਾਂ ਨੇ ਇਸ ਦੁਕਾਨ ਵਿੱਚੋ 25 ਜਨਵਰੀ ਨੂੰ ਚੋਰੀ ਕੀਤੀ ਸੀ । ਜਿਸ ਕਾਰਨ ਦੁਕਾਨਦਾਰਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹਿਆ ਹੋਇਆ ਹੈ। ਇਸਤੋਂ ਇਲਾਵਾ ਸ਼ਹਿਰ ਵਿਚ ਹੋਰਨਾਂ ਥਾਵਾਂ ’ਤੇ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਦੋ ਦਿਨ ਪਹਿਲਾਂ ਸਥਾਨਕ ਅਨਾਜ਼ ਮੰਡੀ ਵਿਖੇ ਵੀ ਵਪਾਰੀਆਂ ਨੇ ਧਰਨਾ ਲਗਾਉਂਦਿਆਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰਜ਼ ’ਤੇ ਵਪਾਰੀਆਂ ਵਲੋਂ ਅੱਜ ਭਾਗੂ ਰੋਡ ਤੋਂ ਐਸ ਐਸ ਪੀ ਦਫਤਰ ਤੱਕ ਕੱਢੇ ਰੋਸ ਮਾਰਚ ਨੂੰ ਵਪਾਰ ਮੰਡਲ ਵੱਲੋਂ ਹਿਮਾਇਤ ਦਿੱਤੀ ਹੋਈ ਸੀ। ਇਸ ਮੌਕੇ ਇਕ ਵਪਾਰੀ ਸੁਮਿਤ ਗਰਗ ਨੇ ਕਿਹਾ ਕਿ ਪੁਲਸ ਦੀ ਅਣਗਹਿਲੀ ਕਾਰਨ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹਨ ਜਿਸਦੇ ਚੱਲਦੇ ਹਰ ਰੋਜ਼ ਸਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੀੜਤ ਦੁਕਾਨਦਾਰ ਮਹਿੰਦਰ ਨੇ ਦੋਸ਼ ਲਗਾਇਆ ਕਿ ਸੀਸੀਟੀਵੀ ਦੀ ਫੁਟੇਜ ਦੇਣ ਅਤੇ ਚੋਰਾਂ ਬਾਰੇ ਦੱਸਣ ਦੇ ਬਾਵਜੂਦ ਹਾਲੇ ਤੱਕ ਪੁਲਿਸ ਚੋਰਾਂ ਨੂੰ ਫੜ ਨਹੀਂ ਸਕੀ ਹੈ। ਪੁਲਿਸ ਅਧਿਕਾਰੀਆਂ ਨੇ ਪਰਚਾ ਦਰਜ਼ ਕੀਤਾ ਹੋਇਆ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਵਪਾਰੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ‘‘ਵਿਗਿਆਨ ਮੇਲਾ-2023 (ਤੀਜਾ ਐਕਸਪੋ)’’ ਦਾ ਸ਼ਾਨਦਾਰ ਆਯੋਜਨ
ਏਅਰੋ ਸ਼ੋਅ ਅਤੇ ਲਾਈਵ ਮਾਡਲ ਨੇ ਆਕਰਸ਼ਿਤ ਕੀਤੇ ਹਜ਼ਾਰਾਂ ਵਿਦਿਆਰਥੀ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ‘‘ਵਿਗਿਆਨ ਮੇਲਾ-2023 (ਤੀਜਾ ਐਕਸਪੋ)’’ ਦਾ ਅੱਜ ਮੁੱਖ ਕੈਂਪਸ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ। ਏਅਰੋ ਸ਼ੋਅ, ਲਾਈਵ ਮਾਡਲ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਹਜ਼ਾਰਾਂ ਉਤਸੁਕ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਵਿਗਿਆਨ ਮੇਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ ਵਿਕਸਿਤ ਕਰਨਾ, ਨਵੀਨਤਮ ਤਕਨਾਲੋਜੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਗਿਆਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਸੀ। ਵੱਖ-ਵੱਖ ਸਕੂਲਾਂ/ਕਾਲਜਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਇਸ ਵਿਲੱਖਣ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਮਾਹਿਰਾਂ ਨਾਲ ਸਾਇੰਸ ਅਤੇ ਟੈਕਨਾਲੋਜੀ ਬਾਰੇ ਗਿਆਨ ਹਾਸਿਲ ਕੀਤਾ।ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਉਭਰਦੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਨ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਪ੍ਰੋਗਰਾਮ ਦਾ ਉਦਘਾਟਨ ਕੀਤਾ।ਸ. ਯਾਦਵਿੰਦਰ ਸਿੰਘ ਖੋਖਰ ਵੱਲੋਂ ਆਯੋਜਿਤ ਐਰੋ ਸ਼ੋਅ ਅਤੇ ਮਾਡਲ ਪ੍ਰਦਰਸ਼ਨੀਆਂ ਉਤਸੁਕ ਵਿਦਿਆਰਥੀਆਂ ਵਿੱਚ ਮੁੱਖ ਖਿੱਚ ਦਾ ਕੇਂਦਰ ਸਨ। ਐਡਮਿਸ਼ਨ ਸੈੱਲ ਦੇ ਚੇਅਰਮੈਨ ਡਾ: ਕਰਨਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ, ਕੰਸਟੀਚਿਉਐਂਟ ਅਤੇ ਐਫ਼ੀਲਿਏਟਡ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਲਗਭਗ 10,000 ਵਿਅਕਤੀਆਂ ਨੇ ਸਾਇੰਸ ਮੇਲੇ ਦਾ ਦੌਰਾ ਕੀਤਾ।ਪ੍ਰੋ: ਸੁਰਿੰਦਰ ਬੀਰ ਸਿੰਘ ਪ੍ਰਿੰਸੀਪਲ (ਸੇਵਾਮੁਕਤ) ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਅਤੇ ਨਾਮਵਰ ਲੈਕਚਰਾਰ ਡਾ. ਜਸਵਿੰਦਰ ਸਿੰਘ, ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਨੇ ਵਿਗਿਆਨ ਦੇ ਫਲਸਫੇ ਅਤੇ ਕੁਦਰਤ ਅਤੇ ਜੀਵਨ ਨੂੰ ਸਮਝਣ ਲਈ ਇਸ ਦੀ ਮਹੱਤਤਾ ਬਾਰੇ ਚਰਚਾ ਕੀਤੀ। ਮਾਹਿਰਾਂ ਨੇ ਕਰੀਅਰ ਕਾਉਂਸਲਿੰਗ ’ਤੇ ਪ੍ਰਭਾਵਸ਼ਾਲੀ ਲੈਕਚਰ ਵੀ ਦਿੱਤੇ।ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪੰਜਾਬੀ ਮਾਂ ਬੋਲੀ ਦਾ ਕਰਜ਼ ਅਸੀਂ ਸਾਰੀ ਉਮਰ ਨਹੀਂ ਉਤਾਰ ਸਕਦੇ : ਅਨਿੱਲ ਠਾਕੁਰ
ਤੀਸਰੇ ਦਿਨ ਬਠਿੰਡਾ ਸਮੇਤ ਜ਼ਿਲ੍ਹੇ ਦੇ 56 ਪਿੰਡਾਂ ਚ ਕੱਢੀਆਂ ਜਾਗਰੂਕਤਾ ਰੈਲੀਆਂ
10 ਹਜ਼ਾਰ ਵਿਦਿਆਰਥੀਆਂ ਨੇ ਰੈਲੀਆਂ ਚ ਕੀਤੀ ਸਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 3 ਫ਼ਰਵਰੀ :ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਸ਼੍ਰੀ ਅਨਿੱਲ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਮੱਦੇਨਜ਼ਰ ਸਥਾਨਕ ਡੀਏਵੀ ਸਕੂਲ ਤੋਂ ਕੱਢੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਸਾਨੂੰ ਪੂਰਾ ਮਾਣ ਤੇ ਸਨਮਾਣ ਕਰਨਾ ਚਾਹੀਦਾ ਹੈ, ਇਸ ਦਾ ਕਰਜ਼ ਅਸੀਂ ਸਾਰੀ ਉਮਰ ਨਹੀਂ ਉਤਾਰ ਸਕਦੇ।ਇਸ ਮੌਕੇ ਚੇਅਰਮੈਨ ਸ਼੍ਰੀ ਅਨਿੱਲ ਠਾਕੁਰ ਨੇ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੇ ਜ਼ਿਲ੍ਹੇ ‘ਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਵਧੇਰੇ ਮਹੱਤਤਾ ਦੇਣ ਲਈ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਨਾਲ-ਨਾਲ ਸਮੂਹ ਦੁਕਾਨਾਂ, ਵਪਾਰਕ ਅਦਾਰਿਆਂ, ਹੋਟਲਾਂ, ਮਾਲ ਢਾਬੇ ਆਦਿ ਵਲੋਂ ਆਪਣੀਆਂ ਨਾਮ ਪੱਟੀਆਂ/ਮੀਲ ਪੱਥਰ/ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੋਰਡ ਆਦਿ ਲਿਖਣ ਸਮੇਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਲਿਖਿਆ ਜਾਵੇ।
ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ‘ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਮੁਹਿੰਮ ਚਲਾਈ ਜਾ ਰਹੀ ਹੈ । ਇਸੇ ਸਬੰਧ ਚ ਅੱਜ ਤੀਜੇ ਦਿਨ ਬਠਿੰਡਾ ਸ਼ਹਿਰ ਸਮੇਤ ਜ਼ਿਲ੍ਹੇ ਦੇ 56 ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਦਸ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਰੈਲੀ ਦੌਰਾਨ ਵਿਦਿਆਰਥੀਆਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਅਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ। ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪਸਾਰ ਲਈ ਕੱਢੀ ਗਈ ਇਹ ਰੈਲੀ ਡੀਏਵੀ ਸਕੂਲ ਤੋਂ ਸ਼ੁਰੂ ਹੋ ਕੇ ਆਈਸੀਆਈਸੀ ਬੈਂਕ ਚੌਂਕ ਤੇ ਫ਼ੌਜੀ ਚੌਕ ਤੋਂ ਵਾਪਿਸ ਤੋਂ ਹੁੰਦੀ ਹੋਈ ਡੀਏਵੀ ਸਕੂਲ ਵਿਖੇ ਸਮਾਪਤ ਹੋਈ।ਇਸ ਮੌਕੇ ਖੋਜ ਅਫ਼ਸਰ ਸ਼੍ਰੀ ਨਵਪ੍ਰੀਤ ਸਿੰਘ, ਡੀਏਵੀ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੁਰਾਧਾ ਭਾਟੀਆ, ਸੰਗੀਤ ਅਧਿਆਪਕ ਪ੍ਰਿੰਤਪਾਲ ਸਿੰਘ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਆਰ ਐਮ ਪੀ ਆਈ ਦੇ ਸੱਦੇ ਹੇਠ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ
ਸੁਖਜਿੰਦਰ ਮਾਨ
ਬਠਿੰਡਾ ; 3 ਫਰਵਰੀ –ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਇਸਤਰੀਆਂ ਸਮੇਤ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਅੱਜ ਡੀਸੀ ਦਫਤਰ ਸਾਹਵੇਂ ਜ਼ੋਰਦਾਰ ਰੋਸ ਵਿਖਾਵਾ ਕਰਕੇ ਅਧਿਕਾਰੀਆਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਦੋ ਵੱਖੋ-ਵੱਖ ਮੰਗ ਪੱਤਰ ਭੇਜੇ।
ਭੇਜੇ ਗਏ ਮੰਗ ਪੱਤਰਾਂ ਰਾਹੀਂ ਸਮੁੱਚੀ ਵਸੋਂ ਨੂੰ ਢੁਕਵੀਆਂ ਉਜਰਤਾਂ ਸਹਿਤ ਪੱਕਾ ਰੁਜ਼ਗਾਰ ਇੱਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ, ਪੀਣ ਵਾਲਾ ਸਵੱਛ ਪਾਣੀ ਦਿੱਤੇ ਜਾਣ, ਨਿੱਜੀਕਰਨ ਦੀ ਤਬਾਹਕੁੰਨ ਨੀਤੀ ਰੱਦ ਕਰਕੇ ਸਾਰੇ ਵਿਭਾਗਾਂ ‘ਚ ਪਈਆਂ ਖਾਲੀ ਪੋਸਟਾਂ ‘ਤੇ ਪੱਕੀ ਭਰਤੀ ਕਰਨ, ਕੱਚੇ ਕਾਮੇ ਪੱਕੇ ਕਰਨ, ਜਲ ਜੰਗਲ ਜ਼ਮੀਨ ਦੀ ਦੇਸੀ ਬਦੇਸ਼ੀ ਲੋਟੂਆਂ ਤੋਂ ਰਾਖੀ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਇੱਕ ਮਤਾ ਪਾਸ ਕਰਦਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ, ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਸਰਕਾਰ ਨਾਲ ਅਸਹਿਮਤੀ ਰੱਖਦੇ ਬੁੱਧੀਜੀਵੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ।ਇੱਕ ਵੱਖਰੇ ਮਤੇ ਰਾਹੀਂ ਸੰਘ ਪਰਿਵਾਰ ਦੇ ਖੂੰਖਾਰ ਟੋਲਿਆਂ ਵੱਲੋਂ ਦੇਸ਼ ਭਰ ਵਿੱਚ ਘਟ ਗਿਣਤੀਆਂ, ਇਸਤਰੀਆਂ, ਅਨੁਸੂਚਿਤ ਜਾਤੀਆਂ-ਜਨ ਜਾਤੀਆਂ ‘ਤੇ ਕੀਤੇ ਜਾ ਰਹੇ ਘਾਤਕ ਹਮਲੇ ਬੰਦ ਕਰਨ ਦੀ ਮੰਗ ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਨ ਲਈ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਉਚੇਚੇ ਪੁੱਜੇ। ਸਰਵ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ, ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਕੁਲਵੰਤ ਸਿੰਘ ਦਾਨ ਸਿੰਘ ਵਾਲਾ, ਦਰਸ਼ਨਾ ਜੋਸ਼ੀ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਗੁਲਜ਼ਾਰ ਸਿੰਘ, ਮੱਖਣ ਸਿੰਘ ਤਲਵੰਡੀ ਸਾਬੋ, ਗੁਲਜ਼ਾਰ ਸਿੰਘ ਬਦਿਆਲਾ, ਦਰਸ਼ਨ ਸਿੰਘ ਬਾਜਕ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ। ਬੁਲਾਰਿਆਂ ਨੇ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਜਿਵੇਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਦਰਿਆਈ ਪਾਣੀਆਂ ਦੀ ਆਪਸੀ ਸਹਿਮਤੀ ਰਾਹੀਂ ਨਿਆਂ ਸੰਗਤ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ, ਪੰਜਾਬ ਅੰਦਰ ਮਾਤ ਭਾਸ਼ਾ ਪੰਜਾਬੀ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਗੁਆਂਢੀ ਸੂਬਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੇਣ ਆਦਿ ਦੇ ਸਥਾਈ ਹੱਲ ਅਤੇ ਫੈਡਰਲ ਅਧਿਕਾਰਾਂ ਦੀ ਰਾਖੀ ਲਈ ਜਮਹੂਰੀ ਲੀਹਾਂ ਤੇ ਪੰਜਾਬੀ ਵਾਸੀਆਂ ਦਾ ਸਰਵ ਸਾਂਝਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।
ਸੀਟੂ ਵੱਲੋਂ ਵੱਖ -ਵੱਖ ਥਾਵਾਂ ’ਤੇ ਕੇਂਦਰੀ ਬੱਜਟ ਦੀਆਂ ਕਾਪੀਆਂ ਸਾੜੀਆਂ
ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ : ਸੀਟੂ ਨਾਲ ਸਬੰਧਤ ਸਨਅਤੀ ਅਦਾਰਿਆਂ ਦੀਆਂ ਯੂਨੀਅਨਾਂ ਵੱਲੋਂ ਵੱਖ-ਵੱਖ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬੱਜਟ ਦੀਆਂ ਕਾਪੀਆਂ ਸਾੜ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।ਇਸ ਸਮੇਂ ਆਗੂਆ ਨੇ ਕੇਂਦਰੀ ਬੱਜਟ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਅਖੌਤੀ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਲੋਕਾਂ ਲਈ ਜ਼ਹਿਰੀਲਾ ਨਿਕਲਿਆ ਹੈ।ਇਸ ਬੱਜਟ ਵਿੱਚ ਆਮ ਲੋਕਾਂ ਲਈ ਕੋਈ ਵੀ ਰਾਹਤ ਨਹੀਂ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਕੇਂਦਰੀ ਬਜਟ ਸਿਆਸੀ ਜੁਮਲੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਮੌਕੇ ਅਲਟਾਟਰੈਕ ਸੀਮਿੰਟ ਪਲਾਂਟ ਲਹਿਰਾ ਮੁਹੱਬਤ ਵਿਖੇ ਸੀਟੂ ਦੇ ਸੂਬਾਈ ਆਗੂ ਬਲਕਾਰ ਸਿੰਘ, ਯੂਨੀਅਨ ਦੇ ਜਨਰਲ ਸਕੱਤਰ ਰਾਜ ਕੁਮਾਰ , ਐਨ.ਐਫ.ਐਲ.ਬਠਿੰਡਾ ਵਿਖੇ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ,ਸ੍ਰੀ ਨਿਵਾਸੁ ਚੌਧਰੀ, ਅੰਬੂਜਾ ਸੀਮਿੰਟ ਲਿਮਟਿਡ ਬਠਿੰਡਾ ਵਿਖੇ ਯੂਨੀਅਨ ਦੇ ਪ੍ਰਧਾਨ ਲਛਮਣ ਸਿੰਘ, ਵਿਨੋਦ ਕੁਮਾਰ,ਐਮ. ਈ .ਐਸ.ਬਠਿੰਡਾ ਵਿਖੇ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਅਤੇ ਜਨਰਲ ਸਕੱਤਰ ਕਮਲ ਸ਼ਰਮਾ ਵੱਲੋਂ ਕੇਂਦਰੀ ਬੱਜਟ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਪੀਆਰਟੀਸੀ ਮੁਲਾਜਮਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗੇਟ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ : ਪੰਜਾਬ ਰੋਡਵੇਜ ਪਨਬੱਸ ਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ਹੇਠ ਅਜ ਪੀਆਰਟੀਸੀ ਕਾਮਿਆਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਡਿਪੂ ਦੇ ਗੇਟ ਅੱਗੇ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦੋਸ਼ ਲਗਾਇਆ ਕਿ ਅਫ਼ਸਰਸ਼ਾਹੀ ਵਲੋਂ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ 19 ਦਸੰਬਰ 2022 ਨੂੰ ਯੂਨੀਅਨ ਦੀ ਮੀਟਿੰਗ ਸੂਬਾ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨਾਲ ਹੋਈ ਸੀ ਇਸ ਮੀਟਿੰਗ ਵਿੱਚ ਮੰਨੀਆ ਹੋਈ ਮੰਗਾ ਨੂੰ ਅਫ਼ਸਰਸ਼ਾਹੀ ਪੂਰਾ ਨਹੀਂ ਕਰ ਰਹੀ ਜਦੋਂ ਕਿ ਸ੍ਰੀ ਜੰਜੂਆ ਨੇ ਇਹ ਕਲੀਅਰ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪਾਲਸੀ ਬਣਾ ਰਹੇ ਹਾਂ ਇਸ ਤੇ ਯੂਨੀਅਨ ਵੀ ਸਮਾਂ ਦੇਣ ਨੂੰ ਸਹਿਮਤ ਸੀ ਪ੍ਰੰਤੂ ਬਾਕੀ ਮੰਗਾਂ ਜਿਵੇਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ,ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ 2500+30% ਵਾਧਾ ਲਾਗੂ ਕਰਨ,ਡਾਟਾ ਐਟਰੀ ਅਪਰੇਟਰ ਅਤੇ ਅਡਵਾਂਸ ਬੁਕਰਾਂ ਦੀ ਤਨਖਾਹ ਵਾਧਾ,ਰਿਪੋਰਟਾਂ ਦੀਆਂ ਕੰਡੀਸ਼ਨਾ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ,ਕੰਡੀਸ਼ਨਾ ਵਿੱਚ ਸੋਧ ਕਰਨ ਅਤੇ ਕਿਸੇ ਵੀ ਮੁਲਾਜ਼ਮ ਨੂੰ ਨੋਕਰੀ ਤੋਂ ਕੱਢਿਆ ਨਾ ਜਾਵੇ ਕੇਵਲ ਬਣਦੀ ਸਜ਼ਾ ਦਿੱਤੀ ਜਾਵੇ,5% ਤਨਖ਼ਾਹਾਂ ਵਿੱਚ ਸਲਾਨਾ ਵਾਧਾ ਜ਼ੋ ਫਾਇਲ ਵਿੱਤ ਵਿਭਾਗ ਕੋਲ ਸੀ,ਚੀਫ ਸੈਕਟਰੀ ਸਾਹਿਬ ਵਲੋਂ ਮਹੀਨੇ ਵਿੱਚ ਲਾਗੂ ਕਰਨ ਲਈ ਆਪ ਵਾਧਾ ਕੀਤਾ ਗਿਆ ਸੀ ਅਤੇ ਨਾਲ ਹੀ ਪਨਬੱਸ ਵਿੱਚ ਆਊਟਸੋਰਸ ਦੀ ਭਰਤੀ ਵਿੱਚ ਹੋਈ ਕੁਰੱਪਸ਼ਨ ਦੇ ਦਿੱਤੇ ਸਬੂਤਾਂ ਤੇ ਇੱਕ ਮਹੀਨੇ ਵਿੱਚ ਕਾਰਵਾਈ ਕਰਨ ਲਈ ਵਿਭਾਗ ਨੂੰ ਕਿਹਾ ਗਿਆ ਸੀ ਪ੍ਰੰਤੂ ਅੱਜ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਵਰਕਰਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਕਰਨ ਜਾਂ ਲਾਗੂ ਕਰਨ ਵੱਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਜਰੂਰੀ ਨਹੀਂ ਸਮਝਿਆ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਅਫ਼ਸਰਸ਼ਾਹੀ ਜਾਣ ਬੁੱਝ ਕੇ ਮੰਗਾਂ ਪੂਰੀਆਂ ਨਾਂ ਕਰਕੇ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੇ ਹਨ। ਡਿਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਫਰੀ ਸਫ਼ਰ ਸਹੂਲਤ ਦੇਣਾ ਚਾਹੁੰਦੀ ਹੈ ਪਰ ਵਿਭਾਗ ਦੀ ਆਮਦਨ ਫਰੀ ਸਫ਼ਰ ਸਹੂਲਤਾਂ ਕਾਰਨ ਖਤਮ ਹੋ ਰਹੀ ਹੈ ਜਿਸ ਕਾਰਨ ਹੋਣ ਵਾਲੇ ਘਾਟੇ ਕਰਕੇ ਬੱਸਾਂ ਖੜਨ ਕੰਢੇ ਹਨ। ਇਸ ਮੌਕੇ ਰਵਿੰਦਰ ਬਰਾੜ, ਸਰਬਜੀਤ ਭੁੱਲਰ,ਹਰਤਾਰ ਸ਼ਰਮਾਂ, ਮਨਪ੍ਰੀਤ ਹਾਕੂਵਾਲਾ, ਗੁਰਪ੍ਰੀਤ ਕਮਾਲੂ ਆਦਿ ਨੇ ਵੀ ਸੰਬੋਧਨ ਕੀਤਾ।
ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਾਗਰੂਕਤਾ ਰੈਲੀ ਕੱਢੀ
ਪੰਜਾਬੀ ਭਾਸ਼ਾ ਸਬੰਧੀ ਪੋਸਟਰ ਕੀਤਾ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ :ਸੂਬਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬੀ ਮਾਂ ਬੋਲੀ ਦੇ ਮੱਦੇਨਜ਼ਰ ਪ੍ਰਚਾਰ ਤੇ ਪ੍ਰਸਾਰ ਲਈ ਅੱਜ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਸਥਾਨਕ ਐਮ.ਐਸ.ਡੀ ਲਾਰਡ ਰਾਮਾਂ ਸਕੂਲ ਤੋਂ ਸ਼ੁਰੂ ਹੋਈ ਇਸ ਜਾਗਰੂਕਤਾ ਰੈਲੀ ਨੂੰ ਏਡੀਸੀ ਡਾ. ਰੁਪਿੰਦਰ ਪਾਲ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਗੁਰਨੂਰ ਡਿਜ਼ਾਈਨਜ਼ ਦੁਆਰਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਦਾ ਹੋਇਆ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੁੱਚੇ ਜ਼ਿਲ੍ਹੇ ‘ਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਵਧੇਰੇ ਮਹੱਤਤਾ ਦੇਣ ਲਈ ਸਮੂਹ ਦੁਕਾਨਾਂ, ਵਪਾਰਕ ਅਦਾਰੇ, ਹੋਟਲ, ਮਾਲ ਢਾਬੇ ਆਦਿ ਆਪਣੀਆਂ ਨਾਮ ਪੱਟੀਆਂ/ਮੀਲ ਪੱਥਰ/ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਲਿਖਿਆ ਜਾਵੇ।ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਕਿਰਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪਸਾਰ ਲਈ ਕੱਢੀ ਗਈ ਇਸ ਰੈਲੀ ਵਿੱਚ ਲਾਰਡ ਰਾਮਾ ਸਕੂਲ ਦੇ 500 ਤੋਂ ਵੱਧ ਵਿਦਿਆਰਥੀਆਂ ਅਤੇ 30 ਅਧਿਆਪਕਾਂ ਨੇ ਭਾਗ ਲਿਆ। ਇਹ ਵਿਸ਼ੇਸ਼ ਰੈਲੀ ਸਥਾਨਕ ਐਮ.ਐਸ.ਡੀ ਲਾਰਡ ਰਾਮਾਂ ਸਕੂਲ ਤੋਂ ਸ਼ੁਰੂ ਹੋ ਕੇ ਕੱਪੜਾ ਮਾਰਕਿਟ, ਮਾਲ ਰੋਡ, ਫਾਇਰ ਬ੍ਰਿਗੇਡ ਚੌਂਕ ਅਤੇ ਰੇਲਵੇ ਚੌਕ ਤੋਂ ਵਾਪਿਸ ਤੋਂ ਹੁੰਦੀ ਹੋਈ ਐਮ.ਐਸ.ਡੀ ਲਾਰਡ ਰਾਮਾਂ ਸਕੂਲ ਵਿਖੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪੂਰੇ 21 ਦਿਨ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਤੱਕ ਚੱਲੇਗੀ ਜਿਸ ਤਹਿਤ ਪੰਜਾਬੀ ਭਾਸ਼ਾ ਨਾਲ ਜੁੜੇ ਵੱਖ-ਵੱਖ ਪਰੋਗਰਾਮ ਕਰਵਾਏ ਜਾ ਰਹੇ ਹਨ ਜਿੰਨ੍ਹਾਂ ਦਾ ਮੁੱਖ ਮਕਸਦ ਪੰਜਾਬੀ ਬੋਲੀ ਦਾ ਆਦਰ ਸਤਿਕਾਰ ਬਹਾਲ ਕਰਨਾ ਹੈ। ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਲਾਰਡ ਰਾਮਾ ਸਕੂਲ ਦੇ ਡਾਇਰੈਕਟਰ ਸੂਰਜ ਸੇਤੀਆ, ਨਾਟਿਅਮ ਥੀਏਟਰ ਗਰੁੱਪ ਦੇ ਪ੍ਰਧਾਨ ਸੁਖਦਰਸ਼ਨ ਗੁਪਤਾ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਛਾਤੀ ਦੀ ਗੰਢ ਦੀ ਸਕਰੀਨਿੰਗ ਸਬੰਧੀ ਏਮਜ਼ ’ਚ ਮੁਫ਼ਤ ਮੈਡੀਕਲ 4 ਫ਼ਰਵਰੀ ਨੂੰ : ਡਾ. ਡੀ.ਕੇ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ : ਵਿਸ਼ਵ ਕੈਂਸਰ ਦਿਵਸ ਮੌਕੇ ‘‘ਮਹਿਲਾ ਸਿਹਤ ਪਹਿਲਾਂ’’ ਦੇ ਨਾਅਰੇ ਹੇਠ ਛਾਤੀ ਦੀ ਗੰਢ/ਕੈਂਸਰ ਸਕਰੀਨਿੰਗ ਸਬੰਧੀ ਏਮਜ਼ ਵਿਖੇ ਮੁਫ਼ਤ ਮੈਡੀਕਲ ਕੈਂਪ ਰੇਡੀਏਸ਼ਨ ਓਨਕੋਲੋਜ਼ੀ ਵਿਭਾਗ ਵਿਖੇ 4 ਫ਼ਰਵਰੀ ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਰਨਗੇ। ਇਹ ਜਾਣਕਾਰੀ ਬਠਿੰਡਾ ਏਮਜ਼ ਦੇ ਡਾਇਰੈਕਟਰ ਅਤੇ ਸੀਈਓ ਪ੍ਰੋਫ਼ੈਸਰ ਡਾ. ਡੀ.ਕੇ ਸਿੰਘ ਅਤੇ ਡਾ. ਸਪਨਾ ਭੱਟੀ ਨੇ ਦੱਸਿਆ ਕਿ ਏਮਜ਼ ਦੇ ਰੇਡੀਏਸ਼ਨ ਓਨਕੋਲੋਜ਼ੀ ਵਿਭਾਗ ਵਲੋਂ ਲਗਾਇਆ ਜਾ ਰਿਹਾ ਇਹ ਕੈਂਪ ਸਵੇਰੇ 9 ਤੋਂ ਦੁਪਿਹਰ 2 ਵਜੇ ਤੱਕ ਚੱਲੇਗਾ। ਉਨ੍ਹਾਂ 25 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਪੀੜਤ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ।ਇਸ ਦੌਰਾਨ ਡਾ. ਸਪਨਾ ਭੱਟੀ ਇਹ ਵੀ ਦੱਸਿਆ ਕਿ ਏਮਜ਼ ਵਿਖੇ ਕੈਂਸਰ ਦੀ ਬਿਮਾਰੀ ਨਾਲ ਸਬੰਧਤ ਸਾਰੇ ਇਲਾਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਜਲਦ ਇੱਥੇ ਰੇਡੀਓਥਰੈਪੀ ਦੀ ਸਹੂਲਤ ਵੀ ਪੀੜਤ ਮਰੀਜ਼ਾਂ ਲਈ ਸ਼ੁਰੂ ਕਰ ਦਿੱਤੀ ਜਾਵੇਗੀ





